ਅਪਭ੍ਰੰਸ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਪਭ੍ਰੰਸ਼ [ਵਿਸ਼ੇ] ਆਪਣੀ ਅਸਲੀ ਸ਼ਕਲ ਤੋਂ ਵਿਗੜਿਆ ਹੋਇਆ, ਪਤਿਤ [ਨਾਂਇ] ਇਕ ਪੁਰਾਤਨ ਭਾਸ਼ਾ ਪਰਿਵਾਰ ਜਿਸ ਦੀ ਵਰਤੋਂ ਹਿੰਦੀ ਪੰਜਾਬੀ ਆਦਿ ਆਧੁਨਿਕ ਆਰੀਆਈ ਭਾਸ਼ਾਵਾਂ ਤੋਂ ਪਹਿਲਾਂ ਹੁੰਦੀ ਸੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 841, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਪਭ੍ਰੰਸ਼ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਪਭ੍ਰੰਸ਼. ਸੰ. ਸੰਗ੍ਯਾ—ਗਿਰਾਉ. ਡਿਗਣਾ। ੨ ਵਿਗੜਿਆ ਹੋਇਆ ਸ਼ਬਦ. ਆਪਣੀ ਅਸਲੀ ਸ਼ਕਲ ਤੋਂ ਡਿਗਕੇ ਹੋਰ ਸ਼ਕਲ ਵਿੱਚ ਆਇਆ ਸ਼ਬਦ , ਜਿਵੇਂ ਕਰਮ ਤੋਂ ਕੰਮ , ਚਰਮ ਤੋਂ ਚੰਮ ਅਤੇ ਧਰਮ ਤੋ ਧੰਮ ਆਦਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਪਭ੍ਰੰਸ਼ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਪਭ੍ਰੰਸ਼ : ਇਹ ਅਜੋਕੀਆਂ ਭਾਸ਼ਾਵਾਂ ਦੇ ਵਿਕਾਸ ਤੋਂ ਪਹਿਲਾਂ ਉੱਤਰੀ ਭਾਰਤ ਵਿਚ ਬੋਲ ਚਾਲ ਅਤੇ ਸਾਹਿਤ ਰਚਨਾ ਦੀ ਸਭ ਤੋਂ ਵੱਧ ਜਿਉਂਦੀ ਜਾਗਦੀ ਅਤੇ ਮਸ਼ਹੂਰ ਭਾਸ਼ਾ ਸੀ। ਇਸ ਦਾ ਸਮਾਂ 600 ਈ. ਤੋਂ 1200 ਈ. ਤਕ ਦਾ ਮੰਨਿਆ ਜਾ ਸਕਦਾ ਹੈ। ਭਾਸ਼ਾ ਵਿਗਿਆਨ ਦੇ ਨੁਕਤੇ ਤੋਂ ਅਪਭ੍ਰੰਸ਼ ਭਾਰਤੀ ਆਰੀਆ ਭਾਸ਼ਾਵਾਂ ਦੇ ਮੱਧ ਕਾਲ ਦੀ ਆਖ਼ਰੀ ਸਟੇਜ ਹੈ ਜੋ ਪ੍ਰਾਕ੍ਰਤ ਅਤੇ ਅਜੋਕੀਆਂ ਭਾਸ਼ਾਵਾਂ ਦੀ ਵਿਚਕਾਰਲੀ ਹਾਲਤ ਆਖੀ ਜਾ ਸਕਦੀ ਹੈ।
ਅਪਭ੍ਰੰਸ਼ ਦੇ ਕਵੀਆਂ ਨੇ ਆਪਣੀ ਭਾਸ਼ਾ ਨੂੰ ਕੇਵਲ ‘ਭਾਸ਼ਾ’ ‘ਦੇਸੀ ਭਾਸ਼ਾ’ ਜਾਂ ‘ਗ੍ਰਾਮੀਣ ਭਾਸ਼ਾ’ (ਪੇਂਡੂ ਭਾਸ਼ਾ) ਕਿਹਾ ਹੈ, ਪਰ ਸੰਸਕ੍ਰਿਤ ਦੇ ਵਿਆਕਰਣਾਂ ਅਤੇ ਅਲੰਕਾਰ-ਗ੍ਰੰਥਾਂ ਵਿਚ ਇਸ ਭਾਸ਼ਾ ਲਈ ਅਕਸਰ ‘ਅਪਭ੍ਰੰਸ਼’ ਅਤੇ ਕਿਤੇ ਕਿਤੇ ‘ਅਪਭ੍ਰਸ਼ਟ’ ਦਾ ਸ਼ਬਦ ਵੀ ਵਰਤਿਆ ਗਿਆ ਹੈ। ‘ਅਪਭ੍ਰੰਸ਼’ ਦਾ ਇਹ ਹਕਾਰਤ ਭਰਿਆ ਨਾਂ ਸੰਸਕ੍ਰਿਤ ਦੇ ਵਿਦਵਾਨਾਂ ਵਲੋਂ ਦਿੱਤਾ ਗਿਆ ਜਾਪਦਾ ਹੈ। ਮਹਾਂਭਾਸ਼ਕਾਰ ਪਤੰਜਲੀ (150 ਈ. ਪੂ.) ਨੇ ਜਿਸ ਢੰਗ ਨਾਲ ‘ਅਪਭ੍ਰੰਸ਼’ ਸ਼ਬਦ ਦੀ ਵਰਤੋਂ ਕੀਤੀ ਹੈ ਉਸ ਦਾ ਭਾਵ ਇਹ ਨਿਕਲਦਾ ਹੈ ਕਿ ਸੰਸਕ੍ਰਿਤ ਦੇ ਜਾਂ ਪੜ੍ਹੇ-ਲਿਖੇ ਲੋਕਾਂ ਦੇ ਸ਼ਬਦਾਂ ਦੇ ਮੁਕਾਬਲੇ ਵਿਚ ਲੋਕ ਪ੍ਰਚਲਤ ਟੁਟੇ-ਫੁਟੇ ਸ਼ਬਦ ਅਪਭ੍ਰੰਸ਼ ਜਾ ਅਪਸ਼ਬਦ ਕਹਾਉਂਦੇ ਸਨ। ਇਸ ਤਰ੍ਹਾਂ ਵਿਗੜੇ ਸ਼ਬਦਾਂ ਨੂੰ ਅਪਭ੍ਰੰਸ਼ ਨਾਂ ਦਿੱਤਾ ਗਿਆ ਅਤੇ ਅੱਗੇ ਚਲ ਕੇ ਇਹੀ ਨਾਂ ਪੂਰੀ ਭਾਸ਼ਾ ਲਈ ਵਰਤਿਆ ਜਾਣ ਲੱਗਾ। ਦੰਡੀ (ਸੱਤਵੀਂ ਸਦੀ) ਦੇ ਕਥਨ ਤੋਂ ਇਹ ਗੱਲ ਦੀ ਚੰਗੀ ਤਰ੍ਹਾਂ ਪੁਸ਼ਟੀ ਹੋ ਜਾਂਦੀ ਹੈ। ਉਸ ਨੇ ਸਪੱਸ਼ਟ ਲਿਖਿਆ ਹੈ ਕਿ ਸ਼ਾਸਤਰ ਅਰਥਾਤ ਵਿਆਕਰਣ ਸ਼ਾਸਤਰ ਵਿਚ ਸੰਸਕ੍ਰਿਤ ਤੋਂ ਵੱਖਰੇ ਸ਼ਬਦਾਂ ਨੂੰ ਅਭ੍ਰੰਪਸ਼ ਕਿਹਾ ਜਾਂਦਾ ਹੈ। ਇਸ ਤਰ੍ਹਾਂ ਭਾਵੇਂ ਪਾਲੀ, ਪ੍ਰਾਕ੍ਰਿਤ ਤੇ ਅਪਭ੍ਰੰਸ਼ ਨਾਂ ਦੇ ਸ਼ਬਦ ‘ਅਪਭ੍ਰੰਸ਼’ ਨਾਂ ਹੇਠ ਆ ਜਾਂਦੇ ਹਨ, ਪਰ ਪਾਲੀ-ਪ੍ਰਾਕ੍ਰਿਤ ਨੂੰ ਅਪਭ੍ਰੰਸ਼ ਨਾਂ ਹੀ ਨਹੀਂ ਦਿੱਤਾ ਜਾਂਦਾ।
ਦੰਡੀ ਨੇ ਇਸ ਗੱਲ ਨੂੰ ਸਪੱਸ਼ਟ ਕਰਦਿਆਂ ਅੱਗੇ ਲਿਖਿਆ ਹੈ ਕਿ ਕਵਿਤਾ ਵਿਚ ਆਭੀਰ (ਆਹੀਰ) ਆਦਿ ਦੀਆਂ ਬੋਲੀਆਂ ਨੂੰ ਅਪਭ੍ਰੰਸ਼ ਕਿਹਾ ਜਾਂਦਾ ਹੈ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਅਪਭ੍ਰੰਸ਼ ਨਾਂ ਉਸ ਭਾਸ਼ਾ ਲਈ ਪੱਕਾ ਹੋ ਗਿਆ ਜਿਸ ਦੇ ਸ਼ਬਦ ਸੰਸਕ੍ਰਿਤ ਤੋਂ ਵੱਖਰੇ ਸਨ ਅਤੇ ਨਾਲ ਹੀ ਜਿਸ ਦਾ ਵਿਆਕਰਣ ਵੀ ਬਹੁਤ ਕਰਕੇ ਆਭੀਰ (ਆਹੀਰ) ਆਦਿ ਲੋਕ-ਬੋਲੀਆਂ ਉੱਤੇ ਨਿਰਭਰ ਸੀ। ਇਨ੍ਹਾਂ ਅਰਥਾਂ ਵਿਚ ਅਪਭੰਸ਼ ਪਾਲੀ-ਪ੍ਰਾਕ੍ਰਿਤ ਆਦਿ ਤੋਂ ਖ਼ਾਸ ਤੌਰ ਤੇ ਅਲਗ ਸੀ।
ਅਪਭ੍ਰੰਸ਼ ਦੇ ਸਬੰਧ ਵਿਚ ਪ੍ਰਾਚੀਨ ਅਲੰਕਾਰ-ਗ੍ਰੰਥਾਂ ਵਿਚ ਦੋ ਤਰ੍ਹਾਂ ਦੀਆਂ ਪਰਸਪਰ ਵਿਰੋਧੀ ਰਾਵਾਂ ਮਿਲਦੀਆਂ ਹਨ। ਇਕ ਪਾਸੇ ਰੁਦ੍ਰਟ ਦੇ ਕਾਵਿ-ਅਲੰਕਾਰ (2-12) ਦਾ ਟੀਕਾਕਾਰ ਨਮਿਸਾਧੁ (1069 ਈ.) ਅਪਭ੍ਰੰਸ਼ ਨੂੰ ਪ੍ਰਾਕ੍ਰਿਤ ਕਹਿੰਦਾ ਹੈ ਤਾਂ ਦੂਜੇ ਪਾਸੇ ਭਾਮਹ (ਛੇਵੀਂ ਸਦੀ), ਦੰਡੀ (ਸੱਤਵੀਂ ਸਦੀ) ਆਦਿ ਵਿਦਵਾਨ ਅਪਭ੍ਰੰਸ਼ ਨੂੰ ਵੀ ਪ੍ਰਾਕ੍ਰਿਤ ਤੋਂ ਛੁਟ ਸੁਤੰਤਰ ਕਾਵਿ-ਭਾਸ਼ਾ ਗਿਣਦੇ ਹਨ। ਇਨ੍ਹਾਂ ਪਰਸਪਰ ਵਿਰੋਧੀ ਰਾਵਾਂ ਦਾ ਫ਼ੈਸਲਾ ਕਰਦੇ ਹੋਏ ਜੈਕੋਬੀ (‘ਭਵਿਸਯਤਕਹਾ’ ਦੀ ਜਰਮਨ ਭੂਮਿਕਾ ਦੇ ਅੰਗਰੇਜ਼ੀ ਅਨੁਵਾਦ, ਬੜੌਦਾ ਓਰੀਐਂਟਲ ਇਨਸਟੀਚਿਊਟ ਜਨਰਲ, ਜੂਲ 1955) ਨੇ ਕਿਹਾ ਕਿ ਸ਼ਬਦਾਵਲੀ ਦੇ ਪੱਖ ਤੋਂ ਅਪਭ੍ਰੰਸ਼ ਪ੍ਰਾਕ੍ਰਿਤ ਦੇ ਨੇੜੇ ਹੈ ਅਤੇ ਵਿਆਕਰਣ ਦੇ ਪੱਖ ਤੋਂ ਪ੍ਰਾਕ੍ਰਿਤ ਨਾਲੋਂ ਅਲਗ ਭਾਸ਼ਾ ਹੈ।
ਇਸ ਤਰ੍ਹਾਂ ਅਪਭ੍ਰੰਸ਼ ਦੇ ਸ਼ਬਦ-ਭੰਡਾਰ ਦਾ ਬਹੁਤ ਹਿੱਸਾ (ਨਬੇ ਫ਼ੀ ਸਦੀ ਤਕ) ਪ੍ਰਾਕ੍ਰਿਤ ਵਿਚੋਂ ਲਿਆ ਗਿਆ ਹੈ ਅਤੇ ਵਿਆਕਰਣ ਦੇ ਪੱਖ ਤੋਂ ਅਪਭ੍ਰੰਸ਼, ਪ੍ਰਾਕ੍ਰਿਤ ਨਾਲੋਂ ਵਧੇਰੇ ਉੱਨਤ ਅਤੇ ਆਧੁਨਿਕ ਭਾਸ਼ਾਵਾਂ ਦੇ ਵਧੇਰੇ ਨੇੜੇ ਹੈ। ਪ੍ਰਾਚੀਨ ਵਿਆਕਰਣੀਆਂ ਦੇ ਅਪਭ੍ਰੰਸ਼ ਸਬੰਧੀ ਵਿਚਾਰਾਂ ਦੇ ਲੜੀਵਾਰ ਅਧਿਐਨ ਤੋਂ ਪਤਾ ਲਗਦਾ ਹੈ ਕਿ ਛੇ ਸੌ ਵਰਿQਆਂ ਵਿਚ ਹੌਲੀ ਹੌਲੀ ਅਪਭ੍ਰੰਸ਼ ਦਾ ਵਿਕਾਸ ਹੋਇਆ। ਭਰਤ ਮੁਨੀ (ਤੀਜੀ ਸਦੀ) ਨੇ ਇਸ ਨੂੰ ਸ਼ਾਬਰਾਂ, ਅਹੀਰਾਂ, ਗੁੱਜਰਾਂ ਆਦਿ ਦੀ ਭਾਸ਼ਾ ਕਿਹਾ ਹੈ। ਚੰਡ (ਛੇਵੀਂ ਸਦੀ) ਨੇ ‘ਪ੍ਰਾਕ੍ਰਿਤ ਲਕਸ਼ਣ’ ਵਿਚ ਇਸ ਨੂੰ ‘ਵਿਭਾਸ਼ਾ’ ਕਿਹਾ ਹੈ ਅਤੇ ਉਸੇ ਦੇ ਨੇੜੇ ਤੇੜੇ ਬਲਭੀ ਦੇ ਰਾਜ ਧ੍ਰਵਸੈਨ ਦੂਜੇ (569 ਈ.) ਨੇ ਇਕ ਤਾਮਰ ਪੱਤਰ ਵਿਚ ਆਪਣੇ ਪਿਤਾ ਦੀ ਵਡਿਆਈ ਕਰਦਿਆਂ ਉਸ ਨੂੰ ਸੰਸਕ੍ਰਿਤ ਦੇ ਨਾਲ ਨਾਲ ਅਪਭ੍ਰੰਸ਼ ਕਾਵਿ-ਰਚਨਾ ਵਿਚ ਵੀ ਨਿਪੁੰਨ ਦੱਸਿਆ ਹੈ। ਅਪਭ੍ਰੰਸ਼ ਦੇ ਕਾਵਿ-ਰਚਨਾ ਦੇ ਸਮਰਥ ਹੋਣ ਦੀ ਪੁਸ਼ਟੀ ਸੱਤਵੀਂ ਸਦੀ ਵਿਚ ਭਾਮਹ ਅਤੇ ਦੰਡੀ ਵਰਗੇ ਵਿਦਵਾਨਾਂ ਨੇ ਵੀ ਕਰ ਦਿੱਤੀ ਸੀ। ਕਾਵਿ-ਮੀਮਾਂਸਾ ਦੇ ਲੇਖਕ ਰਾਜ ਸ਼ੇਖਰ (ਦਸਵੀਂ ਸਦੀ) ਨੇ ਅਪਭ੍ਰੰਸ਼ ਦੇ ਕਵੀਆਂ ਨੂੰ ਰਾਜ-ਸਭਾ ਵਿਚ ਮਾਣ ਵਡਿਆਈ ਦੇ ਕੇ ਅਪਭ੍ਰੰਸ਼ ਦੇ ਰਾਜ-ਸਨਮਾਨ ਵੱਲ ਇਸ਼ਾਰਾ ਕੀਤਾ ਹੈ। ਟੀਕਾਕਾਰ ਪਰਸ਼ੋਤਮ (ਬਾਰ੍ਹਵੀਂ ਸਦੀ) ਨੇ ਇਸ ਨੂੰ ਉੱਚੀ ਸ਼ਰੇਣੀ ਦੇ ਲੋਕਾਂ ਦੀ ਭਾਸ਼ਾ ਦਸਿਆ ਹੈ। ਇਸੇ ਸਮੇਂ ਹੇਮਚੰਦ੍ਰ ਨੇ ਅਪਭ੍ਰੰਸ਼ ਦਾ ਪਰਮਾਣੀਕ ਵਿਆਕਰਣ ਲਿਖ ਦੇ ਅਪਭ੍ਰੰਸ਼ ਦਾ ਸਤਿਕਾਰ ਵਧਾਇਆ। ਇਸ ਤਰ੍ਹਾਂ ਜਿਹੜੀ ਭਾਸ਼ਾ ਤੀਜੀ ਸਦੀ ਵਿਚ ਆਭੀਰ (ਆਹੀਰ) ਆਦਿ ਜਾਤੀਆਂ ਦੀ ਲੋਕ-ਬੋਲੀ ਸੀ, ਉਹ ਛੇਵੀਂ ਸਦੀ ਤੋਂ ਸਾਹਿਤਕ ਭਾਸ਼ਾ ਬਣ ਗਈ ਅਤੇ ਗਿਆਰ੍ਹਵੀਂ ਸਦੀ ਤਕ ਪਹੁੰਚਦੇ ਪਹੁੰਚਦੇ ਉੱਚੀ-ਸ਼ਰੇਣੀ ਦੇ ਲੋਕਾਂ ਦੀ ਭਾਸ਼ਾ ਬਣ ਕੇ ਰਾਜ-ਭਾਸ਼ਾ ਹੋ ਗਈ।
ਅਪਭ੍ਰੰਸ਼ ਦੇ ਲੜੀਵਾਰ ਭੂਗੋਲਕ ਵਿਸਥਾਰ ਸਹਿਤ ਹਵਾਲੇ ਵੀ ਪੁਰਾਣੀਆਂ ਪੁਸਤਕਾਂ ਵਿਚ ਮਿਲਦੇ ਹਨ। ਭਰਤ ਦੇ ਸਮੇਂ (ਤੀਜੀ ਸਦੀ) ਤਕ ਅਪਭ੍ਰੰਸ਼ ਉੱਤਰ-ਪੱਛਮੀ ਭਾਰਤੀ ਦੀ ਬੋਲੀ ਸੀ, ਪਰ ਰਾਜ ਸ਼ੇਖਰ ਦੇ ਸਮੇਂ (ਦਸਵੀਂ ਸਦੀ) ਤਕ ਪੰਜਾਬ, ਰਾਜਸਥਾਨ ਅਤੇ ਗੁਜਰਾਤ ਭਾਵ ਸਮੁੱਚੇ ਪੱਛਮੀ ਭਾਰਤ ਦੀ ਭਾਸ਼ਾ ਬਣ ਗਈ। ਨਾਲ ਹੀ ਸਰਹਪਾ (760 ਈ), ਸ੍ਵਯੰਭੂ ਦੇਵ (790 ਈ.) ਕਨ੍ਹਪਾ (840 ਈ.), ਦੇਵ-ਸੇਨ (933 ਈ.), ਪੁਸ਼ਪਦੰਤ (959 ਈ.), ਯੋਗੀਂਦੂ (1000 ਈ.), ਮੁੰਜ, ਰਾਮ ਸਿੰਹ (1000 ਈ.), ਧਨਪਾਲ (1000 ਈ.), ਅਦਹਮਾਣ (1010 ਈ. ਭਾਵੇਂ ਵਿਦਵਾਨਾਂ ਦਾ ਇਸ ਬਾਰੇ ਮਤ-ਭੇਦ ਹੈ ਪਰ ਬਹੁਮਤ ਅਨੁਸਾਰ ਇਹ ਗਿਆਰਵੀਂ ਸਦੀ ਦਾ ਹੀ ਲੇਖਕ ਸੀ), ਬੱਬਰ (1050 ਈ.) ਕਨਕਾਮਰ (1060 ਈ.), ਜਿਨਦੱਤ ਸੂਰੀ (1075-1154 ਈ.), ਹੇਮਚੰਦਰ (1188 ਈ.), ਹਰਿਭੱਦਰ ਸੂਰੀ (1159 ਈ.), ਵਰਦੱਤ, ਮਹੇਸ਼ਵਰ ਸੂਰੀ, ਸੋਮਪ੍ਰਭੂ ਸੂਰੀ (1195 ਈ.), ਬਿਨਯਚੰਦਰ (1200 ਈ.), ਲਖਣ (1257 ਈ.) ਤੇ ਜਜਲ (1290 ਈ.) ਆਦਿ ਦੀਆਂ ਰਚਨਾਵਾਂ ਤੋਂ ਸਾਬਤ ਹੁੰਦਾ ਹੈ ਕਿ ਉਸ ਸਮੇਂ ਵਿਚ ਸਮੁੱਚੇ ਉੱਤਰੀ ਭਾਰਤ ਦੀ ਸਾਹਿਤਕ-ਭਾਸ਼ਾ ਬਣ ਗਈ ਸੀ।
ਵਿਆਕਰਣਾਂ ਵਿਚ ਅਪਭ੍ਰੰਸ਼ ਦੇ ਵੱਖ ਵੱਖ ਭੇਦਾਂ ਤੇ ਵੀ ਵਿਚਾਰ ਕੀਤਾ ਗਿਆ ਹੈ। ਮਾਰਕੰਡੇ (ਸਤਾਰ੍ਹਵੀਂ ਸਦੀ) ਦੇ ਅਨੁਸਾਰ ਅਪਭ੍ਰੰਸ਼ ਦੇ ‘ਨਾਗਰ’, ‘ਉਪਨਾਗਰ’ ਅਤੇ ‘ਬ੍ਰਾਚਡ’ ਤਿੰਨ ਭੇਦ ਸਨ ਅਤੇ ਨਮਿ ਸਾਧੁ (ਗਿਆਰ੍ਹਵੀਂ ਸਦੀ) ਅਨੁਸਾਰ ਉਪਨਾਗਰ, ਆਭੀਰ ਅਤੇ ਗ੍ਰਾਮਯ ਆਦਿ ਨਾਂਵਾਂ ਤੋਂ ਕਿਸੇ ਤਰ੍ਹਾਂ ਦੇ ਇਲਾਕਾਈ ਭੇਦਾਂ ਦਾ ਪਤਾ ਨਹੀਂ ਲਗਦਾ। ਵਿਦਵਾਨਾਂ ਨੇ ਆਭੀਰਾਂ ਨੂੰ ‘ਵ੍ਰਾਤਯ’ ਕਿਹਾ ਹੈ। ਇਸ ਤਰ੍ਹਾਂ ‘ਬ੍ਰਾਚਡ’ ਦਾ ਸਬੰਧ ਵ੍ਰਾਤਯ ਨਾਲ ਮੰਨਿਆ ਜਾ ਸਕਦਾ ਹੈ। ਅਜਿਹੀ ਹਾਲਤ ਵਿਚ ਆਭੀਰੀ ਅਤੇ ਬ੍ਰਾਚਡ ਕਿਲੋ ਬੋਲੀ ਦੇ ਦੋ ਨਾਂ ਹੋਏ। ਕ੍ਰਮਦੀਸ਼ਵਰ (ਤੇਰ੍ਹਵੀਂ ਸਦੀ) ਨੇ ਨਾਗਰ ਅਪਭ੍ਰੰਸ਼ ਅਤੇ ਸ਼ਸਕ ਛੰਦ ਦਾ ਸਬੰਧ ਕਾਇਮ ਕੀਤਾ ਹੈ। ਸ਼ਸਕ ਛੰਦਾਂ ਦੀ ਰਚਨਾ ਅਕਸਰ ਪੱਛਮੀ ਇਲਾਕਿਆਂ ਵਿਚ ਹੀ ਹੋਈ ਹੈ। ਇਸ ਤਰ੍ਹਾਂ ਅਪਭ੍ਰੰਸ਼ ਦੇ ਸਾਰੇ ਭੇਦ-ਉਪਭੇਦ ਪੱਛਮੀ ਭਾਰਤ ਨਾਲ ਹੀ ਸਬੰਧ ਰਖਦੇ ਮਾਲੂਮ ਹੁੰਦੇ ਹਨ। ਅਸਲ ਵਿਚ ਸਾਹਿਤਕ ਅਪਭ੍ਰੰਸ਼ ਆਪਣੇ ਪੱਕੇ ਰੂਪ ਵਿਚ ਪੱਛਮੀ ਭਾਰਤ ਦੀ ਹੀ ਭਾਸ਼ਾ ਸੀ, ਪਰ ਹੋਰ ਇਲਾਕਿਆਂ ਵਿਚ ਵੀ ਪਸਰ ਜਾਣ ਨਾਲ ਇਸ ਵਿਚ ਸੁਭਾਵਕ ਹੀ ਇਲਾਕਾਈ ਵਿਸ਼ੇਸ਼ਤਾਵਾਂ ਵੀ ਪੈਦਾ ਹੋ ਗਈਆਂ। ਜੋ ਰਚਨਾਵਾਂ ਮਿਲਦੀਆਂ ਹਨ, ਉਨ੍ਹਾਂ ਦੇ ਆਧਾਰ ਤੇ ਵਿਦਵਾਨਾਂ ਨੇ ਪੂਰਬੀ ਅਤੇ ਦੱਖਣੀ ਹੋਰ ਇਲਾਕਾਈ ਅਪਭ੍ਰੰਸ਼ਾਂ ਦੀ ਵਰਤੋਂ ਦਾ ਅਨੁਮਾਨ ਵੀ ਲਾਇਆ ਹੈ।
ਅਪਭ੍ਰੰਸ਼ ਭਾਸ਼ਾ ਦਾ ਢਾਂਚਾ ਲਗਭਗ ਉਹੋ ਹੈ, ਜਿਸ ਦਾ ਵੇਰਵਾ ਹੇਮਚੰਦਰ ਦੇ ‘ਸਿਧ ਹੇਮ ਸ਼ਬਦ ਅਨੁਸ਼ਾਸਨ’ ਦੇ ਅੱਠਵੇਂ ਕਾਂਡ ਦੇ ਚੌਥੇ ਪਦ ਵਿਚ ਮਿਲਦਾ ਹੈ। ਪੁਨੀ-ਪਰੀਵਰਤਨ ਦੀਆਂ ਜਿਨ੍ਹਾਂ ਪ੍ਰਵਿਰਤੀਆਂ ਕਰਕੇ ਸੰਸਕ੍ਰਿਤ ਸ਼ਬਦਾਂ ਦੇ ਤਦਭਵ ਰੂਪ ਪ੍ਰਾਕ੍ਰਿਤ ਵਿਚ ਪ੍ਰਚਲਤ ਸਨ, ਉਹੋ ਪ੍ਰਵਿਰਤੀਆਂ ਬਹੁਤ ਕਰਕੇ ਅਪਭ੍ਰੰਸ਼ ਦੀ ਸ਼ਬਦਾਵਲੀ ਵਿਚ ਵੀ ਦਿਖਾਈ ਦੇਂਦੀਆਂ ਹਨ, ਜਿਵੇਂ ਮੁਢਲੇ ਤੋਂ ਵੱਖਰੇ ਅਤੇ ਨਿਖੜਵੇਂ ਕ, ਗ, ਚ, ਜ, ਤ, ਦ, ਪ, ਯ ਅਤੇ ‘ਵ’ ਦਾ ਲੋਪ ਹੋ ਜਾਣਾ ਅਤੇ ਇਨ੍ਹਾਂ ਦੀ ਥਾਂ ਉਚਵ੍ਰਿੱਤ ਸ੍ਵਰ ਅ ਜਾਂ ਯ ਸ੍ਰਤੀ ਦੀ ਵਰਤੋਂ ਦਾ ਆਰੰਭ ਪ੍ਰਾਕ੍ਰਿਤ ਵਾਂਗ (‘ਕ੍ਵ’, ‘ਕ੍ਵ’, ‘ਦ੍ਵ’ ਆਦਿ) ਸੰਯੁਕਤ ਵਿਅੰਜਨਾਂ ਦੀ ਥਾਂ ਅਪਭ੍ਰੰਸ਼ ਵਿਚ ਵੀ ਕ੍ਵ, ਕ, ਦ੍ਵ ਆਦਿ ਦੁੱਤ ਵਿਅੰਜਨ ਹੁੰਦੇ ਸਨ। ਪਰ ਅਪਭ੍ਰੰਸ਼ ਵਿਚ ਲੜੀਵਾਰ ਮਿਲਦੇ ਜੁਲਦੇ ਉਚਵ੍ਰਿੱਤ ਸ੍ਵਰਾਂ ਨੂੰ ਮਿਲਾ ਕੇ ਇਕ-ਸੁਰ ਕਰਨ ਅਤੇ ਦੁੱਤ ਵਿਅੰਜਨ ਨੂੰ ਸਰਲ ਕਰ ਕੇ ਇਕ ਵਿਅੰਜਨ ਸੁਰੱਖਿਅਤ ਕਰਨ ਦੀ ਪ੍ਰਵਿਰਤੀ ਵਧਦੀ ਗਈ। ਇਸੇ ਤਰ੍ਹਾਂ ਅਪਭ੍ਰੰਸ਼ ਵਿਚ ਪ੍ਰਾਕ੍ਰਿਤ ਨਾਲੋਂ ਕੁਝ ਹੋਰ ਖਾਸ ਖਾਸ ਅਵਾਜ਼ਾਂ ਦੀ ਤਬਦੀਲੀ ਹੋਈ ਅਪਭ੍ਰੰਸ਼ ਕਾਰਕ ਰਚਨਾ ਵਿਚ ਵਿਭਕਤੀਆਂ ਪ੍ਰਾਕ੍ਰਿਤ ਦੇ ਟਾਕਰੇ ਤੇ ਵਧੇਰੇ ਸੁਧਰੀਆਂ ਹੋਈਆਂ ਮਿਲਦੀਆਂ ਹਨ, ਜਿਵੇਂ ਤੀਜੀ ਵਿਭਕਤੀ ਇਕ-ਵਚਨ ਵਿਚ ਹਹਹ ਅਪਭ੍ਰੰਸ਼ ਵਿਭਕਤੀਹੀਣ ਸੰਗਿਆ ਰੂਪਾਂ ਤੋਂ ਵੀ ਕਾਰਕ ਰਚਨਾ ਕੀਤੀ ਗਈ ਹੈ।
ਆਦਿ ਪਰਸਰਗ ਵੀ ਵਰਤੇ ਗਏ ਹਨ। ਕਾਰਦੰਤਕ ਕ੍ਰਿਆਵਾਂ ਦੀ ਵਰਤੋਂ ਵਲ ਰੁਚੀ ਵਧੀ ਅਤੇ ਸੰਯੁਕਤ ਕ੍ਰਿਆਵਾਂ ਬਣਨੀਆਂ ਸ਼ੁਰੂ ਹੋਈਆਂ। ਮੁਕਦੀ ਗੱਲ ਅਪਭ੍ਰੰਸ਼ ਦੇ ਨਵੇਂ ਸੁਬੰਤਾ ਅਤੇ ਤਿਙਤਾਂ ਅਰਥਾਤ ਕ੍ਰਿਆ ਰੂਪਾਂ ਦੀ ਰਚਨਾ ਕੀਤੀ।’ ਅਪਭ੍ਰੰਸ਼ ਸਾਹਿਤ ਦੀਆਂ ਮਿਲਦੀਆਂ ਰਚਨਾਵਾਂ ਬਹੁਤ ਕਰਕੇ ਜੈਨ ਕਵੀਆਂ ਦੀਆਂ ਕਵਿਤਾਵਾਂ ਹਨ ਜਿਨ੍ਹਾਂ ਵਿਚ ਮਹਾਂ-ਕਾਵਿ ਜਾਂ ਸਾਰੀਆਂ ਫ਼ੁਟਕਲ ਕਵਿਤਾਵਾਂ ਦੇ ਵਿਸ਼ੇ ਲਈ ਜੈਨ ਦਰਸ਼ਨ ਅਤੇ ਪੁਰਾਣਾਂ ਤੋਂ ਪ੍ਰੇਰਨਾ ਲਈ ਗਈ ਹੈ। ਸਾਰਿਆਂ ਤੋਂ ਪ੍ਰਾਚੀਨ ਅਤੇ ਸ੍ਰੇਸ਼ਠ ਕਈ ਸ੍ਵਯੰਭੂ (ਅੱਠਵੀਂ ਸਦੀ) ਹੈ ਜਿਸ ਨੇ ਰਾਮ ਦੀ ਕਥਾ ਨੂੰ ਲੈ ਕੇ ਪੳਮਚਰਿਉ ਅਤੇ ਮਹਾਂ-ਭਾਰਤ ਦੀ ਰਚਨਾ ਕੀਤੀ ਹੈ। ਦੂਸਰਾ ਮਹਾਂ ਕਵੀ ਪੁਸਪਦੰਤ (ਦਸਵੀਂ ਸਦੀ) ਹੈ, ਜਿਸ ਨੇ ਜੈਨ ਪਰੰਪਤਾ ਦੇ ਤਰੇਹਟ ਸ਼ਲਾਕਾ ਪੁਰਸ਼ਾਂ ਦਾ ਆਚਰਣ ‘ਮਹਾਂ ਪੁਰਾਣ’ ਨਾਂ ਦੀ ਵਿਸ਼ਾਲ ਕਤਿਾ ਵਿਚ ਚਿਤਰਿਆ ਹੈ। ਇਸ ਵਿਚ ਰਾਮ ਅਤੇ ਕ੍ਰਿਸ਼ਨ ਦੀ ਕਥਾ ਵੀ ਸ਼ਾਮਿਲ ਹੈ। ਇਸ ਤੋਂ ਇਲਾਕਾ ਪੁਸ਼ਪਦੰਤ ਨੇ ‘ਣਾਯਭਮਾਰਚਰਿਉ’ ਅਤੇ ‘ਜਸਹਰਚਰਿਉ’ ਵਰਗੇ ਛੋਟੇ ਛੋਟੇ ਦੋ ਚਰਿਤਰ-ਕਾਵਿ ਵੀ ਰਚੇ ਹਨ। ਤੀਜਾ ਹਰਮਨ-ਪਿਆਰਾ ਕਵੀ ਧਨਪਾਲ (ਦਸਵੀਂ ਸਦੀ) ਹੈ, ਜਿਸ ਦੀ ‘ਭਵਿਸਯਤਕਹਾ’ ਸੁਰਤ ਪੰਚਮੀ ਦੇ ਮੌਕੇ ਤੇ ਕਹੀ ਜਾਣ ਵਾਲੀ ਲੋਕ-ਪ੍ਰਚਲਤ ਪ੍ਰਾਚੀਨ ਕਥਾ ਹੈ। ਕਨਕਾਮਰ ਮੁਨੀ (ਗਿਆਰ੍ਹਵੀਂ ਸਦੀ) ਦਾ ‘ਕਰਕੰਡੁਚਰਿਉ’ ਵੀ ਵਰਣਨ-ਯੋਗ ਚਰਿੱਤਰ-ਕਾਵਿ ਹੈ।
ਅਪਭ੍ਰੰਸ਼ ਦਾ ਹਰਮਨ-ਪਿਆਰਾ ਛੰਦ ਦੋਹਾ ਹੈ। ਜਿਸ ਤਰ੍ਹਾਂ ਪ੍ਰਾਕ੍ਰਿਤ ਨੂੰ ‘ਗਾਥਾ’ ਦੇ ਕਾਰਨ ‘ਗਾਥਾ ਬੰਧ’ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਅਪਭ੍ਰੰਸ਼ ਨੂੰ ‘ਦੋਹਾ ਬੰਧ’ ਕਿਹਾ ਜਾਂਦਾ ਹੈ ; ਫੁਟਕਲ ਦੋਹਿਆਂ ਵਿਚ ਅਨੇਕਾਂ ਹੀ ਸੁੰਦਰ ਅਪਭ੍ਰੰਸ਼ ਰਚਨਾਵਾਂ ਹੋਈਆਂ ਹਨ ਜਿਹੜੀਆਂ ਜੋਇੰਦੂ (ਅਠਵੀਂ ਸਦੀ) ਦਾ ‘ਪਰਮਾਤਮਪ੍ਰਕਾਸ਼’ ਅਤੇ ‘ਯੋਗਸਾਰ’, ਰਾਮ ਸਿੰਘ (ਦਸਵੀਂ ਸਦੀ) ਦਾ ‘ਪਾਹਡ ਦੋਹਾ’, ਦੇਵ ਸੇਨ (ਦਸਵੀਂ ਸਦੀ) ਦਾ ‘ਸਾਵਯਧੰਮ ਦੋਹਾ’ ਆਦਿ ਜੈਨ ਮੁਨੀਆਂ ਦੀਆਂ ਗਿਆਨ ਤੇ ਉਪਦੇਸ਼ ਭਰੀਆਂ ਰਚਨਾਵਾਂ ਬਹੁਤ ਕਰਕੇ ਦੋਹਿਆਂ ਵਿਚ ਹੀ ਹਨ। ਪ੍ਰਬੰਧ-ਚਿੰਤਾਮਣਿ ਅਤੇ ਹੇਮ ਚੰਦਰ ਦੇ ਬਣਾਏ ਹੋਏ ਵਿਆਕਰਣ ਦੇ ਅਪਭ੍ਰੰਸ਼ ਦੋਹਿਆਂ ਤੋਂ ਪਤਾ ਲਗਦਾ ਹੈ ਕਿ ਸ਼ਿੰਗਾਰ ਅਤੇ ਬੀਰਤਾ ਦੇ ਦੁਨਿਆਵੀ ਵਿਸ਼ਿਆਂ ਸਬੰਧੀ ਫੁਟਕਲ ਕਵਿਤਾਵਾਂ ਵੀ ਕਾਫੀ ਗਿਣਤੀ ਵਿਚ ਲਿਖੀਆਂ ਗਈਆਂ ਹਨ। ਕੁਝ ਹਾਸ-ਰਸ ਦੇ ਕਾਵਿ ਵੀ ਲਿਖੇ ਗਏ ਹਨ, ਜਿਨ੍ਹਾਂ ਵਿਚੋਂ ਕੁਝ ਤਾਂ ‘ਉਪਪੇਸ਼ਰਸਾਯਨ ਰਾਸ’ ਵਾਂਗ ਨਿਰੋਲ ਧਾਰਮਕ ਹਨ, ਪਰ ਆਦਹਮਾਣ ਦੇ ‘ਸੰਦੇਸ਼ਰਾਸਕ’ ਵਾਂਗ ਸ਼ਿੰਗਾਰ ਦੇ ਰਸਦਾਇਕ ਰੋਮਾਂਚਿਕ ਕਾਵਿ ਵੀ ਲਿਖੇ ਗਏ ਹਨ।
ਜੈਨੀਆਂ ਤੋਂ ਇਲਾਵਾ ਬੋਧੀ ਸਿੱਧਾਂ ਨੇ ਵੀ ਅਪਭ੍ਰੰਸ਼ ਵਿਚ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿਚ ਸਰਹਪਾ, ਕਨ੍ਹਪਾ ਆਦਿ ਦੇ ਦੋਹਾਕੋਸ਼ ਮਹੱਤਵ-ਪੂਰਨ ਹਨ। ਅਪਭ੍ਰੰਸ਼ ਗੱਦ ਦੀਆਂ ਵੀ ਵੰਨਗੀਆਂ ਮਿਲਦੀਆਂ ਹਨ। ਗੱਦ ਦੇ ਟੁਕੜੇ ਉਦਯੋਤਨ ਸੂਰੀ (ਸੱਤਵੀਂ ਸਦੀ) ‘ਕੁਵਲਯਮਾਲਾ ਕਹਾ’ ਵਿਚ ਥਾਂ ਥਾਂ ਖਿੰਡੇ ਹੋਏ ਹਨ।
ਨਵੀਆਂ ਖੋਜਾਂ ਦੇ ਸਦਕੇ ਜੋ ਜੋ ਮਸਾਲਾ ਮਿਲ ਰਿਹਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਅਪਭ੍ਰੰਸ਼ ਦਾ ਸਾਹਿਤ ਆਪਣੇ ਸਮੇਂ ਬਹੁਤ ਵਧਿਆ ਫੁਲਿਆ ਸੀ। ਡੇਢ ਸੌ ਦੇ ਲਗਭਗ ਅਪਭ੍ਰੰਸ਼ ਗ੍ਰੰਥ ਮਿਲ ਚੁੱਕੇ ਹਨ ਜਿਨ੍ਹਾਂ ਵਿਚੋਂ ਕੋਈ ਪੰਜਾਹ ਕੁ ਪ੍ਰਕਾਸ਼ਤ ਵੀ ਹੋ ਚੁੱਕੇ ਹਨ।
ਹ. ਪੁ.––‘ਹਿੰ. ਵਿ. ਕੋ. 1 : 134
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First