ਦੁੱਗਲ ਕਰਤਾਰ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੁੱਗਲ, ਕਰਤਾਰ ਸਿੰਘ :  ਇਹ ਪੰਜਾਬੀ ਭਾਸ਼ਾ ਦਾ ਸਿਰਮੌਰ ਕਥਾ-ਸ਼ਿਲਪੀ ਹੈ। ਕਹਾਣੀ ਘੜਨ ਵਿਚ ਇਹ ਮਾਹਰ ਹੈ। ਇਸ ਨੇ ਪੰਜਾਬੀ ਦੇ ਹੋਰ ਕਿਸੇ ਵੀ ਲੇਖਕ ਨਾਲੋਂ ਗਿਣਤੀ ਵਿਚ ਵੱਧ ਕਹਾਣੀਆਂ ਲਿਖੀਆਂ ਹਨ-ਲਗਭਗ ਪੰਜ ਸੌਂ ਤੋਂ ਉੱਤੇ ਹਨ। ਇਸ ਦੇ ਹੁਣ ਤਕ 22 ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਸਵੇਰ ਸਾਰ’ 1940 ਈ. ਵਿਚ ਅਤੇ ਨਵਾਂ ਕਹਾਣੀ-ਸੰਗ੍ਰਹਿ ‘ਪੈਣਗੇ ਵੈਣ ਡੂੰਘੇ’ 1993 ਈ. ਵਿਚ ਛਪਿਆ ਸੀ।

1 ਮਾਰਚ, 1917 ਨੂੰ ਜਨਮੇ ਦੁੱਗਲ ਦੀ ਵਿਦਿਅਕ ਯੋਗਤਾ ਐਮ. ਏ. ਅੰਗਰੇਜ਼ੀ ਤੇ ਗਿਆਨੀ ਹੈ। ਸੰਨ 1942 ਤੋਂ 1966 ਤਕ ਇਹ ਆਲ ਇੰਡੀਆ ਰੇਡੀਓ ਦਾ ਸਟੇਸ਼ਨ ਡਾਇਰੈਕਟਰ ਰਿਹਾ। ਸੰਨ 1966 ਤੋਂ 1973 ਤਕ ਨੈਸ਼ਨਲ ਬੁੱਕ ਟਰਸਟ, ਇੰਡੀਆ ਦਾ ਪਹਿਲਾ ਸਕੱਤਰ ਅਤੇ ਫਿਰ ਡਾਇਰੈਕਟਰ ਰਿਹਾ। ਸੰਨ 1973 ਤੋਂ 1976 ਤਕ ਯੋਜਨਾ ਕਮਿਸ਼ਨ ਵਿਚ ਸੂਚਨਾ ਸਲਾਹਕਾਰ ਰਿਹਾ।

ਕਰਤਾਰ ਸਿੰਘ ਦੁੱਗਲ ਦੇ ਸਾਹਿਤਕ ਯੋਗਦਾਨ ਦਾ ਮੁੱਲ ਪਾਉਂਦੇ ਹੋਏ ਇਸ ਨੂੰ ਵੱਡੇ-ਵੱਡੇ ਇਨਾਮਾਂ-ਪੁਰਸਕਾਰਾਂ ਨਾਲ ਸਨਮਾਨਿਆ ਗਿਆ ਜਿਨ੍ਹਾਂ ਵਿਚੋਂ ਕੁਝ ਇਕ ਦਾ ਵਰਣਨ ਇਸ ਪ੍ਰਕਾਰ ਹੈ-

ਸ਼੍ਰੋਮਣੀ ਸਾਹਿਤਕਾਰ ਭਾਸ਼ਾ ਵਿਭਾਗ, ਪੰਜਾਬ (1962); ਸਾਹਿਤ ਅਕਾਦਮੀ ਪੁਰਸਕਾਰ (1965); ਸੋਵੀਅਤ ਲੈਂਡ ਨਹਿਰੂ ਐਵਾਰਡ (1981); ਭਾਰਤੀਯ ਭਾਸ਼ਾ ਪ੍ਰੀਸ਼ਦ ਐਵਾਰਡ (1985)।

ਇਸ ਨੂੰ ਪੰਜਾਬੀ ਯੂਨੀਵਰਸਿਟੀ , ਪਟਿਆਲਾ ਵੱਲੋਂ 1994 ਈ. ਵਿਚ ਡੀ. ਲਿਟ ਦੀ ਡਿਗਰੀ ਦਿੱਤੀ ਗਈ ਅਤੇ 1988 ਵਿਚ ਰਾਸ਼ਟਰਪਤੀ ਵੱਲੋਂ ਇਸ ਨੂੰ ਪਦਮ ਭੂਸ਼ਨ ਦੀ ਉਪਾਧੀ ਨਾਲ ਸਨਮਾਨਿਆ ਗਿਆ।

 ਦੁੱਗਲ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਵੀ ਉੰਨੀ ਹੀ ਮੁਹਾਰਤ ਨਾਲ ਲਿਖਦਾ ਹੈ। ਹਿੰਦੀ ਵਿਚ ਇਸ ਦੇ ਦਸ ਕਹਾਣੀ-ਸੰਗ੍ਰਹਿ ਅਤੇ ਅੱਠ ਨਾਵਲ ਪ੍ਰਕਾਸ਼ਿਤ ਹੋਏ ਹਨ। ਕੁਝ ਨਾਟਕ ਵੀ ਹਿੰਦੀ ਵਿਚ ਛਪੇ ਹਨ। ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਕਹਾਣੀਆਂ ਛਪਦੀਆਂ ਹੀ ਰਹਿੰਦੀਆਂ ਹਨ, ਉਨ੍ਹਾਂ ਦੇ ਅਨੁਵਾਦ ਗੁਜਰਾਤੀ , ਮਰਾਠੀ , ਤਾਮਿਲ , ਕੰਨੜ, ਉੜੀਆ, ਬੰਗਾਲੀ ਅਤੇ ਆਸਾਮੀ ਵਿਚ ਵੀ ਛਪੇ ਹਨ। ਦੁੱਗਲ ਦੀ ਇਕ ਕਹਾਣੀ ‘ਕਮ ਬੈਕ ਮਾਈ ਮਾਸਟਰ’ ਸੰਸਾਰ ਦੀਆਂ ਮਹਾਨ ਕਹਾਣੀਆਂ ਦੇ ਸੰਗ੍ਰਹਿ ਵਿਚ ਸ਼ਾਮਲ ਹੈ। ਅੰਗਰੇਜ਼ੀ ਵਿਚ ਕਰਤਾਰ ਸਿੰਘ ਦੁੱਗਲ ਦੀਆਂ 25 ਪੁਸਤਕਾਂ ਪ੍ਰਕਾਸ਼ਿਤ ਹਨ।

ਦੁੱਗਲ ਦੇ ਪੰਜਾਬੀ ਵਿਚ ਅੱਠ ਨਾਵਲ ਛਪੇ ਹਨ। ਪਹਿਲਾ ਨਾਵਲ ‘ਆਂਦਰਾਂ 1949 ਈ. ਵਿਚ ਅਤੇ ਨਵਾਂ ਨਾਵਲ ‘ਸਰਬਤ ਦਾ ਭਲਾ’ 1992 ਈ. ਛਪਿਆ। ਇਕਾਂਗੀ ਅਤੇ ਪੂਰੇ ਨਾਟਕਾਂ ਦੀਆਂ 13 ਪੁਸਤਕਾਂ ਪ੍ਰਕਾਸ਼ਿਤ ਹਨ। ‘ਚੋਲੀ ਦਾਮਨ’ 13 ਕਿਸ਼ਤਾਂ ਵਿਚ ਦੂਰਦਰਸ਼ਨ ਤੋਂ ਸੀਰੀਅਲ ਦਿਖਾਇਆ ਗਿਆ। ਦੁੱਗਲ ਕਿਉਂਕਿ ਆਪ ਸਾਰੀ ਉਮਰ ਰੇਡੀਓ ਨਾਲ ਜੁੜਿਆ ਰਿਹਾ, ਇਸ ਲਈ ਦੇ ਬਹੁਤੇ ਨਾਟਕ ਰੇਡੀਓ ਤੋਂ ਹੀ ਪੇਸ਼ ਹੋਏ ।

‘ਕੰਢੇ ਕੰਢੇ’ (1941) ਅਤੇ ‘ਬੰਦ ਦਰਵਾਜ਼ੇ’  (1959) ਇਸ ਦੇ ਦੋ ਕਾਵਿ-ਸੰਗ੍ਰਹਿ ਵੀ ਛਪੇ ਅਤੇ ਆਲੋਚਨਾ ਦੀਆਂ ਤਿੰਨ ਹੋਰ ਪੁਸਤਕਾਂ ਵੀ ਛਪ ਚੁੱਕੀਆਂ ਹਨ। ਵਾਰਤਕ ਵਿਚ ਲਿਖੀਆਂ ਦਸ ਹੋਰ ਪੁਸਤਕਾਂ ਵੀ ਪ੍ਰਕਾਸ਼ਿਤ ਹਨ ਜਿਨ੍ਹਾਂ ਵਿਚੋਂ ਇਸ ਦੀ ਸਵੈ-ਜੀਵਨੀ ‘ਕਿਸ ਪਹਿ ਖੋਲਹੁ ਗੰਠੜੀ’ (1985), ‘ਕਹਾਣੀ ਕਲਾ ਤੇ ਮੇਰਾ ਅਨੁਭਵ’ (1987), ‘ਮੈਂ ਤੇ ਮੇਰੇ ਸਮਕਾਲੀ’ ਬਹੁਤ ਪ੍ਰਸਿੱਧ ਹਨ।

ਦੁੱਗਲ ਉਨ੍ਹਾਂ ਲੇਖਕਾਂ ਵਿਚੋਂ ਇਕ ਹੈ ਜਿਹੜੇ ਲਗਾਤਾਰ ਲਿਖਣ ਵਿਚ ਯਕੀਨ ਰੱਖਦੇ ਹਨ। ਇਹ ਛਿਆਸੀ ਸਾਲ ਦੀ ਉਮਰ ਦਾ ਹੋ ਕੇ ਵੀ ਇਕ ਤਕੜੇ ਇਨਸਾਨ ਵਾਂਗ ਕਲਮ ਦੀ ਕਮਾਈ ਕਰਦਾ ਜਾ ਰਿਹਾ ਹੈ। ਅਜਿਹੀ ਅਣਥੱਕ ਕਲਮ ਹੀ ਸਾਹਿਤ ਦੇ ਇਤਿਹਾਸ ਵਿਚ ਪੱਕੀਆਂ ਪੈੜਾਂ ਛੱਡਦੀ ਹੈ। ਪੰਜਾਬੀ ਵਿਚ ਹੀ ਇਸ ਦੀਆਂ ਪੁਸਤਕਾਂ ਦੀ ਗਿਣਤੀ ਸੱਠ ਤੋਂ ਉੱਤੇ ਚਲੀ ਜਾਂਦੀ ਹੈ।

ਦੁੱਗਲ ਨੇ ਲਗਭਗ ਹਰ ਵਿਸ਼ੇ ਉੱਤੇ ਕਲਮ-ਅਜ਼ਮਾਈ ਹੈ। ਇਸ ਦਾ ਮਨ-ਭਾਉਂਦਾ ਵਿਸ਼ਾ ਚਾਹੇ ਮਨੁੱਖੀ ਰਿਸ਼ਤੇ ਅਤੇ ਔਰਤ-ਮਰਦ ਸਬੰਧ ਹੈ ਪਰ ਵੇਲੇ ਦੀਆਂ ਸਮਾਜਿਕ ਅਤੇ ਰਾਜਨੀਤਿਕ ਸਰਗਰਮੀਆਂ ਵੀ ਇਸ ਦੀਆਂ ਗਲਪ-ਰਚਨਾਵਾਂ ਨੂੰ ਡੂੰਘਾ ਪ੍ਰਭਾਵਿਤ ਕਰਦੀਆਂ ਹਨ। ਕਰਤਾਰ ਸਿੰਘ ਦੁੱਗਲ ਪੰਜਾਬੀ ਦੇ ਉਨ੍ਹਾਂ ਪੰਜ-ਸੱਤ ਨਾਮਵਰ ਲੇਖਕਾਂ ਵਿਚੋਂ ਹੈ ਜਿਨ੍ਹਾਂ ਦਾ ਜ਼ਿਕਰ ਭਾਰਤੀ ਪ੍ਰਤਿਭਾ-ਪੱਧਰ ਉੱਤੇ ਕੀਤਾ ਜਾ ਸਕਦਾ ਹੈ,

ਦੁੱਗਲ ਪੰਜਾਬੀ ਦੀਆਂ ਕਈ ਮਹੱਤਵਪੂਰਨ ਸੰਸਥਾਵਾਂ ਜਿਵੇਂ ਸਾਹਿਤ ਅਕੈਡਮੀ, ਦਿੱਲੀ; ਪੰਜਾਬੀ ਅਕੈਡਮੀ , ਦਿੱਲੀ, ਪੰਜਾਬੀ ਅਕੈਡਮੀ, ਚੰਡੀਗੜ੍ਹ ਆਦਿ ਵਿਚ ਉਚ ਅਹੁਦਿਆਂ ਉੱਤੇ ਰਹਿ ਚੁੱਕਾ ਹੈ। ਇਸ ਸਮੇਂ ਇਹ ਰਾਜ ਸਭਾ ਦਾ ਮੈਂਬਰ ਹੈ।


ਲੇਖਕ : -ਰਾਮ ਸਰੂਪ ਅਣਖੀ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-12-27-13, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.