ਘਰਾਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਰਾਟ (ਨਾਂ,ਪੁ) ਪਾਣੀ ਦੇ ਜ਼ੋਰ ਨਾਲ ਪੱਥਰ ਦੇ ਪੁੜ ਘੁਮਾ ਕੇ ਅਨਾਜ ਪੀਹਣ ਵਾਲੀ ਚੱਕੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘਰਾਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਰਾਟ [ਨਾਂਪੁ] ਝਲਾਰ ਦੀ ਸਹਾਇਤਾ ਨਾਲ਼ ਚੱਲਣ ਵਾਲ਼ੀ ਚੱਕੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘਰਾਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਰਾਟ. ਸੰ. घरट्ट्—ਘਰੱਟ. ਸੰਗ੍ਯਾ—ਚੱਕੀ. ਦਾਣਾ ਪੀਹਣ ਦਾ ਯੰਤ੍ਰ. ਖਾਸ ਕਰਕੇ ਪਨਚੱਕੀ ਦੀ ਘਰਾਟ ਸੰਗ੍ਯਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਰਾਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਘਰਾਟ : ਇਹ ਆਟਾ ਪੀਹਣ ਦਾ ਇਕ ਯੰਤਰ ਹੈ ਜਿਸ ਨੂੰ ਪਣ ਚੱਕੀ ਵੀ ਕਿਹਾ ਜਾਂਦਾ ਹੈ। ਬਹੁਤ ਪ੍ਰਾਚੀਨ ਕਾਲ ਦੀਆਂ ਯਾਦਗਾਰੀ ਵਸਤਾਂ ਵਿਚੋਂ ਕਣਕ ਤੋਂ ਆਟਾ ਤਿਆਰ ਕਰਨ ਦੇ ਅਨੇਕਾਂ ਸਾਧਾਰਨ ਢੰਗ ਮਿਲਦੇ ਹਨ। ਇਨ੍ਹਾਂ ਢੰਗਾਂ ਵਿਚੋਂ ਪੱਥਰ ਦੀ ਬਣੀ ਖਰਲ ਵਿਚ ਕਣਕ ਪਾ ਕੇ ਪੱਥਰ ਦੇ ਨੋਕਦਾਰ ਟੁਕੜੇ ਨਾਲ ਰਗੜ ਕੇ ਆਟਾ ਬਣਾਉਣਾ ਇਕ ਆਮ ਪ੍ਰਚੱਲਤ ਢੰਗ ਸੀ। ਇਸ ਤੋਂ ਮਗਰੋਂ ਬਲਦਾਂ ਅਤੇ ਪਣ ਚੱਕੀਆਂ ਨਾਲ ਆਟਾ ਪੀਹਣਾ ਸ਼ੁਰੂ ਹੋ ਗਿਆ। ਮੁਢਲੀਆਂ ਪਣ ਚੱਕੀਆਂ ਵਿਚ ਉੱਪਰਲੇ ਅਤੇ ਹੇਠਲੇ ਦੋ ਪੱਥਰਾਂ ਨਾਲ ਆਟਾ ਪੀਸਿਆ ਜਾਂਦਾ ਸੀ। ਇਨ੍ਹਾਂ ਪੱਥਰਾਂ ਦੇ ਤਲ ਚਪਟੇ ਰੱਖੇ ਹੁੰਦੇ ਸਨ। ਇਨ੍ਹਾਂ ਦੋ ਪੱਥਰਾਂ ਵਿਚ ਹੇਠਲੇ ਪੱਥਰ ਨੂੰ ਸਥਿਰ ਰਖ ਕੇ ਉੱਪਰਲੇ ਪੱਥਰ ਨੂੰ ਜਲ-ਸ਼ਕਤੀ ਨਾਲ ਘੁੰਮਾਇਆ ਜਾਂਦਾ ਹੈ। ਉੱਪਰਲੇ ਪੱਥਰ ਦੇ ਘੁੰਮਣ ਨਾਲ ਸਮੁੱਚੇ ਯੰਤਰ ਵਿਚ ਕੰਪਨ ਪੈਦਾ ਕਰਕੇ ਗੁਰੂਤਾ ਦੇ ਅਸਰ ਅਧੀਨ ਇਕ ਪਰਨਾਲੇ ਰਾਹੀਂ ਦਾਣੇ ਨਿਸ਼ਚਿਤ ਦਰ ਨਾਲ ਡਿਗਦੇ ਰਹਿੰਦੇ ਹਨ ਅਤੇ ਪੱਥਰਾਂ ਦੀ ਆਪਸੀ ਰਗੜ ਵਿਚਕਾਰ ਆ ਕੇ ਪੀਸੇ ਜਾਂਦੇ ਹਨ। ਅਪਕੇਂਦਰੀ ਬਲ ਕਰਕੇ ਆਟਾ ਪਾਸਿਆਂ ਵੱਲ ਡਿਗਦਾ ਰਹਿੰਦਾ ਹੈ।

          ਉੱਪਰਲੇ ਪੱਥਰ ਨੂੰ ਘੁੰਮਾਉਣ ਲਈ ਵਗਦੇ ਪਾਣੀ ਦਾ ਵੇਗ ਜਾਂ ਡਿਗ ਰਹੇ ਪਾਣੀ ਦੀ ਗਤਿਜ ਊਰਜਾ ਦਾ ਉਪਯੋਗ ਕੀਤਾ ਜਾਂਦਾ ਹੈ। ਪਹਿਲੀ ਹਾਲਤ ਵਿਚ ਇਕ ਧੁਰੇ ਦੇ ਉੱਪਰਲੇ ਸਿਰੇ ਨਾਲ ਘੁੰਮਣ ਵਾਲੇ ਪੱਥਰ ਨੂੰ ਕੱਸਿਆ ਹੁੰਦਾ ਹੈ ਅਤੇ ਦੂਜੇ ਸਿਰੇ ਉੱਤੇ ਪੱਖਿਆਂ ਵਾਲੇ ਇਕ ਪਹੀਏ ਨੂੰ ਕੱਸਿਆ ਹੁੰਦਾ ਹੈ ਅਤੇ ਦੂਜੇ ਸਿਰੇ ਉੱਤੇ ਪੱਖਿਆਂ ਵਾਲੇ ਇਕ ਪਹੀਏ ਨੂੰ ਕੱਸਿਆ ਹੁੰਦਾ ਹੈ। ਇਹ ਧੁਰਾ ਸਥਿਰ ਪੱਥਰ ਦੇ ਕੇਂਦਰ ਵਿਚੋਂ ਦੀ ਲੰਘਦਾ ਹੈ, ਜਿਸ ਦਾ ਸਥਿਰ ਪੱਥਰ ਨਾਲ ਕੋਈ ਸਬੰਧ ਨਹੀਂ ਹੁੰਦਾ। ਗਤੀਸ਼ੀਲ ਪਾਣੀ ਜਦੋਂ ਇਸ ਪਹੀਏ ਦੇ ਪੱਖਿਆਂ ਉੱਤੇ ਪੈਂਦਾ ਹੈ ਤਾਂ ਉਹ ਨਿਰਧਾਰਿਤ ਦਿਸ਼ਾ ਵਿਚ ਪਹੀਏ ਨੂੰ ਘੁੰਮਾਕੇ ਅੱਗੇ ਲੰਘ ਜਾਂਦਾ ਹੈ। ਇਸ ਤਰ੍ਹਾਂ ਉੱਪਰਲਾ ਪੱਥਰ ਵੀ ਘੁੰਮਦਾ ਰਹਿੰਦਾ ਹੈ। ਸਥਿਰ ਪੱਥਰ ਨੂੰ ਉੱਪਰ ਥੱਲੇ ਸਰਕਾ ਕੇ ਦੋਵੇਂ ਪੱਥਰਾਂ ਵਿਚਲੀ ਦੂਰੀ ਘਟਾ ਵਧਾ ਕੇ ਲੋੜੀਂਦੀ ਰਗੜ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਢੰਗ ਸੌਖਾ, ਘੱਟ ਖ਼ਰਚੀਲਾ ਤੇ ਆਸਾਨੀ ਨਾਲ ਮੁਰੰਮਤ ਯੋਗ ਹੋਣ ਕਰਕੇ ਆਮ ਵਰਤਿਆ ਜਾਂਦਾ ਹੈ।

          ਦੂਜੀ ਹਾਲਤ ਵਿਚ ਕਈ ਥਾਵਾਂ ਉੱਤੇ ਜਿੱਥੇ ਪਾਣੀ ਉਚਾਈ ਤੋਂ ਡਿਗਦਾ ਹੈ ਖੂਹ ਵਾਂਗ ਟਿੰਡਾਂ ਲਗਾ ਦਿੱਤੀਆਂ ਜਾਂਦੀਆਂ ਹਨ, ਜਿਹੜੀਆਂ ਡਿਗ ਰਹੇ ਪਾਣੀ ਨਾਲ ਭਰ ਭਰ ਕੇ ਥੱਲੇ ਵੱਲ ਜਾਂਦੀਆਂ ਰਹਿੰਦੀਆਂ ਹਨ। ਇਹ ਦੂਰੀ ਉੱਤੇ ਲੱਗੀ ਖ਼ਰਾਸ ਨੂੰ ਘੁੰਮਾਉਂਦੀਆਂ ਰਹਿੰਦਆਂ ਹਨ, ਜਦੋਂ ਕਿ ਆਮ ਹਾਲਤਾਂ ਵਿਚ ਖ਼ਰਾਸ ਨੂੰ ਪਸ਼ੂਆਂ ਨਾਲ ਚਲਾਇਆ ਜਾਂਦਾ ਹੈ। ਖੂਹ ਵਿਚ ਸ਼ਕਤੀ ਦਾ ਉਪਯੋਗ ਕਰਕੇ ਭਰੀਆਂ ਹੋਈਆਂ ਟਿੰਡਾਂ ਗੁਰੂਤਾ ਕਾਰਨ ਥੱਲੇ ਚਲੀਆਂ ਜਾਂਦੀਆਂ ਹਨ ਅਤੇ ਸ਼ਕਤੀ ਉਤਪੰਨ ਕਰਦੀਆਂ ਹਨ।

          ਘਰਾਟ ਉੱਤੇ ਪਾਣੀ ਦੀ ਉਪਲਬਧ ਮਾਤਰਾ ਅਨੁਸਾਰ ਚੱਕੀਆਂ ਦੀ ਗਿਣਤੀ ਇਕ ਜਾਂ ਇਕ ਤੋਂ ਵੱਧ ਰੱਖੀ ਜਾ ਸਕਦੀ ਹੈ। ਇਕ ਚੱਕੀ ਦਿਨ ਰਾਤ ਵਿਚ 10 ਕਵਿੰਟਲ ਤੱਕ ਪੀਹਣ ਪੀਹ ਸਕਦੀ ਹੈ। ਇਨ੍ਹਾਂ ਦੁਆਰਾ ਪੀਸਿਆ ਹੋਇਆ ਆਟਾ ਵਧੇਰੇ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਦੂਜੀਆਂ ਚੱਕੀਆਂ ਦੇ ਚੱਕਰ ਵੱਧ ਹੋਣ ਕਰਕੇ ਰਗੜ ਕਾਰਨ ਗਰਮੀ ਬਹੁਤ ਪੈਦਾ ਹੁੰਦੀ ਹੈ ਜਿਹੜੀ ਆਟੇ ਦੇ ਕੁਝ ਖ਼ੁਰਾਕੀ ਅੰਸ਼ ਨਸ਼ਟ ਕਰ ਦਿੰਦੀ ਹੈ।

          ਘਰਾਟ ਨਾਮੀ ਚੱਕੀਆਂ ਆਮ ਕਰਕੇ ਭਾਰਤ ਵਿਚ ਹੀ ਪ੍ਰਚੱਲਤ ਹਨ ਕਿਉਂਕਿ ਇਥੋਂ ਦਾ ਧਰਾਤਲ ਕਾਫ਼ੀ ਉੱਚਾ-ਨੀਵਾਂ ਅਤੇ ਪਹਾੜੀ ਹੈ ਅਤੇ ਝਰਨੇ ਜ਼ਿਆਦਾ ਹਨ, ਜਿਨ੍ਹਾਂ ਤੋਂ ਆ ਰਿਹਾ ਪਾਣੀ ਆਸਾਨੀ ਨਾਲ ਚੱਕੀ ਚਲਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

          ਹ. ਪੁ.––ਪੰ. ਪੰ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.