ਛਕੇ-ਛੰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਛਕੇ-ਛੰਤ (ਬਾਣੀ): ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਤੇ ਆਸਾ ਰਾਗ ਵਿਚ ਰਚੇਛਕੇ ਛੰਤ ’ ਚਾਰ ਚਾਰ ਜੁੱਟਾਂ ਵਾਲੇ ਗੁਰੂ ਰਾਮਦਾਸ ਜੀ ਦੇ ਉਹ ਛੇ ਛੰਤ ਹਨ ਜੋ ਆਮ ਤੌਰ ’ਤੇ ‘ਆਸਾ ਕੀ ਵਾਰ ’ ਦੀਆਂ 24 ਪਉੜੀਆਂ ਦੇ ਨਾਲ ਨਾਲ ਇਕ ਇਕ ਕਰਕੇ ਪੜ੍ਹੇ ਜਾਂਦੇ ਹਨ। ਇਨ੍ਹਾਂ ਵਿਚ ਇਸਤਰੀ ਰੂਪੀ ਸਾਧਕ ਦੇ ਪਤੀ ਰੂਪੀ ਪਰਮਾਤਮਾ ਨਾਲ ਹੋਏ ਸਵੱਛ ਪ੍ਰੇਮ ਦੀ ਨਿਰਛਲ ਅਭਿਵਿਅਕਤੀ ਹੋਈ ਹੈ। ਹਰਿ-ਨਾਮ ਦੀ ਪ੍ਰਾਪਤੀ ਨਾਲ ਹਰ ਪ੍ਰਕਾਰ ਦੀ ਤ੍ਰਿਸ਼ਨਾ ਅਤੇ ਭੁਖ ਸਮਾਪਤ ਹੋ ਜਾਂਦੀਆਂ ਹਨ। ਭਗਤਾਂ ਦੀ ਮਰਯਾਦਾ ਦਾ ਪਾਲਨ ਪਰਮਾਤਮਾ ਖ਼ੁਦ ਹੀ ਕਰਦਾ ਹੈ।

            ਇਨ੍ਹਾਂ ਛੰਤਾਂ ਦੀ ਰਚਨਾ ਪਿਛੇ ਗੁਰੂ ਅਮਰਦਾਸ ਜੀ ਪ੍ਰਤਿ ਗੁਰੂ ਰਾਮਦਾਸ ਜੀ ਦੀ ਮਾਨਸਿਕਤਾ ਵਿਚ ਸਮਾਈ ਸ਼ੁਕਰਾਨੇ ਦੀ ਉਹ ਭਾਵਨਾ ਹੈ ਜੋ ਘੁੰਙਣੀਆਂ ਵੇਚਣ ਦੀ ਸਥਿਤੀ ਤੋਂ ਚੁਕ ਕੇ ਅਧਿਆਤਮਿਕ ਖੇਤਰ ਦੀ ਉੱਚ ਅਵਸਥਾ ਤਕ ਪਹੁੰਚਾਉਣ ਦੀ ਪ੍ਰਕ੍ਰਿਆ ਤੋਂ ਪੈਦਾ ਹੋਈ ਸੀ। ਇਸ ਵਿਚ ਇਕ ਪਾਸੇ ਆਪਣੀ ਨਿਰਬਲਤਾ ਅਤੇ ਦੂਜੇ ਪਾਸੇ ਗੁਰੂ ਦੇ ਬਿਰਦ ਦੀ ਵਡਿਆਈ ਨੂੰ ਬੜੀ ਰੁਚੀ ਨਾਲ ਚਿਤਰਿਆ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਛੰਤਾਂ ਦਾ ਜਨਮ ਆਪਣੀ ਤੁੱਛਤਾ ਅਤੇ ਗੁਰੂ ਦੀ ਮਹਾਨਤਾ ਦੇ ਅਹਿਸਾਸ ਤੋਂ ਹੋਇਆ ਹੈ।

            ਇਹ ਰਚਨਾ ਕਾਵਿ-ਕਲਾ ਦਾ ਉਤਮ ਨਮੂਨਾ ਹੈ ਕਿਉਂਕਿ ਇਸ ਵਿਚ ਗੁਰੂ-ਸਿੱਖ ਦੇ ਪ੍ਰੇਮ-ਸੰਬੰਧ ਅਤੇ ਉਸ ਸੰਬੰਧ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਦਾ ਹਿਰਦੇ-ਬੇਧੀ ਚਿਤ੍ਰਣ ਹੋਇਆ ਹੈ। ਇਹ ਪ੍ਰੇਮ-ਭਾਵ ਕਿਤੇ ਸਹਿਜ, ਕਿਤੇ ਸ਼ੋਖ ਅਤੇ ਕਿਤੇ ਗੰਭੀਰ ਢੰਗ ਨਾਲ ਪ੍ਰਗਟਾਇਆ ਗਿਆ ਹੈ। ਇਸ ਵਿਚ ਪ੍ਰੇਮ ਦੀਆਂ ਲਹਿਰਾਂ ਗੁਰੂ-ਕਵੀ ਦੀ ਹਿਰਦੇ ਦੀ ਸਵੱਛ ਅਤੇ ਨਿਰਛਲ ਅਨੁਭੂਤੀ ਤੋਂ ਪੈਦਾ ਹੋ ਕੇ ਪਾਠਕ/ ਸਰੋਤਾ ਦੇ ਹਿਰਦੇ ਉਤੇ ਆਪਣਾ ਅਮਿਟ ਪ੍ਰਭਾਵ ਛਡਦੀਆਂ ਹਨ। ਇਸ ਨਾਲ ਇਸ ਰਚਨਾ ਦਾ ਸੋਹਜਾਤਮਕ ਪੱਖ ਵੀ ਬਹੁਤ ਬਲਵਾਨ ਹੋ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.