ਧੁਨੀ-ਸ਼੍ਰਵਣ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਧੁਨੀ-ਸ਼੍ਰਵਣ: ਧੁਨੀ ਵਿਗਿਆਨ ਦੀਆਂ ਤਿੰਨ ਸ਼ਾਖਾਵਾਂ ਹਨ : (i) ਉਚਾਰਨੀ ਧੁਨੀ ਵਿਗਿਆਨ (ii) ਤਰੰਗੀ ਧੁਨੀ ਵਿਗਿਆਨ ਅਤੇ (iii) ਸ਼੍ਰਵਣੀ ਧੁਨੀ ਵਿਗਿਆਨ। ਧੁਨੀਆਂ ਦੇ ਉਚਾਰਨ ਲਈ ਉਚਾਰਨ ਯੰਤਰ ਕਾਰਜਸ਼ੀਲ ਹੁੰਦਾ ਹੈ, ਇਸ ਦੇ ਦੋ ਪੱਖ ਹਨ : ਉਚਾਰਨ ਦਾ ਸਥਾਨ ਅਤੇ ਉਚਾਰਨ ਦੀ ਵਿਧੀ। ਇਨ੍ਹਾਂ ਦੋਹਾਂ ਦੇ ਅਧਾਰ ’ਤੇ ਉਚਾਰਨੀ ਧੁਨੀ-ਵਿਉਂਤ ਦਾ ਅਧਿਅਨ ਕੀਤਾ ਜਾਂਦਾ ਹੈ। ਧੁਨੀਆਂ ਦੇ ਉਚਾਰਨ ਤੋਂ ਲੈ ਕੇ ਕੰਨਾਂ ਤੱਕ ਪਹੁੰਚਣ ਤੱਕ ਦੇ ਵਿਗਿਆਨ ਨੂੰ ਤਰੰਗੀ ਧੁਨੀ ਵਿਗਿਆਨ ਕਿਹਾ ਜਾਂਦਾ ਹੈ ਸ਼੍ਰਵਣ ਦੀ ਸਮੁੱਚੀ ਪਰਕਿਰਿਆ ਨੂੰ ਸ਼੍ਰਵਣੀ ਧੁਨੀ ਵਿਗਿਆਨ ਕਿਹਾ ਜਾਂਦਾ ਹੈ। ਇਸ ਵਿਗਿਆਨ ਦਾ ਮਾਧਿਅਮ ਕੰਨ ਦਾ ਪਰਦਾ, ਉਸ ਨਾਲ ਜੁੜੀਆਂ ਹੋਈਆਂ ਨਾੜਾਂ ਅਤੇ ਮਨੁੱਖੀ ਦਿਮਾਗ ਹੈ। ਹਵਾ ਵਿਚਲੀਆਂ ਲਹਿਰਾਂ ਦਾ ਧੁਨੀ ਪਰਿਵਰਤਨ ਭੌਤਿਕ ਰੂਪ ਧਾਰਨ ਕਰ ਲੈਂਦਾ ਹੈ। ਲਹਿਰਾਂ ਵਿਚਲੇ ਧੁਨੀ-ਕੋਡ ਕੰਨ ਦੇ ਪਰਦੇ ਨਾਲ ਟਕਰਾਉਂਦੇ ਹਨ ਜਿਸ ਨਾਲ ਉਹੀ ਧੁਨੀਆਂ ਮੁੜ ਸੁਰਜੀਤ ਹੋ ਜਾਂਦੀਆਂ ਹਨ ਜੋ ਉਚਾਰੀਆਂ ਗਈਆਂ ਹਨ। ਕੰਨ ਪਰਦੇ ’ਤੇ ਪੈਦਾ ਹੋਈ ਕੰਪਣ, ਸ਼੍ਰਵਣ ਨਾੜਾਂ ਦੁਆਰਾ ਦਿਮਾਗ ਤੱਕ ਪਹੁੰਚਦੀ ਹੈ ਅਤੇ ਮਨੁੱਖੀ ਦਿਮਾਗ ਇਨ੍ਹਾਂ ਧੁਨੀਆਂ ਦੀ ਲੜੀ ਨੂੰ ਡੀ-ਕੋਡ ਕਰ ਲੈਂਦਾ ਹੈ ਅਤੇ ਸੁਨੇਹੇ ਦਾ ਇਕ ਚੱਕਰ ਪੂਰਾ ਹੋ ਜਾਂਦਾ ਹੈ। ਇਸ ਪਰਕਾਰ ਇਹ ਚੱਕਰ ਚਲਦਾ ਰਹਿੰਦਾ ਹੈ। ਪਰ ਧੁਨੀ ਦਾ ਸ਼੍ਰਵਣ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਉਚਾਰੀਆਂ ਗਈਆਂ ਧੁਨੀਆਂ ਨੂੰ ਡੀ-ਕੋਡ ਕਰਨ ਲਈ ਦਿਮਾਗ ਕੋਲ ਸਮਰੱਥਾ ਹੈ ਭਾਵ ਜੇ ਬੁਲਾਰੇ ਅਤੇ ਸਰੋਤੇ ਦੀ ਭਾਸ਼ਾ ਵੱਖੋ ਵੱਖਰੀ ਹੋਵੇ ਤਾਂ ਭੌਤਿਕ ਪੱਧਰ ਤੇ ਤਾਂ ਇਹ ਚੱਕਰ ਪੂਰਾ ਹੋ ਜਾਵੇਗਾ ਪਰ ਭਾਸ਼ਾ ਸ਼੍ਰਵਣ ਦੇ ਪੱਧਰ ’ਤੇ ਨਹੀਂ। ਕੋਡ ਤੋਂ ਡੀ-ਕੋਡ ਤਾਂ ਹੀ ਹੋ ਸਕਦਾ ਹੈ ਜੇ ਸਰੋਤਾ ਤੇ ਬੁਲਾਰਾ ਸਮ-ਭਾਸ਼ੀ ਜਾਂ ਇਕੋ ਪੱਧਰ ਦੇ ਹੋਣਗੇ। ਇਸ ਸ਼ਾਖਾ ਦੇ ਅਧਿਅਨ ਲਈ ਮਨੋਵਿਗਿਆਨ ਅਤੇ ਤੰਤੂ ਵਿਗਿਆਨ ਦਾ ਅਧਿਅਨ ਕਰਨਾ ਜ਼ਰੂਰੀ ਹੈ। ਭਾਸ਼ਾ ਵਿਗਿਆਨ ਵਿਚ ਇਸ ਵਿਸ਼ੇ ਨੂੰ Neuro-Linguistics (ਤੰਤੂ ਭਾਸ਼ਾ ਵਿਗਿਆਨ) ਕਿਹਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.