ਅਰਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਕ (ਨਾਂ,ਪੁ) ਕਿਸੇ ਚੀਜ਼ ਨੂੰ ਪਾਣੀ ਵਿੱਚ ਭਿਓਂ ਕੇ ਕਸ਼ੀਦ ਤਰੀਕੇ ਨਾਲ ਕੱਢਿਆ ਨਿਚੋੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਰਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਕ (ਨਾਂ,ਇ) ਬਾਂਹ ਦੀ ਕੂਹਣੀ; ਬਾਂਹ ਦੇ ਅੱਧ ਦਾ ਜੋੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਕ 1 [ਨਾਂਇ] ਕੂਹਣੀ 2 [ਨਾਂਪੁ] ਰੂਹ , ਸਤ; ਰਸ , ਜੂਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਕ. ਸੰ. अर्क् ਧਾ—ਤਪਾਉਣਾ. ਪ੍ਰਸ਼ੰਸਾ ਕਰਨਾ. ਵਡਿਆਉਂਣਾ। ੨ ਸੰ. अर्क. ਅਕ੗. ਸੰਗ੍ਯਾ—ਸੂਰਜ। “ਕਮਲ ਬਦਨ ਪ੍ਰਾਚੀ ਦਿਸਿ ਜਿਹ ਕੋ ਵਾਕ ਅਰਕ ਪਰਮਾਨਾ.” (ਨਾਪ੍ਰ) ੩ ਅੱਕ. ਆਕ. ਮੰਦਾਰ. “ਅਰਕ ਜਵਾਸ ਪਾਤ ਬਿਨ ਭਇਊ.” (ਤੁਲਸੀ) ੪ ਇੰਦ੍ਰ। ੫ ਤਾਂਬਾ । ੬ ਅਗਨਿ। ੭ ਪੰਡਿਤ. ਵਿਦ੍ਵਾਨ। ੮ ਵਡਾ ਭਾਈ । ੯ ਬਾਰਾਂ ਦੀ ਗਿਣਤੀ, ਕਿਉਂਕਿ ਸੂਰਜ ਬਾਰਾਂ ਮੰਨੇ ਹਨ। ੧੦ ਅ਼ ਅ਼ਰਕ਼. ਪਸੀਨਾ. ਮੁੜ੍ਹਕਾ । ੧੧ ਨਾਲ ਵਿੱਚਦੀਂ ਚੋਇਆ ਹੋਇਆ ਰਸ । ੧੨ ਕਿਸੇ ਵਸਤੁ ਦਾ ਸਾਰ. ਤਤ੍ਵ. ਨਿਚੋੜ। ੧੩ ਦੇਖੋ, ਅਕ੗ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਰਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਰਕ : ਇਹ ਅਰਬੀ ਕਿਰਿਆ ਸਮਿਆ ਯਸਮਉ ਦੇ ‘ਬਾਬ’ ਵਿਚੋਂ ਹੈ, ਜਿਸ ਦਾ ਅਰਥ ਹੈ ‘ਮੁੜ੍ਹਕਾ ਆਉਣਾ’ ਪਰ ਹਿਕਮਤ ਵਿਚ ਅਰਕ ਉਸ ਪਾਣੀ ਨੂੰ ਕਹਿੰਦੇ ਹਨ ਜੋ ਦਵਾਈਆਂ ਨੂੰ ਪਕਾਉਣ ਤੇ ਪੈਦਾ ਹੋਈ ਭਾਫ਼ ਨੂੰ ਮੁੜ ਪਾਣੀ ਦੇ ਰੂਪ ਵਿਚ ਜਮ੍ਹਾਂ ਕਰ ਲਿਆ ਜਾਂਦਾ ਹੈ।

          ਅਰਕ ਆਮ ਤੌਰ ਤੇ ਅੱਤਾਰ ਤੇ ਪੰਸਾਰੀ ਵੇਖਦੇ ਹਨ ਤੇ ਇਹ ਤਾਜ਼ੀਆਂ ਜਾਂ ਸੁੱਕੀਆਂ ਦਵਾਈਆਂ, ਪੱਤਿਆਂ ਅਤੇ ਜੜ੍ਹਾਂ ਦਾ ਸੂਖ਼ਮ ਜੌਹਰ ਹੁੰਦਾ ਹੈ ਜਿਸ ਨੂੰ ਭਬਕੇ ਨਾਲ ਕਸ਼ੀਦ ਕੀਤਾ ਜਾਂਦਾ ਹੈ। ਅਰਕ ਕੱਢਣ ਦਾ ਢੰਗ ਇਹ ਹੈ ਜਿਸ ਚੀਜ਼ ਦਾ ਅਰਕ ਕੱਢਣਾ ਹੋਵੇ ਉਸ ਨੂੰ ਇਕ ਵੱਡੇ ਦੇਗਚੇ ਵਿਚ ਪਾ ਦੇਂਦੇ ਹਨ ਤੇ ਜਿਤਨਾ ਅਰਕ ਕੱਢਣਾ ਹੋਵੇ ਉਸ ਤੋਂ ਦੂਣਾ ਪਾਣੀ ਪਾ ਦੇਂਦੇ ਹਨ ਕਿਉਂਕਿ ਕਰਾ ਅੰਭੀਕ ਹੇਠਾਂ ਅੱਗ ਬਾਲਣ ਨਾਲ ਕੁਝ ਪਾਣੀ ਤਾਂ ਹਵਾੜ ਬਣ ਕੇ ਉੱਡ ਜਾਂਦਾ ਹੈ ਤੇ ਕੁਝ ਅੱਗ ਨਾਲ ਸੁੱਕ ਜਾਂਦਾ ਹੈ ਅਤੇ ਕੁਝ ਦਵਾਈਆਂ ਚੂਸ ਜਾਂਦੀਆਂ ਹਨ।

          ਅਰਕ ਕੱਢਣ ਵਾਲੀਆਂ ਦਵਾਈਆਂ ਨੂੰ ਪਹਿਲਾਂ ਰਾਤ-ਭਰ ਪਾਣੀ ਵਿਚ ਭਿਉਂ ਰੱਖਦੇ ਹਨ। ਸਵੇਰ ਨੂੰ ਇਹ ਚੀਜ਼ਾ ਦੇਗ਼ਚੇ ਵਿਚ ਪਾ ਕੇ ਉੱਤੇ ਭਬਕਾ ਪੱਕੀ ਤਰ੍ਹਾਂ ਲਾਉਂਦੇ ਹਨ ਤੇ ਵਿਰਲਾਂ ਨੂੰ ਗੁੰਨੇ ਹੋਏ ਆਟੇ ਨਾਲ ਚੰਗੀ ਤਰ੍ਹਾਂ ਬੰਦ ਕਰ ਦੇਂਦੇ ਹਨ। ਦੇਗ਼ਚਾ ਸ਼ੁਰੂ ਵਿਚ ਅੱਗ ਉੱਤੇ ਟਿਕਾ ਕੇ ਰੱਖ ਦੇਂਦੇ ਹਨ। ਭਬਕੇ ਦੇ ਉਤਲੇ ਹਿੱਸੇ ਵਿਚ ਠੰਢਾ ਪਾਣੀ ਪਰ ਕੇ ਉਸ ਦੇ ਛੇਕ ਨੂੰ ਕਾਰਕ ਨਾਲ ਬੰਦ ਕੀਤਾ ਜਾਂਦਾ ਹੈ। ਜਿਉਂ ਜਿਉਂ ਅਰਕ ਨਿਕਲਦਾ ਹੈ, ਤਿਉਂ ਤਿਉਂ ਭਬਕੇ ਵਾਲਾ ਪਾਣੀ ਗਰਮ ਹੁੰਦਾ ਜਾਂਦਾ ਹੈ, ਵਧੇਰਾ ਗਰਮ ਹੋ ਜਾਣ ਤੇ ਇਸ ਥਾਂ ਫੇਰ ਠੰਢਾ ਪਾਣੀ ਪਾ ਦਿੰਦੇ ਹਨ। ਉੱਧਰ ਭਬਕੇ ਦੇ ਹੇਠਲੇ ਪਾਸੇ ਲੱਗੀ ਟੂਟੀ ਦੇ ਹੇਠ ਬੋਤਲ ਆਦਿ ਲਾ ਦਿੱਤੀ ਜਾਂਦੀ ਹੈ ਤੇ ਭਬਕੇ ਵਿਚੋਂ ਠੰਢਾ ਹੋ ਕੇ ਅਰਕ ਇਸ ਨਲੀ ਰਾਹੀਂ ਉਸ ਵਿਚ ਇਕੱਠਾ ਹੁੰਦਾ ਜਾਂਦਾ ਹੈ। ਦੇਗ਼ਚੇ ਵਿਚੋਂ ਅਰਕ ਦੇ ਸੁੱਕ ਜਾਣ ਦੀ ਨਿਸ਼ਾਨੀ ਇਹ ਹੈ ਕਿ ਅਖ਼ੀਰ ਵਿਚ ਅਰਕ ਬਹੁਤ ਥੋੜ੍ਹਾ ਅਤੇ ਕਾਫ਼ੀ ਵਿਚ ਪਿੱਛੋਂ ਬੋਤਲ ਵਿਚ ਆਉਂਦਾ ਹੈ। ਦੇਗ਼ਚੇ ਵਿਚ ਉਬਲਦੇ ਹੋਏ ਪਾਣੀ ਦੀ ਆਵਾਜ਼ ਤੇ ਵੀ ਅਟਾ-ਸਟਾ ਲਾਇਆ ਜਾ ਸਕਦਾ ਹੈ। ਸ਼ੁਰੂ ਸ਼ੁਰੂ ਵਿਚ ਜੇ ਅਰਕ ਬਹੁਤ ਹੀ ਘੱਟ ਨਿਕਲਦਾ ਜਾਪੇ ਤਾਂ ਭਬਕੇ ਦੀ ਟੂਟੀ ਨੂੰ ਜ਼ਰਾ-ਕੁ ਨੀਵਾਂ ਕਰ ਲੈਂਦੇ ਹਨ।

          ਜੇ ਥੋੜ੍ਹਾ ਹੀ ਅਰਕ ਕੱਢਣ ਦੀ ਲੋੜ ਹੋਵੇ ਤਾਂ ਕਿਸੇ ਚੌੜੇ ਮੂੰਹ ਵਾਲੇ ਭਾਂਡੇ ਵਿਚ ਦਵਾਈ ਤੇ ਲੋੜੀਂਦਾ ਪਾਣੀ ਪਾ ਦਿੰਦੇ ਹਨ। ਫਿਰ ਉਸ ਭਾਂਡੇ ਵਿਚ ਲੱਕੜੀਆਂ ਇਉਂ ਫਸਾ ਦੇਂਦੇ ਹਨ ਕਿ ਇਹ ਲੱਕੜੀਆਂ ਦਵਾਈ ਵਾਲੇ ਪਾਣੀ ਤੋਂ ਚਾਰ ਉਂਗਲਾਂ ਉਚੀਆਂ ਰਹਿਣ। ਫੇਰ ਇਨ੍ਹਾਂ ਲੱਕੜੀਆਂ ਦੇ ਉੱਪਰ ਇਕ ਕੌਲੀ ਜਾਂ ਪਿਆਲਾ ਰੱਖ ਦਿੱਤਾ ਜਾਂਦਾ ਹੈ ਤੇ ਭਾਂਡੇ ਦੇ ਉੱਪਰ ਕੋਈ ਸਾਫ਼ ਥੱਲੇ ਵਾਲੀ ਕੜਾਹੀ ਜਾਂ ਛੰਨਾ ਰੱਖ ਕੇ ਛੇਕਾਂ ਨੂੰ ਗੁੰਨ੍ਹੇ ਹੋਏ ਆਟੇ ਨਾਲ ਬੰਦ ਕਰ ਦਿੰਦੇ ਹਨ ਤੇ ਉੱਤੋਂ ਇਸ ਵਿਚ ਠੰਢਾ ਪਾਣੀ ਪਾ ਦਿੰਦੇ ਹਨ। ਦਵਾਈ ਵਾਲੇ ਭਾਂਡੇ ਹੇਠਾਂ ਅੱਗ ਬਾਲੀ ਜਾਂਦੀ ਹੈ ਇਸ ਦੇ ਸੇਕ ਨਾਲ ਅੰਦਰਲਾ ਪਾਣੀ ਭਾਫ਼ ਬਣ ਕੇ ਉਡਦਾ ਹੈ ਪਰ ਕੜਾਹੀ ਦੇ ਠੰਢੇ ਥੱਲੇ ਨਾਲ ਟਕਰਾਂ ਦੇ ਠੰਢਾ ਹੋ ਜਾਂਦਾ ਹੈ ਤੇ ਬੂੰਦਾਂ ਬਣ ਕੇ ਕੌਲੀ ਜਾਂ ਪਿਆਲੇ ਵਿਚ ਟਪਕਦਾ ਜਾਂਦਾ ਹੈ। ਗਰਮ ਹੋ ਜਾਣ ਤੇ ਕੜਾਹੀ ਵਾਲਾ ਪਾਣੀ ਬਦਲਦੇ ਰਹਿੰਦੇ ਹਨ। ਇਸ ਤਰ੍ਹਾਂ ਕੱਢਿਆ ਅਰਕ ਬੜੇ ਤੇਜ਼ ਅਸਰ ਵਾਲਾ ਤੇ ਵਧੇਰਾ ਗੁਣਕਾਰੀ ਹੁੰਦਾ ਹੈ।

          ਅਰਕਾਂ ਵਿਚ ਇਹ ਵਾਧਾ ਹੁੰਦਾ ਹੈ ਕਿ ਰੋਗੀ ਨੂੰ ਜਿਨ੍ਹਾਂ ਦਵਾਈਆਂ ਦਾ ਜੋਸ਼ਾਂਦਾ ਜਾਂ ਕਿਸਾਂਦਾ ਦਿੱਤਾ ਜਾਂਦਾ ਹੈ, ਉਨ੍ਹਾਂ ਦਾ ਅਰਕ ਰੋਗੀ ਲਈ ਵਧੇਰੇ ਛੇਤੀ ਹਜ਼ਮ ਹੋਣ ਵਾਲਾ, ਛੇਤੀ ਅਸਰ ਕਰਨ ਵਾਲਾ, ਦੇਖਣ ਅਤੇ ਪੀਣ ਵਿਚ ਸੌਖਾ ਅਤੇ ਵਧੇਰੇ ਗੁਣਕਾਰੀ ਹੁੰਦਾ ਹੈ।

          ਹ. ਪੁ. –ਬੁਸਤਾਨੁਲ ਮੁਫ਼ਰਦਾਤ ; ਕਰਾਬਦੀਨ ਕਾਦਰੀ ਬਿਆਜ਼ ਕਬੀਰ ਜਿਲਦ ਤੀਜੀ।  


ਲੇਖਕ : ਦਿਆ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.