ਬੈਂਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੈਂਕ 1 [ਨਾਂਪੁ] ਰੁਪਈਆ/ਖ਼ੂਨ/ਨੇਤ੍ਰ ਲੈਣ-ਦੇਣ ਲਈ ਬਣੀ ਸੰਸਥਾ 2[ਨਾਂਪੁ] ਨਦੀ/ਸਮੁੰਦਰ ਦਾ ਕੰਢਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੈਂਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bank_ਬੈਂਕ: ਵਣਜਕ ਤੌਰ ਤੇ ਇਹ ਉਹ ਥਾਂ ਹੁੰਦੀ ਹੈ ਜਿਥੇ ਵਿਆਜ ਉਤੇ ਚੜ੍ਹਾਏ ਜਾਣ ਲਈ ਧਨ ਜਮ੍ਹਾਂ ਕਰਵਾਇਆ ਜਾਂਦਾ ਹੈ, ਵਟਾਂਦਰੇ ਦੁਆਰਾ ਵਪਾਸ ਕੀਤਾ ਜਾਂਦਾ ਹੈ, ਲਾਭ ਤੇ ਲਾਇਆ ਜਾਂਦਾ ਹੈ ਅਤੇ ਜਦੋਂ ਮਾਲਕ ਵਾਪਸ ਮੰਗੇ ਕਢਾਇਆ ਜਾਂਦਾ ਹੈ। ਇਸ ਤਰ੍ਹਾਂ ਬੈਂਕ ਅਜਿਹੀ ਵਿੱਤੀ ਸੰਸਥਾ ਹੈ ਜੋ ਗਾਹਕਾਂ ਦੀਆਂ ਜਮ੍ਹਾਂ ਰਕਮਾਂ ਨੂੰ ਅੱਗੇ ਨਿਵੇਸ਼ ਕਰਦੀ ਹੈ ਅਤੇ ਮੰਗਣ ਤੇ ਵਾਪਸ ਕਰ ਦਿੰਦੀ ਹੈ, ਸੂਦ ਤੇ ਕਰਜ਼ਾ ਦਿੰਦਾ ਹੈ ਅਤੇ ਕਰੰਸੀ ਦਾ ਵਟਾਦਰਾ ਵੀ ਕਰਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬੈਂਕ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਬੈਂਕ : ਆਧੁਨਿਕ ਯੁੱਗ ਵਿੱਚ ‘ਬੈਂਕਿੰਗ’ ਆਰਥਿਕ ਵਿਕਾਸ ਦੀ ਬੁਨਿਆਦ ਬਣ ਚੁੱਕੀ ਹੈ। ਬੈਂਕ ਸ਼ਬਦ ਦੀ ਉਤਪਤੀ  Banchi  ਸ਼ਬਦ ਜਾਂ ਯੂਨਾਨੀ ਭਾਸ਼ਾ ਦੇ  Banque  ਸ਼ਬਦ ਤੋਂ ਹੋਈ ਹੈ। ਇਹਨਾਂ ਦੋਵਾਂ ਦਾ ਅਰਥ ਬੈਂਕ ਤੋਂ ਹੈ। ਇੱਕ ਦੂਸਰੀ ਵਿਚਾਰਧਾਰਾ ਦੇ ਅਨੁਸਾਰ ‘ਬੈਂਕ’ ਸ਼ਬਦ ਜਰਮਨ ਸ਼ਬਦ  (Banck)  ਤੋਂ ਪ੍ਰਾਪਤ ਹੋਇਆ ਹੈ। ਇਸਦਾ ਅਰਥ ਹੈ “ਮਿਸ਼ਰਿਤ ਕੋਸ਼”  (joint fund) । ਸਭ ਤੋਂ ਪਹਿਲਾਂ ਬੈਂਕ ਦੀ ਸਥਾਪਨਾ ਸੰਨ 1148 ਵਿੱਚ ਕਾਸਾ ਡੀ ਸਾਨ ਜਿਰੋਜਿਆ  (casa de San Giorgia)  ਵਿੱਚ ਹੋਈ ਸੀ। ਪਹਿਲਾ ਸਰਬ-ਜਨਿਕ ਬੈਂਕ, ਬੈਂਕ ਆਫ਼ ਵਿਚਾਰਧਾਰਾ ਦੇ ਅਨੁਸਾਰ ‘ਬੈਂਕ’ ਸ਼ਬਦ ਜਰਮਨ ਸ਼ਬਦ  (Banck)  ਤੋਂ ਪ੍ਰਾਪਤ ਹੋਇਆ ਹੈ। ਇਸਦਾ ਅਰਥ ਹੈ “ਮਿਸ਼ਰਿਤ ਕੋਸ਼”  (joint fund) । ਸਭ ਤੋਂ ਪਹਿਲਾਂ ਬੈਂਕ ਦੀ ਸਥਾਪਨਾ ਸੰਨ 1148 ਵਿੱਚ ਕਾਸਾ ਡੀ ਸਾਨ ਜਿਰੋਜਿਆ  (casa de San Giorgia)  ਵਿੱਚ ਹੋਈ ਸੀ। ਪਹਿਲਾ ਸਰਬ-ਜਨਿਕ ਬੈਂਕ, ਬੈਂਕ ਆਫ਼ਵੀਨਿਸ ਸੀ, ਜਿਸ ਦੀ ਸਥਾਪਨਾ 1157 ਵਿੱਚ ਹੋਈ। ਸਧਾਰਨ ਸ਼ਬਦਾਂ ਵਿੱਚ ਬੈਂਕਾਂ ਤੋਂ ਭਾਵ ਇੱਕ ਅਜਿਹੀ ਸੰਸਥਾ ਤੋਂ ਹੈ, ਜਿਹੜੀ ਮੁਦਰਾ ਦਾ ਲੈਣ-ਦੇਣ ਕਰਦੀ ਹੈ। ਇਹ ਸੰਸਥਾ ਲੋਕਾਂ ਦੇ ਪੈਸੇ ਆਪਣੇ ਕੋਲ ਜਮ੍ਹਾਂ ਦੇ ਰੂਪ ਵਿੱਚ ਸ੍ਵੀਕਾਰ ਕਰਦੀ ਹੈ ਅਤੇ ਇਹਨਾਂ ਨੂੰ ਰਿਣ ਦੇ ਰੂਪ ਵਿੱਚ ਉਧਾਰ ਦਿੰਦੀ ਹੈ। ਅੱਜ-ਕੱਲ੍ਹ ਮੁਦਰਾ ਲੈਣ-ਦੇਣ ਤੋਂ ਇਲਾਵਾ, ਬੈਂਕ ਕਈ ਪ੍ਰਕਾਰ ਦੇ ਹੋਰ ਕੰਮ ਵੀ ਕਰਦੇ ਹਨ। ਜਿਵੇਂ ਸਾਖ ਨਿਰਮਾਣ, ਏਜੰਸੀ ਕੰਮ, ਸਧਾਰਨ ਸੇਵਾਵਾਂ ਆਦਿ।

ਵਪਾਰਿਕ ਬੈਂਕਾਂ ਦੇ ਕੰਮ:

1. ਜਮ੍ਹਾਂ ਸ੍ਵੀਕਾਰ ਕਰਨਾ : ਬੈਂਕ ਜਨਤਾ ਦੇ ਧਨ ਨੂੰ ਜਮ੍ਹਾ ਕਰਦਾ ਹੈ। ਲੋਕ ਆਪਣੀ ਸਹੂਲਤ ਅਤੇ ਸ਼ਕਤੀ ਦੇ ਅਨੁਸਾਰ ਹੇਠਾਂ ਲਿਖੇ ਖਾਤਿਆਂ ਵਿੱਚ ਆਪਣੀ ਰਾਸ਼ੀ ਨੂੰ ਜਮ੍ਹਾ ਕਰ ਸਕਦੇ ਹਨ:

(ੳ) ਨਿਸ਼ਚਿਤਕਾਲੀਨ ਜਾਂ ਮਿਆਦੀ ਜਮ੍ਹਾਂ ਖਾਤਾ : ਇਸ ਖਾਤੇ ਵਿੱਚ ਇੱਕ ਨਿਸ਼ਚਿਤ ਅਵਧੀ ਲਈ ਰੁਪਈਆ ਜਮ੍ਹਾਂ ਕੀਤਾ ਜਾਂਦਾ ਹੈ। ਜਮ੍ਹਾਂ ਕਰਤਾ ਨੂੰ ਜਮ੍ਹਾ ਦੀ ਰਕਮ ਦੀ ਰਸੀਦ ਦੇ ਦਿੱਤੀ ਜਾਂਦੀ ਹੈ। ਇਸ ਵਿੱਚ ਜਮ੍ਹਾਂ ਕਰਤਾ ਦਾ ਨਾਮ, ਜਮ੍ਹਾਂ ਦੀ ਰਾਸ਼ੀ, ਬਿਆਜ ਦੀ ਦਰ ਅਤੇ ਜਮ੍ਹਾਂ ਦੀ ਅਵਧੀ ਲਿਖੀ ਜਾਂਦੀ ਹੈ।

ਅ) ਚਾਲੂ ਜਮ੍ਹਾਂ ਖਾਤਾ : ਇਸ ਖਾਤੇ ਵਿੱਚ ਜਮ੍ਹਾਂਕਰਤਾ ਜਿੰਨੀ ਵਾਰ ਚਾਹੇ ਰੁਪਈਆ ਜਮ੍ਹਾਂ ਕਰਾ ਸਕਦਾ ਹੈ ਅਤੇ ਕਦੇ ਵੀ ਲੋੜ ਅਨੁਸਾਰ ਕਢਵਾ ਸਕਦਾ ਹੈ। ਇਸ ਖਾਤੇ ਵਿੱਚ ਆਮ ਤੌਰ ਤੇ ਵਪਾਰੀ ਵਰਗ ਰੁਪਈਆ ਜਮ੍ਹਾਂ ਕਰਵਾਉਂਦਾ ਹੈ।

(ੲ) ਬੱਚਤ ਜਮ੍ਹਾਂ ਖਾਤਾ : ਇਹ ਖਾਤਾ ਛੋਟੀਆਂ-ਛੋਟੀਆਂ ਬੱਚਤਾਂ ਨੂੰ ਪ੍ਰੋਤਸਾਹਨ ਦੇਣ ਲਈ ਹੁੰਦਾ ਹੈ। ਇਸ ਖਾਤੇ ਵਿੱਚ ਇੱਕ ਨਿਸ਼ਚਿਤ ਮਾਤਰਾ ਤੱਕ ਹੀ ਰੁਪਈਆ ਕਢਵਾਇਆ ਜਾ ਸਕਦਾ ਹੈ। ਨਿਸ਼ਚਿਤ ਮਾਤਰਾ ਤੋਂ ਅਧਿਕ ਰੁਪਈਆ ਕਢਾਉਣ ਲਈ ਬੈਂਕ ਨੂੰ ਪਹਿਲਾਂ ਸੂਚਿਤ ਕਰਨਾ ਪੈਂਦਾ ਹੈ।

(ਸ) ਹੋਮ ਸੇਫ ਬੱਚਤ ਖਾਤਾ : ਬੈਂਕਾਂ ਨੇ ਇਸ ਖਾਤੇ ਦਾ ਪ੍ਰਚਲਨ ਹੁਣੇ ਹੀ ਸ਼ੁਰੂ ਕੀਤਾ ਹੈ। ਇਸ ਵਿੱਚ ਜਮ੍ਹਾਂ ਕਰਤਾ ਦੇ ਘਰ ਲਈ ਬੈਂਕ ਇੱਕ ਗੋਲਕ ਦੇ ਦਿੰਦਾ ਹੈ ਜਿਸਦੀ ਚਾਬੀ ਬੈਂਕ ਕੋਲ ਰਹਿੰਦੀ ਹੈ। ਜਮ੍ਹਾਂ ਕਰਤਾ ਇਸ ਗੋਲਕ ਵਿੱਚ ਥੋੜ੍ਹੀ-ਥੋੜ੍ਹੀ ਬੱਚਤ ਪਾਉਂਦਾ ਰਹਿੰਦਾ ਹੈ ਅਤੇ ਕੁਝ ਸਮੇਂ ਪਿੱਛੋਂ ਬੈਂਕ ਵਿੱਚ ਜਾ ਕੇ ਉਸ ਵਿੱਚੋਂ ਜਮ੍ਹਾਂ ਰਾਸ਼ੀ ਨੂੰ ਜਮ੍ਹਾਂ ਕਰਤਾ ਆਪਣੇ ਖਾਤੇ ਵਿੱਚ  ਜਮ੍ਹਾਂ ਕਰਵਾ ਦਿੰਦਾ ਹੈ।

(ਹ) ਆਵਰਤੀ ਜਮ੍ਹਾਂ ਖਾਤਾ : ਇਸ ਪ੍ਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਤਾ ਇੱਕ ਨਿਸ਼ਚਿਤ ਸਮੇਂ ਲਈ ਪ੍ਰਤਿ ਮਹੀਨਾ ਨਿਸ਼ਚਿਤ ਰਕਮ ਜਮ੍ਹਾਂ ਕਰਦੇ ਹਨ।

2. ਕਰਜ਼ੇ ਦੇਣਾ : ਬੈਂਕ ਦਾ ਦੂਜਾ ਮੁੱਖ ਕੰਮ ਲੋਕਾਂ ਨੂੰ ਰੁਪਈਆ ਉਧਾਰ ਦੇਣਾ ਹੈ। ਬੈਂਕ ਕੋਲ ਜੋ ਰੁਪਈਆ ਜਮ੍ਹਾਂ ਦੇ ਰੂਪ ਵਿੱਚ ਆਉਂਦਾ ਹੈ ਉਸ ਵਿੱਚੋਂ ਹੀ ਇੱਕ ਨਿਸ਼ਚਿਤ ਰਾਸ਼ੀ ਨਕਦ ਕੋਸ਼ ਵਿੱਚ ਰੱਖ ਕੇ ਬਾਕੀ ਰੁਪਈਆ ਬੈਂਕ ਰਾਹੀਂ ਉਧਾਰ ਦੇ ਦਿੱਤਾ ਜਾਂਦਾ ਹੈ। ਬੈਂਕ ਹੇਠ ਲਿਖੇ ਪ੍ਰਕਾਰ ਦੇ ਕਰਜ਼ੇ ਦਿੰਦੇ ਹਨ:

(ੳ) ਨਕਦ ਸਾਖ : ਇਸ ਹੇਠਾਂ ਕਰਜ਼ਦਾਰ ਨੂੰ ਇੱਕ ਨਿਸ਼ਚਿਤ ਰਾਸ਼ੀ ਕਢਵਾਉਣ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ। ਇਸ ਸੀਮਾ ਦੇ ਅੰਦਰ ਹੀ ਕਰਜ਼ਦਾਰ ਲੋੜ ਅਨੁਸਾਰ ਰੁਪਈਆ ਕਢਵਾਉਂਦਾ ਰਹਿੰਦਾ ਹੈ ਅਤੇ ਜਮ੍ਹਾਂ ਵੀ ਕਰਵਾਉਂਦਾ ਰਹਿੰਦਾ ਹੈ।

(ਅ) ਓਵਰ ਡਰਾਫਟ : ਬੈਂਕ ਵਿੱਚ ਚਾਲੂ ਖਾਤਾ ਰੱਖਣ ਵਾਲੇ ਗਾਹਕ ਬੈਂਕ ਨਾਲ ਇੱਕ ਸਮਝੌਤੇ ਅਨੁਸਾਰ ਆਪਣੀ ਜਮ੍ਹਾਂ ਤੋਂ ਅਧਿਕ ਰਕਮ ਕਢਾਉਣ ਦੀ ਆਗਿਆ ਲੈ ਲੈਂਦੇ ਹਨ। ਕੱਢੀ ਗਈ ਰਕਮ ਨੂੰ ਓਵਰ ਡਰਾਫਟ ਕਹਿੰਦੇ ਹਨ।

(ੲ) ਕਰਜ਼ੇ ਅਤੇ ਪੇਸ਼ਗੀ : ਇਹ ਕਰਜ਼ੇ ਇੱਕ ਨਿਸ਼ਚਿਤ ਰਕਮ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ। ਬੈਂਕ ਕਰਜ਼ਦਾਰਾਂ ਦੇ ਖਾਤੇ ਵਿੱਚ ਕਰਜ਼ੇ ਦੀ ਰਕਮ ਇਕੱਠੀ ਜਮ੍ਹਾਂ ਕਰਵਾ ਦਿੰਦਾ ਹੈ। ਕਰਜ਼ਦਾਰ ਉਸ ਨੂੰ ਵੀ ਕਢਵਾ ਸਕਦਾ ਹੈ।

(ਸ) ਵਟਾਂਦਰਾ ਪੱਤਰਾਂ ਦੀ ਕਟੌਤੀ ਕਰਨਾ : ਬੈਂਕਾਂ ਰਾਹੀਂ ਪੇਸ਼ਗੀ ਧੰਨ ਦੇਣ ਦਾ ਇਹ ਵੀ ਢੰਗ ਹੈ। ਇਸ ਦੇ ਅਧੀਨ ਬੈਂਕ ਆਪਣੇ ਗਾਹਕ ਨੂੰ ਲੋੜ ਪੈਣ ਤੇ ਉਹਨਾਂ ਦੇ ਵਟਾਂਦਰਾ ਪੱਤਰਾਂ ਦੀ ਅਵਧੀ ਪੂਰਨ ਹੋਣ ਤੋਂ ਪਹਿਲਾਂ ਹੀ ਵਟਾਂਦਰਾ ਪੱਤਰਾਂ ਦੇ ਆਧਾਰ ਤੇ ਰੁਪਈਆ ਉਧਾਰ ਦਿੰਦਾ ਹੈ।

(ਹ) ਸਰਕਾਰੀ ਪ੍ਰਤਿਭੂਤੀਆਂ ਵਿੱਚ ਨਿਵੇਸ਼ : ਬੈਂਕਾਂ ਦੁਆਰਾ ਸਰਕਾਰੀ ਪ੍ਰਤਿਭੂਤੀਆਂ ਨੂੰ ਖ਼ਰੀਦਣਾ ਵੀ ਸਰਕਾਰ ਨੂੰ ਉਧਾਰ ਦੇਣ ਦਾ ਤਰੀਕਾ ਹੈ।

(ਕ) ਸਾਖ ਨਿਰਮਾਣ : ਅੱਜ-ਕੱਲ੍ਹ ਬੈਂਕਾਂ ਦਾ ਇੱਕ ਮੁੱਖ ਕੰਮ ਸਾਖ ਨਿਰਮਾਣ ਕਰਨਾ ਹੈ। ਬੈਂਕ ਆਪਣੀ ਅਰੰਭਿਕ ਜਮ੍ਹਾ ਪੂੰਜੀ ਤੋਂ ਅਧਿਕ ਰੁਪਈਆ ਉਧਾਰ ਦੇ ਕੇ ਸਾਖ ਦਾ ਨਿਰਮਾਣ ਕਰਦੇ ਹਨ।

3. ਬੈਂਕ ਆਪਣੇ ਗਾਹਕਾਂ ਵੱਲੋਂ ਚੈੱਕ, ਕਿਰਾਇਆ, ਬਿਆਜ ਆਦਿ ਇਕੱਠੇ ਕਰਦਾ ਹੈ ਅਤੇ ਇਸੇ ਪ੍ਰਕਾਰ ਉਹਨਾਂ ਵੱਲੋਂ ਕਰਾਂ, ਬੀਮੇ ਦੀਆਂ ਕਿਸ਼ਤਾਂ ਆਦਿ ਦੀ ਅਦਾਇਗੀ ਕਰਦਾ ਹੈ।

4. ਬੈਂਕ ਆਪਣੇ ਗਾਹਕਾਂ ਲਈ ਭਿੰਨ-ਭਿੰਨ ਪ੍ਰਕਾਰ ਦੇ ਸ਼ੇਅਰਾਂ ਅਤੇ ਸਟਾਕ ਦੀ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਵੱਲੋਂ, ਪ੍ਰਤਿਭੂਤੀਆਂ ਨੂੰ ਖ਼ਰੀਦਣ, ਵੇਚਣ ਅਤੇ ਉਹਨਾਂ ਨੂੰ ਸੁਰੱਖਿਅਤ ਰੱਖਣ ਦੇ ਕੰਮ ਵੀ ਕਰਦਾ ਹੈ।

5. ਬੈਂਕ ਆਪਣੇ ਗਾਹਕਾਂ ਦੇ ਆਦੇਸ਼ ਤੇ ਹੀ ਉਹਨਾਂ ਦੀ ਸੰਪਤੀ ਦੇ ਟ੍ਰਸਟੀ ਅਤੇ ਪ੍ਰਬੰਧਕ ਦਾ ਕੰਮ ਵੀ ਕਰਦੇ ਹਨ।

6. ਇੱਕ ਥਾਂ ਤੋਂ ਦੂਜੇ ਪਾਸੇ ਰੁਪਈਆ ਭੇਜਣਾ ਵੀ ਬੈਂਕਾਂ ਦਾ ਇੱਕ ਮਹੱਤਵਪੂਰਨ ਕੰਮ ਹੈ। ਇਹ ਕੰਮ ਬੈਂਕ ਡਰਾਫਟ ਦੁਆਰਾ ਕੀਤਾ ਜਾਂਦਾ ਹੈ।

7. ਬੈਂਕ ਵਿਦੇਸ਼ੀ ਮੁਦਰਾ ਦੀ ਖ਼ਰੀਦ ਵੇਚ ਕਰਕੇ ਅੰਤਰਰਾਸ਼ਟਰੀ ਵਪਾਰ ਨੂੰ ਪ੍ਰੋਤਸਾਹਨ ਦਿੰਦੇ ਹਨ।

8. ਬੈਂਕ ਆਪਣੇ ਗਾਹਕਾਂ ਦੀ ਆਰਥਿਕ ਸਥਿਤੀ ਦੀ ਸੂਚਨਾ ਦੇਸ-ਵਿਦੇਸ਼ ਦੇ ਵਪਾਰੀਆਂ ਨੂੰ ਦਿੰਦੇ ਹਨ ਅਤੇ ਦੇਸ-ਵਿਦੇਸ਼ ਦੇ ਵਪਾਰੀਆਂ ਬਾਰੇ ਆਰਥਿਕ ਸਥਿਤੀ ਦੀ ਸੂਚਨਾ ਆਪਣੇ ਗਾਹਕਾਂ ਨੂੰ ਦਿੰਦੇ ਹਨ।

9. ਬੈਂਕ ਆਪਣੇ ਗਾਹਕਾਂ ਨੂੰ ਲਾਕਰਾਂ ਦੀ ਸੁਵਿਧਾ ਵੀ ਦਿੰਦੇ ਹਨ ਜਿਨ੍ਹਾਂ ਵਿੱਚ ਲੋਕ ਆਪਣੇ ਸੋਨੇ ਚਾਂਦੀ ਦੇ ਜੇਵਰ ਅਤੇ ਹੋਰ ਲੋੜੀਂਦੇ ਕਾਗ਼ਜ਼ ਪੱਤਰ ਸੁਰੱਖਿਅਤ ਰੱਖ ਸਕਦੇ ਹਨ।

10. ਬੈਂਕ ਆਪਣੇ ਗਾਹਕਾਂ ਨੂੰ ਯਾਤਰਾ ਵਿੱਚ ਜਾਣ ਸਮੇਂ ਨਕਦ ਰਾਸ਼ੀ ਆਪਣੇ ਨਾਲ ਨਹੀਂ ਲੈ ਜਾ ਕੇ, ਸੁਵਿਧਾ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ, ਯਾਤਰੀ ਚੈੱਕ ਅਤੇ ਸਾਖ ਪ੍ਰਮਾਣ ਪੱਤਰਾਂ ਦੀ ਸਹੂਲਤ ਦਿੰਦਾ ਹੈ ਇਸ ਦੇ ਫਲਸਰੂਪ ਯਾਤਰੀ ਨਿਸ਼ਚਿੰਤ ਹੋ ਕੇ ਯਾਤਰਾ ਕਰ ਸਕਦੇ ਹਨ।

11. ਬੈਂਕ (ਏ.ਟੀ.ਐਮ.) ਦੀ ਸੁਵਿਧਾ ਦਿੰਦਾ ਹੈ।

12. ਵੱਡੇ-ਵੱਡੇ ਵਪਾਰੀ ਆਪਣੇ ਗਾਹਕਾਂ ਨੂੰ ਮਾਲ ਭੇਜ ਕੇ ਉਸਦੀ ਬਿਲਟੀ ਬੈਂਕ ਵਿੱਚ ਭੇਜ ਦਿੰਦੇ ਹਨ। ਖ਼ਰੀਦਦਾਰ ਬੈਂਕ ਵਿੱਚ ਰੁਪਈਆ ਜਮ੍ਹਾਂ ਕਰਵਾ ਕੇ ਉਸ ਬਿਲਟੀ ਨੂੰ ਛੁਡਾ ਲੈਂਦੇ ਹਨ ਅਤੇ ਰੇਲਵੇ ਮਾਲ ਦਫ਼ਤਰ ਤੋਂ ਮਾਲ ਲੈ ਜਾਂਦੇ ਹਨ।

13. ਵਪਾਰਿਕ ਬੈਂਕ ਲੋਕਾਂ ਦੀ ਨਿਸ਼ਕਿਰਿਆ ਪੂੰਜੀ ਨੂੰ ਇਕੱਠਾ ਕਰਦੇ ਹਨ ਅਤੇ ਉਹਨਾਂ ਨੂੰ ਉਤਪਾਦਕ ਕੰਮਾਂ ਵਿੱਚ ਨਿਵੇਸ਼ ਕਰਦੇ ਹਨ।

14. ਵਪਾਰਿਕ ਬੈਂਕ, ਪੇਂਡੂ ਖੇਤਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ।

15. ਅਲਪ ਵਿਕਸਿਤ ਦੇਸਾਂ ਵਿੱਚ ਲੋਕਾਂ ਦੀ ਆਮਦਨ ਘੱਟ ਹੁੰਦੀ ਹੈ। ਉਹ ਕਿਸਾਨਾਂ ਨੂੰ ਉੱਤਮ ਬੀਜ, ਉੱਨਤ ਖੇਤੀ, ਭੂਮੀ ਸੁਧਾਰ ਯੰਤਰ ਆਦਿ ਖ਼ਰੀਦਣ ਲਈ ਘੱਟ ਬਿਆਜ ਦੀ ਦਰ ਤੇ ਉੱਚਿਤ ਮਾਤਰਾ ਵਿੱਚ ਕਰਜ਼ੇ ਦਿੰਦੇ ਹਨ।

16. ਬੈਂਕ ਆਪਣੇ ਗਾਹਕਾਂ ਨੂੰ ਉਪਭੋਗਤਾ ਵਸਤੂਆਂ ਖ਼ਰੀਦਣ ਲਈ ਸਾਖ ਦਿੰਦੇ ਹਨ।

17. ਦੇਸ ਦੀ ਮੁਦਰਿਕ ਨੀਤੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵਪਾਰਿਕ ਬੈਂਕਾਂ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ।

18. ਵਪਾਰਿਕ ਬੈਂਕ ਰੁਜ਼ਗਾਰ ਵਧਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੇ ਹਨ।

ਭਾਰਤ ਵਿੱਚ ਵਪਾਰੀ ਬੈਂਕਾਂ ਦਾ ਢਾਂਚਾ : ਭਾਰਤ ਵਿੱਚ ਵਪਾਰੀ ਬੈਂਕਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-ਸਰਕਾਰੀ ਬੈਂਕ ਅਤੇ ਨਿੱਜੀ ਬੈਂਕ।

ਭਾਰਤ ਵਿੱਚ ਸਰਕਾਰੀ ਬੈਂਕ ਨਿਮਨ ਹਿੱਸਿਆਂ ਵਿੱਚ ਵਿਕਸਿਤ ਹੋਏ :

(ੳ) ਇੰਮਪੀਰੀਅਲ ਬੈਂਕ ਆੱਫ ਇੰਡੀਆ, ਜਿਸਦਾ 1955 ਵਿੱਚ ਕੌਮੀਕਰਨ ਹੋਇਆ ਅਤੇ ਇਸ ਦਾ ਨਾਂ ਸਟੇਟ ਬੈਂਕ ਆੱਫ ਇੰਡੀਆ ਰੱਖਿਆ ਗਿਆ।

(ਅ) 19 ਜੁਲਾਈ, 1969 ਨੂੰ 14 ਵੱਡੇ ਵਪਾਰੀ ਬੈਂਕਾਂ ਦਾ ਕੌਮੀਕਰਨ ਕੀਤਾ ਗਿਆ। ਦੁਬਾਰਾ 15 ਅਪਰੈਲ, 1980 ਨੂੰ 6 ਹੋਰ ਵਪਾਰੀ ਬੈਂਕਾਂ ਦਾ ਕੌਮੀਕਰਨ ਕੀਤਾ ਗਿਆ।

(ੲ) 1974 ਵਿੱਚ ਰੀਜਨਲ ਖੇਤੀ ਪੇਂਡੂ ਰੂਰਲ ਬੈਂਕਾਂ ਦੀ ਸਥਾਪਨਾ ਕੀਤੀ ਗਈ, ਜਿਨ੍ਹਾਂ ਦੀ ਗਿਣਤੀ ਅੱਜ 196 ਹੈ।

ਭਾਰਤ ਵਿੱਚ ਅੱਜ 27 ਭਾਂਤ ਦੇ ਸਰਕਾਰੀ ਬੈਂਕ, 70 ਭਾਂਤ ਦੇ ਨਿੱਜੀ ਬੈਂਕ, 16 ਭਾਂਤ ਦੇ ਸਟੇਟ ਕੋਆਪਰੇਟਿਵ ਅਤੇ 196 ਭਾਂਤ ਦੇ ਖੇਤਰੀ ਪੇਂਡੂ ਬੈਂਕ ਹਨ। ਸਰਕਾਰੀ ਬੈਂਕਾਂ ਵਿੱਚੋਂ 8 ਬੈਂਕ ਸਟੇਟ ਬੈਂਕ ਗਰੁੱਪ ਵਿੱਚ ਆਉਂਦੇ ਹਨ ਅਤੇ 19 ਨੈਸ਼ਨਲਾਈਜ ਬੈਂਕ ਹਨ। ਨਿੱਜੀ ਬੈਂਕਾਂ ਵਿੱਚੋਂ 30 ਭਾਰਤੀ ਬੈਂਕ ਹਨ, 40 ਵਿਦੇਸ਼ੀ ਬੈਂਕ ਹਨ। ਨਿੱਜੀ ਭਾਰਤੀ ਬੈਂਕਾਂ ਵਿੱਚੋਂ 22 ਪੁਰਾਣੇ ਅਤੇ 8 ਨਵੇਂ ਬੈਂਕ ਹਨ।


ਲੇਖਕ : ਗਿਆਨ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-12-37-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.