ਅਲੰਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲੰਕਾਰ [ਨਾਂਪੁ] ਸ਼ਿੰਗਾਰ , ਗਹਿਣਾ; ਕਾਵਿ ਜਾਂ ਸੰਗੀਤ ਦੀ ਰਚਨਾ ਦੀ ਸੁੰਦਰਤਾ ਵਿਚ ਵਾਧਾ ਕਰਨ ਵਾਲਾ ਤੱਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਲੰਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲੰਕਾਰ. ਸੰ. अलङ्कार. ਸੰਗ੍ਯਾ—ਗਹਿਣਾ. ਜ਼ੇਵਰ. ਭੂਖਣ (ਭੂ੄ਣ). “ਅਲੰਕਾਰ ਮਿਲਿ ਥੈਲੀ ਹੋਈ ਹੈ.” (ਧਨਾ ਮ: ੫) ੨ ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.1 ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:—       ‘ਸ਼ਬਦਾਲੰਕਾਰ.’ ਜੋ ਸ਼ਬਦਾਂ ਨੂੰ ਭੂ੡੄ਤ ਕਰਨ, ਜੈਸੇ—ਕਿ ਅਨੁਪ੍ਰਾਸ ਆਦਿ, ਅਤੇ ‘ਅਰਥਾਲੰਕਾਰ,’ ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏ ਗਏ ਹਨ. ਇੱਕ ਥਾਂ ਵੇਖਣ ਲਈ ਦੇਖੋ, “ਗੁਰੁਸ਼ਬਦਲੰਕਾਰ.”


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਲੰਕਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਲੰਕਾਰ (ਸੰ.। ਸੰਸਕ੍ਰਿਤ ਅਲਙੑਕਾਰ) ਗਹਣੇ। ਯਥਾ-‘ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ’, ਜਦ ਗਹਣੇ ਢਾਲ ਕੇ ਰੈਣੀ ਹੁੰਦੀ ਹੈ ਤਦੋਂ ਸੋਨਾ ਹੀ ਕਹੀਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਲੰਕਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਲੰਕਾਰ : ਇਹ ਰੂਪ ਜਾਂ ਭਾਵ ਦੀ ਸੁਹਜ, ਫ਼ਬਨ ਜਾਂ ਦੱਖ ਨੂੰ ਉਭਾਰਨ, ਉਜਾਗਰ ਕਰਨ ਜਾਂ ਉਜਲਾ ਰੂਪ ਦੇਣ ਦੇ ਸਾਧਨ ਹਨ ਜੋ ਪ੍ਰਸਿੱਧ ਲਲਿਤ ਕਲਾਵਾਂ ਵਿਚ ਵਰਤੇ ਜਾਂਦੇ ਹਨ। ਰੂਪ-ਵਿਗਾਸੀ ਅਲੰਕਾਰਾਂ ਦਾ ਖੇਤਰ ਵਧੇਰੇ ਕਰਕੇ ਚਿੱਤਰਕਾਰੀ, ਬੁੱਤਸਾਜ਼ੀ ਤੇ ਉਸਾਰੀ-ਕਲਾ ਹੈ ਤੇ ਭਾਵ ਪਰਗਟ ਕਰਨ ਵਾਲੇ ਅਲੰਕਾਰਾਂ ਦਾ ਖੇਤਰ ਸਾਹਿਤ ਤੇ ਸੰਗੀਤ ਹੈ। ਸਾਹਿਤ ਕਿਉਂਕਿ ਮਨੁੱਖੀ ਵਿਚਾਰ ਦੇ ਬਹੁ-ਰੂਪੀ ਵਿਕਾਸ ਨੂੰ ਚਿਤਰਦਾ ਹੈ, ਇਸ ਲਈ ਸ਼ਬਦਾਵਲੀ ਦੇ ਫ਼ਰਕ ਹੁੰਦਿਆਂ ਹੋਇਆ ਵੀ ਸਾਰੀਆਂ ਕਿਸਮਾਂ ਦੇ ਅਲੰਕਾਰਾਂ ਦਾ ਝਾਉਲਾ ਉਸ ਵਿੱਚੋਂ ਲੱਭ ਜਾਂਦਾ ਹੈ। ਭਾਰਤੀ ਕਲਾਕਾਰ ਕਲਾ ਦੇ ਖੇਤਰ ਵਿਚ ਅਲੰਕਾਰਾਂ ਦੀ ਮਹੱਤਤਾ ਤੇ ਸਥਾਨ ਬਾਰੇ ਸਹਿਮਤ ਨਹੀਂ ਰਹੇ। ਇਕ ਧੜਾ ਅਲੰਕਾਰਾਂ ਦੀ ਬਹੁਤੀ ਵਰਤੋਂ ਨੂੰ ਕਲਾ-ਚੇਤਨਾ ਦੀ ਅਮੀਰੀ ਤੇ ਦੂਜਾ ਧੜਾ ਗ਼ਰੀਬੀ ਮੰਨਦਾ ਆਇਆ ਹੈ।

          ਭਾਰਤੀ ਕਲਾ-ਚੇਤਨਾ ਵਿਚ ‘ਅਲੰਕਾਰ’ ਦੀ ਮੁਢਲੀ ਸੁਚੇਤ ਵਿਆਖਿਆ ਭਰਤ ਮੁਨੀ ਦੇ ‘ਨਾਟਯ ਸ਼ਾਸਤਰ’ ਵਿਚ ਮਿਲਦੀ ਹੈ। ਇਕ ਥਾਂ ਸੁੰਦਰਤਾ ਦਾ ਪ੍ਰਤੀਕ ‘ਨਾਇਕਾ’ ਨੂੰ ਥਾਪਿਆ ਗਿਆ ਹੈ ਤੇ ਉਸ ਦੇ 16 ਨਿੱਖੜਵੇਂ ਗੁਣਾਂ ਨੂੰ ‘ਅਲੰਕਾਰ’ ਦੀ ਪਦਵੀ ਦਿੱਤੀ ਹੈ। ਇਹ 16 ਗੁਣ ਅੱਗੇ ਦੋ ਭਾਂਤ ਦੇ ਮੰਨੇ ਜਾਂਦੇ ਹਨ-ਇਕ ਸੁਭਾਵਕ ਤੇ ਦੂਜੇ ਨਿਰਯਤਨ। ਸੁਭਾਵਕ ਅਲੰਕਾਰਾਂ ਨੂੰ ‘ਹਾਵ’ ਜਾਂ ‘ਹੇਲਾ’ ਵੀ ਕਹਿੰਦੇ ਹਨ। ਇਨ੍ਹਾਂ ਦੀ ਗਿਣਤੀ ਦਸ ਹੈ। ਨਿਰਯਤਨ ਅਲੰਕਾਰ ਨੂੰ ‘ਭਾਵ’ ਵੀ ਕਿਹਾ ਜਾਂਦਾ ਹੈ। ਇਹ ਛੇ ਮੰਨੇ ਗਏ ਹਨ। ਦਸ ‘ਹਾਵ’ ਜਾਂ ਸੁਭਾਵਕ-ਅਲੰਕਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ :-

          ਲੀਲਾ – ਨਾਇਕ-ਨਾਇਕਾ ਦਾ ਇਕ ਦੂਜੇ ਦੇ ਗਹਿਣੇ-ਕੱਪੜੇ ਪਹਿਨ ਕੇ ਜਾਂ ਇਕ ਦੂਜੇ ਦੀ ਚਾਲ-ਢਾਲ ਜਾਂ ਬੋਲ-ਵਰਤਾਰੇ ਆਦਿ ਦੀ ਚੁਹਲ ਵਜੋਂ ਸਾਂਗ ਲਾਉਣਾ।

          ਵਿਲਾਸ – ਨਾਇਕ-ਨਾਇਕਾ ਦਾ ਇਕ ਦੂਜੇ ਦੀ ਮੌਜੂਦਗੀ ਵਿਚ ਅਜਿਹੀ ਚਾਲ-ਢਾਲ ਜਾਂ ਗੱਲ ਬਾਤ ਅਪਣਾਉਣਾ ਜੋ ਮੋਹ ਲੈਣ ਲਈ ਜਾਂ ਪਿਆਰ ਜਤਾਉਣ ਲਈ ਹੋਵੇ।

          ਵਿਛਿਤ – ਨਾਇਕਾ ਦਾ ਕਿਸੇ ਸਾਧਾਰਨ ਸ਼ਿੰਗਾਰ ਨਾਲ, ਜੋ ਉਸ ਨੂੰ ਬਹੁਤ ਢੁਕਦਾ ਫ਼ਬਦਾ ਹੋਵੇ, ਨਾਇਕ ਨੂੰ ਮੋਹ ਲੈਣਾ।

          ਵਿੱਭਰਮ – ਨਾਇਕ ਦੇ ਆਉਣ ਦੀ ਖ਼ਬਰ ਸੁਣਕੇ ਜਾਂ ਉਸਨੂੰ ਸਾਹਮਣੇ ਆਇਆ ਵੇਖਕੇ, ਚਾਉ-ਮੱਤੀ ਨਾਇਕਾ ਦਾ ਗਹਿਣੇ ਤੇ ਲੀੜਿਆਂ ਲੱਤਿਆਂ ਦਾ ਉਲਟ-ਪੁਲਟ ਪਹਿਨ ਬੈਠਣਾ।

          ਕਿਲ ਕਿੰਚਤ – ਨਾਇਕ ਦੇ ਸਾਹਮਣੇ ਨਾਇਕਾ ਦਾ ਹੜਬੜਾ ਕੇ ਇਕੋ ਸਮੇਂ ਕਈ ਪ੍ਰਕਾਰ ਦੇ ਭਾਵ ਦਰਸਾਉਣਾ।

          ਮੋਟਾਇਤ – ਪਿਆਰੇ ਦੇ ਰੂਪ ਗੁਣ ਆਦਿਕ ਨਾਇਕਾ ਦੀ ਸ਼ੋਭਾ ਸੁਣਕੇ ਮੋਹਿਤ ਹੋਣਾ ਤੇ ਉਸ ਵੱਲ ਝੁਕਾਉ ਜ਼ਾਹਿਰ ਕਰਨਾ।

          ਕੁੱਦਮਿੱਤ – ਸੰਜੋਗ ਸਮੇਂ ਝੂਠ-ਮੂਠ ਦੁੱਖ ਦਾ ਪ੍ਰਗਟਾਵਾ ਕਰਨਾ।

          ਵਿੱਵੋਕ – ਮਾਣ, ਰੋਸੇ ਜਾਂ ਹੰਕਾਰ ਨਾਲ ਪਿਆਰੇ ਦੀ ਲਿਆਂਦੀ ਜਾਂ ਭੇਜੀ ਚੀਜ਼ ਤੋਂ ਅਣਗਹਿਲੀ ਕਾਰਨ ਜਾਂ ਜਾਣ-ਬੁੱਝ ਕੇ ਕੇਵਲ ਦਿਖਾਵੇ ਲਈ ਉਸਦਾ ਅਨਾਦਰ ਕਰਨਾ।

          ਲਲਿਤਿ – ਪਿਆਰੇ ਦੇ ਸਾਹਮਣੇ ਹੁੰਦਿਆਂ ਅੰਗਾਂ ਦਾ ਅਲ੍ਹੜ ਤੌਰ ਤੇ ਪਰ ਜਾਣ ਬੁੱਝਕੇ ਮਨਮੋਹਕ ਢੰਗ ਨਾਲ ਹਿਲਾਉਣਾ-ਜਲਾਉਣਾ।

          ਵਿਹਰਿਤ – ਸੰਗਾਊ ਸੁਭਾਅ ਕਾਰਨ ਪਿਆਰੇ ਦੇ ਮੇਲ ਸਮੇਂ ਆਪਣੇ ਮੰਨ ਦੀ ਗੱਲ ਜ਼ਾਹਿਰ ਨਾ ਕਰ ਸਕਣਾ।

          ਨਿਰਯਤਨ ਅਲੰਕਾਰਾਂ ਵਿਚ ਨਾਇਕਾ ਦੀ ਰੁਚੀ ਜਾਂ ਅਰੁਚੀ ਦਾ ਦਖ਼ਲ ਨਹੀਂ ਹੁੰਦਾ, ਉਹ ਤਾਂ ਸੁਤੇ ਸਿੱਧ ਕੁਦਰਤ ਵੱਲੋਂ ਪ੍ਰਾਪਤ ਹੁੰਦੇ ਹਨ।

          ਬਿਨਾਂ ਯਤਨ ਕੀਤਿਆਂ ਕੁਦਰਤ ਤੋਂ ਮਿਲੇ ਦੁੱਖ-ਉਲਾਸ ਦੇ ਛੇ ਅੰਗ ਮੰਨੇ ਗਏ ਹਨ : (1) ਸ਼ੋਭਾ, (2) ਕਾਂਤੀ ਜਾਂ ਸਿਹਤਮੰਦ ਸਰੀਰ ਦੀ ਲਿਸ਼ਕ, (3) ਮਧੁਰਤਾ, ਸੁਹੱਪਣ ਦੀ ਮਿੱਠਤ, (4) ਧੀਰਜ (5) ਪਰਗਲਭਤਾ, ਚਤੁਰਾਈ, ਭਾਰੀ, ਨਿਧੜਕਤਾ, (6) ਉਦਾਰਤਾ, ਖੁਲ੍ਹਦਿਲੀ ਆਦਿ। ਸਾਹਿਤ ਦਰਪਣ ਦੇ ਸਮੇਂ ਤਕ ਇਨ੍ਹਾਂ ਸਰੀਰ ਤੇ ਸੁਭਾਵੀ ਅਲੰਕਾਰਾਂ ਦੀ ਗਿਣਤੀ 16 ਤੋਂ 28 ਤੱਕ ਅੱਪੜ ਗਈ ਸੀ। ਇਨ੍ਹਾਂ ਅਲੰਕਾਰਾਂ ਦੀ ਗਿਣਤੀ 16 ਤੋਂ 28 ਤੱਕ ਅੱਪੜ ਗਈ ਸੀ। ਇਨ੍ਹਾਂ ਅਲੰਕਾਰਾਂ ਦਾ ਖੇਤਰ ਵਧੇਰੇ ਚਿਤਰਕਾਰੀ ਤੇ ਬੁਤਸਾਜ਼ੀ ਹੈ। ਨਿਰਤ ਵਿਚ ਵੀ ਇਨ੍ਹਾਂ ਦਾ ਵਿਖਾਵਾ ਹੁੰਦਾ ਹੈ। ਗੀਤਕਾਰ ਵੀ ਆਪਣੀ ਲੈਅ ਵੰਡ ਤੇ ਪਦ-ਵੰਡ ਵਿਚ ਇਨ੍ਹਾਂ ਹਾਵਾਂ-ਭਾਵਾਂ ਦੀ ਵਰਤੋਂ ਕਰਦਾ ਹੈ। ਉਸਾਰੀ ਕਲਾ ਵਿਚ ‘ਹਾਵਾਂ’ ਦਾ ਵਿਖਾਵਾ ਤਾਂ ਕਠਿਨ ਹੈ ਪਰ ਭਾਵਾਂ ਦੀ ਝਲਕ ਜ਼ਰੂਰ ਮਿਲ ਜਾਂਦੀ ਹੈ। ਸਾਹਿਤ ਦੇ ਸ਼ਿੰਗਾਰ ਵਰਣਨ ਵਿਚ ਵੀ ਇਨ੍ਹਾਂ ‘ਭਾਵਾਂ’ ਤੇ ‘ਹਾਵਾਂ’ ਨੂੰ ਹੀ ਉਲੀਕਿਆ ਜਾਂਦਾ ਹੈ। ਉਸਾਰੀ ਕਲਾ ਦੇ ਕੁਝ ਆਪਣੇ ਖ਼ਸ ਅਲੰਕਾਰ ਹੁੰਦੇ ਹਨ, ਜਿਹਾ ਕਿ ਕਲਸ, ਛਤਰੀ, ਗੁੰਬਦ, ਗੁੰਮਟੀ, ਮੰਮਟੀ, ਕਿੰਗਰਾ, ਕੋਲਾ ਡੋਰੀ, ਵੇਲਕਾਰੀ, ਪੱਚੀਕਾਰੀ, ਮੁਹਰਾਕਸ਼ੀ, ਨੱਕਾਸ਼ੀ, ਜਾਲੀ, ਝਰੋਖਾ ਆਦਿ। ਇਹ ਅਲੰਕਾਰ ਸਭ ਦੇ ਸਭ ਸਥੂਲ ਹੁੰਦੇ ਹਨ। ਸੰਗੀਤ-ਸ਼ਾਸਤਰ ਵਿਚ ਵੀ ਕੁਝ ਖ਼ਾਸ ਅਲੰਕਾਰਾਂ ਦੀ ਗਿਣਤੀ ਕੀਤੀ ਗਈ ਹੈ। ਗਾਇਕੀ ਵਿਚ ਤਾਨ ਵਿਸਤਾਰ ਨੂੰ ਅਲੰਕਾਰ ਮੰਨਿਆ ਗਿਆ ਹੈ।

          ਭਰਤਮੁਨੀ ਦਾ ਕਥਨ ਹੈ ਕਿ ਅਲੰਕਾਰ ਤੋਂ ਸੱਖਣਾ ਗੀਤ, ਚੰਨ ਤੋਂ ਸੱਖਣੀ ਰਾਤ, ਵੇਗ ਤੋਂ ਖ਼ਾਲੀ ਨਦੀ, ਫੁੱਲਾਂ ਤੋਂ ਸੁੰਨੀ ਵੇਲ ਵਾਂਗ ਹੈ। ਸੰਗੀਤ ਵਿਚ ਅਲੰਕਾਰਾਂ ਦੀਆਂ ਚਾਰ ਸ਼੍ਰੇਣੀਆਂ ਹਨ, ਜਿਨ੍ਹਾਂ ਨੂੰ ਵਰਣ ਨਾਉਂ ਦਿੱਤਾ ਜਾਂਦਾ ਹੈ ਜਿਵੇਂ ਕਿ ਆਰੋਹੀ-ਵਰਣ, ਅਵਰੋਹੀ-ਵਰਣ, ਸੰਚਾਰੀ-ਵਰਣ ਤੇ ਸਥਾਈ-ਵਰਣ। ਇਨ੍ਹਾ ਅਲੰਕਾਰਾਂ ਦਾ ਵਿਕਾਸ ਸਫ਼ੁਰਣ, ਤਰਿਪੁ, ਕੰਪਨ, ਅੰਦੋਲਨ, ਆਹਤੀ ਤੇ ਪਰਤੀ-ਆਹਤੀ ਆਦਿ ਕ੍ਰਿਆਵਾਂ ਰਾਹੀਂ ਹੁੰਦਾ ਹੈ। ਅਜੋਕੇ ਸੰਗੀਤਕਾਰ ਤਾਨ, ਤੋੜਾ, ਪਲਟਾ, ਸਰਗਮ ਤੇ ਅਲਾਪ ਆਦਿ ਨੂੰ ਅਲੰਕਾਰ ਮੰਨਦੇ ਹਨ। ਸ਼ਾਸਤਰੀ ਸੰਗੀਤ ਦੇ ਕੁਝ ਪ੍ਰਸਿੱਧ ਅਲੰਕਾਰਾਂ ਦੇ ਨਾਂ ਇਸ ਪ੍ਰਕਾਰ ਹਨ : ਭੱਦਰ ਨੰਦ, ਜਿਤ, ਭਾਲ, ਬਿੰਦੂ, ਤਿਰੀਵਰਣ, ਆਕਸ਼ੇਪ, ਕਰਮ, ਕੋਕਿਲ, ਮਹਾਂਵੱਜਰ ਤੇ ਮੰਦਰਾਇ। ਨਾਚ ਵਿਚ ‘ਹਾਵਾਂ’ ਜਾਂ ਨਾਇਕ-ਨਾਇਕਾ ਦੇ ਸੁਭਾਵਕ ਅਲੰਕਾਰਾਂ ਦੀ ਵਿਸ਼ੇਸ ਥਾਂ ਹੈ। ਨਾਚ ਦੇ ਪ੍ਰਮੁੱਖ ਅੰਗ ਉਰਮਈ, ਸੁਲਪ ਜਾਂ ਸੁਲੂਪ, ਉਰਪ, ਤਿਰਿਪ, ਮੁੱਦਰਾਂ, ਲਾਗ, ਡਾਟੂ, ਪਰਿਮਲ ਅਥਵਾ ਪਿੱਲਮ ਆਦਿ ਵੀ ਇਕ ਪ੍ਰਕਾਰ ਦੇ ਅਲੰਕਾਰ ਹਨ। ਸਾਜ਼ਾਂ ਦੇ ਬਾਜ ਵਿਚ ਕਈ ਪ੍ਰਕਾਰ ਦੇ ਗਰਕ, ਜਿਹਾ ਕਿ ਕੰਪਤ, ਪਲਾਵਤ, ਆਂਸ, ਗਿਟਕਰੀ, ਮੁਰਕੀ, ਝਾਲਾਂ ਤੇ ਤੇ ਬੋਲਝਾਰਾ ਆਦਿ ਅਲੰਕਾਰ ਮੁੱਖ ਹਨ।

          ਅਲੰਕਾਰਾਂ ਦੀ ਗੁਲਕਾਰੀ ਦਾ ਪ੍ਰਮੁੱਖ ਖੇਤਰ ਸਾਹਿਤ ਤੇ ਵਿਸ਼ੇਸ਼ ਕਰਕੇ ਕਵਿਤਾ ਹੈ। ਜਦੋਂ ਕਵੀ ਆਪਣੇ ਭਾਵਾਂ ਨੂੰ ਪਰਗਟ ਕਰਨ ਵਿਚ ਔਖ ਪ੍ਰਤੀਤ ਕਰਦਾ ਹੈ ਤਾਂ ਉਹ ਚਮਤਕਾਰ ਭਰੀ ਵਰਣਨ-ਸ਼ੈਲੀ ਦਾ ਸਹਾਰਾ ਲੈਂਦਾ ਹੈ। ਇਹ ਚਮਤਕਾਰ ਉਪਜਾਊ ਢੰਗ ਹੀ ‘ਅਲੰਕਾਰ’ ਦੇ ਨਾਉਂ ਨਾਲ ਦਰਸਾਇਆ ਜਾਂਦਾ ਹੈ। ਸ਼ਾਸਤਰ ਵਿਚ ਅਲੰਕਾਰਵਾਦੀਆਂ ਦੀ ਇਕ ਪਰੰਪਰਾ ਚਲੀ ਆਈ ਹੈ, ਜੋ ਅਲੰਕਾਰ ਨੂੰ ਹੀ ਕਵਿਤਾ ਦੇ ਪ੍ਰਾਣ ਮੰਨਦੇ ਸਨ ਤੇ ਕੁਝ ਅਲੰਕਾਰ ਦਾ ਪ੍ਰਾਣ ਉਪਮਾ ਨੂੰ ਮਿਥਦੇ ਸਨ ਪਰ ਇਹ ਧਾਰਨਾ ਬਹੁਤੀ ਦੇਰ ਟਿਕ ਨਹੀਂ ਸਕੀ। ਅਲੰਕਾਰ ਕਵਿਤਾ ਦੀ ਸ਼ੋਭਾ ਵਧਾਉਣ ਦਾ ਸਾਧਨ ਹੀ ਮੰਨਿਆ ਜਾਣ ਲਗ ਪਿਆ ਹੈ। ਅਲੰਕਾਰਾਂ ਦੀ ਵਰਤੋਂ, ਕਵਿਤਾ ਵਿਚ ਤਿੰਨਾਂ ਗੁਣਾਂ ਦਾ ਵਿਕਾਸ ਕਰਦੀ ਹੈ, ਜਿਹਾ ਕਿ (1) ਸੁੰਦਰਤਾ, (2) ਸਪਸ਼ਟਤਾ (3) ਤੇ ਪ੍ਰਭਾਵਸ਼ੀਲਤਾ। ਤਾਂ ਵੀ ਇਹ ਵਰਤੋਂ ਸੁਭਾਵਕ ਜਾਂ ਜਚਦੀ ਹੋਣੀ ਚਾਹੀਦੀ ਹੈ, ਨਹੀਂ ਤਾਂ ਕਵਿਤਾ ਦੇ ਭਾਵ ਨਿਖਰਣ ਦੀ ਥਾਂ ਭਾਰੂ ਬਣ ਜਾਂਦੇ ਹਨ। ਅਲੰਕਾਰਾਂ ਦੀਆਂ ਤਿੰਨ ਕਿਸਮਾਂ ਹਨ : ਸ਼ਬਦ ਅਲੰਕਾਰ, ਅਰਥ ਅਲੰਕਾਰ, ਤੇ ਮਿਸ਼ਰਤ ਅਲੰਕਾਰ। ਜਿੱਥੇ ਕਵਿਤਾ ਵਿਚ ਸ਼ਬਦ ਅਲੰਕਾਰ ਅਤੇ ਅਰਥ ਅਲੰਕਾਰ ਇਕੱਠੇ ਆ ਜਾਣ, ਉਨ੍ਹਾਂ ਨੂੰ ਉਭੈ ਅਲੰਕਾਰ ਵੀ ਕਹਿ ਦਿੱਤਾ ਜਾਂਦਾ ਹੈ। ਇਕ ਚੌਥੀ ਕਿਸਮ ਚਿਤਰ-ਅਲੰਕਾਰਾਂ ਦੀ ਵੀ ਹੈ ਜੋ ਬਹੁਤ ਹੱਦ ਤੱਕ ਸਾਹਿਤ ਦੇ ਖੇਤਰ ਵਿਚ ਨਹੀਂ। ਇੱਥੇ ਵੱਖ ਵੱਖ ਅਲੰਕਾਰਾਂ ਦੀਆਂ ਕੁਝ ਉਦਾਹਰਣਾਂ ਦੇਣੀਆਂ ਉਚਿੱਤ ਹੋਣਗੀਆਂ।

          ਸ਼ਬਦ ਅਲੰਕਾਰ

          ਉਪਮਾ ਅਲੰਕਾਰ – ਮਹਾਨ ਕੋਸ਼ ਅਨੁਸਾਰ ਜਿਸ ਉਕਤੀ ਵਿਚ ਉਪਮਾਨ ਉਪਮੇਯ ਦੇ ਭਿੰਨ ਹੋਣ ਤੇ ਵੀ ਉਨ੍ਹਾਂ ਦੇ ਸਾਧਾਰਨ ਧਰਮ ਦੀ ਸਮਤਾ ਕੀਤੀ ਜਾਵੇ, ਉਹ ਉਪਮਾ ਅਲੰਕਾਰ ਹੁੰਦਾ ਹੈ, ਜਿਵੇਂ ‘ਲੋਚਨ ਅਮਲ ਕਮਲਦਲ ਜੈਸੇ’।

          ਅਨੁਪ੍ਰਾਸ ਅਲੰਕਾਰ – ਇਸਦਾ ਲੱਛਣ ਇਹ ਹੈ ਕਿ ਅੱਖਰਾਂ ਦੀ ਸਮਾਨਤਾ ਅਤੇ ਪਦਾਂ ਦਾ ਵਜ਼ਨ ਅਨੇਕ ਵਾਰ ਵਾਕ ਵਿਚ ਤੁੱਲ ਹੋਵੇ। ਇਸ ਅਲੰਕਾਰ ਦੇ ਅੱਗੇ ਪੰਜ ਭੇਦ ਹਨ – ਛੇਕ, ਵ੍ਰਿੱਤੀ, ਸ਼੍ਰਤਿ, ਕਾਟ ਅਤੇ ਅੰਤਯ।

          ਸੂਭਾਵੋਕਤੀ ਅਲੰਕਾਰ – ਕਿਸੇ ਵਸਤੂ ਦਾ ਜਾਤੀ ਸੁਭਾਅ ਦਾ ਵਰਣਨ ਸੂਭਾਵੋਕਤੀ ਅਲੰਕਾਰ ਦਾ ਲੱਛਣ ਹੁੰਦਾ ਹੈ, ਜਿਵੇਂ:- ਮਨਮੁਖ ਮਨ ਨ ਭਿਜਈ ਅਤਿ ਮੈਲੇ ਚਿਤ ਕਠੋਰ ।। ਸਪੈ ਦੁਧ ਪੀਆਈਐ ਅੰਦਰਿ ਵਿਸੁ ਨਿਕੋਰ ।।

          ਹੇਤੁ ਅਲੰਕਾਰ – ਕਾਰਜ ਅਤੇ ਕਾਰਨ ਦਾ ਨਾਲੋ ਨਾਲ ਵਰਣਨ ਹੇਤੁ ਅਲੰਕਾਰ ਦਾ ਲੱਛਣ ਹੁੰਦਾ ਹੈ, ਜਿਵੇਂ ‘ਜਿਨ ਸੇਵਿਆ ਤਿਨਿ ਪਾਇਆ ਮਾਨੁ’।

          ਦੀਪਕ ਅਲੰਕਾਰ – ਉਪਮੇਯ ਅਤੇ ਉਪਮਾਨਾਂ ਨੂੰ ਇਕੱਤੀ ਪਦ ਪ੍ਰਕਾਸ਼ੇ ਅਰਥਾਤ ਅਨੇਕ ਕ੍ਰਿਆਵਾਂ ਦਾ ਇਕੋ ਹੀ ਕਾਰਨ ਵਰਣਨ ਕਰੀਏ, ਤਾਂ ਦੀਪਕ ਅਲੰਕਾਰ ਹੋਂਦ ਵਿਚ ਆਉਂਦਾ ਹੈ।

          ਸਮਾਧਿ ਅਲੰਕਾਰ – ਹੋਰ ਕਾਰਨਾ ਦੇ ਸਬੰਧ ਨਾਲ ਕਿਸੇ ਕਾਰਜ ਦਾ ਅਚਾਨਕ ਸੁਖਾਲਾ ਹੋ ਜਾਣਾ ਸਮਾਧਿ ਅਲੰਕਾਰ ਦਾ ਲੱਛਣ ਹੁੰਦਾ ਹੈ।

          ਸਮਾਸੋਕਤੀ ਅਲੰਕਾਰ – ਜੇ ਕਿਸੇ ਮੁਖ ਵਸਤ ਦੇ ਪ੍ਰਸੰਗ ਵਿਚ ਗੌਣ ਵਸਤ ਦਾ ਇਸ਼ਾਰੇ ਨਾਲ ਗਿਆਨ ਕਰਾਇਆ ਜਾਵੇ ਪਰ ਸਪਸ਼ਟ ਕਥਨ ਨਾ ਹੋਵੇ ਤਾਂ ਉਸ ਥਾਂ ਸਮਾਸੋਕਤੀ ਅਲੰਕਾਰ ਹੋਂਦ ਵਿਚ ਆਉਂਦਾ ਹੈ।

          ਸਮ ਅਲੰਕਾਰ – ਸਬੰਧਤ ਵਸਤਾਂ ਦਾ ਯੋਗ ਸਬੰਧ ਵਰਣਨ ਕਰਨਾ ਸਮਾਸੋਕਤੀ ਅਲੰਕਾਰ ਨੂੰ ਜਨਮ ਦਿੰਦਾ ਹੈ।

          ਯਮਕ ਅਲੰਕਾਰ – ਕਵਿਤਾ ਦੀ ਕਿਸੇ ਲਾਈਨ ਵਿਚ ਕਿਸੇ ਸ਼ਬਦ ਦਾ ਵਾਰ ਵਾਰ ਆਉਣਾ ਯਮਕ ਅਲੰਕਾਰ ਨੂੰ ਹੋਂਦ ਵਿਚ ਲਿਆਉਂਦਾ ਹੈ ਪਰ ਨਾਲ ਹੀ ਸ਼ਰਤ ਇਹ ਹੈ ਕਿ ਉਨ੍ਹਾਂ ਸ਼ਬਦਾਂ ਦੇ ਅਰਥ ਜੁਦਾ ਜੁਦਾ ਹੋਣ, ਜਿਵੇਂ ‘ਭਾਂਤਿ ਭਾਂਤਿ ਬਨ ਬਨ ਅਵਗਾਹੇ ।।’

      ਇਥੇ ਇਕ ਸ਼ਬਦ ਜੰਗਲ ਦਾ ਬੌਧਕ ਹੈ, ਦੂਜੇ ਦਾ ਅਰਥ ਜਲ (ਤੀਰਥ) ਹੈ।

          ਸ਼ਲੇਸ਼ ਅਲੰਕਾਰ – ਜਿਸ ਸੂਰਤ ਵਿਚ ਇਕੋ ਸ਼ਬਦ ਦੇ ਅਨੇਕ ਅਰਥ ਹੋਣ, ਉਥੇ ਸ਼ਲੇਸ਼ ਅਲੰਕਾਰ ਹੋਂਦ ਵਿਚ ਆਉਂਦਾ ਹੈ, ਜਿਵੇਂ ‘ਮੋਹਨ ਤੇਰੇ ਊਚੇ ਮੰਦਰਿ ਮਹਿਲ ਅਪਾਰਾ ।।’

      ਅਰਥ ਅਲੰਕਾਰ – ਵਿਭਾਵਨਾ ਅਲੰਕਾਰ ਕਾਰਨ ਦੇ ਨਾ ਹੋਣ ਤੇ ਵੀ ਕਾਰਜ ਦੀ ਉਤਪਤੀ ਕਹਿਣਾ ਵਿਭਾਵਨਾ ਅਲੰਕਾਰ ਨੂੰ ਜਨਮ ਦਿੰਦਾ ਹੈ।

          ਵਿਰੋਧਭਾਸ ਅਲੰਕਾਰ – ਜਿਸ ਸੂਰਤ ਵਿਚ ਕਾਵਿ-ਰਚਨਾ ਵਿਰੋਧ ਨਾ ਹੋਵੇ, ਪਰ ਵਿਰੋਧ ਲੱਗੇ, ਉਸ ਸੂਰਤ ਵਿਚ ਵਿਰੋਧਭਾਸ ਅਲੰਕਾਰ ਹੋਂਦ ਵਿਚ ਆਉਂਦਾ ਹੈ, ਜਿਵੇਂ ‘ਮੂਰਖ ਡੂਬ ਗਯੋ ਬਿਨ ਪਾਨੀ’।

      ਯੁਕਤੀ ਅਲੰਕਾਰ – ਚਤੁਰਾਈ ਕੀ ਕ੍ਰਿਆ ਨਾਲ ਮਨ ਦਾ ਭਾਵ ਪ੍ਰਗਟਾਉਣਾ ਯੁਕਤੀ ਅਲੰਕਾਰ ਨੂੰ ਪੈਦਾ ਕਰਦਾ ਹੈ।

          ਅਤਿਅੰਤ ਅਤਿਸ਼ਯੋਕਤੀ ਅਲੰਕਾਰ – ਇਸ ਵਿਚ ਬਹੁਤ ਵੱਧ ਕੇ ਕਲਪਨਾ ਕੀਤੀ ਜਾਂਦੀ ਹੈ। ਇਸ ਦਾ ਲੱਛਣ ਕਾਰਨ ਤੋਂ ਪਹਿਲਾਂ ਹੀ ਕਾਰਜ ਦਾ ਹੋਣਾ ਵਰਣਨ ਕਰਨਾ ਹੈ।

          ਉਲੇਖ ਅਲੰਕਾਰ – ਇਕ ਹੀ ਵਸਤ ਨੂੰ ਜੇਕਰ ਵੱਖ ਵੱਖ ਵਿਅਕਤੀ ਆਪਣੀ ਆਪਣੀ ਭਾਵਨਾ ਅਨੁਸਾਰ ਵੱਖਰੇ ਵੱਖਰੇ ਰੂਪ ਵਿਚ ਕਲਪਣ, ਤਾਂ ਉਸ ਸਮੇਂ ਉਲੇਖ ਅਲੰਕਾਰ ਦਾ ਨਿਰਮਾਣ ਹੁੰਦਾ ਹੈ।

          ਉਲਾਸ ਅਲੰਕਾਰ – ਜੇਕਰ ਇਕ ਦੇ ਗੁਣ ਜਾਂ ਦੋਸ਼ ਤੋਂ ਦੂਜੇ ਵਿਚ ਗੁਣ ਜਾਂ ਦੋਸ਼ ਦਾ ਹੋਣਾ ਦਰਸਾਇਆ ਜਾਵੇ, ਤਾਂ ਉਲਾਸ ਅਲੰਕਾਰ ਦਾ ਨਿਰਮਾਣ ਹੁੰਦਾ ਹੈ, ਜਿਵੇਂ :-

          ਗੰਗਾ ਜਮੁਨਾ ਗੋਦਾਵਰੀ ਸਰਸੁਤੀ

          ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ।।

          ਕਿਲਵਿਖ ਮੈਲ ਭਰੇ ਪਰੇ ਹਮਰੈ ਵਿਚਿ

          ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ।।

          ਆਖੇਪ ਅਲੰਕਾਰ – ਇਸਦਾ ਲੱਛਣ ਆਪਣੇ ਕਹੇ ਹੋਏ ਵਾਕ ਵਿਚ ਆਪ ਹੀ ਦੋਸ਼ ਆਰੌਪਣਾ ਹੈ।

          ਦ੍ਰਿਸ਼ਟਾਂਤ ਅਲੰਕਾਰ – ਕਿਸੇ ਪ੍ਰਸੰਗ ਜਾਂ ਵਸਤ ਦਾ ਪੂਰਾ ਗਿਆਨ ਕਰਾਉਣ ਲਈ ਕਿਸੇ ਸਮਾਨ ਧਰਮ ਵਾਲੀ ਵਸਤ ਦਾ ਜ਼ਿਕਰ ਕਰਨਾ, ਅਰਥਾਤ ਉਪਮੇਯ ਦੀ ਪ੍ਰਤਿ ਬਿੰਬ ਮਿਸਾਲ ਦਾ ਵਰਣਨ ‘ਦ੍ਰਿਸ਼ਟਾਂਤ ਅਲੰਕਾਰ’ ਅਧੀਨ ਆਉਂਦਾ ਹੈ, ਜਿਵੇਂ:-

          ਭਰੀਐ ਹਥੁ ਪੈਰੁ ਤਨੁ ਦੇਹ ।।

          ਪਾਣੀ ਧੋਤੈ ਉਤਰਸੁ ਖੇਹ ।।

          ਮੂਲ ਪਲੀਤੀ ਕਪੜੁ ਹੋਇ ।।

          ਦੇ ਸਾਬੂਣੁ ਲਈਐ ਓਹੁ ਧੋਇ ।।

          ਭਰੀਐ ਮਤਿ ਪਾਪਾ ਕੈ ਸੰਗਿ ।।

          ਓਹੁ ਧੋਪੈ ਨਾਵੈ ਕੈ ਰੰਗਿ ।।

          ਵਿਭਾਵਨਾ ਅਲੰਕਾਰ – ਕਾਰਨ ਦੇ ਨਾ ਹੋਣ ਤੇ ਵੀ ਕਾਰਜ ਦੀ ਉਤਪਤੀ ਕਹਿਣਾ ਵਿਭਾਵਨਾ ਅਲੰਕਾਰ ਹੈ।

          ਸਮੁਚਯ ਅਲੰਕਾਰ – ਜੇਕਰ ਬਹੁਤ ਭਾਵ ਇਕੱਠੇ ਮਨ ਵਿਚ ਪੈਦਾ ਹੋਣ, ਉਹ ਸਮੁਚਯ ਅਲੰਕਾਰ ਦਾ ਰੂਪ ਹੈ।

          ਸੁਸਿਧ ਅਲੰਕਾਰ – ਮਿਹਨਤ ਕੋਈ ਕਰੇ ਅਤੇ ਉਸਦਾ ਫ਼ਲ ਕੋਈ ਹੋਰ ਭੋਗੇ, ਅਜਿਹਾ ਵਰਣਨ ਸੁਸਿਧ ਅਲੰਕਾਰ ਹੈ।

          ਉਪਰੋਕਤ ਉਦਾਹਰਣਾਂ ਕੇਵਲ ਨਮੂਨੇ ਮਾਤਰ ਹਨ। ਇਨ੍ਹਾਂ ਦੀ ਪੂਰੀ ਸੂਚੀ ਬਹੁਤ ਲੰਮੀ ਹੈ।

          ਅਰਥ ਅਲੰਕਾਰ

          ਸਦ੍ਰਿਸ਼ਤਾ ਮੂਲਕ ਜਾਂ ਸਾਮਯ ਮੂਲਕ ਅਲੰਕਾਰ – ਸਮਾਨ ਧਰਮ ਇਨ੍ਹਾਂ ਵਿਚ ਰੂਪਕ, ਭ੍ਰਾਂਤੀ, ਅਤਿਕਥਨੀ, ਦੀਪਕ, ਦ੍ਰਿਸ਼ਟਾਂਤ ਅਲੰਕਾਰ ਆਦਿ ਸ਼ਾਮਲ ਕੀਤੇ ਜਾ ਸਕਦੇ ਹਨ।

          ਵਿਰੋਧ ਮੂਲਕ ਅਲੰਕਾਰ – ਇਨ੍ਹਾਂ ਦਾ ਮੂਲ ਆਧਾਰ ਵਿਰੋਧਾਤਮਕ ਵਰਣਨ ਹੈ। ਵਿਰੋਧ ਮੂਲਕ ਅਲੰਕਾਰਾਂ ਵਿਚ ਵਿਰੋਧਾਭਾਸ, ਵਿਭਾਵਨਾ, ਵਿਸ਼ਮ ਆਦਿ ਅਲੰਕਾਰ ਸ਼ਾਮਲ ਕੀਤੇ ਜਾ ਸਕਦੇ ਹਨ।

          ਸ਼ਿqzਖਲਾ ਮੂਲਕ ਅਲੰਕਾਰ – ਇਨ੍ਹਾਂ ਦੀ ਮੂਲ ਪ੍ਰਵਿਰਤੀ ਸੰਗਲੀ ਜਾਂ ਲੜੀ ਵਾਲੀ ਹੁੰਦੀ ਹੈ। ਇਸ ਪ੍ਰਕਾਰ ਦੇ ਅਲੰਕਾਰਾਂ ਵਿਚ ਕਰਣਮਾਲਾ, ਮਾਲਦੀਪਕ ਆਦਿ ਅਲੰਕਾਰ ਸ਼ਾਮਲ ਕੀਤੇ ਜਾ ਸਕਦੇ ਹਨ।

          ਨਿਆਇਮੂਲਕ ਅਲੰਕਾਰ – ਨਿਆਇ ਤੇ ਤਰਕਿ ਇਨ੍ਹਾਂ ਦਾ ਆਧਾਰ ਹੁੰਦਾ ਹੈ। ਇਨ੍ਹਾਂ ਦਾ ਅਨੁਮਾਨ, ਨਿਆਇਮੂਲ ਆਦਿ ਅਲੰਕਾਰ ਸ਼ਾਮਲ ਕੀਤੇ ਜਾਂਦੇ ਹਨ।

          ਗੂੜ੍ਹ ਅਰਥ ਪ੍ਰਤੀਤੀਮੂਲਕ ਅਲੰਕਾਰ – ਇਨ੍ਹਾਂ ਵਿਚ ਕਿਸੇ ਗੂੜ੍ਹੇ ਅਰਥ ਦੀ ਪ੍ਰਤੀਤੀ ਹੁੰਦੀ ਹੈ। ਇਨ੍ਹਾਂ ਵਿਚ ਵਕ੍ਰੋਕਤੀ, ਸੁਭਾਵਉਕਤੀ, ਸੂਖਮ ਆਦਿ ਅਲੰਕਾਰ ਸ਼ਾਮਲ ਕੀਤੇ ਜਾ ਸਕਦੇ ਹਨ।

          ਉਭੈ ਅਲੰਕਾਰ ਜਾਂ ਮਿਸ਼੍ਰਿਤ ਅਲੰਕਾਰ

          ਇਹ ਅਲੰਕਾਰ ਅਜਿਹੇ ਹਨ, ਜਿਨ੍ਹਾਂ ਵਿਚ ਅਰਥ ਅਤੇ ਸ਼ਬਦ ਅਲੰਕਾਰ ਮਿਲਵੇਂ ਰੂਪ ਵਿਚ ਮਿਲਦੇ ਹਨ। ਜੇਕਰ ਦੋ ਜਾਂ ਕਈ ਅਲੰਕਾਰ ਇਕ ਥਾਂ ਪਾਏ ਜਾਣ, ਤਾਂ ਉਭੈ (ਉਭਯ) ਅਲੰਕਾਰ ਦਾ ਨਿਰਮਾਣ ਹੁੰਦਾ ਹੈ। ਇਸ ਪ੍ਰਕਾਰ ਦੇ ਅਲੰਕਾਰ ਦੀ ਉਦਾਹਰਣ-ਮਾਤਰ ਨਿਮਨ ਅਨੁਸਾਰ ਦਿਤੀ ਜਾਂਦੀ ਹੈ :-

          ਪ੍ਰਹੇਲਿਕਾ – ਵਰਣ ਪ੍ਰਹੇਲਿਕਾ ਅਜਿਹੀ ਬੁਝਾਰਤ ਹੈ, ਜਿਸ ਦੇ ਪ੍ਰਸ਼ਨਾਂ ਦਾ ਉੱਤਰ ਅੱਖਰਾਂ ਵਿਚੋਂ ਪਰਗਟ ਹੁੰਦਾ ਹੈ :-

          ਕਿਸ਼ ਤੇ ਪਸ਼ੁ ਜਯੋਂ ਪੇਟ ਭਰ

          ਲੇਟਤ ਹੋਇ ਨਿਸੰਗ ?

          ਬੁੱਧੀ ਵਿਦਯਾ ਵਿਦਾ ਕਰ,

          ਮਾਨ ਮ੍ਰਯਾਦਾ ਭੰਗ ?

          ਭਾਰਤ ਤੋਂ ਪਿਛੋਂ ਅਲੰਕਾਰ ਦੀ ਪਹਿਲੀ ਵਿਆਖਿਆ ਅਗਨੀ ਪੁਰਾਣ ਵਿਚ ਮਿਲਦੀ ਹੈ। ਭਾਰਤ ਨੇ 4, ਪਰ ਅਗਨੀਪੁਰਾਣ ਨੇ 15 ਅਲੰਕਾਰ ਗਿਣਾਏ ਸਨ। ਛੇਵੀਂ ਤੋਂ ਅੱਠਵੀਂ ਸਦੀ ਵਿਚਕਾਰ ਭੱਟ ਤੇ ਭਾਮਹ ਦੇ ਸਮੇਂ 38, ਦੰਡੀ, ਉਦਭਟ ਤੇ ਵਾਮਨ ਦੇ ਸਮੇਂ ਇਹ ਗਿਣਤੀ 52 ਹੋ ਗਈ। ਬਾਰ੍ਹਵੀਂ ਸਦੀ ਤੱਕ ਇਹ ਗਿਣਤੀ ਰੁਦਰਟ, ਭੋਜ, ਮੰਮਟ ਤੇ ਰੁਇਕ ਦੇ ਸਮੇਂ 103 ਤੋਂ ਵਧਦੀ ਹੋਈ ਦੀਖਸ਼ਤ ਦੇ ਸਮੇਂ 133 ਅਤੇ ਪੰਡਤ ਜਗਨ ਨਾਥ ਦੇ ਸਮੇਂ 180 ਤੱਕ ਪਹੁੰਚ ਗਈ। ਪੰਡਤ ਜਗਨ ਨਾਥ ਸੰਸਕ੍ਰਿਤ ਦੇ ਅੰਤਲੇ ਆਚਾਰੀਆ ਸਨ। ਸੰਸਕ੍ਰਿਤ ਦੇ ਆਚਾਰੀਆਂ ਵਿਚ ਇਕ ਧੜਾ ਅਜਿਹਾ ਵੀ ਹੋਇਆ ਹੈ ਜਿਸ ਨੇ ਅਲੰਕਾਰ ਨੂੰ ਕਵਿਤਾ ਦੀ ਜਾਨ ਮੰਨਣ ਵਾਲਿਆਂ ਅਤੇ ਅਲੰਕਾਰ ਨੂੰ ਬਦਾਉਟੀ ਸ਼ੋਭਾ ਆਖ ਕੇ ਨਿੰਦਣ ਵਾਲਿਆਂ ਦੇ ਵਿਚਕਾਰਲਾ ਰਾਹ ਅਪਣਾਇਆ। ਉਨ੍ਹਾਂ ਦੀਆਂ ਨਜ਼ਰਾਂ ਵਿਚ ਕਵਿਤਾ ਦੇ ਸਾਰੇ ਗੁਣ, ਰਸ ਆਦਿ ਅਲੰਕਾਰ ਹੀ ਹਨ। ਉਹ ਇਕ ਤਰ੍ਹਾਂ ਨਾਲ ਜ਼ੇਵਰ ਤੋਂ ਬਿਨਾਂ ਰੂਪ ਦੀ ਹੋਂਦ ਹੀ ਨਹੀਂ ਮੰਨਦੇ। ਪਰ ਸੱਚਾ ਰੂਪ ਗਹਿਣਿਆਂ ਦਾ ਮੁਥਾਜ ਨਹੀਂ ਹੁੰਦਾ, ਹਾਂ ਗਹਿਣੇ ਜੁੜ ਜਾਣ ਤਾਂ ਜ਼ਰਾ ਹੋਰ ਪਿਆਰਾ ਹੋ ਜਾਂਦਾ ਹੈ, ਨਹੀਂ ਤਾਂ ਵਾਹ ਭਲਾ। ਰੁਦਰਟ ਨੇ ਪਹਿਲੀ ਵਾਰ ਅਲੰਕਾਰਾਂ ਨੂੰ ਚਾਰ ਭਾਗਾਂ ਸਮਾਨਤਾ ਪ੍ਰਧਾਨ, ਅਤਿਸ਼ੈ ਅਰਥਾਤ ਚਮਤਕਾਰ ਪ੍ਰਧਾਨ ਤੇ ਸਲੇਸ਼ ਜਾਂ ਦੁਅਰਥੇ ਵਰਣਨ ਪ੍ਰਧਾਨ। ਅੱਗੇ ਚੱਲਕੇ ਵਿਦਿਆ ਨਾਥ ਨੇ ਦੋ ਪ੍ਰਕਾਰ ਨਾਲ ਅਲੰਕਾਰਾਂ ਦੀ ਵੰਡ ਕੀਤੀ। ਇਕ ਰੀਤ ਅਨੁਸਾਰ, ਇਹ ਸ਼ਾਖਾਵਾਂ ਚਾਰ ਸਨ, ਜਿਵੇਂ ਕਿ (1) ਵਸਤੂ ਦੀ ਪ੍ਰਤੀਤ ਕਰਾਉਣ ਵਾਲੇ, (2) ਸਾਂਝ ਦੀ ਪ੍ਰਤੀਤ ਕਰਾਉਣ ਰਾਲੇ, (3) ਰਸ ਆਦਿ ਦੀ ਪ੍ਰਤੀਤ ਨਿਖਾਰਨ ਵਾਲੇ, (4) ਜਿਨ੍ਹਾਂ ਵਿਚ ਕੋਈ ਧੁਨੀ ਨਾ ਹੋਵੇ। ਇਕ ਹੋਰ ਵੰਡ ਅਨੁਸਾਰ ਉਸ ਨੇ ਅਲੰਕਾਰਾਂ ਦੀਆਂ ਨੌਂ ਸ਼ਾਖ਼ਾਵਾਂ ਦੱਸੀਆਂ ਜਿਵੇਂ (1) ਧਰਮ ਦੀ ਸਾਂਝ ਦਰਸਾਉਣ ਵਾਲੇ, (2) ਲਗਨ, ਚੌਪ ਜਾਂ ਉਤਸ਼ਾਹ ਦਰਸਾਉਣ ਵਾਲੇ (3) ਵਿਰੋਧ ਦੱਸਣ ਵਾਲੇ (4) ਵਾਕ-ਨਿਆਇ ਦਰਸਾਉਣ ਵਾਲੇ, (5) ਲੋਕ ਵਿਚਾਰ ਤੇ ਆਧਾਰਿਤ, (6) ਤਰਕ-ਨਿਆਇ ਪ੍ਰਧਾਨ, (7) ਲੜੀਵਾਰ ਵਚਿੱਤਰਤਾ ਦਰਸਾਉਣ ਵਾਲੇ, (8) ਉਹਲੇ ਜਾਂ ਲੁਕਾ ਉੱਤੇ ਅਧਾਰਿਤ (9) ਵਿਸ਼ੇਸ਼ਣ-ਵਚਿੱਤਰਤਾ ਪ੍ਰਧਾਨ। ਕਲਾ ਦੇ ਬਹੁ ਰੂਪਾਂ ਵਿਚ ਪ੍ਰਚੱਲਤ ਅਲੰਕਾਰਾਂ ਤੋਂ ਇਲਾਵਾ ਹਰ ਸਾਧਾਰਨ ਗਹਿਣੇ ਗੱਟੇ ਨੂੰ ਵੀ ਅਲੰਕਾਰ ਕਹਿੰਦੇ ਹਨ। ਇਹ ਗਹਿਣੇ-ਗੱਟੇ ਪੈਰਾਂ ਦੀਆਂ ਉਂਗਲੀਆਂ ਤੋਂ ਲੈ ਕੇ ਸਿਰ ਤੱਕ ਹਰ ਇਕ ਅੰਗ ਵਿਚ ਪਹਿਨੇ ਜਾਣ ਵਾਲੇ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਕਰਨਾ ਸੰਭਵ ਨਹੀਂ। ਇਹ ਚਾਂਦੀ ਸੋਨਾ ਜਾਂ ਪਲਾਟੀਨਮ ਆਦਿ ਬਹੁਮੁੱਲੀਆਂ ਧਾਤਾਂ ਦੇ ਬਣਦੇ ਹਨ ਅਤੇ ਕਈ ਤਰ੍ਹਾਂ ਤੇ ਕੀਮਤੀ ਪੱਥਰਾਂ ਨੂੰ ਇਨ੍ਹਾਂ ਵਿਚ ਜੜਿਆ ਜਾਂਦਾ ਹੈ। ਇਨ੍ਹਾਂ ਗਹਿਣਿਆਂ ਦੀ ਗਿਣਤੀ ਦਾ ਕੋਈ ਨਿਰਣਾ ਨਹੀਂ ਕੀਤਾ ਜਾ ਸਕਦਾ।

          ਹ. ਪੁ.– ਮ. ਕੋ; ਪੰ. ਸਾ. ਕੋ.                                   


ਲੇਖਕ : ਦੇਵਿੰਦਰ ਸਿੰਘ ਵਿਦਿਆਰਥੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਲੰਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਲੰਕਾਰ, ਪੁਲਿੰਗ : ਸ਼ਿੰਗਾਰ, ਗਹਿਣਾ, ਸ਼ਬਦ, ਅਤੇ ਅਰਥ ਦੇ ਵਰਣਨ ਕਰਨ ਦਾ ਉਹ ਢੰਗ ਜਿਸ ਨਾਲ ਕਾਵਿ ਦੀ ਸ਼ੋਭਾ ਵਧੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-01-07-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.