ਅਲਾਹਾਬਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲਾਹਾਬਾਦ . ਦੇਖੋ , ਪ੍ਰਯਾਗ ੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਲਾਹਾਬਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਲਾਹਾਬਾਦ : ਇਸ ਦਾ ਪੁਰਾਣਾ ਨਾਂ ਪਰਿਆਗ ਹੈ । ਇਹ ਸ਼ਹਿਰ ਉੱਤਰ ਪ੍ਰਦੇਸ਼ ਰਾਜ ਦੇ ਇਸੇ ਹੀ ਨਾਂ ਦੇ ਜ਼ਿਲ੍ਹੇ ਵਿਚ ਗੰਗਾ ਅਤੇ ਯਮਨਾ ਦੇ ਸੰਗਮ ਤੇ ਵੱਸਿਆ ਹੋਇਆ ਹੈ । ਖਿਆਲ ਹੈ ਕਿ ਸਰਸਵਤੀ ਨਾਂ ਦਾ ਇਕ ਤੀਜਾ ਦਰਿਆ ਵੀ ਇਥੇ ਮਿਲਦਾ ਹੈ । ਭਾਵੇਂ ਇਸ ਦਾ ਕੋਈ ਜ਼ਾਹਰਾ ਚਿੰਨ੍ਹ ਨਜ਼ਰ ਨਹੀ ਆਉਂਦਾ । ਪਰਿਆਗ ਦੀ ਭੂਗੋਲਕ ਸਥਿਤੀ ਦਾ ਗਿਆਨ ਸਾਨੂੰ ਹੀਊਨਸਾਂਗ ਦੇ ( 644 ) ਵਰਣਨ ਵਿਚੋਂ ਵੀ ਮਿਲਦਾ ਹੈ । ਉਸ ਵੇਲੇ ਇਹ ਸ਼ਾਇਦ ਸੰਗਮ ਦੇ ਨੇੜੇ ਵੱਸਿਆ ਹੋਇਆ ਸੀ । ਇਸ ਪਿਛੋਂ ਲਗਭਗ ਬਾਰ੍ਹਵੀਂ ਸਦੀ ਤੱਕ ਪਰਿਆਗ ਦਾ ਇਤਿਹਾਸ ਹਨੇਰੇ ਵਿਚ ਹੈ ।

                  ਅਕਬਰਨਾਮਾ , ਆਈਨੇ-ਅਕਬਰੀ ਅਤੇ ਹੋਰ ਮੁਗ਼ਲ-ਰਾਜ ਸਮੇਂ ਦੀਆਂ ਇਤਿਹਾਸਕ ਪੁਸਤਕਾਂ ਤੋਂ ਪਤਾ ਲਗਦਾ ਹੈ ਕਿ ਅਕਬਰ ਨੇ 1584 ਦੇ ਲਗਭਗ ਇਥੇ ਕਿਲੇ ਦੀ ਨੀਂਹ ਰੱਖੀ ਅਤੇ ਇਕ ਨਵਾਂ ਸ਼ਹਿਰ ਵਸਾਇਆ ਜਿਸ ਦਾ ਨਾਂ ਉਸ ਨੇ ਅਲਾਹਾਬਾਦ ਰੱਖਿਆ । ਇਸ ਤੋਂ ਆਪਣੇ ਆਪ ਹੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਕਬਰ ਨੇ ਨਵਾਂ ਸ਼ਹਿਰ ਵਸਾਇਆ ਸੀ ਤਾਂ ਪੁਰਾਣੇ ਸ਼ਹਿਰ ਦਾ ਕੀ ਬਣਿਆ ਅਨੁਮਾਨ ਹੈ ਕਿ ਕਿਲੇ ਦੀ ਉਸਾਰੀ ਤੋਂ ਪਹਿਲਾਂ ਹੀ ਪਰਿਆਗ ਸ਼ਹਿਰ ਗੰਗਾ ਵਿਚ ਹੜ੍ਹ ਆ ਜਾਣ ਕਾਰਨ ਨਸ਼ਟ ਹੋ ਗਿਆ ਹੋਵੇਗਾ ਜਾਂ ਬਹੁਤ ਹੀ ਛੋਟਾ ਰਹਿ ਗਿਆ ਹੋਵੇਗਾ । ਇਸ ਗੱਲ ਦੀ ਪੁਸ਼ਟੀ ਵਰਤਮਾਨ ਧਰਤੀ ਦੇ ਸਰਵੇ ਤੋਂ ਵੀ ਹੁੰਦੀ ਹੈ । ਵਰਤਮਾਨ ਪਰਿਆਗ ਦੇ ਰੇਲਵੇ ਸਟੇਸ਼ਨ ਤੋਂ ਭਾਰਦਵਾਜ ਆਸ਼ਰਮ , ਗਵਰਨਮੈਂਟ ਹਾਊਸ , ਗਵਰਨਮੈਂਟ ਕਾਲਜ ਤੱਕ ਦੀ ਉੱਚੀ ਧਰਤੀ ਗੰਗਾ ਦਾ ਇਕ ਪੁਰਾਣਾ ਕੰਢਾ ਪ੍ਰਤੀਤ ਹੁੰਦੀ ਹੈ ਜਿਸ ਦੇ ਪੂਰਬ ਵੱਲ ਵੀ ਨੀਵੀਂ ਧਰਤੀ ਗੰਗਾ ਦਾ ਪੁਰਾਣਾ ਕਛਾਰ ਰਹੀ ਹੋਵੇਗੀ ਜਿਹੜੀ ਹੜ੍ਹ ਦੇ ਦਿਨਾਂ ਵਿਚ ਜ਼ਰੂਰ ਹੀ ਡੁੱਬ ਜਾਂਦੀ ਰਹੀ ਹੋਵੇਗੀ । ਸੰਗਮ ਤੇ ਬਣੇ ਕਿਲੇ ਦੇ ਬਚਾਉ ਲਈ ਬੇਨੀ ਤੇ ਬਕਸੀ ਨਾਮੀ ਬੰਨ੍ਹਾਂ ਨੂੰ ਬਣਾਉਣਾ ਵੀ ਅਕਬਰ ਨੇ ਜ਼ਰੂਰੀ ਸਮਝਿਆ ਹੋਵੇਗਾ । ਇਨ੍ਹਾਂ ਬੰਨ੍ਹਾਂ ਨਾਲ ਕਛਾਰ ਦਾ ਬਹੁਤ ਹਿੱਸਾ ਸੁਰੱਖਿਅਤ ਹੋ ਗਿਆ । ਮੌਜੂਦਾ ਖੁਸਰੋ ਬਾਗ਼ ਅਤੇ ਉਸ ਵਿਚਲੇ ਮਕਬਰੇ ਜਹਾਂਗੀਰ ਦੇ ਸਮੇਂ ਦੇ ਬਣੇ ਹੋਏ ਦੱਸੇ ਜਾਂਦੇ ਹਨ । ਮੁਸਲਮਾਨੀ ਰਾਜ ਦੇ ਅੰਤਿਮ ਸਮੇਂ ਵਿਚ ਸ਼ਹਿਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਅਤੇ ਇਹ ਗਰੈਂਡ ਟਰੰਕ ਰੋਡ ਦੇ ਦੋਹਾਂ ਪਾਸੇ ਵਲ ਹੜ੍ਹ ਤੋਂ ਬਚੀ ਹੋਈ ਧਰਤੀ ਤੱਕ ਹੀ ਫੈਲਿਆ ਹੋਇਆ ਸੀ ।

                  ਸੰਨ 1801 ਵਿਚ ਇਹ ਸ਼ਹਿਰ ਅੰਗਰੇਜ਼ਾਂ ਦੇ ਹੱਥ ਆਇਆ ਤਾਂ ਉਨ੍ਹਾਂ ਦੇ ਜਮਾਨਾ ਦੇ ਕੰਢੇ ਤੇ ਕਿਲੇ ਦੇ ਪੱਛਮ ਵੱਲ ਆਪਣੀਆਂ ਛਾਉਣੀਆਂ ਬਣਾਈਆਂ । ਬਾਅਦ ਵਿਚ ਅੱਜਕਲ੍ਹ ਦੇ ਟ੍ਰਿਨਿਟੀ ਚਰਚ ਦੇ ਆਲੇ-ਦੁਆਲੇ ਵੀ ਇਨ੍ਹਾਂ ਦੇ ਬੰਗਲੇ ਤੇ ਛਾਉਣੀਆਂ ਬਣ ਗਈਆਂ ।

                  ਸੰਨ 1875 ਦੇ ਗ਼ਦਰ ਵਿਚ ਇਹ ਛਾਉਣੀਆਂ ਨਸ਼ਟ ਕਰ ਦਿੱਤੀਆਂ ਗਈਆਂ ਅਤੇ ਸ਼ਹਿਰ ਨੂੰ ਬਹੁਤ ਨੁਕਸਾਨ ਪਹੁੰਚਿਆ । ਗ਼ਦਰ ਦੇ ਪਿੱਛੋਂ ਸੰਨ 1858 ਵਿਚ ਅਲਾਹਾਬਾਦ ਨੂੰ ਉੱਤਰ-ਪੱਛਮੀ ਪ੍ਰਾਂਤਾਂ ਦੀ ਰਾਜਧਾਨੀ ਬਣਾਇਆ ਗਿਆ । ਮੌਜੂਦਾ ਸਿਵਲ ਲਾਈਨਜ਼ ਦੀ ਯੋਜਨਾ ਸੰਨ 1860 ਵਿਚ ਬਣੀ ਅਤੇ ਸੰਨ 1875 ਤੱਕ ਉਹ ਕਾਫੀ ਵੱਸ ਗਈ । ਭਾਵੇਂ ਅਲਾਹਾਬਾਦ ਤੇ ਕਾਨਪੁਰ ਦੀ ਰੇਲਵੇ ਲਾਈਨ ਗ਼ਦਰ ਤੋਂ ਪਹਿਲਾਂ ਬਣ ਚੁੱਕੀ ਸੀ , ਤਾਂ ਵੀ ਸ਼ਹਿਰ ਦੀ ਵਪਾਰਕ ਮਹਤੱਤਾ ਸੰਨ 1865 ਵਿਚ ਜਮਨਾ ਉੱਤੇ ਪੁਲ ਬਣਨ ਪਿੱਛੋਂ ਵਧੀ । ਪਿਛਲੀ ਸਦੀ ਦੇ ਅੰਤ ਤੱਕ ਸ਼ਹਿਰ ਵਿਚ ਕਈ ਮਹੱਤਵਪੂਰਨ ਇਮਾਰਤਾਂ ਅਤੇ ਸੰਸਥਾਵਾਂ ਬਣੀਆਂ ਜਿਸ ਵਿਚ ਮੇਓ ਹਾਲਾਂ , ਆਨੰਦ ਭਵਨ ਮਿਓਰ ਕਾਲਜ , ਗਵਰਨਮੈਂਟ ਪ੍ਰੈਸ ਅਤੇ ਹਾਈਕੋਰਟ ਮੁੱਖ ਇਮਾਰਤਾਂ ਹਨ । ਚੌਂਕ ਦਾ ਚੁੰਗੀ ਘਰ ਅਤੇ ਨੇੜੇ ਦਾ ਬਜ਼ਾਰ ਵੀ ਇਸੇ ਸਮੇਂ ਬਣਿਆ ।

                  ਪਿਛਲੇ 50 ਵਰ੍ਹਿਆਂ ਵਿਚ ਸ਼ਹਿਰ ਬਹੁਤ ਵੱਸਿਆ ਹੈ । ਜਾਰਜ ਟਾਊਨ , ਲੂਕਰ ਗੰਜ ਅਤੇ ਹੋਰ ਨਵੇਂ ਮੁਹੱਲੇ ਵਸਾਏ ਗਏ ਹਨ । ਅਲਾਹਾਬਾਦ-ਫ਼ੈਜਾਬਾਦ ਰੇਲਵੇ ਲਾਈਨ ਸੰਨ 1905 ਵਿਚ ਅਤੇ ਝੂਸੀ ਤੋਂ ਸਿਟੀ ( ਰਾਮ ਬਾਗ਼ ) ਸਟੇਸ਼ਟ ਤੱਕ ਦੀ ਰੇਲਵੇ ਲਾਈਨ ਸੰਨ 1912 ਵਿਚ ਬਣੀ । ਅਲਾਹਾਬਾਦ ਇਮਪੂਰਵਮੈਂਟ ਟ੍ਰਸਟ ਦੁਆਰਾ ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਕਈ ਛੋਟੀਆਂ ਛੋਟੀਆਂ ਬਸਤੀਆਂ ਅਤੇ ਨਵੀਆਂ ਸੜਕਾਂ ਵੀ ਬਣਾਈਆਂ ਗਈਆਂ ਹਨ ਪਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਬਣ ਜਾਣ ਨਾਲ ਸ਼ਹਿਰ ਦੀ ਉੱਨਤੀ ਰੁਕ ਗਈ । ਹੁਣ ਇਥੇ ਯੂਨੀਵਰਸਿਟੀ ਤੇ ਹਾਈ-ਕੋਰਟ ਹੋਣ ਕਾਰਨ ਅਤੇ ਇਹ ਸ਼ਹਿਰ ਤੀਰਥ-ਸਥਾਨ ਹੋਣ ਕਾਰਨ ਮਹਤੱਤਾ ਭਰਿਆ ਹੈ । ਭਾਰਤ ਦੀ 82˚ 30' ਪੂ. ਲੰਬ. ਜਿਹੜੀ ਅਲਾਹਾਬਾਦ ਦੇ ਨੇੜਿਓ ਦੀ ਲੰਘਦੀ ਹੈ , ਉਸਦਾ ਸਥਾਨਕ ਸਮਾਂ ਸਾਰੇ ਦੇਸ਼ ਦਾ ਪ੍ਰਮਾਣਿਕ ਸਮਾਂ ਮੰਨਿਆ ਜਾਂਦਾ ਹੈ । ਸੰਨ 1887 ਵਿਚ ਅਲਾਹਾਬਾਦ ਯੂਨੀਵਰਸਿਟੀ ਦੀ ਸਥਾਪਨਾ ਹੋਈ ।

                  ਆਬਾਦੀ-ਸ਼ਹਿਰ – 8 , 06 , 486 ( 1991 ) ; ਮੈ. ਖੇ. 7 , 92 , 858 ( 1991 )

                  25˚ 26' ਉ. ਵਿਥ.; 81˚ 50' ਪੂ. ਲੰਬ.

                  ਹ. ਪੁ.– ਇੰਪ. ਗ. ਇੰਡ. 5 , 237; ਸਟੇ. ਯੀ. ਬੁੱਕ. -1973-74; ਐਨ. ਬ੍ਰਿ. ਮਾ. 1 : 276


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.