ਅਕਾਲਕੀ ਕਿਰਿਆ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅਕਾਲਕੀ ਕਿਰਿਆ : ਇਸ ਸੰਕਲਪ ਦੀ ਵਰਤੋਂ ਸ਼ਬਦ ਦੀ ਵਿਆਕਰਨਕ ਵਿਆਖਿਆ ਲਈ ਕੀਤੀ ਜਾਂਦੀ ਹੈ । ਰੂਪ ਦੇ ਪੱਖ ਤੋਂ ਕਿਰਿਆ ਰੂਪਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਕਾਲਕੀ ਅਤੇ ( ii ) ਅਕਾਲਕੀ । ਧਾਤੂ ਰੂਪ ਵਿਚ ਵਿਚਰਦੇ ਕਿਰਿਆ ਰੂਪ ਅਕਾਲਕੀ ਹੁੰਦੇ ਹਨ ਅਤੇ ਕਿਰਿਆ ਧਾਤੂਆਂ ਨਾਲ ਦੋ ਪਰਕਾਰ ਦੇ ਵਧੇਤਰ ਜਾਂ ਅੰਤਕ ਲਗਦੇ ਹਨ । ਪਹਿਲੀ ਪਰਕਾਰ ਦੇ ਅੰਤਕ ਵਿਆਕਰਨਕ ਸ਼ਰੇਣੀ ਜਾਂ ਸ਼ਰੇਣੀਆਂ ਦੇ ਸੂਚਕ ਹੁੰਦੇ ਹਨ ਅਤੇ ਦੂਜੀ ਪਰਕਾਰ ਦੇ ਅੰਤਕ ਵਿਆਕਰਨਕ ਸ਼ਰੇਣੀਆਂ ਦੇ ਸੂਚਕ ਨਹੀਂ ਹੁੰਦੇ । ਇਸ ਲਈ ਪਹਿਲੀ ਪਰਕਾਰ ਦੇ ਰੂਪਾਂ ਨੂੰ ਕਾਲਕੀ ਅਤੇ ਦੂਜੀ ਪਰਕਾਰ ਦੇ ਰੂਪਾਂ ਨੂੰ ਅਕਾਲਕੀ ਕਿਰਿਆ ਰੂਪ ਕਿਹਾ ਜਾਂਦਾ ਹੈ । ਉਨ੍ਹਾਂ ਸਾਰੇ ਕਿਰਿਆ ਰੂਪਾਂ ਨੂੰ ਕਾਲਕੀ ਰੂਪ ਕਿਹਾ ਜਾਂਦਾ ਹੈ ਜਿਹੜੇ ਘੱਟੋ-ਘੱਟ ਇਕ ਵਿਆਕਰਨਕ ਸ਼ਰੇਣੀ ( ਲਿੰਗ , ਵਚਨ , ਕਾਲ ਆਦਿ ) ਅਨੁਸਾਰ ਰੂਪਾਂਤਰਤ ਹੁੰਦੇ ਹੋਣ । ਹਰ ਕਿਰਿਆ ਧਾਤੂ ਨਾਲ ਕਾਲਕੀ ਅੰਤਕ ਰੂਪ ਵਿਚਰਦਾ ਹੈ । ਇਹ ਰੂਪ , ਵਾਕ ਵਿਚ ਵਿਚਰਨ ਵਾਲੇ ਸ਼ਬਦ ਰੂਪਾਂ ਦੇ ਵਿਆਕਰਨਕ ਸਰੂਪ ਨੂੰ ਕਿਰਿਆ ਰੂਪ ਰਾਹੀਂ ਉਘਾੜਦਾ ਹੈ ਅਤੇ ਕਿਰਿਆ ਤੋਂ ਪਹਿਲਾਂ ਵਿਚਰਨ ਵਾਲੇ ਸ਼ਬਦ ਰੂਪਾਂ ਦੇ ਵਿਆਕਰਨਕ ਲੱਛਣਾਂ ਦਾ ਵਾਹਕ ਬਣਦਾ ਹੈ । ( ਵੇਖੋ ਕਾਲਕੀ ਕਿਰਿਆ ) ਦੂਜੇ ਪਾਸੇ ਜਦੋਂ ਕਿਰਿਆ ਧਾਤੂ ਰੂਪ ਵਿਚ ਵਿਚਰਦੀ ਹੈ ਤਾਂ ਧਾਤੂ ਰੂਪ ਦਾ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਨ ਨਹੀਂ ਹੁੰਦਾ ਜਿਵੇਂ : ‘ ਉਹ ਲਿਖ ਰਿਹਾ ਹੈ , ਉਹ ਲਿਖ ਰਹੀ ਹੈ , ਉਹ ਲਿਖ ਰਹੀਆਂ ਹਨ , ’ ਵਿਚ ‘ ਲਿਖ’ ਧਾਤੂ ਰੂਪ ਵਿਚ ਵਿਚਰਦਾ ਹੈ । ਇਸ ਤੋਂ ਇਲਾਵਾ ਧਾਤੂ ਰੂਪ ਨਾਲ ਕੁਝ ਅਜਿਹੇ ਅੰਤਕ ਲਗਦੇ ਹਨ ਜਿਨ੍ਹਾਂ ਤੋਂ ਸਿਰਜੇ ਕਿਰਿਆ ਰੂਪ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਤ ਨਹੀਂ ਹੁੰਦੇ , ਇਹ ਅੰਤਕ ਇਸ ਪਰਕਾਰ ਹਨ ; \ -ਕੇ , -ਦਿਆਂ , -ਇਆਂ , -ਨੋ , -ਣੋ , -ਅਣ \ ਇਸ ਲਈ ਜਿਨ੍ਹਾਂ ਕਿਰਿਆ ਰੂਪਾਂ ਦਾ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਨ ਨਾ ਹੁੰਦਾ ਹੋਵੇ ਉਨ੍ਹਾਂ ਕਿਰਿਆ ਰੂਪਾਂ ਨੂੰ ਅਕਾਲਕੀ ਆਖਿਆ ਜਾਂਦਾ ਹੈ । ਇਹ ਕਿਰਿਆ ਰੂਪ ਕਿਸੇ ਵੀ ਇਕ ਵਿਆਕਰਨਕ ਸ਼ਰੇਣੀ ਅਨੁਸਾਰ ਰੂਪਾਂਤਰਤ ਨਹੀਂ ਹੁੰਦੇ । ਜਿਵੇਂ : ‘ ਚਿੱਠੀ ਲਿਖਦਿਆਂ ਖ਼ਤ ਲਿਖਦਿਆਂ , ਚਿੱਠੀਆਂ ਲਿਖਦਿਆਂ , ਕਿਤਾਬਾਂ ਲਿਖਦਿਆਂ । ’ ਅਕਾਲਕੀ ਕਿਰਿਆ ਰੂਪਾਂ ਰਾਹੀਂ ਪਰਾਧੀਨ ਉਪਵਾਕਾਂ ਦੀ ਸਿਰਜਣਾ ਹੁੰਦੀ ਹੈ । ਜਦੋਂ ਇਹ ਕਿਸੇ ਕਿਰਿਆ ਵਾਕੰਸ਼ ਵਿਚ ਇਕੱਲੇ ਵਿਚਰਦੇ ਹਨ ਤਾਂ ਉਹ ਵਾਕੰਸ਼ ਅਕਾਲਕੀ ਹੁੰਦਾ ਹੈ । ਇਕ ਕਾਲਕੀ ਕਿਰਿਆ ਵਾਕੰਸ਼ ਵਿਚ ਅਕਾਲਕੀ ਕਿਰਿਆ ਰੂਪ ਵੀ ਵਿਚਰ ਸਕਦੇ ਹਨ ਪਰ ਇਨ੍ਹਾਂ ਦੀ ਸਥਿਤੀ ਅੰਤਲੀ ਨਹੀਂ ਹੋਣੀ ਚਾਹੀਦੀ । ਕਿਰਿਆ ਵਾਕੰਸ਼ ਦੇ ਅੰਤ ਵਿਚ ਜੇ ਕਾਲਕੀ ਰੂਪ ਵਿਚਰਦਾ ਹੈ ਤਾਂ ਕਾਲਕੀ ਵਾਕੰਸ਼ , ਹੋਂਦ ਵਿਚ ਆਉਂਦਾ ਹੈ ਪਰ ਜੇ ਅੰਤ ਵਿਚ ਅਕਾਲਕੀ ਕਿਰਿਆ ਰੂਪ ਵਿਚਰੇ ਤਾਂ ਹੋਂਦ ਵਿਚ ਆਉਣ ਵਾਲਾ ਵਾਕੰਸ਼ ਅਕਾਲਕੀ ਹੁੰਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.