ਵੇਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੇਦ (ਨਾਂ,ਪੁ) ਸਭ ਤੋਂ ਪੁਰਾਤਨ ਮੰਨੇ ਹੋਏ ਚਾਰ ਧਾਰਮਿਕ ਗ੍ਰੰਥ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵੇਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੇਦ [ਨਾਂਪੁ] ਹਿੰਦੂਆਂ (ਹਿੰਦੁਸਤਾਨੀਆਂ) ਦੇ ਪੁਰਾਤਨ ਧਰਮ-ਗ੍ਰੰਥ (ਰਿਗਵੇਦ, ਯਜੁਰਵੇਦ , ਸਾਮਵੇਦ , ਅਥਰਵੇਦ) ਵਿੱਚੋਂ ਕੋਈ ਇੱਕ; ਗਿਆਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵੇਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵੇਦ : ‘ਵੇਦ’ ਸ਼ਬਦ ਦਾ ਅਰਥ ਗਿਆਨ ਹੁੰਦਾ ਹੈ ਇਸ ਕਰਕੇ ਵੇਦਾਂ ਵਿੱਚ ਜੋ ਗਿਆਨ ਮਿਲਦਾ ਹੈ, ਉਹ ਸਭ ਤੋਂ ਪੁਰਾਣਾ ਗਿਆਨ ਹੈ, ਕਿਉਂਕਿ ਵੇਦਾਂ ਨੂੰ ਸੰਸਾਰ ਦੇ ਸਭ ਤੋਂ ਪੁਰਾਣੇ ਗ੍ਰੰਥ ਮੰਨਿਆ ਜਾਂਦਾ ਹੈ। ਅੱਜ-ਕੱਲ੍ਹ ਚਾਰ ਵੇਦ ਮਿਲਦੇ ਹਨ ਜਿਨ੍ਹਾਂ ਨੂੰ ਰਿਗਵੇਦ, ਯਜੁਰਵੇਦ, ਸਾਮਵੇਦ ਤੇ ਅਥਰਵਵੇਦ ਕਿਹਾ ਜਾਂਦਾ ਹੈ। ਇਹਨਾਂ ਸਾਰੇ ਵੇਦਾਂ ਦੀਆਂ ਕਈ ਸ਼ਾਖਾਵਾਂ ਮੰਨੀਆਂ ਗਈਆਂ ਹਨ। ਰਿਗਵੇਦ ਦੀਆਂ 21 ਸ਼ਾਖਾਵਾਂ ਕਹੀਆਂ ਗਈਆਂ ਹਨ, ਯਜੁਰਵੇਦ ਦੀਆਂ 109 ਸ਼ਾਖਾਵਾਂ ਮੰਨੀਆਂ ਗਈਆਂ ਹਨ, ਸਾਮਵੇਦ ਦੀਆਂ ਹਜ਼ਾਰ ਸ਼ਾਖਾਵਾਂ ਦੱਸੀਆਂ ਗਈਆਂ ਹਨ ਅਤੇ ਅਥਰਵਵੇਦ ਦੀਆਂ 50 ਸ਼ਾਖਾਵਾਂ ਕਹੀਆਂ ਗਈਆਂ ਹਨ ਪਰੰਤੂ ਹੁਣ ਇਹ ਸਭ ਸ਼ਾਖਾਵਾਂ ਪ੍ਰਾਪਤ ਨਹੀਂ ਹਨ। ਇਹਨਾਂ ਵੇਦਾਂ ਦਾ ਕੋਈ ਲੇਖਕ ਨਹੀਂ ਹੈ, ਪਰ ਵੇਦਾਂ ਦੇ ਮੰਤਰਾਂ ਨਾਲ ਸੰਬੰਧਿਤ ਰਿਸ਼ੀਆਂ ਨੂੰ ਮੰਤਰਾਂ ਦੇ ਦਰਸ਼ਨਾਂ ਜਾਂ ਵੇਖਣ ਵਾਲੇ ਕਿਹਾ ਗਿਆ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਗਤ ਦੀ ਰਚਨਾ ਦੇ ਨਾਲ ਹੀ ਇਹ ਮੰਤਰ ਰਿਸ਼ੀਆਂ ਦੀਆਂ ਬੁੱਧੀਆਂ ਵਿੱਚ ਪ੍ਰਗਟ ਹੋ ਗਏ ਸੀ। ਅੱਜ-ਕੱਲ੍ਹ ਜੋ ਵੇਦ ਮਿਲਦੇ ਹਨ ਉਹਨਾਂ ਵਿੱਚ ਕੁੱਲ ਵੀਹ ਹਜ਼ਾਰ ਦੇ ਕਰੀਬ ਮੰਤਰ ਮਿਲਦੇ ਹਨ ਜਿਨ੍ਹਾਂ ਵਿੱਚੋਂ ਦਸ ਹਜ਼ਾਰ ਤੋਂ ਜ਼ਿਆਦਾ ਮੰਤਰ ਇਕੱਲੇ ਰਿਗਵੇਦ ਵਿੱਚ ਮਿਲਦੇ ਹਨ। ਇਸ ਤਰ੍ਹਾਂ ਯਜੁਰਵੇਦ ਦੇ ਮੰਤਰਾਂ ਦੀ ਸੰਖਿਆ ਦੋ ਹਜ਼ਾਰ ਦੇ ਕਰੀਬ ਹੈ, ਸਾਮਵੇਦ ਵਿੱਚ ਅਠਾਰ੍ਹਾਂ ਸੌ ਦੇ ਕਰੀਬ ਮੰਤਰ ਮਿਲਦੇ ਹਨ ਅਤੇ ਅਥਰਵਵੇਦ ਵਿੱਚ ਲਗਪਗ ਛੇ ਹਜ਼ਾਰ ਮੰਤਰ ਮਿਲਦੇ ਹਨ।

ਰਿਗਵੇਦ ਨੂੰ ਸੰਸਾਰ ਦਾ ਪਹਿਲਾ ਗ੍ਰੰਥ ਮੰਨਿਆ ਜਾਂਦਾ ਹੈ। ਇਸ ਵਿੱਚ ਦਸ ਮੰਡਲ ਹਨ, ਮੰਡਲਾਂ ਵਿੱਚ ਸੂਕਤ ਹਨ ਅਤੇ ਸੂਕਤਾਂ ਵਿੱਚ ਮੰਤਰ ਹਨ। ਯਜੁਰਵੇਦ ਜਾਂ ਸ਼ੁਕਲ ਯਜੁਰਵੇਦ ਵਿੱਚ ਚਾਲੀ ਅਧਿਆਇ ਹਨ। ਹਰੇਕ ਅਧਿਆਇ ਵਿੱਚ ਮੰਤਰ ਹਨ। ਸਾਮਵੇਦ ਦੇ ਦੋ ਭਾਗ ਹਨ ਜਿਨ੍ਹਾਂ ਨੂੰ ਪੂਰਵਾਰਚਿਕ ਤੇ ਉੱਤਰਾਰਚਿਕ ਕਿਹਾ ਗਿਆ ਹੈ, ਜਿਨ੍ਹਾਂ ਵਿੱਚ ਪ੍ਰਪਾਠਕ, ਸੂਕਤ ਤੇ ਮੰਤਰ ਹਨ। ਅਥਰਵਵੇਦ ਵਿੱਚ ਵੀਹ ਕਾਂਡ ਹਨ, ਕਾਂਡਾਂ ਵਿੱਚ ਸੂਕਤ ਹਨ ਅਤੇ ਸੂਕਤਾਂ ਵਿੱਚ ਮੰਤਰ ਹਨ। ਹਰੇਕ ਵੇਦ ਦੇ ਹਰੇਕ ਮੰਤਰ ਦਾ ਕੋਈ ਰਿਸ਼ੀ ਹੁੰਦਾ ਹੈ, ਕੋਈ ਦੇਵਤਾ ਹੁੰਦਾ ਹੈ ਅਤੇ ਕੋਈ ਛੰਦ ਹੁੰਦਾ ਹੈ। ਇਸ ਤਰ੍ਹਾਂ ਵੇਦਾਂ ਦੇ ਪ੍ਰਧਾਨ ਦੇਵਤਿਆਂ ਵਿੱਚ ਅਗਨੀ, ਇੰਦਰ, ਸੋਮ, ਵਿਸ਼ਨੂੰ, ਰੁੱਦਰ, ਵਰੁਣ, ਅਦਿੱਤਿਆ, ਵਾਯੂ, ਮਿਤ੍ਰ ਆਦਿ ਹਨ। ਇਹਨਾਂ ਤੋਂ ਇਲਾਵਾ ਵੇਦਾਂ ਵਿੱਚ ਪ੍ਰਕ੍ਰਿਤੀ ਦੇ ਅਨੇਕ ਤੱਤਾਂ ਨੂੰ ਵੀ ਦੇਵਤਾ ਮੰਨਿਆ ਗਿਆ ਹੈ, ਅਨੇਕ ਜੀਵਾਂ ਨੂੰ ਵੀ ਦੇਵਤਾ ਕਿਹਾ ਹੈ। ਕਹਿਣ ਦਾ ਭਾਵ ਇਹ ਹੈ ਕਿ ਵੈਦਿਕ ਰਿਸ਼ੀ ਜਿਸ ਤੱਤ ਜਾਂ ਪਦਾਰਥ ਬਾਰੇ ਕੁਝ ਕਹਿਣਾ ਚਾਹੁੰਦੇ ਹਨ, ਉਹਨਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਇੱਕ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਵੇਦਾਂ ਦੇ ਕੁਝ ਮੰਤਰਾਂ ਨਾਲ ਰਿਸ਼ਿਕਾਵਾਂ ਦੇ ਨਾਮ ਵੀ ਦਿੱਤੇ ਗਏ ਹਨ।

ਵੇਦਾਂ ਦੇ ਕੁਝ ਸੂਕਤ ਬਹੁਤ ਪ੍ਰਸਿੱਧ ਹਨ। ਪੁਰਸ਼-ਸੂਕਤ ਚਾਰਾਂ ਵੇਦਾਂ ਵਿੱਚ ਮਿਲਦਾ ਹੈ ਜਿਸ ਵਿੱਚ ਸਾਰੇ ਵਿਸ਼ਵ ਨੂੰ ਪੁਰਸ਼ ਦਾ ਰੂਪ ਮੰਨਿਆ ਹੈ ਅਤੇ ਉਸੇ ਤੋਂ ਜਗਤ ਦੀ ਉਤਪਤੀ ਕਹੀ ਹੈ। ਨਾਸਦੀਯ-ਸੂਕਤ ਵਿੱਚ ਜਗਤ ਦੀ ਰਚਨਾ ਤੋਂ ਪਹਿਲੇ ਦੀ ਸਥਿਤੀ ਦੱਸ ਕੇ ਜਗਤ ਦੀ ਰਚਨਾ ਬਾਰੇ ਕਿਹਾ ਹੈ। ਰਿਗਵੇਦ ਦਾ ਪਹਿਲਾ ਅਗਨੀ ਸੂਕਤ ਵੀ ਬਹੁਤ ਪ੍ਰਸਿੱਧ ਹੈ। ਰਿਗਵੇਦ ਦਾ ਆਖ਼ਰੀ ਸੂਕਤ ਸਾਨੂੰ ਸਭ ਨੂੰ ਇਕੱਠੇ ਰਹਿਣ ਦੀ ਸਿੱਖਿਆ ਦਿੰਦਾ ਹੈ। ਇਸੇ ਵੇਦ ਦਾ ਹਿਰਣਿਅਗਰਭ-ਸੂਕਤ ਕਹਿੰਦਾ ਹੈ ਕਿ ਸਾਰੇ ਪ੍ਰਾਣੀਆਂ ਦਾ ਇੱਕ ਹੀ ਪਾਲਕ ਹੈ ਅਤੇ ਉਹ ਜਗਤ ਦਾ ਰਾਜ ਹੈ। ਵਿਸ਼ਨੂੰ ਨਾਲ ਸੰਬੰਧਿਤ ਕੁਝ ਸੂਕਤ ਵੀ ਬਹੁਤ ਪ੍ਰਸਿੱਧ ਹਨ ਅਤੇ ਉਸ ਦੇ ਤਿੰਨ ਕਦਮਾਂ ਵਿੱਚ ਤਿੰਨੇ ਲੋਕ ਆ ਜਾਂਦੇ ਹਨ। ਪ੍ਰਕ੍ਰਿਤੀ ਦੀ ਸੁੰਦਰਤਾ ਦਾ ਨਿਰੂਪਣ ਕਰਨ ਵਾਲਾ ਊਸ਼ਾ ਦਾ ਸੂਕਤ ਵੀ ਕਾਫ਼ੀ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਇੰਦਰ ਤੇ ਸੋਮ ਨਾਲ ਸੰਬੰਧਿਤ ਰਿਗਵੇਦ ਦੇ ਕਈ ਸੂਕਤ ਬਹੁਤ ਪ੍ਰਸਿੱਧ ਹਨ। ਰਿਗਵੇਦ ਦੇ ਕੁਝ ਸੂਕਤਾਂ ਤੇ ਕੁਝ ਵਿਦਵਾਨਾਂ ਨੇ ਪੂਰੀਆਂ ਪੁਸਤਕਾਂ ਹੀ ਲਿਖ ਦਿੱਤੀਆਂ ਹਨ। ਯਜੁਰਵੇਦ ਦਾ ਚਾਲੀਵਾਂ ਅਧਿਆਇ ਈਸ਼-ਉਪਨਿਸ਼ਦ ਦੇ ਰੂਪ ਵਿੱਚ ਪ੍ਰਸਿੱਧ ਹੈ, ਇਸ ਵੇਦ ਦੇ ਛੱਤੀਵੇਂ ਅਧਿਆਇ ਵਿੱਚ ਬਹੁਤ ਸਾਰੇ ਸ਼ਾਂਤੀ-ਪਾਠ ਦਿੱਤੇ ਗਏ ਹਨ। ਸਾਮਵੇਦ ਦੇ ਪਹਿਲੇ ਤਿੰਨ ਸੂਕਤ ਕਾਫ਼ੀ ਵੱਡੇ ਹਨ ਅਤੇ ਉਹ ਅਗਨੀ, ਇੰਦਰ ਤੇ ਸੋਮ ਦਾ ਵਿਸਥਾਰ ਨਾਲ ਵਰਣਨ ਕਰਦੇ ਹਨ। ਅਥਰਵਵੇਦ ਵਿੱਚ ਕਈ ਪ੍ਰਤੀਕਾਤਮਕ ਅਧਿਆਤਮਕ ਸੂਕਤ ਦਿੱਤੇ ਗਏ ਹਨ, ਇਸ ਤੋਂ ਇਲਾਵਾ ਇਸ ਵਿੱਚ ਪ੍ਰਾਣ-ਸੂਕਤ, ਬ੍ਰਹਮਚਾਰੀ-ਸੂਕਤ, ਪ੍ਰਿਥਵੀ-ਸੂਕਤ, ਵਿਵਾਹ-ਸੂਕਤ ਆਦਿ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਕੰਨਿਆ ਦੀ ਸਿੱਖਿਆ ਦੀ ਗੱਲ ਕੀਤੀ ਹੈ ਅਤੇ ਪ੍ਰਿਥਵੀ ਨੂੰ ਮਾਤਾ ਕਿਹਾ ਗਿਆ ਹੈ।

ਵੇਦਾਂ ਦੇ ਕੁਝ ਮੰਤਰ ਵੀ ਬਹੁਤ ਪ੍ਰਸਿੱਧ ਹਨ ਜਿਨ੍ਹਾਂ ਵਿੱਚ ਕਿਹਾ ਹੈ ਕਿ ਸਤ ਇੱਕ ਹੈ ਅਤੇ ਉਸੇ ਨੂੰ ਵਿਦਵਾਨ ਜਾਂ ਰਿਸ਼ੀ ਇੰਦਰ, ਅਗਨੀ, ਮ੍ਰਿਤ, ਵਰੁਣ ਆਦਿ ਕਹਿੰਦੇ ਹਨ; ਦੇਵਤਿਆਂ ਦੇ ਨਾਮ ਨੂੰ ਧਾਰਨ ਕਰਨ ਵਾਲਾ ਇੱਕ ਹੀ ਹੈ; ਇਹ ਸਭ ਕੁਝ ਪੁਰਸ਼ ਹੀ ਹੈ; ਇੰਦਰ ਮਾਇਆ ਨਾਲ ਬਹੁਤ ਰੂਪ ਹੋ ਜਾਂਦਾ ਹੈ; ਇਸ ਵੇਦ ਰੂਪੀ ਦੇਣ ਦੇ ਕਾਵ ਨੂੰ ਵੇਖੋ, ਇਹ ਨਾ ਕਦੀ ਮਰਦਾ ਹੈ ਅਤੇ ਨਾ ਕਦੀ ਪੁਰਾਣਾ ਹੀ ਹੁੰਦਾ ਹੈ; ਇਹ ਆਤਮਾ ਅੰਮ੍ਰਿਤ ਹੈ ਅਤੇ ਹਮੇਸ਼ਾ ਜਵਾਨ ਹੈ; ਵਿਸ਼ਵ ਸੱਚ ਹੈ; ਮੰਤਰ ਗੁਰੂ ਹੈ; ਜੋ ਉਸ ਬ੍ਰਹਮ ਨੂੰ ਨਹੀਂ ਜਾਣਦਾ, ਉਹ ਰਿਚਾਵਾਂ ਜਾਂ ਮੰਤਰਾਂ ਨੂੰ ਕੀ ਕਰੇਗਾ। ਇਸ ਤਰ੍ਹਾਂ ਵੇਦਾਂ ਵਿੱਚ ਮਨੁੱਖੀ ਜੀਵਨ, ਸਮਾਜ, ਰਾਸ਼ਟਰ ਆਦਿ ਬਾਰੇ ਬਹੁਤ ਕੁਝ ਕਿਹਾ ਹੈ।


ਲੇਖਕ : ਆਰ.ਡੀ. ਨਿਰਾਕਾਰੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-12-10-51-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.