ਗੱਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਦ 1 [ਨਾਂਇ/ਪੁ] ਵਾਰਤਕ , ਨਸਰ 2 [ਨਾਂਪੁ] ਵਿਸ਼, ਜ਼ਹਿਰ; ਰੋਗ , ਬਿਮਾਰੀ 3 [ਨਾਂਇ] ਗੋਦੀ , ਝੋਲ਼ੀ 4 [ਨਾਂਇ] ਕੋਈ ਪੋਲੀ ਚੀਜ਼ ਜੋ ਸੀਟਾਂ ਆਦਿ ਵਿੱਚ ਪਾਈ ਜਾਂਦੀ ਹੈ, ਗੱਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੱਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਦ. ਅਨੁ. ਗਦਾਕਾ. ਕਿਸੇ ਭਾਰੀ ਚੀਜ਼ ਦੇ ਡਿੱਗਣ ਤੋਂ ਹੋਇਆ ਸ਼ਬਦ । ੨ ਗਾਂਵ ਦੀ ਹੱਦ ਸ਼ਬਦ ਦਾ ਸੰਖੇਪ. ਠੱਡਾ ਤੋਖਾ. ਸੀਮਾਚਿੰਨ੍ਹ. “ਸੈਲਪਤੀ ਦੋਹਾਨ ਮੇ ਲਗਯੋ ਗੁਰੂ ਕੋ ਗੱਦ.” (ਗੁਪ੍ਰਸੂ) ੩ ਗਦਾ. ਮੂਸਲ. “ਸੁਣੇ ਗੱਦ ਸੱਦੰ.” (ਵਿਚਿਤ੍ਰ) ਗਦਾ ਸ਼ਬਦ ਸੁਣੇ। ੪ ਦੇਖੋ, ਗਦ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੱਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੱਦ : ਤੇਰ੍ਹਵੀਂ ਸਦੀ ਈ. ਵਿਚ ਕਵੀਰਾਜ ਵਿਸ਼ਵਨਾਥ ਨੇ ਆਪਣੇ ਤੋਂਪਹਿਲਾਂ ਹੋਏ ਆਚਾਰਯਾਂ ਦੇ ਵਿਚਾਰਾਂ ਦੇ ਆਘਾਰ ਤੇ ‘ਸਹਿੱਤ੍ਯ ਦਰ੍ਪਣ’ ਦੇ ਛੇਵੇਂ ‘ਪਰਿਛੇਦ’ ਵਿਚ ਕਾਵਿ ਦੇ ‘ਦਿਸ਼ੑਯ ਕਾਵਿ’ (ਵੇਖੋ) ਅਤੇ ‘ਸ਼੍ਰਵੑਯ ਕਾਵਿ’ (ਵੇਖੋ) ਦੇ ਭੇਦ ਕੀਤੇ। ਸ਼੍ਰਵੑਯ ਕਾਵਿ ਦੇ ਉਸ ਨੇ ਅੱਗੋਂ ਤਿੰਨ ਹੋਰ ਰੂਪ ਦੱਸੇ ਹਨ––ਪੱਦ, ਗੱਦ ਅਤੇ ਗੱਦ–ਪੱਦ (ਚੰਪੂ) । ਵਿਸ਼ਵਨਾਥ ਨੇ ਗੱਦ ਦੇ ਦੋ ਮੁੱਖ ਭੇਦ ਦੱਸੇ ਹਨ––ਕਥਾ ਅਤੇ ਆਖਿਆਇਕਾ। ਕਥਾ ਵਿਚ ਕੀਤੇ ਕਿਤੇ ਛੰਦਾਂ ਦਾ ਪ੍ਰਯੋਗ ਕੀਤਾ ਹੋਇਆ ਮਿਲਦਾ ਹੈ, ਜਿਵੇਂ ‘ਕਾਦਬੰਰੀ’ ਵਿਚ। ਆਖਿਆਇਕਾ ਕਥਾ ਸਾਮਾਨ ਹੀ ਹੁੰਦੀ ਹੈ। ਇਸ ਵਿਚ ਆਈ ਹੋਈ ਹਰ ਇਕ ਕਥਾ ਅਗਲੀ ਕਥਾ ਦਾ ਸੰਕੇਤ ਦਿੰਦੀ ਹੈ। ‘ਹਰਿਸ਼ ਚਰਿਤ’ ਇਸ ਦੀ ਉਦਾਹਰਣ ਹੈ। ਇਸ ਸਾਹਿਤਿਕ ਰੂਪ ਵਿਚ ਛੰਦਾ ਬੰਦੀ ਦਾ ਕੋਈ ਬੰਨ੍ਹਣ ਨਹੀਂ ਹੁੰਦਾ। ਕਥਾਤਮਕ ਸਾਹਿੱਤ ਤੋਂ ਇਲਾਵਾ ਵਿਚਾਰਾਤਮਕ, ਸ਼ਾਸਤ੍ਰੀ ਅਤੇ ਵਿਗਿਆਨਕ ਵਿਸ਼ਿਆਂ ਲਈ ਗੱਦ ਦੇ ਵਿਵਹਾਰਕ ਉਪਯੋਗ ਬਾਰੇ ਸੰਸਕ੍ਰਿਤ ਵਿਚ ਕੋਈ ਸੰਕੇਤ ਨਹੀਂ ਮਿਲਦਾ।

          ਆਧੁਨਿਕ ਗੱਦ ਸੰਸਕ੍ਰਿਤ ਕਾਵਿ–ਰੂਪ ਦਾ ਕੋਈ ਅੰਗ ਨਹੀਂ ਹੈ। ਸੰਸਕ੍ਰਿਤ ਵਿਚ ਜਿੱਥੇ ਸਾਹਿੱਤ ਦੇ ਸਮੁੱਚੇ ਰੂਪ ਨੂੰ ਕਾਵਿ ਆਖ ਦਿੱਤਾ ਜਾਂਦਾ ਸੀ, ਅੱਜ ਕੇਵਲ ਕਵਿਤਾ ਨੂੰ ਕਾਵਿ ਆਖਿਆ ਜਾਂਦਾ ਹੈ ਅਤੇ ਗੱਦ ਦੀ ਆਪਣੀ ਸੁੰਤਤਰ ਸੱਤਾ ਹੈ। ਗੱਦ ਅਤੇ ਪੱਦ ਦੀ ਵਿਆਖਿਆ ਕਰਦੇ ਹੋਏ ਐਜ਼ਰਾ ਪਾਊਂਡ ਨੇ 1913 ਈ. ਵਿਚ ਲਿਖਿਆ ਸੀ ਕਿ ਕਵਿਤਾ ਅਤੇ ਵਾਰਤਕ ਦੇ ਭੇਦ ਲੱਭਣ ਲਈ ਕੋਈ ਵੀ ਠੀਕ ਵਿਗਿਆਨਕ ਯੁਕਤੀ ਲਾਗੂ ਨਹੀਂ ਕੀਤੀ ਜਾ ਸਕਦੀ। ਉਸ ਨੇ ਕੇਵਲ ਇਹ ਹੀ ਕਿਹਾ ਕਿ ਵਾਰਤਕ ਸਾਧਾਰਣ ਭਾਸ਼ਾ ਵਿਚ ਲਿਖੀ ਜਾਂਦੀ ਹੈ ਅਤੇ ਕਵਿਤਾ ਅਸਾਧਾਰਣ ਭਾਸ਼ਾ ਵਿਚ। ਹਰਬਰਟ ਰੀਡ ਨੇ ਗੱਦ ਅਤੇ ਪੱਦ ਦੇ ਭੇਦ ਲੱਭਣ ਲਈ ਦੋ ਵਿਧੀਆਂ ਨਿਰਾਧਰਤ ਕੀਤੀਆਂ ਹਨ। ਇਕ ਕੇਵਲ ਬਾਹਰਲੀ ਬਣਤਰ ਦੀ ਵਿਧੀ ਹੈ। ਇਸ ਅਨੁਸਾਰ ਕਵਿਤਾ ਨਿਰੰਤਰ ਤਾਲ–ਬੱਧ ਅਤੇ ਛੰਦ–ਯੁਕਤ ਪ੍ਰਗਟਾਵਾ ਹੈ ਅਤੇ ਗੱਦ ਛੰਦ–ਰਹਿਤ ਹੋ ਕੇ ਵੀ ਵੱਖ ਵੱਖ ਕਿਸਮ ਦੇ ਤਾਲ ਅਪਣਾਉਂਦੀ ਹੈ। ਪਰੰਤੂ ਛੰਦ ਕਵਿਤਾ ਦੀ ਆਤਮਾ ਨਹੀਂ, ਇਹ ਕੇਵਲ ਉਸ ਦਾ ਸ਼ਰੀਰਿਕ ਸੰਤੁਲਨ ਹੈ। ਵਾਰਤਕ ਲਈ ਕਿਸੇ ਛੰਦ ਦੀ ਲੋੜ ਨਹੀਂ ਅਤੇ ਚੰਗੀ ਕਵਿਤਾ ਛੰਦ–ਰਹਿਤ ਵੀ ਹੋ ਸਕਦੀ ਹੈ। ਇਸ ਲਈ ਕਵਿਤਾ ਅਤੇ ਵਾਰਤਕ ਵਿਚ ਕੋਈ ਵਿਸ਼ੇਸ਼ ਵਿਰੋਧ ਨਹੀਂ। ਇਸ ਵਿਚਾਰ ਅਨੁਸਾਰ ਇਨ੍ਹਾਂ ਦੋਹਾਂ ਦਾ ਭੇਦ ਵੀ ਕੋਈ ਨਿਸ਼ਚਿਤ ਅਤੇ ਵਿਵਸਥਿਤ ਨਹੀਂ। ਸੂਖਮ ਤੋਂ ਸੂਖਮ ਵਿਸ਼ਲੇਸ਼ਣ ਅਤੇ ਸੂਖਮ ਤੋਂ ਸੂਖਮ ਸਿਧਾਂਤ ਕਵਿਤਾ ਅਤੇ ਵਾਰਤਕ ਨੂੰ ਅੱਡ ਨਹੀਂ ਕਰ ਸਕਦੇ। ਹਾਂ ਇਤਨਾ ਕਿਹਾ ਜਾ ਸਕਦਾ ਹੈ ਕਿ ਕਵਿਤਾ ਵਿਖ ਜਿੱਥੇ ਨਿਯਮਿਤ ਤਾਲ ਚਲਦਾ ਹੈ, ਵਾਰਤਕ ਵਿਚ ਤਾਲ ਅਨਿਯਮਿਤ ਹੀ ਰਹਿੰਦਾ ਹੈ। ਇਹ ਭੇਦ ਓਪਰਾ ਜਿਹਾ ਸਤਹੀ ਭੇਦ ਹੈ। ਦੂਜਾ ਭੇਦ ਮਨੋ–ਵਿਗਿਆਨਕ ਹੈ। ਕਵਿਤਾ ਮਾਨਸਿਕ ਪ੍ਰਗਟਾਵੇ ਦਾ ਇਕ ਮਾਧਿਅਮ ਹੈ ਅਤੇ ਵਾਰਤਕ ਬੌਧਿਕ ਪ੍ਰਗਟਾਵੇ ਦਾ। ਕਵਿਤਾ ਰਚਨਾਤਮਕ ਪ੍ਰਗਟਾਵਾ ਹੈ ਅਤੇ ਵਾਰਤਕ ਨਿਰਮਾਣਾਤਮਕ ਪ੍ਰਗਟਾਵਾ। ਪਰੰਤੂ ਇਸ ਸੰਦਰਭ ਵਿਚ ਰਚਨਾ ਸ਼ਬਦ ਨਿਰਮਾਣ ਦਾ ਵਿਪਰਿਆਇ ਨਹੀਂ। ਸਹਿੱਤ ਰਚਨਾ ਵਿਚ ਦੋਪ੍ਰਕਾਰ ਦੀਆਂ ਮਾਨਸਿਕ ਵਿਧੀਆਂ ਮੰਨੀਆਂ ਜਾਂਦੀਆ ਹਨ–ਇਕ ਸੰਯੋਜਨ ਜਾਂ ਸੰਖੇਪਣ (condensation) ਦੀ ਅਤੇ ਦੂਜੀ ਪ੍ਰਸਾਰਣ ਜਾਂ ਵਿਸਰਜਨ ਦੀ। ਕਵਿਤਾ ਵਿਚ ਸੰਯੋਜਨ ਵਿਧੀ ਅਤੇ ਵਾਰਤਕ ਵਿਚ ਪ੍ਰਸਾਰਣ ਵਿਧੀ ਦਾ ਪ੍ਰਯੋਗ ਹੁੰਦਾ ਹੈ। ਬਰਗਸਾਂ ਅਨੁਸਾਰ ਵਿਚਾਰਾਂ ਦਾ ਵਿਕਾਸ ਸ਼ਬਦ––ਸਿਰਜਨ ਸ਼ਕਤੀ ਦਾ ਵਿਕਾਸ ਹੁੰਦਾ ਹੈ, ਜਿੱਥੇ ਵਿਚਾਰਾਂ ਅਤੇ ਸ਼ਬਦਾਂ ਵਿਚ ਕੋਈ ਭੇਦ ਨਹੀਂ ਰਰਿ ਜਾਂਦਾ ਅਤੇ ਵਿਚਾਰ ਤੇ ਸ਼ਬਦ ਦੋਵੇਂ ਮਿਲ ਕੇ ਕਵਿਤਾ ਬਣ ਜਾਂਦੇ ਹਨ। ਨਿਰਮਾਣਕਾਰੀ ਵਿਚ ਨਿਰਮਾਣ ਪਦਾਰਥ ਨਿਰਮਾਤਾ ਕੋਲ ਮੌਜੂਦ ਹੁੰਦਾ ਹੈ ਜਿਸ ਨਾਲ ਉਹ ਆਪਣੇ ਭਵਨ ਦੀ ਉਸਾਰੀ ਕਰਦਾ ਹੈ। ਇਸ ਤਰ੍ਹਾਂ ਵਾਰਤਕਕਾਰ ਸ਼ਬਦਾਂ ਦੇ ਭੰਡਾਰ ਨੂੰ ਆਪਣੀ ਵਾਰਤਕ ਉਸਾਰੀ ਵਿਚ ਪ੍ਰਯੁਕਤ ਕਰਦਾ ਹੈ। ਭਾਵ ਇਹ ਹੈ ਕਿ ਸਾਹਿਤਿਕ ਖੇਤਰ ਵਿਚ ਕਿਸੇ ਭਵਨ ਦੀ ਯੋਜਨਾ ਉਸ ਦੇ ਨਕਸ਼ੇ ਅਤੇ ਉਸ ਦੀ ਵਿਉਂਤ ਆਦਿ ਦੇ ਮੁੱਢਲੇ ਵਿਚਾਰ ਇਕ ਕਵੀ ਦੀ ਦੇਣ ਹੁੰਦੇ ਹਨ ਅਤੇ ਭਵਨ ਨੂੰ ਤਰੀਕੇ ਸਿਰ ਨਿਰਮਾਣ ਕਰਨ ਦਾ ਕੰਮ ਵਾਰਤਕ ਲੇਖਕ ਦਾ ਹੁੰਦਾ ਹੈ।

          ਗੱਦ ਅਤੇ ਪੱਦ ਦਾ ਇਹ ਭੇਦ ਵੀ ਸਾਨੂੰ ਨਿਰਮੂਲ ਹੀ ਜਾਪਦਾ ਹੈ। ਸ਼ਬਦ ਅਤੇ ਵਿਚਾਰ ਗੱਦ ਵਿਚ ਵੀ ਹੁੰਦੇ ਹਨ ਅਤੇ ਪੱਦ ਵਿਚ ਵੀ ਪਰੰਤੂ ਬਰਗਸਾਂ ਅਤੇ ਰੀਡ ਦੇ ਮਨੋਵਿਗਿਆਨਕ ਵਿਸ਼ਲੇਸ਼ਣ ਅਨੁਸਾਰ ਸ਼ਬਦਾਂ, ਬਿੰਬਾਂ ਅਤੇ ਵਿਚਾਰਾਂ ਦੇ ਆਧਾਰ ’ਤੇ ਰਚੀ ਹੋਈ ਕਵਿਤਾ ਉਦੋਂ ਤਕ ਕਵਿਤਾ ਰਹਿੰਦੀ ਹੈ ਜਦ ਤਕ ਉਹ ਲਿਖੀ ਨਈਂ ਜਾਦੀ। ਲਿਖੇ ਹੋਏ ਸ਼ਬਦ ਅਸਲੀ ਸ਼ਬਦਾਂ ਦੇ ਕੇਵਲ ਨਿਰਜੀਵ ਬਿੰਬ ਹੀ ਰਹਿ ਜਾਂਦੇ ਹਨ। ਵਰਾਤਕ ਲੇਖਕ ਇਨ੍ਹਾਂ ਨਿਰਜੀਵ ਬਿੰਬਾਂ ਵਿਚ ਫਿਰ ਜ਼ਿੰਦਗੀ ਭਰਦਾ ਹੈ ਅਤੇ ਆਪਣੇ ਪ੍ਰਗਟਾਵੇ ਦਾ ਮਾਧਿਆਮ ਬਣਾਉਂਦਾ ਹੈ। ਸ਼ਬਦਾਂ ਦੀ ਇਹੀ ਜ਼ਿੰਦਗੀ ਹੀ ਵਾਰਤਕ ਦੀ ਲੈਅ ਹੈ। ਪਰੰਤੂ ਆਮ ਅਨੁਭਾਵ ਕੀਤਾ ਜਾਂਦਾ ਹੈ ਕਿ ਕਵਿਤਾ ਅਤੇ ਵਾਰਤਕ ਦਾ ਇਹ ਭੇਦ ਵੀ ਮਨੋਵਿਗਿਆਨਕ ਹੀ ਹੈ ਜਿਹੜਾ ਸੂਖਮ ਅਤੇ ਅਸਪਸ਼ਟ ਹੈ। ਗੱਦ ਅਤੇ ਪੱਦ ਦਾ ਭੇਦ ਗੁਣਾਤਮਕ ਭੇਦ ਹੈ ਜਿਹੜਾ ਪ੍ਰਗਟਾਵੇ ਦੇ ਵੱਖ ਵੱਖ ਪ੍ਰਭਾਵ ਤੋਂ ਉਪਜਦਾ ਹੈ, ਸਿੱਧੇ ਨਿਰਧਾਰਤ ਕੀਤੇ ਹੋਏ ਸਿਧਾਂਤਾਂ ਨਾਲ ਇਸ ਭੇਦ ਦੀ ਪਰਖ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ। ਇਹ ਭੇਦ ਕੇਵਲ ਅੰਤਰ–ਦ੍ਰਿਸ਼ਟੀ ਜਾਂ ਅਨੁਭਵ ਦੁਆਰਾ ਹੀ ਜਾਣਿਆ ਜਾ ਸਕਦਾ ਹੈ।

          ਗੱਦ ਦੀ ਸਰਲ ਅਤੇ ਵਿਆਪਕ ਪਰਿਭਾਸ਼ਾ ਇਹੀ ਕੀਤੀ ਜਾ ਸਕਦੀ ਹੈ ਕਿ ਜਿਸ ਭਾਸ਼ਾ ਦਾ ਸਾਧਾਰਣ ਗੱਲ–ਬਾਤ ਵਿਚ ਪ੍ਰਯੋਗ ਕੀਤਾ ਜਾਂਦਾ ਹੈ, ਉਹ ਗੱਦ ਹੈ। ਸਪਸ਼ਟ, ਸਿੱਧੇ ਅਤੇ ਅਨੁਕੂਲ ਸ਼ਬਦ ਵਾਰਤਕ ਵਿਚ ਵਰਤੇ ਜਾਂਦੇ ਹਨ। ਵਿਸ਼ੇਸ਼ ਚਿੱਤਰਾਂ ਦੀ ਚੰਗੀ ਗੱਦ ਨੂੰ ਲੋੜ ਨਹੀਂ ਪੈਂਦੀ। ਕਵਿਤਾ ਵਿਚ ਸੰਵੇਦਨ–ਸ਼ੀਲਤਾ ਪ੍ਰਧਾਨ ਹੁੰਦੀ ਹੈ। ਪਹਾੜੀ ਨਦੀ ਵਾਂਗ ਮੁਕਤ ਭਾਵਾਂ ਦਾ ਵਹਿਣ ਕਵਿਤਾ ਵਿਚ ਹੀ ਹੋ ਸਕਦਾ। ਗੱਦ ਬੋਧ, ਵਿਆਖਿਆ, ਤਰਕ, ਬਿਆਨ ਅਤੇ ਕਥਾ ਦੇ ਖੇਤਰਾਂ ਵਿਚ ਸੀਮਿਤ ਹੈ। ਸੰਖੇਪ ਵਿਚ ਕਵਿਤਾ ਭਾਵਾਂ ਦਾ ਪ੍ਰਗਟਾਅ ਹੈ ਅਤੇ ਵਾਰਤਕ ਤਰਕ ਦਾ ਮਾਧਿਅਮ। ਗੁੱਦ ਰਚਨਾਂ ਵਿਚ ਸ਼ਬਦਾਂ ਦੇ ਪ੍ਰਯੋਗ ਦਾ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ। ਵਿਆਕਰਣ ਅਨੁਸਾਰ ਵਾਕ–ਬਣਤਰ, ਸ਼ਬਦਾਂ ਦੀ ਅਨੁਕੂਲਤਾ ਤੇ ਯੋਗ ਥਾਂ, ਵਿਸਰਾਮ–ਚਿੰਨ੍ਹ ਆਦਿ ਦਾ ਖ਼ਿਆਲ ਰੱਖਣਾ ਪੈਂਦਾ ਹੈ। ਸਵਿਫ਼ਟ ਅਨੁਸਾਰ ਚੰਗੇ ਗੱਦ ਵਿਚ ਕੇਵਲ ਦੋ ਹੀ ਗੁਣ ਹੋਣੇ ਚਾਹੀਦੇ ਹਨ–ਸਰਲਤਾ ਅਤੇ ਸੰਖੇਪਤਾ। ਇਨ੍ਹਾਂ ਤੋਂ ਛੁੱਟ ਤਰਕ ਅਤੇ ਨਿਆਂ, ਵਿਚਾਰਾਂ ਦੀ ਸਹੀ ਤਰਤੀਬ, ਪ੍ਰਭਾਵਯੁਕਤ ਭਾਵਾਂ ਦੀ ਵਰਤੋਂ, ਦਲੀਲਾਂ ਦਾ ਪ੍ਰਯੋਗ ਅਤੇ ਕਲਪਨਾ ਦੀ ਯੋਗ ਵਰਤੋਂ ਚੰਗੇ ਵਾਰਤਕ ਦੇ ਹੋਰ ਉਪਯੋਗੀ ਗੁਣ ਹਨ। ਬਾਹਰਮੁਖਤਾ ਗੱਦ ਦਾ ਵਿਸ਼ੇਸ਼ ਗੁਣ ਹੈ, ਇਸ ਲਈ ਜਿੱਥੇ ਕਵਿਤਾ ਨੂੰ ਦਿਲ ਦੀ ਬੋਲੀ ਆਖਿਆ ਜਾਂਦਾ ਹੈ ਵਾਰਤਕ ਨੂੰ ਦਿਮਾਗ਼ ਦੀ ਬੋਲੀ ਕਹਿਕ ਕੇ ਸੰਬੋਧਨ ਕੀਤਾ ਜਾਂਦਾ ਹੈ। ਹਾਸ ਰਸ, ਬੌਧਿਕ ਹਾਸ–ਬਿਲਾਸ (wit) ਅਤੇ ਵਿਅੰਗ ਵਾਰਤਕ ਦੇ ਚੰਗੇ ਪ੍ਰਭਾਵ ਪਾਉਣ ਵਿਚ ਸਹਾਈ ਹੁੰਦੇ ਹਨ। ਵਾਰਤਕ ਦਾ ਸਭ ਤੋਂ ਵਿਸ਼ੇਸ਼ ਗੁਣ ਇਹ ਹੈ ਕਿ ਇਸ ਵਿਚ ਕਾਵਿ–ਖੁੱਲ੍ਹ (poetic licence) ਦੀ ਵਰਤੋਂ ਨਹੀਂ ਹੋਣੀ ਚਾਹੀਦੀ । ਬਿੰਬਾਂ, ਚਿੱਤਰਾਂ ਅਤੇ ਰੂਪਕਾਂ ਦੀ ਯੋਗ ਵਰਤੋਂ ਹੀ ਇਸ ਵਿਚ ਸ਼ੋਭਦੀ ਹੈ।

          ਲਿਖਿਤ ਰੂਪ ਵਿਚ ਗੱਦ ਦਾ ਪ੍ਰਯੋਗ ਪੱਦ ਨਾਲੋਂ ਢੇਰ ਚਿਰ ਪਿੱਛੋਂ ਸ਼ੁਰੂ ਹੋਇਆ। ਸਮਾਜਕ ਜੀਵਨ ਦੇ ਵੱਖ ਵੱਖ ਖੇਤਰਾਂ ਦੇ ਵਿਕਾਸ ਦੇ ਨਾਲ ਨਾਲ ਗੱਦ ਦਾ ਵਿਕਾਸ ਅਤੇ ਉਸ ਦੀ ਮਹੱਤਾ ਵਧੀ ਹੈ। ਵਰਤਮਾਨ ਯੁੱਗ ਵਿਚ ਵਿਵਹਾਰਕ ਖੇਤਰ ਤੋਂ ਇਲਾਵਾ ਸਾਹਿੱਤ ਦੇ ਅਨੇਕ ਰੂਪਾਂ ਵਿਚ ਵੀ ਗੱਦ ਨੇ ਪੱਦ ਨੂੰ ਮਾਤ ਕਰ ਦਿੱਤਾ ਹੈ। ਜਿੱਥੇ ਨਾਟਕ ਅਤੇ ਕਥਾ ਸਾਹਿੱਤ ਪਹਿਲਾਂ ਪਦ ਵਿਚ ਰਚੇ ਜਾਂਦੇ ਸਨ ਉੱਥੇ ਪੱਦ ਦੀ ਥਾਂ ਗੱਦ ਨੇ ਲੈ ਲਈ ਹੈ। ਵਿਵਹਾਰਕ ਰੂਪ ਵਿਚ ਗੱਦ ਦੇ ਸਾਹਿਤਿਕ ਰੂਪ––ਲੇਖ, ਨਿਬੰਧ, ਖੋਜ–ਪ੍ਰਬੰਧ, ਆਲੋਚਨਾ, ਕਹਾਣੀ, ਉਪਨਿਆਸ, ਨਾਟਕ, ਜੀਵਨ, ਸੰਸਮਰਣ ਆਦਿ ਅਤੇ ਉਪਯੋਗੀ ਸਾਹਿੱਤ–ਇਤਿਹਾਸ, ਧਰਮ, ਦਰਸ਼ਨ, ਰਾਜਨੀਤੀ, ਸਿੱਖਿਆ, ਵਿਗਿਆਨ ਆਦਿ––ਵਿਸ਼ਿਆਂ ਵਿਚ ਗੱਦ ਸ਼ੈਲੀ ਦਾ ਪ੍ਰਯੋਗ ਹੁੰਦਾ ਹੈ। ਪ੍ਰਯੋਗ ਅਤੇ ਵਿਵਹਾਕਰ ਦ੍ਰਿਸ਼ਟੀ ਤੋਂ ਇਹ ਸਾਰੇ ਰੂਪ ਗੱਦ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ ਪਰੰਤੂ ਆਧੁਨਿਕ ਕਾਲ ਵਿਚ ਗੱਦ ਕੇਵਲ ਇਕ ਵਿਸ਼ੇਸ਼ ਸਾਹਿਤਿਕ ਰੂਪ ਹੀ ਬਣ ਗਿਆ ਹੈ। ਜਦ ਕੋਈ ਕਹਿੰਦਾ ਹੈ ਕਿ ਭਾਈ ਮੋਹਨ ਸਿੰਘ ਵੈਦ ਨੇ ਨਾਟਕਾਂ ਅਤੇ ਉਪਨਿਆਸਾਂ ਨਾਲੋਂ ਉਨ੍ਹਾਂ ਦੀ ਗੱਦ ਅਤਿ ਪ੍ਰਭਾਵਸ਼ਾਲੀ ਹੈ, ਤਦ ਉਨ੍ਹਾਂ ਦੇ ਗੱਦ ਵਿਚ ਲਿਖੇ ਲੇਖਾਂ ਅਤੇ ਨਿਬੰਧਾਂ ਵੰਲ ਸੰਕੇਤ ਹੁੰਦਾ ਹੈ। ਕਥਾ, ਕਹਾਣੀ, ਉਪਨਿਆਸ ਅਤੇ ਨਾਟਕ ਨੂੰ ਤਾਂ ਗੱਦ ਤੋਂ ਅੱਡ ਕੀਤਾ ਜਾ ਸਕਦਾ ਹੈ ਪਰ ਲੇਖ, ਨਿਬੰਧ, ਸੰਸਮਰਣ, ਯਾਤਰਾ, ਖੋਜ–ਪ੍ਰਬੰਧ, ਡਾਇਰੀ, ਰਿਪੋਰਤਾਜ ਅਤੇ ਖ਼ਾਕਿਆ ਨੂੰ ਗੱਦ ਤੋਂ ਨਿਖੇੜਿਆ ਨਹੀਂ ਜਾ ਸਕਦਾ; ਇਨ੍ਹਾਂ ਦਾ ਅੱਡ ਵਰਗੀਕਰਣ ਅਸੰਭਵ ਹੈ। ਆਧੁਨਿਕ ਅਰਥਾਂ ਵਿਚ ਵਾਰਤਕ ਤੋਂ ਭਾਵ ਸਾਹਿਤਿਕ ਗੱਦ ਸ਼ੈਲੀ ਹੈ ਜਿਸ ਵਿਚ ਲਲਿਤ ਨਿਬੰਧ ਅਤੇ ਸਾਹਿਤਿਕ ਲੇਖ ਸ਼ਾਮਲ ਹਨ।

          ਪੁਰਾਤਨ ਪੰਜਾਬੀ ਵਾਰਤਕ ਦੇ ਨਮੂਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਲਿਖੀਆਂ ਸਾਖੀਆਂ ਵਿਚੋਂ ਮਿਲਦੇ ਹਨ। ਇਹ ਜਨਮਸਾਖੀਆਂ ਅਗਿਆਤ ਲੇਖਕਾਂ ਨੇ ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀ ਈ. ਵਿਚ ਲਿਖੀਆਂ। ਪੁਰਾਤਨ ਜਨਮਸਾਖੀਕਾਰ ਮਿਹਰਬਾਨ ਅਤੇ ਬਾਲੇ ਨੇ ਸਤਾਰ੍ਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਜਨਮਸਾਖੀਆਂ ਲਿਖੀਆਂ। ਇਸ ਤੋਂ ਪਿੱਛੋਂ ਪਰਚੀਆਂ, ਬਚਨਾਂ, ਸ੍ਰੀ ਆਦਿ–ਗ੍ਰੰਥ ਦੇ ਟੀਕਿਆਂ, ਰਹਿਤ–ਨਾਮਿਆਂ ਆਦਿ ਦੇ ਰੂਪ ਵਿਚ ਵਾਰਤਕ ਰਚਨਾ ਹੁੰਦੀ ਰਹੀ। ਭਾਈ ਮਨੀ ਸਿੰਘ ਅਤੇ ਭਾਈ ਅੱਡਣ ਸ਼ਾਹ ਅਠ੍ਹਾਰਵੀਂ ਸਦੀ ਈ. ਦੇ ਪ੍ਰਮੁੱਖ ਗੱਦਕਾਰ ਸਨ। ਇਸ ਕਾਲ ਦੇ ਗੱਦਕਾਰ ਧਾਰਮਿਕ ਵਿਸ਼ਿਆਂ ਨੂੰ ਹੀ ਆਧਾਰ ਬਣਾ ਕੇ ਲਿਖਦੇ ਰਹੇ। ਵਿਸ਼ੇਸ਼ ਕੇਂਦਰੀ ਬੋਲੀ ਦੀ ਠੁੱਕ ਨਾ ਬੱਝਣ ਕਾਰਣ ਲੇਖਕ ਆਪਣੀ ਇਲਕਾਈ ਜਾਂ ਸਾਧ ਭਾਖਾ ਵਿਚ ਹੀ ਲਿਖਦੇ ਸਨ। ਉਨ੍ਹੀਵੀਂ ਸਦੀ ਈ. ਵਿਚ ਅੰਗ੍ਰੇਜ਼ੀ ਦੇ ਕਾਇਮ ਹੋਣ ਨਾਲ ਈਸਾਈ ਮਿਸ਼ਨਰੀਆਂ ਨੇ ਵੀ ਆਪਣਾ ਪ੍ਰਚਾਰ ਆਰੰਭਿਆ ਅਤੇ ਪੰਜਾਬੀ ਨੂੰ ਆਪਣੇ ਪ੍ਰਚਾਰ ਦਾ ਮਧਿਆਮ ਬਣਾਇਆ। ਲੁਧਿਆਣਾ ਈਸਾਈ ਮਿਸ਼ਨ ਨੇ ਗੁਰਮੁਖੀ ਦਾ ਆਪਣਾ ਛਾਪਖ਼ਾਨਾ ਲਗਾਇਆ ਅਤੇ ਅਨੇਕ ਟ੍ਰੈਕਟ ਛਾਪੇ। ਇਸੇ ਤੋਂ ਪਿੱਛੋਂ ਸਿੰਘ ਸਭਾ ਨੇ ਕਈ ਟ੍ਰੈਕਟ ਛਾਪ ਪਤ੍ਰ–ਪਤ੍ਰਿਕਾਵਾਂ ਦਾ ਆਰੰਭ ਹੋਇਆ ਜਿਸ ਨਾਲ ਹੌਲੀ ਹੌਲੀ ਪੰਜਾਬੀ ਗੱਦ ਲਿਖਣ ਦੇ ਢੰਗ ਵਿਚ ਨਿਖਾਰ ਆਇਆ। ਪੰਜਾਬ ਵਿਚ ਧਾਰਮਿਕ ਵਾਦ–ਵਿਵਾਦ ਅਤੇ ਰਾਜਸੀ ਅਵਸਥਾ ਨੇ ਪੰਜਾਬੀ ਪਤਰਕਾਰੀ ਨੂੰ ਹੋਰ ਵੀ ਪ੍ਰੇਰਣਾ ਦਿੱਤੀ।

          ਆਧੁਨਿਕ ਪੰਜਾਬੀ ਵਾਰਤਕ ਲੇਖਕਾਂ ਵਿਚੋਂ ਸਭ ਤੋਂ ਪਹਿਲਾਂ ਸ਼ਰਧਾ ਰਾਮ ਫਲੌਰੀ (1807–1881) ਦਾ ਨਾਉਂ ਲਿਆ ਜਾ ਸਕਦਾ ਹੈ। ਉਸ ਨੇ ‘ਸਿੱਖਾਂ ਦੇ ਰਾਜ ਦੀ ਵਿਥਿਆ’ ਅਤੇ ‘ਪੰਜਾਬੀ ਬਾਤ ਚੀਤ’ ਵਿਚ ਪਹਿਲੀ ਵਾਰ ਪੰਜਾਬੀ ਗੱਦ ਨੂੰ ਧਾਰਮਿਕ ਘੇਰਿਆਂ ਵਿਚੋਂ ਕਢਿਆ। ਬਿਹਾਰੀ ਲਾਲ ਪੁਰੀ (1830–1885 ਈ. ) ਨੇ ਪਾਠ ਪੁਸਤਕਾਂ ਤਿਆਰ ਕੀਤੀਆਂ ਅਤੇ ਸਭਿਆਚਾਰਕ ਲੇਖ ਵੀ ਲਿਖੇ। ਪ੍ਰੋ: ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਡਾ.ਚਰਨ ਸਿੰਘ ਅਤੇ ਭਾਈ ਵੀਰ ਸਿੰਘ ਨੇ ਮੁੱਢਲੀ ਪਤਰਕਾਰੀ ਦਾ ਮੂੰਹ ਮੱਥਾ ਸੰਵਾਰਿਆ। ਭਾਈ ਵੀਰ ਸਿੰਘ ਨੇ ਸੁੰਦਰ ਤਾਲਮਈ ਕਾਵਿ–ਗੱਦ ਵਿਚ ‘ਗੁਰੂ ਨਾਨਕ ਚਮਤਕਾਰ’, ‘ਗੁਰੂ ਕਲਗੀਧਰ ਚਮਤਕਾਰ’ ਅਤੇ ‘ਅਸ਼ਟ ਗੁਰੂ ਚਮਤਕਾਰ’ ਲਿਖੇ। ਭਾਈ ਮੋਹਨ ਸਿੰਘ ਵੈਦ ਨੇ ਪੁਸਤਕਾਂ, ਟ੍ਰੈਕਟ ਅਤੇ ਲੇਖ ਲਿਖੇ। ਪੂਰਨ ਸਿੰਘ ਪਹਿਲਾ ਗੱਦਕਾਰ ਹੈ ਜਿਸ ਨੇ ਆਪਣੇ ਲੇਖ–ਸੰਗ੍ਰਹਿ ਦਾ ਨਾਉਂ ਹੀ ‘ਖੁੱਲ੍ਹੇ ਲੇਖ’ ਰੱਖਿਆ। ਚਰਨ ਸਿੰਘ ਸ਼ਹੀਦ ਨੇ ਹਾਸ ਰਸੀ ਅੰਸ਼ ਵਾਰਤਕ ਵਿਚ ਲਿਆਂਦਾ। ਲਾਲ ਸਿੰਘ ਕਮਲਾ ਅਕਾਲੀ ਨੇ ਵਾਰਤਕ ਵਿਚ ਯਾਤਰਾ ਸਾਹਿੱਤ ਦੀ ਰਚਨਾ ਕੀਤੀ। ਗੁਰਬਖ਼ਸ਼ ਸਿੰਘ ਨੂੰ ਪੰਜਾਬੀ ਵਾਰਤਕ ਦਾ ਸ਼ੈਲੀਕਾਰ ਆਖਿਆ ਜਾ ਸਕਦਾ ਹੈ ਜਿਸ ਨੇ ‘ਪ੍ਰੀਤਲੜੀ’ ਦੇ ਲੇਖਾਂ ਅਤੇ ਪੁਸਤਕਾਂ ਰਾਹੀਂ ਪੰਜਾਬੀ ਵਾਰਤਕ ਨੂੰ ਸੁਗਮਤਾ ਅਤੇ ਸੂਖਮਤਾ ਪ੍ਰਦਾਨ ਕੀਤੀ।ਤੇਜਾ ਸਿੰਘ ਨੇ ਸਾਹਿਤਿਕ ਲੇਖ ਲਿਖੇ ਜਿਹੜੇ ਸਰਲਤਾ ਅਤੇ ਸੰਖੇਪਤਾ ਦੇ ਬਹੁਤ ਚੰਗੇ ਨਮੂਨੇ ਹਨ। ਹਰਮਿੰਦਰ ਸਿੰਘ ਰੂਪ ਦੇ ਵਿਅੰਗਮਈ ਲੇਖਾਂ ਵਿਚ ਹਾਸ ਰਸ ਵੀ ਹੈ ਅਤੇ ਡੂੰਘੀ ਚੋਟ ਵੀ। ਕਪੂਰ ਸਿੰਘ (ਆਈ. ਸੀ. ਐਸ.) ਦੀ ਵਾਰਤਕ ਫ਼ਾਰਸੀ ਸੰਸਕ੍ਰਿਤ ਦੀ ਤਤਸਮ–ਪ੍ਰਧਾਨ ਸ਼ੈਲੀ ਕਾਰਣ ਕਾਫ਼ੀ ਬੋਝਲ ਤੇ ਕਠਿਨ ਹੁੰਦੀ ਹੈ।

          ਇਸ ਤੋਂ ਇਲਾਵਾ ਪੰਜਾਬੀ ਵਿਚ ਉਪਯੋਗੀ ਸਾਹਿੱਤ ਬੜੀ ਸੁੰਦਰ ਵਾਰਤਕ ਵਿਚ ਰਚਿਆ ਗਿਆ ਹੈ। ਕਰਮ ਸਿੰਘ, ਪ੍ਰੇਮ ਸਿੰਘ ਹੋਤੀ ਅਤੇ ਗੰਡਾ ਸਿੰਘ ਇਤਿਹਾਸ ਦੇ, ਡਾ. ਬਲਬੀਰ ਸਿੰਘ ਅਤੇ ਕਪੂਰ ਸਿੰਘ ਦਰਸ਼ਨ ਦੇ, ਨਾਨਕ ਸਿੰਘ, ਗੁਰਬਖ਼ਸ਼ ਸਿੰਘ ਅਤੇ ਹਰਦਿਆਲ ਸਿੰਘ ਆਤਮ–ਕਥਾਵਾਂ ਅਤੇ ਜੀਵਨੀਆਂ ਦੇ, ਹੀਰੇ ਸਿੰਘ ਦਰਦ ਅਤੇ ਸ. ਸ. ਅਮੋਲ ਸਫ਼ਰਨਾਮਿਆਂ ਦੇ ਉੱਘੇ ਗੱਦਕਾਰ ਹਨ। ਗੁਰਨਾਮ ਸਿੰਘ ਤੀਰ ਅਤੇ ਸੂਬਾ ਸਿੰਘ ਨੇ ਹਲਕੇ ਫੁਲਕੇ ਹਾਸ–ਰਸੀ ਲੇਖ ਲਿਖੇ ਹਨ, ਗਾਰਗੀ ਨੇ ਖ਼ਾਕੇ ਅਤੇ ਰਿਪੋਤਰਾਜ ਦੇ ਨਮੂਨੇ ਵੀ ਪੇਸ਼ ਕੀਤੇ ਹਨ। ਪੰਜਾਬੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਆਮ ਮੰਨ ਲੈਣ ਨਾਲ ਅਤੇ ਪੰਜਾਬੀ ਵਿਚ ਗਿਆਨ ਵਿਗਿਆਨ ਦੀਆਂ ਪਾਠ–ਪੁਸਤਕਾਂ ਦੀ ਤਿਆਰੀ ਨਾਲ, ਪੰਜਾਬੀ ਵਾਰਤਕ ਵਿਚ ਵੱਖ ਵੱਖ ਪ੍ਰਯੋਗ ਹੋ ਰਹੇ ਹਨ।                            


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 17285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.