ਤੱਕੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੱਕੜੀ (ਨਾਂ,ਇ) ਡੰਡੀ ਨੂੰ ਦੁਵੱਲੀ ਛਾਬੇ ਬੰਨ੍ਹ ਕੇ ਮਿਥੇ ਵਜ਼ਨ ਦੇ ਵੱਟਿਆਂ ਨਾਲ ਵਜ਼ਨ ਤੋਲਣ ਦਾ ਤਰਾਜ਼ੂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੱਕੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੱਕੜੀ [ਨਾਂਇ] ਭਾਰ ਤੋਲਣ ਦਾ ਯੰਤਰ, ਤਰਾਜ਼ੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੱਕੜੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੱਕੜੀ : ਦੋ ਵਸਤਾਂ ਦੇ ਭਾਰ ਦਾ ਆਪਸ ਵਿਚ ਮਾਪ ਕਰਨ ਲਈ ਵਰਤਿਆ ਜਾਣ ਵਾਲਾ ਇਕ ਯੰਤਰ ਹੈ, ਜਿਸ ਨਾਲ ਦੋਹਾਂ ਦੇ ਭਾਰ ਵਿਚਲੇ ਅੰਤਰ ਦਾ ਪਤਾ ਲਗਾਇਆ ਜਾਂਦਾ ਹੈ। ਬਰਾਬਰ ਭਾਰ-ਭੁਜਾ ਤੱਕੜੀ ਦੀ ਖੋਜ ਲਗਭਗ 5000 ਪੂ.ਈ. ਦੇ ਨੇੜੇ ਪ੍ਰਾਚੀਨ ਮਿਸਰ ਸਮੇਂ ਹੋਈ ਮੰਨੀ ਜਾਂਦੀ ਹੈ। ਮੁਢਲੀਆਂ ਕਿਸਮਾਂ ਵਿਚ ਡੰਡੇ ਨੂੰ ਕੇਂਦਰ ਉੱਤੇ ਟਿਕਾ ਕੇ ਦੋਵੇਂ ਸਿਰਿਆਂ ਉੱਤੇ ਸੁਰਾਖ਼ਾਂ ਵਿਚ ਧਾਗਿਆਂ ਨਾਲ ਪਲੜੇ ਬੰਨ੍ਹ ਕੇ ਲੰਬਾਤਮਕ ਦਿਸ਼ਾ ਵਿਚ ਲਟਕਾਏ ਜਾਂਦੇ ਸਨ। ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਸੀ ਕਿ ਧਾਗੇ ਪਲੜਿਆਂ ਉੱਤੇ ਭਾਰ ਰੱਖਣ ਨਾਲ ਪੂਰੀ ਤਰ੍ਹਾਂ ਕੱਸੇ ਜਾਣ। ਈਸਾ ਮਸੀਹ ਦੇ ਸਮੇਂ ਦੌਰਾਨ ਰੋਮਨਾਂ ਨੇ ਇਸ ਵਿਚ ਇਹ ਸੁਧਾਰ ਕੀਤਾ ਕਿ ਡੰਡੇ ਦੇ ਕੇਂਦਰ ਵਿਚ ਇਕ ਪਿਨ ਲਗਾ ਦਿੱਤਾ। 18ਵੀਂ ਸਦੀ ਦੌਰਾਨ ਚਾਕੂ-ਨੁਮਾ ਟੇਕ ਦੀ ਖੋਜ ਨੇ ਆਧੁਨਿਕ ਸੂਖ਼ਮ ਤੱਕੜੀ ਨੂੰ ਹੋਂਦ ਵਿਚ ਲਿਆਂਦਾ। ਉਨੀਂਵੀ ਸਦੀ ਦੇ ਅੰਤ ਤੱਕ ਤਕੱੜੀ ਯੂਰਪ ਵਿਚ ਸੰਸਾਰ ਦੇ ਪ੍ਰਮੁੱਖ ਸੂਖ਼ਮ ਭਾਰ ਮਾਪਕ ਯੰਤਰ ਦੇ ਤੌਰ ਤੇ ਵਿਕਸਤ ਹੋ ਚੁੱਕੀ ਸੀ।

ਤੱਕੜੀ ਵਿਚ ਮੁੱਖ ਤੌਰ ਤੇ ਇਕ ਮਜ਼ਬੂਤ ਡੰਡਾ ਹੁੰਦਾ ਹੈ ਜਿਹੜਾ ਕੇਂਦਰ ਵਿਚ ਲੱਗੇ ਹੋਏ ਚਾਕੂ-ਨੁਮਾ ਟੇਕ ਦੁਆਲੇ ਖਿਤਿਜੀ ਦਿਸ਼ਾ ਵਿਚ ਸੁਤੰਤਰਤਾ ਪੂਰਵਕ ਡੋਲਣ ਗਤੀ ਕਰਦਾ ਹੈ ਜਿਸ ਦੇ ਦੋਵੇਂ ਸਿਰਿਆਂ ਦੇ ਟੇਕ ਕੇਂਦਰ ਤੋਂ ਬਰਾਬਰ ਲੰਬਾਈ ਵਾਲੇ ਹੁੰਦੇ ਹਨ। ਸਿਰਿਆਂ ਵਾਲੇ ਟੇਕਾਂ ਉੱਤੇ ਪਲੜੇ ਲਟਕਾਏ ਜਾਂਦੇ ਹਨ। ਪਲੜਿਆਂ ਵਿਚ ਭਾਰ ਪਾਉਣ ਨਾਲ ਡੰਡਾ ਭਾਰ ਵਾਲੇ ਪਲੜੇ ਵੱਲ ਝੁੱਕ ਜਾਵੇਗਾ ਭਾਵ ਜਿਸ ਪਾਸੇ ਵਧੇਰੇ ਭਾਰ ਹੋਵੇ ਅਤੇ ਦੂਜੇ ਪਾਸੇ ਤੋਂ ਉਪਰ ਉਠ ਜਾਵੇਗਾ ਜਿਸ ਪਾਸੇ ਭਾਰ ਘੱਟ ਹੋਵੇਗਾ। ਘੱਟ ਭਾਰ ਵਾਲੇ ਪਲੜੇ ਵਿਚ ਹੋਰ ਭਾਰ ਪਾ ਕੇ ਡੰਡੇ ਦਾ ਝੁਕਾਅ ਸ਼ਿਫਰ ਕੀਤਾ ਜਾਂਦਾ ਹੈ ਅਤੇ ਪਲ਼ੜੇ ਵਿਚ ਪਾਏ ਗਏ ਭਾਰ ਤੋਂ ਦੂਜੇ ਪਲੜੇ ਵਿਚ ਰੱਖੀ ਹੋਈ ਵਸਤੂ ਦੇ ਭਾਰ ਦਾ ਪਤਾ ਲਗ ਜਾਂਦਾ ਹੈ। ਇਸ ਭਾਰ ਤੋਲਣ ਵਿਧੀ ਨੂੰ ਸਿੱਧਾ ਭਾਰ ਤੋਲਣ ਕਿਹਾ ਜਾਂਦਾ ਹੈ। ਸਿੱਧਾ ਭਾਰ ਤੋਲਣ ਵਿਧੀ ਤਹਿਤ ਦੋਵੇਂ ਭਾਰ ਭੁਜਾਵਾਂ ਦਾ ਬਰਾਬਰ ਹੋਣਾ ਜ਼ਰੂਰੀ ਹੈ ਅਤੇ ਇਨ੍ਹਾਂ ਦੀ ਲੰਬਾਈ ਇਕ ਇੰਚ ਦੇ 105ਵੇਂ ਭਾਗ ਤੱਕ ਬਾਰਬ ਹੋਣੀ ਚਾਹੀਦੀ ਹੈ। ਜਦੋਂ ਦੋਵੇਂ ਭੁਜਾਵਾਂ ਦੀ ਲੰਬਾਈ ਬਰਾਬਰ ਨਾ ਹੋਵੇ (ਤੁਰੱਟੀ ਅਧਿਕ ਹੋਵੇ) ਤਾਂ ਭਾਰ ਤੋਲਣ ਲਈ ਬਦਲਣ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਵਿਧੀ ਦੇ ਤਹਿਤ ਪਹਿਲਾਂ ਜਿਸ ਵਸਤੂ ਦਾ ਭਾਰ ਪਤਾ ਕਰਨਾ ਹੁੰਦਾ ਹੈ ਉਸ ਦੇ ਬਰਾਬਰ ਦਾ ਅਗਿਆਤ ਭਾਰ ਪਾ ਕੇ ਪਲੜਿਆਂ ਨੂੰ ਸੰਤੁਲਿਤ ਕੀਤਾ ਜਾਂਦਾ ਹੈ ਫਿਰ ਅਗਿਆਤ ਭਾਰ ਦੇ ਬਰਾਬਰ ਗਿਆਤ ਭਾਰ ਪਾਕੇ ਪਲੜੇ ਮੁੜ ਸੰਤੁਲਿਤ ਕੀਤੇ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਤਰੁੱਟੀ ਦੋਵੇਂ ਵਾਰੀ ਇਕੋ ਜਿੰਨੀ ਹੋਣ ਕਾਰਣ ਪ੍ਰਭਾਵਹੀਣ ਹੋ ਜਾਂਦੀ ਹੈ ਅਤੇ ਠੀਕ ਭਾਰ ਦਾ ਪਤਾ ਲਗ ਜਾਂਦਾ ਹੈ। ਭਾਰ ਤੋਲਕ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰ ਭੁਜਾਵਾਂ ਉੱਤੇ ਕੋਈ ਹੋਰ ਬਾਹਰੀ ਪ੍ਰਭਾਵ ਜਾਂ ਭਾਰ ਨਾ ਪੈ ਰਿਹਾ ਹੋਵੇ ਜਿਵੇਂ ਕਿ ਹਵਾ ਦਾ ਉਛਾਲ ਪ੍ਰਭਾਵ ਆਦਿ। ਤੱਕੜੀ ਦੀਆਂ ਭੁਜਾਵਾਂ ਅਤੇ ਪਲੜੇ ਅਜਿਹੇ ਪਦਾਰਥ ਦੇ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਚੁੰਬਕੀ ਪ੍ਰਭਾਵ ਵੀ ਕਿਰਿਆ ਨਾ ਕਰਦਾ ਹੋਵੇ। ਤਾਪਮਾਨੀ ਤਬਦੀਲੀਆਂ ਦਾ ਵੀ ਪ੍ਰਭਾਵ ਇਸ ਉੱਤੇ ਨਹੀਂ ਪੈਣਾ ਚਾਹੀਦਾ।

ਇਕ ਕਿਲੋਗ੍ਰਾਮ ਤੱਕ ਦਾ ਭਾਰ ਤੋਲਣ ਲਈ ਯੋਗ ਹਾਲਤਾਂ ਦੌਰਾਨ ਤੱਕੜੀ ਰਾਹੀਂ ਜਿਹੜੀ ਸੂਖ਼ਮਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਇਕ ਇੰਚ ਦੇ 108 ਵੇਂ ਭਾਗ ਨਾਲੋ ਥੋੜ੍ਹੀ ਵਧੇਰੇ ਹੋ ਸਕਦੀ ਹੈ। ਉਚਤਮ ਸਾਪੇਖੀ ਸੂਖ਼ਮਤਾ ਦੋਵੇਂ ਵੱਡੇ ਤੇ ਹਲਕੇ ਭਾਰਾਂ ਲਈ ਇਸ ਨਾਲੋਂ ਥੋੜ੍ਹੀ ਘੱਟ ਹੀ ਰਹਿੰਦੀ ਹੈ। ਵੀਹ ਕਿਲੋਗ੍ਰਾਮ ਭਾਰ ਲਈ ਸੂਖ਼ਮਤਾ ਇਕ ਇੰਚ ਦੇ 2x107ਵੇਂ ਭਾਗ ਤੱਕ ਪ੍ਰਾਪਤ ਹੋ ਚੁੱਕੀ ਹੈ ਜਦੋਂ ਕਿ ਇਕ ਗ੍ਰਾਮ ਦੇ ਸਬੰਧ ਵਿਚ ਇਹ ਇਕ ਇੰਚ ਦੇ 107 ਵੇਂ ਭਾਗ ਦੇ ਇਕ ਜਾਂ ਦੋ ਗੁਣੇ ਦੇ ਬਰਾਬਰ ਹੁੰਦੀ ਹੈ। ਅਜਿਹੀ ਸੂਖ਼ਮਤਾ ਕੇਵਲ ਉੱਚ ਪਾਏ ਦੇ ਡਿਜ਼ਾਈਨ ਅਤੇ ਉੱਚ ਪੱਧਰ ਦੀਆਂ ਹਾਲਤਾਂ ਦੌਰਾਨ ਹੀ ਸੰਭਵ ਹੋ ਸਕਦੀ ਹੈ।

ਵਧੀਆ ਕਿਸਮ ਦੇ ਵੱਟੇ ਬਣਾਉਣ ਲਈ ਜਿਹੜੀ ਮਿਸ਼ਰਤ ਧਾਤ ਦੇ ਇਸਤੇਮਾਲ ਕੀਤਾ ਜਾਂਦਾ ਹੈ ਉਸ ਵਿਚ 90%ਪਲੈਟੀਨਮ ਅਤੇ 10% ਇਰੀਡੀਅਮ ਮਿਲਾਈਆਂ ਜਾਂਦੀਆਂ ਹਨ। ਸੋਨਾ, ਪਲੈਟੀਨਮ ਜਾਂ ਰੇਡੀਅਮ ਚੜ੍ਹੇ ਖੋੜ੍ਹਾਂ ਰਹਿਤ ਪਿੱਤਲ ਅਤੇ ਤਾਂਬੇ ਦੇ ਵੱਟੇ ਵੀ ਉਚਤਮ ਮਿਆਰ ਵਾਲੇ ਬਣ ਸਕਦੇ ਹਨ। ਨਿਕਲ 80% ਅਤੇ 20% ਕਰੋਮੀਅਮ ਵਾਲੀ ਮਿਸ਼ਰਤ ਧਾਤ ਦੇ ਵੱਟੇ ਵੀ ਤਸੱਲੀਬਖ਼ਸ਼ ਸਿੱਧ ਹੋਏ ਹਨ। ਇਕ ਗ੍ਰਾਮ ਤੋਂ ਛੋਟੇ ਜਾਂ ਇਕ ਗ੍ਰਾਮ ਦੇ ਕਿਸੇ ਅੰਸ਼ ਨੂੰ ਤੋਲਣ ਲਈ ਪਲੈਟੀਨਮ ਅਤੇ ਟੈਨਟੇਲਮ ਦੇ ਬਣੇ ਵੱਟੇ, ਸੋਨੇ ਚੜ੍ਹੇ ਵੱਟਿਆਂ ਨਾਲੋਂ ਵਧੀਆ ਸਿੱਧ ਹੋਏ ਹਨ ਕਿਉਂਕਿ ਸੋਨਾ ਬਹੁਤ ਜਲਦੀ ਘੱਸ ਜਾਂਦਾ ਹੈ। ਛੋਟੇ ਅੰਸ਼ਕ ਵੱਟਿਆਂ ਲਈ ਐਲੂਮਿਨੀਅਮ ਧਾਤ ਚੁਣੀ ਜਾਂਦੀ ਹੈ ਜਿਹੜੀ ਕਿ ਵਧੇਰੇ ਭਰੋਸੇਯੋਗ ਅਤੇ ਢੁੱਕਵੀਂ ਸਿੱਧ ਹੋਈ ਹੈ।

ਤੱਕੜੀ ਦੇ ਡੰਡੇ ਦਾ ਡਿਜ਼ਾਈਨ ਅਜਿਹਾ ਹੋਣਾ ਚਾਹੀਦਾ ਹੈ ਕਿ ਇਹ ਘੱਟ ਭਾਰਾ ਅਤੇ ਤਿੰਨ ਮਜ਼ਬੂਤ ਚਾਕੂ-ਨੁਮਾ ਟੇਕਾਂ ਵਾਲਾ ਹੋਵੇ। ਤੱਕੜੀ ਦੇ ਡੰਡੇ ਉੱਤੇ ਕਿਰਿਆ ਕਰ ਰਹੇ ਬਲਾਂ ਦਾ ਵਿਵਰਣ ਚਿੱਤਰ 1. ਰਾਹੀਂ ਦਰਸਾਇਆ ਗਿਆ ਹੈ। ਡੰਡੇ ਦੇ ਪੁੰਜ ਉੱਤੇ ਗਰੂਤਾ ਦੁਆਰਾ ਪੈ ਰਿਹਾ ਬਲ ਅਤੇ ਦੋ ਭਾਰ (Loads) ਕ੍ਰਮਵਾਰ M1 L ਅਤੇ R ਹਨ। L ਅਤੇ R ਦਾ ਪਰਿਣਾਮੀ ਬਲ (Resultant) M2 ਹੈ ਅਤੇ ਇਹ ਇਸ ਤਰ੍ਹਾਂ ਸਥਾਪਤ ਕੀਤੇ ਹੁੰਦੇ ਹਨ ਕਿ

LX3 + RX4 = M2X2.

ਤੱਕੜੀ ਸੰਤੁਲਿਤ ਅਵਸਥਾ ਵਿਚ ਰੱਖਣ ਲਈ M1 ਅਤੇ M2 ਦਾ ਪਰਿਣਾਮੀ (Resultant) ਭਾਰ MO,C ਵਿਚੋਂ ਲਗ ਰਹੇ ਲੰਬਾਤਮਕ ਧੁਰੇ Y ਉੱਤੇ C ਤੋਂ ਥੱਲੇ ਹੋਣਾ ਚਾਹੀਦਾ ਹੈ। ਜੇਕਰ M1 ਜਾਂ M2 C ਤੋਂ ਉੱਤੇ ਹੋਣ ਤਾਂ ਜੋ MO ਵੀ C ਤੋਂ ਉੱਤੇ ਹੋਵੇ ਤਾਂ ਪੁਨਰਸਥਾਪਕ ਬਲ (Restoring force)  ਨਾ ਹੋਣ ਕਾਰਨ ਡੰਡਾ ਸੰਤੁਲਿਤ ਅਵਸਥਾ ਵਿਚ ਨਹੀਂ ਹੋਵੇਗਾ ਅਤੇ ਡੰਡਾ ਡੋਲਨ ਗਤੀ ਨਹੀਂ ਕਰੇਗਾ। ਅਸਥਿਰਤਾ ਨੂੰ ਰੋਕਣ ਲਈ M1 ਨੂੰ  ਟੇਕ C ਤੋਂ ਇੰਨੀ ਦੂਰੀ ਤੇ ਰੱਖਿਆ ਜਾਵੇ ਕਿ ਦੂਰੀ ਵਿਚਲੀ ਤਬਦੀਲੀ ਜਿਸ ਕਾਰਨ ਤਰੁੱਟੀ ਆਉਂਦੀ ਹੈ ਉਹ ਕੇਵਲ M1 ਅਤੇ ਟੇਕ ਵਿਚਲੀ ਦੂਰੀ ਦਾ ਕੇਵਲ ਇਕ ਅੰਸ਼ ਹੀ ਹੋਵੇ। ਦੋਵੇਂ ਪਲੜਿਆਂ ਵਿਚਲੇ ਭਾਰਾਂ ਨੂੰ ਬਰਾਬਰ ਕਰਕੇ M2ਨੂੰ ਲੰਬਾਤਮਕ ਧੁਰੇ Y ਦੇ ਨੇੜੇ ਰੱਖਿਆ ਜਾਂਦਾ ਹੈ।

ਇਕ ਭਾਰ (load) ਵਿਚ ਇਕਾਈ-ਪੁੰਜ (Mass) ਹੋਰ ਪਾਉਣ ਨਾਲ ਟੇਕ ਬਿੰਦੂ ਦੀ ਅਵਸਥਾ ਵਿਚਕਾਰ ਆਈ ਤਬਦੀਲੀ ਨੂੰ ਤੱਕੜੀ ਦੀ ਸੰਵੇਦਨਸ਼ੀਲਤਾ ਕਿਹਾ ਜਾਂਦਾ ਹੈ। ਜੇਕਰ R ਭਾਰ ਦੇ ਨਾਲ ਇਕ ਹੋਰ ਥੋੜ੍ਹਾ ਜਿਹਾ ਭਾਰ ਪਾ ਦਿੱਤਾ ਜਾਵੇ ਤਾਂ ਪਰਿਣਾਮੀ ਬਲ M1 ਅਤੇ M2 ਨੂੰ C ਦੁਆਲੇ ਨਵੀਆਂ ਥਾਵਾਂ ਤੇ ਘੁੰਮਾ ਦੇਵੇਗਾ। ਇਸ ਤਰ੍ਹਾਂ ਸੰਵੇਦਨਸ਼ੀਲਤਾ ਦੋਵੇਂ M1 ਅਤੇ M2 ਤੇ ਨਿਰਭਰ ਕਰਦੀ ਹੈ। M1 ਨਾਲ ਸੰਵੇਦਨਸ਼ੀਲਤਾ ਉੱਤੇ ਪੈਣ ਵਾਲਾ ਪ੍ਰਭਾਵ ਪਲੜਿਆਂ ਵਿਚ ਪਏ ਹੋਏ ਭਾਰਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਇਕ ਆਦਰਸ਼ ਤੱਕੜੀ ਲਈ A,B ਅਤੇ C ਇਕੋ ਤਲ ਵਿਚਕਾਰ ਅਤੇ A ਤੇ B,C ਤੋਂ ਬਰਾਬਰ ਦੂਰੀ ਤੇ ਹੋਣੇ ਜ਼ਰੂਰੀ ਹਨ। ਉਕਤ ਦੇ ਸਬੰਧ ਵਿਚ M2 ਪਲੜਾ ਬਰਾਬਰ ਭਾਰਾਂ ਸਮੇਤ C ਉੱਤੇ ਸਥਿਤ ਹੈ ਅਤੇ X2 ਤੇ Y2 ਸਿਫ਼ਰ ਦੇ ਬਰਾਬਰ ਹਨ। ਇਸ ਤਰ੍ਹਾਂ ਘੁੰਮਾਉਣ ਤੇ M2 ਦੀ ਸਥਿਤੀ ਨਹੀਂ ਬਦਲਦੀ ਅਤੇ ਸੰਵੇਦਨਸ਼ੀਲਤਾ ਮੁੱਖ ਤੌਰ ਤੇ M1 ਉੱਤੇ ਨਿਰਭਰ ਕਰਦੀ ਹੈ ਜਿਹੜੀ ਕਿ ਸਾਰੇ ਭਾਰਾਂ ਲਈ ਇਕੋ ਜਿੰਨੀ ਰਹਿੰਦੀ ਹੈ।

ਤੱਕੜੀ ਦੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਇਕ ਵਾਰੀ ਡੋਲਨ ਦਾ ਸਮਾਂ ਜਾਂ ਕਾਲ ਉਸ ਦੇ ਡੰਡੇ ਦੀ ਲੰਬਾਈ, ਭਾਰਾਂ ਦੇ ਪੁੰਜ, ਡੰਡੇ ਦੇ ਪੁੰਜ ਅਤੇ ਡੰਡੇ ਦੀ ਜੜ੍ਹਤਾ-ਘੁੰਮਣ ਉੱਤੇ ਨਿਰਭਰ ਕਰਦਾ ਹੈ। ਜਿੰਨੀ ਭਾਰ ਭੁਜਾ ਦੀ ਲੰਬਾਈ ਵਧੇਰੇ ਅਤੇ ਵਧੇਰੇ ਭਾਰ ਹੋਣਗੇ ਉਂਨਾ ਹੀ ਡੋਲਨ ਕਾਲ ਵਧੇਰੇ ਹੋਵੇਗਾ। ਇਕ ਸਥਿਰ ਭਾਰਾਂ ਵਾਲੀ ਖਾਸ ਤੱਕੜੀ ਲਈ ਕਾਲ ਸੰਵੇਦਨਸ਼ੀਲਤਾ ਦੇ ਵਰਗਮੂਲ ਦੇ ਉਲਟ ਅਨੁਪਾਤੀ ਹੋਵੇਗਾ। ਮੈਗਨੈਲੀਅਮ ਕਿਸਮ ਦੀ ਮਿਸ਼ਰਤ ਧਾਤ ਜਿਸ ਵਿਚ ਲਗਭਗ 86% ਐਲੂਮਿਨੀਅਮ, 13% ਮੈਗਨੀਸ਼ੀਅਮ ਅਤੇ ਸਿਲੀਕਾੱਨ, ਲੋਹਾ ਤੇ ਤਾਂਬੇ ਵਰਗੀਆਂ ਅਸ਼ੁੱਧੀਆਂ ਹੁੰਦੀਆਂ ਹਨ, ਨੂੰ ਡੰਡੇ ਲਈ ਵਧੀਆ ਮੰਨਿਆ ਗਿਆ ਹੈ। ਭਾਵੇ ਏ.ਐਚ. ਕਾਰਵਿਨ ਨੇ ਤਾਂਬਾ-ਬੈਰੀਲੀਅਮ ਮਿਸ਼ਰਤ ਧਾਤ ਇਸਤੇਮਲ ਕਰਨ ਦੀ ਸ਼ਿਫ਼ਾਰਸ਼ ਕੀਤੀ ਹੈ ਜਿਸ ਵਿਚ 95% ਤਾਂਬਾ, 4% ਬੈਰੀਲੀਅਮ ਅਤੇ 1% ਨਿਕਲ ਹੁੰਦਾ ਹੈ ਪਰੰਤੂ ਤਾਂਬੇ, ਕਾਂਸੀ ਅਤੇ ਐਲੂਮਿਨੀਅਮ ਦੀਆਂ ਅਨੇਕਾਂ ਮਿਸ਼ਰਤ ਧਾਤਾਂ ਦਾ ਪ੍ਰਯੋਗ ਆਮ ਕੀਤਾ ਜਾਂਦਾ ਹੈ। ਕੁਝ-ਕੁ ਵਿਸ਼ਲੇਸ਼ੀ ਤੱਕੜੀਆਂ ਦੇ ਡੰਡੇ ਹੇਠਾਂ ਚਿੱਤਰ 2 ਤੇ ਚਿੱਤਰ 3 ਵਿਚਕਾਰ ਦਰਸਾਏ ਜਾਂਦੇ ਹਨ।

ਮਾਈਕ੍ਰੋ ਤੱਕੜੀਆਂ – ਛੋਟੀਆਂ ਕੁਆਰਟਜ਼ ਮਾਈਕ੍ਰੋ ਤੱਕੜੀਆਂ ਜਿਨ੍ਹਾਂ ਦੀ ਤੋਲਣ ਸਮੱਰਥਾ ਇਕ ਗ੍ਰਾਮ ਤੋਂ ਵੀ ਘੱਟ ਹੁੰਦੀ ਹੈ ਧਾਤ ਦੇ ਡੰਡੇ ਤੇ ਤਿੰਨ ਚਾਕੂ-ਨੁਮਾ ਟੇਕਾਂ ਵਾਲੀਆਂ ਐਸੇ ਕਿਸਮ

ਦੀਆਂ ਤੱਕੜੀਆਂ ਨਾਲੋਂ ਵਧੇਰੇ ਮਜ਼ਬੂਤੀ ਵਾਲੀਆਂ ਬਣ ਚੁਕੀਆਂ ਹਨ। ਮਾਈਕ੍ਰੋ ਤੱਕੜੀਆਂ ਦੀ ਵਰਤੋਂ ਮੁੱਖ ਤੌਰ ਤੇ ਗੈਸਾਂ ਦੀ ਘਣਤਾ ਲੱਭਣ ਲਈ ਕੀਤੀ ਜਾਂਦੀ ਹੈ। ਵਿਸ਼ੇਸ਼ ਤੌਰ ਤੇ ਉਹ ਗੈਸਾਂ ਜਿਹੜੀਆ ਬਹੁਤ ਹੀ ਘੱਟ ਮਿਕਦਾਰ ਵਿਚ ਮਿਲਦੀਆਂ ਹਨ। ਦੋਵੇਂ ਐਂਠਣ ਅਤੇ ਚਾਕੂ-ਨੁਮਾ ਟੇਕਾਂ ਵਾਲੀਆਂ ਕੁਆਰਟਜ਼ ਤੱਕੜੀਆਂ ਦਾ ਸਫ਼ਲਤਾ ਪੂਰਵਕ ਇਸਤੇਮਾਲ ਕੀਤਾ ਜਾਂਦਾ ਹੈ। ਇਹ ਤੱਕੜੀਆਂ ਆਮ ਕਰਕੇ ਗੈਸ-ਬੰਦ ਚੈਂਬਰਾਂ ਅੰਦਰ ਵਰਤੀਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਭਾਰ ਵਿਚ ਆਈ ਤਬਦੀਲੀ ਨੂੰ ਤੱਕੜੀ ਉੱਤੇ ਕਿਰਿਆ ਕਰ ਰਹੀ ਉਸ ਗੈਸ ਦੇ ਉਛਾਲ ਬਲ ਵਿਚਕਾਰ ਆਈ ਸਮੁੱਚੀ ਤਬਦੀਲੀ ਤੋਂ ਮਾਪਿਆ ਜਾਂਦਾ ਹੈ ਜਿਸ ਗੈਸ ਵਿਚ ਤੱਕੜੀ ਲਟਕਾਈ ਹੋਈ ਹੁੰਦੀ ਹੈ। ਗੈਸ ਦਾ ਦਬਾਉ ਅਨੂਕੁਲਿਤ ਕੀਤਾ ਜਾਂਦਾ ਹੈ ਜਿਸ ਨੂੰ ਪਾਰੇ ਵਾਲੇ ਮਾੱਨੋਮੀਟਰ ਨਾਲ ਮਿਣਿਆ ਜਾਂਦਾ ਹੈ ਅਤੇ ਇਹ ਮਾੱਨੋਮੀਟਰ ਤੱਕੜੀ ਦੇ ਕਵਰ ਨਾਲ ਹੀ ਲਗਾ ਹੁੰਦਾ ਹੈ।

ਪ੍ਰਚੱਲਿਤ ਤਕੱੜੀਆਂ ਵਿਚ ਲਗੇ ਚਾਕੂ-ਨੁਮਾ ਟੇਕਾਂ ਦੀ ਥਾਂ ਦੋ ਕੁਆਰਟਜ਼ ਫਾਈਬਰਜ ਲਗਾ ਕੇ ਡੰਡੇ ਨੂੰ ਲਟਕਾ ਕੇ ਸਫ਼ਲ ਤੇ ਭਰੋਸੇਯੋਗ ਡਿਜ਼ਾਈਨ ਬਣਾਇਆ ਗਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-02-25-29, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਬ੍ਰਿ. 2 : 1058

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.