ਸਨਮੁਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਮੁਖ ਸੰ. सम्मुख—ਸੰਮੁਖ. ਕ੍ਰਿ. ਵਿ—ਸਾਮ੍ਹਣੇ. ਮੁਖ ਦੇ ਅੱਗੇ“ਸਨਮੁਖ ਸਹਿ ਬਾਨ.” (ਆਸਾ ਛੰਤ ਮ: ੫) ੨ ਭਾਵ—ਆਗ੍ਯਕਾਰੀ. “ਮੋਹਰੀ ਪੁਤੁ ਸਨਮੁਖੁ ਹੋਇਆ.” (ਸਦੁ) ੩ ਸੰਗ੍ਯਾ—ਗੁਰੂ ਵੱਲ ਹੈ ਜਿਸ ਦਾ ਮੁਖ, ਅਤੇ ਵਿਕਾਰਾਂ ਨੂੰ ਜਿਸ ਨੇ ਪਿੱਠ ਦਿੱਤੀ ਹੈ. ਜਿਸ ਵਿੱਚ ਮੈਤ੍ਰੀ ਆਦਿ ਸ਼ੁਭ ਗੁਣ ਹਨ.

“ਮੈਤ੍ਰੀ ਕਰੁਣਾ ਦ੍ਵੈ ਲਖੋ ਮੁਦਿਤਾ ਤੀਜੀ ਜਾਨ।

ਚਤੁਰ ਉਪੇਖ੍ਯਾ ਜਿਸ ਵਿਖੈ ਸਨਮੁਖ ਸੋ ਪਹਿਚਾਨ.”1

(ਨਾਪ੍ਰ)

    ੪ ਲਾਹੌਰ ਨਿਵਾਸੀ ਇੱਕ ਸ਼ਾਹੂਕਾਰ , ਜੋ ਭਾਈ ਭਗੀਰਥ ਦੀ ਸੰਗਤਿ ਤੋਂ ਸਤਿਗੁਰੁ ਨਾਨਕ ਦੇਵ ਦਾ ਅਨੰਨ ਸਿੱਖ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਨਮੁਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਨਮੁਖ: ਇਸ ਤੋਂ ਭਾਵ ਹੈ ਮੁਖ ਦੇ ਸਾਹਮਣੇ। ਸਿੱਖ ਧਰਮ ਵਿਚ ਗੁਰੂ ਦੇ ਸਾਹਮਣੇ ਰਹਿਣ ਅਥਵਾ ਆਗਿਆ ਮੰਨਣ ਵਾਲੇ ਸੇਵਕ ਲਈ ‘ਸਨਮੁਖ’ ਸ਼ਬਦ ਵਾਚਕ ਵਜੋਂ ਪਰਿਭਾਸ਼ਿਤ ਹੋ ਚੁਕਿਆਹੈ। ਜਿਸ ਸਿੱਖ ਦਾ ਮੁਖ ਗੁਰੂ ਵਲ ਹੈ (ਅਰਥਾਤ ਗੁਰੂ ਅਨੁਸਾਰ ਕਾਰਜ ਕਰਦਾ ਹੈ) ਅਤੇ ਵਿਸ਼ੇ- ਵਿਕਾਰਾਂ ਤੋਂ ਜਿਸ ਨੇ ਮੁਖ ਮੋੜ ਲਿਆ ਹੈ, ਉਹ ‘ਸਨਮੁਖ’ ਹੈ। ਗੁਰਬਾਣੀ ਵਿਚ ‘ਗੁਰਮੁਖ ’ (ਵੇਖੋ) ਸ਼ਬਦ ਇਸ ਦਾ ਪ੍ਰਯਾਯਵਾਚੀ ਹੈ।

            ਪਰਵਰਤੀ ਸਿੱਖ ਸਾਹਿਤ ਦੀ ‘ਭਗਤ ਰਤਨਾਵਲੀ ’ (13ਵੀਂ ਪਉੜੀ) ਨਾਂ ਦੀ ਰਚਨਾ ਵਿਚ ‘ਸਨਮੁਖ’ ਨੂੰ ਪਰਿ- ਭਾਸ਼ਿਤ ਕਰਨ ਲਈ ਗੁਰੂ ਨਾਨਕ ਦੇਵ ਜੀ ਤੋਂ ਅਖਵਾਇਆ ਗਿਆ ਹੈ :

            ਤਾ ਬਚਨ ਹੋਇਆ ਜੋ ਪਾਪਾ ਨੂੰ ਪਿਠੁ ਦੇਦੇ ਹੈਨਿ, ਤੇ ਪੁੰਨਾਂ ਦੇ ਸਾਹਮਣ ਹੋਦੇ ਹੈਨਿ, ਸੋ ਸਨਮੁਖ ਹੈ ਤੇ ਗੁਰੂ ਕੇ ਦਰਸਨ ਨੂੰ ਸਨਮੁਖ ਬੈਠ ਕੇ ਸੁਣੇ, ਸਬਦ ਨੂੰ ਸਨ ਮੁਖਿ ਬੈਠਿ ਕੇ ਸੁਣੇ ਤੇ ਆਪਣੇ ਮਨ ਦੀ ਬ੍ਰਿਤ ਦਾ ਸਾਖੀ ਹੋਵੇ ਚਾਰ ਸਾਖੀਆਂ ਸਨਮੁਖਿ ਦੀਆਂ ਹੈਨਿ ਜਿਸ ਕਰਿ ਕੈ ਗੁਰੂ ਕੇ ਸਨਮੁਖ ਹੁੰਦੇ ਹਨ... ਜੀ ਓਹੁ ਕੇਹੜੀਆਂ ਸਾਖੀਆਂ ਹੈਨਿ ਤਾਂ ਬਾਬੇ ਆਖਿਆ - ਇਕ ਮੈਤ੍ਰੀ, ਇਕੁ ਕਰੁਨਾ, ਇਕ ਮੁਦਤਾ, ਇਕ ਉਪੇਖਿਆ ਇਸ ਬਾਰੇ ‘ਗੁਰ ਨਾਨਕ ਪ੍ਰਕਾਸ਼ ’ ਵਿਚ ਲਿਖਿਆ ਹੈ— ਮੈਤ੍ਰੀ ਕਰੁਣਾ ਦ੍ਵੈ ਲਖੋ ਮੁਦਿਤਾ ਤੀਜੀ ਜਾਨ ਚਤੁਰ ਉਪੇਖਯਾ ਜਿਸ ਬਿਖੈ ਸਨਮੁਖ ਸੋ ਪਹਿਚਾਨ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਨਮੁਖ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਨਮੁਖ : ਸਿੱਖ ਧਰਮ ਵਿਚ ‘ਸਨਮੁਖ’ ਦੀ ਬੜੀ ਉਚੀ ਪਦਵੀ ਹੈ। ਗੁਰੂ ਦੇ ਉਪਦੇਸ਼ ਉਪਰ ਪੂਰੀ ਤਰ੍ਹਾਂ ਅਮਲ ਕਰਨ ਵਾਲੇ ਗੁਰ–ਸਿੱਖ ਹੀ ਮਨਮੁਖ ਅਖਵਾਉਣ ਦੇ ਅਧਿਕਾਰੀ ਹੁੰਦੇ ਹਨ। ਅਸਲ ਵਿਚ ‘ਸਨਮੁਖ’ ਸ਼ਬਦ ਗੁਰਮੁਖ (ਵੇਖੋ) ਦਾ ਸਮਾਨ ਆਰਥਕ ਸ਼ਬਦ ਹੈ। ਭਾਈ ਕਾਨ੍ਹ ਸਿੰਘ ਅਨੁਸਾਰ ਗੁਰੂ ਵੱਲ ਜਿਸ ਦਾ ਮੁਖ ਹੈ ਅਤੇ ਵਿਕਾਰਾਂ ਨੂੰ ਜਿਸ ਦੇ ਪਿੱਠ ਦਿੱਤੀ ਹੈ ਅਤੇ ਮੈਤ੍ਰੀ ਆਦਿ ਜਿਸ ਵਿਚ ਚਾਰ ਸ਼ੁਭ ਗੁਣ ਹਨ, ਉਸ ਦੀ ਸੰਗਿਆ ‘ਸਨਮੁਖ’ ਹੈ।

          ਗੁਰੂ ਅਮਰਦਾਸ ਜੀ ਨੇ ਅਨੰਦੁ ਸਾਹਿਬ ਵਿਚ ਸਨਮੁਖ ਸਿੱਖ ਬਾਰੇ ਫੁਰਮਾਇਆ ਹੈ :

                   ਜੋ ਕੋ ਸਿਖ ਗੁਰੂ ਸੇਤੀ ਸਨਮੁਖੁ ਹੋਵੇ।

                   ਹੋਵੈ ਤ ਸਨਮੁਖੁ ਸਿਖੁ ਕੋਈ, ਜੀਅਹੁ ਰਹੈ ਗੁਰ ਨਾਲੈ।

                   ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਿ ਆਤਮੈ ਸਮਾਲੈ।

                   ਆਪੁ ਛਡਿ ਸਦਾ ਰਹੇ ਪਰਣੇ ਗੁਰ ਬਿਨੁ ਅਵਰੁ ਨਾ ਜਾਣੈ ਕੋਇ।

                   ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖ ਸਨਮੁਖ ਹੋਇ।             

          [ਸਹਾ. ਗ੍ਰੰਥ––ਮ. ਕੋ.; ‘ਸ਼ਬਦਾਰਥ ਗੁਰੂ ਗ੍ਰੰਥ ਸਾਹਿਬ’]


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਸਨਮੁਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਨਮੁਖ, ਕਿਰਿਆ ਵਿਸ਼ੇਸ਼ਣ : ਸਾਹਮਣੇ, ਰੂਬਰੂ, ਮੌਜੂਦਗੀ ਵਿੱਚ

–ਸਨਮੁਖ ਕੋਣ, (ਹਿਸਾਬ) / ਪੁਲਿੰਗ : ਸਾਹਮਣੇ ਵਾਲਾ ਜਾਵੀਆਂ ਜਾਂ ਕੋਣ

–ਸਨਮੁਖ ਭੁਜਾ, (ਹਿਸਾਬ) / ਇਸਤਰੀ ਲਿੰਗ : ਮੂੰਹ ਨੂੰ ਸਾਮ੍ਹਣੀ ਬਾਹੀ

–ਸਨਮੁਖ ਰਾਸ਼ੀ ਕੋਣ, (ਹਿਸਾਬ) / ਇਸਤਰੀ ਲਿੰਗ : ਐਸੀਆਂ ਦੋ ਇੱਕ ਦੂਜੇ ਦੇ ਉਲਟ ਕੋਣਾਂ ਜਿਨ੍ਹਾਂ ਦੇ ਸਿਰ ਇੱਕ ਥਾਂ ਮਿਲਦੇ ਹੋਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-35-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.