ਗਠੀਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਠੀਆ (ਨਾਂ,ਪੁ) ਅੰਗਾਂ ਦੇ ਜੋੜਾਂ ਵਿੱਚ ਸਥਿਲਤਾ ਪੈਦਾ ਕਰਨ ਵਾਲਾ ਵਾਤ ਰੋਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਠੀਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਠੀਆ (ਵਿ,ਪੁ) ਜੇਬ ਕਤਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਠੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਠੀਆ [ਨਾਂਪੁ] ਇੱਕ ਰੋਗ ਜਿਸ ਵਿੱਚ ਜੋੜਾਂ ਵਿੱਚ ਦਰਦ ਹੁੰਦਾ ਰਹਿੰਦਾ ਹੈ ਅਤੇ ਜੋੜਾਂ ਉੱਤੇ ਗੱਠਾਂ ਜਿਹੀਆਂ ਬਣ ਜਾਂਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਠੀਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਠੀਆ ਗਠਕਤਰਾ. ਠਗ । ੨ ਅੰਗਾਂ ਦੀ ਗੱਠਾਂ (ਜੋੜਾਂ) ਵਿੱਚ ਹੋਣ ਵਾਲਾ ਇੱਕ ਰੋਗ. ਸੰ. ਸੰਧਿਵਾਤ. ਨਕ਼ਰਸ. Gout. ਗੰਠ (ਗੰਢਾਂ—ਜੋੜਾਂ) ਵਿੱਚ ਇਸ ਤੋਂ ਪੀੜ ਹੁੰਦੀ ਹੈ, ਇਸ ਕਾਰਣ ਇਹ ਨਾਉਂ ਹੈ. ਇਹ ਹਵਾ ਦੇ ਵਿਗਾੜ ਤੋਂ ਬਾਦੀ ਦੀ ਬੀਮਾਰੀ ਹੈ. ਸਰੀਰ ਸੁਸਤ ਹੋ ਕੇ ਅੰਗਾਂ ਦੇ ਜੋੜਾਂ ਵਿੱਚ ਦਰਦ ਅਤੇ ਸੋਜ ਹੋ ਜਾਂਦੀ ਹੈ. ਕਦੇ ਕਦੇ ਪੀੜ ਨਾਲ ਤਾਪ ਭੀ ਹੋ ਜਾਂਦਾ ਹੈ. ਗਠੀਆ ਕਈ ਕਾਰਣਾਂ ਤੋਂ ਹੁੰਦਾ ਹੈ, ਉਨ੍ਹਾਂ ਦੇ ਅਨੁਸਾਰ ਹੀ ਇਲਾਜ ਕਰਣਾ ਸੁਖਦਾਇਕ ਹੈ. ਇਸ ਰੋਗ ਦੇ ਮੁੱਖ ਕਾਰਣ ਇਹ ਹਨ—

ਬਹੁਤ ਬੈਠੇ ਰਹਿਣਾ , ਕਸਰਤ ਨਾ ਕਰਨੀ, ਚਿਕਨੇ ਅਤੇ ਭਾਰੀ ਪਦਾਰਥ ਖਾਣੇ, ਤਾਪ ਵਿੱਚ ਹਵਾ ਲੱਗ ਜਾਣੀ, ਸਰਦ ਮੁਲਕ ਵਿੱਚ ਵਸਤ੍ਰ ਆਦਿਕ ਦੀ ਬੇਪਰਵਾਹੀ ਕਰਨੀ, ਨੰਗੇ ਪੈਰੀਂ ਫਿਰਨਾ, ਆਤਸ਼ਕ ਅਤੇ ਸੁਜਾਕ ਦਾ ਜਹਿਰ ਸ਼ਰੀਰ ਵਿੱਚ ਰਹਿਣਾ, ਕੱਚੀਆਂ ਧਾਤਾਂ ਖਾਣੀਆਂ, ਬਹੁਤੀ ਸ਼ਰਾਬ ਪੀਣੀ, ਪੇਸ਼ਾਬ ਦੇ ਰੋਗ ਹੋਣੇ ਆਦਿਕ. ਇਹ ਰੋਗ ਮੌਰੂਸੀ ਭੀ ਹੋਇਆ ਕਰਦਾ ਹੈ.

ਗਠੀਏ ਦੇ ਸਾਧਾਰਣ ਇਲਾਜ ਇਹ ਹਨ:—

(ੳ) ਤੁੰਮੇ ਦੀ ਜੜ, ਮਘਪਿੱਪਲ, ਦੋ ਦੋ ਮਾਸ਼ੇ, ਗੁੜ ਇੱਕ ਤੋਲਾ ਮਿਲਾਕੇ ਦੋ ਦੋ ਮਾਸ਼ੇ ਦੀ ਗੋਲੀਆਂ ਕਰਨੀਆਂ, ਦੋ ਗੋਲੀਆਂ ਰੋਜ ਜਲ ਨਾਲ ਖਾਣੀਆਂ.

(ਅ) ਇਰੰਡ ਦੇ ਤੇਲ ਦੀ ਜੋੜਾਂ ਤੇ ਮਾਲਿਸ਼ ਕਰਨੀ.

(ੲ) ਸੁਰੰਜਾਂ ਮਿੱਠੀਆਂ, ਅਸਗੰਧ, ਬਿਧਾਰਾ, ਸੁੰਢ, ਸੌਂਫ , ਇਨ੍ਹਾਂ ਨੂੰ ਪੀਹ ਛਾਣਕੇ, ਬਰੋਬਰ ਦੀ ਖੰਡ ਪਾ ਕੇ ਚਾਰ ਚਾਰ ਮਾਸ਼ੇ ਦੀਆਂ ਪੁੜੀਆਂ ਕਰਨੀਆਂ. ਇੱਕ ਪੁੜੀ ਸਵੇਰੇ ਇੱਕ ਸੰਝ ਨੂੰ ਗਰਮ ਦੁੱਧ ਨਾਲ ਛਕਣੀ.

(ਸ) ਯੋਗਰਾਜ ਗੁੱਗਲ ਵਰਤਣੀ.

(ਹ) ਤਾਰਪੀਨ ਦਾ, ਤਿਲਾਂ ਦਾ, ਕਾਫੂਰੀ, ਕੁੱਠ ਦਾ ਤੇਲ ਅਤੇ ਨਾਰਾਯਣੀ ਤੇਲ ਜੋੜਾਂ ਉੱਪਰ ਮਲਣਾ.

(ਕ) ਅਸਗੰਧ ਦਾ ਚੂਰਨ ਤਿੰਨ ਮਾਸ਼ੇ, ਛੀ ਮਾਸ਼ੇ ਖੰਡ ਮਿਲਾਕੇ ਬਕਰੀ ਦੇ ਦੁੱਧ ਨਾਲ ਫੱਕਣਾ। ੩ ਗਾਂਠ ਮੇਂ, ਗੰਢ ਵਿੱਚ “ਇਤਨਕੁ ਖਟੀਆ ਗਠੀਆ ਮਟੀਆ.” (ਕੇਦਾ ਕਬੀਰ) ਐਨੀ ਮਾਇਆ ਖੱਟੀ ਹੈ, ਇਤਨੀ ਪੱਲੇ ਹੈ, ਇਤਨੀ ਦੱਬੀ ਹੋਈ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਠੀਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਠੀਆ (ਸੰ.। ਦੇਖੋ , ਗੰਠ) ਗੰਢ ਕਪੜਿਆਂ ਦੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਠੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਠੀਆ : ਇਹ ਜੋੜਾਂ ਦੀ ਆਮ ਬੀਮਾਰੀ ਹੈ।  ਇਸ ਕਾਰਨ ਜੋੜਾਂ ਵਿਚ ਸਖ਼ਤ ਪੀੜ ਤੇ ਸੋਜ਼ਸ਼ ਹੋ ਜਾਂਦੀ ਹੈ। ਆਮ ਤੌਰ ਤੇ ਇਹ ਪੀੜ ਅਤੇ ਸੋਜਸ਼ ਪਹਿਲਾਂ ਪੈਰ ਦੇ ਅੰਗੂਠੇ ਦੇ ਵੱਡ ਜੋੜ ਅਤੇ ਬਾਅਦ ਵਿਚ ਹੋਰ ਜੋੜਾਂ ਨੁੰ ਵੀ ਲਪੇਟ ਵਿਚ ਲੈ ਲੈਂਦੀ ਹੈ। ਔਰਤਾਂ ਤੇ 40 ਸਾਲ ਘੱਟ ਉਮਰ ਦੇ ਮਰਦਾਂ ਵਿਚ ਇਹ ਬੀਮਾਰੀ ਘੱਟ ਹੀ ਵੇਖੀ ਜਾਂਦੀ ਹੈ।

ਇਸ ਰੋਗ ਦਾ ਮੁੱਖ ਕਾਰਨ ਪੁਸ਼ਤ ਦਰ ਪੁਸ਼ਤ ਚਲਿਆ ਆ ਰਿਹਾ ਇਕ ਕੁਦਰਤੀ ਸਰੀਰਕ ਨੁਕਸ ਹੈ ਜਿਸ ਦਾ ਕਾਰਨ ਪਿਊਰੀਨ ਹੈ ਜੋ ਕਿ ਕਈ ਰਸਾਇਣਾਂ ਜਿਵੇਂ ਕਿ ਯੂਰਿਕ ਐਸਿਡ, ਜੈੱਨਥੀਨ, ਹਾਈਪੋਜੈੱਨਥੀਨ, ਗੁਆਨੀਡੀਨ, ਥਾਇਓਬਰੋਮੀਨ ਦਾ ਅਧਾਰ ਹੈ। ਮੈਟਾਬੋਲਿਜ਼ਮ ਨਿਕਾਸ ਠੀਕ ਤਰ੍ਹਾਂ ਨਹੀਂ ਹੋ ਸਕਦਾ। ਇਸ ਨਾਲ ਖ਼ੂਨ ਵਿਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਤੇ ਯੂਰੇਟ ਦੇ ਕ੍ਰਿਸਟਲ ਜੋੜਾਂ ਦੇ ਆਲੇ-ਦੁਆਲੇ ਦੇ ਟਿਸ਼ੂਆਂ, ਬਾਹਰਲੇ ਕੰਨਾ ਅਤੇ ਗੁਰਦਿਆਂ ਵਿਚ ਜਮ੍ਹਾਂ ਹੋਣ ਲੱਗ ਪੈਂਦੇ ਹਨ। ਰੋਗ ਦੇ ਵਧਣ ਨਾਲ ਟਿਸ਼ੂ ਖੁਰਨ ਤੇ ਨਸ਼ਟ ਹੋਣ ਲਗਦੇ ਹਨ।

ਕਈ ਰੋਗੀਆਂ ਵਿਚ ਜਮਾਂਦਰੂ ਹੀ ਇਸ ਰੋਗ ਦੇ ਹੋਣ ਦੀ ਪ੍ਰਵਿਰਤੀ ਹੁੰਦੀ ਹੈ। ਅਜਿਹੇ ਵਿਅਕਤੀਆਂ ਵਿਚ ਇਹ ਰੋਗ ਸ਼ਰਾਬ ਜਾਂ ਬੀਅਰ ਦੀ ਵਧੇਰੇ ਵਰਤੋਂ, ਪਿਊਰੀਨ-ਯੁਕਤ ਭੋਜਨ ਜਿਵੇਂ ਕਲੇਜੀ, ਗੁਰਦੇ, ਮੀਟ, ਮੱਛੀ ਤੇ ਚਾਹ ਦੀ ਜ਼ਿਆਦਾ ਵਰਤੋਂ ਵਧੇਰੇ ਕਸਰਤ ਜਾਂ ਸਰੀਰ ਵਿਚ ਕਿਸੇ ਛੂਤ ਦੇ ਰੋਗ ਦੇ ਹੋਣ ਨਾਲ ਹੋ ਸਕਦਾ ਹੈ।

90 ਪ੍ਰਤੀਸ਼ਤ ਰੋਗੀਆਂ ਵਿਚ ਪੈਰ ਦੇ ਅੰਗੂਠੇ ਦੇ ਵੱਡੇ (ਗਿੱਟੇ ਵੱਲੋਂ ਪਹਿਲਾਂ) ਜੋੜ ਉਪਰ ਸਭ ਤੋਂ ਪਹਿਲਾਂ ਅਸਰ ਹੁੰਦਾ ਹੈ। ਇਹ ਅਸਰ ਅਚਾਨਕ ਸ਼ੁਰੂ ਹੁੰਦਾ ਹੈ। ਸੋਜਸ਼ ਅਤੇ ਲਾਲੀ ਆ ਜਾਂਦੀ ਹੈ ਅਤੇ ਜੋੜ ਵਿਚ ਬਹੁਤ ਸਖ਼ਤ ਪੀੜ ਹੁੰਦੀ ਹੈ। ਖ਼ੁਰਕ ਹੁੰਦੀ ਹੈ, ਛਿਲਕੇ ਜਿਹੇ ਵੀ  ਲਹਿ ਸਕਦੇ ਹਨ,ਬੁਖ਼ਾਰ ਵੀ ਹੋ ਸਕਦਾ ਹੈ ਅਤੇ ਕੁਝ ਦਿਨਾ ਬਾਅਦ ਪੀੜ ਘਟਣ ਲਗਦੀ ਹੈ।

          ਗਠੀਏ ਵਿਚ 'ਫ਼ਿਨਾਇਲਬੂਟਾਜ਼ੋਨ' ਕਾਫ਼ੀ ਅਸਰਦਾਇਕ ਸਿੱਧ ਹੁੰਦੀ ਹੈ ਪਰੰਤੂ ਇਸ ਦਵਾਈ ਨਾਲ ਕਈ ਨੁਕਸਾਨ ਹੁੰਦੇ ਹਨ ਜਿਵੇਂ ਜੀਅ ਕੱਚਾ ਹੋਣਾ, ਉਲਟੀਂ ਸਰੀਰ ਉੱਤੇ ਛਪਾਕੀ ਤੇ ਸੋਜ਼ਸ ਆਦਿ। ਕਈ ਵਾਰ ਪੈਪਟਿਕ ਅਲਸਰ ਤੇ ਖ਼ੂਨ ਦੇ ਨੁਕਸ ਵੀ ਪੈਦਾ ਹੋ ਸਕਦੇ ਹਨ।

          ਪਰੈਥੇਨੇਸਿਡ, ਸਲਫ਼ਿਨਪਾਇਰਾਜੋਨ, ਸੈਲੀਸਿਲੇਟਸ (ਐਸਪਰੀਨ) ਵਰਗੀਆਂ ਦਵਾਈਆਂ ਦੀ ਵਰਤੋਂ ਕਰਨ ਨਾਲ ਗਠੀਆ ਦੇ ਦੁਬਾਰਾ ਹਮਲੇ ਤੋਂ ਬਚਿਆ ਜਾ ਸਕਦਾ ਹੈ। ਬੀਮਾਰੀ ਦੇ ਵਧਣ ਨਾਲ ਕਈ ਜੋੜਾਂ ਦੀ ਸ਼ਕਲ ਵਿਗੜ ਜਾਂਦੀ ਹੈ। ਇਸ ਲਈ ਜੋੜਾਂ ਦੀ ਕਸਰਤ ਕਰਨੀ ਚਾਹੀਦੀ ਹੈ।

          ਕਿਸਮਾਂ

1. ਲਗਾਤਾਰ ਰਹਿਣ ਵਾਲਾ ਗਠੀਆ –– ਇਸ ਕਿਸਮ ਵਿਚ ਲਗਾਤਾਰ ਮੱਧਮ ਜਿਹੀ ਪੀੜ ਰਹਿੰਦੀ ਹੈ ਅਤੇ ਜੋੜ ਸਖ਼ਤ ਹੋ ਜਾਂਦਾ ਹੈ। ਇਸ ਦੌਰਾਨ ਗੁਰਦੇ ਵਿਚ ਪੱਥਰੀ ਦੇ ਬਣਨ ਦਾ ਖ਼ਤਰਾ ਰਹਿੰਦਾ ਹੈ।

          2. ਗੌਣ ਗਠੀਆ –– ਇਹ ਗਠੀਆ ਕਈ ਖ਼ੂਨ ਦੀਆਂ ਬੀਮਾਰੀਆਂ ਜਿਵੇਂ ਲਿਊਕੀਮੀਆ ਤੇ ਮਾਇਲੋਫਾਇਬਰੋਸਿਸ ਜਾਂ ਕੁਝ ਦਵਾਈਆ ਜਿਵੇਂ ਥਾਇਆਡਾਇਆਜ਼ੀਨ ਤੇ ਫਰੁਸੇਮਾਈਡ ਆਦਿ ਦੀ ਜ਼ਿਆਦਾ ਵਰਤੋਂ ਕਾਰਨ ਹੋ ਸਕਦਾ ਹੈ।
          3. ਨਕਲੀ ਗਠੀਆ –– ਇਹ ਬੀਮਾਰੀ ਵੀ ਪੁਸ਼ਤੈਨੀ ਹੈ। ਇਸ ਵਿਚ ਜੋੜਾਂ ਦੇ ਆਲੇ ਦੁਆਲੇ ਦੇ ਤੰਤੂਆਂ ਵਿਚ ਕੈਲਸ਼ੀਅਮ ਪਾਇਰੋਫ਼ਾੱਸਫੇਟ ਦੇ ਕ੍ਰਿਸਟਲ ਜਮ੍ਹਾਂ ਹੋ ਜਾਂਦੇ ਹਨ। ਇਹ ਬੀਮਾਰੀ ਦਾ ਕਾਰਨ ਅਜੇ ਪੂਰੀ ਤਰ੍ਹਾਂ ਪਤਾ ਨਹੀਂ।

ਬੀਮਾਰੀ ਦੀਆਂ ਅਲਾਮਤਾਂ ਗਠੀਏ ਵਰਗੀਆਂ ਹੀ ਹਨ ਅਤੇ ਇਲਾਜ ਲਈ ਫ਼ਿਨਾਇਲਬਟਾਜੋਨ ਉਪਯੋਗੀ ਹੁੰਦਾ ਹੈ।                            


ਲੇਖਕ : ਬਖਸ਼ੀਸ਼ ਸਿੰਘ ਗਿੱਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.