ਅਦਰਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਦਰਕ ( ਨਾਂ , ਪੁ ) ਵੇਖੋ : ਅਧਰਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਦਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਦਰਕ. ਸੰ. ਆਦ੍ਰ੗ਕ. ਸੰਗ੍ਯਾ— ਆਦਾ. ਹਰੀ ਸੁੰਢ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਦਰਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਦਰਕ : ਇਸ ਦੀ ਕੁਲ ਜ਼ਿੰਜੀਬਰੇਸੀ ( Zingi-beraceae ) , ਪ੍ਰਜਾਤੀ ਜ਼ਿੰਜੀਬਰ ( Zingiber ) ਅਤੇ ਜਾਤੀ ਆੱਫ਼ਿਸਿਨੇਲ ( officinale ) ਹੈ । ਅਨੁਮਾਨ ਹੈ ਕਿ ਇਹ ਸਭ ਤੋਂ ਪਹਿਲਾਂ ਦੱਖਣ ਪੂਰਬੀ ਏਸ਼ੀਆ ਵਿਚ ਪੈਦਾ ਹੋਇਆ , ਪਰ ਪੱਕੀ ਤਰ੍ਹਾਂ ਕਹਿਣਾ ਮੁਸ਼ਕਲ ਹੈ । ਅੱਜ ਕੱਲ ਇਹ ਸਾਰੇ ਤਪਤ-ਖੰਡ ਵਿਚ ਬੀਜਿਆ ਜਾਂਦਾ ਹੈ । ਇਹ ਕੋਈ 91 ਸੈਂ. ਮੀ. ਤੋਂ 1 ਮੀ. ਉੱਚਾ ਸਦਾਬਹਾਰ , ਸੁਗੰਧਤ ਅਤੇ ਨੜ ਵਰਗਾ ਬੂਟਾ ਹੁੰਦਾ ਹੈ । ਜ਼ਮੀਨ ਹੇਠਾਂ ਲੰਬੇ ਦਾਅ ਜੋੜਾਂ ਵਾਲੀਆਂ ਗੰਢੀਆਂ ਉਗਦੀਆਂ ਹਨ । ਇਹ ਗੰਢੀਆਂ ਅਸਲ ਵਿਚ ਪੌਦੇ ਦਾ ਤਣਾ ਹੁੰਦੀਆਂ ਹਨ ਜਿਹੜੀਆਂ ਜ਼ਮੀਨ ਉਤੇ ਉੱਗਣ ਦੀ ਥਾਂ ਹੇਠਾਂ ਉਗਦੀਆਂ ਹਨ ਅਤੇ ਆਪਣੇ ਵਿਚ ਖ਼ੁਰਾਕ ਜਮ੍ਹਾਂ ਕਰਦੇ ਰਖਦੀਆਂ ਹਨ । ਇਨ੍ਹਾਂ ਦੇ ਹੇਠਲੇ ਪਾਸਿਉਂ ਜੜ੍ਹਾਂ ਨਿਕਲਦੀਆਂ ਹਨ ਅਤੇ ਉੱਪਰਲੇ ਪਾਸਿਉਂ ਡੰਡਲ ਜੋ ਧਰਤੀ ਤੋਂ ਬਾਹਰ ਆ ਕੇ ਬੂਟੇ ਦੇ ਰੂਪ ਵਿਚ ਦਿਖਾਈ ਦੇਂਦੇ ਹਨ । ਉਹ ਦੋ ਤਰ੍ਹਾਂ ਦੇ ਹੁੰਦੇ ਹਨ । ਪੱਤਿਆਂ ਵਾਲੇ ਅਤੇ ਫੁੱਲਾਂ ਵਾਲੇ । ਪੱਤਿਆਂ ਵਾਲੇ ਡੰਡਲ 91 ਸੈਂ. ਮੀ. ਤੋਂ 1 ਮੀ. ਲੰਬੇ ਹੁੰਦੇ ਹਨ ਅਤੇ ਫੁੱਲਾਂ ਵਾਲੇ ਕੋਈ 15 ਸੈਂ. ਮੀ. ਤੋਂ 30 ਸੈਂ. ਮੀ. ਹੁੰਦੇ ਹਨ । ਪੱਤੇ ਇਕਾਂਤਰ , ਦੋ ਕਤਾਰਾਂ ਵਿਚ , ਬਿਨਾਂ ਡੰਡੀ ਦੇ ਅਤੇ ਨੋਕੀਲੇ ਹੁੰਦੇ ਹਨ ਪੱਤੇ ਦੀ ਡੰਡੀ ਡੰਡਲ ਦੁਆਲੇ ਇਕ ਲੰਬਾ ਖ਼ੋਲ ਜਿਹਾ ਬਣਾਉਂਦੀਆਂ ਹੈ । ਫੁੱਲਾਂ ਵਾਲੇ ਡੰਡਲ ਦੇ ਸਿਰੇ ਤੇ 51– 76 ਮਿ. ਮੀ. ਲੰਬਾ ਨਿੱਕੇ ਨਿੱਕੇ ਪਿਲੱਤਣ ਰੰਗੇ ਫੁੱਲਾਂ ਦਾ ਗੁੱਛਾ ਬਣਦਾ ਹੈ ਜਿਹੜਾ ਕਿ ਹਰੀਆਂ , ਪੀਲੇ ਰੰਗ ਦੀਆਂ ਡੰਡੀਆਂ ਵਾਲੀਆਂ ਪੱਤੀਆਂ ਨਾਲ ਕੱਜਿਆ ਹੁੰਦਾ ਹੈ । ਫੁੱਲ ਕਦੀ ਕਦਾਈਂ ਹੀ ਨਿਕਲਦੇ ਹਨ ਅਤੇ ਬੀ ਉੱਕਾ ਨਹੀਂ ਬਣਦੇ । ਇਸ ਲਈ ਨਸਲੀ ਵਾਧਾ ਗੰਢੀਆਂ ਰਾਹੀਂ ਹੀ ਹੁੰਦਾ ਹੈ । ਇਸ ਦੇ ਵਾਧੇ ਵਾਸਤੇ ਉਪਜਾਊ ਤੇ ਗਿੱਲੀ ਭੋਂ , ਛਾਂ ਤੇ ਗਰਮ ਖ਼ੁਸ਼ਕ ਹਵਾ ਬਹੁਤ ਜ਼ਰੂਰੀ ਹੈ ।

                  ਡੰਡਲਾਂ ਦੇ ਸੁੱਕ ਜਾਣ ਤੇ ਗੰਢੀਆਂ ਪੁੱਟ ਕੇ ਕੱਢ ਲਈਆਂ ਜਾਂਦੀਆਂ ਹਨ । ਇਨ੍ਹਾਂ ਤਾਜ਼ੀਆਂ ਗੰਢੀਆਂ ਨੂੰ ਅਦਰਕ ਆਖਦੇ ਹਨ । ਧੋ ਕੇ ਘਰੂਠੀਆਂ ਤੇ ਫਿਰ ਧੁੱਪੇ ਸੁਕਾਈਆਂ ਗੰਢੀਆਂ ਨੂੰ ਸੁੰਢ ਕਹਿੰਦੇ ਹਨ ਅਤੇ ਆਮ ਤੌਰ ਤੇ ਗੰਧਕ ਦੇ ਧੂੰਏਂ ਨਾਲ ਜਾਂ ਬਲੀਚਿੰਗ ਪਾਊਡਰ ਦੇ ਘੋਲ ਵਿਚ ਡਬੋ ਕੇ ਇਨ੍ਹਾਂ ਨੂੰ ਚਿੱਟਾ ਕਰ ਲਿਆ ਜਾਂਦਾ ਹੈ । ਗੰਢੀਆਂ ਵਿਚ ਬਹੁਤ ਸਾਰੇ ਬਰੀਕ ਰੇਸ਼ੇ ਹੁੰਦੇ ਹਨ । ਇਸ ਦਾ ਸਵਾਦ ਤਿੱਖਾ ਤੇ ਸਾੜਵਾਂ ਹੁੰਦਾ ਹੈ । ਅਦਰਕ ਦਾਲਾਂ ਭਾਜੀਆਂ ਵਿਚ ਮਸਾਲੇ ਵਜੋਂ ਵਰਤਿਆ ਜਾਂਦਾ ਹੈ । ਅਚਾਰ , ਮੁਰੱਬਾ ਅਤੇ ਕੈਂਡੀ ਬਣਾ ਕੇ ਵੀ ਖਾਧਾ ਜਾਂਦਾ ਹੈ ਅਤੇ ਸ਼ਰਾਬ ਨੂੰ ਸੁਗੰਧੀ ਦੇਣ ਵਾਸਤੇ ਵੀ ਵਰਤਿਆ ਜਾਂਦਾ ਹੈ ।

                  ਤਰ ਅਤੇ ਤਾਜ਼ਾ ਰੂਪ ਵਿਚ ਇਸ ਦਾ ਸੁਭਾ ਤੀਜੇ ਦਰਜੇ ਵਿਚ ਗਰਮ ਅਤੇ ਪਹਿਲੇ ਦਰਜੇ ਵਿਚ ਖ਼ੁਸ਼ਕ ਹੁੰਦਾ ਹੈ । ਸੁੰਢ ਦੀ ਸ਼ਕਲ ਵਿਚ ਇਹ ਦੂਜੇ ਦਰਜੇ ਵਿਚ ਖ਼ੁਸ਼ਕ ਹੈ । ਇਸ ਦਾ ਬਦਲ ਮਘਾਂ ਹਨ । ਅਦਰਕ ਯਾਦ-ਸ਼ਕਤੀ ਨੂੰ ਤਾਕਤ ਦੇਂਦਾ ਹੈ , ਹਾਜ਼ਮਾ ਵਧਾਉਂਦਾ ਹੈ ਅਤੇ ਜਿਗਰ ਅਤੇ ਮਿਹਦੇ ਲਈ ਗੁਣਕਾਰੀ ਹੈ । ਇਹ ਜਿਗਰ ਦੇ ਸੁੱਦੇ ਖੋਲ੍ਹਦਾ ਹੈ ਅਤੇ ਮੈਥੁਨ-ਸ਼ਕਤੀ ਨੂੰ ਵਧਾਉਂਦਾ ਹੈ । ਮਿਹਦੇ ਅਤੇ ਅੰਤੜੀਆਂ ਦੀ ਗੰਦੀ ਹਵਾ ਨੂੰ ਖ਼ਤਮ ਕਰਦਾ ਹੈ । ਬਲਗ਼ਮ ਨੂੰ ਕਟਦਾ ਹੈ ਤੇ ਗਾੜ੍ਹੀਆਂ ਰਤੂਬਤਾਂ ਨੂੰ ਜਿਹੜੀਆਂ ਮਿਹਦੇ ਅਤੇ ਅੰਤੜੀਆਂ ਦੀ ਸਤ੍ਹਾਂ ਨਾਲ ਚਿਮਟੀਆਂ ਹੋਣ , ਸੋਖਦਾ ਹੈ । ਪੱਠਿਆਂ ਦੀ ਠੰਢ ਨੂੰ ਦੂਰ ਕਰਦਾ ਹੈ ਅਤੇ ਅਧਰੰਗ ਲਈ ਲਾਹੇਵੰਦ ਹੈ । ਮਿਹਦੇ ਦੇ ਕੀੜਿਆਂ ਨੂੰ ਮਾਰਦਾ ਹੈ । ਸੁੱਦਿਆਂ ਤੋਂ ਪੈਦਾ ਹੋਏ ਪੀਲੀਆ ਰੋਗ ਨੂੰ ਅਤੇ ਠੰਢ ਤੇ ਮਸਾਨੇ ਆਦਿ ਦੀ ਕਮਜ਼ੋਰੀ ਤੋਂ ਪੈਦਾ ਹੋਏ ਦੁਖਨੂਤੇ ਲਈ ਲਾਭਦਾਇਕ ਹੈ । ਬਦਾਮ-ਰੋਗਲ ਅਤੇ ਸ਼ਹਿਦ ਇਸਦੇ ਸੋਧਕ ਹਨ । ਇਸ ਦੀ ਖ਼ੁਰਾਕ 6.8 ਗ੍ਰਾ. ਹੈ । ਅਦਰਕ ਦੀਆਂ ਜਵਾਰਸ਼ਾਂ , ਚਟਨੀਆਂ ਤੇ ਮੁਰੱਬੇ ਬਣਦੇ ਹਨ ।


ਲੇਖਕ : ਜਗਜੀਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.