ਅਗਨੀ ਦੇਵਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

                  ਅਗਨੀ ਦੇਵਤਾ : ਸੰਸਾਰ ਦੇ ਵੱਡੇ ਧਰਮਾਂ ਵਿਚ ਅੱਗ ਦੀ ਦੇਵਤੇ ਦੇ ਰੂਪ ਵਿਚ ਪੂਜਾ ਬਹੁਤ ਪੁਰਾਣੇ ਸਮੇਂ ਤੋਂ ਚਲੀ ਆਉਂਦੀ ਹੈ । ਯੂਨਾਨ ਤੇ ਰੋਮ ਵਿਚ ਵੀ ਇਸ ਦੀ ਪੂਜਾ ‘ ਕੌਮੀ ਦੇਵੀ’ ਦੇ ਤੌਰ ਤੇ ਹੁੰਦੀ ਸੀ । ਰੋਮ ਵਿਚ ਅੱਗ ਵੇਸਤਾ ( Vesta ) ਦੇਵੀ ਦੇ ਰੂਪ ਵਿਚ ਪੁਜਾ ਦਾ ਵਿਸ਼ਾ ਸੀ । ਉਸ ਦੀ ਮੂਰਤੀ ਨਹੀਂ ਬਣਾਈ ਜਾਂਦੀ ਸੀ ਕਿਉਂਕਿ ਰੋਮਨ ਕਵੀ ‘ ਓਵਿਡ’ ( Ovid ) ਦੇ ਕਥਨ ਅਨੁਸਾਰ ਅੱਗ ਇਤਨਾ ਸੂਖਮ ਅਤੇ ਉਦਾਤ ਦੇਵਤਾ ਹੈ ਕਿ ਮੂਰਤੀ ਰਾਹੀਂ ਕਿਸੇ ਤਰ੍ਹਾਂ ਵੀ ਉਸ ਨੂੰ ਦਰਸਾਇਆ ਨਹੀਂ ਜਾ ਸਕਦਾ ।

                  ਅਗਨੀ-ਮੰਦਰ ਵਿਚ ਅੱਗ ਸਦਾ ਬਦਲੀ ਰੱਖੀ ਜਾਂਦੀ ਸੀ ਅਤੇ ਉਸਦੀ ਪੂਜਾ ਦਾ ਹੱਕ ਸਿਰਫ਼ ਗੋਰੀਆਂ ਲੜਕੀਆਂ ਨੂੰ ਹੀ ਹੁੰਦਾ ਸੀ । ਜ਼ਰਤੁਸ਼ਤ ਦੇ ਧਰਮ ਵਿਚ ਵੀ ਅਗਨੀ-ਪੂਜਾ ਹਰ ਇਕ ਈਰਾਨੀ ਆਰੀਆ ਦਾ ਪਹਿਲਾ ਫ਼ਰਜ਼ ਸੀ । ਅਵੇਸਤਾ ( Avesta ) ਵਿਚ ਅੱਗ ਦੀ ਪੂਜਾ ਮੱਖ ਪੂਜਾ ਸਮਝੀ ਜਾਂਦੀ ਸੀ ਤੇ ਅੱਗ ਦੇ ਪੁਜਾਰੀ ਜਿਨ੍ਹਾਂ ਨੂੰ ਉਹ ‘ ਅਥਰਵਨ’ ਆਖਦੇ ਸਨ , ਵੈਦਿਕ ਅਥਰਵਣ ਵਾਂਗ ਹੀ ਸ਼ਰਧਾ ਤੇ ਮਾਣ ਦੇ ਪਾਤਰ ਸਨ । ਅਵੇਸਤਾ ਵਿਚ ਅੱਗ ਦੀ ਪੂਜਾ ਦੀਆਂ ਕਿਸਮਾਂ ਅਤੇ ਉਸ ਸਮੇਂ ਪੜ੍ਹੇ ਜਾਣ ਵਾਲੇ ਮੰਤਰ ਰਿਗਵੇਦ ਨਾਲ ਬਹੁਤ ਮਿਲਦੇ ਜੁਲਦੇ ਹਨ । ਪਾਰਸੀ ਧਰਮ ਵਿਚ ਅਗਨੀ ਨੂੰ ਇਤਨਾ ਪਵਿੱਤਰ ਤੇ ਉੱਦਾਤ ਦੇਵਤਾ ਸਮਝਿਆ ਜਾਂਦਾ ਹੈ ਕਿ ਕੋਈ ਚੀਜ਼ ਅੱਗ ਵਿਚ ਨਹੀਂ ਸੁੱਟੀ ਜਾਂਦੀ । ਇਸ ਤਰ੍ਹਾਂ ਵੈਦਿਕ ਆਰੀਆ ਵਾਂਗ ਪਾਰਸੀ ਲੋਕ ਮੁਰਦੇ ਨੂੰ ਜਲਾਉਣ ਲਈ ਅੱਗ ਦੀ ਵਰਤੋਂ ਨਹੀਂ ਕਰਦੇ । ਮੋਈ ਹੋਈ ਅਸ਼ੁੱਧ ਵਸਤੂ ਨੂੰ ਅੱਗ ਵਿਚ ਸੁੱਟਣ ਦਾ ਉਹ ਖ਼ਿਆਲ ਤੱਕ ਨਹੀਂ ਕਰ ਸਕਦੇ ।

                  ਅਵੇਸਤਾ ਅਨੁਸਾਰ ਆਤਰੋ ( ਅਗਨੀ ) ਧਰਤੀ ਉੱਤੇ ਦੈਵੀ ਪ੍ਰਕਾਸ਼ ਦਾ ਸਰੂਪ ਹੈ । ਅੱਗ ਅਹੁਰ ਮਜ਼ਦ ( Ahura Mazda ) ਦਾ ਹੀ ਰੂਪ ਹੈ ਜਿਸ ਤੋਂ ਪੁੱਤ ਦਾ ਰੂਪ ਵਿਚ ਜ਼ਰਤੁਸ਼ਤ ਦਾ ਜਨਮ ਹੋਇਆ ।

                  ਪਰ ਅੱਗ ਦੀ ਜਿੰਨੀ ਉਦਾਰ ਤੇ ਵਿਸ਼ਾਲ ਕਲਪਨਾ ਭਾਰਤੀ ਵੈਦਿਕ ਧਰਮ ਵਿਚ ਹੈ ਉੱਨੀ ਕਿਸੇ ਹੋਰ ਥਾਂ ਨਹੀਂ ਹੈ । ਵੈਦਿਕ ਕਰਮ ਕਾਂਡ ਦੇ ‘ ਸ੍ਰੋਤ’ ਭਾਗ ਤੇ ‘ ਗ੍ਰਹਿ’ ਭਾਗ ਦਾ ਮੁੱਖ ਕੇਂਦਰ ਅੱਗ ਦੀ ਪੂਜਾ ਹੀ ਹੈ । ਵੈਦਿਕ ਦੇਵ-ਮੰਡਲ ਵਿਚ ਇੰਦਰ ਦੇ ਪਿਛੋਂ ਅਗਨੀ ਦਾ ਹੀ ਦੂਜਾ ਥਾਂ ਹੈ , ਜਿਸਦੀ ਉਸਤਤੀ ਲਗਭਗ ਦੋ ਸੌ ਸੂਕਤਾਂ ਵਿਚ ਕੀਤੀ ਹੋਈ ਹੈ । ਅਗਨੀ ਦੇ ਵਰਣਨ ਵਿਚ ਉਸਦਾ ਇਸ ਦੁਨੀਆਂ ਵਿਚ ਮੰਨਿਆ ਜਾਂਦਾ ਰੂਪ ਜਵਾਲਾ , ਪ੍ਰਕਾਸ਼ ਆਦਿ ਵੈਦਿਕ ਰਿਸ਼ੀਆਂ ਦੇ ਸਾਹਮਣੇ ਸਦਾ ਮੌਜੂਦ ਰਹਿੰਦਾ ਹੈ । ਅਗਨੀ ਦੀ ਤੁਲਨਾ ਕਈ ਪਸ਼ੂਆਂ ਨਾਲ ਕੀਤੀ ਗਈ ਹੈ । ਭੜਕਦੀ ਹੋਈ ਅੱਗ ਬੜ੍ਹਕਾਂ ਮਾਰਦੇ ਬਲਦ ਵਾਂਗ ਹੈ । ਉਸ ਦੀ ਜੁਆਲਾ ਸੂਰਜ ਦੀਆਂ ਕਿਰਨਾ , ਊਸ਼ਾ ਦੇ ਪ੍ਰਕਾਸ਼ ਤੇ ਬਿਜਲੀ ਦੀ ਚਮਕ ਵਾਂਗ ਹੈ । ਉਸ ਦੀ ਆਵਾਜ਼ ਗੰਭੀਰ ਹੈ । ਇਸ ਦੇ ਖ਼ਾਸ ਗੁਣਾਂ ਨੂੰ ਧਿਆਨ ਵਿਚ ਰੱਖ ਕੇ ‘ ਅਗਨੀ’ ਲਈ ਕਈ ਲਕਬ ਵਰਤੇ ਜਾਂਦੇ ਹਨ । ‘ ਅਗਨੀ’ ਸ਼ਬਦ ਦਾ ਸਬੰਧ ਲਾਤੀਨੀ ‘ ਇਗਨਿਸ’ ( Ignis ) ਤੇ ਲਿਥੂਏਨਿਆਈ ( Lithuanian ) ਉਗਨਿਸ ( Ugnis ) ਨਾਲ ਕੁਝ ਜੁੜਦਾ ਪ੍ਰਤੀਤ ਹੁੰਦਾ ਹੈ । ਅੱਜ ਧਾਤੂ ਤੋਂ ਪ੍ਰੇਰਨਾਰਥਕ-ਵਾਚੀ ਅੱਗ ਬਣਾਉਣਾ ਭਾਸ਼ਾ-ਵਿਗਿਆਨ ਦੇ ਪੱਖੋਂ ਅਸੰਭਵ ਨਹੀਂ ਹੈ । ਅੱਗ ਦੇ ਜਲਣ ਤੇ ਲਾਟ ਨਿਕਲਣ ਕਰਕੇ ਇਸ ਨੂੰ ‘ ਧੂਮਕੇਤੂ’ ਕਹਿੰਦੇ ਹਨ । ਇਸ ਨੂੰ ‘ ਜਾਤਵੇਦਾ’ ਵੀ ਕਹਿੰਦੇ ਹਨ , ਜਿਸ ਦਾ ਭਾਵ ਹੈ ਪੈਦਾ ਹੋਣ ਵਾਲੇ ਸਾਰੇ ਜੀਵਾਂ ਨੂੰ ਜਾਣਨ ਵਾਲਾ । ਅਗਨੀ-ਦੇਵਤਾ ਨੂੰ ਕਿਤੇ ਆਕਾਸ਼ ਤੇ ਧਰਤੀ ਦਾ ਪੁੱਤਰ ਤੇ ਕਿਤੇ ਆਕਾਸ਼ ਦਾ ਪੁੱਤਰ ਕਿਹਾ ਗਿਆ ਹੈ । ਇਸ ਦੇ ਤਿੰਨ ਜਨਮਾਂ ਦਾ ਵਰਣਨ ਵੇਦਾਂ ਵਿਚ ਮਿਲਦਾ ਹੈ ਜਿਨ੍ਹਾਂ ਦੇ ਸਥਾਨ ਸੁਰਗ ਧਰਤੀ ਅਤੇ ਜਲ ਜਾਂ ਸੁਰਗ , ਹਵਾ ਤੇ ਧਰਤੀ ਹਨ । ਅਗਨੀ ਤੇ ਤਿੰਨਾਂ ਸਿਰਾਂ , ਤਿੰਨਾਂ ਜੀਭਾਂ ਤੇ ਤਿੰਨਾਂ ਸਥਾਨਾਂ ਦਾ ਹਵਾਲਾ ਵੇਦਾਂ ਵਿਚ ਬਹੁਤ ਮਿਲਦਾ ਹੈ । ਅੱਗ ਦੇ ਦੋ ਜਨਮਾਂ– – ਧਰਤੀ ਤੇ ਸੁਰਗ– – ਦਾ ਵੀ ਜ਼ਿਕਰ ਮਿਲਦਾ ਹੈ ।

                  ਅੱਗ ਦੇ ਲਿਆਉਣ ਦੀ ਇਕ ਮਸ਼ਹੂਰ ਵੈਦਿਕ ਕਥਾ ਯੂਨਾਨੀ ਕਹਾਣੀ ਵਿਚ ਮਿਲਦੀ ਜੁਲਦੀ ਹੈ । ਅੱਗ ਦਾ ਜਨਮ ਆਕਾਸ਼ ਵਿਚ ਹੀ ਹੋਇਆ , ਜਿਥੋਂ ਮਾਤ-ਰਿਸ਼ਵਾ ਨਾਂ ਦਾ ਰਿਸ਼ੀ ਇਸ ਨੂੰ ਲੋਕਾਂ ਦੇ ਫ਼ਾਇਦੇ ਲਈ ਇਸ ਧਰਤੀ ਤੇ ਲੈ ਆਇਆ । ਅੱਗ ਨੂੰ ਹੋਰ ਸਾਰੇ ਵੈਦਿਕ ਦੇਵਤਿਆਂ ਵਿਚੋਂ ਵੱਡਾ ਮੰਨਿਆ ਗਿਆ ਹੈ । ਅੱਗ ਦੀ ਪੂਜਾ ਭਾਰਤੀ ਆਰੀਆ-ਸਭਿਆਚਾਰ ਦਾ ਮੁੱਖ ਚਿੰਨ੍ਹ ਹੈ ਅਤੇ ਅੱਗ ‘ ਗ੍ਰਹਿ ਦੇਵਤਾ’ ਦੇ ਰੂਪ ਵਿਚ ਉਪਾਸ਼ਨਾ ਤੇ ਪੂਜਾ ਦਾ ਪ੍ਰਧਾਨ ਵਿਸ਼ਾ ਹੈ । ਇਸ ਲਈ ਅਗਨੀ ਗ੍ਰਹਿਯ , ਗ੍ਰਹਿਪਤੀ ( ਘਰ ਦਾ ਮਾਲਕ ) ਤੇ ਵਿਸ਼ਪਤੀ ( ਲੋਕਾਂ ਦਾ ਰੱਖਿਅਕ ) ਕਹਾਉਂਦਾ ਹੈ । ਸ਼ਤਪਥ ਬ੍ਰਾਹਮਣ ( 1-4-1-10 ) ਵਿਚ ਗੋਤਮ ਰਾਹੂਗਣ ਅਤੇ ਵਿਦੇਧ ਮਾਥਵ ਵੀ ਅਗਵਾਈ ਵਿਚ ਅੱਗ ਦਾ ਸਾਰਸਤ ਮੰਡਲ ਤੋਂ ਪੂਰਬ ਵੱਲ ਜਾਣ ਦਾ ਜ਼ਿਕਰ ਮਿਲਦਾ ਹੈ । ਇਸ ਦਾ ਮਤਲਬ ਇਹ ਹੈ ਕਿ ਜਿਹੜਾ ਆਰੀਆ ਸਭਿਆਚਾਰ ਸੰਘਤਾਕਾਲ ਵਿਚ ਸਰਸਵਤੀ ਦੇ ਕੰਢੇ ਵਾਲੇ ਇਲਾਕਿਆਂ ਤੀਕ ਸੀਮਤ ਰਿਹਾ , ਉਹ ਬ੍ਰਾਹਮਣਾਂ ਦੇ ਸਮੇਂ ਵਿਚ ਪੂਰਬੀ ਇਲਾਕਿਆਂ ਵਿਚ ਫ਼ੈਲ ਗਿਆ । ਅੱਗ ਦੀ ਪੂਜਾ ਵੈਦਿਕ ਧਰਮ ਦਾ ਬਹੁਤ ਜ਼ਰੂਰੀ ਅੰਗ ਹੈ । ਪੁਰਾਣਾਂ ਵਿਚ ਅੱਗ ਦੇ ਉਦੇ ਹੋਣ ਅਤੇ ਇਸਦੀ ਕਿਰਿਆ ਸਬੰਧੀ ਕਈ ਕਥਾਵਾਂ ਮਿਲਦੀਆਂ ਹਨ । ਅਗਨੀ ਦੇਵਤਾ ਦੀ ਇਸਤਰੀ ਦਾ ਨਾਂ ‘ ਸਵਾਹਾ’ ਹੈ ਤੇ ਇਸ ਦੇ ਤਿੰਨਾਂ ਪੁੱਤਰਾਂ ਦੇ ਨਾਂ ‘ ਪਾਵਕ’ , ‘ ਪਵਮਾਨ’ ਤੇ ‘ ਸ਼ੁਚੀ’ ਹਨ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅਗਨੀ ਦੇਵਤਾ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਗਨੀ , ਦੇਵਤਾ :   ਇਹ ਭਾਰਤੀ ਧਰਮ-ਸਾਧਨਾ ਵਿਚ ਇਕ ਪੂਜਣਯੋਗ ਦੇਵਤਾ ਹੈ ਅਤੇ ਵੈਦਿਕ ਦੇਵ-ਮੰਡਲ ਵਿਚ ਇੰਦਰ ਤੋਂ ਬਾਦ ਇਸ ਦਾ ਹੀ ਪ੍ਰਮੁਖ ਸਥਾਨ ਹੈ । ‘ ਰਿਗਵੇਦ’ ਵਿਚ ਇਸ ਦੀ ੳਸਤਤ ਵਿਚ ਸਭ ਨਾਲੋਂ ਵੱਧ ਮੰਤ੍ਰ ਲਿਖੇ ਹਨ । ਵੈਦਿਕ ਰਿਸ਼ੀਆਂ ਅਨੁਸਾਰ ਇਸ ਦਾ ਰੂਪ ਜਵਾਲਾ ਅਤੇ ਪ੍ਰਕਾਸ਼ ਵਿਚ ਵੇਖਿਆ ਜਾ ਸਕਦਾ ਹੈ । ਧਰਤੀ ਉਤੇ ਇਸ ਦਾ ਸਾਧਾਰਣ ਅੱਗ ਵਾਲਾ ਰੂਪ ਹੈ , ਬਦਲਾਂ ਵਿਚ ਬਿਜਲੀ ਅਤੇ ਆਕਾਸ਼ ਵਿਚ ਸੂਰਜ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ । ਇਸ ਦੀ ਪੂਜਾ ਭਾਰਤੀ ਸੰਸਕ੍ਰਿਤੀ ਦਾ ਵਿਸ਼ੇਸ਼ ਚਿੰਨ੍ਹ ਹੈ । ਇਸ ਦੀ ਗ੍ਰਿਹ-ਦੇਵਤਾ ਵਜੋਂ ਵੀ ਪੂਜਾ ਕੀਤੀ ਜਾਂਦੀ ਹੈ । ਵੈਦਿਕ ਧਰਮ ਵਿਚ ਇਸ ਦੀ ਉਪਾਸਨਾ ਬਹੁਤ ਜ਼ਰੂਰੀ ਸਮਝੀ ਗਈ ਹੈ ।

              ਪੁਰਾਣਾਂ ਵਿਚ ਇਸ ਦੀ ਸਮਰਥਾ , ਕਾਰਜ-ਖੇਤਰ ਆਦਿ ਪੱਖਾਂ ਬਾਰੇ ਅਨੇਕ ਕਥਾਵਾਂ ਦਰਜ ਹਨ । ਇਸ ਦੇਨਾਂ ’ ਤੇ ਇਕ ਪੁਰਾਣ ( ‘ ਅਗਨੀ ਪੁਰਾਣ’ ) ਵੀ ਮਿਲਦਾ ਹੈ । ਇਹ ਪੁਲਿੰਗ ਸਰੂਪ ਵਾਲਾ ਹੈ । ਪਰ ਆਮ ਤੌਰ ਤੇ ਇਸ ਲਈ ਇਸਤਰੀ ਲਿੰਗ ਵਰਤਿਆ ਜਾਂਦਾ ਹੈ ।

              ਅਗਨੀ ਦੀ ਉਤਪੱਤੀ ਦੇ ਸੰਬੰਧ ਵਿਚ ਕਈ ਪੌਰਾਣਿਕ ਆਖਿਆਨ ਮਿਲਦੇ ਹਨ , ਜਿਨ੍ਹਾਂ ਦਾ ਸਮੁੱਚੇ ਰੂਪ ਵਿਚ ਸਾਰ ਇਸ ਪ੍ਰਕਾਰ ਹੈ ਕਿ ਸਭ ਤੋਂ ਪਹਿਲਾਂ ਧਰਮ ਦੀ ਵਸੁ ਨਾਂ ਦੀ ਪਤਨੀ ਤੋਂ ਅਗਨੀ ਪੈਦਾ ਹੋਇਆ । ਉਸ ਦਾ ਵਿਆਹ ਦਕ੍ਰਸ਼ ਦੀ ਪੁੱਤਰੀ ‘ ਸ੍ਵਾਹਾ’ ਨਾਲ ਹੋਇਆ ਜਿਸ ਤੋਂ ਇਸ ਦੇ ਤਿੰਨ ਪੁੱਤਰ ਪੈਦਾ ਹੋਏ— ਪਾਵਕ , ਪਵਮਾਨ ਅਤੇ ਸ਼ੁੱਚਿ । ਛੇਵੇਂ ਮਨਵੰਤਰ ਵਿਚ ਅਗਨੀ ਦੀ ਵਸੁਧਾਰਾ ਨਾਂ ਦੀ ਪਤਨੀ ਤੋਂ ਦ੍ਰਵਿਣਕ ਆਦਿ 45 ਪੁੱਤਰ ਪੈਦਾ ਹੋਏ । ਇਸ ਤਰ੍ਹਾਂ ਇਹ ਸਾਰੇ 49 ਪ੍ਰਕਾਰ ਦੇ ਅਗਨੀ ਬਣਦੇ ਹਨ । ਅਸਲ ਵਿਚ , ਵੱਖ-ਵੱਖ ਕਰਮਾਂ ਵਿਚ ਅਗਨੀ ਦੇ ਵੱਖ-ਵੱਖ ਨਾਂ ਹੀ ਇਸ ਦੇ ਪਕਾਰ ਮੰਨੇ ਜਾਂਦੇ ਹਨ । ਭਾਰਤ ਤੋਂ ਇਲਾਵਾ ਯੂਨਾਨ , ਰੋਮ ਆਦਿ ਦੇਸ਼ਾਂ ਵਿਚ ਵੀ ਅਗਨੀ ਦੀ ਦੇਵਤਾ ਅਥਵਾ ਦੇਵੀ ਰੂਪ ਵਿਚ ਉਪਾਸਨਾ ਦਾ ਵਿਧਾਨ ਹੈ ।

              ਵਿਉਤਪਤੀ ਦੀ ਦ੍ਰਿਸ਼ਟੀ ਤੋਂ ਅਗਨੀ ਦਾ ਅਰਥ ਹੈ— ਜੋ ਉਪਰ ਨੂੰ ਜਾਂਦਾ ਹੈ । ਸਾਧਾਰਣ ਅਗਨੀ ਦੀ ਕ੍ਰਿਆ ਕੁਝ ਇਸੇ ਪ੍ਰਕਾਰ ਦੀ ਹੈ । ‘ ਆਦਿਤ੍ਰਯ ਪੁਰਾਣ’ ਵਿਚ ਅਗਨੀ ਦੇਵਤਾ ਦਾ ਸਰੂਪ ਇਸ ਤਰ੍ਹਾਂ ਚਿੱਤਰਿਆ ਮਿਲਦਾ ਹੈ— ਇਸ ਦੇ ਭਰਵਟੇ , ਦਾੜ੍ਹੀ , ਕੇਸ ਅਤੇ ਅੱਖਾਂ ਪੀਲੀਆਂ ਹਨ , ਅੰਗ ਸਥੂਲ ਹਨ ਅਤੇ ਪੇਟ ਲਾਲ ਹੈ । ਬਕਰੇ ਉਤੇ ਸਵਾਰ ਹੈ , ਰੁਦ੍ਰਾਖ ਦੀ ਮਾਲਾ ਹੱਥ ਵਿਚ ਲਈ ਹੋਈ ਹੈ । ਇਸ ਦੀਆਂ ਸੱਤ ਲਪਟਾਂ ਹਨ ਅਤੇ ਸ਼ਕਤੀ ਨੂੰ ਧਾਰਣ ਕਰਦਾ ਹੈ । ‘ ਵਾਯੂ ਪੁਰਾਣ’ ਵਿਚ ਹੋਮ ਦੇ ਯੋਗ ਅਗਨੀ ਦਾ ਲੱਛਣ ਇਸ ਪ੍ਰਕਾਰ ਲਿਖਿਆ ਹੈ— ਲਪਟਾਂ ਨਾਲ ਯੁਕਤ , ਗੋਲ ਠੋਸ ਸ਼ਿਖਾ ਵਾਲਾ , ਘਿਉ ਅਤੇ ਸੋਨੇ ਵਰਗਾ , ਚਿਕਣਾ ਅਤੇ ਸਜੇ ਪਾਸੇ ਵਲ ਜਾਣ ਵਾਲਾ ਅਗਨੀ ਸਿੱਧੀਦਾਇਕ ਹੁੰਦਾ ਹੈ ।

              ਪੰਜ ਮਹਾਭੂਤਾਂ ( ਜਲ , ਧਰਤੀ , ਆਕਾਸ਼ , ਤੇਜ , ਅਤੇ ਵਾਯੂ ) ਵਿਚ ਅਗਨੀ ਨੂੰ ਤੇਜ਼ ਵਜੋਂ ਸ਼ਾਮਲ ਕੀਤਾ ਜਾਂਦਾ ਹੈ । ਪੰਜਾਬੀ ਕਾਵਿ ਵਿਚ ਇਹ ਦੇਵਤਾ ਅਤੇ ਸਾਧਾਰਣ ਦੋਹਾਂ ਰੂਪਾਂ ਵਿਚ ਵਰਤਿਆ ਮਿਲਦਾ ਹੈ । ‘ ਆਸਾ ਦੀ ਵਾਰ’ ਵਿਚ ਪਰਮਾਤਮਾ ਦੇ ਭੈ ਵਿਚ ਕਾਰਜ-ਲੀਨ ਜਿਨ੍ਹਾਂ ਦੇਵਤਿਆਂ ਜਾਂ ਦੈਵੀ ਸ਼ਕਤੀਆਂ ਦਾ ਉਲੇਖ ਕੀਤਾ ਗਿਆ ਹੈ , ਉਨ੍ਹਾਂ ਵਿਚ ਅਗਨੀ ਵੀ ਸ਼ਾਮਲ ਹੈ੍‘ ਭੈ ਵਿਚਿ ਪਵਣੁ ਵਹੈ ਸਦਵਾਉ । / ਭੈ ਵਿਚਿ ਚਲਹਿ ਲਖ ਦਰੀਆਉ । / ਭੈ ਵਿਚ ਅਗਨਿ ਕਢੈ ਵੇਗਾਰਿ । / ਭੈ ਵਿਚਿ ਧਰਤੀ ਦਬੀ ਭਾਰਿ । / ਭੈ ਵਿਚ ਇੰਦੁ ਫਿਰੈ ਸਿਰ  ਭਾਰਿ । / ਭੈ ਵਿਚਿ ਰਾਜਾ ਧਰਮ ਦੁਆਰੁ’ ( ਅ.ਗ੍ਰੰ. 464 ) ।

              ਇਸ ਵਾਰ ਵਿਚ ਅਗਨੀ ਨੂੰ ਬੈਸੰਤਰ ( ਵੈਸ਼੍ਵਾਨਰ ) ਦੇਵਤਾ ਦੇ ਨਾਂ ਨਾਲ ਵੀ ਅੰਕਿਤ ਕੀਤਾ ਗਿਆ ਹੈ— ‘ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ… .’ ( ਅ.ਗ੍ਰੰ. 473 ) । ਬਿਲਾਵਲ ਰਾਗ ਵਿਚ ਗੁਰੂ ਅਰਜਨ ਦੇਵ ਨੇ ਬੈਸੰਤਰ ਸ਼ਬਦ ਨੂੰ ਸਾਧਾਰਣ ਅੱਗ ਵਜੋਂ ਵੀ ਵਰਤਿਆ ਹੈ— ‘ ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗੋ’ ( ਅ.ਗ੍ਰੰ. 808 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਅਗਨੀ ਦੇਵਤਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਗਨੀ ਦੇਵਤਾ   :   ਹਿੰਦੂਆਂ ਦਾ ਇਕ ਪ੍ਰਸਿੱਧ ਪ੍ਰਾਚੀਨ ਦੇਵਤਾ ਜਿਸ ਨੂੰ ਵੈਦਿਕ ਕਾਲ ਵਿਚ ਇਕ ਮਹੱਤਵਪੂਰਨ ਸਥਾਨ ਪ੍ਰਾਪਤ ਸੀ ਅਤੇ ਤਿੰਨ ਪ੍ਰਮੁੱਖ ਦੇਵਤਿਆਂ ਵਿਚੋਂ ਇਕ ਸੀ । ਵੇਦਾਂ ਵਿਚ ਇੰਦਰ ਤੋਂ ਬਾਅਦ ਅਗਨੀ ਦੇਵਤਾ ਨੂੰ ਹੀ ਵੱਧ ਤੋਂ ਵੱਧ ਰਿਚਾਵਾਂ ਸੰਬੋਧਨ ਕੀਤੀਆਂ ਗਈਆਂ ਹਨ ।

              ਅਗਨੀ ਦੇਵਤਾ ਦੀ ਉਤਪਤੀ ਬਾਰੇ ਕਈ ਪੌਰਾਣਿਕ ਕਥਾਵਾਂ ਪ੍ਰਚਲਿਤ ਹਨ । ਕਿਧਰੇ ਅਗਨੀ ਨੂੰ ਬ੍ਰਹਮਾ ਦਾ ਪੁੱਤਰ ਦੱਸਿਆ ਹੈ ਅਤੇ ਕਿਤੇ ਦਯੋਂਸ ਤੋਂ ਪ੍ਰਿਥਵੀ ਦੀ ਸੰਤਾਨ । ਇਕ ਹੋਰ ਪੌਰਾਣਿਕ ਕਥਾ ਅਨੁਸਾਰ ਅਗਨੀ ਅੰਗਿਰਸ ਦਾ ਪੁੱਤਰ ਸੀ ਅਤੇ ਇਕ ਹੋਰ ਕਥਾ ਇਸ ਨੂੰ ਕਸ਼ਯਪ ਅਤੇ ਅਦਿਤੀ ਦੀ ਸੰਤਾਨ ਦਰਸਾਉਂਦੀ ਹੈ । ਇਨ੍ਹਾਂ ਤੋਂ ਇਲਾਵਾ ਅਗਨੀ ਦੇਵਤਾ ਦੀ ਉਤਪਤੀ ਕੰਵਲ ਫੁੱਲ ਵਿਚੋਂ ਹੋਈ ਮੰਨੀ ਜਾਂਦੀ ਹੈ । ਵਿਸ਼ਨੂੰ ਪੁਰਾਣ ਵਿਚ ਅਗਨੀ ਦੇਵਤਾ ਨੂੰ ਬ੍ਰਹਮਾ ਦਾ ਵੱਡਾ ਪੁੱਤਰ ਦੱਸਿਆ ਹੈ ।

              ਅਗਨੀ ਦੇਵਤਾ ਦਾ ਸਰੂਪ ਬੜਾ ਆਲੌਕਿਕ ਹੈ । ਇਸ ਦੇ ਚਿਹਰੇ ਦਾ ਰੰਗ ਲਾਲ ਸੂਹਾ ਹੈ । ਇਸ ਦੇ ਦੋ ਮੂੰਹ ਅਤੇ ਸੱਤ ਜੀਭਾਂ ਹਨ । ਇਹ ਦੋ ਵੱਡੇ ਦੰਦਾਂ ਨਾਲ ਦੁਸ਼ਮਣ ਨੂੰ ਮੂੰਹ ਵਿਚ ਪਾ ਕੇ ਨਿਗਲ ਜਾਂਦਾ ਹੈ । ਇਸ ਦੇ ਹੱਥ ਵਿਚ ਲਾਟਾਂਦਾਰ ਬਰਛਾ ਧਾਰਨ ਕੀਤਾ ਹੋਇਆ ਹੈ । ਇਸ ਦਾ ਰਥ ਲਾਲ ਰੰਗ ਦੇ ਘੋੜੇ ਖਿੱਚਦੇ ਹਨ । ਇਕ ਭੇਡੂ ਹਮੇਸ਼ਾ ਇਸ ਦੇ ਨਾਲ ਰਹਿੰਦਾ ਹੈ ਜਿਸ ਦੀ ਸਵਾਰੀ ਇਹ ਲੋੜ ਪੈਣ ਤੇ ਕਰਦਾ ਹੈ ।

              ਪ੍ਰਿਥਵੀ ਉੱਤੇ ਹਰ ਘਰ ਵਿਚ ਅਗਨੀ ਦੇਵਤੇ ਦਾ ਨਿਵਾਸ ਹੈ । ਇਸੇ ਲਈ ਕਦੀ ਵੀ ਹਿੰਦੂ ਲੋਕ ਬਲਦੀ ਅਗਨੀ ਨੂੰ ਹਿਲਾਉਂਦੇ ਨਹੀਂ ਅਤੇ ਇਸ ਦੇ ਉੱਪਰ ਜੂਠਾ ਪਾਣੀ ਨਹੀਂ ਪਾਉਂਦੇ । ਹਿੰਦੂ ਪਵਿੱਤਰ ਮੌਕਿਆਂ ਉੱਤੇ ਅਗਨੀ ਦੇਵਤਾ ਦੀ ਅਰਾਧਨਾ ਅਤੇ ਯੱਗ ਕਰਕੇ ਹਨ । ਧਾਰਨਾ ਹੈ ਕਿ ਅਗਨੀ ਦੇਵਤਾ ਮ੍ਰਿਤਕ ਦੇਹ ਨੂੰ ਉਸੇ ਰੂਪ ਵਿਚ ਅਗਨੀ ਲੋਕ ਵਿਚ ਪਹੁੰਚਾ ਦੇਂਦਾ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-11-14-27, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਲੋਂ ਵਿ. ਕੋ. 1:123

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.