ਭੱਟ-ਵਹੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੱਟ-ਵਹੀਆਂ: ਭੱਟਾਂ ਦੁਆਰਾ ਆਪਣੇ ਆਸਰਾਦਾਤਿਆਂ ਜਾਂ ਜਜਮਾਨਾਂ ਦੇ ਖ਼ਾਨਦਾਨੀ ਬਿਉਰਿਆਂ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਵਹੀਆਂ ਨੂੰ ‘ਭੱਟ ਵਹੀਆਂ’ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਲਈ ਇਨ੍ਹਾਂ ਦਾ ਖ਼ਾਸ ਮਹੱਤਵ ਹੈ, ਕਿਉਂਕਿ ਇਹ ਲੋਗ ਗੁਰੂ ਸਾਹਿਬਾਨ ਅਤੇ ਮੁੱਖ ਕੇਂਦਰੀ ਗੁਰੂ-ਧਾਮਾਂ ਦੇ ਬਹੁਤ ਨੇੜੇ ਵਿਚਰੇ ਸਨ

‘ਭੱਟ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਹ ਉਸ ਵਿਅਕਤੀ ਲਈ ਵਰਤਿਆ ਜਾਂਦਾ ਸੀ ਜੋ ਆਪਣੇ ਆਸਰਾ -ਦਾਤੇ ਜਾਂ ਜਜਮਾਨ ਦੀ ਸੇਵਾ ਵਿਚ ਰਹਿੰਦਾ ਸੀ ਅਤੇ ਉਸ ਦੀ ਸਿਫ਼ਤ ਵਿਚ ਬਿਰਦਾਵਲੀ ਲਿਖਦਾ ਅਤੇ ਪੜ੍ਹਦਾ ਸੀ। ਭੱਟਾਂ ਦੀ ਉਤਪੱਤੀ ਬਾਰੇ ਚਾਰਣਾਂ ਵਾਂਗ ਸਹੀ ਜਾਣਕਾਰੀ ਨਹੀਂ ਮਿਲਦੀ। ਇਨ੍ਹਾਂ ਨੂੰ ਕਈ ਪੱਛਮੀ ਵਿਦਵਾਨ ਪਤਿਤ ਬ੍ਰਾਹਮਣ ਮੰਨਦੇ ਹਨ ਅਤੇ ਕਈਆਂ ਦੀ ਇਹ ਧਾਰਣਾ ਹੈ ਕਿ ਇਹ ਸਾਰਸੁਤ (ਸਰਸ੍ਵਤੀ ਨਦੀ ਦੇ ਕੰਢੇ ਉਤੇ ਵਸੇ ਹੋਣ ਕਾਰਣ ਸਾਰਸ੍ਵਤ) ਬ੍ਰਾਹਮਣ ਅਖਵਾਉਂਦੇ ਹਨ। ਇਹ ਅਕਸਰ ਰਾਜ ਦਰਬਾਰਾਂ ਵਿਚ ਰਹਿੰਦੇ ਸਨ ਅਤੇ ਯੁੱਧ ਵਿਚ ਰਾਜਿਆਂ ਦੁਆਰਾ ਪ੍ਰਾਪਤ ਕੀਤੀਆਂ ਜਿਤਾਂ ਦੀਆਂ ਗਾਥਾਵਾਂ ਰਾਜਿਆਂ ਅਤੇ ਪ੍ਰਜਾ ਨੂੰ ਸੁਣਾਉਂਦੇ ਸਨ। ਇਸ ਨੂੰ ਇਕ ਯਾਚਕ ਜਾਤਿ ਵੀ ਮੰਨਿਆ ਗਿਆ ਹੈ। ਇਹ ਲੋਗ ਕਵਿਤਾ ਦੀ ਰਚਨਾ ਆਪ ਬਹੁਤ ਘਟ ਕਰਦੇ ਸਨ। ਅਕਸਰ ਦੂਜਿਆਂ ਦੀ ਸਿਰਜੀ ਕਵਿਤਾ ਨੂੰ ਗਾ ਕੇ ਸੁਣਾਉਂਦੇ ਸਨ ਅਤੇ ਜਜਮਾਨਾਂ ਤੋਂ ਦਖਿਣਾ ਲੈਂਦੇ ਸਨ।

ਗੁਰੂ ਅਮਰਦਾਸ ਜੀ ਦੇ ਵੇਲੇ ਭੀਖਾ ਨਾਂ ਦੇ ਭੱਟ ਨੇ ਸਿੱਖੀ ਧਾਰਣ ਕੀਤੀ। ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਉਹ ਆਪਣੇ ਨਾਲ ਕਈ ਭੱਟਾਂ ਨੂੰ ਲੈ ਕੇ ਆਇਆ। ਉਨ੍ਹਾਂ ਭੱਟਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਵਿਚ ਜੋ ਛੰਦ ਉਚਾਰੇ , ਉਹ ਗੁਰੂ ਗ੍ਰੰਥ ਸਾਹਿਬ ਵਿਚ ‘ਭੱਟਾਂ ਕੇ ਸਵਈਏ ’ (ਵੇਖੋ) ਵਜੋਂ ਅੰਕਿਤ ਹਨ। ਆਪਣੀ ਕੁਲ ਪਰੰਪਰਾ ਦੀ ਬਿਰਤੀ ਅਨੁਸਾਰ ਇਹ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਾਂ ਅਤੇ ਪ੍ਰਮੁਖ ਸਿੱਖਾਂ ਸੰਬੰਧੀ ਆਪਣੀਆਂ ਵਹੀਆਂ ਵਿਚ ਲੋੜੀਂਦੀ ਜਾਣਕਾਰੀ ਅੰਕਿਤ ਕਰਦੇ ਰਹਿੰਦੇ ਸਨ। ਉਸ ਜਾਣਕਾਰੀ ਵਿਚੋਂ ਕੁਝ ਦੇ ਭੱਟ ਖ਼ੁਦ ਸਾਖੀ ਹੁੰਦੇ ਸਨ ਅਤੇ ਕੁਝ ਸੁਣੀ ਸੁਣਾਈ ਹੁੰਦੀ ਸੀ, ਕਿਉਂਕਿ ਉਹ ਜਦ ਕਦੇ ਗੁਰੂ-ਦਰਬਾਰ ਵਿਚ ਆਉਂਦੇ ਤਾਂ ਬੀਤੇ ਦੀਆਂ ਘਟਨਾਵਾਂ ਜਾਂ ਗੱਲਾਂ ਬਾਰੇ ਸੁਣੀ ਸੁਣਾਈ ਜਾਣਕਾਰੀ ਲਿਖ ਲੈਂਦੇ। ਇਸ ਲਈ ਇਨ੍ਹਾਂ ਵਹੀਆਂ ਵਿਚਲੀ ਜਾਣਕਾਰੀ ਨੂੰ ਸੌ ਫ਼ੀਸਦੀ ਸਹੀ ਕਹਿ ਸਕਣਾ ਸਰਲ ਨਹੀਂ। ਪਰ ਜੋ ਜਾਣਕਾਰੀ ਇਨ੍ਹਾਂ ਖ਼ੁਦ ਵੇਖ ਕੇ ਲਿਖੀ ਹੈ, ਉਹ ਪ੍ਰਮਾਣਿਕ ਸਰੋਤ ਸਾਮਗ੍ਰੀ ਉਪਲਬਧ ਕਰਦੀ ਹੈ।

ਇਹ ਭੱਟ-ਵਹੀਆਂ ‘ਭਟ-ਅੱਛਰੀ’ ਵਿਚ ਲਿਖੀਆਂ ਜਾਂਦੀਆਂ ਸਨ। ਇਨ੍ਹਾਂ ਨੂੰ ਲੱਭਣ ਦਾ ਉਦਮ ਗਿਆਨੀ ਗਰਜਾ ਸਿੰਘ ਨੇ ਕੀਤਾ ਅਤੇ ਇਨ੍ਹਾਂ ਦੇ ਗੁਰਮੁਖੀ ਉਤਾਰੇ ਤਿਆਰ ਕੀਤੇ ਜੋ ਹੁਣ ਪੰਜਾਬ ਹਿਸਟੋਰੀਕਲ ਸਟਡੀਜ਼ ਵਿਭਾਗ , ਪੰਜਾਬੀ ਯੂਨੀਵਰਸਿਟੀ ਵਿਚ ਸੁਰਖਿਅਤ ਹਨ। ਇਨ੍ਹਾਂ ਵਿਚੋਂ ਉਸ ਸਮੇਂ ਦੀਆਂ ਤਿਥੀਆਂ, ਥਾਂਵਾਂ ਅਤੇ ਘਟਨਾਵਾਂ ਬਾਰੇ ਕਾਫ਼ੀ ਉਪਯੋਗੀ ਸਾਮਗ੍ਰੀ ਮਿਲ ਸਕਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.