ਸੱਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਪ (ਨਾਂ,ਪੁ) ਲੰਮਾ ਪਤਲਾ ਲੱਤਾਂ ਤੋਂ ਰਹਿਤ ਘਸਰ ਕੇ ਚੱਲਣ ਵਾਲਾ ਜ਼ਹਿਰੀਲਾ ਜੀਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੱਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਪ ਦੇਖੋ, ਸਰਪ ਅਤੇ ਸਰਪਿਣੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਪ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸੱਪ : ਸੱਪ, ਰੈਪਟਿਲੀਆ (Reptilia) ਸ਼੍ਰੇਣੀ ਦੇ ਸਕੁਐਮੇਟਾ (Squamata) ਵਰਗ ਵਿਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਦਾ ਉਪ-ਵਰਗ ਸਰਪੈਂਟੀਜ਼ (Serpentes) ਜਾਂ ਓਫਿਡੀਆ (Ophidia) ਹੈ। ਸੱਪਾਂ ਦੀਆਂ ਲਗਭਗ 2500 ਜਾਤੀਆਂ ਵਿਚੋਂ ਕੋਈ 400 ਜ਼ਹਿਰੀਲੀਆਂ ਜਾਤੀਆਂ ਹਨ। ਸੱਪ ਰੀੜ੍ਹਧਾਰੀ ਜੀਵ ਹਨ ਜਿਨ੍ਹਾਂ ਦੀਆਂ ਲੱਤਾਂ ਅਤੇ ਬਾਹਾਂ ਨਹੀਂ ਹੁੰਦੀਆਂ ਅਤੇ ਸਰੀਰ ਦੇ ਅੰਦਰਲੇ ਅੰਗ ਬਹੁਤ ਲੰਬੇ ਹੋ ਜਾਂਦੇ ਹਨ। ਠੰਢੇ ਦੇਸ਼ਾਂ ਤੋਂ ਛੁੱਟ ਬਾਕੀ ਲਗਭਗ ਸਾਰੀ ਦੁਨੀਆ ਵਿਚ ਹੀ ਸੱਪ ਆਮ ਹੁੰਦੇ ਹਨ।

          ਬਹੁਤ ਸਾਰੇ ਸੱਪ ਤਾਂ ਧਰਤੀ ਉੱਤੇ ਰਹਿੰਦੇ ਹਨ ਪਰ ਕੁਝ ਇਕ ਦਰਖ਼ਤਾਂ ਉੱਤੇ ਵੀ ਰਹਿੰਦੇ ਹਨ। ਕੁਝ ਸੱਪ ਸਮੁੰਦਰਾਂ ਅਤੇ ਦਰਿਆਵਾਂ ਦੇ ਪਾਣੀਆਂ ਵਿਚ ਵੀ ਰਹਿੰਦੇ ਹਨ। ਕੁਝ ਕੁ ਕਿਸਮਾਂ ਧਰਤੀ ਵਿਚ ਖੁੱਡਾਂ ਬਣਾ ਕੇ ਰਹਿੰਦੀਆਂ ਹਨ।

          ਕੁਝ ਨਿੱਕੇ ਨਿੱਕੇ ਸੱਪ ਤਕਰੀਬਨ 76-102 ਮਿ. ਮੀ. ਲੰਬੇ ਹੁੰਦੇ ਹਨ। ਅਜਗਰ ਜਾਂ ਪਾਈਥਨ, ਮੋਲਰੂਸ (Python molurus) ਸਭ ਤੋਂ ਵੱਡਾ ਸੱਪ ਹੈ ਜਿਸ ਦੀ ਲੰਬਾਈ 7.5 ਮੀ. ਅਤੇ ਭਾਰ 136 ਕਿ. ਗ੍ਰਾਮ ਰਿਕਾਰਡ ਕੀਤਾ ਗਿਆ ਹੈ। ਕੁਝ ਕੁ ਪ੍ਰਾਚੀਨ ਕਿਸਮਾਂ ਜਿਵੇਂ ਕਿ ਬੋਆਜ਼ (Boas) ਅਤੇ ਅਜਗਰ ਆਦਿ ਵਿਚ ਗੁਦਾ ਦੇ ਲਾਗੇ ਖਾਰ ਵਰਗੇ (Spur like) ਪੁੜਿਆਂ ਦੇ ਅੰਸ਼ ਜ਼ਰੂਰ ਹੁੰਦੇ ਹਨ। ਹੇਠਲਾ ਜਬਾੜ੍ਹਾ ਖੋਪਰੀ ਦੇ ਨਾਲ ਢਿੱਲੇ ਤੌਰ ਤੇ ਜੁੜਿਆ ਹੁੰਦਾ ਹੈ ਅਤੇ ਮੈਂਡੀਬਲ ਇਕ ਲਚਕਦਾਰ ਲਿਗਾਮੈਂਟ ਰਾਹੀਂ ਜੁੜੇ ਹੁੰਦੇ ਹਨ। ਇਸ ਤਰ੍ਹਾਂ ਚਾਰੇ ਅਰਧ ਜਬਾੜ੍ਹੇ ਆਸਾਨੀ ਨਾਲ ਹਿੱਲ ਜੁੱਲ ਸਕਦੇ ਹਨ। ਸੱਪ ਦੀ ਸੀਨਾ ਅਸਥੀ (Sternum) ਅਤੇ ਛਾਤੀ ਗਰਡਲ (pectoral girdle) ਵੀ ਨਹੀਂ ਹੁੰਦੇ ਅਤੇ ਦੇਹ-ਭਿੱਤੀ ਬਹੁਤ ਲਚਕਦਾਰ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਸੱਪ ਆਪਣੇ ਨਾਲੋਂ ਮੋਟੇ ਸ਼ਿਕਾਰ ਨੂੰ ਫੜ ਕੇ ਨਿਗਲ ਜਾਂਦੇ ਹਨ।

          ਇਨ੍ਹਾਂ ਦੀਆਂ ਅੱਖਾਂ ਵਿਚ ਵੱਖ ਵੱਖ ਪਾਲਕਾਂ ਅਤੇ ਖੋਪਰੀ ਵਿਚ ਟਿੰਪੈਨਿਕ ਕੈਵਿਟੀ ਨਹੀਂ ਹੁੰਦੀ। ਰੀੜ੍ਹ ਦੇ ਮੁਹਾਰੇ ਵੀ ਦੋ ਸ਼੍ਰੇਣੀਆਂ ਵਿਚ ਵੰਡੇ ਹੁੰਦੇ ਹਨ, ਕਾੱਡਲ ਤੇ ਪ੍ਰੀਕਾੱਡਲ। ਜ਼ਾਈਗੋਪਾਫ਼ੀਸੀਜ਼ ਦੇ ਇਲਾਵਾ ਇਨ੍ਹਾਂ ਵਿਚ ਆਰਟੀਕੁਲੇਸ਼ਨ ਲਈ ਜ਼ਾਈਗੋਸਫ਼ੀਨਸ ਅਤੇ ਜ਼ਾਈਗੈਂਟਰਾ ਹੁੰਦੇ ਹਨ। ਸ਼ੇਵਰਨ-ਅਸਥੀਆਂ (chevron bones) ਨਹੀਂ ਹੁੰਦੀਆਂ, ਪਰ ਕਾੱਡਲ ਦੇ ਲਾਗਲੇ ਪ੍ਰਾਸੈੱਸ ਦੀਆਂ ਹੇਠਾਂ ਵਲ ਜਾਣ ਵਾਲੀਆਂ ਸ਼ਾਖ਼ਾਵਾਂ ਦਾ ਕਾੱਡਲ ਸ਼ਿਰਾਵਾਂ ਨਾਲ ਉਹੀ ਸਬੰਧ ਹੁੰਦਾ ਹੈ ਜਿਹੜਾ ਸ਼ੇਵਰਨ-ਅਸਥੀਆਂ ਦਾ।

          ਸੱਪ ਦੀ ਖੋਪਰੀ ਵਿਚ ਬੜੀਆਂ ਖੂਬੀਆਂ ਹੁੰਦੀਆਂ ਹਨ। ਇਸ ਵਿਚ ਇੰਟਰ ਆੱਪਟੀਕਲ ਸੈਪਟਮ (inter optical septum) ਅਤੇ ਐਪਟੈਰੀਗਾੱਇਡ ਹੱਡੀ ਨਹੀਂ ਹੁੰਦੀ। ਖੋਪਰੀ ਦੇ ਅਗਲੇ ਅਤੇ ਵਿਚਕਾਰਲੇ ਹਿੱਸੇ ਪੈਰਾਈਟਲ ਅਤੇ ਫਰੰਟਲ ਦੇ ਪ੍ਰਾਸੈੱਸ ਨਾਲ ਬਣਦੇ ਹਨ। ਇਸ ਵਿਚ ਫਾਂਟਾਨੇਲਜ਼ ਅਤੇ ਫ਼ੌਸੀ (fossae) ਨਹੀਂ ਹੁੰਦੇ, ਜੂਗਲ ਅਤੇ ਕੁਆਡ੍ਰੇਟੋ ਜੂਗਲ ਨਹੀਂ ਹੁੰਦੇ ਅਤੇ ਪੋਸਟ ਫਰੰਟਲ ਜਾਂ ਸਕੁਐਮੋਸਲ ਆਪਸ ਵਿਚ ਨਹੀਂ ਮਿਲਦੇ। ਜਬਾੜ੍ਹੇ ਦੇ ਦੋਵੇਂ ਹਿੱਸੇ ਇਕ ਦੂਜੇ ਦੇ ਸੰਗਮ (symphasis) ਉੱਤੇ ਜੁੜੇ ਨਹੀਂ ਹੁੰਦੇ, ਸਿਰਫ ਲਚਕੀਲੇ ਲਿਗਾਮੈਂਟਾਂ ਨਾਲ ਬੰਨ੍ਹੇ ਹੁੰਦੇ ਹਨ। ਪੈਰਾਈਟਲ ਇਕ ਹੱਡੀ ਹੁੰਦੀ ਹੈ ਜਿਸ ਦੇ ਸੱਜੇ ਅਤੇ ਖੱਬੇ ਪ੍ਰਾਸੈੱਸ ਖੋਪਰੀ ਦੇ ਤਲ ਉਤੇ ਇਕ ਦੂਜੇ ਨਾਲ ਜੁੜੇ ਹੁੰਦੇ ਹਨ।

          ਹੇਠਲੇ ਜਬਾੜ੍ਹੇ ਵਿਚ ਛੇ ਹੱਡੀਆਂ ਹੁੰਦੀਆਂ ਹਨ ਪਰ ਕਾੱਰੋਨਾੱਇਡ (coronoid) ਕਦੀ ਕਦੀ ਨਹੀਂ ਹੁੰਦੀ। ਬਹੁਤੇ ਜ਼ਹਿਰੀਲੇ ਸੱਪਾਂ ਵਿਚ ਮੈਕਸਿਲੀ, ਪੈਲੇਟਾਈਨਜ਼, ਟੈਰੀਗਾੱਇਡਜ਼ ਅਤੇ ਡੈਂਟਰੀਜ਼ ਉਤੇ ਦੰਦ ਹੁੰਦੇ ਹਨ। ਕੁਆਡ੍ਰੇਟ ਹੱਡੀ ਸਕੁਐਮੋਸਲ ਨਾਲ ਜੁੜੀ ਹੁੰਦੀ ਹੈ। ਇਹ ਸਿੱਧੀ ਖੋਪਰੀ ਨਾਲ ਜੁੜੀ ਹੋਈ ਨਹੀਂ ਹੁੰਦੀ। ਜ਼ੈੱਨਪੈਲਟਸ (Xenopeltis) ਅਤੇ ਅਜਗਰ ਵਿਚ ਵੀ ਸਕੁਐਮੋਸਲ ਖੋਪਰੀ ਦੇ ਪਾਸਿਆਂ ਵਿਚ ਲਗੀ ਹੁੰਦੀ ਹੈ ਅਤੇ ਕੁਆਡ੍ਰੇਟ ਸਿੱਧੀ ਖੋਪਰੀ ਦੇ ਪਾਸਿਆਂ ਵਿਚ ਲਗੀ ਹੁੰਦੀ ਹੈ ਅਤੇ ਕੁਆਡ੍ਰੇਟ ਸਿੱਧੀ ਖੋਪਰੀ ਨਾਲ ਲਗੀ ਜਾਪਦੀ ਹੈ, ਪਰ ਹੋਰ ਕਿਸਮ ਦੇ ਸੱਪਾਂ ਵਿਚ ਇੰਜ ਨਹੀਂ ਹੁੰਦਾ। ਵਾਈਪੈਰਡੀ (Viperidae) ਵਿਚ ਮੈਕਸਿਲੀ ਛੋਟੇ ਹੁੰਦੇ ਹਨ ਅਤੇ ਪ੍ਰੀਫਰੰਟਲ ਨਾਲ ਗਤੀਸ਼ੀਲ ਢੰਗ ਨਾਲ ਜੁੜੇ ਹੁੰਦੇ ਹਨ। ਦੋਹਾਂ ਮੈਕਸਿਲੀ ਵਿਚ ਜ਼ਹਿਰ ਦਾ ਇਕ ਇਕ ਦੰਦ ਹੁੰਦਾ ਹੈ। ਮੂੰਹ ਦੇ ਬੰਦ ਹੋਣ ਸਮੇਂ ਜ਼ਹਿਰ ਦੇ ਦੰਦ ਪਿੱਛੇ ਵਲ ਮੁੜੇ ਰਹਿੰਦੇ ਹਨ ਅਤੇ ਮੂੰਹ ਦੇ ਉਤਲੇ ਪਾਸੇ ਲਗੇ ਰਹਿੰਦੇ ਹਨ। ਸੱਪਾਂ ਦੀਆਂ ਬਾਂਹ ਅਤੇ ਮੋਢੇ ਦੀਆਂ ਹੱਡੀਆਂ ਨਹੀਂ ਹੁੰਦੀਆਂ ਅਤੇ ਬਹੁਤਿਆਂ ਦੀਆਂ ਪੈਰ ਅਤੇ ਚੂਲ ਦੀਆਂ ਹੱਡੀਆਂ ਵੀ ਨਹੀਂ ਹੁੰਦੀਆਂ ਪਰ ਬੋਅਡੀ (Boidae), ਟਿਫਲਾਪਡੀ (Typhlopidae) ਅਤੇ ਜ਼ੈੱਨਪੈਲਟਡੀ (Xenopletidae) ਵਿਚ ਚੂਲੇ ਅਤੇ ਪੈਰਾਂ ਦੇ ਚਿੰਨ੍ਹ ਮਿਲਦੇ ਹਨ।

          ਸੱਪਾਂ ਦਾ ਸਰੀਰ ਸਕੇਲਾਂ (ਚਾਣਿਆਂ) ਨਾਲ ਢੱਕਿਆ ਹੁੰਦਾ ਹੈ। ਸਕੇਲਾਂ ਉਪਰ ਚਮੜੀ ਦੀ ਪਤਲੀ ਤਹਿ ਰਹਿੰਦੀ ਹੈ ਜਿਸ ਨੂੰ ਨਿਯਮਤ ਉਤਾਰਿਆ ਜਾਂਦਾ ਹੈ; ਇਸ ਨੂੰ ਸੱਪ ਦੀ ਕੁੰਜ ਕਹਿੰਦੇ ਹਨ। ਇਕ ਪਰੀਖਣ ਸਮੇਂ ਰਸਲਜ਼ ਵਾਈਪਰ ਵਿਚ ਇਹ 2,7 ਅਤੇ 21 ਦਿਨਾਂ ਦੇ ਕ੍ਰਮ ਵਿਚ ਉਤਾਰੀ ਗਈ। ਸਿਰ ਦੀਆਂ ਸਕੇਲਾਂ ਨੂੰ ਸ਼ੀਲਡ ਕਹਿੰਦੇ ਹਨ। ਸੱਪਾਂ ਦੀ ਸ਼ੀਲਡਾਂ ਦੇ ਆਕਾਰ ਅਤੇ ਕ੍ਰਮ ਦੇ ਆਧਾਰ ਤੇ ਸ਼੍ਰੇਣੀ ਵੰਡ ਕੀਤੀ ਜਾ ਸਕਦੀ ਹੈ। ਰੈਟਲ ਸਨੇਕ ਜਾਂ ਟਟੀਰੀ ਸੱਪਾਂ ਦੀ ਉਤਾਰੀ ਹੋਈ ਕੁੰਜ ਦੇ ਸੁੱਕੇ ਟੁਕੜਿਆਂ ਤੋਂ ਬਣਿਆ ਛੁਣਛੁੰਨਾ ਵੀ ਇਕ ਅਜੀਬ ਵਿਉਂਤ ਹੈ, ਜਿਸ ਦੀ ਖੜਕਾਰ ਨਾਲ ਹੋਰ ਸੱਪਾਂ ਨੂੰ ਚਿਤਾਵਨੀ ਹੋ ਜਾਂਦੀ ਹੈ ਕਿ ਆਸ ਪਾਸ ਕੋਈ ਅਤਿ ਭਿਆਨਕ ਅਤੇ ਭਾਰੇ ਸਰੀਰ ਵਾਲੇ ਜੀਵ ਹਨ।

          ਸੱਪ ਦੀ ਸੁਣਨ ਸ਼ਕਤੀ ਬਹੁਤ ਤੇਜ਼ ਹੁੰਦੀ ਹੈ, ਪਰ ਇਸ ਦੀਆਂ ਕੰਨ-ਮੋਰੀਆਂ ਨਹੀਂ ਹੁੰਦੀਆਂ। ਜਿਸ ਚੀਜ਼ ਤੇ ਸੱਪ ਬੈਠਾ ਹੁੰਦਾ ਹੈ ਉਸ ਵਿਚ ਆਵਾਜ਼ ਤੋਂ ਪੈਦਾ ਹੋਈ ਕੰਪਨਾਂ ਤੋਂ ਹੀ ਇਸ ਨੂੰ ਆਵਾਜ਼ ਦਾ ਗਿਆਨ ਹੁੰਦਾ ਹੈ। ਵਾਸ਼ਨਾ ਨੂੰ ਪਛਾਣਨ ਲਈ ਮੂੰਹ ਦੇ ਅਗਲੇ ਪਾਸੇ ਡੂੰਘੇ ਜਿਹੇ ਵੋਮਰੋਨੇਜ਼ਲ (vomeronasal) ਅੰਗਾਂ ਦਾ ਇਕ ਜੋੜਾ ਹੁੰਦਾ ਹੈ। ਹਵਾ ਵਿਚ ਲਹਿਰਾਉਂਦੀ ਸੱਪ ਦੀ ਦੁਸਾਂਗੀ ਜੀਭ ਸੁੰਘਣ ਵਿਚ ਸਹਾਇਤਾ ਕਰਦੀ ਹੈ ਕਿਉਂਕਿ ਇਹ ਬਾਹਰਲੀ ਹਵਾ ਵਿਚੋਂ ਬੂ ਦੇ ਕਣਾਂ ਨੂੰ ਇਕੱਠਿਆਂ ਕਰਕੇ ਵੋਮਰੋਨੇਜ਼ਲ ਅੰਗਾਂ ਤਕ ਲੈ ਜਾਂਦੀ ਹੈ।

          ਸੱਪ ਸ਼ਿਕਾਰਖ਼ੋਰ ਪ੍ਰਾਣੀ ਹਨ। ਨਿੱਕੇ ਨਿੱਕੇ ਸੱਪ ਤਾਂ ਕੇਵਲ ਕਿਰਮ ਅਤੇ ਕੀੜੇ-ਮਕੌੜੇ ਹੀ ਖਾਂਦੇ ਹਨ ਪਰ ਵੱਡੇ ਸੱਪ ਸੂਰ, ਹਿਰਨ ਅਤੇ ਕਦੀ ਕਦਾਈਂ ਮਨੁੱਖਾਂ ਨੂੰ ਵੀ ਹੜੱਪ ਕਰ ਜਾਂਦੇ ਹਨ। ਜ਼ਹਿਰੀਲੇ ਸੱਪ ਜਲ-ਥਲੀ ਜੀਵਾਂ ਦੀ ਬਜਾਏ ਥਣਧਾਰੀਆਂ ਨੂੰ ਖਾਣ ਜ਼ਿਆਦਾ ਪਸੰਦ ਕਰਦੇ ਹਨ। ਜ਼ਹਿਰੀਲੇ ਸੱਪਾਂ ਦੀਆਂ ਉਪਰਲੀਆਂ ਲੁਆਬ ਗਲੈਂਡਾਂ ਵਿਚੋਂ ਦੋਹਾਂ ਪਾਸਿਆਂ ਦੀਆਂ ਆਖਰੀ ਗਲੈਂਡਾਂ ਜ਼ਹਿਰ ਦੀਆਂ ਗਲੈਂਡਾਂ ਬਣ ਜਾਂਦੀਆਂ ਹਨ। ਵਾਈਪੈਰਡੀ ਦੀ ਜ਼ਹਿਰ ਦੀ ਗਲੈਂਡ ਦੀ ਨਾਲੀ ਵਿਹੁ-ਦੰਦ ਦੀ ਜੜ੍ਹ ਵਿਚ ਅਤੇ ਹੋਰ ਜ਼ਹਿਰੀਲੇ ਸੱਪਾਂ ਦੇ ਮੂੰਹ ਵਿਚ ਖੁਲ੍ਹਦੀ ਹੈ। ਸੱਪਾਂ ਦੇ ਤਾਲੂ (palate) ਦੇ ਦੋਹਾਂ ਜਬਾੜ੍ਹਿਆਂ ਵਿਚ ਨਿੱਕੇ ਨਿੱਕੇ, ਨੋਕੀਲੇ ਤੇ ਮੁੜੇ ਹੋਏ ਦੰਦ ਹੁੰਦੇ ਹਨ, ਜੋ ਸ਼ਿਕਾਰ ਨੂੰ ਜਕੜੀ ਰੱਖਦੇ ਹਨ। ਜੇ ਕੋਈ ਦੰਦ ਟੁੱਟ ਜਾਵੇ ਤਾਂ ਛੇਤੀ ਹੀ ਹੇਠੋਂ ਹੋਰ ਨਵਾਂ ਦੰਦ ਨਿਕਲ ਆਉਂਦਾ ਹੈ। ਜ਼ਹਿਰੀਲੇ ਸੱਪਾਂ ਦੇ ਮੈਕਸਿਲਾ ਦੇ ਮਾਰਜਨਲ ਦੰਦ ਨਹੀਂ ਹੁੰਦੇ, ਸਗੋਂ ਇਨ੍ਹਾਂ ਦੀ ਜਗ੍ਹਾ ਸੂਈ ਵਾਂਗ ਤਿੱਖੇ ਅਤੇ ਚਲ ਦੰਦ ਹੁੰਦੇ ਹਨ। ਰਸਲਜ਼ ਵਾਈਪਰ ਵਿਚ ਇਹ 1 ਸੈਂ. ਮੀ. ਅਤੇ ਨਾਗ (cobra) ਵਿਚ ½ ਸੈਂ. ਮੀ. ਲੰਮੇ ਹੁੰਦੇ ਹਨ। ਇਨ੍ਹਾਂ ਦੇ ਆਧਾਰ ਤੇ ਵਿਹੁ-ਗਲੈਂਡ ਦੀ ਨਾਲੀ ਖੁਲ੍ਹਦੀ ਹੈ। ਜੀਭ ਲੰਮੀ ਅਤੇ ਪਤਲੀ ਹੁੰਦੀ ਹੈ ਅਗੋਂ ਦੋ ਹਿੱਸਿਆਂ ਵਿਚ ਵੰਡੀ ਹੁੰਦੀ ਹੈ। ਇਸ ਵਿਚ ਗਿਆਨ ਇੰਦਰੀਆਂ ਵਧੇਰੇ ਹੁੰਦੀਆਂ ਹਨ ਅਤੇ ਇਹ ਸਪਰਸ਼ ਅੰਗ ਦਾ ਕੰਮ ਦਿੰਦੀ ਹੈ। ਮਲ-ਚੈਂਬਰ (cloaca) ਵਿਚ ਮਸਾਨਾ ਨਹੀਂ ਹੁੰਦਾ, ਇਹ ਧੜ ਅਤੇ ਪੂਛ ਦੇ ਜੋੜ ਤੇ ਹੁੰਦਾ ਹੈ। ਖੱਬਾ ਫੇਫੜਾ ਸੱਜੇ ਨਾਲੋਂ ਛੋਟਾ ਹੁੰਦਾ ਹੈ। ਨਾ ਸੱਪ ਦੀ ਪੂਛ ਵਿਚ ਕੋਈ ਜ਼ਹਿਰ ਹੁੰਦੀ ਹੈ ਅਤੇ ਨਾ ਹੀ ਉਸਦੀ ਜੀਭ ਛਹੁਣ ਨਾਲ ਕੋਈ ਜ਼ਹਿਰੀਲਾ ਅਸਰ ਹੋ ਸਕਦਾ ਹੈ। ਕਿਸੇ ਕਿਸਮ ਦਾ ਕੋਈ ਸੱਪ ਵੀ ਹਵਾ ਵਿਚ ਜ਼ਹਿਰ ਨਹੀਂ ਸੁੱਟ ਸਕਦਾ। ਪਰ ਅਫ਼ਰੀਕਾ ਦੇ ਕੁਝ ਇਕ ‘ਸਪਿਟਿੰਗ ਕੋਬਰੇ’ (spitting cobras) ਆਪਣੇ ਵਿਹੁ-ਦੰਦਾਂ ਵਿਚੋਂ ਜ਼ਹਿਰ ਨੂੰ ਜ਼ੋਰ ਨਾਲ ਸੁੱਟ ਕੇ ਤਕਰੀਬਨ 2.5-3 ਮੀਟਰ ਦੂਰ ਤਕ ਦੁਸ਼ਮਣ ਦੀਆਂ ਅੱਖਾਂ ਵਿਚ ਪਿਚਕਾਰੀ ਜਿਹੀ ਮਾਰ ਸਕਦੇ ਹਨ। ਅਜਗਰ ਆਪਣੇ ਸ਼ਿਕਾਰ ਨੂੰ ਸਰੀਰ ਦੀ ਲਪੇਟ ਵਿਚ ਦਬਾ ਕੇ ਮਾਰ ਦਿੰਦਾ ਹੈ। ਫਿਰ ਉਸ ਨੂੰ ਨਿਗਲ ਜਾਂਦਾ ਹੈ। ਕੁਝ ਜ਼ਹਿਰੀਲੇ ਸੱਪ ਸ਼ਿਕਾਰ ਨੂੰ ਜ਼ਹਿਰ ਨਾਲ ਮਾਰ ਕੇ ਮਗਰੋਂ ਨਿਗਲਦੇ ਹਨ ਪਰ ਬਹੁਤੇ ਸੱਪ ਤਾਂ ਸ਼ਿਕਾਰ ਨੂੰ ਜਿਉਂਦਾ ਹੀ ਨਿਗਲ ਜਾਂਦੇ ਹਨ।

          ਨਾਗ ਅਤੇ ਰਾਜ ਸੱਪ ਜਾਂ ਬੰਗਾਰਸ ਫੈਸੀਏਟਸ (Bungarus fasciatus) ਹੋਰ ਸੱਪਾਂ ਨੂੰ ਵੀ ਖਾ ਜਾਂਦੇ ਹਨ। ਇਕ ਵਾਰ ਸ਼ਿਕਾਰ ਖਾਣ ਮਗਰੋਂ ਇਸ ਨੂੰ ਕਈ ਦਿਨਾਂ ਤਕ ਭੋਜਨ ਦੀ ਜ਼ਰੂਰਤ ਨਹੀਂ ਪੈਂਦੀ। ਕੋਈ ਵੀ ਸੱਪ ਸਿਰਫ ਦੁੱਧ ਤੇ ਗੁਜ਼ਾਰਾ ਨਹੀਂ ਕਰ ਸਕਦਾ। ਸੱਪ ਬੰਦੀ ਹਾਲਤ ਵਿਚ 6-8 ਮਹੀਨੇ ਤਕ ਭੋਜਨ ਨਾ ਖਾਂਦੇ ਦੇਖੇ ਗਏ ਹਨ। ਸੱਪਾਂ ਦੀਆਂ ਅੱਖਾਂ ਉੱਤੇ ਛੱਪਰ ਨਹੀਂ ਹੁੰਦੇ ਸਗੋਂ ਸੁਰੱਖਿਆ ਲਈ ਪਾਰਦਰਸ਼ੀ ਸਕੇਲ (scale) ਹੁੰਦੇ ਹਨ।

          ਪਿਟ ਵਾਈਪਰ ਸੱਪ, ਜਿਨ੍ਹਾਂ ਵਿਚ ਰੈਟਲ ਸਨੇਕ, ਕਾੱਪਰ ਹੈੱਡਜ਼, ਫਰਡਲਾਂਸ, ਬੁਸ਼ਮਾਸਟਰ ਆਦਿ ਸੱਪ ਸ਼ਾਮਿਲ ਹਨ, ਦੇ ਸਿਰ ਦੇ ਦੋਹਾਂ ਪਾਸਿਆਂ ਉੱਤੇ ਅੱਖਾਂ ਅਤੇ ਨਾਸਾਂ ਦੇ ਵਿਚਕਾਰ ਤਾਪ-ਸੂਚਕ ਟੋਏ ਜਿਹੇ ਹੁੰਦੇ ਹਨ।

          ਵਧੇਰੇ ਕਰਕੇ ਸੱਪ ਅੰਡੇ ਦਿੰਦੇ ਹਨ ਪਰ ਅਕਸਰ ਉਹ ਅੰਡਿਆਂ ਵਲ ਬਹੁਤਾ ਧਿਆਨ ਨਹੀਂ ਦਿੰਦੇ। ਕੇਵਲ ਇਕ ਜਾਂ ਦੋ ਜਾਤੀਆਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਅੰਡਿਆਂ ਨੂੰ ਸੇਂਦੀਆਂ ਹਨ। ਕਈ ਅਜਿਹੀਆਂ ਜਾਤੀਆਂ ਵੀ ਹਨ ਜੋ ਆਪਣੇ ਅੰਡਿਆਂ ਨੂੰ ਬੱਚੇ ਨਿਕਲਨ ਤਕ ਬੱਚੇਦਾਨੀ ਵਿਚ ਹੀ ਰਖਦੀਆਂ ਹਨ। ਇਸ ਤਰ੍ਹਾਂ ਸਾਧਾਰਨ ਤੌਰ ਤੇ ਇਹ ਭੁਲੇਖਾ ਪੈ ਜਾਂਦਾ ਹੈ ਕਿ ਇਹ ਸੱਪ ਥਣਧਾਰੀ ਜੀਵਾਂ ਵਾਂਗ ਬੱਚਿਆਂ ਨੂੰ ਜਨਮ ਦਿੰਦੇ ਹਨ।

          ਕੁਝ ਸੱਪ ਤਾਂ ਬਹੁਤ ਹੀ ਖ਼ਤਰਨਾਕ ਹੁੰਦੇ ਹਨ ਪਰ ਕੁਝ ਕੁ ਵਿਚ ਜ਼ਹਿਰ ਨਾਂ-ਮਾਤਰ ਹੀ ਹੁੰਦਾ ਹੈ। ਵਿਗਿਆਨੀਆਂ ਨੇ ਪੂਰੀ ਛਾਣਬੀਣ ਕਰਕੇ ਜ਼ਹਿਰੀਲੇ ਅਤੇ ਵਿਹੁ-ਹੀਨ ਸੱਪਾਂ ਵਿਚਲੇ ਫ਼ਰਕ ਦੀਆਂ ਨਿਸ਼ਾਨੀਆਂ ਦੇ ਚਾਰਟ ਬਣਾਏ ਹੋਏ ਹਨ।

          ਸੱਪਾਂ ਦਾ ਸਰੀਰਕ ਤਾਪਮਾਨ ਆਲੇ ਦੁਆਲੇ ਦੇ ਤਾਪਮਾਨ ਦੇ ਨੇੜੇ ਤੇੜੇ ਹੀ ਰਹਿੰਦਾ ਹੈ ਜੋ ਆਲੇ ਦੁਆਲੇ ਦੇ ਤਾਪਮਾਨ ਅਨੁਸਾਰ ਘਟਦਾ ਜਾਂ ਵਧਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਸੱਪ ਬਹੁਤੀ ਸਰਦੀ ਵਿਚ ਚੁਸਤ ਅਤੇ ਫੁਰਤੀਲੇ ਨਹੀਂ ਰਹਿ ਸਕਦੇ ਅਤੇ ਆਮ ਤੌਰ ਤੇ ਖੁੱਡਾਂ ਵਿਚ ਵੜੇ ਰਹਿੰਦੇ ਹਨ। ਬਹੁਤੀ ਗਰਮੀ ਵੀ ਇਨ੍ਹਾਂ ਨੂੰ ਮਾਫਕ ਨਹੀਂ ਹੁੰਦੀ ਅਤੇ ਇਸੇ ਲਈ ਇਹ ਜੀਵ ਵਧੇਰੇ ਕਰਕੇ ਰਾਤ ਨੂੰ ਨਿਕਲਦੇ ਹਨ।

          ਸੱਪ ਦਾ ਜ਼ਹਿਰ ਆਮ ਤੌਰ ਤੇ ਪ੍ਰੋਟੀਨਾਂ, ਸੈੱਲਾਂ ਦੀ ਰਹਿੰਦ ਖੂੰਦ (cellular debris), ਥਿੰਧਿਆਂ ਅਤੇ ਕੈਲਸ਼ੀਅਮ ਕਲੋਰਾਈਡ ਤੇ ਫ਼ਾੱਸਫ਼ੇਟ ਅਤੇ ਅਮੋਨੀਅਮ ਤੇ ਮੈਗਨੀਸ਼ੀਅਮ ਆਦਿ ਦੇ ਲੂਣਾਂ ਦਾ ਮਿਸ਼ਰਨ ਹੁੰਦਾ ਹੈ। ਸੱਪਾਂ ਦੇ ਜ਼ਹਿਰ ਵਿਚ ਦੋ ਕਿਸਮਾਂ ਦੇ ਤੱਤ ਹੁੰਦੇ ਹਨ : ਹੀਮੋਟਾੱਕਸੀਨ (haemotoxin) ਅਤੇ ਨਿਊਰੋਟਾੱਕਸੀਨ (neurotoxin)। ਹੀਮੋਟਾੱਕਸੀਨ ਦੀ ਕ੍ਰਿਆ ਨਾਲ ਖ਼ੂਨ ਲਹੂ-ਵਹਿਣੀਆਂ ਵਿਚੋਂ ਵਹਿ ਤੁਰਦਾ ਹੈ। ਇਸ ਨਾਲ ਡਸੀ ਹੋਈ ਥਾਂ ਕਾਫ਼ੀ ਸਜ ਜਾਂਦੀ ਹੈ ਅਤੇ ਨਰਮ ਅੰਗ ਜਾਂ ਤਾਂ ਰੰਗ ਵਿਚ ਫਿੱਕੇ ਪੈ ਜਾਂਦੇ ਹਨ ਜਾਂ ਉਨ੍ਹਾਂ ਤੇ ਦਾਗ (ਚਟਾਖ਼) ਜਿਹੇ ਪੈ ਜਾਂਦੇ ਹਨ। ਨਿਊਰੋਟਾੱਕਸੀਨ ਸਿੱਧੇ ਨਾੜੀ-ਕੇਂਦਰਾਂ ਤੇ ਹੀ ਹੱਲਾ ਬੋਲਦੀ ਹੈ, ਜਿਸ ਨਾਲ ਅਧਰੰਗ ਹੋ ਜਾਂਦਾ ਹੈ।

          ਇਨ੍ਹਾਂ ਜ਼ਹਿਰਾਂ ਤੋਂ ਛੁੱਟ ਕੁਝ ਹੋਰ ਵਿਹੁਲੇ ਮਾਦੇ ਵੀ ਹੁੰਦੇ ਹਨ, ਜਿਵੇਂ ਕਿ (1) ਐਂਟੀਕੋਐਗੂਲੇਸ਼ਨ ਫੈਕਟਰ (anticoagulation factor) ਜਿਸ ਦੇ ਅਸਰ ਨਾਲ ਲਹੂ ਦੀ ਜੰਮ ਜਾਣ ਦੀ ਸ਼ਕਤੀ ਬੰਦ ਹੋ ਜਾਂਦੀ ਹੈ ਅਤੇ ਨਾੜੀ ਫਟ ਜਾਣ ਦੀ ਸੰਭਾਵਨਾ ਹੋ ਸਕਦੀ ਹੈ; (2) ਹੀਮੋਲਾਈਸਿਨ (haemolysin) ਜੋ ਲਾਲ ਰਕਤਾਣੂਆਂ ਨੂੰ ਘੋਲ ਦਿੰਦੀ ਹੈ; (3) ਅਗਲੂਟੀਨੀਨ (agglutinin) ਜੋ ਲਾਲ ਅਤੇ ਚਿੱਟੇ ਦੋਹਾਂ ਤਰ੍ਹਾਂ ਦੇ ਰਕਤਾਣੂਆਂ ਵਿਚ ਚਿਪਚਿਪਾਹਟ ਜਾਂ ਲੇਸ ਪੈਦਾ ਕਰਦੀ ਹੈ। ਇਨ੍ਹਾਂ ਮੁੱਖ ਵਿਹੁਲੇ ਪਦਾਰਥਾਂ ਤੋਂ ਇਲਾਵਾ ਸੱਪ ਦੇ ਜ਼ਹਿਰ ਵਿਚ ਕੁਝ ਹੋਰ ਵੀ ਜ਼ਹਿਰੀਲੇ ਮਾਦੇ ਹੁੰਦੇ ਹਨ, ਜਿਨ੍ਹਾਂ ਬਾਰੇ ਹਾਲੀ ਪੂਰੀ ਜਾਣਕਾਰੀ ਨਹੀਂ ਹੋਈ।

          ਸੱਪ ਜਦੋਂ ਡਸਦਾ ਹੈ ਤਾਂ ਆਪਣੇ ਵਿਹੁ-ਦੰਦਾਂ ਰਾਹੀਂ ਜ਼ਹਿਰ ਦਾਖ਼ਲ ਕਰਦਾ ਹੈ। ਪਿਛਲੇ ਵਿਹੁ-ਦੰਦਾਂ ਵਾਲੇ ਸੱਪ ਜੋ ਓਪਿਸਥੋਗਲਿਫ਼ਸ (Opisthoglyphs) ਅਖਵਾਉਂਦੇ ਹਨ, ਘਟ ਜ਼ਹਿਰੀਲੇ ਹੁੰਦੇ ਹਨ, ਪਰ ਬਹੁਤ ਸਾਰੇ ਅਗਲੇ ਵਿਹੁ-ਦੰਦਾਂ ਵਾਲੇ ਸੱਪ ਬਹੁਤ ਜ਼ਹਿਰੀਲੇ ਹੁੰਦੇ ਹਨ। ਦੂਜੀ ਸ਼੍ਰੇਣੀ, ਭਾਵ ਅਗਲੇ ਵਿਹੁ-ਦੰਦਾਂ ਵਾਲੇ ਸੱਪਾਂ ਦੀਆਂ ਅੱਗੋਂ ਫਿਰ ਦੋ ਕਿਸਮਾਂ ਹੁੰਦੀਆਂ ਹਨ : ਸਥਿਰ ਵਿਹੁ-ਦੰਦਾਂ ਵਾਲੇ ਜਾਂ ਪ੍ਰੋਟੈਰੋਗਾਲਿਫ਼ਸ (Proteroglyphs) ਅਤੇ ਅਸਥਿਰ ਵਿਹੁ-ਦੰਦਾਂ ਵਾਲੇ ਜਾਂ ਸੋਲੈਨੋਗਲਿਫ਼ਸ (Solenoglyphs).

          ਸੋਲੈਨੋਗਲਿਫ਼ਸ ਸੱਪਾਂ ਦੇ ਵਿਹੁ-ਦੰਦ ਮੂੰਹ ਬੰਦ ਕਰਨ ਵੇਲੇ ਪਿੱਛੇ ਵਲ ਨੂੰ ਮੁੜ ਜਾਂਦੇ ਹਨ। ਵਾਈਪਰ ਸੱਪ, ਟਟੀਰੀ ਸੱਪ ਅਤੇ ਮੋਕਾਸਿਨਜ਼ (Moccasins) ਕਿਸਮ ਦੇ ਸੱਪ ਇਸ ਦੂਜੀ ਸ਼੍ਰੇਣੀ ਵਿਚ ਆਉਂਦੇ ਹਨ। ਇਨ੍ਹਾਂ ਦਾ ਜ਼ਹਿਰ ਲਹੂ ਉਤੇ ਅਸਰ ਕਰਦਾ ਹੈ ਅਤੇ ਥਾਂ ਸੁੱਜ ਜਾਂਦੀ ਹੈ। ਡੱਸੇ ਹੋਏ ਅੰਗ ਵਿਚ ਜ਼ੋਰ ਦੀ ਪੀੜ ਹੁੰਦੀ ਹੈ ਪਰ ਇਸ ਦੇ ਉਲਟ ਫ਼ਨੀਅਰ ਜਾਂ ਕੋਬਰੇ ਸੱਪ, ਕਰੇਟ ਸੱਪ, ਮਾਂਬਾ ਸੱਪ ਅਤੇ ਏਸ਼ੀਆ, ਅਫ਼ਰੀਕਾ ਤੇ ਆਸਟ੍ਰੇਲੀਆ ਦੀਆਂ ਹੋਰ ਅਨੇਕਾਂ ਕਿਸਮਾਂ ਦੇ ਸੱਪ ਅਤੇ ਨਵੀਂ ਦੁਨੀਆ ਦੇ ਮੂੰਗਾ ਜਾਂ ਕੋਰਲ ਸੱਪ ਪਹਿਲੀ ਵੰਨਗੀ ਦੇ ਸੱਪ ਹੁੰਦੇ ਹਨ। ਇਨ੍ਹਾਂ ਦਾ ਜ਼ਹਿਰ ਆਮ ਤੌਰ ਤੇ ਸ਼ੁਰੂ ਵਿਚ ਨਾੜੀ ਸਿਸਟਮ ਤੇ ਹੀ ਅਸਰ ਕਰਦਾ ਹੈ।

          ਸੱਪ ਦੇ ਡੱਸ ਜਾਣ ਤੇ ਜ਼ਹਿਰ ਲਹੂ-ਗੇੜ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਤੁਰੰਤ ਹੀ ਟੁਰਨੀਕੈਟ (tourniquet) ਵਰਤਿਆ ਜਾਵੇ ਜਾਂ ਉਂਜ ਹੀ ਜ਼ਖ਼ਮਾਂ ਦੇ ਆਲੇ ਦੁਆਲੇ ਘੁੱਟ ਕੇ ਪੱਟੀਆਂ ਬੰਨ੍ਹ ਦਿੱਤੀਆਂ ਜਾਣ। ਉਸ ਤੋਂ ਬਾਅਦ ਡੰਗ ਨਾਲ ਪੈਣਾ ਹੋਏ ਜ਼ਖ਼ਮਾਂ ਦੇ ਆਸ ਪਾਸ ਡੂੰਘੇ ਪੱਛ ਕਰ ਦੇਣੇ ਚਾਹੀਦੇ ਹਨ ਜਿਸ ਨਾਲ ਜ਼ਹਿਰੀਲਾ ਲਹੂ ਛੇਤੀ ਬਾਹਰ ਨਿਕਲ ਜਾਵੇ। ਪਰ ਇਸ ਕਿਰਿਆ ਦੇ ਨਾਲ ਨਵਾਂ ਖ਼ੂਨ ਦਾਖ਼ਲ ਕਰਨਾ ਜ਼ਰੂਰੀ ਅਮਲ ਹੈ। ਇਸ ਤੋਂ ਬਾਅਦ ਜ਼ਹਿਰ ਮਾਰੂ ਸੀਰਮ (anti venom serum) ਦੇ ਟੀਕੇ ਲਵਾਉਣੇ ਜ਼ਰੂਰੀ ਹਨ।

          ਸੱਪਾਂ ਦਾ ਵਰਗੀਕਰਨ – ਸੱਪਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ : ਇਕ ਸ਼੍ਰੇਣੀ ਵਿਚ ਟਿਫ਼ਲਾਪਡੀ (Typhlopidae), ਲੈਪਟੋਟਿਫ਼ਲਾਪਡੀ (Leptotypholopidae), ਬੋਅਡੀ (Boidae), ਐਨਲਾਈਡੀ (Aniliidae), ਯੂਰੋਪੈਲਟਡੀ (Uropeltidae) ਅਤੇ ਜ਼ੈੱਨਪੈਲਟਡੀ (Xenopeltidae) ਕੁਲਾਂ ਆਉਂਦੀਆਂ ਹਨ। ਦੂਜੀ ਸ਼੍ਰੇਣੀ ਵਿਚ ਕਲੂਬਰਡੀ (Colubridae), ਇਲੈਪਡੀ (Elapidae) ਅਤੇ ਹਾਈਡਰਾਫਡੀ (Hydrophidae) ਕੁਲਾਂ ਮੰਨੀਆਂ ਜਾਂਦੀਆਂ ਹਨ। ਕਲੂਬਰਡੀ ਨੂੰ ਅਗੋਂ ਕਈ ਉਪ-ਕੁਲਾਂ ਵਿਚ ਵੰਡਿਆ ਜਾਂਦਾ ਹੈ। ਤੀਜੀ ਸ਼੍ਰੇਣੀ ਵਿਚ ਵਾਈਪੈਰਡੀ (Viperidae) ਅਤੇ ਕਰੋਟੈਲਡੀ (Crotalidae) ਕੁਲਾਂ ਆਉਂਦੀਆਂ ਹਨ।

          ਟਿਫਲਾਪਡੀ––ਇਹ ਸੱਪ ਖੁੱਡਾਂ ਵਿਚ ਰਹਿੰਦੇ ਹਨ ਅਤੇ ਨਵੀਂ ਅਤੇ ਪੁਰਾਣੀ ਦੁਨੀਆ ਦੇ ਗਰਮ ਇਲਾਕਿਆਂ ਵਿਚ ਹੁੰਦੇ ਹਨ। ਇਹ ਕਦੀ ਕਦਾਈਂ ਹੀ 356 ਮਿ. ਮੀ. ਤੋਂ ਵਧ ਲੰਬੇ ਹੁੰਦੇ ਹਨ। ਇਨ੍ਹਾਂ ਦੇ ਜਬਾੜ੍ਹਿਆਂ ਵਿਚ ਦੰਦ ਨਾ ਹੋਣ ਮਾਤਰ ਹੀ ਹੁੰਦੇ ਹਨ। ਇਹ ਬਹੁਤਾ ਸਿਉਂਕ ਦੀਆਂ ਵਰਮੀਆਂ ਵਿਚ ਰਹਿੰਦੇ ਹਨ। ਪੈਲਵਿਸ ਅਤੇ ਪੈਰਾਂ ਦੇ ਚਿੰਨ੍ਹ ਚਮੜੀ ਦੇ ਹੇਠਾਂ ਲੁਕੇ ਹੁੰਦੇ ਹਨ। ਟਿਫਲਾਪਸ ਸਭ ਤੋਂ ਵੱਡੀ ਪ੍ਰਜਾਤੀ ਹੈ। ਇਹ ਸਾਰੇ ਵਿਹੁ-ਹੀਨ ਹੁੰਦੇ ਹਨ। ਇਨ੍ਹਾਂ ਦੇ ਸਰੀਰ ਤੇ 16-36 ਸਕੇਲਾਂ ਹੁੰਦੀਆਂ ਹਨ।

          ਲੈਪਟੋਟਿਫਲਾਪਡੀ––ਇਸ ਕੁਲ ਦੇ ਸੱਪ ਟਿਫਲਾਪਡੀ ਵਾਂਗ ਖੁੱਡਾਂ ਵਿਚ ਰਹਿੰਦੇ ਹਨ ਅਤੇ ਛੋਟੇ ਤੇ ਚਮਕੀਲੇ ਹੁੰਦੇ ਹਨ। ਦੰਦ ਸਿਰਫ ਇਨ੍ਹਾਂ ਦੇ ਹੇਠਲੇ ਜਬਾੜ੍ਹੇ ਵਿਚ ਹੁੰਦੇ ਹਨ। ਪੈਲਵਿਸ ਦੇ ਚਿੰਨ੍ਹ ਟਿਫਲਾਪਡੀ ਦੇ ਪੈਲਵਿਸ ਚਿੰਨ੍ਹਾਂ ਨਾਲੋਂ ਵੱਡੇ ਹੁੰਦੇ ਹਨ। ਲੈਪਟੋਟਿਫਲਾਪਸ ਜਾਤੀ ਏਸ਼ੀਆ, ਅਫ਼ਰੀਕਾ, ਅਮਰੀਕਾ ਅਤੇ ਪੱਛਮੀਂ ਹਿੰਦ ਦੀਪ-ਸਮੂਹ ਵਿਚ ਮਿਲਦੀ ਹੈ। ਸਰੀਰ ਦੁਆਲੇ 14 ਸਕੇਲਾਂ ਹੁੰਦੀਆਂ ਹਨ।

          ਬੋਅਡੀ––ਇਸ ਦੀਆਂ ਦੋ ਉਪ-ਕਲਾਂ ਹਨ : ਪਾਈਥਾਨਨੀ (Phythoninae) ਅਤੇ ਬੋਅਨੀ (Boinae)।

          ਪਾਈਥਾਨਨੀ ਉਪ-ਕਾਲ ਦੇ ਸੱਪ ਵੱਡੇ ਸਰੀਰ ਵਾਲੇ ਅਤੇ ਵਿਹੁ-ਹੀਨ ਹੁੰਦੇ ਹਨ। ਅਜਗਰ ਏਸ਼ੀਆ, ਮਲਾਇਆ, ਅਫ਼ਰੀਕਾ ਅਤੇ ਆਸਟ੍ਰੇਲੀਆ ਵਿਚ ਹੁੰਦਾ ਹੈ।

          ਬੋਅਨੀ ਉਪ-ਕਾਲ ਦੇ ਸੱਪ ਵੀ ਵੱਡੇ ਅਤੇ ਵਿਹੁ-ਹੀਨ ਹੁੰਦੇ ਹਨ। ਸਰੀਰ ਦੁਆਲੇ 40 ਤੋਂ ਜ਼ਿਆਦਾ ਸਕੇਲਾਂ ਹੁੰਦੀਆਂ ਹਨ। ਬੋਆ ਕੰਜ਼ਟਰਿਕਟਰ (Boa constrictor) 2-3 ਮੀ. ਅਤੇ ਕਦੀ ਕਦੀ 4 ਮੀ. ਲੰਮਾ ਹੁੰਦਾ ਹੈ। ਇਹ ਦੱਖਣੀ ਏਸ਼ੀਆ, ਅਮਰੀਕਾ ਦੇ ਗਰਮ ਇਲਾਕਿਆਂ, ਉੱਤਰੀ ਅਫ਼ਰੀਕਾ ਅਤੇ ਨਿਊਗਿਨੀ ਵਿਚ ਹੁੰਦਾ ਹੈ।

          ਐਨਲਾਈਡੀ––ਇਹ ਕੁਲ ਦੇ ਸੱਪ ਗਿਣਤੀ ਵਿਚ ਬਹੁਤ ਘੱਟ ਹਨ। ਇਨ੍ਹਾਂ ਦੀਆਂ ਲਗਭਗ ਛੇ ਜਾਤੀਆਂ ਹਨ। ਇਨ੍ਹਾਂ ਦੇ ਪੈਲਵਿਸ ਅਤੇ ਪੈਰਾਂ ਦੇ ਚਿੰਨ੍ਹ ਬਹੁਤ ਛੋਟੇ ਹੁੰਦੇ ਹਨ। ਇਹ ਲਗਭਗ ਇਕ ਮੀਟਰ ਲੰਮੇ ਹੁੰਦੇ ਹਨ ਅਤੇ ਖੁੱਡਾਂ ਵਿਚ ਰਹਿੰਦੇ ਹਨ। ਇਹ ਦੱਖਣੀ ਅਮਰੀਕਾ, ਸ਼੍ਰੀ ਲੰਕਾ, ਮਲਾਇਆ ਦੀਪ ਸਮੂਹ ਅਤੇ ਇੰਡੋਚਾਈਨਾ ਵਿਚ ਹੁੰਦੇ ਹਨ। ਇਹ ਵਿਹੁ-ਹੀਨ ਹੁੰਦੇ ਹਨ। ਐਨੀਲੀਅਸ (Anilius) ਚਮਕਦਾਰ, ਮੂੰਗੇ ਵਰਗਾ ਲਾਲ ਹੁੰਦਾ ਹੈ ਅਤੇ ਅਮਰੀਕਾ ਦੇ ਗਰਮ ਹਿੱਸਿਆਂ ਵਿਚ ਮਿਲਦਾ ਹੈ। ਸਰੀਰ 19-23 ਸਕੇਲਾਂ ਨਾਲ ਢੱਕਿਆ ਹੁੰਦਾ ਹੈ।

          ਯੂਰੋਪੈਲਟਡੀ––ਇਸ ਕੁਲ ਦੇ ਸੱਪ ਐਨਲਾਈਡੀ ਵਰਗੇ ਹੁੰਦੇ ਹਨ ਪਰ ਇਨ੍ਹਾਂ ਦੇ ਸਰੀਰ ਵਿਚ ਪੈਲਵਿਸ ਅਤੇ ਪੈਰਾਂ ਦੇ ਚਿੰਨ੍ਹ ਨਹੀਂ ਹੁੰਦੇ ਤੇ ਇਨ੍ਹਾਂ ਦੀਆਂ ਅੱਖਾਂ ਛੋਟੀਆਂ ਛੋਟੀਆਂ ਹੁੰਦੀਆਂ ਹਨ। ਇਹ ਵੀ ਵਿਹੁ-ਹੀਨ ਹੁੰਦੇ ਹਨ। ਵੈਂਟਰਲ ਸਕੇਲਾਂ ਸਮੀਪਵਰਤੀ ਸਕੇਲਾਂ ਨਾਲੋਂ ਜ਼ਰਾ ਕੁ ਚੌੜੀਆਂ ਹੁੰਦੀਆਂ ਹਨ।

          ਜ਼ੈੱਨਪੈਲਟਡੀ––ਇਸ ਵਿਚ ਸਿਰਫ਼ ਇਕ ਜਾਤੀ ਹੈ ਜਿਹੜੀ ਦੱਖਣ ਪੂਰਬੀ ਏਸ਼ੀਆ ਵਿਚ ਹੁੰਦੀ ਹੈ। ਇਹ ਸੱਪ ਵਿਹੁ-ਹੀਨ ਹੁੰਦੇ ਹਨ।

          ਕਲੂਬਰਡੀ––ਇਨ੍ਹਾਂ ਦਾ ਸਰੀਰ ਸਕੇਲਾਂ ਦੀਆਂ 15 ਲਾਈਨਾਂ ਨਾਲ ਢੱਕਿਆ ਹੁੰਦਾ ਹੈ। ਪੁਤਲੀ ਗੋਲ ਜਾਂ ਖੜਵੀਂ ਹੁੰਦੀ ਹੈ। ਇਸ ਕੁਲ ਦੇ ਸੱਪ ਗਿਣਤੀ ਵਿਚ ਬਹੁਤ ਹਨ। ਇਨ੍ਹਾਂ ਦੀਆਂ 250 ਪ੍ਰਜਾਤੀਆਂ ਅਤੇ ਇਕ ਹਜ਼ਾਰ ਤੋਂ ਵਧੇਰੇ ਜਾਤੀਆਂ ਹਨ। ਐਕਰੱਕਾਰਡਨੀ (Acrochordinae), ਕਲੂਬਰਨੀ (Colubrinae), ਡੈਸੀਪੈਲਟਨੀ (Dasypeltinae) ਅਤੇ ਐਂਬਲਿਸਿਫੈਲਨੀ (Amblycephalinae) ਉਪ-ਕੁਲਾਂ ਦੇ ਸੱਪ ਵਿਹੁ-ਹੀਨ ਹੁੰਦੇ ਹਨ। ਹਾਮਲਾੱਪਸਨੀ (Homalopsinae) ਉਪ-ਕੁਲ ਦੇ ਸੱਪਾਂ ਵਿਚ ਵਿਹੁ-ਗਲੈਂਡ ਅਤੇ ਵਿਹੁ-ਦੰਦ ਹੁੰਦੇ ਹਨ, ਪਰ ਇਨ੍ਹਾਂ ਦਾ ਜ਼ਹਿਰ ਬਹੁਤ ਤੇਜ਼ ਨਹੀਂ ਹੁੰਦਾ। ਇਹ ਦੱਖਣੀ ਏਸ਼ੀਆ, ਮਲਾਇਆ ਦੀਪ-ਸਮੂਹ, ਨਿਊਗਿਨੀ ਅਤੇ ਉੱਤਰੀ ਆਸਟਰੇਲੀਆ ਵਿਚ ਹੁੰਦੇ ਹਨ। ਡਿਪਸਡੋਮਾੱਰਫਨੀ (Dipsadomorphinae) ਉਪ-ਕਾਲ ਦੇ ਸੱਪ ਜ਼ਹਿਰੀਲੇ ਹੁੰਦੇ ਹਨ, ਪਰ ਇਨ੍ਹਾਂ ਦੇ ਜ਼ਹਿਰ ਦੇ ਦੰਦ ਜਬਾੜ੍ਹਿਆਂ ਦੇ ਪਿੱਛੇ ਵੱਲ ਹੁੰਦੇ ਹਨ। ਇਹ ਨਵੀਂ ਅਤੇ ਪੁਰਾਣੀ ਦੁਨੀਆ ਦੇ ਗਰਮ ਦੇਸ਼ਾਂ ਵਿਚ ਹੁੰਦੇ ਹਨ। ਐਲਕਿਸਡਾਂਟਨੀ (Alachistodontinae) ਉਪ-ਕਾਲ ਦੀ ਇਕ ਹੀ ਜਾਤੀ ਹੈ। ਇਸ ਦੇ ਜ਼ਹਿਰ ਦੇ ਦੰਦ ਵੀ ਪਿੱਛੇ ਵਲ ਨੂੰ ਹੁੰਦੇ ਹਨ।

          ਇਲੈਪਡੀ––ਇਹ ਸੱਪ ਸਾਰੇ ਸੱਪਾਂ ਨਾਲੋਂ ਵੱਧ ਜ਼ਹਿਰੀਲੇ ਹੁੰਦੇ ਹਨ, ਨਾਗ, ਕ੍ਰੇਟ, ਮਾਂਬਾ, ਕਾਲਾ ਸੱਪ, ਟਾਈਗਰ ਅਤੇ ਡੈੱਥ ਐਡਰ (Death adder) ਸਾਰੇ ਇਸੇ ਕੁਲ ਵਿਚ ਗਿਣੇ ਜਾਂਦੇ ਹਨ। ਪੁਰਾਣੀ ਦੁਨੀਆਂ ਵਿਚ ਇਨ੍ਹਾਂ ਸੱਪਾਂ ਦੀਆਂ 30 ਪ੍ਰਜਾਤੀਆਂ ਅਤੇ 150 ਤੋਂ ਵੱਧ ਜਾਤੀਆਂ ਹਨ। ਮਾਈਕਰੁਰਸ (Micrurus) ਸੰਯੁਕਤ ਰਾਜ ਅਮਰੀਕਾ ਅਤੇ ਅਮਰੀਕਾ ਦੇ ਗਰਮ ਇਲਾਕਿਆਂ ਵਿਚ ਹੁੰਦਾ ਹੈ। ਇਲੈਪਡੀ ਕੁਲ ਦੇ ਸੱਪਾਂ ਦੇ ਮੂੰਹ ਵਿਚ ਜ਼ਹਿਰ ਦੇ ਦੋ ਦੰਦ ਹੁੰਦੇ ਹਨ। ਇਹ ਦੰਦ ਛੋਟੇ ਅਤੇ ਉਪਰਲ ਜਬਾੜ੍ਹੇ ਵਿਚ ਅੱਗੇ ਵੱਲ ਨੂੰ ਹੁੰਦੇ ਹਨ। ਵਿਹੁ-ਗਲੈਂਡ ਬਹੁਤ ਵੱਡੀ ਹੁੰਦੀ ਹੈ ਅਤੇ ਜ਼ਹਿਰ ਬਹੁਤ ਤੇਜ਼ ਹੁੰਦਾ ਹੈ। ਪੁਤਲੀ ਗੋਲ, ਵਿਹੁ-ਦੰਦ ਨਲੀ-ਆਕਾਰ ਅਤੇ ਵੈਂਟਰਲ ਸਕੇਲਾਂ ਢਿੱਡ ਦੀਆਂ ਸਕੇਲਾਂ ਜਿੰਨੀਆਂ ਚੌੜੀਆਂ ਹੁੰਦੀਆਂ ਹਨ।

          ਹਾਈਡਰਾਫਡੀ––ਇਸ ਕੁਲ ਵਿਚ ਸਮੁੰਦਰੀ ਸੱਪ ਆਉਂਦੇ ਹਨ (ਵਿਆਖਿਆ ਲਈ ਵੇਖੋ ਸਮੁੰਦਰੀ ਸੱਪ)।

          ਵਾਈਪੈਰਡੀ––ਇਸ ਕੁਲ ਦੇ ਸੱਪ ਆਸਟਰੇਲੀਆ ਤੇ ਅਮਰੀਕਾ ਨੂੰ ਛਡ ਕੇ ਬਾਕੀ ਸਾਰੀ ਦੁਨੀਆ ਵਿਚ ਮਿਲਦੇ ਹਨ। ਇਨ੍ਹਾਂ ਦੇ ਜ਼ਹਿਰ ਦੇ ਦੰਦ ਬਹੁਤ ਵੱਡੇ ਹੁੰਦੇ ਹਨ। ਯੂਰਪ ਦਾ ਐਡਰ, ਭਾਰਤ ਦਾ ਰਸਲਜ਼ ਵਾਈਪਰ (Russells viper), ਅਫ਼ਰੀਕਾ ਦੇ ਮਾਰੂਥਲ ਦਾ ਸਿੰਗਦਾਰ ਵਾਈਪਰ (Horned viper), ਅਫ਼ਰੀਕਾ ਦਾ ਪਫ਼ ਐਡਰ (Puffadder), ਗੈਬੂਨ ਵਾਈਪਰ (Gaboon viper) ਅਤੇ ਰ੍ਹਾਈਨੋਸਰਸ ਵਾਈਪਰ (Rhinoceros viper) ਸਾਰੇ ਇਸ ਕੁਲ ਦੇ ਸੱਪ ਹਨ। ਇਨ੍ਹਾਂ ਦਾ ਧੜ ਬਹੁਤ ਮੋਟਾ, ਸਿਰ ਚਪਟਾ ਅਤੇ ਤਿਕੋਨਾ ਹੁੰਦਾ ਹੈ।

          ਕਰੋਟੈਲਡੀ––ਇਸ ਕੁਲ ਵਿਚ ਪਿਟ ਵਾਈਪਰ (Pit viper) ਆਉਂਦੇ ਹਨ। ਇਨ੍ਹਾਂ ਦੇ ਸਿਰ ਦੇ ਦੋਹੀਂ ਪਾਸੀਂ ਅੱਖ ਅਤੇ ਨੱਕ ਵਿਚਕਾਰ ਇਕ ਸੁਰਾਖ਼ ਹੁੰਦਾ ਹੈ। ਨਵੀਂ ਦੁਨੀਆ ਵਿਚ ਲਗਭਗ 50 ਕਿਸਮਾਂ ਅਤੇ ਪੁਰਾਣੀ ਦੁਨੀਆ ਵਿਚ ਲਗਭਗ 30 ਕਿਸਮਾਂ ਦੇ ਸੱਪ ਮਿਲਦੇ ਹਨ। ਇਹ ਸੱਪ ਅਫ਼ਰੀਕਾ ਵਿਚ ਨਹੀਂ ਹੁੰਦੇ।

          ਕੁਝ ਛੋਟੇ ਅਤੇ ਪਤਲੇ ਪਿਟ ਵਾਈਪਰ ਦਰਖ਼ਤਾਂ ਉਪਰ ਰਹਿੰਦੇ ਹਨ। ਅਮਰੀਕਾ ਦੇ ਰੈਟਲ ਸਨੇਕ, ਅਮਰੀਕਾ ਦੇ ਗਰਮ ਇਲਾਕਿਆਂ ਦਾ ਬੁਸ਼ ਮਾਸਟਰ (Bush master) ਅਤੇ ਫਰਡਲਾਂਸ (Fer-de-lance) ਇਸੇ ਕੁਲ ਵਿਚ ਗਿਣੇ ਜਾਂਦੇ ਹਨ। ਇਨ੍ਹਾਂ ਸਾਰੇ ਸੱਪਾਂ ਦੇ ਵਿਹੁ-ਦੰਦ ਵੱਡੇ ਵੱਡੇ ਹੁੰਦੇ ਹਨ।

          ਸੱਪਾਂ ਦੀਆਂ ਕੁਝ ਪ੍ਰਸਿੱਧ ਕਿਸਮਾਂ ਦੀ ਵਿਆਖਿਆ ਹੇਠਾਂ ਕੀਤੀ ਜਾਂਦੀ ਹੈ :

          ਅਜਗਰ ਜਾਂ ਪਾਈਥਨ ਰੈਟੀਕੁਲੇਟਸ (Phython reticulatus)––ਦੁਨੀਆ ਦਾ ਸਭ ਤੋਂ ਵੱਡਾ ਸੱਪ ਹੈ ਜਿਹੜਾ ਭਾਰਤ, ਮਲਾਇਆ ਅਤੇ ਜਾਵਾ ਵਿਚ ਮਿਲਦਾ ਹੈ। ਦੱਖਣੀ ਅਮਰੀਕਾ ਦੇ ਗਰਮ ਹਿੱਸੇ ਦਾ ਐਨਕਾਂਡਾ (Anaconda) ਜਾਂ ਯੂਨੇਕਟੀਜ਼ ਮਰਾਈਨਸ (Eunectes murines) 7.5 ਮੀ. ਲੰਮਾ ਹੁੰਦਾ ਹੈ। ਅਫ਼ਰੀਕਾ ਦਾ ਰਾੱਕ ਪਾਈਥਨ (Rock python) 6 ਮੀ. ਲੰਬਾ ਹੁੰਦਾ ਹੈ ਅਤੇ ਆਸਟਰੇਲੀਆ ਦਾ ਪਾਈਥਨ ਐਮਥਿਸਟਿਨਸ (Python amethystinus) ਲਗਭਗ ਇੰਨਾ ਹੀ ਲੰਮਾ ਹੁੰਦਾ ਹੈ। ਸਕੇਲਾਂ 60-75, ਨਰਮ ਅਤੇ ਲਾਈਨਾਂ ਵਿਚ ਹੁੰਦੀਆਂ ਹਨ। ਗੁਦੇ ਦੇ ਨੇੜੇ 45 ਮਿ. ਮੀ. ਲੰਮੇ ਸਪਰ ਆਦਿ ਅੰਗ ਹੁੰਦੇ ਹਨ। ਸਰਦੀਆਂ ਦੇ ਤੁਰੰਤ ਮਗਰੋਂ ਮਾਦਾ 107 ਤਕ ਅੰਡੇ ਦਿੰਦੀ ਹੈ। ਅੰਡਿਆਂ ਵਿਚੋਂ 60 ਦਿਨਾਂ ’ਚ ਬੱਚੇ ਨਿਕਲਦੇ ਹਨ।

          ਕ੍ਰਿਸੋਪੀਲੀਆ ਆਰਨੇਟਾ (Chrysopelea ornata)––ਭਾਰਤ, ਬਰ੍ਹਮਾ, ਮਲਾਇਆ, ਜਾਵਾ, ਸਮਾਟਰਾ, ਬੋਰਨੀਓ ਅਤੇ ਦੱਖਣੀ ਚੀਨ ਵਿਚ ਹੁੰਦਾ ਹੈ। ਇਹ ਸੱਪ ਇਕ ਮੀਟਰ ਤੋਂ ਛੋਟਾ ਹੁੰਦਾ ਹੈ। ਇਸ ਦਾ ਧੜ ਮੋਟਾ ਹੁੰਦਾ ਹੈ ਪਰ ਪਸਲੀਆਂ ਫ਼ੈਲਾ ਕੇ ਚੌੜਾ ਅਤੇ ਚਪਟਾ ਹੋ ਜਾਂਦਾ ਹੈ। ਇਹ ਕਿਰਲੀਆਂ ਖਾਂਦਾ ਹੈ ਅਤੇ ਡਰ ਜਾਣ ਤੇ ਉਡ ਕੇ ਬਹੁਤ ਦੂਰ ਜਾ ਸਕਦਾ ਹੈ।

          ਅਮਰੀਕਾ ਦੇ ਗਰਮ ਇਲਾਕਿਆਂ ਦਾ ਇਕ ਸੱਪ ਸੀਊਡੋਬੋਆ ਕਲੋਨੀਆ ਹੈ। ਇਹ ਜ਼ਹਿਰੀਲੇ ਸੱਪਾਂ ਉਤੇ ਹਮਲਾ ਕਰਕੇ ਉਨ੍ਹਾਂ ਨੂੰ ਦਬ ਕੇ ਮਾਰ ਦਿੰਦਾ ਹੈ ਅਤੇ ਆਪਣੇ ਨਾਲੋਂ ਕੁਝ ਹੀ ਛੋਟੇ ਵਾਈਪਰਾਂ ਤਕ ਨੂੰ ਨਿਗਲ ਜਾਂਦਾ ਹੈ। ਜ਼ਹਿਰੀਲੇ ਸੱਪਾਂ ਦੇ ਡੰਗ ਦਾ ਇਸ ਉਤੇ ਬਿਲਕੁਲ ਅਸਰ ਨਹੀਂ ਹੁੰਦਾ।

          ਡਿਸਫਾਲਡਸ ਟਾਈਪਸ (Dispholidus typus)––ਦੱਖਣੀ ਅਫ਼ਰੀਕਾ ਦਾ ਇਸੇ ਪ੍ਰਕਾਰ ਦਾ ਇਕ ਸੱਪ ਹੈ ਪਰ ਇਸ ਦਾ ਜ਼ਹਿਰ ਤੇਜ਼ ਹੁੰਦਾ ਹੈ ਅਤੇ ਇਸਦੇ ਡੰਗਣ ਨਾਲ ਮਨੁੱਖ ਮਰ ਜਾਂਦਾ ਹੈ।

          ਯੂਰਪ ਵਿਚ ਸਾਰੇ ਜ਼ਹਿਰੀਲੇ ਸੱਪ ਵਾਈਪੈਰਡੀ ਕੁਲ ਦੇ ਹਨ ਅਤੇ ਗਿਣਤੀ ਵਿਚ ਬਹੁਤ ਥੋੜੇ ਹਨ। ਵਾਈਪੈਰਾ ਆਰਸੀਨਾਈ (Vipera arsini) ਆਸਟਰੇਲੀਆ ਵਿਚ ਜ਼ਿਆਦਾ ਮਿਲਦਾ ਹੈ। ਇਸ ਦਾ ਜ਼ਹਿਰ ਹੋਰ ਵਾਈਪਰਾਂ ਦੇ ਜ਼ਹਿਰ ਵਾਂਗ ਹੀ ਤੇਜ਼ ਹੁੰਦਾ ਹੈ, ਪਰ ਇਹ ਸੱਪ ਡੰਗਦਾ ਨਹੀਂ ਅਤੇ ਬੱਚੇ ਇਸ ਨੂੰ ਫੜ ਲੈਂਦੇ ਹਨ।

          ਭਾਰਤ ਅਤੇ ਮਲਾਇਆ ਵਿਚ ਵਾਈਪਰ ਬਹੁਤ ਘੱਟ ਹੁੰਦੇ ਹਨ। ਵਾਈਪਰ ਨੇ ਅਫ਼ਰੀਕਾ ਵਿਚ ਜਨਮ ਲਿਆ ਹੋਵੇਗਾ ਕਿਉਂਕਿ ਉਥੇ ਸਭ ਤੋਂ ਵੱਧ ਗਿਣਤੀ ਵਿਚ ਅਤੇ ਵੱਧ ਕਿਸਮਾਂ ਦੇ ਵਾਈਪਰ ਹੁੰਦੇ ਹਨ। ਯੂਰਪ ਦੇ ਵਾਈਪਰ ਵੀ ਇਥੋਂ ਹੀ ਆਏ ਮੰਨੇ ਜਾਂਦੇ ਹਨ। ਸੀਡੋਸਿਰੈਸਟੀਜ਼ ਪਰਸੀਕਸ ਰੇਤੇ ਦਾ ਵਾਈਪਰ ਹੈ ਜਿਹੜਾ ਈਰਾਨ ਵਿਚ ਹੁੰਦਾ ਹੈ। ਐਕੱਸ ਵਾਈਪਰ (Echis viper) ਅਰਬ ਅਤੇ ਭਾਰਤ ਵਿਚ ਹੁੰਦਾ ਹੈ। ਇਲੈਪਡੀ ਕੁਲ ਦੇ ਸੱਪ ਜਿੰਨ੍ਹਾਂ ਵਿਚ ਕਾਲਾ ਨਾਗ ਅਤੇ ਕ੍ਰੇਟ ਆਉਂਦੇ ਹਨ, ਏਸ਼ੀਆ ਭਰ ਵਿਚ ਮਿਲਦੇ ਹਨ ਅਤੇ ਆਸਟਰੇਲੀਆ ਤੇ ਅਫ਼ਰੀਕਾ ਵਿਚ ਵੀ ਹੁੰਦੇ ਹਨ। ਭਾਰਤ ਅਤੇ ਮਲਾਇਆ ਦਾ ਸਭ ਤੋਂ ਭਿਆਨਕ ਰਾਜਾ ਨਾਗ (King cobra) ਜਾਂ ਨਾਜਾ ਹੱਨ੍ਹਾ (Naja Hannah) ਦੁਨੀਆ ਦੇ ਸਾਰੇ ਸੱਪਾਂ ਨਾਲੋਂ ਵੱਧ ਜ਼ਹਿਰੀਲਾ ਹੈ। ਕੁਝ ਮਾਹਿਰਾਂ ਦੀ ਰਾਏ ਅਨੁਸਾਰ ਬੈਂਡਡ ਕ੍ਰੇਟ (Banded Krait) ਜਾਂ ਬੰਗਾਰਸ ਫੈਸੀਏਟਸ (Bungarus fasciatus) ਕੋਬਰੇ ਨਾਲੋਂ ਵੱਧ ਜ਼ਹਿਰੀਲਾ ਹੁੰਦਾ ਹੈ। ਕੋਬਰਾ ਕੇਵਲ ਵਿਹੁ-ਹੀਨ ਸੱਪਾਂ ਨੂੰ ਹੀ ਖਾਂਦਾ ਹੈ। ਇਹ ਆਮ ਕਰਕੇ 3-3.5 ਮੀ. ਤਕ ਲੰਬਾ ਹੁੰਦਾ ਹੈ। ਇਸ ਦੀ ਵੱਧ ਤੋਂ ਵੱਧ ਲੰਬਾਈ 5 ਮੀ. ਹੁੰਦੀ ਹੈ। ਇਹ ਬਹੁਤ ਤਕੜਾ ਅਤੇ ਫੁਰਤੀਲਾ ਹੁੰਦਾ ਹੈ। ਇਸ ਦਾ ਜ਼ਹਿਰ ਤੇਜ਼ ਹੁੰਦਾ ਹੈ ਅਤੇ ਇਹ ਦੁਸ਼ਮਣ ਨੂੰ ਵੇਖਦੇ ਹੀ ਉਸ ਉਤੇ ਹਮਲਾ ਕਰ ਦਿੰਦਾ ਹੈ। ਇਸ ਵਿਚ ਸ਼ੱਕ ਨਹੀਂ ਕਿ ਇਹ ਦੁਨੀਆ ਦਾ ਸਭ ਤੋਂ ਭਿਆਨਕ ਜੰਗਲੀ ਜੀਵ ਹੈ।

          ਕਿੰਗ ਕੋਬਰੇ ਤੋਂ ਇਲਾਵਾ ਸਾਰੇ ਏਸ਼ੀਆ ਵਿਚ ਸਿਰਫ਼ ਇਕ ਹੋਰ ਕੋਬਰਾ ਮਿਲਦਾ ਹੈ। ਇਹ ਆਮ ਕੋਬਰਾ ਭਾਰਤ, ਮਲਾਇਆ, ਫਿਲੇਪਾਈਨ ਅਤੇ ਚੀਨ ਵਿਚ ਹੁੰਦਾ ਹੈ। ਇਸ ਸੱਪ ਦੀ ਕੇਵਲ ਇਕ ਜਾਤੀ ਨਾਜਾ ਨਾਜਾ (Naja naja) ਜਾਂ ਨਾਗ ਹੈ ਪਰ ਇਸ ਦੀਆਂ ਬਹੁਤ ਸਾਰੀਆਂ ਉਪ-ਜਾਤੀਆਂ ਹਨ। ਕੋਬਰਾ 1.8 ਮੀ. ਲੰਬਾ ਹੁੰਦਾ ਹੈ ਅਤੇ ਇਸਦੀ ਸਿਰੀ ਤੇ ਫਣ ਹੁੰਦਾ ਹੈ। ਇਸ ਦੀ ਤੀਜੀ ਸੁਪਰਾਲੇਬੀਅਲ ਸ਼ੀਲਡ, ਅੱਖਾਂ ਅਤੇ ਨੇਜ਼ਲ ਸ਼ੀਲਡ ਨਾਲ ਮਿਲੀ ਰਹਿੰਦੀ ਹੈ, ਜਿਸ ਕਾਰਨ ਇਹ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ। ਕ੍ਰੇਟ ਭਾਰਤ, ਬਰ੍ਹਮਾ, ਮਲਾਇਆ ਦੀਪ-ਸਮੂਹ ਅਤੇ ਦੱਖਣੀ ਚੀਨ ਵਿਚ ਹੁੰਦਾ ਹੈ। ਇਹ ਬਹੁਤਾ ਕਰਕੇ ਸੱਪ ਖਾਂਦਾ ਹੈ ਪਰ ਡੱਡਾਂ, ਕਿਰਲੀਆਂ ਅਤੇ ਛੋਟੇ ਛੋਟੇ ਥਣਧਾਰੀ ਪ੍ਰਾਣੀਆਂ ਨੂੰ ਵੀ ਖਾ ਲੈਂਦਾ ਹੈ। ਇਸ ਦੀਆਂ ਛੇ ਸਤ ਜਾਤੀਆਂ ਹਨ ਜਿਹੜੀਆਂ ਸਾਰੀਆਂ ਹੀ ਬੰਗਾਰਸ ਪ੍ਰਜਾਤੀ ਵਿਚ ਆ ਜਾਂਦੀਆਂ ਹਨ। ਕ੍ਰੇਟ ਦਾ ਵਰਟਿਬਰਲ ਸਕੇਲ ਲੇਟਰਲ ਸ਼ਕੇਲਾਂ ਤੋਂ ਬਹੁਤ ਕਰੜਾ ਹੁੰਦਾ ਹੈ,  ਜਿਸ ਕਾਰਨ ਇਹ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਹੈਮੀਬੰਗਾਰਸ, ਕੈਲਿਉਫਿਸ ਅਤੇ ਡਾਲਿਨੋਫਿਸ ਵੀ ਜ਼ਹਿਰੀਲੇ ਸੱਪ ਹਨ ਪਰ ਇਹ ਡੰਗਦੇ ਘੱਟ ਹਨ। ਇਹ ਏਸ਼ੀਆ ਵਿਚ ਹੁੰਦੇ ਹਨ।

          ਗਾਰਟਰ (Garter) ਅਤੇ ਕੋਰਲ (Coral) ਸੱਪ ਅਫ਼ਰੀਕਾ ਵਿਚ ਹੁੰਦੇ ਹਨ। ਇਹ ਛੋਟੇ ਅਤੇ ਚਮਕਦਾਰ ਹੁੰਦੇ ਹਨ ਅਤੇ ਜ਼ਹਿਰੀਲੇ ਹੁੰਦੇ ਹੋਇਆਂ ਵੀ ਡੰਗ ਘਟ ਮਾਰਦੇ ਹਨ। ਅਫ਼ਰੀਕਾ ਵਿਚ ਨਾਗਾਂ ਦੀਆਂ ਅੱਠ ਜਾਂ ਇਸ ਤੋਂ ਵੱਧ ਜਾਤੀਆਂ ਹਨ। ਮਾਂਬਾ ਅਫ਼ਰੀਕਾ ਦਾ ਸਭ ਤੋਂ ਮਸ਼ਹੂਰ ਸੱਪ ਹੈ। ਇਸ ਦਾ ਜ਼ਹਿਰ ਖਾਸ ਤੌਰ ਤੇ ਮਾਰੂ ਹੈ ਅਤੇ ਇਹ ਬੜੀ ਫੁਰਤੀ ਨਾਲ ਹਮਲਾ ਕਰਦਾ ਹੈ। ਇਹ ਬਹੁਤ ਪਤਲਾ ਹੁੰਦਾ ਹੈ। ਹਰ ਮਾਂਬਾ 1.8 ਤੋਂ 2.4 ਮੀ. ਤਕ ਅਤੇ ਕਾਲਾ ਮਾਂਬਾ 3.6 ਮੀ. ਤਕ ਲੰਬਾ ਹੁੰਦਾ ਹੈ। ਇਹ ਸੱਪ ਦਰਖ਼ਤਾਂ ਤੇ ਰਹਿੰਦੇ ਹਨ। ਅਫ਼ਰੀਕਾ ਦੇ ਵਾਈਪਰਾਂ ਵਿਚੋਂ ਸਭ ਤੋਂ ਵੱਧ ਭਿਆਨਕ ਬਾਈਟਸ ਗੈਬੋਨਿਕਾ ਹੈ। ਇਸ ਦਾ ਆਕਾਰ ਬੜਾ ਡਰਾਉਣਾ ਹੁੰਦਾ ਹੈ। ਇਹ 1.2 ਮੀ. ਲੰਬਾ ਹੁੰਦਾ ਹੈ। ਇਸ ਦਾ ਸਿਰ ਆਦਮੀ ਦੀਆਂ ਚਾਰ ਉਂਗਲੀਆਂ ਦੀ ਚੌੜਾਈ ਜਿੰਨਾਂ ਹੁੰਦਾ ਹੈ। ਇਸ ਦੇ ਜ਼ਹਿਰ ਵਾਲੇ ਦੰਦ ਲੰਬੇ ਹੁੰਦੇ ਹਨ ਅਤੇ ਜ਼ਹਿਰ ਬਹੁਤ ਹੀ ਮਾਰੂ ਹੁੰਦਾ ਹੈ, ਜਿਸ ਕਾਰਨ ਇਸ ਦੇ ਡਸਦਿਆਂ ਹੀ ਮੌਤ ਹੋ ਜਾਂਦੀ ਹੈ। ਸੰਯੁਕਤ ਰਾਜ ਅਮਰੀਕਾ ਵਿਚ ਜ਼ਹਿਰੀਲੇ ਸੱਪ ਕਈ ਕਿਸਮਾਂ ਦੇ ਹਨ। ਉਥੇ ਰੈਟਲ ਸਨੇਕ, ਕਾਪਰ ਹੈੱਡ (Copper head), ਵਾਟਰ ਮੋਕੈਸਿਨ ਅਤੇ ਕੋਰਲ ਸਨੇਕ ਹੁੰਦੇ ਹਨ। ਰੈਟਲ ਸਨੇਕ, ਕਾਪਰ ਹੈੱਡ ਅਤੇ ਮੋਕੈਸਿਨ ਤਿੰਨੇ ਕਿਸਮਾਂ ਦੇ ਸੱਪ ਪਿਟ ਵਾਈਪਰ ਹਨ ਅਤੇ ਇਨ੍ਹਾਂ ਨੂੰ ਕਰੋਟੈਲਡੀ ਕੁਲ ਵਿਚ ਸ਼ਾਮਲ ਕੀਤਾ ਜਾਂਦਾ ਹੈ। ਰੈਟਲ ਸਨੇਕ ਛੇਤੀ ਹੀ ਪਛਾਣਿਆ ਜਾ ਸਕਦਾ ਹੈ। ਇਸ ਦੀ ਪੂਛ ਦਾ ਆਖਰੀ ਹਿੱਸਾ ਕੁਝ ਕੁ ਜੁੜੀਆਂ ਹੋਈਆਂ ਅੰਗੂਠੀਆਂ ਦੀ ਸ਼ਕਲ ਦਾ ਹੁੰਦਾ ਹੈ। ਇਥੇ ਚਮੜੀ ਦੇ ਅੰਦਰ ਕੁਝ ਛੋਟੇ ਛੋਟੇ ਅਸਬੰਧਤ ਪੂਛ ਦੇ ਮੁਹਰੇ ਹੁੰਦੇ ਹਨ ਜਿਨ੍ਹਾਂ ਤੋਂ ਪੂਛ ਹਿਲਾਉਣ ਨਾਲ ਇਕ ਖਾਸ ਕਿਸਮ ਦੀ ਆਵਾਜ਼ ਪੈਦਾ ਹੁੰਦੀ ਹੈ। ਇਹ ਕੋਰਲ ਸੱਪ ਕੋਬਰਾ ਅਤੇ ਕ੍ਰੇਟ ਜਿੰਨੇ ਜ਼ਹਿਰੀਲੇ ਮੰਨੇ ਜਾਂਦੇ ਹਨ। ਇਨ੍ਹਾਂ ਦੇ ਜ਼ਹਿਰ ਦਾ ਅਸਰ ਤੰਤੂ ਕੇਂਦਰ ਤੇ ਪੈਂਦਾ ਹੈ। ਮਾਈਕਰੂਰਸ ਫਲਵਿਅਸ ਇਕ ਕਿਸਮ ਦਾ ਕੋਰਲ ਸਨੇਕ ਹੈ। ਇਹ ਬਹੁਤਾ ਕਰਕੇ ਛੋਟੇ ਸੱਪ ਤੇ ਕਿਰਲੀਆਂ ਨੂੰ ਖਾਂਦਾ ਹੈ। ਰੈਟਲ ਸਨੇਕ ਬਹੁਤ ਕਿਸਮਾਂ ਦੇ ਹੁੰਦੇ ਹਨ। ਇਨ੍ਹਾਂ ਦੀਆਂ ਬਹੁਤੀਆਂ ਕਿਸਮਾਂ ਕ੍ਰੋਟੈਲਸ (Crotalus) ਦੀਆਂ ਜਾਤੀਆਂ ਹੀ ਹਨ। ਕ੍ਰੋਟੈਲਸ ਐਡਾਮੈਂਟੀਅਸ 2.7 ਮੀ. ਤਕ ਲੰਮਾ ਹੁੰਦਾ ਹੈ। ਇਸ ਦੀ ਸਾਰੀ 76 ਮਿ. ਮੀ. ਚੌੜੀ ਹੁੰਦੀ ਹੈ ਅਤੇ ਜ਼ਹਿਰ ਦੇ ਦੰਦ 75-100 ਮਿ. ਮੀ. ਲੰਬੇ ਹੁੰਦੇ ਹਨ। ਕ੍ਰੋਟੈਲਸ ਹਾੱਰਿਡਸ ਵੀ ਇਸੇ ਕਿਸਮ ਦਾ ਇਕ ਮਾਰੂ ਸੱਪ ਹੈ ਪਰ ਉੱਤਰੀ ਕ੍ਰੋਟੈਲਸ ਹਾੱਰਿਡਸ ਹਮਲਾ ਬਹੁਤ ਘੱਟ ਕਰਦਾ ਹੈ। ਦੱਖਣ ਵਿਚ ਇਹ ਸੱਪ ਵੱਡੇ ਅਤੇ ਭਿਆਨਕ ਹੁੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿਚ ਕੇਵਲ ਇਕੋ ਜਾਤੀ ਦਾ ਰੈਟਲ ਸੱਪ ਮਿਲਦਾ ਹੈ, ਪਰ ਪਿਟ ਵਾਈਪਰ ਬਹੁਤ ਕਿਸਮਾਂ ਦੇ ਮਿਲਦੇ ਹਨ। ਇਹ ਸਾਰੇ ਬੋਥ੍ਰਾੱਪਸ (Bothrops) ਪ੍ਰਜਾਤੀ ਵਿਚ ਗਿਣੇ ਜਾਂਦੇ ਹਨ। ਬੁਸ਼ ਮਾਸਟਰ ਦੀ ਇਕ ਜਾਤੀ ਮਿਲਦੀ ਹੈ ਜਿਸ ਨੂੰ ਲੈਕਸਿਸ (Lachesis) ਕਹਿੰਦੇ ਹਨ। ਇਹ 3.6 ਮੀ. ਲੰਬਾ ਹੁੰਦਾ ਹੈ। ਬੋਥ੍ਰਾੱਪਸ ਐਟਰਾਕਸ ਦਾ ਜ਼ਹਿਰ ਬੜੀ ਤੇਜ਼ੀ ਨਾਲ ਅਸਰ ਕਰਦਾ ਹੈ। ਇਹ ਜ਼ਹਿਰ ਖ਼ੂਨ ਦੇ ਸੈੱਲਾਂ ਅਤੇ ਲਹੂ-ਵਹਿਣੀਆਂ ਨੂੰ ਤਬਾਹ ਕਰ ਦਿੰਦਾ ਹੈ ਅਤੇ ਜ਼ਖ਼ਮ ਦੇ ਚੌਹਾਂ ਪਾਸਿਆਂ ਦੇ ਅੰਗਾਂ ਨੂੰ ਗਾਲ ਦਿੰਦਾ ਹੈ।

          ਆਸਟਰੇਲੀਆ ਦੇ ਬਹੁਤ ਸੱਪ ਜ਼ਹਿਰੀਲੇ ਹਨ। ਦੁਨੀਆ ਦੇ ਹੋਰ ਹਿੱਸਿਆਂ ਵਿਚ ਜ਼ਹਿਰ-ਹੀਨ ਸੱਪ ਜ਼ਹਿਰੀਲੇ ਸੱਪਾਂ ਤੋਂ ਬਹੁਤੇ ਹਨ, ਪਰ ਆਸਟਰੇਲੀਆ ਵਿਚ ਹਾਲਤ ਇਸ ਦੇ ਉਲਟ ਹੈ। ਇਥੋਂ ਦੇ ਕਈ ਇਕ ਇਲੈਪੀਨ (Elapine) ਨਾਂ ਦੇ ਸੱਪ ਬਹੁਤ ਛੋਟੇ ਹਨ ਅਤੇ ਇਨ੍ਹਾਂ ਦੇ ਵਿਹੁ-ਦੰਦ ਇਤਨੇ ਛੋਟੇ ਹੁੰਦੇ ਹਨ ਕਿ ਇਹ ਬਹੁਤ ਘੱਟ ਹਾਨੀ ਪਹੁੰਚਾਉਂਦੇ ਹਨ ਪਰ ਇਥੋਂ ਦੇ ਵੱਡੇ ਸੱਪ ਬਹੁਤ ਜ਼ਹਿਰੀਲੇ ਹਨ। ਸਿਊਡੈਕਿਸ ਪਾਰਫੀਰੀਐਕਸ ਇਕ ਮਾਰੂ ਸੱਪ ਹੈ ਪਰ ਇਸ ਦਾ ਜ਼ਹਿਰ ਹੋਰਨਾਂ ਦੇ ਮੁਕਾਬਲੇ ਘੱਟ ਤੇਜ਼ ਹੈ। ਨੋਟੇਕਿਸ ਸਕਿਊਟੇਟਸ ਆਸਟਰੇਲੀਆ ਦਾ ਸਭ ਤੋਂ ਭਿਆਨਕ ਮਾਰੂ ਸੱਪ ਹੈ। ਅਕੈਂਥਫਿਸ ਐਂਟਾਰਕਟਿਕਸ (Acanthophis antarcticus) ਨੂੰ ਆਸਟਰੇਲੀਆ ਵਿਚ ਡੈੱਥ ਐਡਰ ਕਹਿੰਦੇ ਹਨ। ਇਹ ਵਾਈਪਰ ਵਰਗਾ ਸੱਪ ਹੈ। ਇਹ 61 ਸੈਂ. ਮੀ. ਲੰਬਾ ਹੁੰਦਾ ਹੈ ਪਰ ਇਸ ਦੀ ਸਿਰੀ ਵੱਡੀ ਹੁੰਦੀ ਹੈ ਅਤੇ ਇਸ ਦੇ ਵਿਹੁ-ਦੰਦ ਨੋਟੈਕਿਸ ਸਕਿਊਟੇਟਸ ਦੇ ਵਿਹੁ-ਦੰਦਾਂ ਤੋਂ ਵੱਡੇ ਹੁੰਦੇ ਹਨ।

          ਸਮੁੰਦਰੀ ਸੱਪ (Sea snake)––ਇਹ ਸੱਪ ਹਾਈਡਰਾਫਡੀ (Hydrophidae) ਕੁਲ ਵਿਚ ਸ਼ਾਮਲ ਕੀਤੇ ਗਏ ਹਨ। ਇਹ ਫਾਰਸ ਦੀ ਖਾੜੀ ਤੋਂ ਦੱਖਣ-ਪੂਰਬੀ ਜਾਪਾਨ, ਉੱਤਰੀ ਆਸਟਰੇਲੀਆ ਤੋਂ ਦੱਖਣ ਵਲ ਅਤੇ ਸਾਮੋਆ ਤੋਂ ਪੂਰਬ ਵਲ ਦੇ ਬੇਲੇ ਤਟਾਂ (Littoral Seas) ਤੇ ਮਿਲਦੇ ਹਨ। ਸਿਰਫ ਇਕ ਜਾਤੀ ਪੈੱਲਮਿਸ ਪਲੈਟਰਸ (Pelamis platurus) ਪੂਰੀ ਤਰ੍ਹਾਂ ਸਮੁੰਦਰੀ ਹੈ ਜਿਹੜੀ ਹਿੰਦ ਅਤੇ ਸ਼ਾਂਤ ਮਹਾਸਾਗਰਾਂ ਦੇ ਤਟਾਂ ਵਿਚ ਮਿਲਦੀ ਹੈ।

          ਸਮੁੰਦਰੀ ਸੱਪ ਦਾ ਸਿਰ ਛੋਟਾ, ਗਰਦਨ ਪਤਲੀ ਅਤੇ ਸਰੀਰ ਦਾ ਵਿਚਕਾਰਲਾ ਅਤੇ ਪਿਛਲਾ ਹਿੱਸਾ ਬਹੁਤ ਭਾਰਾ ਹੁੰਦਾ ਹੈ। ਇਨ੍ਹਾਂ ਦੀਆਂ ਵੈਂਟਰਲ ਸ਼ੀਲਡਾਂ ਨਹੀਂ ਹੁੰਦੀਆਂ ਅਤੇ ਪੂਛ ਪੈਡਲ ਵਰਗੀ ਹੁੰਦੀ ਹੈ। ਇਹ ਸੱਪ ਲਹਿਰਦਾਰ ਹਰਕਤ ਨਾਲ ਪਾਣੀ ਵਿਚ ਤੈਰਦੇ ਹਨ। ਪਾਣੀ ਵਿਚ ਰਹਿਣ ਕਰਕੇ ਇਨ੍ਹਾਂ ਦੀ ਜੀਭ ਛੋਟੀ ਹੁੰਦੀ ਹੈ ਅਤੇ ਵੈਲਵਿਊਲਰ ਨਾਸਾਂ ਹੁੰਦੀਆਂ ਹਨ। ਹਮੇਸ਼ਾਂ ਨਮਕ ਵਾਲੇ ਪਾਣੀ ਵਿਚ ਰਹਿਣ ਕਰਕੇ ਇਨ੍ਹਾਂ ਦੀਆਂ ਨਾਸ-ਗਿਲਟੀਆਂ ਹੁੰਦੀਆਂ ਹਨ ਜਿਹੜੀਆਂ ਸ਼ਾਇਦ ਫਾਲਤੂ ਨਮਕ ਦਾ ਤਿਆਗ ਕਰਦੀਆਂ ਹਨ। ਇਹ ਸੱਪ ਆਮ ਤੌਰ ਤੇ 0.9–1.2 ਮੀ. ਤਕ ਲੰਬੇ ਹੁੰਦੇ ਹਨ, ਪਰ ਕਈ 2.5 ਮੀ. ਦੀ ਲੰਬਾਈ ਤਕ ਵੀ ਪਹੁੰਚ ਜਾਂਦੇ ਹਨ। ਇਨ੍ਹਾਂ ਦਾ ਰੰਗ ਆਮ ਤੌਰ ਤੇ ਭੂਰਾ ਜਾਂ ਸਲੇਟੀ ਹੁੰਦਾ ਹੈ ਅਤੇ ਉਸ ਉਤੇ ਕਾਲੀਆਂ ਜਿਹੀਆਂ ਕੱਟਦੀਆਂ ਧਾਰੀਆਂ (cross bars) ਹੁੰਦੀਆਂ ਹਨ ਪਰ ਪੈੱਲਮਿਸ ਸੱਪਾਂ ਦੀ ਪਿਠ ਭੂਰੀ ਜਾਂ ਕਾਲੀ ਅਤੇ ਪੇਟ ਸ਼ੋਖ ਪੀਲੇ ਰੰਗ ਦਾ ਹੁੰਦਾ ਹੈ।

          ਹਾਈਡਰਾਫਡੀ ਕੁਲ ਅਗੋਂ ਦੋ ਉਪ-ਕੁਲਾਂ ਵਿਚ ਵੰਡੀ ਹੋਈ ਹੈ : ਹਾਈਡਰਾਫਨੀ (Hydrophinae), ਜਿਹੜੇ ਬੱਚਿਆ ਨੂੰ ਜਨਮ ਦਿੰਦੇ ਹਨ ਅਤੇ ਪੂਰੀ ਤਰ੍ਹਾਂ ਜਲੀ ਜੀਵਨ ਬਤੀਤ ਕਰਦੇ ਹਨ ਅਤੇ ਲਾਟੀਕੈਉਦੀਨੀ (Laticaudinae) ਜਿਹੜੇ ਉੱਚਤਕ ਜਲ ਸਤੱਰ-ਅੰਕ ਤੋਂ ਉਪਰ ਅੰਡੇ ਦਿੰਦੇ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਸੱਪ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੱਪ : ਰੀਂਗਣ ਵਾਲੇ ਇਹ ਰੀੜ੍ਹਧਾਰੀ ਪ੍ਰਾਣੀ ਰੈਪਟੀਲੀਆ (Reptilia) ਸ਼੍ਰੇਣੀ ਦੇ ਸਕੁਐਮੇਟਾ (Squamata) ਵਰਗ ਵਿਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਦਾ ਉਪਵਰਗ ਸਰਪੈਂਟੀਜ਼ (Serpentes) ਜਾਂ ਓਫਿਡੀਆ (Ophidia) ਹੈ। ਸੱਪਾਂ ਦੀਆਂ ਲਗਭਗ 2500 ਜਾਤੀਆਂ ਵਿਚੋਂ ਕੋਈ 400 ਜ਼ਹਿਰੀਲੀਆਂ ਜਾਤੀਆਂ ਹਨ। ਸੱਖ ਰੀੜ੍ਹਧਾਰੀ ਜੀਵ ਹਨ ਜਿਨ੍ਹਾਂ ਦੀਆਂ ਲੱਤਾਂ ਅਤੇ ਬਾਹਾਂ ਨਹੀਂ ਹੁੰਦੀਆਂ ਅਤੇ ਸਰੀਰ ਦੇ ਅੰਦਰਲੇ ਅੰਗ ਬਹੁਤ ਲੰਬੇ ਹੋ ਜਾਂਦੇ ਹਨ। ਠੰਢੇ ਦੇਸ਼ਾਂ ਤੋਂ ਛੁੱਟ ਬਾਕੀ ਲਗਭਗ ਸਾਰੀ ਦੁਨੀਆ ਵਿਚ ਹੀ ਸੱਪ ਆਮ ਹੁੰਦੇ ਹਨ।

        ਬਹੁਤ ਸਾਰੇ ਸੱਪ ਤਾਂ ਧਰਤੀ ਉੱਤੇ ਰਹਿੰਦੇ ਹਨ ਪਰ ਕੁਝ ਦਰਖ਼ਤਾਂ ਉੱਤੇ ਹੀ ਰਹਿੰਦੇ ਹਨ। ਕੁਝ ਸੱਪ ਸਮੁੰਦਰਾਂ ਅਤੇ ਦਰਿਆਵਾਂ ਦੇ ਪਾਣੀਆਂ ਵਿਚ ਵੀ ਰਹਿੰਦੇ ਹਨ। ਕੁਝ ਕੁ ਕਿਸਮਾਂ ਧਰਤੀ ਵਿਚ ਖੁੱਡਾਂ ਬਣਾ ਕੇ ਰਹਿੰਦੀਆਂ ਹਨ।

        ਕੁੱਝ ਨਿੱਕੇ ਨਿੱਕੇ ਸੱਪ ਤਕਰੀਬਨ 76-102 ਮਿ. ਮੀ. ਲੰਬੇ ਹੁੰਦੇ ਹਨ। ਅਜਗਰ ਜਾਂ ਪਾਈਥਨ ਮੋਲੂਰਸ (Python molurus) ਸਭ ਤੋਂ ਵੱਡਾ ਸੱਪ ਹੈ ਜਿਸ ਦੀ ਲੰਬਾਈ 7.5 ਮੀ. ਅਤੇ ਭਾਰ 136 ਕਿ. ਗ੍ਰ. ਰਿਕਾਰਡ ਕੀਤਾ ਗਿਆ ਹੈ। ਕੁਝ ਪ੍ਰਾਚੀਨ ਕਿਸਮਾਂ ਜਿਵੇਂ ਕਿ ਬੋਆਜ਼ (Boas) ਅਤੇ ਅਜਗਰ ਆਦਿ ਵਿਚ ਗੁਦਾ ਦੇ ਲਾਗੇ ਖਾਰ ਵਰਗੇ (spur like) ਪੁੜਿਆਂ ਦੇ ਅੰਸ਼ ਜ਼ਰੂਰ ਹੁੰਦੇ ਹਨ। ਹੇਠਲਾ ਜਬਾੜ੍ਹਾ ਖੋਪਰੀ ਦੇ ਨਾਲ ਢਿੱਲੇ ਤੌਰ ਤੇ ਜੁੜਿਆ ਹੁੰਦਾ ਹੈ ਅਤੇ ਮੈਂਡੀਬਲ ਇਕ ਲਚਕਦਾਰ ਲਿਗਾਮੈਂਟ ਰਾਹੀਂ ਜੁੜੇ ਹੁੰਦੇ ਹਨ। ਇਸ ਤਰ੍ਹਾਂ ਚਾਰੇ ਅਰਧ ਜਬਾੜ੍ਹੇ, ਆਸਾਨੀ ਨਾਲ ਹਿੱਲ ਜੁੱਲ ਸਕਦੇ ਹਨ। ਸੱਪ ਦੀ ਸੀਨਾ-ਅਸਥੀ (sternum) ਅਤੇ ਛਾਤੀ ਗਰਡਲ (pectoral girdle) ਵੀ ਨਹੀਂ ਹੁੰਦੇ ਅਤੇ ਦੇਹ-ਭਿੱਤੀ ਬਹੁਤ ਲਚਕਦਾਰ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰ ਕੇ ਹੀ ਸੱਪ ਆਪਣੇ ਨਾਲੋਂ ਮੋਟੇ ਸ਼ਿਕਾਰ ਨੂੰ ਫੜ ਕੇ ਨਿਗਲ ਜਾਂਦੇ ਹਨ।

        ਇਨ੍ਹਾਂ ਦੀਆਂ ਅੱਖਾਂ ਵਿਚ ਵੱਖ ਵੱਖ ਪਲਕਾਂ ਅਤੇ ਖੋਪਰੀ ਵਿਚ ਟਿੰਪੈਨਿਕ ਕੈਵਿਟੀ ਨਹੀਂ ਹੁੰਦੀ। ਰੀੜ੍ਹ ਦੇ ਮੁਹਾਰੇ ਵੀ ਦੋ ਸ਼੍ਰੇਣੀਆਂ ਵਿਚ ਵੰਡੇ ਹੁੰਦੇ ਹਨ, ਕਾੱਡਲ ਤੇ ਪ੍ਰੀਕਾੱਡਲ। ਜ਼ਾਈਗੋਪਾਫ਼ੀਸੀਜ਼ ਦੇ ਇਲਾਵਾ ਇਨ੍ਹਾਂ ਵਿਚ ਆਰਟੀਕੁਲੇਸ਼ਨ ਲਈ ਜ਼ਾਈਗੋਸਫ਼ੀਨਸ ਅਤੇ ਜ਼ਾਈਗੈਂਟਰਾ ਹੁੰਦੇ ਹਨ। ਸ਼ੇਵਰਨ-ਅਸਥੀਆਂ (chevron bones) ਨਹੀਂ ਹੁੰਦੀਆਂ ਪਰ ਕਾੱਡਲ ਦੇ ਲਾਗਲੇ ਪ੍ਰਾਸੈੱਸ ਦੀਆਂ ਹੇਠਾਂ ਵੱਲ ਜਾਣ ਵਾਲੀਆਂ ਸ਼ਾਖ਼ਾਵਾਂ ਦਾ ਕਾੱਡਲ ਸ਼ਿਰਾਵਾਂ ਨਾਲ ਉਹੀ ਸਬੰਧ ਹੁੰਦਾ ਹੈ ਜਿਹੜਾ ਸ਼ੇਵਰਨ-ਅਸਥੀਆਂ ਦਾ।

        ਸੱਪ ਦੀ ਖੋਪਰੀ ਵਿਚ ਬੜੀਆਂ ਖੂਬੀਆਂ ਹੁੰਦੀਆਂ ਹਨ। ਇਸ ਵਿਚ ਇੰਟਰ ਆੱਪਟੀਕਲ ਸੈਪਟਮ (inter optical septum) ਅਤੇ ਐਪੀਟੈਰੀਗਾੱਇਡ ਹੱਡੀ ਨਹੀਂ ਹੁੰਦੀ। ਖੋਪਰੀ ਦੇ ਅਗਲੇ ਅਤੇ ਵਿਚਕਾਰਲੇ ਹਿੱਸੇ ਪੈਰਾਈਟਲ ਅਤੇ ਫਰੰਟਲ ਦੇ ਪ੍ਰਾਸੈੱਸ ਨਾਲ ਬਣਦੇ ਹਨ। ਇਸ ਵਿਚ ਫਾਂਟਾਨੇਲਜ਼ ਅਤੇ ਫ਼ੌਸੀ (fossae) ਨਹੀਂ ਹੁੰਦੇ, ਜੂਗਲ ਅਤੇ ਕੁਆਡ੍ਰੇਟੋ ਜੂਗਲ ਨਹੀਂ ਹੁੰਦੇ ਅਤੇ ਪੋਸਟ ਫਰੰਟਲ ਜਾਂ ਸਕੁਐਮੋਸਲ ਆਪਸ ਵਿਚ ਨਹੀਂ ਮਿਲਦੇ। ਜਬਾੜ੍ਹੇ ਦੇ ਦੋਵੇਂ ਹਿੱਸੇ ਇਕ ਦੂਜੇ ਦੇ ਸੰਗਮ (symphasis) ਉੱਤੇ ਜੁੜੇ ਨਹੀਂ ਹੁੰਦੇ, ਸਿਰਫ ਲਚਕੀਲੇ ਲਿਗਾਮੈਂਟਾਂ ਨਾਲ ਬੰਨ੍ਹੇ ਹੁੰਦੇ ਹਨ। ਪੈਰਾਈਟਲ ਇਕ ਹੱਡੀ ਹੁੰਦੀ ਹੈ ਜਿਸ ਦੇ ਸੱਜੇ ਅਤੇ ਖੱਬੇ ਪ੍ਰਾਸੈੱਸ ਖੋਪਰੀ ਦੇ ਤਲ ਉੱਤੇ ਇਕ ਦੂਜੇ ਨਾਲ ਜੁੜੇ ਹੁੰਦੇ ਹਨ।

        ਹੇਠਲੇ ਜਬਾੜ੍ਹੇ ਵਿਚ ਛੇ ਹੱਡੀਆਂ ਹੁੰਦੀਆਂ ਹਨ ਪਰ ਕਾੱਰੋਨਾੱਇਡ (coronoid) ਕਦੀ ਕਦੀ ਨਹੀਂ ਹੁੰਦੀ। ਬਹੁਤੇ ਜ਼ਹਿਰੀਲੇ ਸੱਪਾਂ ਵਿਚ ਮੈਕਸਿਲੀ, ਪੈਲੇਟਾਈਨਜ, ਟੈਰੀਗਾੱਇਡਜ਼ ਅਤੇ ਡੈਂਟਰੀਜ਼ ਉੱਤੇ ਦੰਦ ਹੁੰਦੇ ਹਨ। ਕੁਆਡ੍ਰੇਟ ਹੱਡੀ ਸਕੁਐਮੋਸਲ ਨਾਲ ਜੁੜੀ ਹੁੰਦੀ ਹੈ। ਇਹ ਸਿੱਧੀ ਖੋਪਰੀ ਨਾਲ ਜੁੜੀ ਹੋਈ ਨਹੀਂ ਹੁੰਦੀ। ਜ਼ੈੱਨੋਪੈਲਟਸ (Xenopeltis) ਅਤੇ ਅਜਗਰ ਵਿਚ ਵੀ ਸਕੁਐਮੋਸਲ ਖੋਪਰੀ ਦੇ ਪਾਸਿਆਂ ਵਿਚ ਲਗੀ ਹੁੰਦੀ ਹੈ ਅਤੇ ਕੁਆਡ੍ਰੇਟ ਸਿੱਧੀ ਖੋਪਰੀ ਨਾਲ ਲਗੀ ਜਾਪਦੀ ਹੈ ਪਰ ਹੋਰ ਕਿਸਮ ਦੇ ਸੱਪਾਂ ਵਿਚ ਇੰਜ ਨਹੀਂ ਹੁੰਦਾ। ਵਾਈਪੈਰਡੀ (Viperidae) ਵਿਚ ਮੈਕਸਿਲੀ ਛੋਟੇ ਹੁੰਦੇ ਹਨ ਅਤੇ ਪ੍ਰੀਫਰੰਟਲ ਨਾਲ ਗਤੀਸ਼ੀਲ ਢੰਗ ਨਾਲ ਜੁੜੇ ਹੁੰਦੇ ਹਨ। ਦੋਹਾਂ ਮੈਕਸਿਲੀ ਵਿਚ ਜ਼ਹਿਰ ਦਾ ਇਕ ਇਕ ਦੰਦ ਹੁੰਦਾ ਹੈ। ਮੂੰਹ ਦੇ ਬੰਦ ਹੋਣ ਸਮੇਂ ਜ਼ਹਿਰ ਦੰਦ ਪਿੱਛੇ ਵੱਲ ਮੁੜੇ ਰਹਿੰਦੇ ਹਨ ਅਤੇ ਮੂੰਹ ਦੇ ਉਤਲੇ ਪਾਸੇ ਲਗੇ ਰਹਿੰਦੇ ਹਨ। ਸੱਪਾਂ ਦੀਆਂ ਬਾਂਹ ਅਤੇ ਮੋਢੇ ਦੀਆਂ ਹੱਡੀਆਂ ਨਹੀਂ ਹੁੰਦੀਆਂ ਅਤੇ ਬਹੁਤਿਆਂ ਦੀਆਂ ਪੈਰ ਅਤੇ ਚੂਲੇ ਦੀਆਂ ਹੱਡੀਆਂ ਵੀ ਨਹੀਂ ਹੁੰਦੀਆਂ ਪਰ ਬੋਅਡੀ (Boidea), ਟਿਫਲਾਪਡੀ (Typhlopidae) ਅਤੇ ਜ਼ੈੱਨੋਪੈਲਟਡੀ (Xenopeltidae) ਵਿਚ ਚੂਲੇ ਅਤੇ ਪੈਰਾਂ ਦੇ ਚਿੰਨ੍ਹ ਮਿਲਦੇ ਹਨ।

        ਸੱਪਾਂ ਦਾ ਸਰੀਰ ਸਕੇਲਾਂ (ਚਾਣਿਆਂ) ਨਾਲ ਢੱਕਿਆ ਹੁੰਦਾ ਹੈ। ਸਕੇਲਾਂ ਉੱਪਰ ਚਮੜੀ ਦੀ ਪਤਲੀ ਤਹਿ ਰਹਿੰਦੀ ਹੈ ਜਿਸ ਨੂੰ ਨਿਯਮਤ ਉਤਾਰਿਆ ਜਾਂਦਾ ਹੈ। ਇਸ ਨੂੰ ਸੱਪ ਦੀ ਕੁੰਜ ਕਹਿੰਦੇ ਹਨ। ਇਕ ਪਰੀਖਣ ਸਮੇਂ ਰਸਲਜ਼ ਵਾਈਪਰ ਵਿਚ ਇਹ 2,7 ਅਤੇ 21 ਦਿਨਾਂ ਦੇ ਕ੍ਰਮ ਵਿਚ ਉਤਾਰੀ ਗਈ। ਸਿਰ ਦੇ ਸਕੇਲਾਂ ਨੂੰ ਸ਼ੀਲਡ ਕਹਿੰਦੇ ਹਨ। ਸੱਪਾਂ ਦੀ ਸ਼ੀਲਡਾਂ ਦੇ ਆਕਾਰ ਅਤੇ ਕ੍ਰਮ ਦੇ ਆਧਾਰ ਤੇ ਸ਼੍ਰੇਣੀ ਵੰਡ ਕੀਤੀ ਜਾ ਸਕਦੀ ਹੈ ਰੈਟਲ ਸਨੇਕ ਜਾਂ ਟਟੀਰੀ ਸੱਪਾਂ ਦੀ ਉਤਾਰੀ ਹੋਈ ਕੁੰਜ ਦੇ ਸੁੱਕੇ ਟੁਕੜਿਆਂ ਤੋਂ ਬਣਿਆ ਛੁਣਛੁਣਾ ਵੀ ਇਕ ਅਜੀਬ ਵਿਉਂਤ ਹੈ ਜਿਸ ਦੀ ਖੜਕਾਰ ਨਾਲ ਹੋਰ ਸੱਪਾਂ ਨੂੰ ਚਿਤਾਵਨੀ ਹੋ ਜਾਂਦੀ ਹੈ ਕਿ ਆਸ ਪਾਸ ਕੋਈ ਅਤਿ ਭਿਆਨਕ ਅਤੇ ਭਾਰੇ ਸਰੀਰ ਵਾਲੇ ਜੀਵ ਹਨ।

        ਸੱਪ ਦੀ ਸੁਣਨ ਸ਼ਕਤੀ ਬਹੁਤ ਤੇਜ਼ੀ ਹੁੰਦੀ ਹੈ ਪਰ ਇਸ ਦੀਆਂ ਕੰਨ-ਮੋਰੀਆਂ ਨਹੀਂ ਹੁੰਦੀਆਂ। ਸੱਪ ਜਿਸ ਚੀਜ਼ ਤੇ ਬੈਠਾ ਹੁੰਦਾ ਹੈ ਉਸ ਵਿਚ ਆਵਾਜ਼ ਤੋਂ ਪੈਦਾ ਹੋਈ ਕੰਪਨਾਂ ਤੋਂ ਹੀ ਇਸ ਨੂੰ ਆਵਾਜ਼ ਦਾ ਗਿਆਨ ਹੁੰਦਾ ਹੈ। ਗੰਧ ਨੂੰ ਪਛਾਣਨ ਲਈ ਮੂੰਹ ਦੇ ਅਗਲੇ ਪਾਸੇ ਡੂੰਘੇ ਜਿਹੇ ਵੋਮਰੋਨੇਜ਼ਲ (vomeronasal) ਅੰਗਾਂ ਦਾ ਇਕ ਜੋੜਾ ਹੁੰਦਾ ਹੈ। ਹਵਾ ਵਿਚ ਲਿਹਰਾਉਂਦੀ ਸੱਪ ਦੀ ਦੁਸਾਂਗੀ ਜੀਭ ਸੁੰਘਣ ਵਿਚ ਸਹਾਇਤਾ ਕਰਦੀ ਹੈ ਕਿਉਂਕਿ ਇਹ ਬਾਹਰਲੀ ਹਵਾ ਵਿਚੋਂ ਬੂ ਦੇ ਕਣਾਂ ਨੂੰ ਇਕੱਠਿਆਂ ਕਰ ਕੇ ਵੋਮਰੋਨੇਜ਼ਲ ਅੰਗਾਂ ਤਕ ਲੈ ਜਾਂਦੀ ਹੈ।

        ਸੱਪ ਸ਼ਿਕਾਰਖ਼ੋਰ ਪ੍ਰਾਣੀ ਹਨ। ਨਿੱਕੇ ਨਿੱਕੇ ਸੱਪ ਤਾਂ ਕੇਵਲ ਕਿਰਮ ਅਤੇ ਕੀੜੇ-ਮਕੌੜੇ ਹੀ ਖਾਂਦੇ ਹਨ ਪਰ ਵੱਡੇ ਸੱਪ ਸੂਰ, ਹਿਰਨ ਅਤੇ ਕਦੀ ਕਦਾਈਂ ਮਨੁੱਖਾਂ ਨੂੰ ਵੀ ਹੜੱਪ ਕਰ ਜਾਂਦੇ ਹਨ। ਜ਼ਹਿਰੀਲੇ ਸੱਪ ਜਲ-ਥਲੀ ਜੀਵਾਂ ਦੀ ਬਜਾਏ ਥਣਧਾਰੀਆਂ ਨੂੰ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਜ਼ਹਿਰੀਲੇ ਸੱਪਾਂ ਦੀਆ ਉਪਰਲੀਆਂ ਲੁਆਬ ਗਲੈਂਡਾਂ ਵਿਚੋਂ ਦੋਹਾਂ ਪਾਸਿਆਂ ਦੀਆਂ ਆਖਰੀ ਗਲੈਂਡਾਂ ਜ਼ਹਿਰ ਦੀਆਂ ਗਲੈਂਡਾਂ ਬਣ ਜਾਂਦੀਆਂ ਹਨ। ਵਾਈਪੈਰਡੀ ਦੀ ਜ਼ਹਿਰ ਦੀ ਗਲੈਂਡ ਦੀ ਨਾਲੀ ਵਿਹੁ-ਦੰਦ ਦੀ ਜੜ੍ਹ ਵਿਚ ਅਤੇ ਹੋਰ ਜ਼ਹਿਰੀਲੇ ਸੱਪਾਂ ਦੇ ਮੂੰਹ ਵਿਚ ਖੁਲ੍ਹਦੀ ਹੈ। ਸੱਪਾਂ ਦੇ ਤਾਲੂ (palate) ਦੇ ਦੋਹਾਂ ਜਬਾੜ੍ਹਿਆਂ ਵਿਚ ਨਿੱਕੇ ਨਿੱਕੇ, ਨੋਕੀਲੇ ਤੇ ਮੁੜੇ ਹੋਏ ਦੰਦ ਹੁੰਦੇ ਹਨ ਜੋ ਸ਼ਿਕਾਰ ਨੂੰ ਜਕੜੀ ਰੱਖਦੇ ਹਨ। ਜੇ ਕੋਈ ਦੰਦ ਟੁੱਟ ਜਾਵੇ ਤਾਂ ਛੇਤੀ ਹੀ ਹੇਠੋਂ ਹੋਰ ਨਵਾਂ ਦੰਦ ਨਿਕਲ ਆਉਂਦਾ ਹੈ। ਜ਼ਹਿਰੀਲੇ ਸੱਪਾਂ ਦੇ ਮੈਕਸਿਲਾ ਦੇ ਮਾਰਜਨਲ ਦੰਦ ਨਹੀਂ ਹੁੰਦੇ ਸਗੋਂ ਇਨ੍ਹਾਂ ਦੀ ਜਗ੍ਹਾ ਸੂਈ ਵਾਂਗ ਤਿੱਖੇ ਅਤੇ ਚਲ ਦੰਦ ਹੁੰਦੇ ਹਨ। ਰਸਲਜ਼ ਵਾਈਪਰ ਵਿਚ ਇਹ 1 ਸੈਂ. ਮੀ. ਅਤੇ ਨਾਗ (cobra) ਵਿਚ 1/2 ਸੈਂ. ਮੀ. ਲੰਬੇ ਹੁੰਦੇ ਹਨ। ਇਨ੍ਹਾਂ ਦੇ ਆਧਾਰ ਤੇ ਵਿਹੁ ਗਲੈਂਡ ਦੀ ਨਾਲੀ ਖੁਲ੍ਹਦੀ ਹੈ। ਜੀਭ ਲੰਬੀ ਅਤੇ ਪਤਲੀ ਹੁੰਦੀ ਹੈ ਅਤੇ ਅਗੋਂ ਦੋ ਹਿੱਸਿਆਂ ਵਿਚ ਵੰਡੀ ਹੁੰਦੀ ਹੈ ਜਿਸ ਵਿਚ ਗਿਆਨ ਇੰਦਰੀਆਂ ਵਧੇਰੇ ਹੁੰਦੀਆਂ ਹਨ ਅਤੇ ਸਪਰਸ਼ ਦਾ ਕੰਮ ਦਿੰਦੀ ਹੈ। ਮਲ ਚੈਂਬਰ (cloaca) ਵਿਚ ਮਸਾਨਾ ਨਹੀਂ ਹੁੰਦਾ। ਇਹ ਧੜ ਅਤੇ ਪੂਛ ਦੇ ਜੋੜ ਤੇ ਹੁੰਦਾ ਹੈ। ਖੱਬਾ ਫੇਫੜਾ ਸੱਜੇ ਨਾਲੋਂ ਛੋਟਾ ਹੁੰਦਾ ਹੈ। ਸੱਪ ਦੀ ਪੂਛ ਵਿਚ ਕੋਈ ਜ਼ਹਿਰ ਨਹੀਂ ਹੁੰਦੀ ਅਤੇ ਨਾ ਹੀ ਉਸ ਦੀ ਜੀਭ ਦੇ ਛੁਹਣ ਨਾਲ ਕੋਈ ਜ਼ਹਿਰੀਲਾ ਅਸਰ ਹੋ ਸਕਦਾ ਹੈ। ਕਿਸੇ ਕਿਸਮ ਦਾ ਕੋਈ ਸੱਪ ਵੀ ਹਵਾ ਵਿਚ ਜ਼ਹਿਰ ਨਹੀਂ ਸੁੱਟ ਸਕਦਾ ਪਰ ਅਫ਼ਰੀਕਾ ਦੇ ਕੁਝ ‘ਸਪਿਟਿੰਗ ਕੋਬਰੇ’ (spitting cobras) ਆਪਣੇ ਵਿਹੁ-ਦੰਦਾਂ ਵਿਚੋਂ ਜ਼ਹਿਰ ਨੂੰ ਜ਼ੋਰ ਨਾਲ ਸੁੱਟ ਕੇ ਤਕਰੀਬਨ 2.5 ਤੋਂ 3 ਮੀ. ਦੂਰ ਤਕ ਦੁਸ਼ਮਣ ਦੀਆਂ ਅੱਖਾਂ ਵਿਚ ਪਿਚਕਾਰੀ ਜਿਹੀ ਮਾਰ ਸਕਦੇ ਹਨ। ਅਜਗਰ ਆਪਣੇ ਸ਼ਿਕਾਰ ਨੂੰ ਸਰੀਰ ਦੀ ਲਪੇਟ ਵਿਚ ਦਬਾ ਕੇ ਮਾਰ ਦਿੰਦਾ ਹੈ ਅਤੇ ਫਿਰ ਉਸ ਨੂੰ ਨਿਗਲ ਜਾਂਦਾ ਹੈ। ਕੁਝ ਜ਼ਹਿਰੀਲੇ ਸੱਪ ਸ਼ਿਕਾਰ ਨੂੰ ਜ਼ਹਿਰ ਨਾਲ ਮਾਰ ਕੇ ਮਗਰੋਂ ਨਿਗਲਦੇ ਹਨ ਪਰ ਬਹੁਤੇ ਸੱਪ ਤਾਂ ਸ਼ਿਕਾਰ ਨੂੰ ਜਿਉਂਦਾ ਹੀ ਨਿਗਲ ਜਾਂਦੇ ਹਨ।

        ਨਾਗ ਅਤੇ ਰਾਜ ਸੱਪ ਜਾਂ ਬੰਗਾਰਸ ਫੈਸੀਏਟਸ (Bungarus fasciatus) ਹੋਰ ਸੱਪਾਂ ਨੂੰ ਵੀ ਖਾ ਜਾਂਦੇ ਹਨ। ਇਕ ਵਾਰ ਸ਼ਿਕਾਰ ਖਾਣ ਮਗਰੋਂ ਇਸ ਨੂੰ ਕਈ ਦਿਨਾਂ ਤਕ ਭੋਜਨ ਦੀ ਜ਼ਰੂਰਤ ਨਹੀਂ ਪੈਂਦੀ। ਕੋਈ ਵੀ ਸੱਪ ਸਿਰਫ ਦੁੱਧ ਤੇ ਗੁਜ਼ਾਰਾ ਨਹੀਂ ਕਰ ਸਕਦਾ। ਸੱਪ ਬੰਦੀ ਹਾਲਤ ਵਿਚ 6 ਤੋਂ 8 ਮਹੀਨੇ ਤਕ ਭੋਜਨ ਨਾਲ ਖਾਂਦੇ ਦੇਖੇ ਗਏ ਹਨ। ਸੱਪਾਂ ਦੀਆਂ ਅੱਖਾਂ ਉੱਤੇ ਛੱਪਰ ਨਹੀਂ ਹੁੰਦੇ ਸਗੋਂ ਸੁਰੱਖਿਆ ਲਈ ਪਾਰਦਰਸ਼ੀ ਸਕੇਲ (scale) ਹੁੰਦੇ ਹਨ।

        ਪਿਟ ਵਾਈਪਰ ਸੱਪ ਜਿਨ੍ਹਾਂ ਵਿਚ ਰੈਟਲ ਸਨੇਕ, ਕਾੱਪਰ ਹੈਡਜ਼, ਫਰਡਲਾਂਸ, ਬੁਸ਼ਮਾਸਟਰ ਆਦਿ ਸੱਪ ਸ਼ਾਮਿਲ ਹਨ, ਦੇ ਸਿਰ ਦੇ ਦੋਹਾਂ ਪਾਸਿਆਂ ਉੱਤੇ ਅੱਖਾਂ ਅਤੇ ਨਾਸਾਂ ਦੇ ਵਿਚਕਾਰ ਤਾਪ-ਸੂਚਕ ਟੋਏ ਜਿਹੇ ਹੁੰਦੇ ਹਨ।

        ਵਧੇਰੇ ਕਰ ਕੇ ਸੱਪ ਅੰਡੇ ਦਿੰਦੇ ਹਨ ਪਰ ਅਕਸਰ ਉਹ ਅੰਡਿਆਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਕੇਵਲ ਇਕ ਜਾਂ ਦੋ ਜਾਤੀਆਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਅੰਡਿਆਂ ਨੂੰ ਸੇਂਦੀਆਂ ਹਨ। ਕਈ ਅਜਿਹੀਆਂ ਜਾਤੀਆਂ ਵੀ ਹਨ ਜੋ ਆਪਣੇ ਅੰਡਿਆਂ ਨੂੰ ਬੱਚੇ ਨਿਕਲਣ ਤਕ ਬੱਚੇਦਾਨੀ ਵਿਚ ਹੀ ਰਖਦੀਆਂ ਹਨ। ਇਸ ਤਰ੍ਹਾਂ ਸਾਧਾਰਨ ਤੌਰ ਤੇ ਇਹ ਭੁਲੇਖਾ ਪੈ ਜਾਂਦਾ ਹੈ ਕਿ ਇਹ ਸੱਪ ਥਣਧਾਰੀ ਜੀਵਾਂ ਵਾਂਗ ਬੱਚਿਆਂ ਨੂੰ ਜਨਮ ਦਿੰਦੇ ਹਨ।

        ਕੁਝ ਸੱਪ ਤਾਂ ਬਹੁਤ ਹੀ ਖ਼ਤਰਨਾਕ ਹੁੰਦੇ ਹਨ। ਕੁਝ ਕੁ ਵਿਚ ਜ਼ਹਿਰ ਨਾਂ-ਮਾਤਰ ਹੀ ਹੁੰਦਾ ਹੈ। ਵਿਗਿਆਨੀਆਂ ਨੇ ਪੂਰੀ ਛਾਣਬੀਣ ਕਰ ਕੇ ਜ਼ਹਿਰੀਲੇ ਅਤੇ ਵਿਹੁ-ਹੀਨ ਸੱਪਾਂ ਵਿਚਲੇ ਫ਼ਰਕ ਦੀਆਂ ਨਿਸ਼ਾਨੀਆਂ ਦੇ ਚਾਰਟ ਬਣਾਏ ਹੋਏ ਹਨ।

        ਸੱਪਾਂ ਦਾ ਸਰੀਰਕ ਤਾਪਮਾਨ ਆਲੇ ਦੁਆਲੇ ਦੇ ਤਾਪਮਾਨ ਦੇ ਨੇੜੇ ਤੇੜੇ ਹੀ ਰਹਿੰਦਾ ਹੈ ਜੋ ਆਲੇ ਦੁਆਲੇ ਤਾਪਮਾਨ ਅਨੁਸਾਰ ਘਟਦਾ ਜਾਂ ਵਧਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਸੱਪ ਬਹੁਤੀ ਸਰਦੀ ਵਿਚ ਚੁਸਤ ਅਤੇ ਫੁਰਤੀਲੇ ਨਹੀਂ ਰਹਿ ਸਕਦੇ ਅਤੇ ਆਮ ਤੌਰ ਤੇ ਖੁੱਡਾਂ ਵਿਚ ਵੜੇ ਰਹਿੰਦੇ ਹਨ। ਬਹੁਤੀ ਗਰਮੀ ਵੀ ਇਨ੍ਹਾਂ ਨੂੰ ਮਾਫ਼ਕ ਨਹੀਂ ਹੁੰਦੀ ਅਤੇ ਇਸੇ ਲਈ ਇਹ ਜੀਵ ਵਧੇਰੇ ਕਰ ਕੇ ਰਾਤ ਨੂੰ ਨਿਕਲਦੇ ਹਨ।

        ਸੱਪ ਦਾ ਜ਼ਹਿਰ ਆਮ ਤੌਰ ਤੇ ਪ੍ਰੋਟੀਨਾਂ, ਸੈੱਲਾਂ ਦੀ ਰਹਿੰਦ ਖੂੰਦ (cellular debris), ਥਿੰਧਿਆਂ, ਕੈਲਸ਼ੀਅਮ ਕਲੋਰਾਈਡ ਤੇ ਫ਼ਾੱਸਫ਼ੇਟ ਅਤੇ ਅਮੋਨੀਅਮ ਤੇ ਮੈਗਨੀਸ਼ੀਅਮ ਆਦਿ ਦੇ ਲੂਣਾਂ ਦਾ ਮਿਸ਼ਰਨ ਹੁੰਦਾ ਹੈ। ਸੱਪਾਂ ਦੇ ਜ਼ਹਿਰ ਵਿਚ ਦੋ ਕਿਸਮਾਂ ਦੇ ਤੱਤ ਹੁੰਦੇ ਹਨ : ਹੀਮੋਟਾੱਕਸੀਨ (haemotoxin) ਅਤੇ ਨਿਊਰੋਟਾੱਕਸੀਨ (neurotoxin) । ਹੀਮੋਟਾੱਕਸੀਨ ਦੀ ਕ੍ਰਿਆ ਨਾਲ ਖ਼ੂਨ ਲਹੂ-ਵਹਿਣੀਆਂ ਵਿਚੋਂ ਵਹਿ ਤੁਰਦਾ ਹੈ। ਇਸ ਨਾਲ ਡੱਸੀ ਹੋਈ ਥਾਂ ਕਾਫ਼ੀ ਸੁੱਜ ਜਾਂਦੀ ਹੈ ਅਤੇ ਨਰਮ ਅੰਗ ਜਾਂ ਤਾਂ ਰੰਗ ਵਿਚ ਫਿੱਕੇ ਪੈ ਜਾਂਦੇ ਹਨ ਜਾਂ ਉਨ੍ਹਾਂ ਤੇ ਦਾਗ (ਚਟਾਖ਼) ਜਿਹੇ ਪੈ ਜਾਂਦੇ ਹਨ। ਨਿਊਰੋਟਾੱਕਸੀਨ ਸਿੱਧੇ ਨਾੜੀ ਕੇਂਦਰਾਂ ਤੇ ਹੀ ਹੱਲਾ ਬੋਲਦੀ ਹੈ ਜਿਸ ਨਾਲ ਅਧਰੰਗ ਹੋ ਜਾਂਦਾ ਹੈ।

        ਇਨ੍ਹਾਂ ਜ਼ਹਿਰਾਂ ਤੋਂ ਛੁੱਟ ਕੁਝ ਹੋਰ ਵਿਹੁਲੇ ਮਾਦੇ ਵੀ ਹੁੰਦੇ ਹਨ ਜਿਵੇਂ ਕਿ (1) ਐਂਟੀਕੋਐਗੁਲੇਸ਼ਨ (anticoagulation factor) ਜਿਸ ਦੇ ਅਸਰ ਨਾਲ ਲਹੂ ਦੀ ਜੰਮ ਜਾਣ ਦੀ ਸ਼ਕਤੀ ਬੰਦ ਹੋ ਜ਼ਾਦੀ ਹੈ ਅਤੇ ਨਾੜੀ ਫਟ ਜਾਣ ਦੀ ਸੰਭਾਵਨਾ ਹੋ ਸਕਦੀ ਹੈ; (2) ਹੀਮੋਲਾਈਸਿਨ (haemolysin) ਜੋ ਲਾਲ ਰਕਤਾਣੂਆਂ ਨੂੰ ਘੋਲ ਦਿੰਦੀ ਹੈ; (3) ਅਗਲੂਟੀਨੀਨ (agglutinin) ਜੋ ਲਾਲ ਅਤੇ ਚਿੱਟੇ ਦੋਹਾਂ ਤਰ੍ਹਾਂ ਦੇ ਰਕਤਾਣੂਆਂ ਵਿਚ ਚਿਪਚਿਪਾਹਟ ਜਾਂ ਲੇਸ ਪੈਦਾ ਕਰਦੀ ਹੈ। ਇਨ੍ਹਾਂ ਮੁੱਖ ਵਿਹੁਲੇ ਪਦਾਰਥਾਂ ਤੋਂ ਇਲਾਵਾ ਸੱਪ ਦੇ ਜ਼ਹਿਰ ਵਿਚ ਕੁਝ ਹੋਰ ਵੀ ਜ਼ਹਿਰੀਲੇ ਮਾਦੇ ਹੁੰਦੇ ਹਨ ਜਿਨ੍ਹਾਂ ਬਾਰੇ  ਹਾਲੀ ਪੂਰੀ ਜਾਣਕਾਰੀ ਨਹੀਂ ਹੋਈੇ।

        ਸੱਪ ਜਦੋਂ ਡੱਸਦਾ ਹੈ ਤਾਂ ਆਪਣੇ ਵਿਹੁ-ਦੰਦਾਂ ਰਾਹੀਂ ਜ਼ਹਿਰ ਦਾਖ਼ਲ ਕਰਦਾ ਹੈ। ਪਿਛਲੇ ਵਿਹੁ-ਦੰਦਾਂ ਵਾਲੇ ਸੱਪ ਜੋ ਓਪਿਸਥੋਗਲਿਫ਼ਸ (Opisthoglyphs) ਅਖਵਾਉਂਦੇ ਹਨ, ਘਟ ਜ਼ਹਿਰੀਲੇ ਹੁੰਦੇ ਹਨ ਪਰ ਬਹੁਤ ਸਾਰੇ ਅਗਲੇ ਵਿਹੁ-ਦੰਦਾਂ ਵਾਲੇ ਸੱਪ ਬਹੁਤ ਜ਼ਹਿਰੀਲੇ ਹੁੰਦੇ ਹਨ। ਦੂਜੀ ਸ਼੍ਰੇਣੀ, ਭਾਵ ਅਗਲੇ ਵਿਹੁ-ਦੰਦਾਂ ਵਾਲੇ ਜਾਂ ਪ੍ਰੋਟੈਰੋਗਲਿਫ਼ਸ (Proteroglyphs) ਅਤੇ ਅਸਥਿਰ ਵਿਹੁ-ਦੰਦਾਂ ਵਾਲੇ ਜਾਂ ਸੋਲੈਨੋਗਲਿਫ਼ਸ (Solenoglyphs)।

        ਸੋਹੈਨੋਲਿਫ਼ਸ ਸੱਪਾਂ ਦੇ ਵਿਹੁ-ਦੰਦ ਮੂੰਹ ਬੰਦ ਕਰਨ ਵੇਲੇ ਪਿੱਛੇ ਵੱਲ ਨੂੰ ਮੁੜ ਜਾਂਦੇ ਹਨ। ਵਾਈਪਰ ਸੱਪ, ਟਟੀਰੀ ਸੱਪ ਅਤੇ ਮੋਕਾਸਿਨਜ਼ (Moccasions) ਕਿਸਮ ਦੇ ਸੱਪ ਇਸ ਦੂਜੀ ਸ਼੍ਰੇਣੀ ਵਿਚ ਆਉਂਦੇ ਹਨ। ਇਨ੍ਹਾਂ ਦਾ ਜ਼ਹਿਰ ਲਹੂ ਉੱਤੇ ਅਸਰ ਕਰਦਾ ਹੈ ਅਤੇ ਥਾਂ ਸੁੱਜ ਜਾਂਦੀ ਹੈ। ਡੱਸੇ ਹੋਏ ਅੰਗ ਵਿਚ ਜ਼ੋਰ ਦੀ ਪੀੜ ਹੁੰਦੀ ਹੈ ਪਰ ਇਸ ਦੇ ਉਲਟ ਫ਼ਨੀਅਰ ਜਾਂ ਕੋਬਰੇ ਸੱਪ, ਕਰੇਟ ਸੱਪ, ਮਾਂਬਾ ਸੱਪ ਅਤੇ ਏਸ਼ੀਆ, ਅਫ਼ਰੀਕਾ ਤੇ ਆਸਟ੍ਰੇਲੀਆ ਦੀਆਂ ਹੋਰ ਅਨੇਕਾਂ ਕਿਸਮਾਂ ਦੇ ਸੱਪ ਅਤੇ ਨਿਊ ਵਰਲਡ ਦੇ ਮੂੰਗਾ ਜਾਂ ਕੋਰਲ ਸੱਪ ਪਹਿਲੀ ਵੰਨਗੀ ਦੇ ਸੱਪ ਹੁੰਦੇ ਹਨ। ਇਨ੍ਹਾਂ ਦਾ ਜ਼ਹਿਰ ਆਮ ਤੌਰ ਤੇ ਸ਼ੁਰੂ ਵਿਚ ਨਾੜੀ ਸਿਸਟਮ ਤੇ ਹੀ ਅਸਰ ਕਰਦਾ ਹੈ।

        ਸੱਪ ਦੇ ਡੱਸ ਜਾਣ ਤੇ ਜ਼ਹਿਰ ਲਹੂ-ਗੇੜ ਵਿਚ ਦਾਖਲ ਹੋਣ ਤੋਂ ਰੋਕਣ ਲਈ ਤੁਰੰਤ ਹੀ ਟੁਰਨੀਕੈਟ (tourniquet) ਵਰਤਿਆ ਜਾਵੇ ਜਾਂ ਉਂਜ ਹੀ ਜ਼ਖ਼ਮਾਂ ਦੇ ਆਲੇ ਦੁਆਲੇ ਘੁੱਟ ਕੇ ਪੱਟੀਆਂ ਬੰਨ੍ਹ ਦਿੱਤੀਆਂ ਜਾਣ। ਉਸ ਤੋਂ ਬਾਅਦ ਡੰਗ ਨਾਲ ਪੈਦਾ ਹੋਏ ਜ਼ਖ਼ਮਾਂ ਦੇ ਆਸ ਪਾਸ ਡੂੰਘੇ ਪੱਛ ਕਰ ਦੇਣੇ ਚਾਹੀਦੇ ਹਨ ਜਿਸ ਨਾਲ ਜ਼ਹਿਰੀਲਾ ਲਹੂ ਛੇਤੀ ਬਾਹਰ ਨਿਕਲ ਜਾਵੇ ਪਰ ਇਸ ਕਿਰਿਆ ਦੇ ਨਾਲ ਨਵਾਂ ਖ਼ੂਨ ਦਾਖ਼ਲ ਕਰਨਾ ਜ਼ਰੂਰੀ ਅਮਲ ਹੈ। ਇਸ ਤੋਂ ਬਾਅਦ ਜ਼ਹਿਰ-ਮਾਰੂ ਸੀਰਮ (antivenom serum) ਦੇ ਟੀਕੇ ਲਵਾਉਣੇ ਜ਼ਰੂਰੀ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-08-03-39-00, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 4 : 26,27

ਸੱਪ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਪ, (ਸੰਸਕ੍ਰਿਤ : ਸਰਪ) / ਪੁਲਿੰਗ : ਇੱਕ ਲੰਮਾ ਪਤਲਾ ਤੇ ਘਸਰ ਕੇ ਚਲਣ ਵਾਲਾ ਜਾਨਵ਼ਰ ਜਿਸ ਦੀਆਂ ਲੱਤਾਂ ਨਹੀਂ ਹੁੰਦੀਆਂ ਤੇ ਪੇਟ ਦੀਆਂ ਹੱਡੀਆਂ ਦੇ ਜ਼ੋਰ ਚਲਦਾ ਹੈ ਤੇ ਬੜਾ ਤੇਜ਼ ਜਾਂਦਾ ਹੈ, ਕੀੜਾ

–ਸੰਗਚੂੜੀਆ ਸੱਪ, ਪੁਲਿੰਗ : ੧. ਸੱਪ ਦੀ ਇੱਕ ਕਿਸਮ ਜੋ ਜਲੇਬੀ ਵਾਂਗੂ ਕੁੰਡਲ ਬਣਾਈ ਬੈਠਾ ਬੈਠਾ ਚਲਦਾ ਹੈ, ਖੜੱਪ; ੨. ਖਤਰਨਾਕ ਆਦਮੀ ਜਿਸ ਦੀ ਮੁਖਾਲਫਾਨਾ ਕਾਰਵਾਈ ਅਚੂਕ ਹੋਵੇ

–ਸੱਪ ਸਲੂੰਟਾ, ਸੱਪ ਸਲੂੰਡੀ, ਸੱਪ ਸਲੂਟੀ, ਪੁਲਿੰਗ / ਇਸਤਰੀ ਲਿੰਗ : ਸੱਪ ਆਦਿ ਡੰਗ ਮਾਰਨ ਵਾਲੇ ਅਤੇ ਜ਼ਹਿਰੀਲੇ ਜਾਨਵਰ

–ਸੱਪ ਸੀਹਣ, ਸੱਪ ਸੀਹਣੀ, ਇਸਤਰੀ ਲਿੰਗ : ੧. ਇੱਕ ਤਰ੍ਹਾਂ ਦੀ ਕੋੜ੍ਹ ਕਿਰਲੀ, ੨. ਬੁਰਾ ਚਿਤਵਨ ਵਾਲੀ ਇਸਤਰੀ

–ਸੱਪ ਸੁੰਘ ਜਾਣਾ, ਮੁਹਾਵਰਾ : ਸੱਪ ਦਾ ਲੜਨਾ ਜਾਂ ਡਸਣਾ, ਚੁੱਪ ਕਰ ਜਾਣਾ, ਉੱਕਾ ਨਾ ਬੋਲਣਾ, ਦੜ ਵੱਟ ਜਾਣਾ

–ਸੱਪਕੁੰਜ, ਇਸਤਰੀ ਲਿੰਗ : ਸੱਪ ਦੇ ਸਰੀਰ ਤੋਂ ਉਤਰਨ ਵਾਲੀ ਪਤਲੀ ਤੇ ਮੁਲਾਇਮ ਕਾਗਜ਼ ਜੇਹੀ ਖਲੜੀ ਜੋ ਉਸ ਦੇ ਪੂਰੇ ਆਕਾਰ ਦੀ ਹੁੰਦੀ ਹੈ

–ਸੱਪ ਤੇ ਚੋਰ ਦੀ ਦਹਿਸ਼ਤ ਬੁਰੀ, ਅਖੌਤ : ਲੋਕ ਸੱਪ ਤੇ ਚੋਰ ਦੇ ਨਾਂ ਤੋਂ ਡਰਦੇ ਹਨ

–ਸੱਪ ਦਾ ਕੱਟਿਆ ਰੱਸੀ ਤੋਂ ਡਰਦਾ ਹੈ, ਅਖੌਤ : ਜਿਸ ਨੇ ਇਕ ਵਾਰ ਤਕਲੀਫ਼ ਪਾਈ ਹੋਵੇ ਉਹ ਉਸ ਸਬੰਧੀ ਬਹੁਤ ਵਹਿਮੀ ਹੋ ਜਾਂਦਾ ਹੈ, ਦੁੱਧ ਦਾ ਦੁੱਧਾ ਲੱਸੀ ਨੂੰ ਵੀ ਫੂਕਾਂ ਮਾਰਦਾ ਹੈ

–ਸੱਪ ਦਾ ਬੱਚਾ ਸਪੋਲੀਆ, ਅਖੌਤ : ਬੁਰੇ ਦਾ ਬੁਰਾ, ਮੂਜੀ ਦਾ ਪੁੱਤਰ ਮੂਜੀ

–ਸੱਪ ਦੀ ਪੂਛ, ਇਸਤਰੀ ਲਿੰਗ : ਕੌੜੇ ਸੁਭਾ ਦਾ ਬੰਦਾ

–ਸੱਪ ਦੇ ਸਿਰੋਂ ਮਣੀ ਲਾਹੁਣਾ, ਮੁਹਾਵਰਾ : ਖਤਰੇ ਵਾਲੇ ਥਾਂ ਤੋਂ ਵੀ ਚੀਜ਼ ਹਾਸਲ ਕਰ ਲੈਣਾ, ਔਖੇ ਤੋਂ ਔਖਾ ਕੰਮ ਕਰਨ ਲਈ ਤਿਆਰ ਹੋਣਾ

–ਸੱਪ ਦੇ ਮੂੰਹ ਕੋੜ੍ਹ ਕਿਰਲੀ ਖਾਏ ਤਾਂ ਕੋੜ੍ਹੀ ਛੱਡੇ ਤਾਂ ਕਲੰਕੀ,  ਅਖੌਤ : ਜਦੋਂ ਕਿਸੇ ਕੰਮ ਦਾ ਕਰਨਾ ਨਾ ਕਰਨਾ ਦੋਵੇਂ ਨੁਕਸਾਨ ਜਾਂ ਨਮੋਸ਼ੀ ਦਾ ਕਾਰਣ ਹੋਣ ਤਾਂ ਕਹਿੰਦੇ ਹਨ

–ਸੱਪ ਨੂੰ ਸੱਪ ਲੜੇ ਵਿਸ ਕੀਨੂੰ ਚੜ੍ਹੇ, ਅਖੌਤ : ਜਦੋਂ ਦੋ ਸਾਵੇਂ ਬਲ ਜਾਂ ਅਕਲ ਵਾਲੇ ਆਦਮੀ ਆਪਸ ਵਿਚ ਬਹਿਸ ਪੈਣ ਤਾਂ ਕਹਿੰਦੇ ਹਨ

–ਸਪ ਵੀ ਮਰ ਜਾਏ ਲਾਠੀ ਵੀ ਬਚ ਜਾਏ, ਅਖੌਤ : ਕੰਮ ਵੀ ਹੋ ਜਾਏ ਤੇ ਨੁਕਸਾਨ ਵੀ ਕੁੱਝ ਨਾ ਹੋਵੇ, ਕੰਮ ਤਦੱਬਰ ਜਾਂ ਜੁਗਤ ਨਾਲ ਕੀਤਾ ਹੱਛਾ ਰਹਿੰਦਾ ਏ, ਕੋਈ ਗੁੜ ਦਿੱਤਿਆਂ ਮਰੇ ਤਾਂ ਵਿਹੁ ਕਾਹਨੂੰ ਦੇਣਾ ਹੈ

–ਸੱਪ ਵਾਂਙੂ ਵਿਸ ਘੋਲਣਾ, ਮੁਹਾਵਰਾ : ਵਿੱਚੇ ਵਿੱਚ ਕੁੜ੍ਹਨਾ

–ਸੱਪੇ ਦੁੱਧ ਪਿਆਲੀਏ ਵਿਹੁ ਮੁਖ ਥੀਂ ਸੁੱਟੇ, (ਭਾਈ ਗੁਰਦਾਸ ) / ਅਖੌਤ : ਬੁਰੇ ਨਾਲ ਨੇਕੀ ਵੀ ਕਰੋ ਤਾਂ ਉਹ ਬੁਰਾ ਹੀ ਕਰੇਗਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-52-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.