ਚੁਕੰਦਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Beet, sugar (ਬੀਟ, ਸ਼ੂਗਅ*) ਚੁਕੰਦਰ: ਸ਼ਿਤੋਸ਼ਣ ਖੰਡ ਵਿੱਚ ਚੁਕੰਦਰ ਦੀ ਫ਼ਸਲ ਚੀਨੀ ਹਾਸਲ ਕਰਨ ਵਾਸਤੇ ਉਗਾਈ ਜਾਂਦੀ ਹੈ। ਭਾਵੇਂ ਇਹ ਗੰਨੇ ਤੋਂ ਤਿਆਰ ਕੀਤੀ ਚੀਨੀ ਨਾਲੋਂ ਬਣਾਉਣੀ ਮਹਿੰਗੀ ਪੈਂਦੀ ਹੈ, ਪਰ ਫਿਰ ਵੀ ਇਸ ਨੂੰ ਇਹਨਾਂ ਖੇਤਰਾਂ ਵਿੱਚ ਆਤਮ-ਨਿਰਭਰਤਾ ਵਾਸਤੇ ਤਰਜੀਹ ਦਿੱਤੀ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਚੁਕੰਦਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sugar beet (ਸ਼ੂਗਅ: ਬੀਟ) ਚੁਕੰਦਰ: ਇਹ ਇਕ ਸਫ਼ੈਦ ਕੋਨਦਾਰ ਫੁਲੀ ਜੜ੍ਹ ਵਾਲਾ ਦੋ-ਸਾਲਾ ਪੌਦਾ ਹੈ, ਜਿਸ ਤੋਂ ਚੀਨੀ ਪ੍ਰਾਪਤ ਹੁੰਦੀ ਹੈ। ਇਹ ਯੂਰਪੀ ਮਹਾਂਦੀਪ ਵਿੱਚ ਮੱਧ-ਅਕਸ਼ਾਂਸ਼ੀ ਖੇਤਰਾਂ ਦਾ ਸੁਦੇਸ਼ੀ ਪੌਦਾ ਹੈ ਅਤੇ ਅਜਿਹੀਆਂ ਸਮਾਨ ਦਸ਼ਾਵਾਂ ਕਿਤੇ ਵੀ ਹੋਣ ਇਸ ਦੀ ਕਾਸ਼ਤ ਤੋਂ ਚੀਨੀ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦੇ ਰਸ ਤੋਂ ਚੀਨੀ ਬਣਦੀ ਹੈ, ਪੱਤਿਆਂ ਅਤੇ ਗੁੱਦਾ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ ਅਤੇ ਸੀਰੇ (molasses) ਤੋਂ ਦਾਰੂ (alcohol) ਤਿਆਰ ਕੀਤੀ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਚੁਕੰਦਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੁਕੰਦਰ : ਇਹ ਚੀਨੋਪੋਡੀਏਸੀ ਕੁਲ ਦਾ ਇਕ ਪੌਦਾ ਹੈ। ਇਸ ਦਾ ਵਿਗਿਆਨਕ ਨਾਂ ਬੀਟਾ ਵੱਲਗੈਰਿਸ (Beta Vulgaris) ਹੈ। ਇਹ ਅਮਰੀਕਾ ਅਤੇ ਯੂਰਪ ਦੀ ਇਕ ਮਹੱਤਵਪੂਰਨ ਫ਼ਸਲ ਹੈ। ਭਾਰਤ ਵਿਚ ਇਹ ਮੂਲੀ, ਗਾਜਰ ਤੇ ਸ਼ਲਗਮ ਤੋਂ ਬਾਅਦ ਆਉਂਦੀ ਹੈ। ਇਸ ਦਾ ਮੂਲ-ਸਥਾਨ ਯੂਰਪ ਜਾਂ ਪੱਛਮੀ ਏਸ਼ੀਆ ਅਤੇ ਅਫ਼ਰੀਕਾ ਦੇ ਆਲੇ-ਦੁਆਲੇ ਦਾ ਇਲਾਕਾ ਹੈ।

          ਚੁਕੰਦਰ ਦੋ-ਰੁੱਤੀ ਪੌਦਾ ਹੈ। ਇਸ ਨੂੰ ਇਸ ਦੀ ਮੋਟੀ, ਗੁੱਦੇਦਾਰ ਟੈਪਰੂਟ (ਮੂਸਲ-ਜੜ੍ਹ) ਅਤੇ ਲਾਗਲੇ ਥਲਵੇਂ ਹਿੱਸੇ ਕਰਕੇ ਉਗਾਇਆ ਜਾਂਦਾ ਹੈ ਜਿਹੜਾ ਪਹਿਲੀ ਰੁੱਤ ਵਿਚ ਉੱਗਦਾ ਹੈ। ਦੂਜੀ ਰੁੱਤ ਵਿਚ ਇਕ ਲੰਮਾ, ਸ਼ਾਖ਼ਾਵਾਂ ਤੇ ਪੱਤਿਆਂ ਵਾਲਾ ਤਣਾ ਉੱਗਦਾ ਹੈ, ਜਿਸ ਉੱਤੇ ਅਨੇਕਾਂ, ਬਹੁਤ ਛੋਟੇ ਹਰੇ ਫੁੱਲਾਂ ਦੇ ਗੁੱਛੇ ਲਗਦੇ ਹਨ। ਇਨ੍ਹਾਂ ਤੋਂ ਫਿਰ ਭੂਰੇ ਰੰਗ ਦੇ ਫਲ ਬਣਦੇ ਹਨ। ਨਿਸ਼ੇਚਨ ਪਰ-ਪਰਾਗਣ ਰਾਹੀਂ ਹੁੰਦਾ ਹੈ।

          ਚੁਕੰਦਰ ਕੱਚੀ ਸਲਾਦ ਦੇ ਤੌਰ ਤੇ ਜਾਂ ਹੋਰ ਸਬਜ਼ੀਆਂ ਨਾਲ ਇਕੱਠਾ ਪਕਾ ਕੇ ਖਾਧੀ ਜਾਂਦੀ ਹੈ। ਇਸ ਤੋਂ ਹੋਰ ਕਈ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ। ਇਸ ਵਿਚ ਖਣਿਜ ਅਤੇ ਵਿਟਾਮਿਨ-ਸੀ ਦੀ ਕਾਫ਼ੀ ਮਾਤਰਾ ਹੁੰਦੀ ਹੈ। ਇਸ ਦੇ ਖ਼ੁਰਾਕੀ ਤੱਤਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :––

 

 

          (ਪ੍ਰਤਿ 100 ਗ੍ਰਾ. ਖਾਣ-ਯੋਗ ਭਾਗ)

ਨਮੀ

87.8 ਗ੍ਰਾ.

ਲੋਹਾ

1.0 ਮਿ. ਗ੍ਰਾ.

ਪ੍ਰੋਟੀਨ

1.7 ਗ੍ਰਾ.

ਸੋਡੀਅਮ

59.8 ਮਿ. ਗ੍ਰਾ.

ਚਰਬੀ

0.1 ਗ੍ਰਾ.

ਪੋਟਾਸ਼ੀਅਮ

43 ਮਿ. ਗ੍ਰਾ.

ਖਣਿਜ

0.8 ਗ੍ਰਾ.

ਤਾਂਬਾ

20 ਮਿ. ਗ੍ਰਾ.

ਰੇਸ਼ੇ

0.9 ਗ੍ਰਾ.

ਗੰਧਕ

14 ਮਿ. ਗ੍ਰਾ.

ਹੋਰ ਕਾਰਬੋਹਾਈਡ੍ਰੇਟ

8.8 ਮਿ. ਗ੍ਰਾ.

 

 

ਕੈਲੋਰੀਆਂ

43

ਵਿਟਾਮਿਨ-ਏ

ਕੋਈ ਨਹੀਂ

ਕੈਲਸ਼ੀਅਮ

200 ਮਿ. ਗ੍ਰਾ.

ਥਾਇਆਮੀਨ

004 ਮਿ. ਗ੍ਰਾ.

ਮੈਗਨੀਸ਼ੀਅਮ

9 ਗ੍ਰਾ.

ਰਿਬੋਫ਼ਲਾਵੀਨ

0.09 ਮਿ. ਗ੍ਰਾ.

ਆੱਕਸੈਲਿਕ ਐਸਿਡ

40 ਗ੍ਰਾ.

ਨਿਕੋਟੀਨਿਕ ਐਸਿਡ

0.4 ਮਿ. ਗ੍ਰਾ.

ਫ਼ਾੱਸਫ਼ੋਰਸ

55 ਗ੍ਰਾ.

ਵਿਟਾਮਿਨ-ਸੀ

88.0 ਮਿ. ਗ੍ਰਾ.

          ਚੁਕੰਦਰ ਦੀਆਂ ਚਾਰ ਮੁੱਖ ਕਿਸਮਾਂ ਹਨ :

          (1) ਸ਼ੂਗਰ-ਬੀਟ, ਜਿਸ ਤੋਂ ਖੰਡ ਪ੍ਰਾਪਤ ਕੀਤੀ ਜਾਂਦੀ ਸੀ; (2) ਬਾਗ਼ਾਂ ਵਿਚ ਉਗਾਈ ਜਾਣ ਵਾਲੀ ਚੁਕੰਦਰ, ਜਿਸ ਨੂੰ ਟੇਬਲ ਚੁਕੰਦਰ ਜਾਂ ਲਾਲ ਚੁਕੰਦਰ ਵੀ ਕਹਿੰਦੇ ਹਨ; (3) ਪਸ਼ੂਆਂ ਨੂੰ ਚਾਰਨ ਲਈ ਉਗਾਈ ਜਾਣ ਵਾਲੀ ਕਿਸਮ, ਮੈਂਗਲ ਵਰਜ਼ਲ ਜਾਂ ਮੈਂਗਲਡ ਅਤੇ (4) ਪੱਤਾ-ਚੁਕੰਦਰ ਜਾਂ ਸਵਿਸ ਚਾਰਡ, ਜਿਸ ਨੂੰ ਇਸ ਦੇ ਪੱਤਿਆਂ ਕਰਕੇ ਉਗਾਇਆ ਜਾਂਦਾ ਹੈ।

          ਖੰਡ ਵਾਲੀ ਚੁਕੰਦਰ ਦੀਆਂ ਜੜ੍ਹਾਂ ਵਿਚ ਖੰਡ ਦੀ ਕਾਫ਼ੀ ਮਾਤਰਾ ਹੋਣ ਕਰਕੇ ਇਸ ਦੀ ਵਪਾਰਕ ਮਹੱਤਤਾ ਬਾਕੀ ਸਾਰੀਆਂ ਕਿਸਮਾਂ ਨਾਲੋਂ ਜ਼ਿਆਦਾ ਹੈ। ਇਨ੍ਹਾਂ ਵਿਚ ਔਸਤਨ ਖੰਡ ਦੀ ਮਾਤਰਾ 15% ਹੁੰਦੀ ਹੈ ਪਰ ਕਈ ਹਾਲਤਾਂ ਵਿਚ ਇਹ 20% ਤੱਕ ਹੁੰਦੀ ਹੈ। ਉਨ੍ਹਾਂ ਇਲਾਕਿਆਂ ਵਿਚ ਜਿਥੇ ਗੰਨੇ ਦੀ ਫ਼ਸਲ ਲਈ ਪੌਣ-ਪਾਣੀ ਜ਼ਿਆਦਾ ਠੰਢਾ ਹੁੰਦਾ ਹੈ, ਚੁਕੰਦਰ, ਖੰਡ ਦਾ ਮੁੱਖ ਸੋਮਾ ਹੈ।

          ਸੰਸਾਰ ਦੀ ਕੁੱਲ ਖੰਡ ਦਾ ਇਕ-ਤਿਹਾਈ ਹਿੱਸਾ ਚੁਕੰਦਰ ਤੋਂ ਅਤੇ ਦੋ-ਤਿਹਾਈ ਗੰਨੇ ਤੋਂ ਪ੍ਰਾਪਤ ਹੁੰਦਾ ਹੈ। ਖੰਡ ਵਾਲੀ ਚੁਕੰਦਰ ਪੈਦਾ ਕਰਨ ਵਾਲੇ ਮੁੱਖ ਦੇਸ਼ ਰੂਸ, ਅਮਰੀਕਾ, ਫ਼ਰਾਂਸ, ਪੋਲੈਂਡ, ਜਰਮਨੀ, ਚੈਕ ਸਲੋਵਾਕ ਅਤੇ ਸੰਯੁਕਤ ਰਾਜ ਹਨ।

          ਚੁਕੰਦਰ ਆਮ ਤੌਰ ਤੇ ਠੰਢੇ ਮੌਸਮ ਦੀ ਫ਼ਸਲ ਹੈ ਪਰ ਇਹ ਗਰਮ ਰੁੱਤ ਵਿਚ ਵੀ ਉਗਾਈ ਜਾ ਸਕਦੀ ਹੈ। ਠੰਢੀ ਰੁੱਤ ਵਾਲੀ ਚੁਕੰਦਰ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਫ਼ਸਲ ਦੇ ਪੱਕਣ ਅਤੇ ਬੀਜ ਪੈਣ ਦੀ ਸਮਰੱਥਾ ਉੱਤੇ ਤਾਪਮਾਨ ਦਾ ਬਹੁਤ ਅਸਰ ਪੈਂਦਾ ਹੈ। 10° ਸੈਂ. ਤੋਂ ਘੱਟ ਤਾਪਮਾਨ ਤੇ ਬੀਜ ਬਹੁਤ ਜਲਦੀ ਪੈ ਜਾਂਦੇ ਹਨ।

          ਇਹ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਜਾਂਦੀ ਹੈ। ਜ਼ਮੀਨ ਸਿਰਫ਼ ਭੁਰਭੁਰੀ ਹੋਣੀ ਚਾਹੀਦੀ ਹੈ। ਖਾਰੀ ਜ਼ਮੀਨ ਵਿਚ ਚੁਕੰਦਰ ਚੰਗੀ ਨਹੀਂ ਹੁੰਦੀ। ਰੇਤਲੀ ਮੈਰਾ ਜ਼ਮੀਨ ਵਿਚ ਜੀਵਕ ਖਾਦਾਂ ਪਾਉਣੀਆਂ ਪੈਂਦੀਆਂ ਹਨ। ਚੁਕੰਦਰ ਲਈ ਬੋਰਾਨ ਦੀ ਵੱਧ ਲੋੜ ਹੁੰਦੀ ਹੈ। ਇਸ ਦੀ ਘਾਟ ਕਾਰਨ ਚੁਕੰਦਰ ਵਿਚ ਨੁਕਸ ਪੈਦਾ ਹੋ ਜਾਂਦਾ ਹੈ ਜਿਸ ਨੂੰ ਕਾਲਾ ਧੱਬਾ ਜਾਂ ਸੁੱਕਾ ਸਾੜਾ ਕਹਿੰਦੇ ਹਨ। ਇਸ ਦੇ ਬੀਜ ਬੀਜਣ ਦਾ ਸਮਾਂ ਗਾਜਰ ਵਾਲਾ ਹੀ ਹੈ। ਇਕ ਹੈਕਟੇਅਰ ਲਈ 5.6 ਕਿ. ਗ੍ਰਾ. ਬੀਜ ਕਾਫ਼ੀ ਹੈ। ਇਕ ਬੀਜ ਤੋਂ ਇਕ ਤੋਂ ਵੱਧ ਪੌਦੇ ਉੱਗਦੇ ਹਨ। ਇਸ ਲਈ ਫ਼ਸਲ ਨੂੰ ਵਿਰਲਾ ਕਰਨਾ ਬਹੁਤ ਜ਼ਰੂਰੀ ਹੈ।

          ਕੀੜੇ ਤੇ ਰੋਗ––ਇਸ ਦੇ ਪੱਤਾ ਛੇਦਕ ਕੀੜਿਆਂ ਉੱਤੇ ਮੈਲਾਥੀਆਨ ਦਾ ਛਿੜਕਾਅ ਕਰਕੇ ਕਾਬੂ ਪਾਇਆ ਜਾ ਸਕਦਾ ਹੈ। ਪਿੱਸੂ-ਭੂੰਡੀ ਤੇ ਜਾਲਾ-ਕੀਟ ਕੀੜੇ ਵੀ ਇਸ ਤੇ ਹਮਲਾ ਕਰਦੇ ਹਨ। ਪੱਤਾ-ਧੱਬੇ ਵੀ ਆਮ ਲੱਗਣ ਵਾਲਾ ਰੋਗ ਹੈ। ਪੁਰਾਣੇ ਲਾਗ ਵਾਲੇ ਪੱਤਿਆਂ ਨੂੰ ਹਲ ਚਲਾ ਕੇ ਜ਼ਮੀਨ ਵਿਚ ਵਾਹ ਦੇਣ ਤੇ ਕਿਸੇ ਤਾਂਬਾ-ਯੁਕਤ ਫ਼ਫ਼ੂੰਦੀ-ਨਾਸ਼ਕ ਦਵਾਈ ਦਾ ਛਿੜਕਾਅ ਕਰਨ ਨਾਲ ਇਸ ਰੋਗ ਤੇ ਕਾਬੂ ਪਾਇਆ ਜਾ ਸਕਦਾ ਹੈ। ਗੰਢੇ, ਮਟਰ ਅਤੇ ਇਸ ਰੋਗ ਦਾ ਟਾਕਰਾ ਕਰਨ ਵਾਲੀਆਂ ਹੋਰ ਸਬਜ਼ੀਆਂ ਨਾਲ ਅਦਲ-ਬਦਲ ਕਰਕੇ ਬੀਜਣ ਨਾਲ ਇਸ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.