ਅਜਮੇਰ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਜਮੇਰ ਸਿੰਘ. ਦੇਖੋ, ਬਹਮੀ ਸ਼ਾਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਜਮੇਰ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਜਮੇਰ ਸਿੰਘ : ਫ਼ਰੀਦਕੋਟ ਜ਼ਿਲੇ ਦੇ ਪਿੰਡ ਛੱਤੇਆਣੇ ਦਾ ਸਤਾਰ੍ਹਵੀਂ ਸਦੀ ਦਾ ਇਕ ਮੁਸਲਮਾਨ ਫ਼ਕੀਰ ਜਿਸਨੇ ਪਾਹੁਲ ਲੈ ਕੇ ਸਿੱਖ ਧਰਮ ਗ੍ਰਹਿਣ ਕੀਤਾ ਸੀ। ਇਸ ਦਾ ਮੁਸਲਮਾਨੀ ਨਾਂ ਇਬ੍ਰਾਹੀਮ ਸੀ ਪਰ ਆਮ ਕਰਕੇ ਇਹ ਸੰਖੇਪ ਰੂਪ ਵਿਚ ਬ੍ਰਹਮੀ ਜਾਂ ਬਹਮੀ ਹੀ ਪ੍ਰਚਲਿਤ ਸੀ। ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਅਨੁਸਾਰ ਇਸਨੇ ਆਪਣੀ ਕਬਰ ਆਪ ਹੀ ਪੁੱਟ ਕੇ ਇੱਟਾਂ ਅਤੇ ਗਾਰੇ ਨਾਲ ਲਿੱਪੀ ਪੋਚੀ ਅਤੇ ਇਸ ਵਿਚ ਇਕ ਮਘੋਰਾ ਰੱਖਿਆ ਤਾਂ ਜੋ ਮੌਤ ਦਾ ਸੱਦਾ ਆਉਣ ਤੇ ਉਹ ਮਘੋਰੇ ਰਾਹੀਂ ਆਪ ਹੀ ਇਸ ਕਬਰ ਵਿਚ ਜਾ ਪਵੇ। ਪਰੰਤੂ ਜਦੋਂ ਦਸਵੇਂ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ 1705 ਵਿਚ ਮੁਕਤਸਰ ਦੀ ਲੜਾਈ (1705) ਪਿੱਛੋਂ ਪਿੰਡ ਛੱਤੇਆਣੇ ਆਏ ਤਾਂ ਇਹ ਫ਼ਕੀਰ ਗੁਰੂ ਜੀ ਦੇ ਦਰਸ਼ਨ ਕਰਕੇ ਇਤਨਾ ਪ੍ਰਭਾਵਿਤ ਹੋਇਆ ਕਿ ਇਸ ਨੇ ਬੇਨਤੀ ਕੀਤੀ ਕਿ ਇਸਨੂੰ ਵੀ ਖ਼ਾਲਸਾ ਪੰਥ ਵਿਚ ਸ਼ਾਮਲ ਕਰ ਲਿਆ ਜਾਵੇ। ਭਾਈ ਸੰਤੋਖ ਸਿੰਘ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਦੇ ਹਨ, ਕਿ ਗੁਰੂ ਜੀ ਨੇ ਫੁਰਮਾਇਆ, “ਮੁਸਲਮਾਨ ਹੁਇ ਭਾਵਨ ਧਰੇ। ਮਿਲਨਿ ਪੰਥ ਮਹਿੰਜੇ ਚਿਤ ਕਰੈ। ਤੌ ਇਹ ਉਚਿਤ ਖਾਲਸੇ ਬੀਚ। ਪਾਹੁਲ ਲਹੈ ਊਚ ਕੈ ਨੀਚ॥" ਇਬ੍ਰਾਹੀਮ ਨੇ ਭਾਈ ਮਾਨ ਸਿੰਘ ਦੇ ਹੱਥੋਂ ਪਾਹੁਲ ਪ੍ਰਾਪਤ ਕੀਤੀ ਅਤੇ ਗੁਰੂ ਜੀ ਨੇ ਇਸ ਨੂੰ ਨਵਾਂ ਨਾਂ ਅਜਮੇਰ ਸਿੰਘ ਪ੍ਰਦਾਨ ਕੀਤਾ। ਅਜਮੇਰ ਸਿੰਘ ਨੇ ਮਿਹਨਤ ਅਤੇ ਸ਼ਰਧਾ ਨਾਲ ਗੁਰਬਾਣੀ ਦੀ ਸਿਖਿਆ ਪ੍ਰਾਪਤ ਕੀਤੀ ਅਤੇ ਇਹ ਨਿਯਮਪੂਰਬਕ ਸਵੇਰੇ ਸ਼ਾਮ ਪਾਠ ਕਰਦਾ ਸੀ।
ਲੇਖਕ : ਪ.ਸ.ਪ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-01, ਹਵਾਲੇ/ਟਿੱਪਣੀਆਂ: no
ਅਜਮੇਰ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜਮੇਰ ਸਿੰਘ (ਵੀ. ਚ.) : ਇਸ ਬਹਾਦਰ ਦਾ ਜਨਮ 5 ਦਸੰਬਰ, 1935 ਨੂੰ ਅੰਬਾਲਾ ਜ਼ਿਲ੍ਹੇ ਦੇ ਪਿੰਡ ਬੋਹ ਵਿਖੇ ਸਰਦਾਰ ਸਾਧੂ ਸਿੰਘ ਦੇ ਘਰ ਹੋਇਆ।
ਇਹ ਪੰਦਰਾਂ ਵਰ੍ਹੇ ਦੀ ਉਮਰ ਵਿਚ ਸੈਨਾ ਵਿਚ ਭਰਤੀ ਹੋਇਆ ਅਤੇ ਆਪਣੀ ਲਗਨ ਕਾਰਨ ਤੀਹ ਸਾਲ ਦੀ ਉਮਰ ਵਿਚ ਹਵਾਲਦਾਰ ਬਣ ਗਿਆ।
ਸੰਨ 1965 ਦੇ ਹਿੰਦ-ਪਾਕਿ ਯੁੱਧ ਸਮੇਂ ਇਸ ਨੂੰ ਅੰਮ੍ਰਿਤਸਰ-ਲਾਹੌਰ ਸੈਕਟਰ ਵਿਚ 'ਬਰਕੀ' ਵਰਗੇ ਪੱਕੇ ਗੜ੍ਹ ਉੱਤੇ ਕਬਜ਼ਾ ਕਰਨ ਦਾ ਹੁਕਮ ਮਿਲਿਆ ਜਿਥੇ ਦੁਸ਼ਮਣ ਨੇ ਮਸ਼ੀਨ ਗਨਾਂ ਅਤੇ ਰਾਕਟ ਲਾਂਚਰ ਫਿਟ ਕੀਤੇ ਹੋਏ ਸਨ। ਬਰਕੀ ਦੇ ਪਿਛਲੇ ਪਾਸੇ ਇਛੋਗਿਲ ਨਹਿਰ ਦੇ ਕੰਢੇ ਦੇ ਨਾਲ-ਨਾਲ ਵੀ ਦੁਸ਼ਮਣ ਨੇ ਮਸ਼ੀਨਗਨਾਂ ਬੀੜੀਆ ਹੋਈਆਂ ਸਨ। ਇਸ ਨੇ ਜਦ ਆਪਣੀ ਪਲਾਟੂਨ ਨੂੰ ਜ਼ੋਰਦਾਰ ਗੋਲਾਬਾਰੀ ਵਿਚ ਘਿਰਿਆ ਵੇਖਿਆ ਤਾਂ ਇਹ ਲੇਟ ਕੇ ਅੱਗੇ ਵਧਦੇ ਦੁਸ਼ਮਣ ਦੇ ਬੰਕਰਾਂ ਨੇੜੇ ਪਹੁੰਚ ਕੇ ਉਨ੍ਹਾਂ ਦੇ ਪਿਲ ਬਾਕਸਾਂ ਵਿਚ ਹੱਥਗੋਲੇ ਸੁੱਟਣ ਲੱਗਾ। ਇਹ ਦੇਖ ਕੇ ਬਾਕੀ ਜਵਾਨਾਂ ਨੇ ਵੀ ਹੌਸਲਾ ਕੀਤਾ ਅਤੇ ਬੰਕਰਾਂ ਤਕ ਪਹੁੰਚ ਗਏ।
ਇਸ ਗੋਲਾਬਾਰੀ ਵਿਚ ਅਜਮੇਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਰ ਫਿਰ ਵੀ ਹੌਸਲਾ ਨਾ ਛੱਡਿਆ ਅਤੇ ਹੱਥਗੋਲਿਆਂ ਨਾਲ ਬੰਕਰਾਂ ਨੂੰ ਤਬਾਹ ਕਰ ਦਿੱਤਾ। ਇਸ ਤਰ੍ਹਾਂ ਹੌਸਲੇ ਤੇ ਹਿੰਮਤ ਨਾਲ ਬਰਕੀ ਨੂੰ ਕਬਜ਼ੇ ਵਿਚ ਕਰ ਲਿਆ ਗਿਆ। ਇਸ ਬਹਾਦਰੀ ਸਦਕਾ ਇਸ ਨੂੰ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-12-22-10, ਹਵਾਲੇ/ਟਿੱਪਣੀਆਂ:
ਅਜਮੇਰ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜਮੇਰ ਸਿੰਘ : ਇਸ ਵਿਸ਼ਵ ਪ੍ਰਸਿੱਧ ਐਥਲੀਟ ਦਾ ਜਨਮ 1 ਫਰਵਰੀ, 1940 ਨੂੰ ਮਲੇਰਕੋਟਲੇ ਨੇੜੇ ਕੁੱਪ ਕਲਾਂ ਵਿਖੇ ਹੋਇਆ। ਇਹ 200 ਤੋਂ 400 ਮੀ. ਦੌੜਾਂ ਦਾ ਕਈ ਵਾਰ ਕੌਮੀ ਚੈਂਪੀਅਨ ਬਣਿਆ। ਟੋਕੀਓ ਦੀਆ ਉਲੰਪਿਕ ਖੇਡਾਂ ਸਮੇਂ 1964 ਈ. ਵਿਚ ਇਹ 4x 400 ਮੀ. ਰਿਲੇਅ ਦੌੜ ਦੀ ਭਾਰਤੀ ਟੀਮ ਦਾ ਮੈਂਬਰ ਸੀ। ਫਿਰ 1966 ਈ. ਵਿਚ ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ ਵਿਚ ਹਿੱਸਾ ਲੈਣ ਪਿੱਛੇ ਇਸ ਨੇ ਉਸੇ ਸਾਲ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਵਿਚੋਂ ਸੋਨੇ ਤੇ ਚਾਂਦੀ ਦੇ ਦੋ ਮੈਡਲ ਜਿਤੇ। ਇਕ ਚਾਂਦੀ ਦਾ ਤਮਗਾ ਇਸ ਨੇ 1970 ਈ. ਵਾਲੀਆਂ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਵਿਚ ਜਿਤਿਆ। ਫਿਰ ਲੋੜ ਜੋਗੀ ਕਮਾਈ ਕਰਨ ਲਈ ਇਹ ਨਾਈਜੀਰੀਆ ਚਲਾ ਗਿਆ ਤੇ 1975 ਤੋਂ 80 ਤਕ ਉਥੋਂ ਦੀ ਇਕ ਯੂਨੀਵਰਸਿਟੀ ਵਿਚ ਸਰੀਰਕ ਸਿੱਖਿਆ ਤੇ ਖੇਡਾਂ ਦੀ ਕੋਚਿੰਗ ਦਿੰਦਾ ਰਿਹਾ। ਸੰਨ 1981 ਤੋਂ ਇਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਡਾਇਰੈੱਕਟਰ ਸਪੋਰਟਸ ਦੇ ਅਹੁਦੇ ਉੱਤੇ ਕੰਮ ਕਰ ਰਿਹਾ ਹੈ।
ਇਸ ਦੀ ਪਹਿਲੀ 'ਬੱਲੇ ਬੱਲੇ' ਵਾਲੀ ਪ੍ਰਸਿੱਧੀ 1962ਈ. ਵਿਚ ਚੰਡੀਗੜ੍ਹ ਦੀ ਅੰਤਰ ਯੂਨੀਵਰਸਿਟੀ ਐਥਲੈਟਿਕ ਮੀਟ ਸਮੇਂ ਹੋਈ। ਉਥੇ ਇਸ ਨੇ ਭਾਰਤੀ ਯੂਨੀਵਰਸਿਟੀਆਂ ਦੀ 400 ਮੀ. ਦੋੜ ਦਾ ਨਵਾਂ ਰਿਕਾਰਡ ਕਾਇਮ ਕੀਤਾ। ਇਸ ਤੋਂ ਪਿੱਛੋਂ ਫੇਰ ਇਹ ਚੜ੍ਹਦਾ ਹੀ ਗਿਆ। ਸੰਨ 1966 ਵਿਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਇਸ ਨੇ 1400 ਮੀ. ਦੀ ਦੌੜ47.1 ਸੈਕਿੰਡ ਵਿਚ ਲਾ ਕੇ ਸੋਨੇ ਅਤੇ 200 ਮੀ. 21.5 ਸੈਕਿੰਡ ਵਿਚ ਲਾ ਕੇ ਚਾਦੀ ਦਾ ਮੈਡਲ ਜਿੱਤਿਆ। ਇਹ 1970ਈ. ਤਕ ਕੌਮਾਂਤਰੀ ਐਥਲੈਟਿਕ ਮੁਕਾਬਲਿਆਂ ਵਿਚ ਭਾਰਤ ਦੀ ਨੁਮਇੰਦਗੀ ਕਰਦਾ ਰਿਹਾ । ਸੰਨ 1970 ਵਿਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਵਿਚ 4 x 400 ਮੀ. ਰਿਲੇਅ ਦੌੜ ਵਿਚੋਂ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਇਹ ਮੈਂਬਰ ਸੀ। ਇਸ ਨੇ ਭਾਰਤੀ ਐਥਲੈਟਿਕ ਟੀਮ ਦੀ ਕਪਤਾਨੀ ਵੀ ਕੀਤੀ। ਐਥਲੈਟਿਕ ਖੇਡਾਂ ਵਿਚ ਇਸ ਦੀਆਂ ਪ੍ਰਾਪਤੀਆਂ ਨੂੰ ਮੱਦੇ ਨਜ਼ਰ ਰਖਦਿਆਂ ਭਾਰਤ ਸਰਕਾਰ ਵੱਲੋਂ ਇਸ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।
ਲੇਖਕ : ਸਰਵਣ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-12-22-46, ਹਵਾਲੇ/ਟਿੱਪਣੀਆਂ:
ਅਜਮੇਰ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜਮੇਰ ਸਿੰਘ (ਵੀ. ਚ.) : ਇਸ ਬਹਾਦਰ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਾਲੇ ਪੱਟੀ ਵਿਖੇ ਸ. ਕਰਤਾਰ ਸਿੰਘ ਦੇ ਘਰ 30 ਨਵੰਬਰ, 1945 ਨੂੰ ਹੋਇਆ। ਮੁੱਢਲੀ ਪੜ੍ਹਾਈ ਉਪਰੰਤ ਇਹ ਪ੍ਰਾਦੇਸ਼ਿਕ ਸੈਨਾ ਵਿਚ ਭਰਤੀ ਹੋ ਗਿਆ। ਲਗਭਗ ਸਾਢੇ ਨੌ ਸਾਲ ਦੀ ਸੇਵਾ ਉਪਰੰਤ ਇਸ ਨੌਜਵਾਨ ਦਾ ਨਾਂ ਚੰਗੇ ਤੋਪਖਾਨਾ ਗਨਰਾਂ ਵਿਚ ਗਿਣਿਆ ਜਾਣ ਲੱਗਾ। ਹਵਾਈ ਜਹਾਜ਼ਾਂ ਦੀ ਪਛਾਣ ਅਤੇ ਨਿਸ਼ਾਨਾ ਬਣਾਉਣ ਦੀ ਤਕਨੀਕ ਵਿਚ ਇਹ ਹਰ ਤਰ੍ਹਾਂ ਮਾਹਿਰ ਹੋ ਗਿਆ। ਸੰਨ 1971 ਦੀ ਹਿੰਦ-ਪਾਕਿ ਜੰਗ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ਉੱਤੇ 5 ਦਸੰਬਰ, 1971 ਨੂੰ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਬੜਾ ਜ਼ੋਰਦਾਰ ਹਮਲਾ ਕੀਤਾ। ਦੁਸ਼ਮਣ ਦੇ ਹਵਾਈ ਜਹਾਜ਼ਾਂ ਦੀ ਖ਼ਬਰ ਇਸ ਦੀ ਟੁਕੜੀ ਨੂੰ ਮਿਲੀ ਤਾਂ ਇਸ ਦੀਆਂ ਚੁਸਤ ਅਤੇ ਫੁਰਤੀਲੀਆਂ ਅੱਖਾਂ ਨੇ ਨੀਵੀਂ ਉਡਾਣ ਭਰ ਰਿਹਾ ਇਕ ਜਹਾਜ਼ ਨਿਸ਼ਾਨਾ ਬਣਾ ਕੇ ਬੁਰੀ ਤਰ੍ਹਾਂ ਡੇਗਿਆ। ਉਸ ਬਲਦੇ ਜਹਾਜ਼ ਨੂੰ ਵੇਖ ਕੇ ਬਾਕੀ ਦੇ ਹਵਾਈ ਜਹਾਜ਼ ਵਾਪਸ ਪਰਤ ਗਏ ਤੇ ਅਖ਼ੀਰ ਪਾਕਿਸਤਾਨੀ ਹਵਾਈ ਹਮਲਾ ਪਛਾੜ ਦਿੱਤਾ ਗਿਆ।
ਹਵਾਲਦਾਰ ਅਜਮੇਰ ਸਿੰਘ ਦੀ ਇਸ ਕਾਰਜ ਕੁਸ਼ਲਤਾ ਤੇ ਬਹਾਦਰੀ ਸਦਕਾ ਇਸ ਨੂੰ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ।
ਲੇਖਕ : ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-12-23-43, ਹਵਾਲੇ/ਟਿੱਪਣੀਆਂ:
ਅਜਮੇਰ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜਮੇਰ ਸਿੰਘ : ਇਸ ਬਹਾਦਰ ਫ਼ੌਜੀ ਦਾ ਜਨਮ ਜ਼ਿਲ੍ਹਾ ਤੇ ਤਹਿਸੀਲ ਲੁਧਿਆਣਾ ਦੇ ਪਿੰਡ ਧਰੌੜ ਵਿਖੇ ਹੋਇਆ। ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਇਸ ਨੇ ਭਾਰਤੀ ਫ਼ੌਜ ਵਿਚ ਨੌਕਰੀ ਕੀਤੀ ਤੇ ਅਫ਼ਸਰ ਬਣ ਗਿਆ। ਦੂਜੇ ਸੰਸਾਰ ਯੁੱਧ ਸਮੇਂ, ਇਹ ਅੰਗਰੇਜ਼ੀ ਹਕੂਮਤ ਵੱਲੋਂ ਬਰਮਾ ਦੇ ਮੁਹਾਜ਼ ਉੱਤੇ ਲੜਦਾ ਹੋਇਆ ਜਾਪਾਨੀ ਫ਼ੌਜਾਂ ਦੇ ਕਬਜ਼ੇ ਵਿਚ ਆ ਗਿਆ। ਬਾਅਦ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਕਸਮ ਖਾ ਕੇ ਸੁਭਾਸ਼ ਚੰਦਰ ਬੋਸ ਦੀ ਬਣਾਈ ਇੰਡੀਅਨ ਨੈਸ਼ਨਲ ਆਰਮੀ ਵਿਚ ਮੇਜਰ ਬਣ ਕੇ ਪਹਿਲੇ ਬਹਾਦਰ ਗਰੁੱਪ ਵਿਚ ਸ਼ਾਮਲ ਹੋਇਆ। ਇਹ ਆਈ. ਐਨ. ਏ. ਦੇ ਹੋਰ ਜਵਾਨਾਂ ਨਾਲ ਅੰਗਰੇਜ਼ਾਂ ਦੀ ਹਿਰਾਸਤ ਵਿਚ ਆ ਗਿਆ। ਇਸ ਉੱਪਰ ਦੁਸ਼ਮਣ ਦੇ ਖ਼ਤਰਨਾਕ ਏਜੰਟ ਵੱਜੋਂ ਮੁਕਦਮਾ ਚਲਾਇਆ ਗਿਆ ਅਤੇ ਇਸ ਨੂੰ ਦਿੱਲੀ ਦੇ ਲਾਲ ਕਿਲੇ ਵਿਚ ਕੈਦ ਕਰ ਦਿੱਤਾ ਗਿਆ ਅਤੇ ਉਥੇ ਹੀ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-12-24-17, ਹਵਾਲੇ/ਟਿੱਪਣੀਆਂ: ਹ. ਪੁ. –ਹੂ ਜ਼ ਹੂ. ਇੰ. ਮਾ.: 7
ਵਿਚਾਰ / ਸੁਝਾਅ
Please Login First