ਜੰਜੀਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੰਜੀਰਾ : ਰਿਆਸਤ––ਪੱਛਮੀ ਭਾਰਤ ਦੇ ਬੰਬਈ ਰਾਜ ਵਿਚ ਇਹ ਕੋਲਾਬਾ ਨਾਂ ਦੀ ਪੁਲਿਟੀਕਲ ਏਜੰਸੀ ਦੇ ਅੰਦਰ ਇਕ ਸਾਬਕਾ ਰਿਆਸਤ ਹੁੰਦੀ ਸੀ। ਕਾਠੀਆਵਾੜ ਵਿਚ ਪੈਂਦੇ ਜਾਫ਼ਰਬਾਦ ਨੂੰ ਛੱਡ ਕੇ ਇਸ ਰਿਆਸਤ ਦਾ ਕੁੱਲ ਰਕਬਾ 830 ਵ. ਕਿ. ਮੀ. (324 ਵ. ਮੀਲ) ਸੀ। ਜੰਜੀਰਾ ਨਾਂ ਅਰਬੀ ਭਾਸ਼ਾ ਦੇ ਸ਼ਬਦ ‘ਜਜ਼ੀਰਾ’ (ਟਾਪੂ) ਦਾ ਹੀ ਵਿਗੜਿਆ ਰੂਪ ਹੈ। ਇਸੇ ਹੀ ਨਾਂ ਦਾ ਪਿੰਡ ਇਸ ਰਿਆਸਤ ਦੀ ਰਾਜਧਾਨੀ ਸੀ। ਸੰਨ 1489 ਦੇ ਨੇੜੇ ਤੇੜੇ ਐਬੇਸੀਨੀਆ ਤੋਂ ਇਕ ਆਦਮੀ ਵਪਾਰੀ ਦੇ ਭੇਸ ਵਿਚ ਆਇਆ ਅਤੇ ਅਹਿਮਦ ਨਗਰ ਦੇ ਇਕ ਨਿਜ਼ਾਮ ਦੀ ਸ਼ਾਹੀ ਨੌਕਰੀ ਕਰਨ ਲੱਗ ਪਿਆ। ਇਸੇ ਦੌਰਾਨ ਇਕ ਵੇਰਾਂ ਉਸਨੇ ਰਾਮ ਪਟੇਲ ਨਾਂ ਦੇ ਇਕ ਕੋਲੀ ਕਪਤਾਨ ਤੋਂ ਬਾਹਰੋਂ ਆਏ ਜਹਾਜ਼ ਤੋਂ 300 ਬਕਸਿਆਂ ਨੂੰ ਲਾਹੁਣ ਦੀ ਇਜਾਜ਼ਤ ਲੈ ਲਈ। ਇਨ੍ਹਾਂ ਸਾਰੇ ਬਕਸਿਆਂ ਵਿਚ ਇਕ-ਇਕ ਸਿਪਾਹੀ ਬੰਦ ਕੀਤਾ ਹੋਇਆ ਸੀ। ਜਹਾਜ਼ ਵਿਚੋਂ ਉਤਰਨ ਉਪਰੰਤ ਬਕਸਿਆਂ ਵਿਚੋਂ ਬਾਹਰ ਨਿਕਲ ਕੇ ਸਾਰੇ ਸਿਪਾਹੀਆਂ ਨੇ ਜੰਜੀਰਾ ਦੀਪ ਅਤੇ ਡੰਡਾ ਰਾਜਪੁਰੀ ਨਾਂ ਦੇ ਕਿਲੇ ਉਪਰ ਇਕ ਦਮ ਕਬਜ਼ਾ ਕਰ ਲਿਆ। ਇਸ ਤੋਂ ਪਿਛੋਂ ਇਹ ਦੀਪ ਬੀਜਾਪੁਰ ਦੇ ਬਾਦਸ਼ਾਹ ਦੇ ਇਲਾਕਿਆਂ ਦਾ ਹਿੱਸਾ ਬਣ ਗਿਆ। ਮਰਹੱਟਾ ਸ਼ਾਸਕ ਸ਼ਿਵਾ ਜੀ ਦੇ ਵੇਲੇ, ਦੱਖਣੀ ਕੋਨਕਨ ਦੀ ਹਕੂਮਤ ਬੀਜਾਪੁਰ ਦੇ ਬੇੜੇ ਦੇ ਐਡਮਿਰਲ ਦੇ ਹੀ ਅਧੀਨ ਰਹੀ। ਜਦੋਂ ਸ਼ਿਵਾ ਜੀ ਨੇ ਐਡਮਿਰਲ ਉਪਰ ਹਮਲਾ ਕਰ ਦਿਤਾ ਤਾਂ ਉਸਦਾ ਮਾਲਕ ਉਸਦੀ ਸਹਾਇਤਾ ਲਈ ਉਥੇ ਨਾ ਅੱਪੜ ਸਕਿਆ। ਇਸ ਦੇ ਨਤੀਜੇ ਵਜੋਂ 1670 ਈ. ਵਿਚ ਸੀਦੀ ਨੇ ਆਪਣੀਆਂ ਸੇਵਾਵਾਂ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਦੇ ਪੇਸ਼ ਕਰ ਦਿਤੀਆਂ। ਜੰਜੀਰਾ ਦੇ ਇਤਿਹਾਸ ਵਿਚ ਸਭ ਤੋਂ ਵੱਧ ਵੇਖਣ ਯੋਗ ਗੱਲ ਇਹ ਹੈ ਕਿ ਪੱਛਮੀ ਭਾਰਤ ਦੀਆਂ ਰਿਆਸਤਾਂ ਜਿਨ੍ਹਾਂ ਉਤੇ ਮਰਹੱਟੇ ਅਕਸਰ ਪੂਰੀਆਂ ਤਿਆਰੀਆਂ ਨਾਲ ਹਮਲੇ ਕਰਦੇ ਰਹਿੰਦੇ ਸਨ, ਵਿਚੋਂ ਕੇਵਲ ਇਹੋ ਇਕੋ ਇਕ ਰਿਆਸਤ ਸੀ, ਜਿਸ ਨੂੰ ਮਰਹੱਟਿਆਂ ਨੇ ਜਿੱਤਣਾ ਆਪਣੀ ਇੱਜ਼ਤ ਦਾ ਸਵਾਲ ਬਣਾਇਆ ਹੋਇਆ ਸੀ ਅਤੇ ਇਹ ਰਿਆਸਤ ਮਰਹੱਟਿਆਂ ਦੇ ਹਮਲਿਆਂ ਨੂੰ ਪੂਰੀ ਕਾਮਯਾਬੀ ਨਾਲ ਮੋੜਵਾਂ ਜਵਾਬ ਦਿੰਦੀ ਰਹੀ ਸੀ। ਸ਼ਿਵਾ ਜੀ ਦੇ ਵਾਰ ਵਾਰ ਹਮਲਿਆਂ ਉਪਰੰਤ 1682 ਈ. ਵਿਚ ਸ਼ਿਵਾ ਜੀ ਦੇ ਪੁੱਤਰ ਸੰਭਾ ਜੀ ਨੇ ਇਸ ਨੂੰ ਫਿਰ ਜਿੱਤਣ ਦੀ ਕੋਸ਼ਿਸ਼ ਕੀਤੀ। ਸੰਭਾ ਜੀ ਨੇ ਇਸ ਦੇ ਦੀਪ ਨੂੰ ਘੇਰਾ ਪਾ ਲਿਆ ਅਤੇ ਇਸ ਘੇਰੇ ਵਿਚ ਉਸਨੇ ਪੱਥਰਾਂ ਦੇ ਇਕ ਚੌੜ੍ਹੇ ਬੰਨ੍ਹ ਰਾਹੀਂ ਇਸ ਦੀਪ ਨੂੰ ਮੁੱਖ ਭੂਮੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਸੰਭਾ ਜੀ ਦੀ ਇਹ ਸਕੀਮ ਨਾਕਾਮਯਾਬ ਰਹੀ ਅਤੇ ਹਮਲਿਆਂ ਵਿਚ ਆਪਣੀਆਂ ਫੌਜ਼ਾਂ ਦਾ ਭਾਰੀ ਨੁਕਸਾਨ ਵੀ ਕਰਵਾਇਆ। ਸੰਨ 1733 ਵਿਚ ਪੇਸ਼ਵਾ ਅਤੇ ਐਂਗਰੀਆ ਦੇ ਸਾਂਝੇ ਹਮਲੇ ਦਾ ਵੀ ਜੰਜੀਰਾ ਉਪਰ ਗ਼ੈਰਮਾਮੂਲੀ ਅਸਰ ਪਿਆ। ਮਰਹੱਟਿਆਂ ਉਪਰੰਤ ਅੰਗਰੇਜ਼ ਕੋਨਕਨ ਦੇ ਮਾਲਕ ਬਣੇ ਪਰ ਉਨ੍ਹਾਂ ਨੇ ਵੀ ਇਸ ਦੀਪ ਦੇ ਅੰਦਰੂਨੀ ਰਾਜ ਪ੍ਰਬੰਧ ਵਿਚ ਦਖ਼ਲ ਦੇਣ ਤੋਂ ਪਾਸਾ ਹੀ ਵੱਟੀ ਰੱਖਿਆ।

          ਇਥੋਂ ਦਾ ਸਰਦਾਰ ਸੁੰਨੀ ਮੁਸਲਮਾਨ ਅਤੇ ਨਸਲ ਪੱਖੋਂ ਇਕ ਸੀਦੀ ਜਾਂ ਐਬੇਸੀਨੀ ਹੁੰਦੀ ਸੀ ਅਤੇ ਉਸ ਕੋਲ ਨਵਾਬ ਦਾ ਖ਼ਿਤਾਬ ਅਤੇ ਇਕ ਸੱਨਦ ਹੁੰਦੀ ਸੀ ਜਿਸ ਦੇ ਤਹਿਤ ਉਸਨੂੰ ਮੁਸਲਮਾਨ ਕਾਨੂੰਨ ਅਨੁਸਾਰ ਉੱਤਰਾਧਿਕਾਰੀ ਚੁਣਨ ਦਾ ਅਖ਼ਤਿਆਰ ਹੁੰਦਾ ਸੀ ਅਤੇ ਨਵਾਬ ਕਿਸੇ ਕਿਸਮ ਦਾ ਖ਼ਰਾਜ ਵੀ ਨਹੀਂ ਦਿੰਦਾ ਸੀ। ਸੰਨ 1868 ਤੱਕ ਇਸ ਰਿਆਸਤ ਨੂੰ ਅਸਾਧਾਰਣ ਆਜ਼ਾਦੀ ਪ੍ਰਾਪਤ ਸੀ ਅਤੇ ਉਦੋਂ ਕੋਈ ਪੁਲਿਟੀਕਲ ਏਜੰਟ ਵੀ ਨਹੀਂ ਸੀ ਹੁੰਦਾ। ਇਸੇ ਸਾਲ ਦੇ ਹੀ ਨੇੜੇ ਤੇੜੇ, ਇਥੋਂ ਦੇ ਸਰਦਾਰ ਦਾ ਰਾਜ ਪ੍ਰਬੰਧ ਪੁਲਿਸ, ਫ਼ੌਜਦਾਰੀ ਨਿਆਂ ਦੇ ਖੇਤਰ ਵਿਚ ਬਹੁਤ ਮਾੜਾ ਹੋ ਗਿਆ ਜਿਸ ਕਰਕੇ ਰਾਜ ਪ੍ਰਬੰਧ ਇਕ ਪੁਲਿਟੀਕਲ ਏਜੰਟ ਨੂੰ ਸੌਂਪ ਦਿੱਤਾ ਗਿਆ। ਅੰਗਰੇਜ਼ ਸਰਕਾਰ ਅਤੇ ਇਥੋਂ ਦੀ ਰਿਆਸਤ ਦਾ ਆਪਸੀ ਸੰਪਰਕ 1870 ਈ: ਦੀ ਸੰਧੀ ਦੇ ਅਨੁਸਾਰ ਹੀ ਚਲਦਾ ਰਿਹਾ। ਦੇਸ਼ ਦੀ ਵੰਡ ਉਪਰੰਤ ਭਾਰਤੀ ਰਿਆਸਤਾਂ ਦਾ ਪੁਨਰ ਗਠਨ ਕੀਤਾ ਗਿਆ ਅਤੇ ਇਸ ਰਿਆਸਤ ਨੂੰ ਦੇਸ਼ ਦੇ ਮੌਜੂਦਾ ਰਾਜ ਮਹਾਰਾਸ਼ਟਰ ਵਿਚ ਸ਼ਾਮਲ ਕਰ ਦਿੱਤਾ ਗਿਆ।

          ਹ. ਪੁ.––ਇੰਪ. ਗ. ਇੰਡੀ 14 : 57


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜੰਜੀਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੰਜੀਰਾ : ਸ਼ਹਿਰ––ਭਾਰਤੀ ਦੀ ਇਸੇ ਹੀ ਨਾਂ ਦੀ ਇਕ ਸਾਬਕਾ ਰਿਆਸਤ ਦੀ ਇਹ ਰਾਜਧਾਨੀ ਸੀ ਜਿਹੜਾ ਬੰਬਈ ਦੀਪ ਦੇ ਲ. 70 ਕਿ. ਮੀ. (45 ਮੀਲ) ਦੱਖਣ ਵੱਲ ਸਥਿਤ ਹੈ। ਰਾਜਪੁਰੀ ਪ੍ਰਵੇਸ਼ ਦੁਆਰ ਤੇ ਪੈਂਦੇ ਇਕ ਦੀਪ ਉਤੇ ਜੰਜੀਰਾ ਕਿਲਾ ਹੈ ਜਿਹੜਾ ਪੂਰਬ ਵੱਲੋਂ ਮੁੱਖ ਭੂਮੀ ਤੋਂ ਲ. 1 ਕਿ. ਮੀ. ਪੱਛਮ ਵੱਲੋਂ ਮੁੱਖ ਭੂਮੀ ਤੋਂ ਲ. 2 ਕਿ. ਮੀ. ਦੇ ਫਾਸਲੇ ਤੇ ਸਥਿਤ ਹੈ। ਕਿਲੇ ਦੀਆਂ ਕੰਧਾਂ ਇਕ ਦਮ ਪਾਣੀ ਵਿਚੋਂ ਲ. 15 ਮੀ. (50 ਫੁੱਟ) ਤੋਂ ਉੱਚੀਆਂ ਕਿੰਗਰੇਦਾਰ ਬਣੀਆਂ ਹੋਈਆਂ ਹਨ। ਕੰਧਾਂ ਵਿਚ ਸੁਰੱਖਿਆ ਦਰਵਾਜ਼ੇ ਬਣੇ ਹੋਏ ਸਨ। ਬੁਰਜਾਂ ਵਿਚ ਅਤੇ ਕੰਧਾਂ ਉੱਤੇ 10 ਤੋਪਾਂ ਬੀੜੀਆਂ ਰਹਿੰਦੀਆਂ ਸਨ। ਕਿਲੇ ਦੇ ਅੰਦਰ ਨਵੰਬਰ ਦੇ ਮਹੀਨੇ ਮੁਸਲਮਾਨਾਂ ਦਾ ਇਕ ਭਾਰੀ ਮੇਲਾ ਲਗਦਾ ਹੈ। ਨਾਲਵੈਲ ਅੰਤਰੀਪ ਉੱਤੇ ਕਿਲੇ ਦੇ ਲ. 3 ਕਿ. ਮੀ. (2 ਮੀਲ) ਪੱਛਮ ਵੱਲ ਇਕ ਚਾਨਣ ਮੁਨਾਰਾ ਬਣਿਆ ਹੋਇਆ ਹੈ ਜਿਸਦੀ ਰੌਸ਼ਨੀ ਨਾਲ ਡੁੱਬੀ ਹੋਈ ਚੋਰ ਕਾਸਾ ਨਾਮੀ ਚਟਾਨ  ਦਾ ਤੁਰੰਤ ਪਤਾ ਲਗਦਾ ਰਹਿੰਦਾ ਹੈ।

          18° 18' ਉ. ਵਿਥ.; 73° ਪੂ. ਲੰਬ

          ਹ. ਪੁ.––ਇੰਪ. ਗ. ਇੰਡ. 14 : 61


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.