ਅਗਨੀ ਪੂਜਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਗਨੀ ਪੂਜਾ : ਅੱਗ ਬਾਰੇ ਬੁੰਦੇਹਿਸ਼ ਕਾਂਡ 17, 4, 5 ਵਿਚ ਲਿਖਿਆ ਮਿਲਦਾ ਹੈ ਕਿ ਈਰਾਨ ਦੇ ਮਿਥਿਹਾਸਕ ਬਾਦਸ਼ਾਹ ਤਖਮੂਰਬ ਦੇ ਜ਼ਮਾਨੇ ਵਿਚ ਕੁਝ ਆਦਮੀ ਖ਼ੌਨੀਰਸ ਦੀ ਵਲਾਇਤ ਲਈ ਸਰਸੌਗ ਨਾਂ ਦੀ ਇਕ ਅਨੋਖੀ ਗਊ ਉਤੇ ਸਵਾਰ ਹੋ ਕੇ ਸੈਰ ਕਰਨ ਲਈ ਚਲ ਪਏ। ਮਿਥਿਹਾਸ ਅਨੁਸਾਰ ਸਾਰੀ ਸ੍ਰਿਸ਼ਟੀ ਨੂੰ ਸੱਤਾਂ ਵਲਾਇਤਾਂ ਵਿਚ ਵੰਡਿਆ ਗਿਆ ਹੈ ਤੇ ਖੌਨੀਰਸ ਇਨ੍ਹਾਂ ਸੱਤਾਂ ਵਲਾਇਤਾਂ ਵਿਚੋਂ ਇਕ ਕੇਂਦਰ ਵਲਾਇਤ ਸੀ ਜਿਸ ਵਿਚ ਮਨੁੱਖੀ ਵਸੋਂ ਸੀ। ਬਾਕੀ ਦੀਆਂ ਛੇ ਵਲਾਇਤਾਂ ਵਿਚ ਜਾਣਾ ਅਸੰਭਵ ਸੀ, ਕੇਵਲ ਗਾਂ ਦੀ ਪਿੱਠ ਉਤੇ ਬੇਠ ਕੇ ਹੀ ਉਥੇ ਪੁੱਜਿਆ ਜਾ ਸਕਦਾ ਸੀ। ਉਨ੍ਹਾਂ ਆਦਮੀਆਂ ਨੇ ਉਸ ਗਊ ਦੀ ਪਿੱਠ ਤੇ ਬੈਠ ਕੇ ਸਾਰੀਆਂ ਵਲਾਇਤਾਂ ਦੀ ਸੈਰ ਕੀਤੀ। ਇਕ ਰਾਤ ਜਦੋਂ ਉਹ ਐਨ ਸਮੁੰਦਰ ਵਿਚਕਾਰ ਜਾ ਰਹੇ ਸਨ ਤਾਂ ਉਹ ਤਿੰਨ ਅੱਗਾਂ ਜੋ ਉਸ ਗਊ ਦੀ ਪਿੱਠ ਤੇ ਜਲ ਰਹੀਆਂ ਸਨ, ਹਵਾਂ ਨਾਲ ਸਮੁੰਦਰ ਵਿਚ ਡਿੱਗ ਪਈਆਂ, ਪਰ ਸਮੁੰਦਰ ਵਿਚ ਡਿੱਗਣ ਮਗਰੋਂ ਤਿੰਨੇ ਅੱਗਾਂ ਫਿਰ ਨਵੇਂ ਸਿਰਿਓਂ ਉਸ ਗਊ ਦੀ ਪਿੱਠ ਉਤੇ ਫੁੱਟ ਪਈਆਂ, ਜਿਸ ਥਾਂ ਉਹ ਪਹਿਲਾਂ ਹੀ ਬਲ ਰਹੀਆਂ ਸਨ ਅਤੇ ਉਨ੍ਹਾਂ ਦੀ ਲੋ ਨਾਲ ਹਰ ਪਾਸੇ ਰੋਸ਼ਨੀ ਹੋ ਗਈ।
ਇਨ੍ਹਾਂ ਤਿੰਨਾਂ ਅੱਗਾਂ ਦੇ ਨਾਂ ਇਹ ਸਨ––
(1) ਆਜ਼ਰਿ-ਫ਼ੱਰਬਗ (2) ਆਜ਼ਰਿ-ਗੁਸ਼ਨਸਪ ਅਤੇ (3) ਆਜ਼ਰਿ-ਬੁਰਜ਼ੀਨ-ਮਿਹਰ। ਇਨ੍ਹਾਂ ਤਿੰਨਾਂ ਅੱਗਾਂ ਦਾ ਸਬੰਧ ਉਸ ਸਮੇਂ ਦੀਆਂ ਤਿੰਨ ਸਮਾਜਕ ਸ਼੍ਰੇਣੀਆਂ ਨਾਲ ਮੰਨਿਆ ਜਾਂਦਾ ਸੀ, ਜਿਨ੍ਹਾਂ ਦੀ ਨੀਂਹ ਮਿਥਿਹਾਸ ਅਨੁਸਾਰ ਜ਼ਰਤੁਸ਼ਤ ਦੇ ਤਿੰਨ ਪੁੱਤਰਾਂ ਨੇ ਰੱਖੀ ਸੀ। ਆਜ਼ਰਿ ਫ਼ੱਰਬਗ ਤਾਂ ਮਜ਼੍ਹਬੀ ਆਗੂਆਂ ਦੀ ਅੱਗ ਸੀ। ਆਜ਼ਰਿ-ਗੁਸ਼ਨਸਪ ਸਿਪਾਹੀਆਂ ਦੀ ਅੱਗ ਸੀ ਅਤੇ ਆਜ਼ਰਿ-ਬੁਰਜ਼ੀਨ-ਮਿਹਰ ਕਿਸਾਨਾਂ ਦੀ ਅੱਗ ਸੀ। (ਇਨ੍ਹਾਂ ਤਿੰਨਾਂ ਸ਼੍ਰੇਣੀਆਂ ਦਾ ਭਾਰਤੀ ਸਮਾਜ ਦੀਆਂ ਤਿੰਨਾਂ ਸ਼੍ਰੇਣੀਆਂ––ਬ੍ਰਾਹਮਣਾਂ, ਕਸ਼ੱਤਰੀਆਂ ਅਤੇ ਵੈਸ਼ਾਂ–ਨਾਲ ਟਾਕਰਾ ਕੀਤਾ ਜਾ ਸਕਦਾ ਹੈ)
ਪ੍ਰੋਫ਼ੈਸਰ ਕ੍ਰਿਸਟਨ ਸੇਨ ਲਿਖਦਾ ਹੈ ਕਿ ਆਜ਼ਰਿ-ਫ਼ਰੱਬਗ ਦਾ ਅਗਨੀ-ਮੰਦਰ ਫ਼ਾਰਸ ਦੇ ਸੂਬੇ ਵਿਚ ਕਾਰਯਾਨ ਦੇ ਸਥਾਨ ਤੇ ਸੀ। ਆਜ਼ਰਿ-ਗੁਸ਼ਨਸਪ ਦਾ ਅਗਨੀ-ਮੰਦਰ ਸੂਬਾ ਆਜ਼ਰਬਾਈਜਾਨ ਦੇ ਸ਼ੀਜ਼ ਨਾਮੀ ਸ਼ਹਿਰ ਵਿਚ ਸੀ। ਇਹ ਮੰਦਰ ਬਹੁਤ ਮਹੱਤਤਾ ਵਾਲਾ ਮੰਨਿਆ ਜਾਂਦਾ ਸੀ ਅਤੇ ਬਾਦਸ਼ਾਹ ਪੈਦਲ ਚੱਲ ਕੇ ਇਥੇ ਆਉਂਦੇ ਤੇ ਪੂਜਾ ਕਰਦੇ ਸਨ। ਆਜ਼ਰਿ-ਬੁਰਜ਼ੀਨ-ਮਿਹਰ ਦਾ ਅਗਨੀ-ਮੰਦਰ ਨੇਸ਼ਾਪੁਰ ਦੇ ਉੱਤਰ-ਪੱਛਮ ਵਿਚ ਮਿਹਰ ਨਾਂ ਦੇ ਸਥਾਨ ਉੱਤੇ ਸੀ।
ਇਨ੍ਹਾਂ ਤਿੰਨਾਂ ਅੱਗਨੀ-ਮੰਦਰਾਂ ਦੀ ਬੜੀ ਮਹੱਤਤਾ ਸੀ ਤੇ ਜਦੋਂ ਕਦੇ ਕਿਸੇ ਹੋਰ ਅਗਨੀ ਮੰਦਰ ਦੀ ਅੱਗ ਬੁਝ ਜਾਂਦੀ ਸੀ ਤਾਂ ਇਨ੍ਹਾਂ ਵਿਚੋਂ ਅੱਗ ਲਿਆ ਕੇ ਉਥੇ ਨਵੇਂ ਸਿਰਿਓਂ ਬਾਲੀ ਜਾਂਦੀ ਸੀ।
ਪੁਰਾਣੇ ਈਰਾਨੀਆਂ ਵਿਚ ਅਗਨੀ-ਪੂਜਾ ਦੇ ਤਿੰਨ ਦਰਜੇ ਸਨ। ਪਹਿਲੀ ਘਰ ਦੀ ਪਵਿੱਤਰ ਅੱਗ ਜਿਸ ਦੀ ਰਖਵਾਲੀ ਘਰ ਦੇ ਮੁਖੀ ਦੇ ਜ਼ੁੰਮੇ ਹੁੰਦੀ ਸੀ। ਇਸ ਮੁਖੀ ਨੂੰ ਮਾਨਬਦ ਕਹਿੰਦੇ ਸਨ। ਦੂਜੀ ਕਬੀਲੇ ਜਾਂ ਪਿੰਡ ਦੀ ਪਵਿਤਰ ਅੱਗ ਇਸ ਦੀ ਰਖਵਾਲੀ ਲਈ ਘੱਟੋ ਘੱਟ ਦੋ ਹੇਰਬਦ ਰੱਖੇ ਜਾਂਦੇ ਸਨ ਪਰ ਇਲਾਕੇ ਦੀ ਅੱਗ ਦੀ ਰਖਵਾਲੀ ਲਈ ਇਕ ਮੋਬਦ ਹੁੰਦਾ ਸੀ। ਮੋਬਦ ਦੇ ਅਧੀਨ ਕਈ ਹੇਰਬਦ ਹੁੰਦੇ ਸਨ।
ਸਾਸਾਨੀ ਅਵੇਸਤਾ ਦੇ ਇਕ ‘ਨਸਕ’ ਵਿਚ ਅਗਨੀ ਪੂਜਾ ਦੇ ਨੇਮ ਇਉਂ ਦੱਸੇ ਹਨ। ਅਗਨੀ-ਮੰਦਰ ਦੀ ਹਵਾ ਨੂੰ ਸ਼ੁੱਧ ਰੱਖਣ ਵਾਸਤੇ ਲੋਬਾਣ ਧੁਖਾਇਆ ਜਾਂਦਾ ਸੀ। ਹਰ ਹੇਰਬਦ ਆਪਣੇ ਮੂੰਹ ਉਤੇ ਪੱਟੀ ਬੰਨ੍ਹ ਕੇ ਰੱਖਦਾ ਸੀ ਤਾਂ ਜੋ ਸਵਾਸਾਂ ਨਾਲ ਅਗਨੀ ਅਪਵਿੱਤਰ ਨਾ ਹੋ ਜਾਏ। ਉਹ ਧਾਰਮਿਕ ਰੀਤੀ ਨਾਲ ਪਵਿੱਤਰ ਕੀਤੀ ਲਕੜੀ ਦੇ ਟੁਕੜੇ ਹੌਲੀ ਹੌਲੀ ਲਗਾਤਾਰ ਅੱਗ ਵਿਚ ਸੁੱਟਦਾ ਜਾਂਦਾ ਸੀ ਤਾਂ ਜੋ ਇਹ ਅੱਗ ਬੁਝ ਨਾ ਜਾਏ। ਹੋਰ ਦਰਖ਼ਤਾਂ ਤੋਂ ਛੁੱਟ ਇਕ ਖ਼ਾਸ ਦਰਖ਼ਤ ਹਜ਼ਾਨੈਪਤਾ ਦੀ ਲਕੜੀ ਇਸ ਕੰਮ ਲਈ ਵਰਤੀ ਜਾਂਦੀ ਸੀ। ਟਹਿਣੀਆਂ ਦੇ ਇਕ ਮੁੱਠੇ ਨਾਲ, ਜਿਸ ਨੂੰ ਬ੍ਰਸਮਾ ਕਿਹਾ ਜਾਂਦਾ ਸੀ ਅਤੇ ਜਿਸ ਨੂੰ ਇਕ ਖ਼ਾਸ ਧਾਰਮਕ ਰੀਤੀ ਨਾਲ ਤਿਆਰ ਕੀਤਾ ਜਾਂਦਾ ਸੀ, ਉਸ ਅਗਨੀ ਨੂੰ ਫਰੋਲਿਆ ਜਾਂਦਾ ਸੀ। ਇਉਂ ਕਰਦਿਆਂ ਨਾਲ ਨਾਲ ਮੰਤਰ ਵੀ ਪੜ੍ਹੇ ਜਾਂਦੇ ਸਨ। ਇਸ ਦੇ ਮਗਰੋਂ ਅਗਨੀ-ਮੰਦਰਾਂ ਦੇ ਹੇਰਬਦ ਹੋਮ ਦਾ ਚੜ੍ਹਾਵਾਂ ਚੜ੍ਹਾਉਂਦੇ ਸਨ। ਇਸ ਚੜ੍ਹਾਵੇਂ ਦਾ ਤਰੀਕਾ ਇਹ ਸੀ––ਹੋਮ ਨਾਂ ਦੇ ਬਿਰਛ ਦੀਆਂ ਟਹਿਣੀਆਂ ਲੈ ਕੇ ਉਨ੍ਹਾਂ ਨੂੰ ਸ਼ੁੱਧ ਕੀਤਾ ਜਾਂਦਾ ਸੀ, ਫਿਰ ਉਨ੍ਹਾਂ ਨੂੰ ਹਾਵਨ-ਦਸਤੇ ਵਿਚ ਕੱਟਿਆ ਜਾਂਦਾ ਸੀ ਤੇ ਨਾਲ-ਨਾਲ ਹੇਰਬਦ ਅਵੇਸਤਾ ਦੇ ਮੰਤਰ ਪੜ੍ਹਦਾ ਜਾਂਦਾ ਸੀ। ਇਹ ਕੰਮ ਬੜਾ ਲੰਬਾ ਚੌੜਾ ਅਤੇ ਗੁੰਝਲਦਾਰ ਹੁੰਦਾ ਸੀ ਜਿਸ ਨੂੰ ਧਾਰਮਕ ਰੀਤੀ ਅਨੁਸਾਰ ਪੂਰਾ ਕੀਤਾ ਜਾਂਦਾ ਸੀ।
ਹੋਮ ਦਾ ਚੜ੍ਹਾਵਾ ਚੜ੍ਹਾਉਂਦੇ ਸਮੇਂ ਮੰਦਰ ਦਾ ਵੱਡਾ ਪੁਜਾਰੀ ਜਿਸ ਨੂੰ ਜ਼ੋਤਰ ਕਹਿੰਦੇ ਸਨ, ਨਿਸ਼ਚਿਤ ਵਿਧੀ ਅਨੁਸਾਰ ਖ਼ਾਸ ਖ਼ਾਸ ਮੰਤਰਾਂ ਦਾ ਉਚਾਰਨ ਕਰਦਾ ਜਾਂਦਾ ਸੀ। ਉਹ ਕਈ ਤਰ੍ਹਾਂ ਦੀਆਂ ਰਸਮਾਂ ਅਦਾ ਕਰਦਾ ਸੀ। ਇਸ ਅਮਲ ਦੇ ਨਾਲ ਨਾਲ ਬ੍ਰਸਮਾ ਨੂੰ ਵੀ ਵਰਤਿਆ ਜਾਂਦਾ ਸੀ। ਇਸ ਕੰਮ ਵਿਚ ਜ਼ੋਤਰ ਦੇ ਸੱਤ ਸਹਾਇਕ ਹੁੰਦੇ ਸਨ ਜਿਨ੍ਹਾਂ ਨੂੰ ਰਤੁਵ ਕਹਿੰਦੇ ਸਨ। ਹਰ ਇਕ ਰਤੁਵ ਦੇ ਜ਼ਮੇ ਵਖਰਾ ਵਖਰਾ ਕੰਮ ਸੀ। ਪਹਿਲੇ ਰਤਵ ਜਿਸ ਨੂੰ ‘ਹਾਵਨਾਨ’ ਕਹਿੰਦੇ ਸਨ, ਦਾ ਕੰਮ ਹਾਵਨ ਵਿਚ ਹੋਮ ਨੂੰ ਕੱਟਣਾ ਹੁੰਦਾ ਸੀ। ਦੂਜੇ ਨੂੰ ‘ਆਤਰ-ਵਖਸ਼’ ਕਹਿੰਦੇ ਸਨ। ਇਸ ਦਾ ਕੰਮ ਅੱਗ ਦੀ ‘ਰਖਵਾਲੀ ਕਰਨਾ ਅਤੇ ਜ਼ੋਤਰ ਨਾਲ ਰਲ ਕੇ ਮੰਤਰ ਪੜ੍ਹਨਾ ਹੁੰਦਾ ਸੀ। ਤੀਜੇ ਰਤਵ ਦਾ ਨਾਂ ‘ਫਰਾ-ਬਰਾਤਰ’ ਸੀ ਜੋ ਲਕੜੀਆਂ ਲਿਆ ਲਿਆ ਕੇ ਅੱਗ ਵਿਚ ਸੁੱਟਦਾ ਜਾਂਦਾ ਸੀ। ਚੌਥੇ ਨੂੰ ‘ਆਬਰਤਾਂ’ ਕਹਿੰਦੇ ਸਨ ਜੋ ਪਾਣੀ ਢੋਂਦਾ ਸੀ। ਪੰਜਵਾਂ ‘ਆਸਨਤਰ’ ਸੀ ਜੋ ਕੁੱਟੇ ਹੋਏ ਹੋਮ ਨੂੰ ਛਾਣਦਾ ਸੀ। ਛੇਵੇਂ ਨੂੰ ‘ਰੈਸ ਵਿਸ਼ਕਰ’ ਕਹਿੰਦੇ ਸਨ। ਇਹ ਹੋਮ ਨੂੰ ਦੁੱਧ ਵਿਚ ਰਲਾਉਂਦਾ ਸੀ। ਸੱਤਵਾਂ ‘ਸਰੋਸ਼ਾਵਰਜ਼’ ਸੀ ਜੋ ਸਾਰਿਆਂ ਦੇ ਕੰਮ ਦੀ ਦੇਵ ਭਾਲ ਕਰਦਾ ਸੀ। ਹੇਰਬਦ ਅਗਨੀ-ਮੰਦਰਾਂ ਵਿਚ ਪੰਜ ਵੇਲੇ ਖ਼ਾਸ ਖ਼ਾਸ ਮੰਤਰ ਪੜ੍ਹਦੇ ਅਤੇ ਧਾਰਮਕ ਰੀਤਾਂ ਪੂਰੀਆਂ ਕਰਦੇ ਸਨ।
ਸਾਰੇ ਹੀ ਅਗਨੀ-ਮੰਦਰ ਇਕੋ ਨਮੂਨੇ ਅਨੁਸਾਰ ਬਣੇ ਹੋਏ ਹੁੰਦੇ ਸਨ। ਇਕ ਹਵਨ-ਕੁੰਡ ਪੂਜਾ ਦਾ ਕੇਂਦਰ ਸਥਾਨ ਹੁੰਦਾ ਸੀ ਜਿਸ ਵਿਚ ਪਵਿੱਤਰ ਅਗਨੀ ਸਦਾ ਜਲਦੀ ਰਹਿੰਦੀ ਸੀ। ਆਮ ਤੌਰ ਤੇ ਹਰ ਅਗਨੀ-ਮੰਦਰ ਦੇ ਅੱਠ ਦਰਵਾਜੇ ਅਤੇ ਕੁਝ ਅੱਠ-ਕੋਨੇ ਕਮਰੇ ਹੁੰਦੇ ਸਨ। ਈਰਾਨ ਦੇ ਸ਼ਹਿਰ ਯਜ਼ਦ ਵਿਚ ਇਸ ਨਮੂਨੇ ਦਾ ਇਕ ਪੁਰਾਣਾ ਅਗਨੀ-ਮੰਦਰ ਹੁਣ ਵੀ ਮੌਜੂਦ ਹੈ।
ਜ਼ਰਤੁਸ਼ਤ ਦੇ ਧਰਮ ਵਿਚ ਇਹ ਸਿਧਾਂਤ ਪੱਕੀ ਤਰ੍ਹਾਂ ਮੰਨਿਆ ਜਾ ਚੁੱਕਾ ਸੀ ਕਿ ਪਵਿੱਤਰ ਅੱਗਨੀ ਉਤੇ ਸੂਰਜ ਦੀ ਰੋਸ਼ਨੀ ਨਹੀਂ ਪੈਣੀ ਚਾਹੀਦੀ। ਸੋ ਨਵੇਂ ਢੰਗ ਦੇ ਅਗਨੀ-ਮੰਦਰਾਂ ਦੇ ਐਨ ਵਿਚਕਾਰ ਇਕ ਬਿਲਕੁਲ ਹਨੇਰੇ ਕਮਰੇ ਵਿਚ ਅਗਨੀ-ਕੁੰਡ ਬਣਾਇਆ ਜਾਂਦਾ ਸੀ।
ਹ. ਪੁ.––ਈਰਾਨ ਬ-ਅਹਦੇ ਸਾਸਨੀਆ, ਉਲਥਾਕਾਰ––ਡਾ: ਮੁਹੰਮਦ ਇਕਬਾਲ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First