ਅਨੰਦ ਸਾਹਿਬ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਨੰਦ ਸਾਹਿਬ : ਰਾਮਕਲੀ ਰਾਗ ਵਿਚ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਰਚੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 917 ਤੋਂ 922 ਤਕ ਅੰਕਿਤ ਹੈ। ਰਵਾਇਤ ਹੈ ਕਿ ਗੁਰੂ ਜੀ ਨੇ ਇਹ ਬਾਣੀ ਆਪਣੇ ਸਪੁੱਤਰ ਮੋਹਰੀ ਜੀ ਦੇ ਘਰ ਪੁੱਤਰ ਜੰਮਣ ਦੇ ਮੌਕੇ ਤੇ ਸੰਨ 1554 ਈ. ਵਿਚ ਰਚੀ ਸੀ। ਆਪਣੇ ਪੋਤਰੇ (ਅਨੰਦ) ਦੇ ਜਨਮ ਦੀ ਖ਼ੁਸ਼ੀ ਨੂੰ ਕਿਸੇ ਅਪਾਰ ਅਤੇ ਅਥਾਹ ਖ਼ੁਸ਼ੀ ਦਾ ਆਧਾਰ ਮੰਨ ਕੇ ਅਤੇ ਆਤਮਾ ਤੇ ਪਰਮਾਤਮਾ ਨਾਲ ਇਸ ਦਾ ਸਬੰਧ ਜੋੜ ਕੇ ਗੁਰੂ ਜੀ ਨੇ ਇਹ ਅਮਰ ਰਚਨਾ ਕੀਤੀ ਸੀ। ਇਸ ਵਿਚ ਕੁੱਲ 40 ਪਉੜੀਆਂ ਹਨ। ਪਹਿਲੀਆਂ ਪੰਜ ਪਉੜੀਆਂ ਦਾ ਭਾਵ ਹਰੀ ਗੁਰੂ ਨਾਲ ਮੇਲ ਦੀ ਖੁਸ਼ੀ ਹੈ ਜੋ ‘ਨਾਮ’ ਤੋਂ ਪ੍ਰਾਪਤ ਹੁੰਦੀ ਹੈ, ਇਸ ਲਈ ਇਨ੍ਹਾਂ ਪੰਜਾਂ ਪਉੜੀਆਂ ਨੂੰ ਆਖਰੀ (ਭੋਗ ਦੀ) ਪਉੜੀ ਸਮੇਤ ‘ਅਨੰਦ-ਕਾਰਜ’ ਅਤੇ ਹੋਰ ਰਸਮੀ ਕਾਰਜਾਂ ਅਤੇ ਨਿੱਤ ਦੇ ਦੀਵਾਨ ਮਗਰੋਂ ਪੜ੍ਹਿਆ ਜਾਂਦਾ ਹੈ। ‘ਰਹਿਰਾਸ’ ਵਿਚ ਵੀ ਇਹ ਛੇ ਪਉੜੀਆਂ ਸ਼ਾਮਲ ਹਨ। ਅੰਮ੍ਰਿਤ ਸੰਚਾਰ ਦੀਆਂ ਪੰਜ ਬਾਣੀਆਂ ਵਿਚ ਵੀ ਇਹ ਬਾਣੀ ਸ਼ਾਮਲ ਹੈ, ਕਿਤੇ ਕਿਤੇ ਕੇਵਲ ਉਪਰੋਕਤ ਛੇ ਪਉੜੀਆਂ ਪੜ੍ਹੀਆਂ ਜਾਂਦੀਆਂ ਹਨ ਅਤੇ ਕਿਤੇ ਕਿਤੇ ਪੂਰਾ ‘ਅਨੰਦ ਸਾਹਿਬ’। ਸੰਖੇਪ ਵਿਚ ਪਹਿਲੀ ਪਉੜੀ ਵਿਚ ਮੇਲ ਦੀ ਖੁਸ਼ੀ ਹੈ, ਦੂਜੀ ਵਿਚ ਖੁਸ਼ੀ ਦੇਣ ਵਾਲੇ ਸਮਰਥ ਹਰੀ ਦੇ ਸਦਾ ਪਾਸ ਰਹਿਣ ਲਈ ਮਨ ਨੂੰ ਚਿਤਾਵਨੀ ਦਿਤੀ ਗਈ ਹੈ, ਤੀਜੀ ਵਿਚ ਮੇਲ ਕਰਾਉਣ ਵਾਲੇ ਗੁਣਾਂ ਦੀ ਬਖਸ਼ਸ਼ ਲਈ ਅਰਜ਼ੋਈ ਹੈ, ਚੌਥੀ ਵਿਚ ਸੰਤਜਨਾਂ ਨੂੰ ਸ਼ਬਦ ਵਿਚ ਲੀਨ ਰਹਿਣ ਦੀ ਸਲਾਹ ਦਿੱਤੀ ਹੈ, ਪੰਜਵੀਂ ਵਿਚ ਨਾਮ ਜਪਣ ਦੀ ਦਾਤ ਭਾਗਾਂ ਵਾਲਿਆਂ ਨੂੰ ਧੁਰ ਦਰਗਾਹੋਂ ਮਿਲਦੀ ਦੱਸੀ ਹੈ। ਇਸ ਤੋਂ ਅੱਗੇ ਦੱਸਿਆ ਹੈ ਕਿ ਨਾਮ ਦੀ ਪ੍ਰਾਪਤੀ ਉੱਚ ਲਗਨ ਨਾਲ ਹੁੰਦੀ ਹੈ। ਹਰੀ ਦੀ ਕਿਰਪਾ ਨਾਲ ਭਾਣੇ ਨੂੰ ਮਿੱਠਾ ਕਰ ਕੇ ਮੰਨਣ ਦੀ ਰੁਚੀ ਉਤਪੰਨ ਹੁੰਦੀ ਹੈ। ਚਤੁਰਾਈਆਂ ਸਤਿ ਦੀ ਪ੍ਰਾਪਤੀ ਲਈ ਸਹਾਇਕ ਨਹੀਂ, ਇਹ ਕੇਵਲ ਮਾਇਆ ਦਾ ਪਾਇਆ ਭੁਲੇਖਾ ਹਨ। ਹਰੀ ਅਗੰਮ ਅਗੋਚਰ ਹੈ, ਉਸ ਦਾ ਅੰਤ ਕਿਸੇ ਨਹੀਂ ਪਾਇਆ। ਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਰੂਪੀ ਨਾਮ ਪ੍ਰਾਪਤ ਹੁੰਦਾ ਹੈ। ਹਰੀ ਜਸ ਸਤਿਗੁਰੂ ਸੁਣਾਉਂਦਾ ਹੈ, ਇਹ ਗੱਲਾਂ ਨਾਲ ਨਹੀਂ ਸਗੋਂ ਧੁਰ ਦਰਗਾਹੋਂ ਮਿਲਦਾ ਹੈ। ਸੱਚ ਨੂੰ ਛੱਡ ਕੇ ਕੂੜ ਵਿਚ ਲੀਨ ਹੋਣ ਵਾਲਿਆਂ ਨੇ ਜਨਮ ਜੂਏ ਵਿਚ ਹਾਰ ਛਡਿਆ ਹੈ। ਸਤਿਗੁਰੂ ਮੁਕਤੀ ਦਾਤਾ ਹੈ, ਇਸ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਮੁਕਤੀ ਲਈ ਸਤਿਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਇਹ ਸਰਬੋਤਮ ਹੈ। ਇਸ ਤੋਂ ਛੁੱਟ ਹੋਰ ਬਾਣੀ ਕੱਚੀ ਹੈ, ਗੁਰੂ ਦਾ ਸ਼ਬਦ ਜੜੇ ਹੋਏ ਰਤਨ ਵਾਂਗ ਹੈ, ਇਸ ਰਾਹੀਂ ਸੱਚੇ ਹਰੀ ਨਾਲ ਪ੍ਰੇਮ ਪੈਂਦਾ ਹੈ। ਤੱਤ ਗਿਆਨ ਦੀ ਸੋਝੀ, ਦਿਨ-ਰੈਣ ਹਰੀ ਨਾਲ ਲਿਵ ਲਗਾਉਣ ਤੇ ਪ੍ਰਾਪਤ ਹੁੰਦੀ ਹੈ। ਹਰੀ ਦਾ ਨਾਮ ਅਮੋਲਕ ਹੈ, ਇਹ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ। ਹਰੀ ਦਾ ਨਾਮ ਜੀਵ ਦੀ ਰਾਸ ਹੈ ਅਤੇ ਮਨ ਇਸ ਦਾ ਵਣਜਾਰਾ ਹੈ। ਹਰੀ ਨਾਮ ਦੇ ਰਸ ਨਾਲ ਹੀ ਪੂਰੀ ਤ੍ਰਿਪਤੀ ਹੁੰਦੀ ਹੈ ਅਤੇ ਹੋਰ ਸਭ ਰਸ ਭੁੱਲ ਜਾਂਦੇ ਹਨ। ਇਹ ਰਸ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਪ੍ਰਭੂ ਨੇ ਇਸ ਸਰੀਰ ਦੀ ਰਚਨਾ ਕੀਤੀ ਹੈ। ਉਹੀ ਸਰੀਰ ਪ੍ਰਵਾਨ ਹੁੰਦਾ ਹੈ ਜੋ ਸਤਿਗੁਰੂ ਨਾਲ ਚਿੱਤ ਲਾਉਂਦਾ ਹੈ। ਪ੍ਰਭੂ ਨੇ ਸਰੀਰ ਦੀ ਗੁਫਾ ਵਿਚ ਪਵਨ ਦਾ ਵਾਜਾ ਵਜਾਇਆ ਹੈ। ਇਹ ਜਸ ਸੱਚੇ ਦੇ ਘਰ ਹੀ ਗਾਉਣਾ ਚਾਹੀਦਾ ਹੈ। ਇਸ ‘ਅਨੰਦ’ ਦੀ ਬਾਣੀ ਨੂੰ ਸੁਣਨ ਨਾਲ ਦੁੱਖ ਪਾਪ ਦਾ ਨਾਸ਼ ਅਤੇ ਸੁੱਖ, ਪਵਿੱਤਰਤਾ ਤੇ ਹਰੀ ਦੀ ਪ੍ਰਾਪਤੀ ਹੁੰਦੀ ਹੈ।

          ਇਹ ਇਕ ਸਰੋਦੀ ਰਚਨਾ ਹੈ। ਇਸ ਵਿਚ ਗੂੜ੍ਹ ਅਧਿਆਤਮਕ ਵਿਚਾਰਾਂ ਨੂੰ ਬੜੇ ਸਿੱਧੇ, ਸਰਲ ਅਤੇ ਸਪਸ਼ਟ ਢੰਗ ਨਾਲ ਵਿਆਖਿਆਤਮਕ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਇਸ ਦਾ ਕਾਰਨ ਲੇਖਕ-ਗੁਰੂ ਦਾ ਚਿਰਕਾਲ ਦਾ ਨਿੱਜੀ ਅਨੁਭਵ ਅਤੇ ਮਾਨਸਕ ਸ਼ੁੱਧੀ ਤੇ ਨਿਰਮਲਤਾ ਹੈ। ਇਹ ਮਿਲਾਪ ਦੀ ਕਵਿਤਾ ਹੈ। ਇਸ ਵਿਚ ਵਿਯੋਗ ਜਾਂ ਬਿਰਹਾ ਨਹੀਂ। ਇਸ ਦਾ ਆਰੰਭ ਬੜਾ ਉਤਸੁਕਤਾ ਭਰਿਆ ਅਤੇ ਅੰਤ ਤਕ ਵਿਸ਼ੇ ਦਾ ਨਿਭਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ ਹੈ।

          ਇਸ ਦੀ ਬੋਲੀ ਨਿਰੀ ਸ਼ਹਿਰੀ ਪੰਜਾਬੀ ਹੈ, ਮੱਧਕਾਲ ਦੀ ਪੰਜਾਬੀ ਸ਼ਬਦਾਵਲੀ ਨੂੰ ਨਗਾਂ ਵਾਂਗੂ ਛੋਟੇ ਵਾਕਾਂ ਵਿਚ ਜੜਿਆ ਗਿਆ ਹੈ। ਸ਼ਬਦਾਂ ਨੂੰ ਮੋੜਿਆ ਤੋੜਿਆ ਨਹੀਂ ਗਿਆ। ਹਾਂ ਕਿਤੇ ਸੰਗੀਤਕ ਲੈਅ ਨੂੰ ਕਾਇਮ ਰੱਖਣ ਲਈ ਸ਼ਬਦਾਂ ਨੂੰ ਲਮਕਾਇਆ ਜ਼ਰੂਰ ਗਿਆ ਹੈ। ਸੰਸਕ੍ਰਿਤ ਅਤੇ ਫ਼ਾਰਸੀ ਦਾ ਅਸਰ ਬਹੁਤ ਘੱਟ ਹੈ, ਪਰ ਸਾਧ ਭਾਖਾ ਦੀ ਰੰਗਣ ਅਵੱਸ਼ ਹੈ। ਬੋਲੀ ਆਦਿ ਤੋਂ ਅੰਤ ਤਕ ਵਿਸ਼ੇ ਅਨੁਸਰ ਹੋਣ ਕਰਕੇ ਪ੍ਰਭਾਵ ਵਿਚ ਵਾਧਾ ਕਰਦੀ ਹੈ। ਛੰਦ ਪਉੜੀ ਹੈ ਅਤੇ ਕੁੰਡਲੀਆ ਛੰਦ ਦੇ ਤੋਲ ਤੇ ਉਸ ਦੀ ਉਸਾਰੀ ਕੀਤੀ ਗਈ ਹੈ। ਤੇਤੀ ਪਉੜੀਆਂ ਦੀਆਂ ਪੰਜ ਪੰਜ ਤੁਕਾਂ ਅਤੇ ਬਾਕੀ ਸੱਤ ਪਉੜੀਆਂ ਦੀਆਂ ਛੇ ਛੇ ਤੁਕਾਂ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅਨੰਦ ਸਾਹਿਬ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਨੰਦ ਸਾਹਿਬ :  ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਉਚਾਰਨ ਕੀਤੀ ਇਹ ਅਨੰਦਮਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 917 ਤੋਂ 922 ਤਕ 'ਰਾਮਕਲੀ ਮਹਲਾ ੩ ਅਨੰਦੁ' ਦੇ ਸਿਰਲੇਖ ਹੇਠਾਂ ਦਰਜ ਹੈ। ਇਸ ਦੀਆਂ ਕੁੱਲ 40 ਪਉੜੀਆਂ ਹਨ। ਇਹ ਬਾਣੀ ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ, ਬਾਬਾ ਮੋਹਰੀ ਜੀ ਦੇ ਪੁੱਤਰ 'ਅਨੰਦ' ਜੀ ਦੇ ਜਨਮ ਤੇ ਸੰਨ 1554 (ਸੰਮਤ 1611) ਵਿਚ ਉਚਾਰਨ ਕੀਤੀ ਸੀ। ਇਸ ਵਿਚ ਉਨ੍ਹਾਂ ਨੇ ਉਸ ਖੁਸ਼ੀ ਤੇ ਅਨੰਦਮਈ ਅਵਸਥਾ ਦੀ ਵਿਆਖਿਆ ਕੀਤੀ ਹੈ ਜੋ ਗੁਰੂ ਨਾਲ ਮੇਲ ਹੋਣ ਤੇ ਰਹੱਸ ਦੇ ਰੂਪ ਵਿਚ ਪ੍ਰਾਪਤ ਹੁੰਦੀ ਹੈ। ਇਹ ਅਨੰਦ ਸਰੀਰਕ ਇੰਦਰੀਆਂ ਜਾਂ ਗਿਆਨ ਦੀ ਪਹੁੰਚ ਤੋਂ ਬਹੁਤ ਉਚੇਰਾ ਹੈ। ਗੁਰੂ ਸਾਹਿਬ ਨੇ ਇਸ ਨੂੰ ਅਨਹਦ ਨਾਦ ਕਰ ਕੇ ਬਿਆਨ ਕੀਤਾ ਹੈ। ਸਰੀਰਕ ਇੰਦਰੀਆਂ ਦੁਆਰਾ ਮਿਲਣ ਵਾਲਾ ਅਨੰਦ ਅਸਥਾਈ ਤੇ ਆਰਜ਼ੀ ਹੁੰਦਾ ਹੈ। ਇਸ ਲਈ ਇਹ ਮਾਇਆ ਤੇ ਭਰਮ ਭੁਲੇਖਾ ਹੈ। ਦੂਸਰੇ ਪਾਸੇ ਗਿਆਨ ਪ੍ਰਾਪਤੀ ਨਾਲ ਮਨੁੱਖ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉਚੇਰਾ ਸਮਝਣ ਲਗ ਪੈਂਦਾ ਹੈ ਤੇ ਅਭਿਮਾਨੀ ਹੋ ਨਿਬੜਦਾ ਹੈ। ਇਸੇ ਤਰ੍ਹਾਂ ਮੁਕਤੀ ਮਾਰਗ ਲਈ ਮਿਥੇ ਕਰਮ ਕਾਂਡਾਂ ਵਿਚ ਵੀ ਪ੍ਰਾਪਤੀ ਦਾ ਅੰਸ਼ ਹੁੰਦਾ ਹੈ। ਇਸ ਤਰ੍ਹਾਂ ਇਹ ਤਿੰਨੇ ਹੀ ਢੰਗ ਜੋ ਆਮ ਤੌਰ ਤੇ ਖੁਸ਼ੀ ਦੇ ਸਾਧਨ ਮਿਥੇ ਜਾਂਦੇ ਹਨ, ਮਨੁੱਖ ਦੀ ਹਉਮੈ ਨੂੰ ਉਸਾਰਦੇ ਹਨ। ਇਨ੍ਹਾਂ ਤਿੰਨਾਂ ਹੀ ਗੁਣਾਂ ਨੂੰ ਗੁਰੂ ਸਾਹਿਬ ਨੇ ਭੁਲੇਖੇ ਵਿਚ ਪੈਣਾ ਤੇ ਜਨਮ ਅਕਾਰਥ ਗਵਾਣਾ ਦਸਿਆ ਹੈ ਕਿਉਂਕਿ ਇਨ੍ਹਾਂ ਢੰਗਾਂ ਨਾਲ ਜ਼ਾਹਿਰਾ ਤੌਰ ਤੇ ਤਾਂ ਭਾਵੇਂ ਉਚੇਰਾ, ਵਡੇਰਾ ਤੇ ਨਿਰਮਲ ਲਗੇ ਪਰ ਅੰਤਰ ਆਤਮੇ ਤ੍ਰਿਸ਼ਨਾ ਰੋਗ ਤੇ ਅਭਿਲਾਸ਼ਾ ਵਧਦੀ ਰਹਿੰਦੀ ਹੈ ਅਤੇ ਮਨੁੱਖ ਬੇਤਾਲ ਹੋਇਆ ਰਹਿੰਦਾ ਹੈ, ਜਿੰਦਗੀ ਵਿਚ ਟਿਕਾਉ ਨਹੀਂ ਆਉਂਦਾ। ਪਰਮਾਤਮਾ ਨਾਲ ਸੰਜੋਗ ਦਾ ਰਹੱਸਮਈ ਅਨੰਦ ਕਿਸੇ ਚਤੁਰਾਈ ਜਾਂ ਮਿਹਨਤ ਨਾਲ ਨਹੀਂ ਪ੍ਰਾਪਤ ਹੁੰਦਾ, ਇਸ ਲਈ ਇਸ ਤੋਂ ਜ਼ਰੂਰੀ ਗੱਲ ਗੁਰੂ ਦੀ ਕ੍ਰਿਪਾ ਤੇ ਉਸ ਦੀ ਮਿਹਰ ਦੀ ਨਦਰ ਹੈ ਜਿਸ ਦੁਆਰਾ ਮਨੁੱਖ ਆਪਾ ਤਿਆਗ ਤੇ ਆਤਮ ਸਮਰਪਣ ਦੀ ਲੀਹ ਉੱਤੇ ਪੈ ਕੇ 'ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ' ਤੇ ਚਲਦਾ ਹੋਇਆ, ' ਆਪੁ ਛਡਿ ਸਦਾ ਰਹੇ ਪਰਣੈ ਗੁਰੁ ਬਿਨੁ ਅਵਰੁ ਨ ਜਾਣੇ ਕੋਏ' ਦੀ ਅਵਸਥਾ ਤੇ ਪਹੁੰਚਦਾ ਹੈ। ਇਸ ਨਾਲ ਉਸ ਦੇ ਮਨ ਵਿਚੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਉਹ ਨਿਰਮਲ ਹੋ ਕੇ ਅੰਤਰ ਆਤਮੇ ਉਸ ਜੋਤਿ ਸਰੂਪ ਨੂੰ ਪਛਾਣਨ ਲਗਦਾ ਹੈ। ਫਿਰ ਇਹ ਸੰਸਾਰ ਸਾਰਾ ਹਰਿ ਦਾ ਰੂਪ ਹੀ ਨਜ਼ਰੀਂ ਆਉਂਦਾ ਹੈ। ਇਸ ਅਵਸਥਾ ਨੂੰ ਸਹਿਜ ਅਵਸਥਾ ਕਿਹਾ ਗਿਆ ਹੈ ਕਿਉਂਕਿ ਇਸ ਅਵਸਥਾ ਵਿਚ ਮਨ ਦੀਆਂ ਸਭ ਉਚਾਣਾਂ ਨਿਵਾਣਾਂ ਖਤਮ ਹੋ ਜਾਂਦੀਆਂ ਹਨ। ਇਹ ਮੁਕੰਮਲ ਸੰਤੁਲਨ ਤੇ ਅਡੋਲਤਾ ਦੀ ਅਵਸਥਾ ਹੈ। ਇਸ ਲਈ ਨਾ ਤਾਂ ਦੁਨੀਆ ਤਿਆਗਣ ਦੀ ਲੋੜ ਹੈ ਤੇ ਨਾ ਹੀ ਸਰੀਰਕ ਤੇ ਮਾਨਸਕ ਰੁਚੀਆਂ ਨੂੰ ਮਾਰਨ ਜਾਂ ਕੁਚਲਣ ਦੀ ਲੋੜ ਹੈ। ਗੁਰੂ ਦੀ ਨਦਰ ਤੇ ਉਸ ਦੇ ਭਾਣੇ ਵਿਚ ਚਲਣ ਤੋਂ ਪ੍ਰਾਪਤ ਹੋਈ ਇਸ ਸਹਿਜ ਅਵਸਥਾ ਵਿਚ ਸਰੀਰ ਦੇ ਸਾਰੇ ਅੰਗਾਂ, ਰਸਨਾ, ਨੇਤਰਾਂ, ਸ੍ਰਵਨਾਂ ਆਦਿ ਅਤੇ ਮਨ ਦੀਆਂ ਸਾਰੀਆਂ ਰੁਚੀਆਂ ਨੂੰ ਐਸੀ ਵਿਧੀ ਜੁਗਤਿ ਮਿਲ ਜਾਂਦੀ ਹੈ, ਐਸੀ ਸੇਧ ਮਿਲ ਜਾਂਦੀ ਹੈ ਕਿ ਉਨ੍ਹਾਂ ਦੀ ਸਾਰੀ ਕ੍ਰਿਆ ਪ੍ਰਮਾਤਮਾ ਦੇ ਭਾਣੇ ਅਨੁਸਾਰ ਚਲਦੀ ਉਸ ਦੀ ਹੀ ਕ੍ਰਿਆ ਦਾ ਅੰਗ ਬਣ ਜਾਂਦੀ ਹੈ। ਇਸੇ ਸੇਧ ਨੂੰ ਸਚੀ ਲਿਵ ਕਿਹਾ ਹੈ ਜਿਸ ਤੋਂ ਬਿਨਾ ਸਰੀਰ ਤੇ ਮਨ ਦੀਆਂ ਸਾਰੀਆਂ ਕ੍ਰਿਆਵਾਂ ਤੇ ਰੁਚੀਆਂ ਦੀ ਗੁਰੂ ਪਰਮਾਤਮਾ ਦੇ ਭਾਣੇ ਉੱਤੇ ਸੁਕੇਂਦ੍ਰਤਾ ਨੂੰ ਸਹਿਜ ਵੀ ਕਿਹਾ ਹੈ ਤੇ ਗੁਰੂ ਦੇ ਸਨਮੁਖ ਹੋਣਾ ਵੀ । ਇਸ ਦਸ਼ਾ ਵਿਚ ਪਹੁੰਚਿਆਂ ਸਚੀ ਲਿਵ ਵਾਲਾ ਮਨੁੱਖ ਘਰ ਟੱਬਰ ਵਿਚ ਰਹਿੰਦਾ ਹੈ ਤੇ ਕਿਰਤ ਕਮਾਈ ਕਰਦਾ ਹੋਇਆ ਪ੍ਰਮਾਤਮਾ ਨੂੰ ਪਾ ਲੈਂਦਾ ਹੈ। 'ਕਹੈ ਨਾਨਕ ਗੁਰਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ।' ਇਹ ਹੀ ਭਗਤਾਂ ਦੀ ਚਾਲ ਹੈ ਜੋ ਆਮ ਦੁਨੀਆ ਨਾਲੋਂ ਨਿਰਾਲੀ ਹੈ। ਉਨ੍ਹਾਂ ਨੇ ਨਿੱਜੀ ਸੁਆਰਥ ਲਬ ਲੋਭ ਅਹੰਕਾਰ, ਤ੍ਰਿਸ਼ਨਾ ਤੇ ਬੜਬੋਲਾਪਣ ਸਭ ਤਜ ਤਿਆਗ ਦਿੱਤੇ ਹਨ। ਭਾਵੇਂ ਇਹ ਵਾਲੋਂ ਬਰੀਕ ਰਸਤੇ ਵਿਚੋਂ ਲੰਘਣ ਤੇ ਖੰਡੇ ਦੀ ਧਾਰ ਉੱਤੇ ਚੱਲਣ ਤੋਂ ਵੀ ਔਖੀ ਹੈ ਪਰ ਗੁਰੂ ਪਰਮਾਤਮਾ  ਦੀ ਕਿਰਪਾ ਤੇ ਮਿਹਰ ਦੀ ਨਦਰ ਨਾਲ ਜਿਨ੍ਹਾਂ ਨੇ ਆਪਾ ਤਿਆਗਿਆ ਹੈ, ਉਨਾਂ ਦਾ ਮਾਇਆ ਵਿਚ ਰਹਿੰਦੀਆਂ ਹੋਇਆ ਇਸ ਨਾਲੋਂ ਮੋਹ ਟੁੱਟ ਜਾਂਦਾ ਹੈ ਤੇ ਮਨ ਨਿਰਮਲ ਹੋ ਜਾਂਦਾ ਹੈ। ਇਸ ਨਿਰਮਲ ਹੋਏ ਮਨ ਵਿਚ ਗੁਰੂ ਦੀ ਸੱਚੀ ਬਾਣੀ ਉਸ ਦੀ ਮਿਹਰ ਤੇ ਨਦਰ ਦਾ ਸਦਕਾ ਆ ਸਮਾਂਦੀ ਹੈ, ਮਨ ਵਿਚ ਨਾਮ ਦਾ ਵਾਸਾ ਹੋ ਜਾਂਦਾ ਹੈ, ਅਗਮ ਅਗੋਚਰ ਮਨ ਵਿਚ ਵਸਣ ਲਗ ਪੈਂਦਾ ਹੈ ਤੇ ਇਹ ਸਰੀਰ ਪਰਮਾਤਮਾ ਦੀ ਗ੍ਰਹਿ (ਮੰਦਰ ) ਬਣ ਜਾਂਦਾ ਹੈ। ਪਰਮਾਤਮਾ ਨਾਲ ਸੰਜੋਗ ਨਾਲ ਇਕ ਐਸੀ ਵਿਸਮਾਦੀ ਖੁਸ਼ੀ, ਐਸਾ ਰਹੱਸਮਈ ਅਨੰਦ ਆਉਂਦਾ ਹੈ ਕਿ ਮਨ ਇਕ ਅਦੁਤੀ ਸੰਗੀਤ ਵਿਚ ਗੜੂੰਦ ਹੋਇਆ ਰਹਿੰਦਾ ਹੋ ਜੋ ਅਨਹਦ ਵੀ ਹੈ ਤੇ ਅਨਹਤ ਵੀ ਜੋ ' ' ਵਾਜੇ ਅਨਹਦ ਤੂਰੇ ' ' ਹੋਣ ਕਰ ਕੇ, ਕੰਨਾਂ ਦਾ ਵਿਸ਼ਾ ਨਹੀਂ ਕੇਵਲ ਆਤਮ ਮੰਡਲ ਦਾ ਹੀ ਅਨੁਭਵੀ ਵਿਸ਼ਾ ਹੈ। ਇਸ ਅਨੰਦ ਦੀ ਦਸ਼ਾ ਉੱਤੇ ਪਹੁੰਚ ਕੇ, ਮਨੁੰਖ ਦੀਆਂ ਸਭ ਭੁੱਖਾਂ, ਤ੍ਰਿਸ਼ਨਾ, ਦੁੱਖ ਸੰਤਾਪ ਤੇ ਵਿਸੂਰੇ ਮੁੱਕ ਜਾਂਦੇ ਹਨ। ਸਭ ਇੱਛਾ ਪੂਰੀਆਂ ਹੋ ਜਾਂਦੀਆਂ ਹਨ। ਮਨੁੱਖ ਸੰਤ ਸਰੂਪ ਹੋ ਕੇ ਸਰਦਸਾ ਤੇ ਵਿਗਸਦਾ ਹੈ, ਨਾ ਕੇਵਲ ਆਪ ਹੀ ਪਵਿੱਤਰ ਤੇ ਪੁਨੀਤ ਹੁੰਦਾ ਹੈ ਸਗੋਂ ਸਤਿਗੁਰ ਦੀ ਬਖ਼ਸ਼ਿਸ਼ ਦੁਆਰਾ ਦੂਜਿਆਂ ਨੂੰ ਵੀ ਅਜਿਹੀ ਪਵਿੱਤਰਤਾ ਤੇ ਚਿੰਤਾ ਰਹਿਤ ਅਵਸਥਾ ਵਿਚ ਜੋੜਦਾ ਹੋਇਆ ਸਮੁੱਚੇ ਸਮਾਜ ਦਾ ਉਥਾਨ ਕਰਦਾ ਹੈ।

        ਅਨੰਦ ਸਾਹਿਬ ਵਿਚ ਗੁਰਮਤਿ ਦਰਸ਼ਨ, ਗੁਰਮਤਿ ਸਿਧਾਂਤ, ਗੁਰਮਤਿ ਦੇ ਰਹੱਸਵਾਦੀ ਅਨੁਭਵ, ਤੇ ਸਮੁੱਚੇ ਸਿੱਖੀ ਜੀਵਨ ਮਾਰਗ ਨੂੰ ਐਸੇ ਸੌਖੇ ਤੇ ਸੰਗੀਤਮਈ ਢੰਗ ਨਾਲ ਉਚਾਰਿਆ ਗਿਆ ਹੈ ਕਿ ਇਸ ਨੂੰ ਹਰ ਕੋਈ ਆਸਾਨੀ ਨਾਲ ਗਾ ਅਤੇ ਸਮਝ ਸਕਦਾ ਹੈ। ਇਸ ਵਿਚ ਬਹੁਤ ਸਾਰੇ ਸਿੱਖ ਸੰਕਲਪਾਂ ਜਿਵੇਂ ਨਾਮ, ਭਾਣੇ, ਸੱਚ, ਸਚੀ ਬਾਣੀ, ਸਚੇ ਗੁਰੂ, ਭਗਤ, ਸਿੱਖ, ਮਨਮੁਖ ਤੇ ਗੁਰਮੁਖ, ਸਚੀ ਲਿਵ ਤੇ ਸ਼ਬਦ ਦੀ ਵਿਆਖਿਆ ਕੀਤੀ ਹੋਈ ਹੈ। ਇਸ ਤਰ੍ਹਾ ਇਸ ਵਿਚ ਸਿੱਖ ਸੰਸਕ੍ਰਿਤੀ ਤੇ ਸਮੁੱਚੀ ਸਿੱਖ ਜੀਵਨ ਜੁਗਤੀ ਪ੍ਰਮਾਤਮਾ ਨਾਲ ਸੰਜੋਗ ਦੇ ਅਨੁਭਵ ਦੇ ਪ੍ਰਸੰਗ ਵਿਚ ਬਿਆਨ ਕੀਤੀ ਹੋਈ ਹੈ। ਇਸ ਕਰ ਕੇ ਹੀ ਇਸ ਨੂੰ ਸਿੱਖ ਰਹਿਤ ਮਰਯਾਦਾ ਵਿਚ ਇੰਨੀ ਮਹੱਤਤਾ ਪ੍ਰਾਪਤ ਹੈ ਕਿ ਇਹ ਨਿਤਨੇਮ ਦੀਆਂ ਪੰਜ ਬਾਣੀਆਂ ਵਿਚ ਸ਼ਾਮਲ ਹੈ। ਇਸ ਦੀਆਂ ਪਹਿਲੀਆਂ ਪੰਜ  ਪਉੜੀਆਂ ਨੂੰ ਚਾਲ੍ਹੀਵੀਂ ਪਉੜੀ ਨਾਲ ਮਿਲਾ  ਕੇ ਹਰ ਰੋਜ਼ ਸ਼ਾਮ ਨੂੰ ਰਹਿਰਾਸ ਦੇ ਪਾਠ ਨਾਲ ਪੜ੍ਹਿਆ ਜਾਂਦਾ ਹੈ। ਅੰਮ੍ਰਿਤ ਛਕਾਉਣ ਵੇਲੇ ਵੀ ਇਸ ਦਾ ਪਾਠ ਕੀਤਾ ਜਾਂਦਾ ਹੈ ਅਤੇ ਹਰ ਸਿੱਖ ਸਮਾਗਮ, ਭਾਵੇਂ ਉਹ ਖੁਸ਼ੀ ਦੇ ਸਬੰਧ ਵਿਚ ਹੋਵੇ ਭਾਵੇਂ ਗਮੀ ਦੇ ਸਬੰਧ ਵਿਚ, ਇਸ ਦੇ ਕੀਰਤਨ ਨਾਲ ਹੀ ਸਮਾਪਤ ਕੀਤਾ ਜਾਂਦਾ ਹੈ। ਗੁਰਦੁਆਰੇ ਵਿਚ ਸੰਗਤ ਦਾ ਇਕੱਠ ਵੀ ਇਸ ਦੇ ਕੀਰਤਨ ਨਾਲ ਹੀ ਸਮਾਪਤ ਕੀਤਾ ਜਾਂਦਾ ਹੈ। ਇਸ ਦੇ ਪ੍ਰਮਾਤਮਾ ਨਾਲ ਰਹੱਸਮਈ ਸੰਜੋਗ ਦੇ ਅਨੁਭਵ ਵਾਲੀਂ ਬਾਣੀ ਹੋਣ ਕਰ ਕੇ, ਸਿੱਖ ਜਗਤ ਵਿਚ ਵਿਆਹ ਦੀ ਰਸਮ ਨੂੰ ਅਨੰਦ ਕਾਰਜ ਹੀ ਕਿਹਾ ਜਾਂਦਾ ਹੈ ਤੇ ਇਹ ਰਸਮ ਇਸ ਬਾਣੀ ਦੇ ਕੀਰਤਨ ਨਾਲ ਹੀ ਸੰਪੂਰਨ ਕੀਤੀ ਜਾਂਦੀ ਹੈ।   


ਲੇਖਕ : ਸੁਰਜੀਤ ਸਿੰਘ ਭਾਟੀਆ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-04-54-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.