ਅਧਿਕਾਰਤਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Jurisdiction_ਅਧਿਕਾਰਤਾ: ਕੋਈ ਕੇਸ ਸੁਣਨ ਅਤੇ ਉਸ ਦਾ ਮੁਕਾਉ ਕਰਨ, ਨਿਆਂ-ਨਿਰਨਾ ਕਰਨ ਜਾਂ ਉਸਦੇ ਸਬੰਧ ਵਿਚ ਨਿਆਂਇਕ ਇਖ਼ਤਿਆਰਾਂ ਦੀ ਵਰਤੋਂ ਕਰਨ ਦੇ ਅਦਾਲਤ ਦੇ ਇਖ਼ਤਿਆਰ ਨੂੰ ਅਧਿਕਾਰਤਾ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਅਦਾਲਤ ਦਾ ਉਹ ਇਖ਼ਤਿਆਰ ਜੋ ਅਦਾਲਤ ਨੂੰ ਉਸ ਅੱਗੇ ਲਿਆਂਦੇ ਗਏ ਮੁਕੱਦਮੇ ਦਾ ਫ਼ੈਸਲਾ ਕਰਨ ਜਾਂ ਉਸ ਦੀ ਸਮਾਇਤ ਅਧਿਕਾਰ ਲੈਣ ਬਾਰੇ ਹੁੰਦਾ ਹੈ। ਅਦਾਲਤ ਦੀ ਅਧਿਕਾਰਤਾ ਦਾਵੇ ਦੀ ਮਾਲੀਅਤ, ਥਾਂ, ਵਿਸ਼ੇ-ਵਸਤੂ ਦੀ ਪ੍ਰਕਿਰਤੀ ਆਦਿ ਕਾਰਨ ਸੀਮਤ ਹੋ ਸਕਦੀ ਹੈ। ਇਲਾਕਾਈ ਅਧਿਕਾਰਤਾ, ਮਾਇਕ ਅਧਿਕਾਰਤਾ ਅਤੇ ਵਿਸ਼ੇ ਵਸਤੂ ਉਤੇ ਅਧਿਕਾਰਤਾ ਵਿਚ ਵਰਗੀਕਰਣ ਬੁਨਿਆਦੀ ਪ੍ਰਕਾਰ ਦਾ ਹੈ। ਸਾਧਾਰਨ ਨਿਯਮ ਇਹ ਹੈ ਕਿ ਜੇ ਫ਼ੈਸਲਾ ਦੇਣ ਵਾਲੀ ਅਦਾਲਤ ਉਪਰੋਕਤ ਗੱਲਾਂ ਵਿਚੋਂ ਕਿਸੇ ਇਕ ਵਿੱਚ ਵੀ ਊਣੀ ਹੈ ਤਾਂ ਉਸ ਦੁਆਰਾ ਦਿੱਤਾ ਨਿਰਨਾ ਬਾਤਲ ਹੋਵੇਗਾ ਅਤੇ ਉਸ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ।
ਜਦੋਂ ਕੋਈ ਮਾਮਲਾ ਕਿਸੇ ਅਦਾਲਤ ਅੱਗੇ ਸ਼ੁਰੂ ਕੀਤਾ ਜਾ ਸਕਦਾ ਹੋਵੇ ਤਾਂ ਉਸ ਤਰ੍ਹਾਂ ਦੀ ਅਧਿਕਾਰਤਾ ਨੂੰ ਅਰੰਭਕ ਅਧਿਕਾਰਤਾ ਕਿਹਾ ਜਾਂਦਾ ਹੈ ਜਦ ਕਿ ਜਿਸ ਅਦਾਲਤ ਅੱਗੇ ਕੋਈ ਅਪੀਲ ਲਿਆਂਦੀ ਜਾ ਸਕਦੀ ਹੋਵੇ ਉਸ ਨੂੰ ਅਪੀਲੀ ਅਧਿਕਾਰਤਾ ਕਿਹਾ ਜਾਂਦਾ ਹੈ।
ਏ ਆਰ ਅਨਾਤੁਲੇ ਬਨਾਮ ਆਰ ਐਸ ਨਾਇਕ (ਏ ਆਈ ਆਰ 1988 ਐਸ ਸੀ 1531) ਅਨੁਸਾਰ ਅਧਿਕਾਰਤਾ ਦਾ ਮਤਲਬ ਹੈ ਅਦਾਲਤ ਦਾ ਕਿਸੇ ਮਾਮਲੇ ਦਾ ਨਿਪਟਾਰਾ ਕਰਨ ਅਤੇ ਅਜਿਹਾ ਹੁਕਮ ਕਰਨ ਦਾ ਇਖ਼ਤਿਆਰ ਜਾਂ ਸ਼ਕਤੀ ਜੋ ਉਨ੍ਹਾਂ ਤੱਥਾਂ ਅਨੁਸਾਰ ਬੰਧਨਕਾਰੀ ਹੋਵੇ। ਸ੍ਰੀ ਐਮ.ਐਲ ਸੇਠੀ ਬਨਾਮ ਆਰ ਪੀ ਕਪੂਰ (ਏ ਆਈ ਆਰ 1972 ਐਸ ਸੀ 2379) ਅਨੁਸਾਰ ‘ਅਧਿਕਾਰਤਾ’ ਇਕ ਬਹੁ-ਰੰਗਾ ਲਫ਼ਜ਼ੀ ਉਛਾੜ ਹੈ। ਮੂਲ ਰੂਪ ਵਿਚ ਇਸ ਦਾ ਮਤਲਬ ਹੈ ਪ੍ਰਸ਼ਨ ਅਧੀਨ ਪੜਤਾਲ ਹੱਥ ਵਿਚ ਲੈਣਾ। ਜੇ ਕਿਸੇ ਪੜਤਾਲ ਅਥਵਾ ਜਾਂਚ ਨੂੰ ਹੱਥ ਵਿਚ ਲੈਣ ਦਾ ਹੱਕ ਹਾਸਲ ਹੋਵੇ ਤਾਂ ਬਾਦ ਵਿਚ ਦੀ ਕੋਈ ਗ਼ਲਤੀ ਅਧਿਕਾਰਤਾ ਅੰਦਰ ਹੋਈ ਇਕ ਭੁੱਲ ਸਮਝੀ ਜਾ ਸਕਦੀ ਹੈ। ਅਧਿਕਾਰਤਾ ਦੇ ਸਵਾਲ ਦਾ ਫ਼ੈਸਲਾ ਅਰੰਭ ਵਿਚ ਹੋਣਾ ਚਾਹੁੰਦਾ ਹੈ ਨ ਕਿ ਪੜਤਾਲ ਦੇ ਅੰਤ ਵਿਚ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First