ਅਨੁਮਾਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੁਮਾਨ ( ਨਾਂ , ਪੁ ) ਅੰਦਾਜ਼ਾ; ਅਟਾ-ਸਟਾ; ਕਿਆਸ; ਲੱਖਣ; ਗਵੇੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਨੁਮਾਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Inference ( ਇਨਫਅਰਾਂਸ ) ਅਨੁਮਾਨ : ਨਿਰਨਾ ਅਧੂਰੇ ਪ੍ਰਮਾਣਾਂ ਤੋਂ ਇਕ ਪਰਿਣਾਮ ਹਾਸਲ ਕਰਨਾ ਖ਼ਾਸ ਕਰਕੇ ਸੰਖਿਅਕੀ ਵਿਸ਼ਲੇਸ਼ਣਾਂ ਵਿੱਚ ਜਿਹੜੇ ਨਮੂਨਿਆਂ ( samples ) ਤੇ ਆਧਾਰਿਤ ਹੁੰਦੇ ਹਨ । ਕਾਰਜ ਪ੍ਰਣਾਲੀਆਂ ਦੇ ਸਮੂਹ ਨੂੰ ਅਨੁਮਾਨਤਵ ਸੰਖਿਅਕੀ ( inferential statistics ) ਕਹਿੰਦੇ ਹਾਂ । ਇਸ ਦਾ ਵਿਕਾਸ ਯਕੀਨਨਤਾ ਦੇ ਦਰਜੇ ( degree of certainty ) ਨੂੰ ਨਿਸ਼ਚਿਤ ਕਰਨ ਲਈ ਕੀਤਾ ਜਾਂਦਾ ਹੈ , ਜਿਸ ਨਾਲ ਇਕ ਅਬਾਦੀ ( population ) ਬਾਰੇ ਕੋਈ ਕਥਨ ਕੀਤਾ ਜਾ ਸਕੇ ਜਦੋਂ ਕਿ ਉਸ ਅਬਾਦੀ ਦੇ ਕੇਵਲ ਨਮੂਨਿਆਂ ਦਾ ਹੀ ਅਧਿਐਨ ਕੀਤਾ ਗਿਆ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅਨੁਮਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੁਮਾਨ [ ਨਾਂਪੁ ] ਅੰਦਾਜ਼ਾ , ਅਟਾ-ਸਟਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਨੁਮਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੁਮਾਨ. ਸੰ. ਸੰਗ੍ਯਾ— ਅੰਦਾਜ਼ਾ. ਅੱਟਾ ਸੱਟਾ. ਅਟਕਲ. ਕਿ਼ਆਸ । ੨ ਦੇਖੋ , ਪ੍ਰਮਾਣ ਦਾ ਨੰ : ੧੧.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਨੁਮਾਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਨੁਮਾਨ : ਇਹ ਦਰਸ਼ਨ ਅਤੇ ਤਰਕ-ਸ਼ਾਸਤਰ ਦਾ ਪਰਿਭਾਸ਼ਕ ਸ਼ਬਦ ਹੈ । ਭਾਰਤੀ ਫ਼ਲਸਫ਼ੇ ਵਿਚ ਗਿਆਨ ਪ੍ਰਾਪਤ ਕਰਨ ਦੇ ਸਾਧਨਾਂ ਨੂੰ ‘ ਪਰਮਾਣ’ ਕਹਿੰਦੇ ਹਨ । ਅਨੁਮਾਨ ਵੀ ਪਰਮਾਣ ਹੈ । ਚਾਰਵਾਕ-ਦਰਸ਼ਨ ਨੂੰ ਛੱਡ ਕੇ ਲਗ ਭਗ ਸਾਰੇ ਦਰਸ਼ਨ ਅਨੁਮਾਨ ਨੂੰ ਗਿਆਨ ਪ੍ਰਾਪਤ ਕਰਨ ਦਾ ਇਕ ਸਾਧਨ ਮੰਨਦੇ ਹਨ । ਅਨੁਮਾਨ ਰਾਹੀਂ ਜੋ ਗਿਆਨ ਹੁੰਦਾ ਹੈ ਉਸਨੂੰ ‘ ਅਨੁਮਿਤੀ’ ਕਹਿੰਦੇ ਹਨ । ਪ੍ਰਤੱਖ ( ਇੰਦਰੀਆਂ ) ਰਾਹੀਂ ਜਿਸ ਚੀਜ਼ ਦੀ ਹੋਂਦ ਦਾ ਗਿਆਨ ਨਾ ਹੋ ਰਿਹਾ ਹੋਵੇ , ਉਸ ਦਾ ਗਿਆਨ ਕਿਸੇ ਅਜਿਹੀ ਚੀਜ਼ ਦੇ ਅਪ੍ਰਤੱਖ ਗਿਆਨ ਦੇ ਆਧਾਰ ਤੇ ਪ੍ਰਾਪਤ ਕਰਨ ਨੂੰ ਅਨੁਮਿਤੀ ਕਹਿੰਦੇ ਹਨ , ਜਿਹੜੀ ਉਸ ਅਪ੍ਰਤੱਖ ਚੀਜ਼ ਦੀ ਹੋਂਦ ਦਾ ਸੰਕੇਤ ਇਸ ਲਈ ਕਰਦੀ ਹੈ ਕਿ ਸਾਡੇ ਪਹਿਲੇ ਪ੍ਰਤੱਖ ਅਨੁਭਵ ਵਿਚ ਬਹੁਤ ਵੇਰ ਉਹ ਦੋਵੇਂ ਇਕੱਠੀਆਂ ਹੀ ਵਿਖਾਈ ਪੈਂਦੀਆਂ ਹਨ । ਅਜਿਹਾ ਗਿਆਨ ਪ੍ਰਾਪਤ ਕਰਨ ਦੇ ਅਮਲ ਨੂੰ ਅਨੁਮਾਨ ਕਹਿੰਦੇ ਹਨ । ਇਸ ਅਮਲ ਦੀ ਸਭ ਤੋਂ ਸਾਦੀ ਉਦਾਹਰਣ ਇਹ ਹੈ : ਕਿਸੇ ਪਹਾੜ ਦੇ ਦੂਜੇ ਪਾਸੇ ਧੂੰਆ ਉਠਦਾ ਦੇਖ ਕੇ ਉਥੇ ਅੱਗ ਦੀ ਹੋਂਦ ਦਾ ਗਿਆਨ ਹੋਣਾ ਅਨੁਮਿਤੀ ਹੈ ਅਤੇ ਇਹ ਗਿਆਨ ਜਿਸ ਅਮਲ ਨਾਲ ਆਉਂਦਾ ਹੈ ਇਹ ਉਸ ਦਾ ਅਨੁਮਾਨ ਹੈ । ਇਥੇ ਅਗ ਪ੍ਰਤੱਖ ਦਾ ਵਿਸ਼ਾ ਨਹੀਂ , ਕੇਵਲ ਧੂਏਂ ਦਾ ਵਿਸ਼ਾ ਪ੍ਰਤੱਖ ਗਿਆਨ ਹੁੰਦਾ ਹੈ ਪਰ ਪਹਿਲੋਂ ਕਈ ਵਾਰ ਕਈ ਥਾਵਾਂ ਤੇ ਅੱਗ ਅਤੇ ਧੂਏਂ ਦਾ ਇਕੱਠਾ ਹੀ ਪ੍ਰਤੱਖ ਗਿਆਨ ਹੋਣ ਨਾਲ ਮਨ ਵਿਚ ਇਹ ਵਿਚਾਰ ਬਣ ਗਿਆ ਹੈ ਕਿ ਜਿੱਥੇ ਜਿੱਥੇ ਧੂੰਆਂ ਹੁੰਦਾ ਹੈ , ਉੱਥੇ ਉੱਥੇ ਅੱਗ ਵੀ ਹੁੰਦੀ ਹੈ । ਹੁਣ ਜਦ ਅਸੀਂ ਕੇਵਲ ਧੂੰਏਂ ਦਾ ਪ੍ਰਤੱਖ ਅਨੁਭਵ ਕਰਦੇ ਹਾਂ ਅਤੇ ਸਾਨੂੰ ਇਹ ਯਾਦ ਹੁੰਦਾ ਹੈ ਕਿ ਜਿੱਥੇ ਜਿੱਥੇ ਧੂੰਆ ਹੋਵੇ ਉੱਥੇ ਉੱਥੇ ਅੱਗ ਹੁੰਦੀ ਹੈ ਤਾਂ ਅਸੀਂ ਸੋਚਦੇ ਹਾਂ ਕਿ ਹੁਣ ਸਾਨੂੰ ਜਿੱਥੇ ਧੂੰਆਂ ਵਿਖਾਈ ਦੇ ਰਿਹਾ ਹੈ , ਉੱਥੇ ਅੱਗ ਜ਼ਰੂਰ ਹੋਵੇਗੀ । ਇਸ ਲਈ ਪਹਾੜ ਦੇ ਉਸ ਪਾਰ ਜਿੱਥੇ ਸਾਨੂੰ ਇਸ ਸਮੇਂ ਧੂੰਏਂ ਦਾ ਪ੍ਰਤੱਖ ਗਿਆਨ ਹੋ ਰਿਹਾ ਹੈ ਉਥੇ ਅੱਗ ਜ਼ਰੂਰ ਹੋਵੇਗੀ ।

                  ਇਸ ਕਿਸਮ ਦੇ ਅਮਲ ਦੇ ਮੁਖ ਅੰਗਾਂ ਦੇ ਪਰਿਭਾਸ਼ਕ ਸ਼ਬਦ ਇਹ ਹਨ : ਜਿਸ ਚੀਜ਼ ਦਾ ਸਾਨੂੰ ਪ੍ਰਤੱਖ ਗਿਆਨ ਹੋ ਰਿਹਾ ਹੈ ਅਤੇ ਜਿਸ ਗਿਆਨ ਦੇ ਆਧਾਰ ਤੇ ਅਸੀਂ ਪ੍ਰਤੱਖ ਚੀਜ਼ ਦੀ ਹੋਂਦ ਦਾ ਗਿਆਨ ਪ੍ਰਾਪਤ ਕਰਦੇ ਹਾਂ ਉਸ ਨੂੰ ‘ ਲਿੰਗ’ ਕਹਿੰਦੇ ਹਨ । ਜਿਸ ਥਾਂ ਜਾਂ ਵਿਸ਼ੇ ਵਿਚ ਲਿੰਗ ਪ੍ਰਤੱਖ ਹੋਵੇ ਉਸ ਨੂੰ ‘ ਪੱਖ’ ਕਹਿੰਦੇ ਹਨ । ਪਹਿਲਾਂ ਹੀ ਪ੍ਰਤੱਖ ਗਿਆਨ ਦੇ ਆਧਾਰ ਤੇ ਉਨ੍ਹਾਂ ਦੋਹਾਂ ਦੀ ਸਾਂਝੀ ਹੋਂਦ ਅਤੇ ਸਾਂਝੇ ਤੌਰ ਤੇ ਵਿਚਰਨ ਦੇ ਉਸ ਗਿਆਨ ਨੂੰ ‘ ਵਿਆਪਤੀ’ ਕਹਿੰਦੇ ਹਨ ਜੋ ਹੁਣ ਯਾਦ ਦੇ ਤੌਰ ਤੇ ਸਾਡੇ ਮਨ ਵਿਚ ਹੈ । ਜਿਸ ਚੀਜ਼ ਦੀ ਹੋਂਦ ਦਾ ਨਵਾਂ ਗਿਆਨ ਪ੍ਰਾਪਤ ਹੁੰਦਾ ਹੈ ਉਸ ਨੂੰ ‘ ਸਾਧਯ’ ਕਹਿੰਦੌ ਹਨ । ਅਜਿਹੇ ਥਾਂ ਜਾਂ ਵਿਸ਼ੇ ਜਿਨ੍ਹਾਂ ਵਿਚ ‘ ਲਿੰਗ’ ਅਤੇ ‘ ਸਾਧਯ’ ਪਹਿਲੋਂ ਦੇ ਪ੍ਰਤੱਖ ਅਨੁਭਵ ਵਿਚ ਇਕੱਠੇ ਵੇਖੇ ਗਏ ਹੋਣ , ਉਨ੍ਹਾਂ ਨੂੰ ‘ ਸਪੱਖ’ ਉਦਾਹਰਣ ਕਹਿੰਦੇ ਹਨ । ਜਿੱਥੇ ਪਹਿਲਾਂ ਦੇ ਅਨੁਭਵ ਵਿਚ ਸਾਧਯ ਦੀ ਅਣਹੋਂਦ ਦੇ ਨਾਲ ਨਾਲ ਲਿੰਗ ਦੀ ਵੀ ਅਣਹੋਂਦ ਹੋਵੇ , ਉਸ ਨੂੰ ਵਿਪੱਖ ਕਹਿੰਦੇ ਹਨ । ਪੱਖ ਵਿਚ ਲਿੰਗ ਦੀ ਹੋਂਦ ਦਾ ਨਾਂ ‘ ਪੱਖਧਰਮਤਾ’ ਹੈ ਅਤੇ ਉਸ ਦੇ ਪ੍ਰਤੱਖ ਹੋਣ ਨੂੰ ‘ ਪ੍ਰੱਖਧਰਮਤਾ ਗਿਆਨ’ ਕਹਿੰਦੇ ਹਨ । ਪੱਖਧਰਮਤਾ ਗਿਆਨ ਜਦ ਵਿਆਪਤੀ ਦੇ ਯਾਦ ਆਉਣ ਨਾਲ ਹੁੰਦਾ ਹੈ ਤਾਂ ਉਸ ਹਾਲਤ ਨੂੰ ‘ ਪਰਾਮਰਸ਼’ ਕਹਿੰਦੇ ਹਨ । ਇਸੇ ਨੂੰ ‘ ਲਿੰਗ ਪਰਾਮਰਸ਼’ ਵੀ ਕਹਿੰਦੇ ਹਨ ਕਿਉਂਕਿ ਪੱਖਧਰਮਤਾ ਦਾ ਅਰਥ ਲਿੰਗ ਦਾ ਪੱਖ ਵਿਚ ਮੌਜੂਦ ਹੋਣਾ ਹੈ । ਇਸ ਦੇ ਕਾਰਨ ਅਤੇ ਇਸੇ ਦੇ ਆਧਾਰ ਤੇ ਪੱਖ ਵਿਚ ਸਾਧਯ’ ਦੀ ਹੋਣ ਦਾ ਜੋ ਗਿਆਨ ਹੁੰਦਾ ਹੈ , ਉਸ ਨੂੰ ‘ ਅਨੁਮਿਤੀ’ ਕਹਿੰਦੇ ਹਨ । ‘ ਸਾਧਯ’ ਨੂੰ ਲਿੰਗ ਵੀ ਕਹਿੰਦੇ ਹਨ , ਕਿਉਂਕਿ ਉਸ ਦੀ ਹੋਦ ਦਾ ਅਨੁਮਾਨ ‘ ਲਿੰਗ’ ਦੀ ਹੋਂਦ ਦੇ ਆਧਾਰ ਤੇ ਲਾਇਆ ਜਾਂਦਾ ਹੈ । ਲਿੰਗ ਨੂੰ ‘ ਹੇਤੂ’ ਵੀ ਕਹਿੰਦੇ ਹਨ ਕਿਉਂਕਿ ਇਸ ਦੇ ਕਾਰਨ ਹੀ ਅਸੀਂ ਲਿੰਗ ( ਸਾਧਯ ) ਦੀ ਹੋਂਦ ਦਾ ਅਨੁਮਾਨ ਲਾ ਸਕਦੇ ਹਾਂ । ਇਸ ਲਈ ਤਰਕ ਸ਼ਾਸਤਰਾਂ ਵਿਚ ਅਨੁਮਾਨ ਦੀ ਪਰਿਭਾਸ਼ਾ ਇਹ ਕੀਤੀ ਗਈ ਹੈ : ਲਿੰਗ ਪਰਾਮਰਸ਼ ਦਾ ਨਾਂ ਅਨੁਮਾਨ ਹੈ ਅਤੇ ‘ ਵਿਆਪਤੀ’ ਵਿਸ਼ੇਸ਼ ਪੱਖਧਰਮਤਾ ਦਾ ਗਿਆਨ ਪਰਾਮਰਸ਼ ਹੈ ।

                  ਅਨੁਮਾਨ ਦੋ ਤਰ੍ਹਾਂ ਦਾ ਹੁੰਦਾ ਹੈ– – ਸਵਾਰਥ ਅਨੁਮਾਨ ਅਤੇ ਪਰਾਰਥ ਅਨੁਮਾਨ । ਸਵਾਰਥ ਅਨੁਮਾਨ ਆਪਣਾ ਉਹ ਮਾਨਸਕ ਅਮਲ ਹੈ ਜਿਸ ਵਿਚ ਘੜੀ ਮੁੜੀ ਦੇ ਪ੍ਰਤੱਖ ਅਨੁਭਵ ਦੇ ਆਧਾਰ ਤੇ ਆਪਣੇ ਮਨ ਵਿਚ ਵਿਆਪਤੀ ਦਾ ਯਕੀਨ ਹੋ ਗਿਆ ਹੋਵੇ ਅਤੇ ਫਿਰ ਕਦੀ ਪੱਖ-ਧਰਮਤਾ ਗਿਆਨ ਦੇ ਆਧਾਰ ਤੇ ਆਪਣੇ ਮਨ ਵਿਚ ਪੱਖ ਵਿਚ ਸਾਧਯ ਦੀ ਹੋਂਦ ਦੀ ਅਨੁਮਿਤੀ ਦਾ ਪਤਾ ਲਗ ਗਿਆ ਹੋਵੇ ਜਿਵੇਂ ਕਿ ਉੱਪਰ ਪਹਾੜ ਉੱਤੇ ਅੱਗ ਦੇ ਅਨੁਮਿਤੀ ਗਿਆਨ ਵਿਚ ਦੱਸਿਆ ਗਿਆ ਹੈ । ਇਹ ਸਾਰੇ ਅਮਲ ਆਪਣੇ ਆਪ ਨੂੰ ਸਮਝਾਉਣ ਲਈ ਆਪਣੇ ਮਨ ਦੇ ਹੀ ਹਨ ।

                  ਪਰ ਜਦ ਕਿਸੇ ਦੂਜੇ ਵਿਅਕਤੀ ਨੂੰ ਪੱਖ ਵਿਚ ‘ ਸਾਧਯ’ ਦੀ ਹੋਂਦ ਦਾ ਪੱਕਾ ਵਿਸ਼ਵਾਸ ਕਰਾਉਣਾ ਹੋਵੇ , ਤਾਂ ਅਸੀਂ ਮਨ ਦੀ ਹਾਲਤ ਨੂੰ ਪੰਜ ਅੰਗਾਂ ਵਿਚ ਪ੍ਰਗਟ ਕਰਦੇ ਹਾਂ , ਜਿਨ੍ਹਾਂ ਨੂੰ ਅਵਯਵ ਕਹਿੰਦੇ ਹਨ । ਉਹ ਪੰਜ ਅਵਯਵ ਇਹ ਹਨ : – –

                  ਪ੍ਰਤਿਗਿਆ– – ਅਰਥਾਤ ਜੋ ਗੱਲ ਸਿੱਧ ਕਰਨੀ ਹੋਵੇ , ਉਸ ਦਾ ਕਥਨ , ਜਿਵੇਂ ਕਿ ਪਹਾੜ ਦੇ ਉਸ ਪਾਸੇ ਅੱਗ ਹੈ ।

                  ਹੇਤੂ– – ਅਜਿਹਾ ਅਨੁਮਾਨ ਕਿਉਂ ਕੀਤਾ ਜਾਂਦਾ ਹੈ । ਇਸ ਦੇ ਕਾਰਨ ਅਰਥਾਤ ਪੱਖ ਵਿਚ ਲਿੰਗ ਦੀ ਹੋਂਦ ਦਾ ਗਿਆਨ ਕਰਾਉਣਾ ਜਿਵੇਂ ਕਿ ਉੱਥੇ ਧੂੰਆਂ ਹੈ ।

                  ਉਦਾਹਰਣ– – ਸਪੱਖ ਅਤੇ ਵਿਪੱਖ ਉਦਾਹਰਣਾਂ ਰਾਹੀਂ ਵਿਆਪਤੀ ਬਾਰੇ ਦੱਸਣਾ , ਉਦਾਹਰਣ ਵਜੋਂ ਜਿੱਥੇ ਜਿੱਥੇ ਧੂੰਆਂ ਹੈ ਉਥੇ ਉਥੇ ਅੱਗ ਹੁੰਦੀ ਹੈ ਜਿਵੇਂ ਚੁਲ੍ਹੇ ਵਿਚ ਅਤੇ ਜਿੱਥੇ ਜਿੱਥੇ ਅੱਗ ਨਹੀਂ ਹੁੰਦੀ ਉੱਥੇ ਧੂੰਆਂ ਵੀ ਨਹੀਂ ਹੁੰਦਾ ਜਿਵੇਂ ਤਲਾ ਵਿਚ ।

                  ਉਪਨਯ– – ਇਹ ਦੱਸਣਾ ਕਿ ਇਥੇ ਪੱਖ ਵਿਚ ਅਜਿਹਾ ਹੀ ਲਿੰਗ ਮੌਜੂਦ ਹੈ ਜੋ ਸਾਧਯ ਦੀ ਹੋਂਦ ਦਾ ਸੰਕੇਤ ਕਰਦਾ ਹੈ , ਉਦਾਹਰਣ ਵਜੋਂ , ਇਥੇ ਵੀ ਧੂੰਆਂ ਮੌਜੂਦ ਹੈ ।

                  ਨਿਗਮਨ– – ਇਹ ਸਿੱਧ ਹੋਇਆ ਕਿ ਪਹਾੜ ਦੇ ਉਸ ਪਾਸੇ ਅੱਗ ਹੈ ।

                  ਭਾਰਤ ਵਿਚ ਇਹ ਪਰਾਰਥ ਅਨੁਮਾਨ ਫ਼ਲਸਫ਼ੇ ਅਤੇ ਹੋਰ ਸਭ ਕਿਸਮਾਂ ਦੇ ਵਾਦ ਵਿਵਾਦਾਂ ਅਤੇ ਸ਼ਾਸਤਰ ਅਰਥ ਵਿਚ ਕੰਮ ਆਉਂਦਾ ਹੈ । ਇਹ ਯੂਨਾਨ ਵਿਚ ਵੀ ਪ੍ਰਚਲਤ ਸੀ ਅਤੇ ਯੂਕਲਿਡ ਨੇ ਜੁਮੈਟਰੀ ਲਿਖਣ ਵਿਚ ਇਸ ਦੀ ਵਰਤੋਂ ਕੀਤੀ ਸੀ । ਅਰਸਤੂ ਵੀ ਇਸ ਤੋਂ ਜਾਣੂੰ ਸੀ । ਭਾਰਤ ਦੇ ਫ਼ਿਲਾਸਫ਼ਰਾਂ ਅਤੇ ਅਰਸਤੂ ਨੇ ਵੀ ਪੰਜ ਅਵਯਵਾਂ ਦੀ ਥਾਂ ਕੇਵਲ ਤਿੰਨ ਨੂੰ ਹੀ ਜ਼ਰੂਰੀ ਸਮਝਿਆ ਹੈ , ਕਿਉਂਕਿ ਪ੍ਰਤਿਗਿਆ ਅਤੇ ਨਿਗਮਨ ਲਗ ਭਗ ਇਕ ਹੀ ਹਨ । ਉਪਨਯ ਤਾਂ ਮਾਨਸਕ ਕ੍ਰਿਆ ਹੈ ਜੋ ਵਿਆਪਤੀ ਅਤੇ ਪੱਖਧਰਮਤਾ ਦੇ ਨਾਲ ਸਾਹਮਣੇ ਹੋਣ ਤੇ ਮਨ ਵਿਚ ਆਪਣੇ ਆਪ ਆ ਜਾਂਦੀ ਹੈ । ਜਦ ਸੁਣਨ ਵਾਲਾ ਬਹੁਤ ਹੀ ਘੱਟ ਦਿਮਾਗ਼ ਵਾਲਾ ਨਾ ਹੋਵੇ , ਸਗੋਂ ਬੁੱਧੀਮਾਨ ਹੋਵੇ , ਤਾਂ ਕੇਵਲ ਪ੍ਰਤਿਗਿਆ ਅਤੇ ਹੇਤੂ ਇਨ੍ਹਾਂ ਦੋ ਅਵਯਵਾਂ ਦੇ ਕਥਨ ਮਾਤਰ ਦੀ ਹੀ ਲੋੜ ਹੈ । ਇਸ ਲਈ ਵੇਦਾਂਤ ਅਤੇ ਨਵਨਿਆਏ ਦੇ ਗ੍ਰੰਥਾਂ ਵਿਚ ਕੇਵਲ ਦੋ ਹੀ ਅਵਯਵਾਂ ਦੀ ਵਰਤੋਂ ਮਿਲਦੀ ਹੈ ।

                  ਭਾਰਤੀ ਅਨੁਮਾਨ ਵਿਚ ਆਗਮਨ ਅਤੇ ਨਿਗਮਨ ਦੋਵੇਂ ਹੀ ਅੰਸ਼ ਹਨ । ਆਮ ਵਿਅਕਤੀ ਦੇ ਆਧਾਰ ਤੇ ਖ਼ਾਸ ਹਾਲਤ ਵਿਚ ਸਾਧਯ ਦੀ ਹੋਂਦ ਦਾ ਗਿਆਨ ਨਿਗਮਨ ਹੈ ਅਤੇ ਖ਼ਾਸ ਹਾਲਤਾ ਦੇ ਪ੍ਰਤੱਖ ਅਨੁਭਵ ਦੇ ਆਧਾਰ ਤੇ ਵਿਆਪਤੀ ਦੀ ਸਥਾਪਨਾ ਆਗਮਨ ਹੈ । ਪਹਿਲੇ ਅਮਲ ਨੂੰ ਪੱਛਮੀ ਦੇਸ਼ਾਂ ਵਿਚ ਡੀਡਕਸ਼ਨ ਅਤੇ ਦੂਜੇ ਅਮਲ ਨੂੰ ਇੰਡਕਸ਼ਨ ਕਹਿੰਦੇ ਹਨ । ਅਰਸਤੂ ਆਦਿ ਪੱਛਮੀ ਤਰਕ ਵਿਦਕਾਨਾਂ ਨੇ ਨਿਗਮਨ ਤੇ ਬਹੁਤ ਵਿਚਾਰ ਕੀਤਾ ਸੀ । ਪਰ ਜਾਨ ਸਟੂਅਰਟ ਮਿੱਲ ਆਦਿ ਤਰਕ ਦੇ ਅਜੋਕੇ ਵਿਦਵਾਨਾਂ ਦੇ ਆਗਮਨ ਦੀ ਖਾਸ ਤੌਰ ਤੇ ਪ੍ਰੋੜ੍ਹਤਾ ਕੀਤੀ ਹੈ ।

                  ਭਾਰਤ ਵਿਚ ਵਿਅਕਤੀ ਨੂੰ ਹੇਠਾਂ ਲਿਖੇ ਤਿੰਨ ਜਾਂ ਤਿੰਨਾਂ ਵਿਚੋਂ ਕਿਸੇ ਇਕ ਕਿਸਮ ਦੇ ਪ੍ਰਤੱਖ ਗਿਆਨ ਦੇ ਆਧਾਰ ਤੇ ਪੇਸ਼ ਕੀਤਾ ਜਾਂਦਾ ਸੀ । ( 1 ) ਕੇਵਲਾਨਵਯ , ਜੋ ਲਿੰਗ ਅਤੇ ਸਾਧਯ ਦੀ ਇਕੱਠੀ ਹੋਂਦ ਅਨੁਭਵ ਵਿਚ ਆਉਂਦੀ ਹੈ ਅਤੇ ਜਦੋਂ ਉਨ੍ਹਾਂ ਦੋਹਾਂ ਦੀ ਇਕੱਠੀ ਅਣਹੋਂਦ ਨਾ ਦੇਖੀ ਜਾ ਸਕਦੀ ਹੋਵੇ । ( 2 ) ਕੇਵਲ ਵਯਤਿਰੇਕ– – ਜਦੋਂ ਸਾਧਯ ਅਤੇ ਲਿੰਗ ਦੋਹਾਂ ਦੀ ਇਕੱਠੀ ਅਣਹੋਂਦ ਹੀ ਅਨੁਭਵ ਵਿਚ ਆਉਂਦੀ ਹੋਵੇ ਤੇ ਇਕੱਠੀ ਹੋਂਦ ਅਨੁਭਵ ਵਿਚ ਨਾ ਆਉਂਦੀ ਹੋਵੇ । ( 3 ) ਅਨਵਯਵਯਤਿਰੇਕ– – ਜਦ ਲਿੰਗ ਅਤੇ ਸਾਧਯ ਦੀ ਇਕੱਠੀ ਹੋਂਦ ਅਤੇ ਇਕੱਠੀ ਅਣਹੋਂਦ ਦੋਵੇਂ ਹੀ ਅਨੁਭਵ ਵਿਚ ਆਉਂਦੇ ਹੋਣ । ਜਾਨ ਸਟੂਅਰਟ ਮਿਲ ਨੇ ਆਪਣੀਆਂ ਪੁਸਤਕਾਂ ਵਿਚ ਆਗਮਨ ਦੇ ਪੰਜਾਂ ਅਮਲਾਂ ਦਾ ਵਰਣਨ ਕੀਤਾ ਹੈ । ਅਜੋਕੇ ਵਿਗਿਆਨੀਆਂ ਨੇ ਖੋਜਾਂ ਵਿਚ ਉਨ੍ਹਾਂ ਸਭ ਦੀ ਵਰਤੋਂ ਕੀਤੀ ਹੈ ।

                  ਪੱਛਮੀ ਤਰਕ ਵਿਦਿਆ ਵਿਚ ਅਨੁਮਾਨ ਦਾ ਅਰਥ ਭਾਰਤੀ ਤਰਕ ਸ਼ਾਸਤਰ ਵਿਚਲੇ ਅਰਥਾਂ ਤੋਂ ਵੱਖਰੀ ਕਿਸਮ ਦਾ ਹੈ । ਉਥੇ ਇਹ ਨਿਸ਼ਚਿਤ ਕਰਨ ਦੇ ਅਮਲ ਨੂੰ ਅਨੁਮਾਨ ਕਹਿੰਦੇ ਹਨ ਕਿ ਕਿਸੇ ਇਕ ਵਾਕ ਜਾਂ ਇਕ ਤੋਂ ਵਧ ਵਾਕਾਂ ਦੀ ਸਚਾਈ ਨੂੰ ਮੰਨ ਕੇ ਉਸ ਦੇ ਆਧਾਰ ਤੇ ਹੋਰ ਕਿਹੜੇ ਕਿਹੜੇ ਵਾਕ ਸੱਚ ਹੋ ਸਕਦੇ ਹਨ । ਖ਼ਾਸ ਹਾਲਤਾਂ ਦੇ ਅਨੁਭਵ ਦੇ ਆਧਾਰ ਤੇ ਸਾਧਾਰਣ ਵਿਆਪਤੀਆਂ ਦਾ ਨਿਰਮਾਣ ਵੀ ਅਨੁਮਾਨ ਹੀ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.