ਅਗਨੀ ਪੁਰਾਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਗਨੀ ਪੁਰਾਣ : ਸਾਹਿਤ ਵਿਚ ਇਸ ਪੁਰਾਣ ਦੀ ਗਿਆਨ ਦਾ ਵਿਸ਼ਾਲ ਭੰਡਾਰ ਹੋਣ ਦੇ ਕਾਰਨ ਖ਼ਾਸ ਥਾਂ ਹੈ। ਆਮ ਤੌਰ ਤੇ ਪੁਰਾਣ ਨੂੰ ‘ਪੰਚ ਲਕਸ਼ਣ’ ਕਹਿੰਦੇ ਹਨ ਕਿਉਂਕਿ ਇਸ ਵਿਚ ਸਰਗ, ਪ੍ਰਤੀ ਸਰਗ, ਵੰਸ਼, ਮਨਵੰਤਰ ਤੇ ਵੰਸ਼ਾਨੁਚਰਿਤ ਦਾ ਵਰਣਨ ਲਾਜ਼ਮੀ ਤੌਰ ਤੇ ਹੁੰਦਾ ਹੈ ਭਾਵੇਂ ਇਹ ਵਰਣਨ ਥੋੜ੍ਹਾ ਹੀ ਹੋਵੇ ਪਰ ਅਗਨੀ ਪੁਰਾਣ ਇਸ ਦਾ ਖੰਡਨ ਹੈ। ਇਸ ਵਿਚ ਪੁਰਾਣੇ ਭਾਰਤ ਦੀ ਸਾਧਾਰਣ (Exoteric) ਤੇ ਗੁਪਤ (Esoteric) ਵਿਦਿਆ ਅਤੇ ਕਈ ਤਰ੍ਹਾਂ ਦੇ ਭੌਤਿਕ ਸ਼ਾਸਤਰਾਂ ਦਾ ਵੇਰਵੇ ਨਾਲ ਇਤਨਾ ਵਰਣਨ ਕੀਤਾ ਗਿਆ ਹੈ ਕਿ ਇਸ ਨੂੰ ਅਸੀਂ ਇਕ ਵਿਸ਼ਾਲ ਵਿਸ਼ਵ ਕੋਸ਼ ਕਹਿ ਸਕਦੇ ਹਾਂ। ਅਨੰਦ-ਆਸ਼ਰਮ ਦੇ ਛਾਪੇ ਹੋਏ ਅਗਨੀ ਪੁਰਾਣ ਵਿਚ 383 ਅਧਿਆਇ ਤੇ 11,457 ਸ਼ਲੋਕ ਹਨ। ਪਰ ਨਾਰਦ ਪੁਰਾਣ ਅਨੁਸਾਰ ਇਸ ਵਿਚ ਪੰਦਰ੍ਹਾਂ ਹਜ਼ਾਰ ਸ਼ਲੋਕਾਂ ਦਾ ਤੇ ਮਤੱਸਯ ਪੁਰਾਣ ਅਨੁਸਾਰ ਇਸ ਨੂੰ ਸੋਲ੍ਹਾਂ ਹਜ਼ਾਰ ਸ਼ਲੋਕਾਂ ਦਾ ਸੰਗ੍ਰਹਿ ਦਸਿਆ ਗਿਆ ਹੈ। ਬਲਾਨ ਸੇਨ ਦੇ ‘ਦਾਨ-ਸਾਗਰ’ ਵਿਚ ਇਸੇ ਪੁਰਾਣ ਦੀਆਂ ਦਿੱਤੀਆਂ ਹੋਈਆਂ ਟੁਕਾਂ ਇਸ ਪੁਰਾਣ ਦੀ ਛਪੀ ਹੋਈ ਕਾਪੀ ਵਿਚ ਨਹੀਂ ਮਿਲਦੀਆਂ। ਇਸ ਕਰਕੇ ਇਸ ਦੇ ਕੁਝ ਅੰਸ਼ਾਂ ਦਾ ਗੁੰਮ ਹੋਣਾ ਤੇ ਨਾ ਮਿਲਣਾ ਅੰਦਾਜ਼ਨ ਠੀਕ ਮੰਨਿਆ ਜਾ ਸਕਦਾ ਹੈ।

          ਅਗਨੀ ਪੁਰਾਣ ਵਿਚ ਵਰਣਨ ਕੀਤੇ ਗਏ ਵਿਸ਼ਿਆਂ ਉਤੇ ਆਮ ਨਜ਼ਰ ਨਾਲ ਵੇਖਿਆਂ ਉਨ੍ਹਾਂ ਦੀ ਵਿਸ਼ਾਲਤਾ ਅਤੇ ਭਿੰਨਤਾ ਉਪਰ ਹੈਰਾਨੀ ਹੁੰਦੀ ਹੈ। ਸ਼ੁਰੂ ਵਿਚ ਦਸ ਅਵਤਾਰ (ਅਧਿ :1-16) ਤੇ ਦੁਨੀਆਂ ਦੀ ਉਤਪਤੀ (ਅਧਿ: 17-20) ਤੋਂ ਮਗਰੋਂ ਅਧਿਆਇ 21 ਤੋਂ 106 ਵਿਚ ਮੰਤਰ-ਸ਼ਾਸਤਰ ਅਤੇ ਉਸਾਰੀ-ਕਲਾ ਦਾ ਸੂਖਮ ਵਿਚਾਰ ਹੈ ਅਤੇ ਇਨ੍ਹਾਂ ਅਧਿਆਵਾਂ ਵਿਚ ਮੰਦਰ ਦੀ ਉਸਾਰੀ ਤੋਂ ਲੈ ਕੇ ਦੇਵਤੇ ਨੂੰ ਸਥਾਪਨ ਕਰਨ ਅਤੇ ਪੂਜਾ ਤੱਕ ਦਾ ਵਰਣਨ ਹੈ। ਭੂਗੋਲ (ਅਧਿ : 107-120), ਜੋਤਿਸ਼-ਸ਼ਾਸਤਰ ਤੇ ਵੈਦਿਕ (ਅਧਿ: 121-149) ਦੇ ਵੇਰਵੇ ਤੋਂ ਪਿੱਛੋਂ ਰਾਜਨੀਤੀ ਦਾ ਚੰਗੀ ਤਰ੍ਹਾਂ ਵਰਣਨ ਹੈ, ਜਿਸ ਵਿਚ ਤਾਜਪੋਸ਼ੀ, ਸਹਾਇਤਾ, ਜਾਇਦਾਦ, ਨੌਕਰ ਚਾਕਰ, ਕਿਲ੍ਹੇ, ਰਾਜ ਦਾ ਧਰਮ ਆਦਿ ਜ਼ਰੂਰੀ ਵਿਸ਼ਿਆਂ ਦਾ ਨਿਰਣਾ ਹੈ (ਅਧਿ : 219-245)। ਤੀਰ-ਅੰਦਾਜ਼ੀ ਦਾ ਵੇਰਵਾ ਬੜਾ ਵਾਕਫ਼ੀ ਭਰਪੂਰ ਹੈ, ਜਿਸ ਵਿਚ ਪੁਰਾਣੇ ਅਸਤਰਾਂ, ਸ਼ਸਤਰਾਂ ਤੇ ਫੌਜੀ ਸਿਖਲਾਈ ਦਾ ਬਹੁਤ ਚੰਗਾ ਅਤੇ ਪ੍ਰਮਾਣੀਕ ਵਰਣਨ ਹੈ (ਅਧਿ : 249-253)। ਆਖ਼ਰੀ ਹਿੱਸੇ ਵਿਚ ਆਯੁਰ ਵੇਦ ਦਾ ਖ਼ਾਸ ਵਰਣਨ ਕਈ ਅਧਿਆਵਾਂ ਵਿਚ ਹੈ ਅਧਿ : 279-305)। ਪਿੰਗਲ, ਅਲੰਕਾਰ, ਸ਼ਾਸਤਰ, ਵਿਆਕਰਣ ਤੇ ਕੋਸ਼ ਸਬੰਧੀ ਬਹੁਤ ਸਾਰੇ ਅਧਿਆਇ ਲਿਖੇ ਹੋਏ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅਗਨੀ ਪੁਰਾਣ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਗਨੀ ਪੁਰਾਣ  : ਇਹ ਅਗਨੀ ਦੇਵਤਾ ਰਾਹੀਂ ਵਸ਼ਿਸ਼ਟ ਰਿਸ਼ੀ ਨੂੰ ਸੁਣਾਇਆ ਗਿਆ ਇਕ ਪੁਰਾਣ ਹੈ। ਪੁਰਾਣ, ਸੰਸਕ੍ਰਿਤ ਭਾਸ਼ਾ ਵਿਚ ਲਿਖੇ ਹਿੰਦੂ ਧਰਮ ਦੇ ਮਹਾਨ ਗ੍ਰੰਥ ਹਨ। ਇਹ ਸਿਮ੍ਰਤੀਆਂ ਦਾ ਭਾਗ ਹਨ। ਇਨ੍ਹਾਂ ਦੇ ਲਿਖਣ ਦਾ ਸਮਾਂ ਨਿਸ਼ਚਿਤ ਨਹੀਂ ਪਰ ਖ਼ਿਆਲ ਹੈ ਕਿ ਇਹ ਛੇਵੀਂ ਸਦੀ ਈ. ਤੋਂ ਲੈ ਕੇ ਸੋਲ੍ਹਵੀ ਸਦੀ ਈ. ਦੇ ਵਿਚਕਾਰ ਲਿਖੇ ਗਏ। ਪੁਰਾਣਾਂ ਵਿਚ 18 ਮਹਾਪੁਰਾਣ ਅਤੇ 18 ਤੋਂ 88 ਤਕ ਉਪਪੁਰਾਣ ਸ਼ਾਮਲ ਹਨ। ਹਰੇਕ ਪੁਰਾਣ ਦੇ ਆਪਣੇ ਆਪਣੇ ਲੱਛਣ ਹਨ। ਮਹਾਪੁਰਾਣ ਵਧੇਰੇ ਮਹੱਤਵਪੂਰਨ ਹਨ।

        18 ਮਹਾਪੁਰਾਣਾਂ ਵਿਚ ਛੇ ਵਿਸ਼ਨੂੰ ਪੁਰਾਣ, ਛੇ ਸ਼ਿਵ ਪੁਰਾਣ ਅਤੇ ਛੇ ਬ੍ਰਹਮਾ ਪੁਰਾਣ ਹਨ। ਅਗਨੀ ਪੁਰਾਣ ਜੋ ਲਗ ਭਗ ਦੱਸਵੀਂ ਸਦੀ ਵਿਚ ਲਿਖਿਆ ਗਿਆ, ਛੇ ਸ਼ਿਵ ਪੁਰਾਣਾਂ ਵਿਚ ਸ਼ਾਮਲ ਹੈ। ਇਥੇ ਪੁਰਾਣ ਬਾਰੇ ਕਿਹਾ ਜਾਂਦਾ ਹੈ ਕਿ ਇਹ ਅਗਨੀ ਦੇਵਤਾ ਨੇ ਰਿਸ਼ੀ ਵਸ਼ਿਸ਼ਟ ਨੂੰ ਸੁਣਾਇਆ ਸੀ। ਇਸ ਵਿਚ ਬਹੁਤ ਕੁਝ ਅਜਿਹਾ ਸ਼ਾਮਲ ਹੈ ਜੋ ਗ੍ਰੰਥਾਂ ਤੋਂ ਲਿਆ ਗਿਆ ਹੈ। ਇਸ ਵਿਚ ਸ੍ਰਿਸ਼ਟੀ, ਅਵਤਾਰ ਪੂਜਾ ਵਿਧੀਆਂ, ਸ਼ਿਵ ਪੂਜਾ, ਯੁੱਧ-ਕਲਾ, ਬਾਦਸ਼ਾਹ ਦੇ ਕਰਤਵਾਂ, ਦਵਾ ਦਾਰੂ ਆਦਿ ਬਾਰੇ ਵੇਰਵੇ ਮਿਲਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-11-15-25, ਹਵਾਲੇ/ਟਿੱਪਣੀਆਂ: ਹ. ਪੁ.–ਹਿੰ. ਵ.; ਪੰ. ਲੋ. ਵਿ. ਕੋ. ; ਏ ਕਲਾਸੀਕਲ ਡਿਕਸ਼ਨਰੀ ਆਫ਼ ਇੰਡੀਆ-ਜਾਹਨ ਗੈਰੇਟ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.