ਅਛੂਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਛੂਤ ( ਨਾਂ , ਇ ) ਛੋਹਣ ਦੇ ਅਯੋਗ; ਨੀਵੀਂ ਜਾਤ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਛੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਛੂਤ [ ਵਿਸ਼ੇ ] ਜਿਸ ਨੂੰ ਛੂਹਣਯੋਗ ਨਾ ਸਮਝਿਆ ਜਾਵੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਛੂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਛੂਤ. ਵਿ— ਸਪਰਸ਼ ਰਹਿਤ. “ ਅਛੂਤ.” ( ਜਾਪੁ ) ੨ ਨੀਚ , ਜਿਸ ਨੂੰ ਛੁਹਣਾ ਪਾਪ ਸਮਝਿਆ ਜਾਂਦਾ ਹੈ. ਨਾ ਛੁਹਣ ਯੋਗ੍ਯ. ਗੁਰੁਮਤ ਵਿੱਚ ਕੋਈ ਜਾਤਿ ਜਨਮ ਦੇ ਕਾਰਣ ਅਛੂਤ ਨਹੀਂ , ਮਲੀਨਤਾ ਅਤੇ ਭ੍ਰ੄਍੠ਚਾਰ ਤੋਂ ਅਛੂਤ ਗਿਣੀਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਛੂਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਛੂਤ : ਜਿਨ੍ਹਾਂ ਲੋਕਾਂ ਤੋਂ ਛੂਤ-ਛਾਤ ਕੀਤੀ ਜਾਂਦੀ ਸੀ ਉਨ੍ਹਾਂ ਨੂੰ ਅਛੂਤ ਆਖਦੇ ਹਨ ।

                  ਸੰਨ 1931 ਦੀ ਮਰਦਮ ਸ਼ੁਮਾਰੀ ਰਿਪੋਰਟ ਜਿਲਦ ਪਹਿਲੀ , ਭਾਗ ਪਹਿਲਾ , ਜ਼ਮੀਮਾ ਪਹਿਲਾ , ਪੰਨਾ 472 ਅਨੁਸਾਰ ਅਜਿਹੀਆਂ ਜਾਤੀਆਂ ਦੀ ਪਰਖ ਲਈ ਹੇਠ ਲਿਖੀਆਂ ਗੱਲਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਸਨ : – –

  1. ਕੀ ਇਸ ਜਾਤੀ ਜਾਂ ਸ਼੍ਰੇਣੀ ਦੇ ਲੋਕਾਂ ਦੀ ਕਿਰਤ ਉੱਚ-ਜਾਤੀ ਦੇ ਬ੍ਰਾਹਮਣ ਕਮਾ ਸਕਦੇ ਹਨ ?
  2. ਕੀ ਉੱਚ-ਜਾਤੀ ਦੇ ਹਿੰਦੂਆਂ ਵਾਂਗ ਇਸ ਜਾਤੀ ਜਾਂ ਸ਼੍ਰੇਣੀ ਦੇ ਲੋਕਾਂ ਦਾ ਵੀ ਨਾਈ , ਝੀਵਰ , ਦਰਜ਼ੀ ਆਦਿ ਲਾਗੀ ਕੰਮ ਕਰ ਸਕਦੇ ਹਨ ?
  3. ਕੀ ਕਿਸੇ ਉੱਚ-ਜਾਤੀ ਦਾ ਹਿੰਦੂ ਇਸ ਜਾਤੀ ਜਾਂ ਸ਼੍ਰੇਣੀ ਦੇ ਬੰਦੇ ਨਾਲ ਲੱਗਣ ਜਾਂ ਛੁਹਣ ਤੇ ਭਿੱਟਿਆ ਜਾਂਦਾ ਹੈ ?
  4. ਕੀ ਇਸ ਸ਼੍ਰੇਣੀ ਜਾਂ ਜਾਤੀ ਦੇ ਬੰਦਿਆਂ ਕੋਲੋਂ ਉੱਚ-ਜਾਤੀ ਦਾ ਹਿੰਦੂ ਪਾਣੀ ਲੈ ਕੇ ਪੀ ਸਕਦਾ ਹੈ ?
  5. ਕੀ ਇਸ ਜਾਤੀ ਜਾਂ ਸ਼੍ਰੇਣੀ ਦੇ ਬੰਦਿਆਂ ਨੂੰ ਸੜਕਾਂ ਤੇ ਚੱਲਣ , ਕਿਸ਼ਤੀਆਂ ਤੇ ਚੜ੍ਹਨ , ਖੂਹਾਂ ਤੋਂ ਪਾਣੀ ਭਰਨ ਜਾਂ ਸਕੂਲਾਂ ਵਿਚ ਮੁੰਡੇ ਦਾਖ਼ਲ ਕਰਾਉਣ ਆਦਿ ਜਿਹੀਆਂ ਆਮ ਲੋਕਾਂ ਵਾਲੀਆਂ ਸਹੂਲਤਾਂ ਜਾਂ ਖੁਲ੍ਹਾਂ ਪ੍ਰਾਪਤ ਹਨ ?
  6. ਕੀ ਇਸ ਜਾਤੀ ਜਾਂ ਸ਼੍ਰੇਣੀ ਨੂੰ ਹਿੰਦੂ ਮੰਦਰਾਂ ਦੀ ਵਰਤੋਂ ਦੀ ਖੁੱਲ੍ਹ ਹੈ ?
  7. ਕੀ ਆਮ ਸਮਾਜਕ ਮੇਲ-ਜੋਲ ਵਿਚ ਇਸ ਜਾਤੀ ਜਾਂ ਸ਼੍ਰੇਣੀ ਦੇ ਚੰਗੇ ਪੜ੍ਹੇ-ਲਿਖੇ ਬੰਦੇ ਨੂੰ ਸਵਰਨ ਜਾਤੀ ਦੇ ਉਸ ਜਿੰਨੀ ਵਿਦਿਆਕ ਯੋਗਤਾ ਰੱਖਣ ਵਾਲੇ ਬੰਦੇ ਦੇ ਬਰਾਬਰ ਸਮਝਿਆ ਜਾਂਦਾ ਹੈ ?
  8. ਕੀ ਇਸ ਜਾਤੀ ਜਾਂ ਸ਼੍ਰੇਣੀ ਨੂੰ ਕੇਵਲ ਇਸ ਦੀ ਆਪਣੀ ਅਨਪੜ੍ਹਤਾ , ਗ਼ਰੀਬੀ ਜਾਂ ਜਹਾਲਤ ਕਾਰਨ ਹੀ ਦਲਿਤ ਜਾਤੀ ਸਮਝਿਆ ਜਾਂਦਾ ਹੈ ਅਤੇ ਕੀ ਇਸ ਤੋਂ ਸਿਵਾ ਇਸ ਉਪਰ ਹੋਰ ਕੋਈ ਸਮਾਜਕ ਰੋਕ-ਟੋਕ ਤਾਂ ਨਹੀਂ ?
  9. ਕੀ ਇਸ ਜਾਤੀ ਜਾਂ ਸ਼੍ਰੇਣੀ ਨੂ ਕੇਵਲ ਇਸ ਦੇ ਪੇਸ਼ੇ ਕਾਰਨ ਹੀ ਦਲਿਤ ਸਮਝਿਆ ਜਾਂਦਾ ਹੈ ਅਤੇ ਕੀ ਇਸ ਤੋਂ ਛੁੱਟ ਇਹ ਕਿਸੇ ਹੋਰ ਸਮਾਜਕ ਰੋਕ-ਟੋਕ ਦੀ ਭਾਗੀ ਹੈ ?

                  ਭਾਰਤ ਵਿਚ ਕੁਝ ਅਜਿਹੇ ਮਨੁੱਖੀ ਪਰਿਵਾਰ ਹਨ ਜਿਨ੍ਹਾਂ ਦੇ ਨਾਲ ਲੱਗਣ ਨਾਲ ਭਿੱਟ ਮੰਨੀ ਜਾਂਦੀ ਸੀ । ਇਨ੍ਹਾਂ ਹੀ ਜਾਤਾਂ ਨੂੰ ਅਛੂਤ ਕਿਹਾ ਜਾਂਦਾ ਸੀ ( ਵਿਸ਼ਨੂੰ ਧਰਮ ਸੂਤ੍ਰ 5-104 , ਮਨੂੰ 4 , 61 , ਵੇਦ ਵਿਆਸ 1 , 11 , 12 ) ਅੰਤਯ ਅਰਥਾਤ ਸ਼ੂਦਰ ( ਵਸ਼ਿਸ਼ਠ ਧਰਮ ਸੂਤ੍ਰ 16/30 ) ਅਤੇ ਬਾਹਯ ਅਰਥਾਤ ਬਾਹਰਲੇ ( ਆਪ ਸਤੰਬ 1 , 2 , 39 , 14 ) ਵੀ ਇਨ੍ਹਾਂ ਦੇ ਹੀ ਨਾਂ ਹਨ । ਅੰਤਯਾਵਸਾਈ ( ਗੌਤਮ 20/1 , ਮਨੂ 4/79 ) ਇਨ੍ਹਾਂ ਵਿਚੋਂ ਸਭ ਤੋਂ ਨੀਵੇਂ ਸਨ । ਮਿਤਾਕਸ਼ਰਾ ( ਯਾਗਯ 3/285 ) ਅਨੁਸਾਰ ਅੰਤੋਯਜਾਂ ਦੇ ਦੋ ਹਿੱਸੇ ਸਨ– – ਪਹਿਲੇ ਉੱਤੇ ਅੰਤਯਜ ਅਤੇ ਦੂਜੇ ਨੀਵੇਂ ਅੰਤਯਜ ਜਿਨ੍ਹਾਂ ਵਿਚ ਸੱਤ ਜਾਤਾਂ– – ਚੰਡਾਲ , ਸ਼ਵਪਚ , ਕੁਸ਼ੱਤਾ , ਸੂਤ , ਵੈਦੇਰਿਕ , ਮਾਗਧ ਅਤੇ ਆਯੋਗਵ ਸਨ । ਸਮ੍ਰਿਤੀਆਂ ਵਿਚ ਅੰਤਯਜਾਂ ਦੀਆਂ ਵੱਖ-ਵੱਖ ਸੂਚੀਆਂ ਮਿਲਦੀਆਂ ਹਨ ਪਰ ਚਮਾਰ , ਧੋਬੀ , ਕੈਵਰਤ , ਮੇਦ , ਭੀਲ , ਨਟ ਅਤੇ ਕੌਲਿਕ ਲਗਭਗ ਸਾਰੀਆਂ ਵਿਚ ਹੀ ਸਨ । ਅਲਬਰੂਨੀ ਨੇ ਵੀ ਇਸ ਸੂਚੀ ਦੀ ਪੁਸ਼ਟੀ ਕੀਤੀ ਹੈ । ਉਸ ਅਨੁਸਾਰ ਅਛੂਤਾਂ ਦੀਆਂ ਦੋ ਸ਼੍ਰੇਣੀਆਂ ਸਨ । ਪਹਿਲੀ ਵਿਚ ਕੇਵਲ ਅੱਠ ਜਾਤਾਂ-ਧੋਬੀ , ਚਮਾਰ , ਬਸੋ , ਨਟ , ਕੈਵਰਤ , ਮਲਾਹ , ਜੁਲਾਹੇ ਅਤੇ ਸੰਜੋਆਂ ਬਣਾਉਣ ਵਾਲੇ ਅਤੇ ਦੂਜੀ ਸ਼੍ਰੇਣੀ ਵਿਚ ਹਾਡੀ , ਡੂਮ ਅਤੇ ਬਧਤੂ ਆਉਂਦੇ ਸਨ । ਹੁਣ ਇਨ੍ਹਾਂ ਜਾਤਾਂ ਲਈ ‘ ਦਲਿਤ’ , ‘ ਅਨੁਸੂਚਿਤ ਜਾਤੀਆਂ’ ਅਤੇ ‘ ਹਰੀਜਨ’ ਆਦਿ ਨਾਂ ਵਰਤੇ ਜਾਂਦੇ ਹਨ ।

                  ਛੂਤ-ਛਾਤ ਦੀ ਪ੍ਰਥਾ ਦੇ ਮੁੱਢ ਦੇ ਕਈ ਕਾਰਨ ਦੱਸੇ ਜਾਂਦੇ ਹਨ ਜਿਵੇਂ ਕਿ ਪ੍ਰਤਿਲੋਮ ਪੈਦਾਇਸ਼ ( ਉਚੀ ਜਾਤੀ ਦੀ ਮਾਂ ਅਤੇ ਨੀਵੀਂ ਜਾਤੀ ਦਾ ਪਿਤਾ ) , ਵੇਦਿਕ ਪਰੰਪਰਾ ਤੋੜਨਾ , ਸੰਨਿਆਸੀ ਦਾ ਗ੍ਰਿਹਸਤੀ ਬਣ ਜਾਣਾ , ਦੇਵਲਕ ਵ੍ਰਿਤੀ ( ਮੂਰਤੀਆਂ ਦਾ ਚੜ੍ਹਾਵਾ ਆਦਿ ਖਾਣਾ ) , ਗਊ ਦਾ ਮਾਸ ਖਾਣਾ ਆਦਿ , ਜਾਤੀਆਂ ਦੀ ਸਭਿਆਚਾਰਕ ਨੀਚਤਾ , ਅਤਿਆਚਾਰੀ ਜਾਂ ਅਛੂਤ ਪੇਸ਼ਾ , ਕਬੀਲੇ ਤੋਂ ਵੱਖ ਹੋ ਜਾਣਾ ਆਦਿ , ਪਰ ਇਨ੍ਹਾਂ ਵਿਚੋਂ ਕਿਸੇ ਇਕ ਨੂੰ ਹੀ ਇਕੱਲਾ ਕਾਰਨ ਨਹੀਂ ਮੰਨਿਆ ਜਾ ਸਕਦਾ । ਸਾਧਾਰਨ ਰੂਪ ਵਿਚ ਇੰਝ ਪ੍ਰਤੀਤ ਹੁੰਦਾ ਹੈ ਕਿ ਸਭਿਆਚਾਰਕ ਨੀਚਤਾ , ਜਾਤੀ ਦੇ ਵਖਰੇਵਿਆਂ ਅਤੇ ਭੈੜੇ ਪੇਸ਼ਿਆਂ ਦਾ ਇਸ ਪਰੰਪਰਾ ਦੇ ਚਲਾਉਣ ਵਿਚ ਕਾਫ਼ੀ ਹੱਥ ਸੀ ।

                  ਵੈਦਿਕ ਕਾਲ ਵਿਚ ਇਸ ਪ੍ਰਥਾ ਦੀ ਹੋਂਦ ਦਾ ਕੋਈ ਸਬੂਤ ਨਹੀਂ ਮਿਲਦਾ । ਪੌਲਕਸ ( ਵਾਜਸਨੇਈ ਸੰ. 30 , 21 ) , ਬੀਭਤਸ , ਚੰਡਾਲ ਅਤੇ ਨਿਸ਼ਾਚ ( ਵਾਜਸਨੇਈ 30 , 17-ਮਾਤ੍ਰਾਇਣੀ 16-11 ) ਮਨੁੱਖੀ ਕੁਰਬਾਨੀ ਦੇ ਯੋਗ ਸਮਝੇ ਗਏ ਸਨ । ਛਾਂਦੋਗੋਯ ਵਿਚ ਸੂਰ ਅਤੇ ਕੁੱਤੇ ਦੇ ਵਾਂਗ ਹੀ ਚੰਡਾਲ ਨੂੰ ਅਪਵਿੱਤਰ ਮੰਨਿਆ ਗਿਆ ਹੈ । ‘ ਉਪਮਨਿਯੁ’ ਅਨੁਸਾਰ ‘ ਨਿਸ਼ਾਦ’ ਪੰਜਵਾਂ ਵਰਣ ਸੀ ਪਰ ਵਿਸ਼ਵ ਜਿੱਤ ਦਾ ਜੱਗ ਕਰਨ ਵਾਲੇ ਨੂੰ ਨਿਸ਼ਾਦਾਂ ਵਿਚਕਾਰ ਤਿੰਨ ਦਿਨ ਰਹਿਣਾ ਪੈਂਦਾ ਸੀ ( ਕੌਸ਼ੀਤਿਕੀ 25-18 ) ।

                  ਸੂਤ੍ਰਕਾਲ ਵਿਚ ਇਹ ਪ੍ਰਥਾ ਪੱਕੀ ਹੋ ਗਈ । ਜੇ ਕੋਈ ਚੰਡਾਲ ਦੇ ਨਾਲ ਲੱਗ ਜਾਂਦਾ ਸੀ ਤਾ ਸੁੱਚਿਆਂ ਹੋਣ ਵਾਸਤੇ ਉਸ ਨੂੰ ਕਪੜਿਆਂ ਸਮੇਤ ਇਸ਼ਨਾਨ ਕਰਨਾ ਪੈਂਦਾ ਸੀ ਅਤ ਜੇ ਕੋਈ ਚੰਡਾਲ ਨਾਲ ਬੋਲਦਾ ਤਾਂ ਉਹ ਚੁਲੀ ਕਰ ਕੇ ਸੁੱਚਾ ਹੋ ਜਾਂਦਾ ਸੀ । ਚੰਡਾਲਣੀ ਦਾ ਸੰਗ ਕਰਨ ਨਾਲ ਬ੍ਰਾਹਮਣ ਵੀ ਚੰਡਾਲ ਹੋ ਜਾਂਦਾ ਸੀ ਅਤੇ ਕਠਨ ਪ੍ਰਾਸ਼ਚਿਤ ਕਰਕੇ ਹੀ ਸ਼ੁੱਧ ਹੋ ਸਕਦਾ ਸੀ । ਇਕ ਲੋਕ ਪਿੰਡ ਦੇ ਸਿਰੇ ਉੱਤੇ ਰਹਿੰਦੇ ਸਨ । ਇਨ੍ਹਾਂ ਨਾਲੋਂ ਦੂਜੇ ਅਛੂਤਾਂ ਦੀ ਹਾਲਤ ਚੰਗੀ ਸੀ । ਹੌਲੀ ਹੌਲੀ ਧਾਰਮਿਕ ਪਵਿੱਤਰਤਾ ਦੀ ਭਾਵਨਾ ਵਧਦੀ ਗਈ ਅਤੇ ਉਸਦੇ ਅਨੁਸਾਰ ਹੀ ਛੂਤ-ਛਾਤ ਦੀ ਪ੍ਰਥਾ ਵੀ ਜ਼ੋਰ ਫੜਦੀ ਗਈ । ਮਨੂੰ ( 10/50-57 ) ਅਨੁਸਾਰ ਅਛੂਤਾਂ ਨੂੰ ਪਿੱਪਲਾਂ ਦੇ ਦਰਖ਼ਤਾਂ ਹੇਠਾਂ , ਸ਼ਮਸ਼ਾਨ ਭੂਮੀ ਜਾਂ ਪਹਾੜਾਂ ਤੇ ਜੰਗਲਾਂ ਵਿਚ ਰਹਿਣਾ ਚਾਹੀਦਾ ਹੈ । ਉਹ ਮੁਰਦਿਆਂ ਦੇ ਕਪੜੇ , ਟੁੱਟੇ ਭਾਂਡੇ ਅਤੇ ਲੋਹੇ ਦੇ ਗਹਿਣੇ ਵਰਤ ਸਕਦੇ ਸਨ । ਪਿਛਲੀਆਂ ਸਮ੍ਰਿਤੀਆਂ ਸਮੇਂ ਵੀ ਇਹੋ ਹਾਲਤ ਸੀ । ਛੋਟੀਆਂ ਸਮ੍ਰਿਤੀਆਂ ਦੇ ਸਮੇਂ ਅਛੂਤਾਂ ਦੀ ਸੂਚੀ ਤਿਆਰ ਹੋ ਗਈ ਸੀ ਜਿਸ ਵਿਚ 7 ਤੋਂ ਲੈ ਕੇ 18 ਜਾਤੀਆਂ ਤਕ ਗਿਣੀਆਂ ਗਈਆਂ ਹਨ ।

                  ਬੋਧੀ ਸਾਹਿਤ ਵਿਚ ਅਛੂਤ ਪ੍ਰਥਾ– – ਬੋਧੀ ਸਾਹਿਤ ਵਿਚ ਨੀਵੇਂ ਵਰਣ ਦੇ ਲੋਕਾਂ ਵਾਸਤੇ ਹੀਣ ਸਿੱਪ ਅਤੇ ਹੀਣ ਜਾਤੀ ਦੇ ਸ਼ਬਦ ਵਰਤੇ ਮਿਲਦੇ ਹਨ । ਹੀਣ ਸਿੱਪ ਵਿਚ ਬੰਸੌਰ , ਘੁਮਾਰ , ਜੁਲਾਹੇ , ਚਮਾਰ , ਨਾਈ ਅਤੇ ਹੀਣ ਜਾਤੀ ਵਿਚ ਚੰਡਾਲ , ਪ੍ਰੋਲਕਸ , ਰਥਕਾਰ , ਬੰਸਰੀ ਬਣਾਉਣ ਵਾਲੇ ਅਤੇ ਨਿਸ਼ਾਦ ਹਨ । ਇਨ੍ਹਾਂ ਦੂਜੇ ਵਰਗ ਦੇ ਲੋਕਾਂ ਦੀ ਹਾਲਤ ਚੰਗੀ ਨਹੀਂ ਸੀ । ਉਹਿ ਬਹਿਨਗਰ ( ਪਿੰਡ ਦੇ ਬਾਹਰ ) ਜਾਂ ਚੰਡਾਲ ਨਗਰੀ ਵਿਚ ਰਹਿੰਦੇ ਸਨ ( ਜਾਤਕ 4/376 ) । ਚੰਡਾਲਾਂ ਦੀ ਆਪਣੀ ਵੱਖਰੀ ਬੋਲੀ ਵੀ ਸੀ । ‘ ਚੁੱਲ-ਧੰਮ ਜਾਤਕ’ ਅਨੁਸਾਰ ਉਹ ਪੀਲੇ ਕਪੜੇ ਅਤੇ ਲਾਲ ਮਾਲਾ ਪਾਉਂਦੇ ਸਨ , ਮੋਢੇ ਉੱਤੇ ਕੁਹੜੀ ਅਤੇ ਹੱਥ ਵਿਚ ਇਕ ਕਟੋਰਾ ਰਖਦੇ ਸਨ । ਚੰਡਾਲ ਇਸਤਰੀਆਂ ਜਾਦੂ ਟੂਣੇ ਵਿਚ ਬੜੀਆਂ ਮਾਹਰ ਹੁੰਦੀਆਂ ਸਨ । ਬੰਸਰੀ ਵਜਾਉਣਾ ਅਤੇ ਮੁਰਦੇ ਸਾੜਨਾ ਇਨ੍ਹਾਂ ਦੇ ਪੇਸ਼ੇ ਹੁੰਦੇ ਸਨ । ਬੋਧੀ ਪਰੰਪਰਾ ਵਿਚ ਛੂਤ-ਛਾਤ ਘੱਟ ਸੀ । ‘ ਦਿਵਿਆਵਦਾਨ’ ( ਪੰਨਾ 652 ) ਵਿਚ ਮਹਾਨ ਧਰਮ ਗਿਆਨੀ ਅਤੇ ਪ੍ਰਸਿੱਧ ਵਿਦਵਾਨ ਪੁਸਕਰਸਾਰੀ ਦੀ ਧੀ ਦਾ ਵਿਆਹ ਚੰਡਾਲਾਂ ਦੇ ਰਾਜੇ ਤ੍ਰਿਸ਼ੰਕੂ ਨਾਲ ਹੋਇਆ ਦੱਸਿਆ ਗਿਆ ਹੈ । ‘ ਵਜਰ ਸੂਚੀ’ ( ਪੰਨਾ 2 ) ਵਿਚ ਚੰਡਾਲਣੀ ਤੋਂ ਜਨਮੇ ਵਿਸ਼ਵਾ-ਮਿੱਤਰ ਅਤੇ ਉਰਵਸ਼ੀ ਤੋਂ ਜਨਮੇ ਵਸ਼ਿਸ਼ਟ ਵੱਲ ਇਸ਼ਾਰਾ ਕਰਨਾ ਅਛੂਤ ਪ੍ਰਥਾ ਉੱਤੇ ਚੋਟ ਹੈ । ‘ ਮਹਾਪਰਿਨਿੱਬਾਨਸੁਤ’ ਦੇ ਅਨੁਸਾਰ ਮਹਾਤਮਾ ਬੁੱਧ ਦੇ ਮਰਨ ਤੋਂ ਪਹਿਲਾਂ ਕਮਾਰਪੁੱਤ-ਛੰਦ ਤੋਂ ਭੋਜਨ ਕੀਤਾ । ‘ ਦਿਵਿਆਵ-ਦਾਨ’ ( ਪੰਨਾ 611 ) ਅਨੁਸਾਰ ਆਨੰਦ ਨੇ ਇਕ ਚੰਡਾਲ ਕੰਨਿਆ ਦੇ ਹੱਥੋਂ ਪਾਣੀ ਪੀਤਾ ਸੀ । ‘ ਸ਼ਾਰਦੂਲਕਰਨਵਦਾਨ’ ਦਾ ਚੰਡਾਲ ਰਾਜਾ ਤ੍ਰਿਸ਼ੰਕੂ ਆਪ ਵੇਦਾਂ ਅਤੇ ਇਤਿਹਾਸ ਵਿਚ ਮਾਹਰ ਸੀ ਅਤੇ ਉਸ ਨੇ ਆਪਣੇ ਪੁੱਤਰ ਸ਼ਾਰਦੂਲਕਰਨ ਨੂੰ ਵੀ ਵੇਦ , ਵੇਦਾਂਗ , ਉਪਨਿਸ਼ਦ ਨਿਘੰਟੂ ਆਦਿ ਦੀ ਸਿਖਿਆ ਦਿਵਾਈ ਸੀ । ਬ੍ਰਾਹਮਣਾਂ ਦੀ ਜਲਾਈ ਹੋਈ ਸ਼੍ਰੋਤ ਅਗਨੀ ( ਵੈਦਿਕ ਅਗਨੀ ) ਅਤੇ ਚੰਡਾਲ ਜਾਂ ਕਸਾਈ ਦੀ ਬਾਲੀ ਹੋਈ ਸਾਧਾਰਨ ਅੱਗ ਵਿਚ ਕੋਈ ਫ਼ਰਕ ਨਹੀਂ ਮੰਨਿਆ ਗਿਆ ( ਅਖਸ-ਲਾਇਨਸੁਤ , ਮੱਝੀਮਨੀਕਾਇ ) । ਬੁੱਧ ਦਾ ਸੰਦੇਸ਼ ਸੀ ਕਿ ਨਿਰਵਾਨ ਪੁਰਸ਼ ਨੂੰ ਵੀ ਪ੍ਰਾਪਤ ਹੋ ਸਕਦਾ ਹੈ– –

( ਜਾਤਕ 4 , ਪੰਨਾ 303 )

                  ਜੈਨ ਸਾਹਿਤ ਵਿਚ ਅਛੂਤ ਪ੍ਰਥਾ– – ਆਦਿ ਪੁਰਾਣ ਅਨੁਸਾਰ ਕਾਰੀਗਰ ਦੋ ਕਿਸਮਾਂ ਦੇ ਹਨ– – ਇਕ ਛੂਤ ਅਤੇ ਦੂਜੇ ਅਛੂਤ । ਛੂਤ ਕਾਰੀਗਰਾਂ ਵਿਚ ਜੁਲਾਹੇ , ਮਾਲੀ , ਘੁਮਾਰ , ਤੇਲੀ ਅਤੇ ਨਾਈ ਸਨ । ਅਛੂਤ ਕਾਰੀਗਰਾਂ ਵਿਚ ਧੋਬੀ , ਤਰਖਾਣ ਅਤੇ ਲੁਹਾਰ ਸਨ । ਡੂਮ , ਚੰਡਾਲ ਅਤੇ ਕਿਣਿਕ ਦਾ ਦਰਜਾ ਇਨ੍ਹਾਂ ਤੋਂ ਵੀ ਨੀਵਾਂ ਸੀ । ਵਿਵਿਹਾਰ ਸੂਤ੍ਰ ਭਾਸ਼ਯ ( 94 ) ਵਿਚ ਡੂਮ ਦਾ ਕੰਮ ਗਾਉਣਾ ਤੇ ਛੱਜ ਆਦਿ ਬਣਾਉਣਾ ਦੱਸਿਆ ਗਿਆ ਹੈ ।

                  ਤੰਤਰ ਅਤੇ ਅਛੂਤ– – ਆਮ ਤੌਰ ਤੇ ਸ਼ਾਕਤ ਤੰਤਰਾਂ ਅਨੁਸਾਰ ਜ਼ਾਤ-ਪਾਤ ਦੇ ਬੰਧਨ ਬਹੁਤ ਕਮਜ਼ੋਰ ਸਨ । ਕੁਲਾਰਨ ਤੰਤਰ ( 8 , 96 ) ਦੇ ਅਨੁਸਾਰ

                  ਅਰਥਾਤ “ ਭੈਰਵ ਦੇ ਚੱਕਰ ਵਿਚ ਆਉਣ ਵਾਲੇ ਸਾਰੇ ਹੀ ਬ੍ਰਾਹਮਣ ਹੋ ਜਾਂਦੇ ਹਨ” । ਸਮਾਰਤ ਸ਼ੈਵ ਅਤੇ ਸਮਾਰਤ ਵੈਸ਼ਨਵ ਛੂਤ-ਛਾਤ ਦਾ ਵਿਚਾਰ ਕਰਦੇ ਸਨ । ਮੱਧ-ਕਾਲ ਦੇ ਵੈਸ਼ਨਵ ਸੰਤਾਂ ਨੇ ਜ਼ਾਤ ਪਾਤ ਅਤੇ ਅਛੂਤ ਪ੍ਰਥਾ ਦਾ ਖੰਡਨ ਕੀਤਾ । ਕਬੀਰ ਪੰਥ ਵਿਚ ਕਈ ਸੰਤ ਸ਼ੂਦਰ ਅਤੇ ਅਛੂਤ ਸ਼੍ਰੇਣੀਆਂ ਵਿੱਚੋਂ ਸਨ । ਹੋਰ ਸੰਤਾਂ ਵਿਚ ਰਵੀਦਾਸ , ਨੰਦਨਰ ਅਤੇ ਚੋਖਮੇਲ ਵਰਨਣਯੋਗ ਹਨ ।

                  ਭਾਰਤ ਤੋਂ ਬਾਹਰ ਅਛੂਤ ਪ੍ਰਥਾ– – ਛੋਹ ਰਾਹੀਂ ਹੋਣ ਵਾਲੀ ਭਿੱਟ ਵੱਖ ਵੱਖ ਕਿਸਮਾਂ ਦੀ ਹੁੰਦੀ ਹੈ । ਕਦੀ ਕਦੀ ਤਾਂ ਇਸ ਵਿਚ ਕੇਵਲ ਸਰੀਰਕ ਅਪਵਿੱਤਰਤਾ ਦੀ ਭਾਵਨਾ ਹੀ ਹੁੰਦੀ ਹੈ ਪਰ ਕਦੀ ਕਦੀ ਉਸ ਦੇ ਨਾਲ ਧਰਮ ਭ੍ਰਸ਼ਟ ਹੋਣ ਦਾ ਭਾਵ ਵੀ ਹੁੰਦਾ ਹੈ । ਇਸ ਪ੍ਰਸੰਗ ਵਿਚ ਅਪਵਿੱਤਰਤਾ ਤੋਂ ਭਾਵ ਦੋਹਾਂ ਤਰ੍ਹਾਂ ਦੀ ਭਿੱਟ ਹੈ । ਇਸ ਤਰ੍ਹਾਂ ਨਾਲ ਲੱਗਣ ਅਤੇ ਭਿੱਟ ਜਾਣ ਦੀ ਪ੍ਰਥਾ ਮਿਸਰ , ਈਰਾਨ , ਬਰ੍ਹਮਾ , ਜਾਪਾਨ ਆਦਿ ਦੇਸ਼ਾਂ ਵਿਚ ਵੀ ਸੀ । ਪੁਰਾਤਨ ਮਿਸਰ ਵਿਚ ਸੂਰ ਪਾਲਣ ਵਾਲੇ ਅਸ਼ੁੱਧ ਸਮਝੇ ਜਾਂਦੇ ਸਨ ਅਤੇ ਉਨ੍ਹਾਂ ਦੇ ਨਾਲ ਲੱਗਣ ਨਾਲ ਭਿੱਟ ਹੋ ਜਾਂਦੀ ਸੀ । ਉਹ ਮੰਦਰਾਂ ਵਿਚ ਵੀ ਦਾਖ਼ਲ ਨਹੀਂ ਹੋ ਸਕਦੇ ਸਨ । ਪੁਰਾਤਨ ਈਰਾਨ ਦੇ ਮਜ਼ਦ ਧਰਮ ਦਾ ਪੁਜਾਰੀ ਦੂਜੇ ਧਰਮ ਵਾਲਿਆਂ ਨਾਲ ਲੱਗ ਕੇ ਅਪਵਿੱਤਰ ਹੋ ਜਾਂਦਾ ਸੀ ਅਤੇ ਫਿਰ ਪਵਿੱਤਰ ਹੋਣ ਵਾਸਤੇ ਉਸ ਨੂੰ ਇਸ਼ਨਾਨ ਕਰਨਾ ਪੈਂਦਾ ਸੀ । ਬਰਮਾ ਵਿਚ ਸੱਤ ਕਿਸਮਾਂ ਦੀਆਂ ਨਵੀਆਂ ਸ਼੍ਰੇਣੀਆਂ ਸਨ ਜਿਨ੍ਹਾਂ ਵਿਚ ਸੰਦਲ ( ਚੰਡਾਲ ) ਅਛੂਤ ਮੰਨੇ ਜਾਂਦੇ ਸਨ । ਜਾਪਾਨ ਦੇ ਏਤ ਅਤੇ ਹਿੰਨ ਵਰਗਾਂ ਦੇ ਲੋਕਾਂ ਦੇ ਨਾਲ ਲੱਗਣਾ ਵਰਜਿਤ ਸੀ ।

                  ਉਨ੍ਹੀਵੀਂ ਸਦੀ ਈਸਵੀ ਵਿਚ ਰਾਜਾ ਰਾਮਮੋਹਨ ਰਾਏ ਅਤੇ ਸਵਾਮੀ ਦਇਆਨੰਦ ਨੇ ਅਛੂਤ ਪ੍ਰਥਾ ਨੂੰ ਖ਼ਤਮ ਕਰਨ ਦੇ ਜਤਨ ਕੀਤੇ । ਇੰਡੀਅਲ ਨੈਸ਼ਨਲ ਕਾਂਗਰਸ ਨੇ ਅਛੂਤ ਪ੍ਰਥਾ ਨੂੰ ਖ਼ਤਮ ਕਰਨ ਲਈ ਕਾਫ਼ੀ ਯਤਨ ਕੀਤੇ । ਮਹਾਤਮਾ ਗਾਂਧੀ ਨੇ ਕਾਂਗਰਸ ਦੇ ਉਸਾਰੂ ਕੰਮ ਵਿਚ ਅਛੂਤ ਭਲਾਈ ਦਾ ਕੰਮ ਸ਼ਾਮਲ ਕਰ ਕੇ ਇਸ ਭੈੜੀ ਪ੍ਰਥਾ ਵੱਲ ਲੋਕਾਂ ਦਾ ਖ਼ਾਸ ਧਿਆਨ ਖਿੱਚਿਆ । ਅਛੂਤਾਂ ਲਈ ਆਮ ਸੜਕਾਂ ਤੇ ਚੱਲਣ ਅਤੇ ਮੰਦਰਾਂ ਵਿਚ ਜਾਣ ਵਾਸਤੇ ਅੰਦੋਲਨ ਸ਼ੁਰੂ ਕੀਤਾ । ਸੰਨ 1932 ਵਿਚ ਮਹਾਤਮਾ ਗਾਂਧੀ ਨੇ “ ਕਮਿਊਨਲ ਐਵਾਰਡ” ਵਿਚ ਅਛੂਤਾਂ ਨੂੰ ਹਿੰਦੂਆਂ ਤੋਂ ਵੱਖ ਕਰਨ ਦੇ ਯਤਨ ਵਿਰੁੱਧ ਮਰਨ-ਵਰਤ ਰੱਖਿਆ ਜਿਹੜਾ “ ਪੂਨਾ ਪੈਕਟ” ਹੋਣ ਤੇ ਟੁੱਟਾ । ਇਸ ਭੁੱਖ ਹੜਤਾਲ ਨੇ ਹਰੀਜਨਾਂ ਦੀ ਹਾਲਤ ਸੁਧਾਰਨ ਵਾਸਤੇ ਸਾਰੇ ਦੇਸ਼ ਵਿਚ ਇਕ ਲਹਿਰ ਚਲਾ ਦਿੱਤੀ । ਇਸ ਸਮੇਂ ‘ ਹਰੀਜਨ ਸੇਵਕ ਸੰਘ’ ਕਾਇਮ ਹੋਇਆ । ਭਾਰਤੀ ਸੰਵਿਧਾਨ ਅਨੁਸਾਰ ਕੋਈ 429 ਵਰਗਾਂ ਨੂੰ ਅਛੂਤ ਮੰਨਿਆ ਗਿਆ ਹੈ ।

                  ਭੰਗੀ , ਚਮਾਰ , ਬਸੋਰ ਅਤੇ ਮਾਂਗ ਆਮ ਤੌਰ ਤੇ ਸਾਰੇ ਦੇਸ਼ ਵਿਚ ਅਛੂਤ ਮੰਨੇ ਜਾਂਦੇ ਹਨ । ਵੱਖ ਵੱਖ ਇਲਾਕਿਆਂ ਵਿਚ ਵੱਖ ਵੱਖ ਨਾਂਵਾਂ ਦੇ ਅਤੇ ਭਿੰਨ ਭਿੰਨ ਪੇਸ਼ਿਆਂ ਵਾਲੇ ਕਈ ਅਛੂਤ ਵਰਗ ਹਨ । ਇਨ੍ਹਾਂ ਵਿਚ ਅੱਗੋਂ ਵੱਖ ਵੱਖ ਦਰਜੇ ਹਨ ਅਤੇ ਖ਼ੁਰਾਕ ਅਤੇ ਵਿਆਹ ਦੇ ਸਬੰਧ ਵਿਚ ਇਹ ਇਕ ਦੂਜੇ ਤੋਂ ਵੱਖਰੇ ਹਨ । ਇਨ੍ਹਾਂ ਦੇ ਮੰਦਰ ਸਵਰਨ ਹਿੰਦੂਆਂ ਦੇ ਮੰਦਰਾਂ ਤੋਂ ਵੱਖਰੇ ਹੁੰਦੇ ਹਨ ਅਤੇ ਆਮ ਤੌਰ ਤੇ ਇਹ ਨੀਵੀਂ ਪੱਧਰ ਦੇ ਦੇਵਤੇ ਅਤੇ ਦੁਰਗਾ ਸ਼ਕਤੀ ਦੇ ਵੱਖ ਵੱਖ ਸਰੂਪਾਂ ਦੀ ਪੂਜਾ ਕਰਦੇ ਹਨ ਪਰ ਹੁਣ ਇਨ੍ਹਾਂ ਦਾ ਸਭਿਆਚਾਰਕ ਜੀਵਨ ਉਚੇਰੇ ਵਰਗਾਂ ਦੇ ਸਭਿਆਚਾਰਾਂ ਦੇ ਪ੍ਰਭਾਵ ਕਰਕੇ ਬਦਲ ਰਿਹਾ ਹੈ ।

                  ਭਾਰਤ ਦੇ ਸੰਵਿਧਾਨ ਦੁਆਰਾ ਅਛੂਤ ਪ੍ਰਥਾ ਖ਼ਤਮ ਕਰ ਦਿੱਤੀ ਗਈ ਹੈ ਅਤੇ ਕਿਸੇ ਸ਼ਕਲ ਵਿਚ ਵੀ ਇਸ ਨੂੰ ਮੰਨਣ ਦੀ ਕਾਨੂੰਨੀ ਤੌਰ ਤੇ ਮਨਾਹੀ ਕਰ ਦਿੱਤੀ ਗਈ ਹੈ ( ਧਾਰਾ 17 ) । ਸਰਬ ਸਾਂਝੇ ਥਾਵਾਂ-ਖ਼ੂਹਾਂ , ਤਾਲਾਬਾਂ , ਹੋਟਲਾਂ , ਦਿਲ-ਪਰਚਾਵੇ ਦੀਆ ਥਾਵਾਂ ਤੇ ਜਾਣ ਤੇ ਕੋਈ ਰੋਕ ਨਹੀਂ ( ਧਾਰਾ 15 ) । ਇਨ੍ਹਾਂ ਧਾਰਾਵਾਂ ਤੋਂ ਛੁੱਟ ਸਾਰੇ ਰਾਜਾਂ ਨੇ ਛੂਤ-ਛਾਤ ਵਿਰੋਧੀ ਕਾਨੂੰਨ ਬਣਾ ਲਏ ਹਨ । ਇਸ ਤਰ੍ਹਾਂ ਵਿਧਾਨ ਨੇ ਅਛੂਤਾਂ ਦੀਆਂ ਸਮਾਜਕ ਅਤੇ ਧੰਦਿਆਂ ਤੇ ਉਦਯੋਗਾਂ ਸਬੰਧੀ ਸਭ ਪਰੰਪਰਾ-ਬੱਧ ਅਯੋਗਤਾਵਾਂ ਦੂਰ ਕਰ ਦਿੱਤੀਆਂ ਹਨ । ਇਸ ਦੇ ਨਾਲ ਲੋਕ-ਸਭਾ ਅਤੇ ਰਾਜ ਵਿਧਾਨ-ਸਭਾਵਾਂ ਵਿਚ ਵੱਸੋਂ ਦੇ ਆਧਾਰ ਤੇ ਆਪਣੇ ਪ੍ਰਤੀਨਿਧ ਚੁਣਨ ਦੇ ਅਛੂਤਾਂ ਦੇ ਅਧਿਕਾਰ ਕੁਝ ਸਾਲਾਂ ਵਾਸਤੇ ਰਾਖਵੇਂ ਰੱਖੇ ਗਏ ਹਨ ( ਧਾਰਾਵਾਂ 330 , 332 , ਅਤੇ 334 ) । ਹਰੀਜਨ ਸੇਵਕ ਸੰਘ , ਭਾਰਤੀ ਡੀਪ੍ਰੈਸਡ ਕਲਾਸਿਜ਼ ਲੀਗ , ਹਰੀਜਨ ਆਸ਼ਰਮ ( ਪ੍ਰਯਾਗ ) ਆਦਿ ਕੁਝ ਉੱਘੀਆਂ ਸੰਸਥਾਵਾਂ ਹਨ ਜਿਹੜੀਆਂ ਹਰੀਜਨਾਂ ਦੀ ਭਲਾਈ ਵਲ ਧਿਆਨ ਦੇ ਰਹੀਆਂ ਹਨ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.