ਕੈਨੇਡਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੈਨੇਡਾ : ਕੈਨੇਡਾ ਰੂਸ ਤੋਂ ਬਾਅਦ, ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਸੰਸਾਰ ਦੇ ਵਿਰਲੀ ਵਸੋਂ ਵਾਲੇ ਦੇਸ਼ਾਂ ਵਿਚੋਂ ਇਕ ਹੈ। ਇਸ ਨੇ ਉੱਤਰੀ ਅਮਰੀਕਾ ਮਹਾਂਦੀਪ ਦਾ ਲਗਭਗ 2/5 ਹਿੱਸਾ ਮੱਲਿਆ ਹੋਇਆ ਹੈ ਅਤੇ ਇਸ ਦਾ ਕੁੱਲ ਖੇਤਰਫਲ 99,59,219 ਵ. ਕਿ. ਮੀ. ਅਤੇ ਇਸ ਦੀ ਅੰਦਾਜ਼ਨ ਆਬਾਦੀ 2,77,37,000 (1991) ਹੈ। ਇਸ ਦੇ ਉੱਤਰ ਵੱਲ ਆਰਕਟਿਕ ਸਾਗਰ, ਪੂਰਬ ਵੱਲ ਅੰਧ ਮਹਾਂਸਾਗਰ, ਦੱਖਣ ਵੱਲ ਸੰਯੁਕਤ ਰਾਜ ਅਮਰੀਕਾ ਅਤੇ ਪੱਛਮ ਵੱਲ ਸ਼ਾਂਤ ਮਹਾਂਸਾਗਰ ਤੇ ਅਮਰੀਕਾ ਦਾ ਅਲਾਸਕਾ ਰਾਜ ਹੈ। ਕੈਨੇਡਾ ਵਿਚ ਦਸ ਰਾਜ ਅਤੇ ਦੋ ਸੰਘੀ ਖੇਤਰ ਹਨ। ਓਟਾਵਾ ਇਸ ਦੀ ਰਾਜਧਾਨੀ ਹੈ।

          ਭੂ-ਆਕ੍ਰਿਤੀ ਵਿਗਿਆਨ

          ਧਰਾਤਲ –– ਪਰਾਕ੍ਰਿਤਕ ਤੌਰ ਤੇ ਕੈਨੇਡਾ ਨੂੰ ਹੇਠ ਲਿਖੇ ਕੁਦਰਤੀ ਖੰਡਾਂ ਵਿਚ ਵੰਡਿਆ ਜਾ ਸਕਦਾ ਹੈ।

          1. ਕੈਨੇਡੀਅਨ ਸ਼ੀਲਡ –– ਇਹ ਕੈਨੇਡਾ ਦਾ ਸਭ ਤੋਂ ਵੱਡਾ ਭੂਗੋਲਿਕ ਖੰਡ ਹੈ ਇਸ ਦੇ ਖੇਤਰਫਲ ਦਾ ਲਗਭਗ 49% ਹੈ। ਇਹ ਹਡਸਨ ਖਾੜੀ ਦੇ ਆਲੇ ਦੁਆਲੇ ਫੈਲਿਆ ਹੋਇਆ ਹੈ। ਇਸ ਦਾ ਉੱਤਰੀ ਤੱਟ ਸਮੁੰਦਰੀ ਸਤਹ ਤੋਂ ਲਗਭਗ 2,000 ਮੀ. ਉੱਚਾ ਹੈ। ਇਸ ਖੇਤਰ ਦੇ ਬਹੁਤ ਸਾਰੇ ਪਹਾੜ ਜੋ ਕਈ ਕਿ. ਮੀ. ਵਿਚ ਫੈਲੇ ਹਨ, ਬਹੁਤਾ ਕਰਕੇ 609-900 ਮੀਟਰ ਤੱਕ ਉੱਚੇ ਹਨ। ਹਡਸਨ ਸਟ੍ਰੇਟ ਦੇ ਦੱਖਣ ਵੱਲ ਟਾਰਨਗੇਟ, ਕਾਉਮਾਜੈਟ ਅਤੇ ਕਿਗਲਾਪੇਟ ਪਹਾੜੀਆਂ 1,650 ਮੀ. ਤੋਂ ਵੀ ਵੱਧ ਉੱਚੀਆਂ ਹਨ। ਸੇਂਟ ਲਾਰੈਂਸ ਦਰਿਆ ਦੇ ਉੱਤਰੀ ਕੰਢੇ ਤੇ ਕਿਊਕਬੈੱਕ ਰਾਜ ਵਿਚ ਇਸ ਸ਼ੀਲਡ ਦਾ ਉੱਤਰੀ ਢਾਲਦਾਰ ਕੰਢਾ ਲਗਭਗ 660 ਮੀ. ਉੱਚਾ ਹੈ।

                   ਦੱਖਣੀ ਆਂਟੇਰੀਓ ਵਿਚ ਇਹ ਕਿਨਾਰਾ ਨਾ ਹੋਣ ਦੇ ਬਰਾਬਰ ਹੈ ਪਰ ਉੱਤਰੀ ਆਂਟੇਰੀਓ ਵਿਚ ਸੁਪੀਰੀਅਰ ਝੀਲ ਵੱਲ ਇਹ ਫਿਰ ਲਗਭਗ 500 ਮੀ. ਉੱਚਾ ਉਠ ਜਾਂਦਾ ਹੈ। ਮੈਨੀਟੋਬਾ ਤੋਂ ਉੱਤਰ-ਪੱਛਮ ਵੱਲ ਸ਼ੀਲਡ ਦੇ ਆਖ਼ਰ ਵਿਚ ਕਈ ਵੱਡੀਆਂ ਵੱਡੀਆਂ ਝੀਲਾਂ ਹਨ, ਜਿਨ੍ਹਾਂ ਵਿਚੋਂ ਵਿਨੀਪੈਗ ਝੀਲ, ਅਥਾਬਾਸਕਾ ਝੀਲ, ਗ੍ਰੇਟ ਸਲੇਵ ਅਤੇ ਗ੍ਰੇਟ ਬੇਅਰ ਝੀਲਾਂ ਬਹੁਤ ਵਡੀਆਂ ਹਨ। ਸ਼ੀਲਡ ਦਾ ਬਹੁਤਾ ਹਿੱਸਾ ਸਮੁੰਦਰ ਤੱਟ ਤੋਂ 650 ਮੀ. ਤੋਂ ਘੱਟ ਉੱਚਾ ਹੈ। ਇਥੋਂ ਦਾ ਕੁਦਰਤੀ ਦ੍ਰਿਸ਼ ਬਹੁਤਾ ਦਿਲਖਿੱਚਵਾਂ ਨਹੀਂ ਹੈ ਪਰ ਭੂ-ਵਿਗਿਆਨਕ ਪੱਖ ਤੋਂ ਇਸ ਦੀ ਬਣਤਰ ਵਿਚ ਗਲੇਸ਼ੀਅਰੀਕਰਨ ਦਾ ਬਹੁਤ ਪ੍ਰਭਾਵ ਪਿਆ ਹੈ। ਗਲੇਸ਼ੀਅਰਾਂ ਦੇ ਕਟਾਵ ਨਾਲ ਇਸ ਖੇਤਰ ਵਿਚ ਕਈ ਬਿਖਰੀਆਂ ਹੋਈਆਂ ਛੋਟੀਆਂ ਛੋਟੀਆਂ ਚਟਾਨੀ ਪਹਾੜੀਆਂ ਹੀ ਬਾਕੀ ਰਹਿ ਗਈਆਂ ਤੇ ਇਨ੍ਹਾਂ ਚਟਾਨਾਂ ਵਿਚਲੀਆਂ ਥਾਵਾਂ ਤੇ ਪਾਣੀ ਭਰਨ ਨਾਲ ਬਹੁਤ ਸਾਰੀਆ ਝੀਲਾਂ ਬਣ ਗਈਆਂ ਹਨ। ਕਈ ਥਾਵਾਂ ਤੇ ਗਲੇਸ਼ੀਅਰ ਅਤੇ ਉਸਦੇ ਪਾਣੀਆਂ ਨਾਲ ਮਿੱਟੀ ਅਤੇ ਕੰਕਰ ਰੁੜ੍ਹ ਕੇ ਆ ਗਏ ਹਨ ਤੇ ਹਿਮਾਨੀ ਨਿਖੇਪ ਬਣ ਗਏ ਹਨ। ਕਈਆਂ ਥਾਵਾਂ ਤੇ 160 ਕਿ. ਮੀ. ਖੇਤਰ ਵਿਚ ਨਿਖੇਪ ਇਕੱਠੇ ਹੋ ਗਏ ਹਨ। ਇਨ੍ਹਾਂ ਨੂੰ ‘ਐਸਕਰਜ਼’ ਕਿਹਾ ਜਾਂਦਾ ਹੈ। ਕਈਆਂ ਥਾਵਾਂ ਤੇ ਗਲੇਸ਼ੀਅਰ ਨੇ ਪਹਿਲਾਂ ਨਿਖੇਪ ਅਤੇ ਪਾਣੀ ਜਮ੍ਹਾਂ ਕੀਤਾ ਫਿਰ ਪਾਣੀ ਦੇ ਸੁੱਕਣ ਨਾਲ ਝੀਲਾਂ ਦੀ ਥਾਂ ਤੇ ਅੱਜਕਲ੍ਹ ਕਈ ਲੰਮੇ ਚੌੜੇ ਉਪਜਾਊ ਖੇਤਰ ਬਣ ਗਏ ਹਨ।

          2. ਅੰਦਰੂਨੀ ਮੈਦਾਨ –– ਕੈਨੇਡਾ ਦੇ ਕੁੱਲ ਖੇਤਰਫਲ ਦੇ 18% ਵਿਚ ਇਹ ਮੈਦਾਨ ਹਨ। ਦੱਖਣ ਵੱਲ ਨੂੰ ਇਹ ਅਮਰੀਕਾ ਦੇ ਗ੍ਰੇਟ ਪਲੇਨਜ਼ ਤੱਕ ਫੈਲੇ ਹੋਏ ਹਨ। ਮੈਦਾਨ ਦੇ ਦੱਖਣ-ਪੂਰਬ ਵਿਚ 300 ਮੀ. ਦੀ ਉਚਾਈ ਵਾਲਾ ਮੈਨੀਟੋਬਾ ਨੀਂਵੀ ਭੂਮੀ ਵਾਲਾ ਖੇਤਰ ਹੈ। ਇਸ ਖੇਤਰ ਵਿਚ ਵੀ ਬਹੁਤ ਸਾਰੀਆਂ ਝੀਲਾਂ ਹਨ, ਜਿਨ੍ਹਾਂ ਵਿਚੋਂ ਕਈ ਆਕਾਰ ਵਿਚ ਬਹੁਤ ਵੱਡੀਆਂ ਹਨ। ਲਾਲ ਦਰਿਆ ਦੀ ਵਾਦੀ ਇਸੇ ਖੇਤਰ ਵਿਚ ਹੈ ਜੋ ਗਲੇਸ਼ਅਰੀਕਰਨ ਤੋਂ ਪਹਿਲਾਂ ਦੀ ਇਕ ਬਹੁਤ ਵੱਡੀ ਝੀਲ ਅਗਾਸੀ ਦੇ ਸੁੱਕਣ ਨਾਲ ਬਣੀ ਹੈ ਅਤੇ ਹੁਣ ਇਥੋਂ ਦਾ ਇਕ ਉਪਜਾਊ ਜ਼ਰਾਇਤੀ ਖੇਤਰ ਹੈ। ਇਸ ਦੇ ਉੱਤਰ ਪੂਰਬ ਵਿਚ ਮਾਕੈਜ਼ੀ ਨੀਂਵੀ-ਭੂਮੀ ਹੈ, ਜੋ ਕਾਫ਼ੀ ਹੱਦ ਦਕ ਮੈਨੀਟੋਬਾ ਨੀਂਵੀ-ਭੂਮੀ ਨਾਲ ਮਿਲਦੀ ਹੈ। ਇਸ ਵਿਚ ਕਿਤੇ ਪੱਧਰੇ ਮੈਦਾਨ, ਕਿਤੇ ਦਲਦਲ ਅਤੇ ਕਿਤੇ ਝੀਲਾਂ ਹਨ। ਮੈਨੀਟੋਬਾ ਨੀਂਵੀ-ਭੂਮੀ ਦੇ ਪੱਛਮ ਵੱਲ ਸਸਕੈਚਵਾਨ ਦਾ ਮੈਦਾਨ ਹੈ ਜੋ ਸਮੁੰਦਰੀ ਸਤਹ ਤੋਂ 500-700 ਮੀ. ਤਕ ਉੱਚਾ ਹੈ। ਇਹ ਬਹੁਤ ਵੱਡਾ ਪੱਧਰ ਅਤੇ ਉਪਜਾਊ ਮੈਦਾਨ ਹੈ ਜੋ ਵੱਡੇ ਪੈਮਾਨੇ ਦੀ ਖੇਤੀ ਲਈ ਬਹੁਤ ਢੁਕਵਾਂ ਹੈ। ਪੱਛਮ ਵਿਚ ਹੋਰ ਪਰੇ ਕਰ ਕੇ ਅਲਬਰਟਾ ਉੱਚ-ਭੂਮੀ ਹੈ ਜਿਸ ਦਾ ਬਹੁਤਾ ਹਿੱਸਾ 525 ਮੀ. ਦੇ ਲਗਭਗ ਉੱਚਾ ਹੈ। ਇਸ ਖੇਤਰ ਵਿਚ ਕਈ ਡੂੰਘੀਆ ਵਾਦੀਆ ਹਨ, ਜਿਨ੍ਹਾਂ ਵਿਚੋਂ ਕਈ ਨਾਲ ਦੇ ਮੈਦਾਨਾਂ ਨਾਲੋਂ 65 ਤੋਂ 135 ਮੀ. ਤਕ ਡੂੰਘੀਆਂ ਹਨ।

          3. ਗ੍ਰੇਟ ਲੇਕਸ –– ਸੇਂਟ ਲਾਰੈਂਸ ਨੀਂਵੀ ਭੂਮੀ – ਕੈਨੇਡਾ ਦੇ ਇਸ ਕੁਦਰਤੀ ਖੰਡ ਨੂੰ ਅੱਗੇ ਫਿਰ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ। ਬੇਸ਼ਕ ਆਕਾਰ ਦੇ ਪੱਖ ਤੋਂ ਇਹ ਚਾਰੇ ਖੰਡ ਬਹੁਤ ਛੋਟੇ ਹਨ ਪਰ ਇਥੇ ਆਬਾਦੀ ਬਹੁਤੀ ਹੋਣ ਕਰਕੇ ਵਰਨਣਯੋਗ ਹਨ। ਇਸ ਖੰਡ ਵਿਚ ਹਿਊਰਨ ਅਤੇ ਈਰੀ, ਹਿਊਰਨ ਝੀਲਾਂ ਅਤੇ ਨਿਆਗਰਾ ਪਹਾੜੀ ਵਿਚਕਾਰ ਦੋ ਗੁੰਬਦਨੁਮਾ ਨਿਵਾਣਾਂ ਹਨ। ਗਲੇਸ਼ੀਅਰੀਕਰਨ ਸਮੇਂ ਜਦੋਂ ਬਰਫ਼ ਪਿੱਛੇ ਨੂੰ ਹੱਟ ਰਹੀ ਸੀ ਤਾਂ ਕਈ ਵਾਰੀ ਜਿਥੇ ਉਹ ਰੁਕਦੀ ਗਈ, ਉਥੇ ਰੇਤ ਅਤੇ ਬਜਰੀ ਆਪਣੇ ਕਿਨਾਰਿਆਂ ਤੇ ਛੱਡਦੀ ਗਈ। ਛੋਡੇ ਹੋਏ ਇਨ੍ਹਾਂ ਰੇਤ ਅਤੇ ਬਜਰੀ ਦੇ ਭੰਡਾਰਾਂ ਨੂੰ ਹੁਣ ਪ੍ਰਤਿਸਾਰੀ ਮੋਰੇਨਜ਼ ਕਹਿੰਦੇ ਹਨ। ਇਹ ਇਸ ਖੇਤਰ ਦੇ ਗੁੰਬਦ ਦੇ ਵਿਚਕਾਰ ਇਕ ਚੱਕਰ ਦੀ ਸ਼ਕਲ ਵਿਚ ਜਮ੍ਹਾਂ ਹੋ ਗਏ ਹਨ। ਇਸੇ ਗੁੰਬਦ ਦੇ ਉਪਰਲੇ ਹਿੱਸੇ ਵਿਚ ਗਲੇਸ਼ੀਅਰਾਂ ਅਤੇ ਪਾਣੀ ਨਾਲ ਬਣੀਆਂ ਚੌੜੀਆਂ ਨਾਲੀਆਂ ਅੱਜ ਨਦੀਆਂ ਦੀ ਸ਼ਕਲ ਵਿਚ ਵਹਿ ਰਹੀਆਂ ਹਨ। ਕਈ ਝੀਲਾਂ ਦੇ ਦੁਆਲੇ ਦੇ ਇਲਾਕਿਆਂ ਵਿਚ ਰੇਤ ਅਤੇ ਮਿੱਟੀ ਦੀਆਂ ਘੱਟ ਡੂੰਘੀਆਂ ਪਰ ਪੱਧਰੀਆਂ ਵਾਦੀਆਂ ਹਨ।

          ਆਂਟੇਰੀਓ ਨੀਂਵੀ ਭੂਮੀ ਨਿਆਗਰਾ ਆਬਸ਼ਾਰ ਦੇ ਪੂਰਬ ਵੱਲ ਹੈ ਜੋ ਬਹੁਤਾ ਕਰਕੇ ਗਲੇਸ਼ੀਅਰੀ ਮੈਦਾਨੀ ਖੇਤਰ ਹੈ ਤੇ ਇਸ ਵਿਚੋਂ ਆਕ ਰਿਜਿਸ ਅਤੇ ਡੱਮਰ ਮੋਰੇਨ ਕੰਕਰੀਟ ਪਹਾੜ ਲੰਬੇ ਦਾਅ ਇਸ ਖੇਤਰ ਨੂੰ ਪਾਰ ਕਰਦੇ ਹਨ। ਇਥੇ ਹਜ਼ਾਰਾਂ ਦੀ ਗਿਣਤੀ ਵਿਚ ਉਭਰੇ ਹੋਏ ਗਲੇਸ਼ੀਅਰਾਂ ਦੇ ਨਿਖੇਪ ਜਾਂ ਡ੍ਰੱਮਲਿਨ ਹਨ।

          ਓਟਾਵਾ –– ਸੇਂਟ ਲਾਰੈਂਸ ਨੀਵੀਂ ਭੂਮੀ, ਆਂਟੇਰੀਓ ਨੀਂਵੀ ਭੂਮੀ ਦੇ ਪੂਰਬ ਵਿਚ ਹੈ ਤੇ ਫਰਾਨਟੀਨੈਕ ਐਕਸਿਜ਼ ਪਰਬਤੀ ਲੜੀ ਇਨ੍ਹਾਂ ਦੋਹਾਂ ਨੀਵੀਆਂ ਭੂਮੀਆਂ ਨੂੰ ਨਿਖੇੜਦੀ ਹੈ। ਫਰਾਨਟੀਨੈਕ ਐਕਸਿਜ਼ ਕੈਬਰੀਅਨ ਕਲਪ ਤੋਂ ਪਹਿਲਾਂ ਦੀਆਂ 570,000,000 ਸਾਲ ਪੁਰਾਣੀਆਂ ਚਟਾਨਾਂ ਦੀ ਇਕ ਤੰਗ ਜਿਹੀ ਪੱਟੀ ਹੈ ਜੋ ਕੈਨੇਡੀਅਨ ਸ਼ੀਲਡ ਤੋਂ ਲੈ ਕੇ ਅਮਰੀਕਾ ਦੇ ਨਿਊਯਾਰਕ ਰਾਜ ਦੀਆਂ ਅਡਿਰਾਨਡੈਕ ਪਹਾੜੀਆਂ ਤਕ ਫੈਲੀ ਹੋਈ ਹੈ। ਇਹ ਦੋਵੇਂ ਨੀਵੀਂਆਂ ਭੂਮੀਆਂ ਓਟਾਵਾ ਵਾਦੀ ਦੇ ਹੇਠਲੇ ਹਿੱਸੇ ਤਕ ਅਤੇ ਦੂਜੇ ਪਾਸੇ ਕਿਊਬੈੱਕ ਤੋਂ ਲਗਭਗ 110 ਕਿ. ਮੀ. ਹੇਠਾਂ ਤਕ ਗਈਆਂ ਹੋਈਆਂ ਹਨ। ਗਲੇਸ਼ੀਅਰੀ ਕਾਲ ਵਿਚ ਇਹ ਖੇਤਰ ਸ਼ੈਮਪਲੇਪ ਸਾਗਰ ਸੀ। ਸੇਂਟ ਲਾਰੈਂਸ ਨੀਵੀਂ-ਭੂਮੀ ਦੇ ਇਸ ਖੇਤਰ ਵਿਚ ਸਭ ਤੋਂ ਚੌੜੇ ਅਤੇ ਪੱਧਰੇ ਮੈਦਾਨ ਹਨ ਜਿਨ੍ਹਾਂ ਵਿਚ ਕਈ ਥਾਵਾਂ ਤੇ ਕੈਂਬਰੀਅਨ ਕਲਪ ਤੋਂ ਪਹਿਲਾਂ ਦੀਆਂ ਚਟਾਨਾਂ ਕਈ ਪਹਾੜੀਆਂ ਅਤੇ ਅਗਨੀ ਚਟਾਨਾਂ ਦੀਆਂ ਅੱਠ ਪਹਾੜੀਆਂ ਹਨ। ਸੇਂਟ ਲਾਰੈਂਸ ਦਰਿਆ ਦੇ ਮੁਹਾਣੇ ਤੇ ਅਨਟਿਕੋਸਟੀ ਦੀਪ ਅਤੇ ਮਿੰਗੈਨ ਦੀਪ-ਸਮੂਹ ਇਸ ਖੇਤਰ ਦਾ ਚੌਥਾ ਹਿੱਸਾ ਬਣਾਉਂਦੇਹਨ।

          4. ਕੈਨੇਡੀਅਨ ਕਾਰਡੀਲੇਰਾ –– ਇਹ ਖੇਤਰ 70 ਕਿ.ਮੀ. ਚੌੜਾ ਪਹਾੜਾਂ ਦਾ ਬਣਿਆਂ ਹੋਇਆ ਹੈ ਜੋ ਸ਼ਾਂਤ ਮਹਾਂਸਾਗਰ ਦੇ ਤੱਟ ਦੇ ਨਾਲ ਨਾਲ ਫੈਲਿਆ ਹੋਇਆ ਹੈ। ਇਨ੍ਹਾਂ ਪਹਾੜਾਂ ਨੂੰ ਤਿੰਨ ਗਰੁਪਾਂ ਵਿਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਰਿਚਰਡਸਨ ਅਤੇ ਬ੍ਰਿਟਿਸ਼ ਪਰਬਤ ਧੁਰ-ਉੱਤਰ ਵਿਚ ਹਨ। ਇਨ੍ਹਾਂ ਤੋਂ ਬਾਅਦ ਮਾਕੈਂਜੀ ਅਤੇ ਫ਼੍ਰੈਕਲਿਨ ਪਹਾੜ ਹਨ, ਜਿਨ੍ਹਾਂ ਨੂੰ ਪੀਲ ਪਠਾਰ ਪਹਿਲਿਆਂ ਪਰਬਤਾਂ ਨਾਲੋਂ ਨਿਖੇੜਦੀ ਹੈ। ਤੀਸਰੇ ਹਿੱਸੇ ਵਿਚ ਰਾਕੀ ਪਹਾੜ ਹਨ ਜਿਨ੍ਹਾਂ ਨੂੰ ਲੀਆਰਡ ਪਠਾਰ ਫ਼੍ਰੈਂਕਲਿਨ ਅਤੇ ਮਾਕੈਂਜੀ ਨਾਲੋਂ ਵੱਖ ਕਰਦੀ ਹੈ। ਰਾਕੀ ਪਹਾੜਾਂ ਵਿਚੋਂ ਘੱਟੋ ਘੱਟ 30 ਪਹਾੜੀ ਚੋਟੀਆਂ 3,300 ਮੀ. ਤੋਂ ਵੀ ਵੱਧ ਉੱਚੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਉੱਚੀ ਚੋਟੀ ਰਾਬਸਨ 3,954 ਮੀ. ਉੱਚੀ ਹੈ। ਰਾਕੀ ਪਹਾੜਾਂ ਵਿਚੋਂ ਤਿੰਨ ਦੱਰੇ ‘ਯੈਲੇ ਹੈੱਡ’ ‘ਕਿਕਇੰਗ ਹੋਰਸ’ ਅਤੇ ‘ਕ੍ਰੋਜ਼ ਨੈੱਸਟ’ ਕ੍ਰਮਵਾਰ 1,133 ਮੀ. , 1,627 ਮੀ. ਅਤੇ 1,350 ਮੀ. ਦੀ ਉਚਾਈ ਤੇ ਸਥਿਤ ਹਨ। ਇਥੋਂ ਦੀਆਂ ਬਰਫ਼ਾਨੀ ਚੋਟੀਆਂ, ਇਥੋਂ ਦੇ ਕੁਦਰਤੀ ਦ੍ਰਿਸ਼ ਨੂੰ ਹੋਰ ਵੀ ਖ਼ੂਬਸੂਰਤ ਬਣਾਉਂਦੀਆਂ ਹਨ ਅਤੇ ਇਨ੍ਹਾਂ ਪਹਾੜਾਂ ਵਿਚ ਹੀ ਕੈਨੇਡਾ ਦੇ ਪੰਜ ਰਾਸ਼ਟਰੀ ਪਾਰਕ ਹਨ ਜਿਨ੍ਹਾਂ ਵਿਚੋਂ 1855 ਦਾ ਬਣਿਆ ਬੈਂਫ ਪਾਰਕ ਸਭ ਤੋਂ ਪੁਰਾਣਾ ਹੈ। ਪੂਰਬੀ ਲੜੀਆਂ ਦੀ ਪੱਛਮੀ ਸਰਹੱਦ ਵੱਲ ਲਗਭਗ 22 ਕਿ. ਮੀ. ਚੌੜੀ ਅਤੇ ਕਈ ਹਜ਼ਾਰ ਫੁੱਟ ਡੂੰਘੀ ਰਾਕੀ ਪਹਾੜੀ ਖਾਈ ਹੈ। ਇਸੇ ਖਾਈ ਦੇ ਪੱਛਮ ਵਿਚ ਨੀਵੇਂ ਪਹਾੜਾਂ ਦੀ ਇਕ ਹੋਰ ਪੱਟੀ ਹੈ ਅਤੇ ਇਸ ਵਿਚ ਕ੍ਰਮਵਾਰ ਪਠਾਰ ਅਤੇ ਕਈ ਡੂੰਘੀਆਂ ਵਾਦੀਆਂ ਹਨ। ਇਨ੍ਹਾਂ ਦੋ ਪਰਬਤਾਂ ਦੇ ਧੁਰ ਪੱਛਮ ਵਿਚ 75 ਕਿ. ਮੀ. ਚੌੜੇ ਖੇਤਰ ਵਿਚ ਦੋ ਪਰਬਤ ਸਮੂਹ ਸੇਂਟ ਈਲਿਆਸ ਅਤੇ ਤੱਟੀ ਪਹਾੜ ਦੇਸ਼ ਵਿਚ ਸਭ ਤੋਂ ਖ਼ੂਬਸੂਰਤ ਅਤੇ ਵਿਸ਼ਾਲ ਦ੍ਰਿਸ਼ ਪੇਸ਼ ਕਰਦੇ ਹਨ। ਇਨ੍ਹਾਂ ਵਿਚ ਹੀ ਕੈਨੇਡਾ ਦਾ ਸਭ ਤੋਂ ਉੱਚਾ ਪਹਾੜ ਲੋਗੇਨ ਹੈ ਜੋ 6,050ਮੀ. ਉੱਚਾ ਹੈ। ਇਸ ਤੋਂ ਇਲਾਵਾ ਕਈ 5,000 ਮੀ. ਉਚੀਆਂ ਹੋਰ ਪਹਾੜੀਆਂ ਵੀ ਹਨ। ਸਮੁੰਦਰੀ ਤੱਟ ਤੋਂ ਪਰੇ ਬਹੁਤ ਸਾਰੇ ਦੀਪਾਂ ਵਾਲੀ ਇਕ ਘੱਟ ਉੱਚੀ ਪਰਬਤੀ ਲੜੀ ਹੈ। ਦੀਪਾਂ ਅਤੇ ਕੈਨੇਡਾ ਦੀ ਮੁੱਖ ਧਰਤੀ ਦਾ ਵਿਚਕਾਰਲਾ ਹਿੱਸਾ, ਸਮੁੰਦਰ ਵਿਚ ਡੁੱਬਿਆ ਹੋਇਆ ਹੈ ਜੋ ਕੈਨੇਡਾ ਦੇ ਪੱਛਮੀ ਤੱਟ ਦਾ ਸਮੁੰਦਰੀ ਰਾਹ ਬਣਾਉਂਦਾ ਹੈ ਅਤੇ ਪੱਛਮੀ ਤੱਟ ਦੇ ਨਾਲ ਸਮੁੰਦਰੀ ਆਵਾਜਾਈ ਦਾ ਮਾਰਗ ਬਣਾਉਂਦਾ ਹੈ।

          5. ਅਪਲੇਚਨ ਕੈਨੇਡਾ––ਕੈਨੇਡਾ ਦੇ ਇਸ ਕੁਦਰਤੀ ਖੰਡ ਵਿਚ ਗਾਸਪੇ ਪ੍ਰਾਇਦੀਪ ਮੈਰੀਟਾਈਮ ਰਾਜ ਅਤੇ ਨਿਊ ਫਾਊਂਡਲੈਂਡ ਦੇ ਦੀਪ ਸ਼ਾਮਲ ਹਨ। ਇਹ ਹਿੱਸਾ ਬਹੁਤ ਪੁਰਾਣੀਆਂ ਮੋੜਦਾਰ ਚਟਾਨਾਂ ਦਾ ਬਣਿਆ ਹੋਇਆ ਹੈ ਜੋ ਖੁਰ ਕੇ ਨੀਂਵੀਆਂ ਅਤੇ ਗੋਲਾਈਦਾਰ ਬਣ ਗਈਆਂ ਹਨ। ਇਨ੍ਹਾਂ ਦੇ ਵਿਚਕਾਰ ਚੌੜੀਆਂ ਵਾਦੀਆਂ ਹਨ, ਜਿਨ੍ਹਾਂ ਵਿਚੋਂ ਉੱਚ-ਭੂਮੀਆਂ ਦੇ ਤਿੰਨ ਵਿਸ਼ਾਲ ਗਰੁੱਪ ਵਿਖਾਈ ਦਿੰਦੇ ਹਨ। ਪਹਿਲਾ ਗਰੁਪ ਇਸ ਖੇਤਰ ਦੇ ਧੁਰ ਪੱਛਮ ਵਿਚ ਹੈ ਜੋ ਸਭ ਤੋਂ ਉੱਚਾ ਹੈ। ਇਸ ਵਿਚ ਸਟਨ, ਮੀਗੈਂਟਿਕ ਹਿੱਲ, ਨੋਟਰਡਾਮ ਅਤੇ ਸ਼ਿਕ ਸ਼ਾਕ ਪਹਾੜ ਸ਼ਾਮਲ ਹਨ। ਦੂਸਰਾ ਗਰੁੱਪ ਇਸ ਖੇਤਰ ਦੇ ਦੂਰ ਪੁਰਬ ਵਿਚ ਹੈ ਤੇ ਇਸ ਵਿਚ ਸ਼ਾਲੂਰ ਉੱਚ-ਭੂਮੀਆਂ ਅਤੇ ਮਿਰਾਮੀਸੀ ਉੱਚ-ਭੂਮੀਆਂ ਸ਼ਾਮਲ ਹਨ। ਤੀਸਰਾ ਗਰੁਪ ਪੂਰਬ ਵਿਚ ਹੈ ਤੇ ਇਸ ਵਿਚ ਸੇਂਟ ਕ੍ਰਵਾ ਕ੍ਰੈਲਿਡੋਨੀਅਨ ਅਤੇ ਨੋਵਾ ਸਕਾਸ਼ੀਆ ਉੱਚ-ਭੂਮੀਆਂ ਸ਼ਾਮਲ ਹਨ। ਇਸ ਖੇਤਰ ਦੀਆਂ ਕੁਝ ਨੀਵੀਆਂ ਭੂਮੀਆਂ ਵਿਚ ਨਿਊ ਬ੍ਰੀਜ਼ਵਿਕ, ਪ੍ਰਿੰਸ ਐਡਵਰਡ ਦੀਪ, ਕੰਬਰਲੈਂਡ ਨੀਂਵੀ ਭੂਮੀ ਅਤੇ ਮੈਗਡਾਲੈਨ ਦੀਪ ਆਉਂਦੇ ਹਨ। ਇਹ ਸਾਰੀਆਂ ਨੀਂਵੀਆਂ-ਭੂਮੀਆਂ ਸੇਂਟ ਲਾਰੈਂਸ ਖਾੜੀ ਦੀ ਹੱਦ ਬਣਾਉਂਦੀਆਂ ਹਨ।

           6. ਇਨੂਸ਼ੀਅਨ ਖੇਤਰ––ਕੈਨੇਡਾ ਦਾ ਇਹ ਖੇਤਰ ਕੈਨੇਡੀਅਨ ਸ਼ੀਲਡ ਦੇ ਉੱਤਰ ਵਿਚ ਹੈ, ਜੋ ਧੁਰ ਉੱਤਰੀ ਈਲਜ਼ਮੀਰ ਦੀਪ ਤੋਂ ਲੈ ਕੇ ਪ੍ਰਿੰਸ ਪੈਟਰਿਕ ਦੀਪ ਤਕ ਫੈਲਿਆ ਹੋਇਆ ਹੈ। ਇਸ ਦਾ ਬਹੁਤਾ ਹਿੱਸਾ ਪੱਕੇ ਤੌਰ ਤੇ ਬਰਫ਼ ਨਾਲ ਢਕਿਆ ਰਹਿੰਦਾ ਹੈ ਪਰ ਪਹਾੜਾਂ ਦੀਆਂ ਚੋਟੀਆਂ ਬਰਫ਼ ਵਿਚੋਂ ਆਮ ਦਿਖਦੀਆਂ ਰਹਿੰਦੀਆਂ ਹਨ। ਗ੍ਰਾਂਟਲੈਂਡ ਪਹਾੜਾਂ ਤਕ ਇਨ੍ਹਾਂ ਚੋਟੀਆਂ ਦੀ ਉਚਾਈ 3,300 ਮੀ. ਦੇ ਲਗਭਗ ਪਹੁੰਚ ਜਾਂਦੀ ਹੈ।

ਜਲਵਾਯੂ––ਕੈਨੇਡਾ ਬਹੁਤ ਵਿਸ਼ਾਲ ਦੇਸ਼ ਹੈ। ਇਸ ਕਰਕੇ ਇਸ ਦੇ ਜਲਵਾਯੂ ਵਿਚ ਕਾਫ਼ੀ ਭਿੰਨਤਾ ਹੈ। ਇਥੇ ਵਰਖਾ ਵੀ ਚੋਖੀ ਹੁੰਦੀ ਹੈ। ਸ਼ਾਂਤ ਮਹਾਂਸਾਗਰ ਅਤੇ ਅੰਧ ਮਹਾਂਸਾਗਰ ਦੇ ਨਾਲ ਲਗਦਿਆਂ ਖੇਤਰਾਂ ਦਾ ਜਲਵਾਯੂ, ਸਮੁੰਦਰਾਂ ਦੇ ਨਿੱਘੇ ਪਾਣੀ ਕਰਕੇ ਲਗਭਗ ਇਕ ਸਮਾਨ-ਰਹਿੰਦਾ ਹੈ ਪਰ ਉੱਚੇ ਪਹਾੜਾਂ ਦੀਆਂ ਪੱਛਮੀ ਢਲਾਣਾਂ ਉੱਪਰ ਵਰਖਾਹਣ ਦੀ ਮਾਤਰਾ ਬਹੁਤ ਹੁੰਦੀ ਹੈ। ਕੈਨੇਡਾ ਦਾ ਸਰਦੀਆਂ ਦਾ ਤਾਪਮਾਨ ਲਗਭਗ ਸਾਰੇ ਦੇਸ਼ ਵਿਚ ਦਰਜਾ ਜਮਾਉ ਤੋਂ ਹੇਠਾਂ ਹੁੰਦਾ ਹੈ। ਕੈਨੇਡਾ ਦੇ ਲਗਭਗ ¾ ਹਿੱਸੇ ਵਿਚ ਮਹਾਂਦੀਪੀ ਜਲਵਾਯੂ ਪਾਇਆ ਜਾਂਦਾ ਹੈ, ਜਿਸ ਵਿਚ ਸਰਦੀਆਂ ਵਿਚ ਬਹੁਤ ਸਰਦੀ ਪੈਂਦੀ ਹੈ ਪਰ ਦਰਮਿਆਨੀ ਤੋਂ ਭਾਰੀ ਮਾਤਰਾ ਵਿਚ ਵਰਖਾਹਣ ਹੁੰਦਾ ਹੈ। ਇਸ ਮਹਾਂਦੀਪੀ ਜਲਵਾਯੂ ਵਾਲੇ ਖੇਤਰ ਨੂੰ ਗਰਮੀਆਂ ਮੌਸਮ ਦੇ ਸਮੇਂ ਅਤੇ ਤਾਪਮਾਨ ਦੇ ਅਧਾਰ ਤੇ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਅਰਧ ਹਿਮ ਸਾਗਰੀ ਖੇਤਰਾਂ ਵਿਚ ਕੈਨੇਡਾ ਦਾ ਲਗਭਗ 53% ਹਿੱਸਾ ਆਉਂਦਾ ਹੈ ਤੇ ਇਹ ਦੇਸ਼ ਦਾ ਸਭ ਤੋਂ ਜ਼ਿਆਦਾ ਠੰਡਾ ਖੇਤਰ ਹੈ। ਕੈਨੇਡਾ ਦੀ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਗਰਮੀਆਂ ਵਿਚ ਵੀ ਠੰਡ ਰਹਿੰਦੀ ਹੈ। ਆਂਟੇਰੀਓ ਰਾਜ ਦੇ ਦੱਖਣ-ਪੱਛਮੀ ਪ੍ਰਾਇਦੀਪ, ਜਿਸ ਦੇ ਨਾਲ ਹਿਊਰਨ, ਈਰੀ ਅਤੇ ਆਂਟੇਰੀਓ ਝੀਲਾਂ ਲਗਦੀਆਂ ਹਨ, ਵਿਚ ਸਰਦੀਆਂ ਦਾ ਮੌਸਮ ਨਿੱਘਾ ਹੁੰਦਾ ਹੈ। ਕੈਨੇਡਾ ਦੇ ਬਾਕੀ ਇਲਾਕੇ ਵਿਚ ਪੱਛਮੀ ਯੂਰਪ ਵਰਗੀ ਦਰਮਿਆਨੀ ਸਰਦੀ ਪੈਂਦੀ ਹੈ।

          ਜਲ ਪ੍ਰਵਾਹ –– ਕੈਨੇਡਾ ਦਾ ਲਗਭਗ ਅੱਧਾ ਜਲ-ਨਿਕਾਸ ਨਦੀਆਂ ਅਤੇ ਝੀਲਾਂ ਰਾਹੀਂ ਹਡਸਨ ਖਾੜੀ ਅਤੇ ਹਨਡਸਨ ਸਟ੍ਰੇਟ ਵਿਚ ਹੁੰਦਾ ਹੈ। ਮਾਕੈਂਜੀ ਦਰਿਆ ਜੋ ਕੈਨੇਡਾ ਦਾ ਸਭ ਤੋਂ ਲੰਬਾ ਦਰਿਆ ਹੈ, ਆਪਣੀਆਂ ਕਈ ਛੋਟੀਆਂ ਛੋਟੀਆਂ ਨਦੀਆਂ ਦੁਆਰਾ 8,40,000ਵ. ਕਿ. ਮੀ. ਖੇਤਰ ਦਾ ਜਲ-ਨਿਕਾਸ ਆਰਕਟਿਕ ਬੇਸਿਨ ਵਿਚ ਕਰਦਾ ਹੈ। ਅੰਧ ਮਹਾਂਸਾਗਰ ਵਿਚ ਡਿਗਣ ਵਾਲਾ ਸਭ ਤੋਂ ਵੱਡਾ ਦਰਿਆ ਸੇਂਟ ਲਾਰੈਂਸ ਹੈ ਜੋ ਕੈਨੇਡਾ ਦੇ ਗ੍ਰੇਟ ਲੇਕਸ ਦੇ ਲਗਭਗ ਸਾਰੇ ਇਲਾਕਿਆਂ ਦਾ ਜਲ ਨਿਕਾਸ ਕਰਦਾ ਹੈ। ਇਸ ਦਰਿਆ ਦਾ ਜਲ-ਮਾਰਗ ਲਗਭਗ 3000 ਕਿ. ਮੀ. ਹੈ ਜੋ ਕੈਨੇਡਾ ਦੇ ਲਗਭਗ ਕੇਂਦਰ ਤਕ ਪਹੁੰਚ ਜਾਂਦਾ ਹੈ। ਸ਼ਾਂਤ ਮਹਾਂਸਾਗਰ ਵਿਚ ਡਿਗਣ ਵਾਲਾ ਕੈਨੇਡਾ ਦਾ ਸਭ ਤੋਂ ਵੱਡਾ ਦਰਿਆ ਫ੍ਰੇਜਰ ਹੈ। ਇਨ੍ਹਾਂ ਤੋਂ ਇਲਾਵਾ ਯੂਕਾਨ ਅਤੇ ਕੋਲੰਬੀਆ ਦੇ ਦੋ ਦਰਿਆ ਹੋਰ ਹਨ ਜੋ ਕੈਨੇਡਾ ਦੇ ਕਾਫ਼ੀ ਖੇਤਰ ਦਾ ਜਲ ਨਿਕਾਸ ਕਰਦੇ ਹੋਏ ਅਮਰੀਕਾ ਚਲੇ ਜਾਂਦੇ ਹਨ। ਇਥੋਂ ਦੇ ਦਰਿਆਵਾਂ ਵਿਚੋਂ ਬਹੁਤੇ ਦਰਿਆ ਤੇਜ਼ ਵਹਾ ਵਾਲੇ ਹਨ ਅਤੇ ਆਬਸ਼ਾਰਾਂ ਬਣਾਉਂਦੇ ਹਨ ਜਿਸ ਕਰਕੇ ਇਨ੍ਹਾਂ ਉੱਤੇ ਕਈ ਥਾਵਾਂ ਤੇ ਪਣ-ਬਿਜਲੀ ਤਿਆਰ ਕੀਤੀ ਜਾਂਦੀ ਹੈ। ਇਥੋਂ ਦੀਆਂ ਨਿਆਗਰਾ ਆਬਸ਼ਾਰਾਂ ਬਹੁਤ ਮਸ਼ਹੂਰ ਹਨ।

          ਬਨਸਪਤੀ –– ਕੈਨੇਡਾ ਦੇ ਧਰਾਤਲ ਅਤੇ ਜਲਵਾਯੂ ਦੇ ਵੱਖਰੇਵੇਂ ਕਰਕੇ ਬਨਸਪਤੀ ਵੀ ਕਈ ਕਿਸਮ ਦੀ ਮਿਲਦੀ ਹੈ। ਮੁੱਖ ਤੌਰ ਤੇ ਅਸੀਂ ਇਥੋਂ ਦੀ ਬਨਸਪਤੀ ਨੂੰ ਤਿੰਨ ਭਾਗਾਂ-ਜੰਗਲ, ਘਾਹ ਦੇ ਮੈਦਾਨ ਅਤੇ ਟੁੰਡਰਾ ਵਿਚ ਵੰਡ ਸਕਦੇ ਹਾਂ। ਕੁਦਰਤੀ ਤੌਰ ਤੇ ਕਿਸੇ ਸਮੇਂ ਕੈਨੇਡਾ ਦੀ ਧਰਤੀ ਦਾ ਲਗਭਗ 65% ਹਿੱਸਾ ਜੰਗਲਾਂ ਅਧੀਨ, 20% ਦੇ ਲਗਭਗ ਟੁੰਡਰਾ ਦੇ ਅਧੀਨ, 10% ਘਾਹ ਦੇ ਮੈਦਾਨ ਅਤੇ ਬਾਕੀ 5% ਅਣਕੱਜੀਆਂ ਲੱਬੀਆਂ ਜਾਂ ਬਰਫ਼ਾਂ ਲੱਦੀਆਂ ਪਹਾੜੀਆਂ ਸਨ।

          ਜੰਗਲ –– ਜੰਗਲਾਂ ਹੇਠਲੇ ਇਲਾਕੇ ਦਾ ਦੱਖਣੀ ਹਿੱਸਾ ਅਤੇ ਘਾਹ ਦੇ ਮੈਦਾਨ ਦਾ ਕਾਫ਼ੀ ਹਿੱਸਾ ਖੇਤੀਬਾੜੀ ਲਈ ਆਬਾਦ ਕਰ ਲਿਆ ਗਿਆ ਹੈ। ਕੈਨੇਡਾ ਦੀ ਕੁਦਰਤੀ ਬਨਸਪਤੀ ਦੇ ਹੇਠ ਲਿਖੇ ਮੁੱਖ ਖੰਡ ਹਨ :–      

          (ੳ) ਪੂਰਬੀ ਖੰਡ – ਇਹ ਖੰਡ ਗ੍ਰੇਟ ਲੇਕਸ ਬੇਸਨ ਤੋਂ ਸੇਂਟ ਲਾਰੈਂਸ ਵਾਦੀ ਅਤੇ ਮੇਰੀਟਾਈਮ ਦੀਆਂ ਨੀਵੀਂ-ਭੂਮੀਆਂ ਤਕ ਫੈਲਿਆ ਹੋਇਆ ਹੈ। ਇਸ ਦੇ ਦੱਖਣੀ ਹਿੱਸੇ ਵਿਚ ਬਲੂਤ, ਹਿੱਕਰੀ (ਬਾਂਸ ਦੀ ਇਕ ਕਿਸਮ) ਆਦਿ ਦਰਖ਼ਤਾਂ ਦੇ ਪੱਤੇ ਝੜਨ ਵਾਲੇ ਜੰਗਲ ਹਨ। ਇਨ੍ਹਾਂ ਵਿਚ ਮੈਪਲ, ਮਰਾਲ ਅਤੇ ਅਖ਼ਰੋਟ ਆਦਿ ਦੇ ਦਰਖ਼ਤ ਵੀ ਪਾਏ ਜਾਂਦੇ ਹਨ।       

          (ਅ) ਉੱਤਰੀ ਖੰਡ – ਉੱਤਰ ਵਿਚ ਪੱਤਝੜ ਵਾਲੇ ਅਤੇ ਕੋਨਧਾਰੀ ਦਰਖ਼ਤਾਂ ਦੇ ਰਲਵੇਂ ਜੰਗਲਾਂ ਵਿਚ ਸ਼ੂਗਰ ਮੈਪਲ, ਬੀਚ, ਯੈਲੋ ਬਰਚ, ਸਫ਼ੈਦ ਅਤੇ ਲਾਲ ਚੀੜ ਅਤੇ ਧਤੂਰਾ ਆਦਿ ਦੇ ਦਰਖ਼ਤ ਪਾਏ ਜਾਂਦੇ ਹਨ। ਉੱਤਰੀ ਖੰਡ ਕੋਨਧਾਰੀ ਦਰਖ਼ਤਾਂ ਦਾ ਹੈ ਅਤੇ ਇਸ ਵਿਚ ਇਸ ਕਿਸਮ ਦੇ ਦਰਖ਼ਤਾਂ ਦੇ ਸਭ ਤੋਂ ਵੱਡੇ ਜੰਗਲ ਹਨ ਜੋ ਕੈਨੇਡਾ ਦੇ ਨਿਊ ਫਾਊਂਡਲੈਂਡ ਤੋਂ ਲੈ ਕੇ ਅਲਾਸਕਾ ਦੀ ਸਰਹੱਦ ਤਕ ਫੈਲੇ ਹੋਏ ਹਨ। ਇਨ੍ਹਾਂ ਵਿਚ ਸਫ਼ੈਦ ਅਤੇ ਕਾਲੇ ਸਪਰੂਸ ਅਤੇ ਸਫ਼ੈਦ ਬਰਚ ਆਮ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਬਲਸਾਨ ਰੁੱਖ, ਪੌਪਲਰ ਅਤੇ ਟੈਮਰੈਕ ਵੀ ਹੁੰਦੇ ਹਨ।

          (ੲ) ਪੱਛਮੀ ਖੰਡ – ਇਥੋਂ ਦੇ ਜੰਗਲ, ਇਥੋਂ ਦੀ ਬਹੁਤ ਉੱਚੀ ਨੀਵੀ ਧਰਾਤਲ, ਜਲਵਾਯੂ ਵਿਚ ਅਚਾਨਕ ਆਉਂਦੇ ਪਰਿਵਰਤਨ ਅਤੇ ਜਲਵਾਯੂ ਦਾ ਥੋੜ੍ਹੇ ਥੋੜ੍ਹੇ ਫ਼ਾਸਲੇ ਤੇ ਵੱਖਰਾ ਹੋਣ ਕਰਕੇ ਬਹੁਤ ਗੁੰਝਲਦਾਰ ਹਨ। ਇਸ ਖੰਡ ਦੇ ਬਿਰਛ ਰੇਖਾ ਤੋਂ ਹੇਠਲੇ ਖੇਤਰ ਵਿਚ ਅਗਲਮੈਨ, ਸਫ਼ੈਦ ਸਪਰੂਸ ਅਤੇ ਲੋਜ ਪੋਲਪਾਈਨ ਆਦਿ ਦਰਖ਼ਤ ਮਿਲਦੇ ਹਨ। Selkirk ਅਤੇ Purcell ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਅਗਲਮੈਨ ਸਪਰੂਸ, ਨੀਵੀਆਂ ਢਲਾਣਾਂ ਤੇ ਲਾਲ ਦਿਆਰ ਅਤੇ ਪੱਛਮੀ ਧਤੂਰਾ, ਖੁਸ਼ਕ ਢਲਾਣਾਂ ਤੇ ਡੈੱਗਲਰ ਫਰ ਅਤੇ ਉੱਚੀਆਂ ਢਲਾਣਾਂ ਤੇ ਡਗਲਸ ਫਰ, ਲੋਜ ਪੋਲਪਾਈਨ ਆਦਿ ਦੇ ਦਰਖ਼ਤ ਮਿਲਦੇ ਹਨ।

          1. ਤੱਟੀ ਜੰਗਲ – ਕੈਨੇਡਾ ਦੇ ਸ਼ਾਂਤ ਮਹਾਂਸਾਗਰੀ ਤੱਟ ਤੇ ਪਾਏ ਜਾਣ ਵਾਲੇ ਜੰਗਲ ਕੈਨੇਡਾ ਦੇ ਸਭ ਤੋਂ ਵੱਧ ਘਣੇ ਜੰਗਲ ਹਨ। ਇਨ੍ਹਾਂ ਵਿਚ ਪਾਏ ਜਾਣ ਵਾਲੇ ਖਾਸ ਦਰਖ਼ਤ ਡਗਲਸ ਫਰ ਅਤੇ ਪੱਛਮੀ ਤੱਟੀ ਧਤੂਰਾ ਹਨ। ਇਹ ਦਰਖ਼ਤ ਮੋਟੇ ਤਣੇ ਵਾਲੇ ਤੇ ਬਹੁਤ ਲੰਬੇ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਭੋਜ-ਪੱਤਰ, ਕਾਟਨਵੁੱਡ ਅਤੇ ਮੈਪਲ ਆਦਿ ਦੇ ਦਰਖ਼ਤ ਵੀ ਇਥੇ ਮਿਲਦੇ ਹਨ।

          2. ਘਾਹ ਦੇ ਮੈਦਾਨ – ਕੈਨੇਡਾ ਦਾ ਦੂਜਾ ਬਨਸਪਤੀ ਖੰਡ ਘਾਹ ਦੇ ਮੈਦਾਨ ਹਨ। ਇਥੇ ਪਹਿਲਾਂ ਘਾਹ ਦੀਆਂ ਦੋ ਚੌੜੀਆਂ ਪੇਟੀਆਂ, ਉੱਤਰ ਵਿਚ ਲੰਬੇ ਘਾਹ ਵਾਲਾ ਪ੍ਰੇਅਰੀ ਅਤੇ ਦੱਖਣ ਵਿਚ ਛੋਟੇ ਘਾਹ ਵਾਲਾ ਪ੍ਰੇਅਰੀ ਹਿੱਸਾ ਸ਼ਾਮਲ ਸੀ ਪਰ ਹੁਣ ਇਸ ਦੀ ਦੱਖਣੀ ਪੇਟੀ ਦਾ ਲਗਭਗ ਅੱਧਾ ਹਿੱਸਾ ਤੇ ਉੱਤਰੀ ਪੇਟੀ ਦਾ ਲਗਭਗ ਸਾਰਾ ਖੇਤਰ ਖੇਤੀ ਅਧੀਨ ਆ ਗਿਆ ਹੈ।

          3. ਟੁੰਡਰਾ – ਸ਼ੀਤ ਜਲਵਾਯੂ ਵਿਚ ਉੱਗਣ ਵਾਲੇ ਛੋਟੇ ਛੋਟੇ ਪੌਦਿਆਂ ਦੇ ਖੇਤਰ ਨੂੰ ਟੁੰਡਰਾ ਕਹਿੰਦੇ ਹਨ। ਇਸ ਖੇਤਰ ਦੀਆਂ ਚਟਾਨਾਂ ਉਤੇ ਤੇਜ਼ੀ ਨਾਲ ਵਧਣ ਵਾਲੀ ਸਾਵਲ ਉੱਗਦੀ ਹੈ ਅਤੇ ਚਟਾਨਾਂ ਦੀਆਂ ਤ੍ਰੇੜਾਂ ਵਿਚ ਸੈਕਸੀਫ੍ਰੇਜ ਬੂਟੇ ਉੱਗਦੇ ਹਨ। ਖੁਸ਼ਕ ਅਤੇ ਚੰਗੇ ਜਲ-ਨਿਕਾਸੀ ਖੇਤਰਾਂ ਵਿਚ ਸੰਤਰੀ ਤੇ ਲਾਲ ਰੰਗਾਂ ਦੇ ਲਿਚਨ ਦੇ ਪੌਦੇ ਹੁੰਦੇ ਹਨ। ਐਲਪਾਈਨ ਟੁੰਡਰਾ ਵਿਚ ਧਰਤੀ ਉੱਤੇ ਕਾਈ ਤੇ ਲਿਚਨ ਦੀ ਗਲੀਚੇ ਵਾਂਗ ਤਹਿ ਜੰਮੀ ਹੁੰਦੀ ਹੈ ਤੇ ਕਿਧਰੇ ਕਿਧਰੇ ਝਾੜੀਨੁਮਾ ਪੌਦੇ ਵੀ ਹੁੰਦੇ ਹਨ।

          ਜੀਵ-ਜੰਤੂ–ਕੈਨੇਡਾ ਦੇ ਹਿਮ ਸਾਗਰੀ ਖੇਤਰ ਵਿਚ ਮਿਲਣ ਵਾਲੇ ਮੁੱਖ ਜਾਨਵਰ -ਸੀਲ, ਧਰੁਵੀ ਰਿੱਛ, ਕਸਤੂਰੀ ਵਾਲਾ ਹਿਰਨ, ਬੈਰਨ ਗ੍ਰਾਊਂਡ ਹਿਰਨ, ਲੈਮਿੰਗ, ਆਰਕਟਿਕ ਬਘਿਆੜ ਅਤੇ ਸਫ਼ੈਦ ਲੂੰਬੜ ਆਦਿ ਹਨ। ਜੰਗਲਾਂ ਵਿਚ ਲਗਭਗ ਕੈਨੇਡਾ ਦੇ ਸਾਰੇ ਪਸ਼ੂ ਪੰਛੀਆਂ ਦੀਆਂ ਕਿਸਮਾਂ ਮਿਲਦੀਆਂ ਹਨ ਜਿਵੇਂ ਮੂਜ਼, ਉਦਬਿਲਾ, ਕਾਲਾ ਰਿੱਛ ਅਤੇ ਕੈਨੇਡਾ ਜੇ ਆਦਿ। ਕੈਨੇਡਾ ਦੀ ਘਣੀ ਵਸੋਂ ਵਾਲੇ ਇਲਾਕਿਆਂ ਵਿਚ ਥਣਧਾਰੀ ਵੱਡੇ ਜਾਨਵਰਾਂ ਵਿਚ ਸਫ਼ੈਦ ਪੂਛ ਵਾਲਾ ਹਿਰਨ ਅਤੇ ਥਣਧਾਰੀ ਛੋਟੇ ਜਾਨਵਰਾਂ ਵਿਚ ਲਾਲ ਗਾਲੜ੍ਹ, ਮਿੰਗ ਆਦਿ ਮਿਲਦੇ ਹਨ। ਪੰਛੀਆਂ ਵਿਚ ਬਾਲਟੀਮੋਰ ਪੀਲਕ, ਬਾਲਟੀਮੋਰ-ਆਰਿਓਲ ਅਤੇ ਕੈਟ ਬਰਡ ਆਦਿ ਮਿਲਦੇ ਹਨ। ਪੱਛਮੀ ਪ੍ਰੇਅਰੀ ਵਿਚ ਉਪਰੋਕਤ ਤੋਂ ਇਲਾਕਾ ਤਿੱਖੀ ਪੂਛ ਵਾਲਾ ਜੰਗਲੀ ਤਿੱਤਰ, ਜੈਕ ਖ਼ਰਗੋਸ਼ ਅਤੇ ਗੋਫਰ ਪ੍ਰਾਣੀ ਆਦਿ ਵੀ ਮਿਲਦੇ ਹਨ। ਜੰਗਲੀ ਜਾਨਵਰਾਂ ਦੇ ਸ਼ਿਕਾਰ ਤੇ ਕੋਈ ਰੋਕ ਨਾ ਹੋਣ ਕਰਕੇ ਪੰਛੀਆਂ ਦੀਆਂ ਕੁਝ ਕਿਸਮਾਂ ਤਾਂ ਹੁਣ ਬਿਲਕੁਲ ਖ਼ਤਮ ਹੋ ਚੁੱਕੀਆਂ ਹਨ।

          ਇਤਿਹਾਸ

          ਇਤਿਹਾਸਕ ਪੱਖ ਤੋਂ ਵੇਖਿਆਂ ਪਤਾ ਲਗਦਾ ਹੈ ਕਿ ਕੈਨੇਡਾ ਵਿਚ ਸਭ ਤੋਂ ਪਹਿਲਾਂ ਵੱਸਣ ਵਾਲੇ ਲੋਕ ਇੰਡੀਅਨ ਅਤੇ ਐਸਕੀਮੋ ਸਨ। ਇੰਡੀਅਨ ਲੋਕ ਉੱਤਰੀ ਏਸ਼ੀਆ ਵਿਚੋਂ ਬੇਰਿੰਗ ਸਟ੍ਰੇਟ ਰਾਹੀਂ ਪਹੁੰਚੇ ਅਤੇ ਐਸਕੀਮੋ ਉੱਤਰੀ ਹਿਮ ਸਾਗਰੀ ਖੇਤਰ ਦੇ ਬਰਫ਼ਾਨੀ ਇਲਾਕੇ ਵਿਚ ਵਸਣ ਵਾਲੀ ਇਕ ਜਾਤੀ ਵਿਚੋਂ ਸਨ।

          ਯੂਰਪੀਨ ਲੋਕਾਂ ਵਿਚ ਸਭ ਤੋਂ ਪਹਿਲਾਂ ਇਥੇ ਪਹੁੰਚਣ ਵਾਲੇ ਲੋਕ ਨਾਰਸ ਖੋਜੀ ਸਨ ਜੋ ਲਗਭਗ 1,000 ਵਿਚ ਇਥੇ ਆਏ ਪਰ ਕੈਨੇਡਾ ਦਾ ਪ੍ਰਮਾਣਕ ਇਤਿਹਾਸ ਪੰਦਰ੍ਹਵੀਂ ਸਦੀ ਦੇ ਅਖ਼ੀਰ ਤੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਸਪੇਨ, ਪੁਰਤਗਾਲ, ਇੰਗਲੈਂਡ ਅਤੇ ਫ਼ਰਾਂਸ ਤੋਂ ਖੋਜੀ ਪੂਰਬ ਦੇ ਕਲਪਿਤ ਧਨ ਦੀ ਖੋਜ ਵਿਚ ਸਮੁੰਦਰ ਰਾਹੀਂ ਇਥੇ ਆ ਨਿਕਲੇ। ਇਨ੍ਹਾਂ ਵਿਚੋਂ ਸਪੇਨ ਦੇ ਲੋਕ ਕੈਰਿਬੀਅਨ ਅਤੇ ਉੱਤਰੀ, ਕੇਂਦਰੀ ਅਤੇ ਦੱਖਣੀ ਅਮਰੀਕਾ ਦੇ ਸੋਨੇ ਚਾਂਦੀ ਦੀਆਂ ਖਾਣਾਂ ਵਾਲੇ ਖੇਤਰ ਵਿਚ ਟਿਕ ਗਏ ਅਤੇ ਆਪਣੀ ਫ਼ੌਜੀ ਤਾਕਤ ਕਾਇਮ ਕਰਕੇ ਲਗਭਗ ਸਾਰੀ ਸੋਲ੍ਹਵੀਂ ਸਦੀ ਇਥੇ ਰਹੇ।

          ਅੰਗਰੇਜ਼ ਤੇ ਫ਼ਰਾਂਸੀਸੀ ਖੋਜੀ ਉੱਤਰੀ ਅੰਧ ਮਹਾਂਸਾਗਰੀ ਖੇਤਰ ਵੱਲ ਚਲੇ ਗਏ। ਕੋਲੰਬਸ ਦੀ ਦੂਸਰੀ ਸਮੁੰਦਰੀ ਯਾਤਰਾ ਤੋਂ ਕੇਵਲ ਪੰਜ ਸਾਲਾਂ ਬਾਅਦ ਹੀ ਸੰਨ 1497 ਵਿਚ ਇੰਗਲੈਂਡ ਦੇ ਬਾਦਸ਼ਾਹ ਹੈਨਰੀ ਸਤਵੇਂ ਦੁਆਰਾ ਭੇਜੇ ਇਕ ਖੋਜੀ ਜਾਨ ਕੈਬਟ ਨੇ ਨਿਊਫਾਊਂਡਲੈਂਡ ਤੇ ਕਬਜ਼ਾ ਕਰ ਕੇ ਉਥੇ ਆਪਣਾ ਬਾਦਸ਼ਾਹ ਦਾ ਅਧਿਕਾਰ ਜਮਾਇਆ। ਸੰਨ 1534 ਵਿਚ ਫ਼ਰਾਂਸ ਦੇ ਬਾਦਸ਼ਾਹ ਫ਼ਰਾਂਸਿਸ ਪਹਿਲੇ ਨੇ ਜੈਕਸ ਕਾਰਟੀਯੇ ਨੂੰ ਭੇਜਿਆ। ਇਸ ਨੇ ਸੇਂਟ ਲਾਰੈਂਸ ਖਾੜੀ ਉੱਤੇ ਪਹੁੰਚ ਕੇ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਉੱਤੇ ਫ਼ਰਾਂਸ ਦੇ ਬਾਦਸ਼ਾਹ ਦਾ ਅਧਿਕਾਰ ਜਮਾਇਆ। ਸੰਨ 1608 ਵਿਚ ਸੈਮੂਅਲ ਦੇ ਸੈਪਲੇਨ ਨੇ ਸੇਂਟ ਲਾਰੈਂਸ ਵਾਦੀ ਵਿਚ ਅਜੋਕੇ ਕਿਊਬੈੱਕ ਨੂੰ ਆਬਾਦ ਕਰਨਾ ਸ਼ੁਰੂ ਕੀਤਾ ਪਰ 1629 ਵਿਚ ਅੰਗਰੇਜ਼ਾ ਨੇ ਇਸ ਨੂੰ ਜਿੱਤ ਲਿਆ ਅਤੇ 1632 ਵਿਚ ਫ਼ਰਾਂਸ ਨੇ ਫਿਰ ਇਸ ਉੱਤੇ ਕਬਜ਼ਾ ਕਰ ਲਿਆ। ਅੰਤ 1713 ਦੀ ਊਟਰੈਕਟ ਦੀ ਸੰਧੀ ਅਨੁਸਾਰ ਇਹ ਫਿਰ ਤੋਂ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ।

          ਸੰਨ 1670 ਵਿਚ ਹਡਸਨ ਕੰਪਨੀ ਨੂੰ ਚਾਰਟਰ ਮਿਲਿਆ, ਜਿਸ ਨਾਲ ਹਡਸਨ ਖਾੜੀ ਵਿਚ ਜਲ-ਨਿਕਾਸ ਹੋਣ ਵਾਲੇ ਸਾਰੇ ਖੇਤਰ ਤੇ ਕੰਪਨੀ ਦਾ ਅਧਿਕਾਰ ਮੰਨਿਆ ਜਾਣ ਲੱਗਾ। ਸੰਨ 1763 ਵਿਚ ਫ਼ਰਾਂਸ ਨੇ ਕੈਨੇਡਾ ਅਤੇ ਇਸ ਉੱਤੇ ਆਧਾਰਿਤ ਹੋਰ ਖੇਤਰ ਜਿਨ੍ਹਾਂ ਵਿਚ ਨਿਊ ਬ੍ਰੰਜ਼ਵਿਕ ਅਤੇ ਪ੍ਰਿੰਸ ਐਡਵਰਡ ਲੈਂਡ ਵੀ ਸ਼ਾਮਲ ਸਨ, ਬਰਤਾਨਵੀਆ ਦੇ ਹਵਾਲੇ ਕਰ ਦਿੱਤੇ। ਸੰਨ 1846 ਦੇ 6 ਆਰੇਮਨ ਸਰਹੱਦੀ ਸਮਝੋਤੇ’ ਅਨੁਸਾਰ ਵੈਨਕੂਵਰ ਵੀ ਬਰਤਾਨੀਆ ਅਧੀਨ ਹੋ ਗਿਆ ਅਤੇ 1858 ਵਿਚ ਬ੍ਰਿਟਿਸ਼ ਕੋਲੰਬੀਆ ਦੀ ਇਕ ਵੱਖਰੀ ਬਸਤੀ ਸਥਾਪਤ ਕੀਤੀ ਗਈ। ਕੈਨੇਡਾ ਦੇ ਪਹਿਲੇ ਹਿੱਸੇ ਸਨ – ਅੱਪਰ ਤੇ ਲੋਅਰ ਕੈਨੇਡਾ (ਅੱਜਕਲ੍ਹ ਆਂਟੇਰਿਓ ਤੇ ਕਿਊਬੈੱਕ), ਨੋਵਾ ਸਕਾਸ਼ੀਆ ਅਤੇ ਨਿਊ ਬ੍ਰੰਜ਼ਵਿਕ। ਇਨ੍ਹਾਂ ਨੂੰ ਇੰਪੀਰੀਅਲ ਪਾਰਲੀਮੈਂਟ (ਸ਼ਾਹੀ ਸੰਸਦ) ਦੇ ਬ੍ਰਿਟਿਸ਼ ਨਾਰਥ ਅਮੈਰਿਕਾ ਐਕਟ – 1867 ਅਧੀਨ ਇਕੱਠਾ ਕਰ ਦਿੱਤਾ ਗਿਆ। ਇਹ ਐਕਟ ਪਹਿਲੀ ਜੁਲਾਈ 1867 ਨੂੰ ਸ਼ਾਹੀ ਫੁਰਮਾਣ ਨਾਲ ਲਾਗੂ ਹੋਇਆ ਅਤੇ ਇਸ ਐਕਟ ਅਨੁਸਾਰ ਇਹ ਫੈਸਲਾ ਹੋਇਆ ਕਿ ਕੈਨੇਡਾ ਦਾ ਸੰਵਿਧਾਨ, ਸਿਧਾਂਤਕ ਤੌਰ ਤੇ ਬਰਤਾਨੀਆ ਦੇ ਸੰਵਿਧਾਨ ਵਾਂਗ ਹੋਵੇਗਾ ਅਤੇ ਰਾਜ-ਪ੍ਰਬੰਧ ਬਾਦਸ਼ਾਹ ਦੁਆਰਾ ਨਿਯੁਕਤ ਕੀਤੇ ਗਵਰਨਰ ਜਨਰਲ ਅਤੇ ਉਸ ਦੀ ਨਿਜੀ ਕਾਂਸਲ ਦੇ ਹੱਕ ਵਿਚ ਹੋਵੇਗਾ ਅਤੇ ਵਿਧਾਨਕ ਸ਼ਕਤੀ ਸਦਨਾਂ ‘ਸੈਨੇਟ’ ਅਤੇ ‘ਹਾਊਸ ਆਫ਼ ਕਾਮਨਜ਼’ ਦੇ ਹੱਥਾਂ ਵਿਚ ਹੋਵੇਗੀ।

          ਕੈਨੇਡਾ ਦੀ ਆਧੁਨਿਕ ਸਥਿਤੀ ਸੰਨ 1926 ਵਿਚ ਬਰਤਾਨਵੀ ਕਮਾਨ ਵੈਲਥ ਰਾਸ਼ਟਰਾਂ ਦੀ ਇੰਪੀਰੀਅਲ ਕਾਨਫਰੰਸ ਵਿਚ ਨਿਰਧਾਰਤ ਕੀਤੀ ਗਈ। 30 ਜੂਨ, 1931 ਨੂੰ ਬਰਤਾਨੀਆ ਦੇ ਹਾਊਸ ਆਫ਼ ਕਾਮਨਜ਼ ਨੇ ਵੈਸਟ ਮਨਿਸਟਰ ਦੀ ਵਿਧਾਨ ਸਭਾ ਦੇ ਅਧਿਨਿਯਮ ਨੂੰ ਸਵੀਕਾਰ ਕਰ ਲਿਆ। ਇਸ ਅਨੁਸਾਰ ਰਾਜਾਂ ਅਤੇ ਇਥੋਂ ਦੀ ਸੱਤਾ ਤੋਂ ਕਲੋਨੀਅਲ ਲਾਅਜ਼ ਵੈਲਡਿਟੀ ਐਕਟ ਖ਼ਤਮ ਕਰ ਦਿਤਾ ਗਿਆ। ਇਸ ਨਾਲ ਕੈਨੇਡਾ ਦੀ ਸੰਵਿਧਾਨਕ ਸੁਤੰਤਰਤਾ ਦੇ ਦਰਪੇਸ਼ ਆਉਣ ਵਾਲੀਆਂ ਹੋਰ ਕਾਨੂੰਨੀ ਰੁਕਾਵਟਾਂ ਵੀ ਦੂਰ ਕਰ ਦਿੱਤੀਆਂ ਗਈਆਂ।

          ਬ੍ਰਿਟਿਸ਼ ਨਾਰਥ ਅਮੈਰਿਕਾ ਐਕਟ 1867 ਵਿਚ ਬ੍ਰਿਟਿਸ਼ ਕੋਲੰਬੀਆ ਪ੍ਰਿੰਸ ਅਡਵਰਡ ਦੀਪ, ਉੱਤਰੀ ਪੱਛਮੀ ਖੇਤਰ, ਨਿਊਫਾਊਂਡਲੈਂਡ ਅਤੇ ਰੂਪਰਟ ਲੈਂਡ ਨੂੰ ਸੰਘ ਵਿਚ ਸ਼ਾਮਲ ਕਰਨ ਲਈ ਵਿਵਸਥਾ ਕੀਤੀ ਗਈ। ਸੰਨ 1869 ਵਿਚ ਹਡਸਨ ਬੇ ਕੰਪਨੀ ਤੋਂ ਰੂਪਰਟ ਲੈਂਡ ਖਰੀਦੀ ਗਈ ਅਤੇ 1870 ਵਿਚ ਇਸ ਨੂੰ ਉੱਤਰ-ਪੱਛਮੀ ਖੇਤਰ ਸਮੇਤ ਕੈਨੇਡਾ ਵਿਚ ਮਿਲਾ ਕੇ ਇਸ ਨੂੰ ਉੱਤਰ-ਪੱਛਮੀ ਖੇਤਰ ਹੀ ਕਿਹਾ ਜਾਣ ਲੱਗਾ। ਇਸੇ ਢੰਗ ਨਾਲ ਇਸ ਖੇਤਰ ਦੇ ਇਕ ਛੋਟੇ ਹਿੱਸੇ ਵਿਚ ਮੈਨੀਟੋਬਾ ਰਾਜ ਬਣਾਇਆ ਗਿਆ। 1871 ਵਿਚ ਬ੍ਰਿਟਿਸ਼ ਕੋਲੰਬੀਆ ਰਾਜ ਅਤੇ 1873 ਵਿਚ ਪ੍ਰਿੰਸ ਐਡਵਰਡ ਜੀਪ ਨੂੰ ਵੀ ਇਸ ਸੰਘ ਵਿਚ ਮਿਲਾ ਲਿਆ ਗਿਆ। ਐਲਬਰਟਾ, ਐਥਾਬਾਸਕਾ, ਐਸਿਨੀਬੋਈਆ, ਸਸਕੈਚਵਾਨ, ਡਿਸਟ੍ਰਿਕਟਸ ਨੂੰ ਮਿਲਾ ਕੇ ਅਲਬਰਟਾ ਰਾਜ ਅਤੇ ਸਸਕੈਚਵਾਨ ਰਾਜ ਬਣਾਏ ਗਏ ਤੇ ਇਨ੍ਹਾਂ ਨੂੰ 1905 ਵਿਚ ਇਸ ਸੰਘ ਵਿਚ ਮਿਲਾਇਆ ਗਿਆ। ਸੰਨ 1949 ਵਿਚ ਨਿਊਫਾਊਂਡਲੈਂਡ ਵੀ ਕੈਨੇਡਾ ਦੇ ਦਸਵੇਂ ਰਾਜ ਵਜੋਂ ਸੰਘ ਵਿਚ ਸ਼ਾਮਲ ਹੋ ਗਿਆ। ਫ਼ਰਵਰੀ, 1931 ਵਿਚ ਨਾਰਵੇ ਨੇ ਆਰਕਟਿਕ ਦੀਪਾਂ ਦੇ ਸਵੈਰਡੱਰੁਪ ਦੀਪ-ਸਮੂਹ ਉੱਤੇ ਕੈਨੇਡਾ ਦੀ ਮਲਕੀਅਤ ਨੂੰ ਰਸਮੀ ਤੌਰ ਤੇ ਮੰਨ ਲਿਆ। ਇਸ ਤਰ੍ਹਾਂ ਕੈਨੇਡਾ ਦੀ ਮੁੱਖ ਭੂਮੀ ਤੋਂ ਉੱਤਰ ਵੱਲ ਦੇ ਆਰਕਟਿਕ ਦੇ ਸਾਰੇ ਖੇਤਰ ਉੱਪਰ ਕੈਨੇਡਾ ਦਾ ਅਧਿਕਾਰ ਹੋ ਗਿਆ।

          ਆਰਥਿਕਤਾ

          ਕੈਨੇਡਾ ਦੀ ਆਰਥਕ ਵਿਵਸਥਾ ਵਿਚ ਇਥੋਂ ਦੇ ਕੁਦਰਤੀ ਸਾਧਨਾਂ ਅਤੇ ਖੇਤੀਬਾੜੀ ਦਾ ਬਹੁਤ ਮਹੱਤਵ ਹੈ।

          ਕੁਦਰਤੀ ਸਾਧਨ – ਊਰਜਾ ਦੇ ਪੱਖ ਤੋਂ ਕੈਨੇਡਾ ਸਭ ਤੋਂ ਵੱਧ ਅਮੀਰ ਹੈ। ਇਥੇ ਪਾਣੀ ਦੇ ਸਾਧਨ, ਪੈਟਰੋਲ, ਕੁਦਰਤੀ ਗੈਸ ਅਤੇ ਯੂਰੇਨੀਅਮ ਆਦਿ ਦੇ ਕੁਦਰਤੀ ਭੰਡਾਰ ਹਨ। ਇਥੇ ਪਣ-ਬਿਜਲੀ ਪੈਦਾ ਕਰਨ ਦੇ ਬਹੁਤ ਸਾਧਨ ਹਨ। ਸੰਨ 1975 ਵਿਚ ਇਥੇ ਕੁੱਲ ਬਿਜਲੀ ਦਾ 61% ਹਿੱਸਾ ਪਣ-ਬਿਜਲੀ ਤੋਂ ਹੀ ਮਿਲਦਾ ਸੀ।

          ਅਲਬਰਟਾ ਵਿਚ ਤੇਲ ਦੇ ਬਹੁਤ ਵੱਡੇ ਭੰਡਾਰ ਲੱਭਣ ਉਪਰੰਤ ਪੈਟਰੋਲੀਅਮ-ਉਦਯੋਗ, ਕੈਨੇਡਾ ਦਾ ਮੁੱਖ ਉਦਯੋਗ ਬਣ ਗਿਆ ਹੈ। ਇਸ ਲਈ ਦੇਸ਼ ਭਰ ਵਿਚ ਕਈ ਪਾਈਪ ਲਾਈਨਾਂ ਤੇ ਤੇਲ ਸਾਫ਼ ਕਰਨ ਦੇ ਕਾਰਖਾਨੇ ਹੋਂਦ ਵਿਚ ਆਏ ਹਨ। ਸੰਨ 1983 ਤੱਕ ਇਥੇ 1,62,000 ਕਿ. ਮੀ. ਲੰਬੀ ਪਾਈਪ ਲਾਈਨ ਵਿਛੀ ਹੋਈ ਸੀ। 5,400 ਕਿ. ਮੀ. ਲੰਬੀ ਅੰਤਰਰਾਜੀ ਪਾਈਪ ਲਾਈਨ ਕੈਨੇਡਾ ਵਿਚ ਸਭ ਤੋਂ ਲੰਬੀ ਪਾਈਪ ਲਾਈਨ ਹੈ ਜੋ ਅਡਮੰਟਨ (ਐਲਬਰਟਾ) ਤੋਂ ਲੈ ਕੇ ਮਾਂਟ੍ਰੀਆਲ-ਕਿਊਬੈੱਕ ਤਕ ਜਾਂਦੀ ਹੈ। ਟ੍ਰਾਂਸ ਮਾਊਂਟੇਨ ਨਾਂ ਦੀ ਪਾਈਪ ਲਾਈਨ ਅਡਮੰਟਨ ਤੋਂ ਵੈਨਕੂਵਰ ਤਕ ਜਾਂਦੀ ਹੈ। ਇਹ ਤੇਲ ਸਾਫ਼ ਕਰਨ ਦੇ ਕਾਰਖਾਨਿਆਂ ਨੂੰ ਕੱਚਾ ਤੇਲ ਪਹੁੰਚਾਉਂਦੀ ਹੈ। ਟ੍ਰਾਂਸ-ਕੈਨੇਡਾ ਪਾਈਪਲਾਈਨ (10,626 ਕਿ.ਮੀ.) ਸੰਸਾਰ ਵਿਚ ਸਭ ਤੋਂ ਲੰਬੀ ਪਾਈਪ ਲਾਈਨ ਹੈ। ਇਸ ਰਾਹੀਂ ਕੱਚਾ ਐਲਬਰਟਾ, ਸਸਕੈਚਵਾਨ ਸਰਹੱਦ ਤੋਂ ਆਂਟੇਰੀਓ ਅਤੇ ਟਰਾਂਟੋ ਰਾਂਹੀਂ ਪੂਰਬ ਵੱਲ ਮਾਂਨੀਅਲ ਤਕ ਲਿਜਾਇਆ ਜਾਂਦਾ ਹੈ।

          ਖਣਿਜ ਪਦਾਰਥ – ਕੈਨੇਡਾ ਵਿਚ ਖਣਿਜ ਪਦਾਰਥਾਂ ਦੇ ਬਹੁਤ ਵੱਡੇ ਭੰਡਾਰ ਹਨ। ਇਨ੍ਹਾਂ ਦੀ ਵਰਤੋਂ ਦੂਜੇ ਸੰਸਾਰ ਯੁੱਧ ਤੋਂ ਬਾਅਦ ਬਹੁਤ ਤੇਜ਼ੀ ਨਾਲ ਹੋਣੀ ਸ਼ੁਰੂ ਹੋਈ। ਖਣਿਜ ਪਦਾਰਥਾਂ ਦੀਆਂ ਮੁੱਖ ਖਾਣਾਂ ਐਲਬਰਟਾ, ਆਂਟੇਰੀਓ, ਬ੍ਰਿਟਿਸ਼ ਕੋਲੰਬੀਆ, ਕਿਊਬੈੱਕ ਅਤੇ ਸਸਕੈਚਵਾਨ ਆਦਿ ਰਾਜਾਂ ਵਿਚ ਹਨ। 1983 ਵਿਚ ਕੈਨੇਡਾ ਦੇ ਖਣਿਜੀ ਉਤਪਾਦਨਾਂ ਦੀ ਕੀਮਤ 35,97,64,77,000 ਡਾਲਰ ਸੀ।

          ਇਥੋਂ ਦੇ ਮੁੱਖ ਖਣਿਜ ਤਾਂਬਾ, ਨਿੱਕਲ, ਜਿਸਤ, ਕੱਚਾ ਲੋਹਾ, ਸੋਨਾ, ਸਿੱਕਾ, ਚਾਂਦੀ ਅਤੇ ਮੋਲਿਬਡੇਨਮ ਹਨ। ਇਨ੍ਹਾਂ ਤੋਂ ਇਲਾਵਾ ਐਸਬੈਸਟਸ, ਪੋਟਾਸ਼, ਟਾਈਟੇਨੀਅਮ, ਲੂਣ, ਗੰਧਕ, ਜਿਪਸਮ ਅਤੇ ਕੋਲਾ ਆਦਿ ਵੀ ਪਾਏ ਜਾਂਦੇ ਹਨ।

          ਖੇਤੀਬਾੜੀ – ਗ੍ਰੇਟ ਲੇਕਸ ਤੋਂ ਲੈ ਕੇ ਰਾਕੀ ਪਰਬਤ ਤਕ ਪ੍ਰੇਅਰੀ ਦਾ ਵਿਸ਼ਾਲ ਉਪਜਾਊ ਮੈਦਾਨ ਹੈ। ਇਹ ਸੰਸਾਰ ਦੇ ਅਨਾਜ ਪੈਦਾ ਕਰਨ ਵਾਲੇ ਮੁੱਖ ਖੇਤਰਾਂ ਵਿਚੋਂ ਹੈ। ਈਰੀ ਤੇ ਹਿਊਰਨ ਝੀਲਾਂ ਵਿਚਕਾਰਲਾ ਛੋਟਾ ਖੇਤਰ ਊਸ਼ਣ ਖੰਡੀ ਜਲਵਾਯੂ ਵਾਲਾ ਹੋਣ ਕਰ ਕੇ ਫ਼ਲਾਂ ਤੇ ਤਮਾਕੂ ਦੀ ਕਾਸ਼ਤ ਲਈ ਚੰਗਾ ਹੈ। ਕੈਨੇਡਾ ਦੀ ਕੁੱਲ ਭੂਮੀ ਦਾ ਕੇਵਲ ਲਗਭਗ 8 ਫ਼ੀਸਦੀ ਹਿੱਸਾ ਹੀ ਖੇਤੀ ਅਧੀਨ ਹਨ। ਬਾਕੀ ਦੀ ਭੂਮੀ ਉੱਤਰੀ ਖੰਡ ਵਿਚ ਹੋਣ ਕਰਕੇ ਪੌਣਪਾਣੀ ਦੇ ਪੱਖ ਤੋਂ ਖੇਤੀਬਾੜੀ ਅਤੇ ਪਸ਼ੂ-ਪਾਲਣ ਲਈ ਲਾਭਦਾਇਕ ਨਹੀਂ ਹੈ ਪਰ ਇਸ ਖੇਤਰ ਵਿਚ ਸੰਸਾਰ ਦੇ ਕੋਨਧਾਰੀ ਦਰਖ਼ਤਾਂ ਦੇ ਸਭ ਤੋਂ ਵੱਡੇ ਜੰਗਲ ਹਨ ਜੋ ਕੁੱਲ ਖੇਤਰਫਲ ਦਾ ਲਗਭਗ 37 ਫ਼ੀਸਦੀ ਹਨ। ਜੰਗਲਾਂ ਵਿਚੋਂ ਪ੍ਰਾਪਤ ਅਣਘੜਤ ਇਮਾਰਤੀ ਲੱਕੜੀ, ਲੱਕੜੀ ਦਾ ਗੁੱਦਾ, ਕਾਗਜ਼ ਅਤੇ ਹੋਰ ਸਬੰਧਤ ਚੀਜ਼ਾਂ ਦਾ ਉਤਪਾਦਨ ਸੰਸਾਰ ਵਿਚ ਸਭ ਤੋਂ ਵੱਧ ਇਥੇ ਹੁੰਦਾ ਹੈ। ਜੰਗਲਾਂ ਦੀ ਆਮਦਨ ਦੇ ਮੁਕਾਬਲੇ ਤੇ ਪਸ਼ੂ-ਪਾਲਣ ਅਤੇ ਮੱਛੀ ਫੜਨ ਦੀ ਆਮਦਨ ਬੜੀ ਘੱਟ ਹੈ। ਪਾਲਤੂ ਪਸ਼ੂਆਂ ਵਿਚ ਕ੍ਰਮਵਾਰ ਮੱਝਾਂ, ਗਊਆਂ, ਸੂਰ ਅਤੇ ਭੇਡਾਂ ਹਨ। ਕੁਝ ਥਾਵਾਂ ਤੇ ਪਸ਼ੂ-ਪਾਲਣ ਹਾਲੇ ਵੀ ਮੁੱਖ ਉਦਯੋਗ ਹੈ ਪਰ ਫਿਰ ਵੀ ਸਮੁੱਚੇ ਦੇਸ਼ ਵਿਚ ਪਸ਼ੂ-ਪਾਲਣ ਇਕ ਕਿਸਮ ਦਾ ਖੇਤੀਬਾੜੀ ਦਾ ਹੀ ਸਹਾਇਕ ਧੰਦਾ ਹੈ। ਬੇਸ਼ਕ ਹੁਣ ਉਦਯੋਗ ਦਾ ਕਾਫ਼ੀ ਪਸਾਰਾ ਹੋ ਰਿਹਾ ਹੈ ਫਿਰ ਵੀ ਕੈਨੇਡਾ ਦੀ ਆਰਥਿਕ ਪ੍ਰਣਾਲੀ ਵਿਚ ਖੇਤੀਬਾੜੀ ਦਾ ਬਹੁਤ ਹੱਥ ਹੈ। ਇਥੋਂ ਦੀਆਂ ਮੁੱਖ ਫ਼ਸਲਾਂ ਕਣਕ, ਸੁੱਕਾ ਚਾਰਾ, ਜਵੀ, ਜੌਂ, ਆਲੂ, ਮੱਕੀ, ਅਲਸੀ ਤੇ ਤੋਰੀਆ, ਚਾਰੇ ਦੀ ਮੱਕੀ, ਸੋਇਆਬੀਨ ਅਤੇ ਚੁਕੰਦਰ ਆਦਿ ਹਨ।

          ਉਦਯੋਗ – ਸੰਨ 1900 ਤੋਂ ਪਹਿਲਾਂ ਕੈਨੇਡਾ ਵਿਚ ਉਦਯੋਗਿਕ ਉਤਪਾਦਨ ਨਾਂ-ਮਾਤਰ ਸੀ। ਮੁੱਖ ਤੌਰ ਤੇ ਕੱਚੇ ਮਾਲ ਦੀ ਪ੍ਰਾਸੈਸਿੰਗ, ਕੇਵਲ ਸਥਾਨਕ ਲੋੜਾਂ ਦੀ ਪੂਰਤੀ ਲਈ ਹੀ ਕੀਤੀ ਜਾਂਦੀ ਸੀ। ਬਹੁਤੀਆਂ ਉਦਯੋਗਿਕ ਵਸਤੂਆਂ ਬਰਤਾਨੀਆਂ ਤੋਂ ਤੇ ਫਿਰ 1920 ਤੋਂ ਬਾਅਦ ਬਹੁਤ ਕਰ ਕੇ ਅਮਰੀਕਾ ਤੌਂ ਪ੍ਰਾਪਤ ਕੀਤੀਆਂ ਜਾਂਦੀਆਂ ਸਨ। ਕੈਨੇਡਾ ਦੇ ਉਦਯੋਗਿਕ ਵਿਕਾਸ ਨੂੰ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਉਤਸ਼ਾਹ ਮਿਲਿਆ, ਜਦੋਂ ਇਥੇ ਗੋਲਾ-ਬਾਰੂਦ ਤੇ ਹੋਰ ਜੰਗੀ ਸਮਾਨ ਨੂੰ ਛੱਡ ਕੇ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਬਣਾਈਆਂ ਜਾਣ ਲੱਗੀਆਂ। ਦੂਜੇ ਸੰਸਾਰ ਯੁੱਧ ਵਿਚ ਕੈਨੇਡਾ ਇਕ ਉਦਯੋਗਿਕ ਤਾਕਤ ਬਣ ਗਿਆ। ਹੁਣ ਕੈਨੇਡਾ ਦੀ ਉਦਯੋਗਿਕ ਆਮਦਨ ਦਾ ਲਗਭਗ ਅੱਧਾ ਹਿੱਸਾ ਆਂਟੇਰੀਓ ਤੋਂ ਅਤੇ ਚੌਥਾ ਹਿਸਾ ਕਿਊਬੈੱਕ ਤੋਂ ਪ੍ਰਾਪਤ ਹੁੰਦਾ ਹੈ। ਮਾਂਟ੍ਰੀਅਲ, ਟਰਾਂਟੋ, ਹੈਮਿਲਟਨ, ਵੈਨਕੂਵਰ ਅਤੇ ਆਂਟੇਰੀਓ ਕੈਨੇਡਾ ਦੇ ਮੁੱਖ ਉਦਯੋਗਿਕ ਸ਼ਹਿਰ ਹਨ। ਇਥੇ ਤੇਲ ਦਾ ਉਤਪਾਦਨ, ਰਸਾਇਣਿਕ ਪਦਾਰਥ, ਲੱਕੜੀ ਦਾ ਸਮਾਨ, ਕੱਪੜਾ, ਕਾਗਜ਼, ਬਿਜਲੀ ਦਾ ਸਮਾਨ ਅਤੇ ਮਸ਼ੀਨਰੀ ਆਦਿ ਤਿਆਰ ਕੀਤੀ ਜਾਂਦੀ ਹੈ।

          ਆਵਾਜਾਈ ਦੇ ਸਾਧਨ – ਕੈਨੇਡਾ ਵਿਚ ਆਵਾਜਾਈ ਦੇ ਸਾਧਨ, ਇਸ ਦੇ ਵਿਸਥਾਰ, ਧਰਾਤਲ ਤੇ ਉਦਯੋਗਿਕ ਉੱਨਤੀ ਦੇ ਅਨੁਸਾਰ ਹੀ ਹਨ ਪਰ ਹਵਾਈ ਤੇ ਰੇਡੀਓ ਸੰਚਾਰ ਸੇਵਾਵਾਂ ਕੈਨੇਡਾ ਦੇ ਸਾਰੇ ਭਾਗਾਂ ਵਿਚ ਮੌਜੂਦ ਹਨ।

          ਕੈਨੇਡਾ ਦੀ ਸਭ ਤੋਂ ਪਹਿਲੀ ਰੇਲ ਦੱਖਣੀ ਕਿਊਬੈੱਕ ਤੇ ਦੱਖਣੀ ਆਂਟੇਰੀਓ ਵਿਚ 19ਵੀਂ ਸਦੀ ਦੇ ਮੱਧ ਵਿਚ ਚਾਲੂ ਕੀਤੀ ਗਈ। ਇਥੇ ਰੇਲਾਂ ਦੀ ਵਰਤੋਂ ਮੁਸਾਫਰਾਂ ਦੀ ਥਾਂ ਜੰਗਲੀ ਜ਼ਰਾਇਤੀ ਉਪਜਾਂ, ਕੱਚੇ ਮਾਲ ਅਤੇ ਉਦਯੋਗਿਕ ਉਤਪਾਦਨ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਸੰਨ 1982 ਵਿਚ ਕੈਨੇਡਾ ਦੇ ਰੇਲ-ਮਾਰਗ ਦੀ ਕੁੱਲ ਲੰਬਾਈ 98,927 ਕਿ. ਮੀ. ਸੀ।

          ਕੈਨੇਡਾ ਦੇ ਦੂਜੇ ਸੰਸਾਰ ਯੁੱਧ ਤੋਂ ਪਹਿਲਾਂ ਵਪਾਰਕ ਸਮੁੰਦਰੀ ਬੇੜਾ ਬਣਾਇਆ ਹੋਇਆ ਸੀ। ਯੁੱਧ ਤੋਂ ਬਾਅਦ, ਇਸ ਬੇੜੇ ਵਿਚੋਂ ਕੁੱਝ ਜਹਾਜ ਉਪਯੋਗੀ ਨਾ ਹੋਣ ਕਰਕੇ ਵੇਚ ਦਿੱਤੇ ਗਏ। ਕੈਨੇਡਾ ਕੋਲ ਆਵਾਜਾਈ ਦੇ ਨਿੱਜੀ ਸਮੁੰਦਰੀ ਸਾਧਨ ਬਹੁਤ ਘੱਟ ਹਨ ਪਰ ਦੂਜੇ ਦੇਸ਼ਾਂ ਤੋਂ ਸਮੁੰਦਰੀ ਜਹਾਜ਼ ਇਸ ਦੀਆਂ ਪੱਛਮੀ ਅਤੇ ਪੂਰਬੀ ਤੱਟ ਦੀਆਂ ਬੰਦਰਗਾਹਾਂ ਤੇ ਆਉਂਦੇ ਹਨ ਅਤੇ ਢੋਅ-ਢੁਆਈ ਦਾ ਕੰਮ ਕਰਦੇ ਹਨ।

          ਕੈਨੇਡਾ ਵਿਚ ਸੰਨ 1981 ਵਿਚ ਸੜਕਾਂ ਦੀ ਕੁੱਲ ਲੰਬਾਈ 9,28,258 ਕਿ. ਮੀ. ਸੀ। ਬਹੁਤੀਆਂ ਸੜਕਾਂ ਵੀਹਵੀਂ ਸਦੀ ਦੇ ਤੀਜੇ ਦਹਾਕੇ ਤੋਂ ਪਿਛੋਂ ਬਣਾਈਆਂ ਗਈਆਂ। ਟ੍ਰਾਂਸ-ਕੈਨੇਡਾ ਹਾਈਵੇ 1962 ਵਿਚ ਮੁਕੰਮਲ ਹੋਈ। ਇਹ 8,000 ਕਿ. ਮੀ. ਲੰਬੀ ਹੈ। ਅਲਾਸਕਾ ਹਾਈਵੇ ਅਤੇ ਮਾਕੈਂਜੀ ਹਾਈਵੇ ਵੀ ਬਹੁਤ ਲੰਬੀਆਂ ਹਨ। ਸੰਨ 1983 ਵਿਚ ਕੈਨੇਡਾ ਦੀਆਂ ਰਜਿਸਟਰਡ ਗੱਡੀਆਂ ਦੀ ਗਿਣਤੀ 1,45,60,903 ਸੀ, ਜਿਸ ਵਿਚ ਮੁਸਾਫ਼ਰ ਗੱਡੀਆਂ, ਟੈਕਸੀਆਂ ਤੇ ਮੋਟਰਸਾਈਕਲ ਆਦਿ ਸ਼ਾਮਲ ਸਨ।

          ਕੈਨੇਡਾ ਦੀ ਹਵਾਈ ਸੇਵਾ ਕੇਂਦਰੀ ਸਰਕਾਰ ਅਧੀਨ ਹੈ। ਹਵਾਈ ਸੇਵਾ ਕੈਨੇਡਾ ਵਿਚ ਮੁਸਾਫ਼ਰਾਂ ਦੇ ਸਫ਼ਰ ਕਰਨ ਦਾ ਮੁੱਖ ਸਾਧਨ ਹੈ। ਇਥੋਂ ਦੇ ਸਾਰੇ ਮੁੱਖ ਸ਼ਹਿਰਾਂ ਵਿਚ ਹਵਾਈ ਅੱਡੇ ਹਨ ਤੇ ਬਾਕੀ ਘੱਟ ਵਸੋਂ ਵਾਲੇ ਖੇਤਰ ਵਿਚ ਬਹੁਤ ਸਾਰੀਆਂ ਅਜਿਹੀਆਂ ਝੀਲਾਂ ਹਨ ਜਿਨ੍ਹਾਂ ਦੇ ਬੇੜਿਆਂ ਤੇ ਗਰਮੀਆਂ ਵਿਚ ਹਵਾਈ ਜਹਾਜ਼ ਉੱਤਰ ਸਕਦੇ ਹਨ। ਹਵਾਈ ਆਵਾਜਾਈ ਦੇ ਵਿਕਾਸ ਵਿਚ ਕੈਨੇਡਾ ਮੋਢੀ ਰਿਹਾ ਹੈ। ਸੰਨ 1927 ਤੋਂ ਸਾਰੇ ਦੇਸ਼ ਵਿਚ ਹਵਾਈ ਸੇਵਾ ਲਗਾਤਾਰ ਕੰਮ ਕਰ ਰਹੀ ਹੈ। ‘ਦੀ ਟ੍ਰਾਂਸ ਕੈਨੇਡਾ ਏਅਰ ਲਾਈਨ’ (1937) ਅਤੇ ‘ਕੈਨੇਡੀਅਨ ਪੈਸੇਫ਼ਿਕ ਏਅਰ ਲਾਈਨਜ਼’ ਦੋਵੇਂ ਅੰਤਰਦੇਸ਼ੀ ਤੇ ਅੰਤਰ-ਰਾਸ਼ਟਰੀ ਉਡਾਣਾਂ ਪ੍ਰਦਾਨ ਕਰਦੀਆਂ ਹਨ।

          ਸੰਚਾਰ ਸਾਧਨ – ਕੈਨੇਡਾ ਵਿਚ 1867 ਤੋਂ ਡਾਕ-ਤਾਰ ਸੇਵਾਵਾਂ ਸਰਕਾਰੀ ਤੌਰ ਤੇ ਚਾਲੂ ਹਨ। ਸੰਨ 1960 ਤੋਂ ਬਹੁਤ ਸਾਰੇ ਸੰਦੇਸ਼, ਰੇਡੀਓ ਟੈਲੀਗਰਾਫ਼ੀ ਦੁਆਰਾ ਪਹੁੰਚਾਏ ਜਾਂਦੇ ਹਨ।

          ਮਨੋਰੰਜਨ – ਰੇਡੀਓ ਅਤੇ ਟੈਲੀਵੀਜ਼ਨ ਆਮ ਕਰਕੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਅਧੀਨ ਹਨ ਪਰ ਕੁਝ ਪ੍ਰਾਈਵੇਟ ਅਧਿਕਾਰ ਵਿਚ ਵੀ ਹਨ। ਟੈਲੀਫ਼ੋਨ ਸੇਵਾਵਾਂ ਵੀ ਬਹੁਤੀਆਂ ਪ੍ਰਾਈਵੇਟ ਅਧਿਕਾਰ ਵਿਚ ਹੀ ਹਨ। ਕੈਨੇਡਾ ਵਿਚ 1953 ਤੋਂ ਟੈਲੀਵੀਜ਼ਨ ਅਤੇ ਰੇਡੀਓ ਦੇ ਲਾਈਸੈਂਸ ਉਤੇ ਫ਼ੀਸ ਨਹੀਂ ਲਗਦੀ।

          ਸੰਨ 1982 ਵਿਚ ਕੈਨੇਡਾ ਵਿਚ 983 ਸਿਨੇਮਾ ਘਰ ਸਨ ਜਿਨ੍ਹਾਂ ਵਿਚ 6,19,511 ਲੋਕ ਬੈਠ ਸਕਦੇ ਹਨ। ਇਸ ਤੋਂ ਇਲਾਵਾ 270 ‘ਡ੍ਰਾਈਵ ਇਨ ਥੀਏਟਰ’ ਵੀ ਹਨ, ਜਿਨ੍ਹਾਂ ਵਿਚ 1,48,531 ਕਾਰਾਂ ਆ ਸਕਦੀਆਂ ਹਨ। ਸੰਨ 1975 ਵਿਚ ਕੈਨੇਡਾ ਵਿਚ 118 ਰੋਜ਼ਾਨਾ ਅਖ਼ਬਾਰ ਸਨ ਜਿਨ੍ਹਾਂ ਵਿਚੋਂ 106 ਅੰਗਰੇਜ਼ੀ 10 ਫਰਾਂਸੀਸੀ ਅਤੇ 2 ਹੋਰ ਭਾਸ਼ਾ ਦੇ ਸਨ।

          ਵਪਾਰ – ਕੈਨੇਡਾ, ਸੰਸਾਰ ਦੇ ਮੁੱਖ ਵਪਾਰਕ ਦੇਸ਼ਾ ਵਿਚੋਂ ਹੈ। ਬੇਸ਼ਕ ਇਸ ਦੀ ਖੁਸ਼ਹਾਲੀ ਬਹੁਤ ਹੱਦ ਤਕ ਇਸ ਦੀ ਬਰਾਮਦ ਕਰਕੇ ਹੈ। ਕੈਨੇਡਾ ਦਾ ਲਗਭਗ 60% ਵਪਾਰ ਅਮਰੀਕਾ ਨਾਲ ਹੈ। ਅਮਰੀਕਾ ਤੋਂ ਬਾਅਦ ਕੈਨੇਡਾ ਦੀ ਦਰਾਮਦ ਤੇ ਬਰਾਮਦ ਦਾ ਦੇਸ਼ ਦੂਜੇ ਨੰਬਰ ਤੇ ਬਰਤਾਨੀਆ ਆਉਂਦਾ ਹੈ।

          ਕੈਨੇਡਾ ਤੋਂ ਬਾਹਰ ਜਾਣ ਵਾਲੀਆਂ ਚੀਜ਼ਾਂ ਵਿਚ ਮੁੱਖ ਤੌਰ ਤੇ ਇਮਾਰਤੀ ਲੱਕੜੀ, ਲੱਕੜੀ ਦਾ ਗੁੱਦਾ, ਕਾਗਜ਼, ਕਣਕ ਤੇ ਹੋਰ ਅਨਾਜ, ਖਣਿਜ ਪਦਾਰਥ ਹਨ ਅਤੇ ਐਲੂਮੀਨੀਅਮ, ਮੱਛੀ, ਫਰ, ਉਦਯੋਗਿਕ ਵਸਤੂਆਂ, ਮਸ਼ੀਨਰੀ ਮੋਟਰਕਾਰਾਂ, ਧਾਤਾਂ ਤੋਂ ਬਣੀਆਂ ਚੀਜ਼ਾਂ ਅਤੇ ਰਸਾਇਣਿਕ ਪਦਾਰਥ ਆਦਿ ਹਨ। ਇਸ ਦੇ ਬਦਲੇ ਕੈਨੇਡਾ ਦੂਜਿਆ ਦੇਸ਼ਾਂ ਤੋਂ ਸਸਤੀਆਂ ਪੈਣ ਵਾਲੀਆਂ ਚੀਜ਼ਾਂ ਜਿਵੇਂ ਕਈ ਖਣਿਜ, ਕਪਾਹ ਅਤੇ ਊਸ਼ਣ ਖੰਡੀ ਫਲ ਬਾਹਰੋਂ ਮੰਗਵਾਉਂਦਾ ਹੈ।

          ਆਬਾਦੀ – ਕੈਨੇਡਾ ਦੀ ਆਬਾਦੀ ਵੱਖ ਵੱਖ ਸੰਸਕ੍ਰਿਤੀਆਂ ਅਤੇ ਰਾਸ਼ਟਰਾਂ ਦੇ ਲੋਕਾਂ ਦਾ ਸਮੂਹ ਹੈ। ਕਾਨੂੰਨੀ ਤੌਰ ਤੇ ਪਹਿਲੀ ਜਨਵਰੀ, 1947 ਨੂੰ ਕੈਨੇਡੀਅਨ ਨਾਗਰਿਕਤਾ ਐਕਟ ਲਾਗੂ ਹੋਣ ਤੋਂ ਪਹਿਲਾਂ ਤਾਂ ਕੈਨੇਡੀਅਨ ਨਾਗਰਿਕਤਾ ਹੈ ਹੀ ਨਹੀਂ ਸੀ। ਕੈਨੇਡਾ ਵਿਚ ਹਰ ਦਸ ਸਾਲਾਂ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ। ਸੰਨ 1991 ਵਿਚ ਕੈਨੇਡਾ ਦੀ ਆਬਾਦੀ 2,27,37,000 ਦੇ ਲਗਭਗ ਸੀ।

          ਕੈਨੇਡਾ ਦਾ ਸਭ ਤੋਂ ਪਹਿਲੇ ਵਸਨੀਕ ਲਗਭਗ 10,000 ਸਾਲ ਪਹਿਲਾਂ ਏਸ਼ੀਆਂ ਤੋਂ ਬੇਰਿੰਗ ਜਲ-ਡਮਰੂ ਰਾਹੀਂ ਆਏ ਸਨ। ਯੂਰਪੀਅਨ ਲੋਕਾਂ ਦੇ ਉਥੇ ਵਸਣ ਤੋਂ ਪਹਿਲਾਂ ਇੰਡੀਅਨ ਤੇ ਐਸਕੀਮੋ ਲੋਕਾਂ ਦੀ ਆਬਾਦੀ ਲਗਭਗ 2,20,000 ਤੱਕ ਪਹੁੰਚ ਚੁੱਕੀ ਸੀ ਪਰ ਵਿਚਲੇ ਸਮੇਂ ਵਿਚ, ਇਨ੍ਹਾਂ ਦੀ ਆਬਾਦੀ ਕਾਫ਼ੀ ਹੱਦ ਤਕ ਘਟਣ ਲੱਗ ਪਈ ਸੀ। ਫਿਰ ਜੀਵਨ ਦੀਆਂ ਸਹੂਲਤਾਂ ਅਤੇ ਚੰਗੀ ਡਾਕਟਰੀ ਸਹਾਇਤਾ ਮਿਲਣ ਤੋਂ ਬਾਅਦ ਹੁਣ ਇੰਡੀਅਨਜ਼ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਸੰਨ 1970 ਵਿਚ ਇਹ 2,44,400 ਸੰਨ 1971 ਵਿਚ 2,95,210 ਸੰਨ 1975 ਵਿਚ 2,82,762 ਸੀ ਅਤੇ ਇਹ ਲੋਕ ਲਗਭਗ 60,00,000 ਏਕੜ ਰਕਬੇ ਵਿਚ ਫੈਲੇ ਹੋਏ ਸਨ। ਐਸਕੀਮੋ ਲੋਕ ਇੰਡੀਅਨਾਂ ਜਿੰਨੇ ਨਹੀਂ ਸਨ। ਵੱਖ ਵੱਖ ਸਾਲਾਂ ਵਿਚ ਇਨ੍ਹਾਂ ਦੀ ਆਬਾਦੀ 3,700 (1910); 11,050 (1970) ਅਤੇ ਵੀਹਵੀਂ ਸਦੀ ਦੇ ਮਗਰਲੇ ਸਾਲਾਂ ਵਿਚ 20,000 ਦੇ ਲਗਭਗ ਹੋ ਗਈ ਹੈ।

          ਬੋਲੀ ਅਤੇ ਧਰਮ – ਸੰਨ 1971 ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿਚ 59% ਲੋਕਾਂ ਨੇ ਅੰਗਰੇਜ਼ੀ, 28% ਨੇ ਫ਼ਰਾਂਸੀਸੀ, 3% ਨੇ ਜਰਮਨ, 3% ਨੇ ਇਤਾਲਵੀ ਅਤੇ 1% ਲੋਕਾਂ ਨੇ ਇੰਡੀਅਨ ਅਤੇ ਐਸਕੀਮੋ ਭਾਸ਼ਾਵਾਂ ਨੂੰ ਆਪਣੀ ਬੋਲੀ ਸਵੀਕਾਰ ਕੀਤਾ ਸੀ। ਇਸ ਦੇ ਕਿਸੇ ਰਾਜ ਵਿਚ ਕੋਈ ਅਤੇ ਕਿਸੇ ਵਿਚ ਕੋਈ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ। ਮਿਸਾਲ ਦੇ ਤੌਰ ਤੇ ਕਿਊਬੈੱਕ ਵਿਚ 81% ਫ਼ਰਾਂਸੀਸੀ, ਆਂਟੇਰੀਓ ਵਿਚ 78% ਅੰਗਰੇਜ਼ੀ, ਮੈਨੀਟੋਬਾ ਵਿਚ 80% ਜਰਮਨ ਅਤੇ ਉੱਤਰ-ਪੱਛਮੀ ਖੇਤਰਾਂ ਵਿਚ 45% ਇੰਡੀਅਨ ਤੇ ਐਸਕੀਮੋ ਭਾਸ਼ਾ ਬੋਲੀ ਜਾਂਦੀ ਹੈ। ਕੈਨੇਡਾ ਦੇ 46% ਲੋਕ ਰੋਮਨ ਕੈਥੋਲਿਕ ਧਰਮ ਨਾਲ ਅਤੇ 20% ਕੈਨੇਡਾ ਦੇ ਸੰਯੁਕਤ ਗਿਰਜੇ ਨਾਲ ਸਬੰਧਤ ਹਨ। ਇਨ੍ਹਾਂ ਤੋਂ ਇਲਾਵਾ ਪ੍ਰੋਟੈਸਟੈਂਟ, ਯਹੂਦੀ ਅਤੇ ਯੂਨਾਨੀ ਪੁਰਾਤਨ ਖਿਆਲੀਏ ਅਤੇ ਹੋਰ ਧਰਮਾਂ ਦੇ ਲੋਕ ਵੀ ਇਥੇ ਰਹਿੰਦੇ ਹਨ।

          ਸਿੱਖਿਆ – ‘ਬ੍ਰਿਟਿਸ਼ ਰਾਜ ਅਮਰੀਕਨ ਐਕਟ’ ਅਨੁਸਾਰ ਹਰ ਇਕ ਰਾਜ ਸਰਕਾਰ ਆਪਣੇ ਰਾਜ ਦੀ ਸਿੱਖਿਆ ਪ੍ਰਣਾਲੀ ਲਈ ਜ਼ਿੰਮੇਵਾਰ ਹੈ। ਬੇਸ਼ਕ ਹਰ ਰਾਜ ਦੀ ਆਪਣੀ ਖਾਸ ਸਿੱਖਿਆ ਪ੍ਰਣਾਲੀ ਹੈ ਫਿਰ ਵੀ ਸਾਰੇ ਰਾਜਾਂ ਲਈ ਸਿੱਖਿਆ ਦੀ ਇਕ ਸਾਂਝੀ ਯੋਜਨਾ ਹੈ। ਬਹੁਤ ਸਾਰੇ ਰਾਜਾਂ ਵਿਚ ਘੱਟ ਗਿਣਤੀ ਵਾਲੇ ਲੋਕਾਂ ਲਈ (ਖਾਸ ਕਰਕੇ ਰੋਮਨ-ਕੈਥੋਲਿਕਾਂ ਲਈ) ਅਲੱਗ ਮੁਢਲੇ ਅਤੇ ਸੈਕੰਡਰੀ ਸਕੂਲ ਹਨ। ਆਮ ਤੌਰ ਤੇ ਸੈਕੰਡਰੀ ਤੱਕ ਸਿੱਖਿਆ ਮੁਫ਼ਤ ਹੈ। ਇਸ ਲਈ ਖ਼ਰਚਾ ਰਾਜ ਸਰਕਾਰਾਂ ਦੁਆਰਾ ਅਤੇ ਸਿੱਖਿਆ ਦੇ ਮੰਤਵ ਲਈ ਲਗਾਏ ਗਏ ਸਿੱਧੇ ਕਰਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ।

          ਇੰਡੀਅਨ ਤੇ ਐਸਕੀਮੋ ਬੱਚਿਆਂ ਲਈ, ਕੇਂਦਰੀ ਸਰਕਾਰ ਵੱਲੋਂ, ਸਕੂਲਾਂ ਦਾ ਪ੍ਰਬੰਧ ਹੈ। ਇਥੋਂ ਦੀ ਸਿੱਖਿਆ ਪ੍ਰਣਾਲੀ ਵਿਚ ਪਹਿਲਾਂ 6 ਸਾਲ ਦੀ ਉਮਰ ਤੋਂ 8 ਸਾਲ ਐਲੀਮੈਂਟਰੀ ਸਕੂਲ, ਫਿਰ 4 ਤੋਂ 5 ਸਾਲ ਸੈਕੰਡਰੀ ਸਕੂਲ ਤੇ ਇਸ ਤੋਂ ਬਾਅਦ ਕਾਲਜ ਜਾਂ ਸਕੂਲ ਵਿਚ ਅਗਲੇਰੀ ਸਿੱਖਿਆ ਦਿਤੀ ਜਾਂਦੀ ਹੈ। ਸੰਨ 1983-84 ਵਿਚ ਕੈਨੇਡਾ ਵਿਚ ਹਰ ਤਰ੍ਹਾਂ ਦੇ 15,643 ਸਕੂਲ ਸਨ। ਇਸ ਤੋਂ ਇਲਾਵਾ 182 ਉੱਚ-ਸਿੱਖਿਆ ਦੀਆਂ ਸੰਸਥਾਵਾਂ ਵੀ ਹਨ। ਮਾਂਟ੍ਰੀਆਲ, ਟਰਾਂਟੋ ਅਤੇ ਬ੍ਰਿਟਿਸ਼ ਕੋਲੰਬੀਆਂ ਵਿਖੇ ਕੈਨੇਡਾ ਦੀਆਂ ਬਹੁਤ ਮਸ਼ਹੂਰ ਯੂਨੀਵਰਸਿਟੀਆਂ ਹਨ ਜਿਥੇ ਅਨੇਕਾਂ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਹਰ ਇਕ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਗਿਣਤੀ 15,000 ਤੋਂ ਵੱਧ ਹੈ। ਸਿੱਖਿਆ ਦਾ ਮਾਧਿਅਮ ਬਹੁਤ ਥਾਵਾਂ ਤੇ ਅੰਗਰੇਜ਼ੀ ਹੈ ਪਰ ਕਿਧਰੇ ਕਿਧਰੇ ਫ਼ਰਾਂਸੀਸੀ ਵੀ ਹੈ।

          ਰਾਜ ਪ੍ਰਬੰਧ – ਸਮੁੱਚਾ ਕੈਨੇਡਾ ਦੇਸ਼ ਦਸ ਰਾਜਾਂ ਤੇ ਦੋ ਕੇਂਦਰੀ ਖੇਤਰਾਂ ਵਿਚ ਵੰਡਿਆ ਹੋਇਆ ਹੈ।

ਰਾਜ/ਕੇਂਦਰੀ ਖੇਤਰ

ਕੁਲ ਖੇਤਰਫਲ(ਥਲ ਅਤੇ ਜਲ ਸਮੇਤ) (ਵ. ਕਿ. ਮੀ.)

ਆਬਾਦੀ (1991)

ਨਿਊ ਫਾਊਂਡ ਲੈਂਡ

4,05,720

5,68,474

ਪ੍ਰਿੰਸ ਐਡਵਰਡ ਦੀਪ

5,660

129,765

ਨੋਵਾ ਸਕਾਸ਼ੀਆ

55,490

8,99,942

ਨਿਊ ਬ੍ਰੰਜ਼ਵਿਕ

73,440

7,23,900

ਕਿਊਬੈੱਕ

15,40,680

68,95,963

ਆਂਟੇਰੀਓ

10,68,580

1,00,84,885

ਮੈਨੀਟੋਬਾ

6,49,950

10,91,942

ਸਸਕੈਚਵਾਨ

6,52,330

9,88,928

ਐਲਬਰਟਾ

6,61,190

2,54,5553

ਬ੍ਰਿਟਿਸ਼ ਕੋਲੰਬੀਆਂ

9,47,800

32,82,061

ਯੁਕਾਨ ਖੇਤਰ (ਕੇ.ਖੇ.)

4,83,450

27,797

ਉੱਤਰ-ਪੱਛਮੀ ਖੇਤਰ (ਕੇ.ਖੇ.)

34,26,320

 

57,649

          ਦੇਸ਼ ਦੇ ਸਾਂਝੇ ਕੰਮ ਜਿਵੇਂ ਵਪਾਰ, ਸੁਰੱਖਿਆ, ਬੈਂਕਿੰਗ, ਮੁਦਰਾ, ਰੇਲਾਂ ਅਤੇ ਸਮੁੰਦਰੀ ਜਹਾਜ਼ਾਂ ਦਾ ਪ੍ਰਬੰਧ ਕੇਂਦਰ ਸਰਕਾਰ ਦੇ ਹੱਥ ਵਿਚ ਹੈ ਅਤੇ ਸਿੱਖਿਆ, ਸਿਹਤ, ਸਥਾਨਕ ਪ੍ਰਬੰਧ, ਜਾਇਦਾਦ ਤੇ ਨਾਗਰਿਕ ਅਧਿਕਾਰਾਂ ਆਦਿ ਦਾ ਕੰਮ-ਕਾਜ ਰਾਜ ਸਰਕਾਰਾਂ ਚਲਾਉਂਦੀਆਂ ਹਨ।

          ਕੈਨੇਡਾ ਦਾ ਸੰਵਿਧਾਨ ਪੂਰਾ ਲਿਖਤੀ ਰੂਪ ਵਿਚ ਨਹੀਂ ਹੈ ‘ਬ੍ਰਿਟਿਸ਼ ਨਾਰਥ ਅਮੈਰਿਕਾ ਐਕਟ’ 1867 ਕੁਝ ਸੁਧਾਰਾਂ ਸਹਿਤ ਹੀ ਸੰਵਿਧਾਨ ਦਾ ਲਿਖਤੀ ਰੂਪ ਹੈ।

          ਦੇਸ਼ ਦਾ ਨਾਂ-ਮਾਤਰ ਮੁਖੀ ਮਹਾਰਾਣੀ ਹੈ ਜਿਸ ਦੀ ਨੁਮਾਇੰਦਗੀ ਗਵਰਨਰ ਜਨਰਲ ਕਰਦਾ ਹੈ। ਗਵਰਨਰ ਜਨਰਲ ਦੀ ਨਿਯੁਕਤੀ ਮਹਾਰਾਣੀ ਦੁਆਰਾ, ਕੈਨੇਡਾ ਦੀ ਸਰਕਾਰ ਦੇ ਸੁਝਾਅ ਤੇ ਪੰਜ ਸਾਲਾਂ ਲਈ ਕੀਤੀ ਜਾਂਦੀ ਹੈ। ਮੰਤਰੀ-ਮੰਡਲ ਦੀ ਸਲਾਹ ਤੇ ਗਵਰਨਰ ਜਨਰਲ ਸੰਸਦ ਦੀ ਮੀਟਿੰਗ ਬੁਲਾ ਸਕਦਾ ਹੈ ਤੇ ਉਸ ਨੂੰ ਸਥਗਿਤ ਅਤੇ ਭੰਗ ਵੀ ਕਰ ਸਕਦਾ ਹੈ ਤੇ ਬਿਲਾਂ ਦੀ ਪ੍ਰਵਾਨਗੀ ਵੀ ਦੇ ਸਕਦਾ ਹੈ।

          ਸੰਸਦ ਦੇ ਦੋ ਭਾਗ ‘ਸੈਨੇਟ’ ਅਤੇ ‘ਹਾਊਸ ਆਫ ਕਾਮਨਜ਼’ ਹਨ। ਸੈਨੇਟ ਲਈ (30 ਤੋਂ 75 ਸਾਲ ਦੀ ਉਮਰ ਦੇ) ਮੈਂਬਰਾਂ ਦੀ ਨਿਯੁਕਤੀ ਗਵਰਨਰ ਜਨਰਲ ਕਰਦਾ ਹੈ। ਸੰਨ 1965 ਤੋਂ ਪਹਿਲਾਂ ਦੇ ਨਿਯੁਕਤ ਹੋਏ ਮੈਂਬਰ ਸਾਰੀ ਉਮਰ ਮੈਂਬਰ ਬਣੇ ਰਹਿ ਸਕਦੇ ਹਨ। ਸੈਨੇਟ ਦੇ ਕੁੱਲ 104 ਮੈਂਬਰ ਹਨ ਜੋ ਵੱਖ ਵੱਖ ਰਾਜਾਂ ਅਤੇ ਖੇਤਰਾਂ ਵਿਚੋਂ ਆਬਾਦੀ ਦੇ ਆਧਾਰ ਤੇ ਨਿਯੁਕਤ ਕੀਤੇ ਜਾਂਦੇ ਹਨ।

          ਹਾਊਸ ਆਫ਼ ਕਾਮਨਜ਼ ਦੇ ਮੈਂਬਰ ਜਨਤਾ ਦੇ ਨੁਮਾਇੰਦੇ ਹੁੰਦੇ ਹਨ ਜੋ ਹਰ ਪੰਜ ਸਾਲਾਂ ਬਾਅਦ ਚੁਣੇ ਜਾਂਦੇ ਹਨ। ਵੱਖ ਵੱਖ ਰਾਜਾਂ ਵਿਚੋਂ ਮੈਂਬਰਾਂ ਦੀ ਸੰਖਿਆ ਹਰ ਦਸ ਸਾਲਾਂ ਬਾਅਦ ਬਦਲੀ ਜਾ ਸਕਦੀ ਹੈ। ਸੰਨ 1984 ਵਿਚ ਹੋਈਆਂ ਕੈਨੇਡਾ ਦੀ ਸੰਸਦ ਦੀਆਂ ਚੋਣਾਂ ਵਿਚ ਕੁੱਲ 282 ਮੈਂਬਰ ਹਨ। ਚੋਣਾਂ ਵਿਚ 21 ਸਾਲ ਤੋਂ ਵੱਧ ਉਮਰ ਦੇ ਕੈਨੇਡਾ ਦੇ ਨਾਗਰਿਕਾਂ ਨੂੰ, ਬਰਤਾਨੀਆ ਤੋਂ ਆਏ ਮਰਦ, ਔਰਤਾਂ ਨੂੰ ਚੋਣਾਂ ਵਿਚ ਖੜ੍ਹੇ ਹੋਣ ਅਤੇ ਵੋਟ ਪਾਉਣ ਦਾ ਅਧਿਕਾਰ ਹੈ ਪਰ ਸ਼ਰਤ ਇਹ ਹੈ ਕਿ ਉਹ ਚੋਣਾਂ ਹੋਣ ਤੋਂ ਘੱਟੋ ਘੱਟ ਸਾਲ ਪਹਿਲਾਂ ਕੈਨੇਡਾ ਵਿਚ ਹੀ ਰਹਿ ਰਹੇ ਹੋਣ।

          ਹਾਊਸ ਆਫ਼ ਕਾਮਨਜ਼ ਵਿਚੋਂ ਜੇਤੂ ਪਾਰਟੀ ਦਾ ਮੁਖੀ ਪ੍ਰਧਾਨ ਮੰਤਰੀ ਬਣਦਾ ਹੈ। ਇਹ ਆਪ ਵੀ ਸੰਸਦ ਦਾ ਚੁਣਿਆ ਹੋਇਆ ਮੈਂਬਰ ਹੁੰਦਾ ਹੈ ਤੇ ਇਹ ਪਾਰਟੀ ਦੇ ਜੇਤੂ ਮੈਂਬਰਾਂ ਵਿਚੋਂ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ।

          ਰਾਜ ਸਰਕਾਰਾਂ ਵਿਚ ਵਿਧਾਨ ਸਭਾ ਹੁੰਦੀ ਹੈ ਜਿਸ ਦੀ ਚੋਣ ਹਰ ਪੰਜ ਸਾਲ ਬਾਅਦ ਕਰਵਾਈ ਜਾਂਦੀ ਹੈ। ਰਾਜ ਸਰਕਾਰ ਦਾ ਮੁਖੀ ਲੈਫ਼ਟੀਨੈਂਟ ਗਵਰਨਰ ਹੁੰਦਾ ਹੈ। ਮਿਊਂਸਪਲਟੀਆਂ ਰਾਜ ਸਰਕਾਰਾਂ ਦੁਆਰਾ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦਾ ਸੰਗਠਨ ਅਤੇ ਪ੍ਰਬੰਧਕੀ ਤਾਕਤਾਂ ਵੱਖ ਵੱਖ ਹਨ। ਕੈਨੇਡਾ ਵਿਚ 4300 ਤੋਂ ਵੱਧ ਮਿਊਂਸਪੈਲਟੀਆਂ ਹਨ।

          ਕਰੰਸੀ – ਕੈਨੇਡਾ ਦੀ ਮੁਦਰਾ ਪ੍ਰਣਾਲੀ ਡਾਲਰ ਅਤੇ ਸੈਂਟਾ ਵਿਚ ਚਲਦੀ ਹੈ। ਸੌ ਸੈਂਟਾਂ ਦਾ ਇਕ ਡਾਲਰ ਹੁੰਦਾ ਹੈ। 1,5,10,25,50 ਸੈਂਟ ਅਤੇ ਇਕ ਡਾਲਰ ਦੇ ਸਿੱਕੇ ਪ੍ਰਚੱਲਤ ਹਨ।

          ਕੌਮੀ ਝੰਡਾ – ਕੈਨੇਡਾ ਦੇ ਕੌਮੀ ਝੰਡੇ ਵਿਚ ਖੜ੍ਹੇ ਦਾਅ ਲਾਲ, ਚਿੱਟੀ ਅਤੇ ਲਾਲ ਤਿੰਨ ਪੱਟੀਆਂ ਹਨ। ਇਨ੍ਹਾਂ ਵਿਚੋਂ ਵਿਚਕਾਰਲੀ ਚਿੱਟੀ ਪੱਟੀ, ਲਾਲ ਪੱਟੀ ਨਾਲੋਂ ਦੁੱਗਣੀ ਚੌੜੀ ਹੈ ਜਿਸ ਉੱਤੇ ਲਾਲ ਰੰਗ ਦਾ ਮੈਪਲ ਦਾ ਪੱਤਾ ਬਣਿਆ ਹੋਇਆ ਹੈ।

          ਮਾਪ-ਤੋਲ-ਪ੍ਰਣਾਲੀ – ਕੈਨੇਡਾ ਦੇ ਮਾਪ-ਤੋਲ ਦੇ ਸਰਕਾਰੀ ਪੈਮਾਨੇ ਗਜ਼, ਪੌਂਡ, ਐਵਾਰਡਪਾਇਜ਼, ਗੈਲਨ ਅਤੇ ਬੁੱਸ਼ਲ ਸਨ। ਸੰਨ 1971 ਵਿਚ ਸਥਾਪਿਤ ਇਥੋਂ ਦੇ ਮੀਟ੍ਰਿਕ ਕਮਿਸ਼ਨ ਨੇ ਇਨ੍ਹਾਂ ਪੈਮਾਨਿਆਂ ਨੂੰ ਮੀਟ੍ਰਿਕ ਪ੍ਰਣਾਲੀ ਵਿਚ ਬਦਲ ਦਿੱਤਾ ਹੈ।

          ਹ. ਪੁ.– ਐਨ. ਬ੍ਰਿ. ਮੈ. 3 : 713; ਚੈਂਬ. ਐਨ. 3 : 2

 


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਕੈਨੇਡਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੈਨੇਡਾ, ਪੁਲਿੰਗ : ਅਮਰੀਕਾ ਦੇ ਵਿੱਚ ਸ਼ਾਮਲ ਇੱਕ ਮੁਲਕ ਜਿਸ ਦੀ ਰਾਜਧਾਨੀ ਓਟਾਵਾ ਹੈ, Canada

–ਕੈਨੇਡੀਅਨ, ਵਿਸ਼ੇਸ਼ਣ : ੧.ਕੈਨੇਡਾ ਦਾ ਵਸਨੀਕ; ੨. ਕੈਨੇਡਾ ਨਾਲ ਸੰਬੰਧਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-31-12-18-13, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.