ਜਹਾਜ਼ਰਾਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਹਾਜ਼ਰਾਨੀ [ਨਾਂਇ] ਜਹਾਜ਼ ਚਲਾਉਣ ਦਾ ਕੰਮ ਜਾਂ ਕਿੱਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਹਾਜ਼ਰਾਨੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਹਾਜ਼ਰਾਨੀ : ਸਮੁੰਦਰੀ ਜਾਂ ਹਵਾਈ ਜਹਾਜ਼ ਨੂੰ ਇਕ ਥਾਂ ਤੋਂ ਦੂਜੀ ਥਾਂ ਇਕ ਯੋਗ ਰਸਤੇ ਰਾਹੀਂ ਲਿਜਾਣ ਅਤੇ ਕਿਸੇ ਵਿਸ਼ੇਸ਼ ਪਲ ਤੇ ਇਨ੍ਹਾਂ ਦੀ ਸਥਿਤੀ ਦਾ ਪਤਾ ਲਗਾਉਣ ਦੀ ਕਲਾ ਜਾਂ ਹੁਨਰ ਨੂੰ ਜਹਾਜ਼ਰਾਨੀ ਕਿਹਾ ਜਾਂਦਾ ਹੈ। ਸਮੁੰਦਰੀ ਜਹਾਜ਼ਰਾਨੀ ਲਈ ਇਕ ਚਾਰਟ ਅਤੇ ਕੰਪਾਸ ਦੀ ਜ਼ਰੂਰਤ ਪੈਂਦੀ ਹੈ। ਕੰਪਾਸ ਦੀ ਕਾਢ ਤੋਂ ਪਹਿਲਾਂ ਸਮੁੰਦਰੀ ਜਹਾਜ਼ ਪਾਣੀ ਵਿਚ ਇੰਨੀ ਦੂਰੀ ਤੱਕ ਹੀ ਜਾਂਦੇ ਸਨ ਕਿ ਉਨ੍ਹਾਂ ਨੂੰ ਧਰਤੀ ਦਿੱਸਦੀ ਰਹੇ।

          ਦੋ ਥਾਵਾਂ ਵਿਚਲੇ ਜਲ ਮਾਰਗ ਦਾ ਪਤਾ ਲਗਾਉਣ ਲਈ ਗਲੋਬ ਦੇ ਵੱਖ-ਵੱਖ ਭਾਗਾਂ ਉੱਤੇ ਚਾਰਟ ਵਾਹੇ ਜਾ ਚੁੱਕੇ ਹਨ। ਕਿਸੇ ਜਹਾਜ਼ ਦੀ ਮੌਜੂਦਾ ਸਥਿਤੀ ਤੇ ਉਸ ਦੀ ਮੰਜ਼ਿਲ ਦੀ ਸਥਿਤੀ ਇਸ ਚਾਰਟ ੳੱਤੇ ਅੰਕਿਤ ਉਸ ਦਾ ਪਥ ਵਾਹਿਆ ਜਾਂਦਾ ਹੈ। ਇਸ ਪਥ ਦੀ ਦਿਸ਼ਾ ਦਾ ਗਿਆਨ ਚਾਰਟ ਉੱਤੇ ਲੱਗੇ ਕੰਪਾਸ ਦੇ ਨਿਸ਼ਾਨਾਂ ਤੋਂ ਲਗਾਇਆ ਜਾਂਦਾ ਹੈ। ਜੇਕਰ ਧਰਤੀ ਵਿਖਾਈ ਦਿੰਦੀ ਹੋਵੇ ਤਾਂ ਉਸ ਉਪਰ ਚਾਨਣ ਮੁਨਾਰੇ ਜਾਂ ਕਿਸੇ ਗਿਰਜੇ ਦੀ ਕਲਸ ਉੱਤੇ ਲੱਗੇ ਦਿਸ਼ਾ ਸੂਚਕ ਨਾਲ ਕੰਪਾਸ ਦੀ ਦਿਸ਼ਾ ਮੇਲ ਕੇ ਦਿਸ਼ਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਅਜਿਹੀਆਂ ਇਮਾਰਤਾਂ ਆਦਿ ਨੂੰ ਚਾਰਟ ਉੱਤੇ ਦਰਸਾਇਆ ਹੁੰਦਾ ਹੈ।

          ਜਦੋਂ ਜਹਾਜ਼ ਤੋਂ ਧਰਤੀ ਵਿਖਾਈ ਨਾ ਦਿੰਦੀ ਹੋਵੇ ਤਾਂ ਜਹਾਜ਼ ਦੀ ਸਥਿਤੀ ਦਾ ਅੰਦਾਜ਼ਾ ਉਸ ਦੁਆਰਾ ਆਪਣੀ ਮੂਲ ਸਥਿਤੀ ਤੋਂ ਤੈਅ ਕੀਤੀ ਜਨ ਮਾਰਗੀ ਦੂਰੀ ਤੋਂ ਲਗਾਇਆ ਜਾਂਦਾ ਹੈ ਅਤੇ ਫਿਰ ਇਹ ਦੂਰੀ ਚਾਰਟ ਉੱਤੇ ਪਲਾਟ ਕਰ ਦਿੱਤੀ ਜਾਂਦੀ ਹੈ। ਅਜਿਹੀ ਅੰਦਾਜ਼ਨ ਸਥਿਤੀ ਨੂੰ ਅਖਗੋਲੀ ਨਿਰਧਾਰਣ ਕਿਹਾ ਜਾਂਦਾ ਹੈ। ਜੇਕਰ ਲਹਿਰਾਂ, ਤੂਫਾਨਾਂ, ਹਵਾ, ਮੌਸਮ ਅਤੇ ਹੋਰ ਚੀਜ਼ਾਂ ਦੇ ਪ੍ਰਭਾਵ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ ਤਾਂ ਇਸ ਨੂੰ ਅਨੁਮਾਨਿਤ ਸਥਿਤੀ ਕਿਹਾ ਜਾਂਦਾ ਹੈ।

          ਜਦੋਂ ਧਰਤੀ ਵਿਖਾਈ ਨਾ ਦਿੰਦੀ ਹੋਵੇ ਤਾਂ ਜਹਾਜ਼ ਦੀ ਸਹੀ ਸਥਿਤੀ ਆਕਾਸ਼ੀ ਪਿੰਡਾਂ ਦੇ ਅਧਿਐਨ ਦੁਆਰਾ ਪਤਾ ਕੀਤੀ ਜਾਂਦੀ ਹੈ। ਤਾਰੇ ਜਾਂ ਹੋਰ ਗ੍ਰਹਿਆਂ ਆਦਿ ਦੇ ਨਿਰੀਖਣ ਤੋਂ ਜਹਾਜ਼ ਦੀ ਸਹੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਇਹ ਨਿਰੀਖਣ ਆਮ ਕਰਕੇ ਸਵੇਰੇ ਅਤੇ ਸ਼ਾਮ ਦੀ ਮੱਧਮ ਰੌਸ਼ਨੀ ਵਿਚ ਕੀਤੇ ਜਾਂਦੇ ਹਨ।

          ਮੱਧ-ਕਾਲੀਨ ਯੁੱਗ ਤੋਂ ਜਹਾਜ਼ਰਾਨੀ ਕਲਾ ਕਾਫ਼ੀ ਵਿਕਸਿਤ ਹੋਈ ਹੈ। ਪ੍ਰਮੁੱਖ ਖੋਜਾਂ ਵਿਚ ਜਹਾਜ਼ਰਾਨੀ ਕੰਪਾਸ (12 ਵੀਂ ਸਦੀ), ਮਰਕੇਟਰ ਚਾਰਟ (1569), ਡੇਵੀਸਨ-ਕੁਆਡਰੈਂਟ (1600), ਐਡਮੰਡ ਗੁੰਥਰ ਦੁਆਰਾ ਲਾਗੇਰਿਥਮ ਦੀ ਵਰਤੋਂ 1620 ਆਦਿ ਸ਼ਾਮਲ ਹਨ।

          ਇਨ੍ਹਾਂ ਪ੍ਰੇਖਣਾਂ ਲਈ ਸੈੱਕਸਟੈਂਟ ਅਤੇ ਗਰੀਨਵਿਚ ਟਾਈਮ ਦੱਸਣ ਵਾਲੇ ਕੋਲੋਮੀਟਰ ਵਰਤੇ ਜਾਂਦੇ ਹਨ। ਪ੍ਰਕਾਸ਼ੀ ਪਿੰਡਾਂ ਦੀ ਉਚਾਈ ਦੀ ਮਿਣਤੀ ਸੈੱਕਸਟੈਂਟ ਨਾਲ ਕੀਤੀ ਜਾਂਦੀ ਹੈ ਅਤੇ ਨਾਲ ਹੀ ਘੜੀ ਤੋਂ ਸਮਾਂ ਵੀ ਨੋਟ ਕਰ ਲਿਆ ਜਾਂਦਾ ਹੈ।

          ਜਹਾਜ਼ਰਾਨੀ, ਹਵਾਈ––ਹਵਾਈ ਜਹਾਜ਼ਰਾਨੀ ਅਤੇ ਸਮੁੰਦਰੀ ਜਹਾਜ਼ਰਾਨੀ ਦੇ ਨਿਯਮ ਇਕੋ ਹੀ ਹਨ ਪਰੰਤੂ ਇਨ੍ਹਾਂ ਉੱਤੇ ਪ੍ਰਭਾਵ ਪਾਉਣ ਵਾਲੇ ਤੱਤ ਵੱਖੋ ਵੱਖਰੇ ਹਨ। ਹਵਾਈ ਜਹਾਜ਼ ਦੀ ਰਫ਼ਤਾਰ ਸਮੁੰਦਰੀ ਜਹਾਜ਼ਾਂ ਨਾਲੋਂ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਮਿਣਤੀ ਵਿਚ ਵਧੇਰੇ ਸ਼ੁੱਧਤਾ ਦਾ ਹੋਣਾ ਜ਼ਰੂਰੀ ਹੈ। ਹਵਾਈ ਜਹਾਜ਼ਰਾਨੀ ਵਿਚ ਚਟਾਨਾਂ ਅਤੇ ਘਟ ਡੂੰਘੀਆਂ ਰੇਤਲੀਆਂ ਥਾਵਾਂ ਆਦਿ ਦਾ ਖਤਰਾ ਨਹੀਂ ਹੁੰਦਾ, ਇਸ ਲਈ ਹਵਾਈ ਜਹਾਜ਼ ਦੀ ਸਥਿਤੀ ਦੀ ਮਹੱਤਤਾ ਸਮੁੰਦਰੀ ਜਹਾਜ਼ ਦੀ ਸਥਿਤੀ ਜਿੰਨੀ ਨਹੀਂ ਸਗੋਂ ਹਵਾਈ ਜਹਾਜ਼ ਵਿਚ ਸਮੇਂ ਦੀ ਸ਼ੁੱਧਤਾ ਵਧੇਰੇ ਮਹੱਤਵਪੂਰਨ ਹੈ। ਹਵਾਈ ਜਹਾਜ਼ਰਾਨੀ ਲਈ ਆਮ ਕਰਕੇ ਕੰਪਾਸ ਵਿਚਲਨ ਸੰਕੇਤਕ ਘੁੰਮਣ ਦਿਸ਼ਾ ਸੂਚਕ ਅਤੇ ਵੈਕਟਰ ਤ੍ਰਿਭੁਜ ਲਈ ਕੈਲਕੂਲੇਟਰ ਵਰਤੇ ਜਾਂਦੇ ਹਨ। ਇਨ੍ਹਾਂ ਯੰਤਰਾਂ ਦੀ ਸਹਾਇਤਾ ਨਾਲ ਹਵਾਈ ਜਹਾਜ਼ ਦਾ ਸਹੀ ਮਾਰਗ ਰੱਖਿਆ ਜਾਂਦਾ ਹੈ। ਹਵਾਈ ਰਫ਼ਤਾਰ ਕੰਪਿਊਟਰ ਹਵਾ ਰਫ਼ਤਾਰ ਸੂਚਕ ਗਰਾਊਂਡ ਰਫ਼ਤਾਰ ਦੇ ਪ੍ਰੇਖਣ ਲਈ ਦ੍ਰਿਸ਼ਟੀ ਸੀਮਾ ਯੰਤਰ ਦੀ ਉਚਾਈ ਮਾਪਕ ਯੰਤਰ ਅਤੇ ਉਚਾਈ ਕੰਪਿਊਟਰ ਨਾਲ ਇਕੱਠੇ ਹੀ ਪ੍ਰਯੋਗ ਕਰਕੇ ਸਮੁੰਦਰੀ ਤਲ ਤੋਂ ਉਚਾਈ ਦਾ ਪਤਾ ਲਗਾਇਆ ਜਾਂਦਾ ਹੈ। ਇਸ ਦਾ ਹਿਸਾਬ ਨਕਸ਼ੇ ਤੋਂ ਲਾਇਆ ਜਾਂਦਾ ਹੈ। ਇਨ੍ਹਾਂ ਯੰਤਰਾਂ ਦੀ ਸਹਾਇਤਾ ਨਾਲ ਤਹਿ ਕੀਤੀ ਦੂਰੀ ਕੱਢੀ ਜਾਂਦੀ ਹੈ। ਕੰਪਾਸ ਦੀ ਸਹਾਇਤਾ ਨਾਲ ਲੋੜੀਂਦੀ ਦਿਸ਼ਾ ਰੱਖੀ ਜਾਂਦੀ ਹੈ ਜਿਸ ਦਾ ਗਿਆਨ ਨਕਸ਼ੇ ਤੋਂ ਹੁੰਦਾ ਰਹਿੰਦਾ ਹੈ। ਉਚਾਈ ਮਾਪਕ ਯੰਤਰ ਨਾਲ ਹਵਾਈ ਜਹਾਜ਼ ਦੀ ਭੂਮੀ ਤਲ ਤੋਂ ਉਚਾਈ ਅਤੇ ਸੈੱਕਸਟੈਂਟ ਨਾਲ ਸੂਰਜ, ਚੰਦ ਅਤੇ ਤਾਰਿਆਂ ਦੀ ਸਥਿਤੀ ਦਾ ਪਤਾ ਲਗਾ ਕੇ ਭੂਗੋਲਿਕ ਸਥਿਤੀ ਨਿਰਧਾਰਤ ਕੀਤੀ ਜਾਂਦੀ ਹੈ। ਇਕ ਘੜੀ ਦੀ ਸਹਾਇਤਾ ਨਾਲ ਗਰੀਨਵਿਚ ਮੀਨ ਟਾਈਮ (GMT) ਮਿਣਿਆ ਜਾਂਦਾ ਹੈ, ਜਿਸ ਨਾਲ ਹਵਾਈ ਜਹਾਜ਼ ਦੀ ਸਥਿਤੀ ਦਾ ਪਤਾ ਲਗਦਾ ਹੈ। ਅੱਜਕਲ੍ਹ ਜਹਾਜ਼ ਦੀ ਸਥਿਤੀ ਦਾ ਪਤਾ ਰੇਡਾਰ ਨਾਲ ਲਗਾਇਆ ਜਾਂਦਾ ਹੈ। ਰੇਡਾਰ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਨੂੰ ਦਿਨ ਰਾਤ ਹਰ ਵੇਲੇ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਉੱਤੇ ਮੌਸਮ ਆਦਿ ਦਾ ਵੀ ਕੋਈ ਪ੍ਰਭਾਵ ਨਹੀਂ ਹੁੰਦਾ।

          ਜਹਾਜ਼ਰਾਨੀ ਥਲ––ਧਰਤੀ ਉੱਤੇ ਚੱਲਣ ਵਾਲੀਆਂ ਗੱਡੀਆਂ ਦੀ ਜਹਾਜ਼ਰਾਨੀ ਆਮ ਕਰਕੇ ਨਕਸ਼ਿਆਂ ਅਤੇ ਕੰਪਾਸ ਨਾਲ ਕੀਤੀ ਜਾਂਦੀ ਹੈ। ਅਜਿਹਾ ਕਰਨ ਦੀ ਲੋੜ ਰੇਗਿਸਤਾਨਾਂ ਵਿਚ ਪੈਂਦੀ ਹੈ ਜਿਥੇ ਰੇਤ ਹੀ ਰੇਤ ਵਿਖਾਈ ਦਿੰਦੀ ਹੈ। ਦੂਜੇ ਸੰਸਾਰ ਯੁੱਧ ਵਿਚ ਇਸ ਜਹਾਜ਼ਰਾਨੀ ਦਾ ਇਸਤੇਮਾਲ ਬਹੁਤ ਹੀ ਮਸ਼ੀਨੀਕ੍ਰਿਤ ਸੀ। ਇਹ ਹਵਾਈ ਅਤੇ ਸਮੁੰਦਰੀ ਜਹਾਜ਼ਰਾਨੀ ਨਾਲੋਂ ਬਹੁਤ ਹੀ ਸੌਖੀ ਹੈ ਕਿਉਂਕਿ ਆਮ ਕਰਕੇ ਜਾਣੇ ਪਛਾਣੇ ਚਿੰਨ੍ਹ ਮਿਲਦੇ ਰਹਿੰਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਸਥਿਤੀ ਦਾ ਪਤਾ ਲਗਦਾ ਰਹਿੰਦਾ ਹੈ।

          ਹ. ਪੁ.––ਨਿਊ. ਯੂ. ਐਨ. 11 : 5990; ਵ. ਯੂ. ਐਨ. 10 : 3445


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.