ਅਵਤਾਰਵਾਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਤਾਰਵਾਦ: ਅਵਤਾਰ ਸੰਬੰਧੀ ਸਿੱਧਾਂਤ। ਵੇਖੋ ‘ਅਵਤਾਰ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਵਤਾਰਵਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਵਤਾਰਵਾਦ : ਸੰਸਾਰ ਦੇ ਵੱਖ ਵੱਖ ਦੇਸ਼ਾਂ ਅਤੇ ਧਰਮਾਂ ਵਿਚ ਅਵਤਾਰਵਾਦ ਨੂੰ ਧਾਰਮਿਕ ਨੇਮਾਂ ਵਾਂਗ ਆਦਰ ਤੇ ਸ਼ਰਧਾ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਆਮ ਤੌਰ ਤੇ ਬਹੁਤ ਸਾਰੇ ਪੂਰਬੀ ਅਤੇ ਪੱਛਮੀ ਧਰਮਾਂ ਵਿਚ ਅਵਤਾਰ ਹੋਣਾ ਇੱਜ਼ਤ ਵਾਲੀ ਗੱਲ ਮੰਨਿਆ ਗਿਆ ਹੈ।

          ਹਿੰਦੂ ਧਰਮ ਵਿਚ ਅਵਤਾਰ ਹੋਣਾ ਬੜੀ ਇੱਜ਼ਤ ਵਾਲੀ ਗੱਲ ਹੈ। ਪੁਰਾਣੇ ਸਮਿਆਂ ਤੋਂ ਹੁਣ ਤੱਕ ਅਵਤਾਰਵਾਦ ਹਿੰਦੂ ਧਰਮ ਦੇ ਬੁਨਿਆਦੀ ਸਿਧਾਤਾਂ ਵਿਚ ਮਹਾਨ ਮੰਨਿਆ ਚਲਿਆ ਆਉਂਦਾ ਹੈ। ਅਵਤਾਰ ਦਾ ਸਮਾਨਅਰਥੀ ਸ਼ਬਦ, ਜੋ ਬਹੁਤ ਪੁਰਾਣੇ ਸਮੇਂ ਵਿਚ ਪ੍ਰਚੱਲਤ ਸੀ, ਉਹ ‘ਪ੍ਰਾਦਰ -ਭਵ’ ਸੀ। ਸ਼੍ਰੀਮਦ ਭਾਗਵਤ ਵਿਚ ‘ਵਿਅਕਤੀ’ ਸ਼ਬਦ ਇਸੇ ਅਰਥ ਵਿਚ ਵਰਤਿਆ ਗਿਆ ਹੈ (10/29/14)। ਵੈਸ਼ਨੋ ਧਰਮ ਵਿਚ ਅਵਤਾਰ ਵਾਲੀ ਗੱਲ ਖ਼ਾਸ ਤੌਰ ਤੇ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਵਿਸ਼ਨੂੰ (ਜਾਂ ਨਾਰਾਇਣ), ਦੇ ਪਰ, ਵਿਊਹ, ਵਿਭਵ ਅੰਤਰਯਾਮੀ ਅਤੇ ਅਰਚਾ (ਪੂਜਾ) ਨਾਂ ਦੇ ਪੰਜ ਰੂਪ ਧਾਰਨ ਕਰਨ ਦਾ ਸਿਧਾਂਤ ਪਾਂਚਰਾਤਰ ਦਾ ਮੌਲਿਕ ਰੂਪ ਹੈ। ਇਸੇ ਲਈ ਆਪਣੀ ਰੁਚੀ ਅਤੇ ਪ੍ਰੀਤ ਅਨੁਸਾਰ ਵੈਸ਼ਨੋ-ਭਗਤ ਅਕਸਰ ਭਗਵਾਨ ਦੇ ਇਨ੍ਹਾਂ ਵੱਖ ਵੱਖ ਰੂਪਾਂ ਦੀ ਉਪਾਸ਼ਨਾ ਕਰਦੇ ਰਹਿੰਦੇ ਹਨ। ਸ਼ੈਵ-ਮਤ ਵਿਚ ਭਗਵਾਨ ਸ਼ੰਕਰ ਦੀ ਲੀਲ੍ਹਾ ਦਾ ਬਹੁਤ ਵਰਣਨ ਮਿਲਦਾ ਹੈ (ਦੇਖੋ ਨੀਲਕੰਠ ਦੀਕਸ਼ਤ ਦਾ ‘ਸ਼ਿਵਲੀ ਲਾਰਣਵ’ ਕਾਵਿ) ਪਰ ਭਗਵਾਨ ਸ਼ੰਕਰ ਅਤੇ ਭਗਵਤੀ ਪਾਰਵਤੀ ਦੇ ਮੂਲ ਰੂਪ ਦੀ ਉਪਾਸ਼ਨਾ ਹੀ ਇਸ ਮਤ ਵਿਚ ਹਰ ਥਾਂ ਪ੍ਰਚੱਲਤ ਹੈ।

          ਨੈਤਿਕ ਸੰਤੁਲਨ-ਸੱਤ ਕਾਇਮ ਰਹਿਣ ਨਾਲ ਹੀ ਸੰਸਾਰ ਦੀ ਹੋਂਦ ਬਣੀ ਰਹਿੰਦੀ ਹੈ ਅਤੇ ਇਸ ਸੰਤੁਲਨ ਦੀ ਅਣਹੋਂਦ ਕਾਰਨ ਸੰਸਾਰ ਦਾ ਵਿਨਾਸ਼ ਹੋ ਜਾਣਾ ਜ਼ਰੂਰੀ ਹੈ। ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਭਗਵਾਨ ਇਸ ਸੰਤੁਲਨ ਦੇ ਕਾਇਮ ਰੱਖਣ ਦਾ ਸਦਾ ਖ਼ਿਆਲ ਰੱਖਦਾ ਹੈ। ਜਦੋਂ ਕਦੀ ਵੀ ‘ਸੱਤ’ ਦੀ ਥਾਂ ‘ਅਸੱਤ’, ‘ਧਰਮ’ ਦੀ ਥਾਂ ‘ਅਧਰਮ’ ਵਧ ਜਾਂਦਾ ਹੈ ਤਾਂ ਭਗਵਾਨ ਅਵਤਾਰ ਧਾਰਦਾ ਹੈ। ਸਾਧੂਆਂ ਦੀ ਰੱਖਿਆ, ਪਾਪੀਆਂ ਦਾ ਨਾਸ਼, ਅਧਰਮ ਦਾ ਨਾਸ਼ ਅਤੇ ਧਰਮ ਦੀ ਸਥਾਪਨਾ ਕਰਨਾ ਆਦਿ ਮਹਾਨ ਉਦੇਸ਼ਾਂ ਦੀ ਪੂਰਤੀ ਲਈ ਭਗਵਾਨ ਅਵਤਾਰ ਲੈਂਦਾ ਹੈ। ਗੀਤਾ ਦਾ ਇਹ ਸ਼ਲੋਕ ਅਵਤਾਰਵਾਦ ਦਾ ਮਹਾਮੰਤਰ ਮੰਨਿਆ ਜਾਂਦਾ ਹੈ।

परित्राणाय साधुनां विनाशाय च दुष्कृतान् ।

धर्म संस्थापनाथाय संभवामि युगे युगे

          ਅਵਤਾਰ ਦੇ ਸਿਲਸਲੇ ਵਿਚ ਉਹ ਉਦੇਸ਼ ਵੀ ਗੌਣ ਮੰਨੇ ਜਾਂਦੇ ਹਨ। ਅਵਤਾਰ ਦਾ ਮੁੱਖ ਮੰਤਵ ਇਸ ਨਾਲੋਂ ਹਰ ਪੱਖ ਤੋਂ ਵੱਖਰਾ ਹੈ। ਸਰਬ ਕਲਾ ਸੰਪੂਰਨ, ਸੁਤੰਤਰ, ਕਰਮ, ਕਾਲ ਆਦਿਕ ਦੇ ਨਿਯਮ ਬਣਾਉਣ ਵਾਲੇ ਅਤੇ ਸਰਵ-ਨਿਰਪੱਖ ਭਗਵਾਨ ਵਾਸਤੇ ਜੋ ਇਹ ਕਿਹਾ ਜਾਂਦਾ ਹੈ ਕਿ ਭਗਵਾਨ ਦੁਸ਼ਟਾਂ ਦਾ ਨਾਸ਼ ਕਰਨ ਲਈ ਅਤੇ ਸ੍ਰਿਸ਼ਟੀ ਦੀ ਰੱਖਿਆ ਲਈ ਅਵਤਾਰ ਧਾਰਦਾ ਹੈ, ਕੁਝ ਵਧੇਰੇ ਠੀਕ ਨਹੀਂ ਜਾਪਦਾ ਕਿਉਂਕਿ ਇਹ ਕੰਮ ਤਾਂ ਉਹ ਹੋਰ ਸਾਧਨਾਂ ਰਾਹੀਂ ਵੀ ਕਰਵਾ ਸਕਦਾ ਹੈ। ਇਸ ਲਈ ਉਸਦੇ ਅਵਤਾਰ ਧਾਰਨ ਦਾ ਮੁੱਖ ਮੰਤਵ ਸ੍ਰੀਮਦ ਭਾਗਵਤ ਦੇ ਹੇਠਾਂ ਲਿਖੇ ਸ਼ਲੋਕ (10/29/14) ਅਨੁਸਾਰ ਕੁਝ ਹੋਰ ਹੀ ਹੈ:-

नृणां निः श्रेयमार्थाय व्यतिर्भागवतो भुवि ।

अव्ययस्याप्रमेयस्य निर्गुणस्ह गुणात्मनः॥

          ਮਨੁੱਖਾਂ ਨੂੰ ਬਿਨਾਂ ਸਾਧਨ ਮੁਕਤੀ ਦਾ ਦਾਨ ਦੇਣਾ ਹੀ ਭਗਵਾਨ ਦੇ ਪਰਗਟ ਹੋਣਾ ਦਾ ਪ੍ਰਤੱਖ ਉਦੇਸ਼ ਹੈ। ਭਗਵਾਨ ਆਪਣੇ ਆਪ ਹੀ ਆਪਣੇ ਕੌਤਕਾਂ ਰਾਹੀਂ ਆਪਣੀ ਕਿਰਪਾ ਨਾਲ ਜਗਿਆਸੂਆਂ ਨੂੰ ਬਿਨਾਂ ਕਿਸੇ ਸਾਧਨਾਂ ਦੀ ਲੋੜ ਦੇ ਮੁਕਤੀ ਬਖ਼ਸ਼ਦਾ ਹੈ। ਅਵਤਾਰ ਦਾ ਇਹੀ ਮੌਲਿਕ ਤੇ ਮੁੱਖ ਉਦੇਸ਼ ਹੈ।

          ਪੁਰਾਣਾਂ ਵਿਚ ਸਾਨੂੰ ਅਵਤਾਰਵਾਦ ਦਾ ਵਿਸ਼ਲਾਲ ਅਤੇ ਆਮ ਵਰਣਨ ਮਿਲਦਾ ਹੈ। ਇਸ ਲਈ ਇਸ ਤੱਤ ਦੀ ਕਲਪਨਾ ਨੂੰ ਪੁਰਾਣਾਂ ਦੀ ਦੇਣ ਮੰਨ ਲੈਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ। ਵੇਦਾਂ ਵਿਚ ਸਾਨੂੰ ਅਵਤਾਰਵਾਦ ਦਾ ਮੌਲਿਕ ਅਤੇ ਪ੍ਰਾਚੀਨ ਆਧਾਰ ਮਿਲਦਾ ਹੈ। ਵੇਦਾਂ ਅਨੁਸਾਰ ਪ੍ਰਜਾਪਤੀ ਨੇ ਜੀਵ-ਜੰਤੂਆਂ ਦੀ ਰੱਖਿਆ ਲਈ ਅਤੇ ਸ੍ਰਿਸ਼ਟੀ ਦੇ ਕਲਿਆਣ ਲਈ ਕਈ ਰੂਪ ਧਾਰੇ। ਸ਼ਤਪਥ ਬ੍ਰਾਹਮਣ (2/8/1/1) ਵਿਚ ਮੱਛ ਰੂਪ ਧਾਰਨ ਦਾ ਹਵਾਲਾ ਮਿਲਦਾ ਹੈ, ਕੂਰਮ ਦਾ ਸ਼ਤਪਥ (7/5/1/5) ਅਤੇ ਜੈਮਨੀਯ ਬ੍ਰਾਹਮਣ (3/272) ਵਿਚ, ਵਰਾਹ ਦਾ ਤੈਤਿਰੀਯ ਸੰਘਿਤਾ (7/1/5/1) ਅਤੇ ਸ਼ਤਪਥ (14/1/2/11) ਵਿਚ, ਨਰਸਿੰਘ ਦਾ ਤੈਤਿਰੀਯ ਅਰਣਿਅਕ ਵਿਚ ਅਤੇ ਬਾਵਨ ਦਾ ਤੈਤਿਰੀਯ ਸੰਘਿਤਾ (2/1/3/1) ਵਿਚ ਸ਼ਾਬਦਿਕ, ਅਤੇ ਰਿਗਵੇਦ ਵਿਚ ਅਤੇ ਵਿਸ਼ਨੂੰ ਸੂਤਰਾਂ ਵਿਚ ਅਰਥ-ਸਹਿਤ ਸੰਕੇਤ ਮਿਲਦਾ ਹੈ। ਰਿਗਵੇਦ ਵਿਚ ਤ੍ਰਿਵਿਕ੍ਰਮ ਵਿਸ਼ਨੂੰ ਨੂੰ ਤਿੰਨਾਂ ਕਦਮਾਂ ਨਾਲ ਹੀ ਸਾਰੇ ਸੰਸਾਰ ਨੂੰ ਨਾਪਣ ਦਾ ਬੜਾ ਮਾਣ ਦਿੱਤਾ ਗਿਆ ਹੈ।

 एको विषमे त्रिभिरित् पदेभिः ऋग्वेद 1/154/3

          ਇਸ ਤੋਂ ਅੱਗੇ ਜਦੋਂ ਪ੍ਰਜਾਪਤੀ ਦੀ ਥਾਂ ਵਿਸ਼ਨੂੰ ਨੂੰ ਪ੍ਰਧਾਨਤਾ ਮਿਲੀ ਤਾਂ ਇਹ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਣ ਲੱਗਾ। ਪੁਰਾਣਾਂ ਵਿਚ ਇਸ ਪ੍ਰਕਾਰ ਅਵਤਾਰਾਂ ਦੇ ਰੂਪ, ਲੀਲ੍ਹਾ ਅਤੇ ਅਜੀਬ ਘਟਨਾਵਾਂ ਦਾ ਵਰਣਨ ਵਧੇਰੇ ਕਰਕੇ ਵੇਦਾਂ ਉੱਤੇ ਹੀ ਨਿਰਭਰ ਹੈ।

          ਭਾਗਵਤ ਅਨੁਸਾਰ ਸੱਤ ਦੇ ਭੰਡਾਰ ਹਰੀ ਦੇ ਅਵਤਾਰਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿਸ ਤਰ੍ਹਾਂ ਨਾ ਸੁੱਕਣ ਵਾਲੇ (ਆਦਿਵਾਸੀ) ਸਰੋਵਰ ਵਿਚੋਂ ਹਜ਼ਾਰਾਂ ਹੀ ਛੋਟੀਆਂ ਛੋਟੀਆਂ ਕੂਲਾਂ ਨਿਕਲਦੀਆਂ ਹਨ, ਉਸੇ ਤਰ੍ਹਾਂ ਸਤੋ ਗੁਣਾਂ ਦੇ ਆਸਰੇ ਹਰੀ ਤੋਂ ਵੀ ਕਈ ਅਵਤਾਰ ਉਪਜਦੇ ਹਨ:-

अवतारा हा।संख्येया हरेः सत्वनिधेद्धि͗जा :

यथाठविदासिनः कुल्या सरसः स्युः सहरञशः  ॥

          ਪਾਂਚਰਾਤਰ ਮਤ ਅਨੁਸਾਰ ਮੁੱਖ ਰੂਪ ਵਿਚ ਚਾਰ ਪ੍ਰਕਾਰ ਦੇ ਅਵਤਾਰ ਹੁੰਦੇ ਹਨ- ਵਯੂਹ (ਸੰਕ੍ਰਸ਼ਨ, ਪ੍ਰਦਯੁਮਨ ਅਤੇ ਅਨਿਰੁਧ), ਵਿਭਵ, ਅੰਤਰਯਾਮੀ ਅਤੇ ਅਰੀਯਅਵਤਾਰ ਹੈ। ਵਿਸ਼ਨੂੰ ਦੇ 24 ਅਵਤਾਰ ਮੰਨੇ ਜਾਂਦੇ ਹਨ। (ਸ੍ਰੀਮਦ ਭਾਗਵਤ 2/6) ਪਰ ਲੋਕ ਬਹੁਤ ਕਰਕੇ ਦਸ ਅਵਤਾਰ ਹੀ ਮੰਨਦੇ ਹਨ। ਇਨ੍ਹਾਂ ਅਵਤਾਰਾਂ ਦੇ ਪ੍ਰਸਿਧ ਰੂਪ ਇਸ ਤਰ੍ਹਾਂ ਹਨ-ਦੋ ਪਾਣੀ ਵਾਲੇ ਜੀਵ (ਮੱਛ ਤੇ ਕੱਛ), ਦੋ ਜਲਥਲੀ (ਵਰਾਹ ਤੇ ਨਰ ਸਿੰਘ), ਵਾਮਨ (ਛੋਟਾ), ਤਿੰਨ ਰਾਮ(ਪਰਸਰਾਮ, ਦਸਰਥ ਦਾ ਪੁੱਤਰ ਰਾਮ, ਅਤੇ ਬਲਰਾਮ), ਬੱਧ (ਸਕ੍ਰਿਪਹ-ਦਿਆਲੁ) ਅਤੇ ਕਲਕੀ (ਅਕ੍ਰਿਪਹ-ਜ਼ਾਲਮ)

वनजौ खवरित्रणमी सकृयोषकृयः   ।

अवतारा दशौवेते कृष्णास्णु भगवान् स्वयम्      ॥

          ਮਹਾਭਾਰਤ ਵਿਚ ਦਸ ਅਵਤਾਰਾਂ ਵਿੱਚੋਂ ਬੁੱਧ ਨੂੰ ਛੱਡ ਦਿੱਤਾ ਗਿਆ ਹੈ ਅਤੇ ਹੰਸ ਨੂੰ ਅਵਤਾਰ ਮੰਨ ਕੇ ਗਿਣਤੀ ਪੂਰੀ ਰੱਖੀ ਗਈ ਹੈ। ਭਾਗਵਤ ਅਨੁਸਾਰ ਬਲਰਾਮ ਨੂੰ ਦਸਾਂ ਅਵਤਾਰਾਂ ਵਿਚ ਗਿਣਿਆ ਜਾਂਦਾ ਹੈ, ਕਿਉਂਕਿ ਸ੍ਰੀ ਕ੍ਰਿਸ਼ਨ ਜੀ ਤਾਂ ਆਪ ਭਗਵਾਨ ਹੋਏ। ਉਹ ਅਵਤਾਰ ਨਹੀਂ, ਅਵਤਾਰੀ ਹਨ, ਅੰਸ਼ ਨਹੀਂ, ਅੰਸ਼ੀ ਹਨ। ਇਸ ਤਰ੍ਹਾਂ ਅਵਤਾਰ ਦੀ ਗਿਣਤੀ ਅਤੇ ਰੂਪ ਵਿਚ ਚੋਖਾ ਵਿਕਾਸ ਹੋਇਆ ਹੈ।

          ਬੁੱਧ ਅਤੇ ਹੋਰ ਧਰਮਾਂ ਜਿਵੇਂ ਪਾਰਸੀ, ਸਾਮੀ, ਮਿਸਰੀ, ਯਹੂਦੀ, ਯੂਨਾਨੀ, ਇਸਲਾਮ ਅਤੇ ਬੁੱਧ ਧਰਮ ਦੇ ਮਹਾਯਾਨ ਪੰਥ ਵਿਚ ਅਵਤਾਰ ਨੂੰ ਮੰਨਿਆ ਜਾਂਦਾ ਹੈ। ਪੂਰੀ ਤਰ੍ਹਾਂ ਬੋਧਿਸੱਤਵ (ਜੋ ਬਣਨ ਦਾ ਅਧਿਕਾਰੀ ਹੋਵੇ) ਕਰਮ ਫ਼ਲ ਦੇ ਪੂਰਾ ਹੋਣ ਉੱਤੇ ਬੁੱਧ ਦੇ ਰੂਪ ਵਿਚ ਅਵਤਾਰ ਧਾਰਦੇ ਹਨ ਅਤੇ ਨਿਰਵਾਨ ਦੀ ਪ੍ਰਾਪਤੀ ਮਗਰੋਂ ਬੁੱਧ ਵੀ ਭਵਿੱਖ ਵਿਚ ਅਵਤਾਰ ਧਾਰਨ ਕਰਦੇ ਹਨ। ਮਹਾਯਾਨੀ ਉਪਰੋਕਤ ਵਿਚਾਰ ਮੰਨਦੇ ਹਨ। ਬੋਧਿਸਤਵ ਤੁਸ਼ਿਤ ਨਾਂ ਦੇ ਸਵਰਗ ਵਿਚ ਨਿਵਾਸ ਕਰਦੇ ਹੋਏ ਆਪਣੇ ਕਰਮ ਫਲ ਪੱਕਣ ਦੀ ਉਡੀਕ ਕਰਦੇ ਹਨ ਅਤੇ ਯੋਗ ਅਵਸਰ ਆਉਣ ਉੱਤੇ ਜਗਤ ਵਿਚ ਅਵਤਾਰ ਧਾਰਦੇ ਹਨ। ਥੇਰਵਾਦੀ (थेरवादी) ਇਸ ਗੱਲ ਨੂੰ ਨਹੀਂ ਮੰਨਦੇ। ਬੁੱਧ-ਅਵਤਾਰਾਂ ਦਾ ਪ੍ਰਗਟ ਹੋਣਾ ਤਿੱਬਤ ਦੇ ‘ਦਲਾਈਲਾਮਾ’ ਦੀ ਕਲਪਨਾ ਵਿਚ ਮਿਲਦਾ ਹੈ। ਤਿੱਬਤ ਵਿਚ ਦਲਾਈਲਾਮਾ ਨੂੰ ਅਵਿਲੋਕਿਤੇਸ਼ਵਰ (ਅੱਖੀਂ ਡਿੱਠਾ ਈਸ਼ਵਰ) ਬੁੱਧ ਦਾ ਅਵਤਾਰ ਮੰਨਿਆ ਜਾਂਦਾ ਹੈ। ਤਿੱਬਤੀ ਪਰੰਪਰਾ ਅਨੁਸਾਰ ਗ੍ਰੇਦੇਨ ਦ¤ਪ (ग्रेदैनद्रुप् 1473 ਈ.) ਨਾਮੀ ਲਾਮਾ ਨੇ ਇਹ ਕਲਪਨਾ ਪਹਿਲੀ ਵਾਰ ਪ੍ਰਗਟ ਕੀਤੀ ਜਿਸ ਅਨੁਸਾਰ ਦਲਾਈਲਾਮਾ ਧਾਰਮਿਕ ਗੁਰੂ ਤੇ ਰਾਜਾ ਮੰਨਿਆ ਗਿਆ। ਇਤਿਹਾਸਕ ਪੱਖ ਤੋਂ ਲੋਜੰਗ-ਗਯਾ-ਮਤਸੋ (लोजंग-ग्या-मत्सो 1615-1682) ਨਾਮੀ ਲਾਮਾ ਨੇ ਹੀ ਇਸ ਪਰੰਪਰਾ ਨੂੰ ਜਨਮ ਦਿੱਤਾ ਸੀ। ਤਿੱਬਤੀ ਲੋਕਾਂ ਦਾ ਪੱਕਾ ਵਿਸ਼ਵਾਸ ਹੈ ਕਿ ਦਲਾਈਲਾਮਾ ਦੇ ਮਰਨ ਉੱਤੇ ਉਸ ਦੀ ਆਤਮਾ ਕਿਸੇ ਬਾਲਕ ਵਿਚ ਪ੍ਰਵੇਸ਼ ਕਰਦੀ ਹੈ, ਜਿਹੜਾ ਉਸ ਮੱਠ ਦੇ ਨੇੜੇ ਹੀ ਜਨਮ ਲੈਂਦਾ ਹੈ। ਇਸ ਮਤ ਦਾ ਪ੍ਰਚਾਰ ਮੰਗੋਲੀਆ ਦੇ ਮੱਠਾਂ ਵਿਚ ਵੀ ਵਿਸ਼ੇਸ਼ ਰੂਪ ਵਿਚ ਹੁੰਦਾ ਹੈ। ਪਰ ਚੀਨ ਵਿਚ ਅਵਤਾਰ ਨੂੰ ਨਹੀਂ ਸੀ ਮੰਨਿਆ ਜਾਂਦਾ। ਚੀਨੀ ਲੋਕਾਂ ਦਾ ਪਹਿਲਾ ਰਾਜਾ ਸ਼ਾਂਗਤੀ (शांगती) ਉੱਚੇ ਸਦਾਚਾਰ ਅਤੇ ਚੰਗੇ ਗੁਣਾਂ ਦਾ ਨਮੂਨਾ ਮੰਨਿਆ ਜਾਂਦਾ ਸੀ ਪਰ ਉਸ ਦੇ ਦੇਵਤਾ ਹੋਣ ਸਬੰਧੀ ਵਿਚਾਰ ਕਿਤੇ ਵੀ ਨਹੀਂ ਮਿਲਦਾ।

          ਪਾਰਸੀਆਂ ਵਿਚ ਕਈ ਸਿਧਾਂਤ ਹਿੰਦੂਆਂ ਅਤੇ ਖ਼ਾਸ ਕਰ ਵੈਦਿਕ ਆਰੀਆਂ ਵਾਲੇ ਹੀ ਹਨ, ਪਰ ਇਸ ਵਿਚ ਅਵਤਾਰ ਦੀ ਕਲਪਨਾ ਨਹੀਂ ਮਿਲਦੀ। ਪਾਰਸੀਆਂ ਦਾ ਕਥਨ ਹੈ ਕਿ ਇਸ ਧਰਮ ਦੇ ਜ਼ਰਤੁਸ਼ਤ ਅਹੁਰਮਜ਼ਦ ਨੂੰ ਕਿਤੇ ਵੀ ਅਵਤਾਰ ਨਹੀਂ ਮੰਨਿਆ ਗਿਆ, ਫਿਰ ਵੀ ਇਹ ਲੋਕ ਬਾਦਸ਼ਾਹ ਨੂੰ ਪਵਿੱਤਰ ਅਤੇ ਰੱਬੀ ਸ਼ਕਤੀ ਦਾ ਮਾਲਕ ਮੰਨਦੇ ਸਨ। ‘ਹਵਰੇਨਾਹ’ ਨਾਂ ਦੀ ਇਕ ਤੇਜ ਵਾਲੀ ਸ਼ਕਤੀ ਮੰਨੀ ਜਾਂਦੀ ਸੀ ਜੋ ਬਾਦਸ਼ਾਹ ਅਰਦਸ਼ਿਰ ਅਤੇ ਮਗਰੋਂ ਦੇ ਸਾਸਨੀ ਬਾਦਸ਼ਾਹਾਂ ਵਿਚ ਮੌਜੂਦ ਸੀ। ਅਜਿਹੀ ਕਲਪਨਾ ਪਾਰਸੀ ਗ੍ਰੰਥਾਂ ਵਿਚ ਬਹੁਤ ਮਿਲਦੀ ਹੈ। ਸਾਮੀ ਲੋਕਾਂ ਵਿਚ ਵੀ ਅਵਤਾਰਵਾਦ ਦੀ ਕਲਪਨਾ ਥੋੜ੍ਹੀ ਪ੍ਰਚੱਲਤ ਹੈ। ਇਹ ਲੋਕਬਾਦਸ਼ਾਹ ਨੂੰ ਦੁਨਿਆਵੀ ਸ਼ਕਤੀ ਦੀ ਅੰਤਿਮ ਸੀਮਾ ਦਾ ਮਾਲਕ ਹੋਣ ਦੇ ਨਾਲ ਹੀ ਰੱਬੀ ਸ਼ਕਤੀ ਦਾ ਪੂਰਨ ਪ੍ਰਤੀਕ ਵੀ ਮੰਨਦੇ ਸਨ। ਇਸ ਲਈ ਇਥੇ ਬਾਦਸ਼ਾਹ ਨੂੰ ਦੇਵਤਾ ਦਾ ਅਵਤਾਰ ਮੰਨਣਾ ਸੁਭਾਵਿਕ ਹੀ ਠੀਕ ਸਿਧਾਂਤ ਮੰਨਿਆ ਜਾਂਦਾ ਸੀ। ਪੁਰਾਤਨ ਬਾਈਬਲ ਵਿਚ ਸਾਨੂੰ ਇਸ ਮਨੌਤ ਦਾ ਪੂਰਾ ਵਿਕਾਸ ਵਿਖਾਈ ਦਿੰਦਾ ਹੈ। ਕਿਸ਼ ਦੇ ਬਾਦਸ਼ਾਹ ਉਰੂਮੁਸ਼ ਨੂੰ ਆਪਣੇ ਜੀਵਨ ਵਿਚ ਹੀ ਈਸ਼ਵਰ ਦਾ ਅਵਤਾਰ ਮੰਨਿਆ ਜਾਂਦਾ ਸੀ। ਬਾਦਸ਼ਾਹ ਨਰਾਮਸਿਨ ਆਪਣੇ ਸਰੀਰ ਦੀਆਂ ਰਗਾਂ ਵਿਚ ਦੇਵਤੇ ਦਾ ਲਹੂ ਵਗਦਾ ਮੰਨਦਾ ਸੀ। ਇਸੇ ਲਈ ਉਸ ਨੇ ਆਪਣੇ ਮੱਥੇ ਉੱਤੇ ਸਿੰਗ ਨਾਲ ਜੁੜਿਆ ਹੋਇਆ ਚਿੱਤਰ ਅੰਕਿਤ ਕਰਵਾ ਰੱਖਿਆ ਸੀ। ਉਹ ‘ਅੱਕਾਦ ਦਾ ਦੇਵਤਾ’ ਨਾਂ ਨਾਲ ਵਧੇਰੇ ਮਸ਼ਹੂਰ ਸੀ। ਮਿਸਰੀ ਵੀ ਕੁਝ ਇਸੇ ਤਰ੍ਹਾਂ ਹੀ ਮੰਨਦੇ ਸਨ। ਉਥੋਂ ਦੇ ਬਾਦਸ਼ਾਹ ਫਰਊਨ ਮਸ਼ਹੂਰ ਸਨ, ਜਿਨ੍ਹਾਂ ਨੂੰ ਮਿਸਰੀ ਲੋਕ ਰੱਬੀ ਸ਼ਕਤੀ ਦਾ ਭੰਡਾਰ ਮੰਨਦੇ ਸਨ। ਮਿਸਰ ਵਾਲੇ ਇਹ ਵੀ ਮੰਨਦੇ ਸਨ ਕਿ ‘ਰਾ’ ਨਾਂ ਦੇ ਦੇਵਤਾ ਮਲਕਾ ਨਾਲ ਸਹਿਵਾਸ ਕਰਕੇ ਰਾਜ-ਪੁੱਤਰ ਪੈਦਾ ਕਰਦਾ ਹੈ, ਇਸੇ ਲਈ ਉਹ ਰੱਬੀ ਸ਼ਕਤੀ ਵਾਲਾ ਹੈ। ਯਹੂਦੀ ਵੀ ਈਸ਼ਵਰ ਤੇ ਅਵਤਾਰ ਮੰਨਣ ਦੇ ਪੱਖ ਵਿਚ ਹਨ। ਬਾਈਬਲ ਵਿਚ ਸਾਫ਼ ਲਿਖਿਆ ਹੈ ਕਿ ਈਸ਼ਵਰ ਹੀ ਮਨੁੱਖ ਦਾ ਰੂਪ ਧਾਰਨ ਕਰਦਾ ਹੈ। ਇਸ ਦੀਆਂ ਕਾਫ਼ੀ ਉਦਾਹਰਨਾਂ ਵੀ ਉਥੇ ਮਿਲਦੀਆਂ ਹਨ। ਯੂਨਾਨੀਆਂ ਵਿਚ ਅਵਤਾਰ ਦੀ ਕਲਪਨਾ ਆਰੀਆਂ ਲੋਕਾਂ ਵਾਂਗ ਨਹੀਂ ਸੀ ਪਰ ਸੂਰਮੇ ਵੱਖ ਵੱਖ ਦੇਵਤਿਆਂ ਦੇ ਪੁੱਤਰਾਂ ਦੇ ਰੂਪ ਵਿਚ ਮੰਨੇ ਜਾਂਦੇ ਸਨ। ਪ੍ਰਸਿੱਧ ਯੋਧਾ ਹਰਕੁਲੀਸ ਜ਼ਿਊਸ ਦਾ ਪੁੱਤਰ ਮੰਨਿਆ ਜਾਂਦਾ ਸੀ, ਪਰ ਦੇਵਤਾ ਦੇ ਮਨੁੱਖ ਰੂਪ ਵਿਚ ਪ੍ਰਿਥਵੀ ਉੱਤੇ ਜਨਮ ਲੈਣ ਦਾ ਵਿਚਾਰ ਯੂਨਾਨ ਵਿਚ ਨਹੀਂ ਸੀ ਮੰਨਿਆ ਜਾਂਦਾ।

          ਸ਼ੀਆ ਮੁਸਲਮਾਨਾਂ ਵਿਚ ਅਵਤਾਰ ਨਾਲ ਮਿਲਦੇ-ਜੁਲਦੇ ਸਿਧਾਂਤ ਦਾ ਪ੍ਰਚਾਰ ਹੈ। ਸ਼ੀਆ ਲੋਕਾਂ ਦਾ ਇਹ ਮੰਨਣਾ ਕਿ ਅਲੀ (ਮੁਹੰਮਦ ਸਾਹਿਬ ਦੇ ਚਾਚੇ ਦਾ ਪੁੱਤਰ) ਅਤੇ ਫ਼ਾਤਿਮਾ (ਮੁਹੰਮਦ ਸਾਹਿਬ ਦੀ ਪੁੱਤਰੀ) ਦੀ ਔਲਾਦ ਵਿਚ ਹੀ ਖ਼ਲੀਫ਼ਾ ਬਣਨ ਦੀ ਯੋਗਤਾ ਮੌਜੂਦ ਹੈ, ਅਵਤਾਰ ਮੰਨਣ ਵਿਚ ਯਕੀਨ ਰੱਖਣ ਦੇ ਨੇੜੇ ਪੁੱਜ ਜਾਂਦਾ ਹੈ। ਇਮਾ ਦੀ ਕਲਪਨਾ ਵਿਚ ਵੀ ਇਹ ਗੱਲ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ। ਉਹ ਮੁਹੰਮਦ ਸਾਹਿਬ ਦੀ ਕੇਵਲ ਸੰਤਾਨ ਵਿਚੋਂ ਹੀ ਨਹੀਂ ਹਨ ਸਗੋਂ ਉਨ੍ਹਾਂ ਵਿਚ ਦੈਵੀ-ਜੋਤ ਦੀ ਸ਼ਕਤੀ ਵੀ ਹੈ ਅਤੇ ਉਨ੍ਹਾਂ ਦੀ ਉੱਚਤਾ ਦਾ ਇਹੀ ਕਾਰਨ ਹੈ।

          ਈਸਾਈ ਧਰਮ – ਇਨ੍ਹਾਂ ਦਾ ਬੁਨਿਆਦੀ ਵਿਸ਼ਵਾਸ ਹੈ ਕਿ ਈਸ਼ਵਰ ਨੇ ਮਨੁੱਖ ਜਾਤੀ ਦੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਅਤੇ ਮਨੁੱਖਾਂ ਨੂੰ ਮੁਕਤੀ ਦੇ ਉਪਾ ਦੱਸਣ ਦੇ ਉਦੇਸ਼ ਨਾਲ ਈਸਾ ਦੇ ਰੂਪ ਵਿਚ ਅਵਤਾਰ ਧਾਰਿਆ (ਈਸਾ ਦੀ ਸੰਖੇਪ ਜੀਵਨੀ ਲਈ ਵੇਖੋ-ਈਸਾ)।

          ਬਾਈਬਲ ਨੂੰ ਵਿਚਾਰਨ ਤੋਂ ਪਤਾ ਲਗਦਾ ਹੈ ਕਿ ਕਿਵੇਂ ਈਸਾ ਦੇ ਚੇਲੇ ਉਨ੍ਹਾਂ ਦੀ ਜ਼ਿੰਦਗੀ ਵਿਚ ਹੀ ਸਹਿਜੇ ਸਹਿਜੇ ਉਨ੍ਹਾਂ ਦੇ ਈਸ਼ਵਰ ਹੋਣ ਤੇ ਵਿਸ਼ਵਾਸ ਕਰਨ ਲੱਗ ਪਏ ਸਨ। ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਈਸਾ ਦੀ ਮੌਤ ਪਿੱਛੋਂ ਅਰਥਾਤ ਈਸਾਈ ਧਰਮ ਦੇ ਆਰੰਭ ਤੋਂ ਹੀ ਈਸਾ ਨੂੰ ਪੁਰਨ ਰੂਪ ਵਿਚ ਈਸ਼ਵਰ ਅਤੇ ਪੂਰਨ ਰੂਪ ਵਿਚ ਮਨੁੱਖ ਵੀ ਮੰਨਿਆ ਗਿਆ ਹੈ। ਇਸ ਮੁਢਲੇ ਅਵਤਾਰਵਾਦੀ ਵਿਸ਼ਵਾਸ ਦੇ ਸੂਤਰੀਕਰਨ ਵਿਚ ਲਗਾਤਾਰ ਸਪਸ਼ਟਤਾ ਆਉਂਦੀ ਗਈ ਹੈ। ਅਸਲ ਵਿਚ ਅਵਤਾਰਵਾਦ ਦਾ ਵਿਚਾਰ ਵੱਖਰੀਆਂ ਵੱਖਰੀਆਂ ਭਰਮਾਂ ਭਰੀਆਂ ਧਾਰਨਾਵਾਂ ਦੇ ਵਿਰੋਧ ਵਿਚੋਂ ਨਿਕਲਿਆ ਹੈ। ਉਸ ਵਿਕਾਸ ਦੇ ਕਾਰਨ ਹੇਠ ਲਿਖੇ ਅਨੁਸਾਰ ਹਨ:-

          ਬਾਈਬਲ ਵਿਚ ਅਵਤਾਰ ਸਬੰਧੀ ਕੋਈ ਠੀਕ ਪਰਮਾਣਿਕ ਵਿਆਖਿਆ ਨਹੀਂ ਮਿਲਦੀ, ਫਿਰ ਵੀ ਇਸ ਵਿਚ ਈਸਾਈ ਅਵਤਾਰਵਾਦ ਦੇ ਮੂਲ ਤੱਤ ਮੌਜੂਦ ਹਨ। ਇਕ ਪਾਸੇ ਈਸਾ ਨੂੰ ਪੂਰੀ ਤਰ੍ਹਾਂ ਮਨੁੱਖ ਦੇ ਰੂਪ ਵਿਚ ਚਿੱਤਿਆ ਗਿਆ ਹੈ, ਉਨ੍ਹਾਂ ਦਾ ਜਨਮ ਅਤੇ ਬਾਲਪਣ, ਤੀਹ ਸਾਲ ਦੀ ਉਮਰ ਤੱਕ ਤਰਖਾਣਾ ਕਿੱਤਾ, ਦੁੱਖ ਭੋਗਣੇ ਅਤੇ ਮੌਤ, ਇਹ ਸਭ ਕੁਝ ਅਜਿਹੇ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ ਕਿ ਪਾਠਕ ਦੇ ਮਨ ਵਿਚ ਈਸਾ ਦੇ ਮਨੁੱਖ ਹੋਣ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਦੂਜੇ ਪਾਸੇ ਈਸਾ ਨੂੰ ਈਸ਼ਵਰ ਦੇ ਰੂਪ ਵਿਚ ਵੀ ਚਿਤਰਿਆ ਗਿਆ ਹੈ। ਇਸ ਸਬੰਧੀ ਅਸਲੀ ਗੱਲ ਸਮਝਣ ਲਈ ਈਸ਼ਵਰ ਦੇ ਸਰੂਪ ਦੇ ਵਿਸ਼ੇ ਵਿਚ ਬਾਈਬਲ ਦੀ ਵਿਚਾਰਧਾਰਾ ਨੂੰ ਜਾਣਨਾ ਜ਼ਰੂਰੀ ਹੈ। ਇਸ ਅਨੁਸਾਰ ਇਹ ਹੀ ਈਸ਼ਵਰ ਵਿਚ, ਇਕ ਹੀ ਈਸ਼ਵਰੀ ਤੱਤ ਵਿਚ ਤਿੰਨ ਵਿਅਕਤੀ ਹਨ-ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ। ਤਿੰਨੇ ਹੀ ਇਕੋ ਜਿਹੇ ਅਨਾਦੀ ਅਤੇ ਅਨੰਤ ਹਨ। ਬਾਈਬਲ ਵਿਚ ਕਈ ਥਾਂ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਗਿਆ ਹੈ ਕਿ ਈਸਾ ਈਸ਼ਵਰ ਦੇ ਪੁੱਤਰ ਹਨ ਜੋ ਪਿਤਾ ਵਾਂਗ ਪੂਰਨ ਰੂਪ ਵਿਚ ਈਸ਼ਵਰ ਹੀ ਹਨ।

          ਪਹਿਲੀਆਂ ਤਿੰਨ ਸਦੀਆਂ ਵਿਚ ਬਾਈਬਲ ਦੇ ਇਸ ਅਵਤਾਰਵਾਦ ਦੇ ਵਿਰੁੱਧ ਕੋਈ ਮਹੱਤਵਪੂਰਨ-ਲਹਿਰ ਨਹੀਂ ਚਲੀ। ਕਈ ਭਰਮਾਂ ਭਰੀਆਂ ਧਾਰਨਾਵਾਂ ਦਾ ਅਚੇਤ ਜ਼ਰੂਰ ਹੋਇਆ ਸੀ, ਪਰ ਉਨ੍ਹਾਂ ਵਿਚੋਂ ਕੋਈ ਵੀ ਧਾਰਨਾ ਵਧੇਰੇ ਸਮੇਂ ਤੱਕ ਚਲਦੀ ਨਾ ਰਹਿ ਸਕੀ। ਪਹਿਲੀ ਸਦੀ ਵਿਚ ਦੋ ਪਰਸਪਰ ਵਿਰੋਧੀ ਵਾਦਾਂ ਦਾ ਪ੍ਰਚਾਰ ਹੋਇਆ ਸੀ। ਈਬਿਊਨਿਟਿਜ਼ਮ ਦੇ ਅਨੁਸਾਰ ਈਸਾ ਈਸ਼ਵਰ ਨਹੀਂ ਸਨ ਅਤੇ ਡੋਸੀਟਿਜ਼ਮ ਦੇ ਅਨੁਸਾਰ ਉਹ ਮਨੁੱਖ ਨਹੀਂ ਸਨ। ਡੋਸੀਟਿਜ਼ਮ ਦਾ ਅਰਥ ਹੈ ਪ੍ਰਤੀਯਮਾਨਵਾਦ, ਕਿਉਂਕਿ ਇਸ ਵਾਦ ਦੇ ਅਨੁਸਾਰ ਈਸਾ ਮਨੁੱਖ ਦੇ ਰੂਪ ਵਿਚ ਨਜ਼ਰ ਭਾਵੇਂ ਆਏ, ਪਰ ਉਨ੍ਹਾਂ ਦੀ ਮਾਨਵਤਾ ਵਾਸਤਵਿਕ ਨਹੀਂ ਸੀ, ਪ੍ਰਤੀਯਮਾਨ ਮਾਤਰ (ਉਪਰੋਂ ਉਪਰੋਂ ਵਿਖਾਈ ਦੇਣ ਵਾਲੀ) ਸੀ। ਇਨ੍ਹਾਂ ਮੱਤਾਂ ਦੇ ਵਿਰੋਧ ਵਿਚ ਕੈਥੋਲਿਕ ਗਿਆਨੀ ਬਾਈਬਲ ਵਿਚੋਂ ਉਦਾਹਰਟਾਂ ਦੇ ਕੇ ਸਿੱਧ ਕਰਦੇ ਹਨ ਕਿ ਈਸਾਈ ਧਰਮ ਦੇ ਸਹੀ ਵਿਸ਼ਵਾਸ ਅਨੁਸਾਰ ਈਸਾ ਵਿਚ ਈਸ਼ਵਰੀ-ਤੱਤ ਅਤੇ ਮਨੁੱਖੀ-ਤੱਤ ਦੋਵੇਂ ਹੀ ਮੌਜੂਦ ਹਨ।

          ਚੌਥੀ ਸਦੀ ਈਸਵੀ ਵਿਚ ਆਰੀਅਸ ਨੇ ਤ੍ਰਿਤਵ ਅਤੇ ਅਵਤਾਰਵਾਦ ਦੇ ਵਿਸ਼ੇ ਵਿਚ ਇਕ ਨਵਾਂ ਵਿਚਾਰ ਪ੍ਰਚੱਲਤ ਕਰਨ ਦਾ ਸਫ਼ਲ ਯਤਨ ਕੀਤਾ ਜਿਸ ਨਾਲ ਬਹੁਤ ਸਮੇਂ ਤੱਕ ਸਾਰੇ ਈਸਾਈ ਸੰਸਾਰ ਵਿਚ ਅਸ਼ਾਂਤੀ ਫੈਲੀ ਰਹੀ। ਆਰੀਅਸ ਅਨੁਸਾਰ ਈਸ਼ਵਰ ਦੇ ਪੁੱਤਰ ਨੇ ਤਾਂ ਈਸਾ ਵਿਚ ਅਵਤਾਰ ਧਾਰਿਆ ਪਰ ਪੁੱਤਰ ਈਸ਼ਵਰੀ ਨਾ ਹੋ ਕੇ ਪਿਤਾ ਦੀ ਰਚਨਾ ਮਾਤਰ ਹੈ (ਵੇਖੋ ਆਰੀਅਸ)। ਇਸ ਸਿਖਿਆ ਦੇ ਵਿਰੋਧ ਵਿਚ ਈਸਾਈ ਗਿਰਜੇ ਦੀ ਪਹਿਲੀ ਮਹਾਂਸਭਾ ਨੇ ਐਲਾਨ ਕੀਤਾ, “ਪਿਤਾ ਅਤੇ ਪੁੱਤਰ ਅਸਲ ਵਿਚ ਇਕ ਹੀ ਹਨ ਅਰਥਾਤ ਦੋਵੇਂ ਸਮਾਨ ਰੂਪ ਵਿਚ ਈਸ਼ਵਰ ਹਨ।” ਇਹ ਮਹਾਂਸਭਾ ਦੀ ਬੈਠਕ 325 ਈ. ਵਿਚ ਨਿਸੀਆ ਨਾਂ ਦੇ ਸ਼ਹਿਰ ਹੋਈ ਸੀ।

          ਆਰੀਅਸ ਤੋਂ ਪਿਛੋਂ ਅਪੋਲੀਨਾਰਿਸ ਨੇ ਈਸਾ ਦੇ ਪੂਰਨ ਮਨੁੱਖ ਹੋਣ ਦਾ ਸਿਧਾਂਤ ਪੇਸ਼ ਕੀਤਾ। ਅਪੋਲੀਨਾਰਿਸ ਅਨੁਸਾਰ ਈਸਾ ਇਕ ਮਨੁੱਖੀ ਸਰੀਰ ਅਤੇ ਪ੍ਰਾਣਧਾਰੀ ਜੀਵ ਸੀ ਪਰ ਉਸ ਵਿਚ ਬੌਧਕ ਆਤਮਾ ਨਹੀਂ ਸੀ। ਮਨੁੱਖੀ ਆਤਮਾ ਦੀ ਥਾਂ ਉਨ੍ਹਾਂ ਵਿਚ ਈਸ਼ਵਰ ਦੇ ਪੁੱਤਰ ਨੇ ਲਈ ਹੋਈ ਸੀ। ਕੁਸਤੁਨਤੁਨੀਆ ਦੀ ਮਹਾਂਸਭਾ ਨੇ ਸੰਨ 381 ਵਿਚ ਅਪੋਲੀਨਾਰਿਸ ਦੇ ਵਿਰੁਧ ਐਲਾਨ ਕੀਤਾ ਕਿ ਈਸਾ ਦੇ ਵਾਸਤਵਿਕ ਮਨੁੱਖੀ ਸਰੀਰ ਵਿਚ ਇਕ ਬੌਧਿਕ ਵਾਸਤਵਿਕ ਮਨੁੱਖੀ ਆਤਮਾ ਮੌਜੂਦ ਸੀ

          ਪੰਜਵੀਂ ਸਦੀ ਵਿਚ ਕੁਸਤੁਨਤੁਨੀਆ ਦੇ ਬਿਸ਼ਪ ਨੈਸਤੋਰੀਅਸ ਨੇ ਅਵਤਾਰਵਾਦ ਸਬੰਧੀ ਇਕ ਨਵੀਂ ਧਾਰਨਾ ਦਾ ਪ੍ਰਚਾਰ ਕੀਤਾ ਜਿਸ ਦੇ ਸਿੱਟੇ ਵਜੋਂ ਕੈਥੋਲਿਕ ਗਿਰਜੇ ਦੀ ਤੀਜੀ ਮਹਾਂ ਸਭਾ ਦੀ ਬੈਠਕ ਐਫ਼ੇਸਸ ਵਿਚ ਸੰਨ 431 ਵਿਚ ਹੋਈ ਸੀ। ਨੈਸਤੋਰੀ ਅਸ ਦੇ ਅਨੁਸਾਰ ਈਸਾ ਵਿਚ ਦੋ ਵਿਅਕਤਿਤਵ ਮੌਜੂਦ ਸਨ- ਇਕ ਮਨੁੱਖੀ ਅਤੇ ਦੂਜਾ ਈਸ਼ਵਰੀ। ਮਨੁੱਖੀ-ਵਿਅਕਤਿਤਵ ਤਾਂ ਪੂਰਨ ਮਾਨਵੀ ਸੁਭਾ ਅਰਥਾਤ ਸਰੀਰ ਅਤੇ ਆਤਮਾ ਨਾਲ ਭਰਪੂਰ ਸੀ ਤੇ ਈਸ਼ਵਰੀ ਵਿਅਕਤਿਤਵ (ਈਸ਼ਵਰ ਦਾ ਪੁੱਤਰ) ਵਿਚ ਈਸ਼ਵਰੀ ਸੁਭਾ ਭਰਿਆ ਹੋਇਆ ਸੀ। ਇਸ ਲਈ ਈਸ਼ਵਰ ਮਨੁੱਖ ਨਹੀਂ ਬਣਿਆ, ਸਗੋਂ ਉਸ ਨੇ ਆਪਣੇ ਆਪ ਹੀ ਇਕ ਪੂਰਨ ਮਨੁੱਖ ਵਿਚ ਨਿਵਾਸ ਕੀਤਾ ਹੈ। ਐਫ਼ੇਸਸ ਦੀ ਮਹਾਂ ਸਭਾ ਨੇ ਨੈਸਤੋਰੀਅਸ ਨੂੰ ਉਸ ਦੀ ਪਦਵੀ ਤੋਂ ਹਟਾ ਦਿੱਤਾ ਅਤੇ ਉਸ ਦੀ ਸਿਖਿਆ ਦੇ ਵਿਰੋਧ ਵਿਚ ਐਲਾਨ ਕੀਤਾ ਕਿ ਈਸਾ ਵਿਚ ਕੇਵਲ ਇਕ ਹੀ ਵਿਅਕਤਿਤਵ, ਅਰਥਾਤ ‘ਈਸ਼ਵਰ ਦਾ ਪੁੱਤਰ ਹੋਣਾ’ ਮੌਜੂਦ ਹੈ। ਅਨਾਦੀ ਕਾਲ ਤੋਂ ਈਸ਼ਵਰੀ ਸੁਭਾਅ ਨਾਲ ਭਰਪੂਰ ਹੋ ਕੇ ਈਸ਼ਵਰ ਦੇ ਪੁੱਤਰ ਨੇ ਮਨੁੱਖੀ ਸੁਭਾ (ਸਰੀਰ ਅਤੇ ਆਤਮਾ) ਨੂੰ ਅਪਣਾ ਲਿਆ ਅਤੇ ਇਸ ਤਰ੍ਹਾਂ ਇਕ ਹੀ ਵਿਅਕਤੀ ਵਿਚ ਰੱਬ ਅਤੇ ਮਨੁੱਖ ਦੋਵੇਂ ਹੋਣ ਦਾ ਸੰਜੋਗ ਹੋਇਆ।

          ਨੈਸਤੋਰੀਅਸ ਦੇ ਵਿਚਾਰ ਦੇ ਪ੍ਰਤਿਕਰਮ ਵਜੋਂ ਕੁਝ ਵਿਦਵਾਨਾਂ ਨੇ ਈਸਾ ਵਿਚ ਨਾ ਕੇਵਲ ਇਕ ਹੀ ਵਿਅਕਤੀਤਵ ਸਗੋਂ ਇਕ ਹੀ ਸੁਭਾਅ ਵੀ ਮੰਨ ਲਿਆ ਹੈ। ਇਸ ਵਾਦ ਦਾ ਨਾਂ ਮਾਨੋਫਿਸਿਟਿਜ਼ਮ ਅਰਥਾਤ ਇਕ-ਸੁਭਾਅਵਾਦ ਹੈ। ਯੂਤਿਕੇਸ (Eutyches) ਨੂੰ ਇਸ ਵਿਚਾਰ ਦੇ ਆਰੰਭ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸ ਵਾਦ ਅਨੁਸਾਰ ਅਵਤਾਰ ਧਾਰਨ ਕਰਨ ਤੋਂ ਪਿੱਛੋਂ ਈਸਾ ਦਾ ਈਸ਼ਵਰ ਮਨੁੱਖ ਹੋਣਾ ਦੋਵੇਂ ਇਸ ਤਰ੍ਹਾਂ ਇਕ ਹੋ ਗਏ ਕਿ ਇਕ ਨਵਾਂ ਸੁਭਾਅ, ਇਕ ਨਵਾਂ ਤੱਤ ਪੈਦਾ ਹੋਇਆ, ਜੋ ਨਾ ਸਾਰੇ ਦਾ ਸਾਰਾ ਈਸ਼ਵਰੀ ਅਤੇ ਨਾ ਸਾਰੇ ਦਾ ਸਾਰਾ ਮਨੁੱਖੀ ਸੀ। ਦੂਜਿਆਂ ਦੇ ਵਿਚਾਰ ਅਨੁਸਾਰ ਈਸਾ ਦਾ ਮਨੁੱਖਤਵ ਉਸ ਦੇ ਈਸ਼ਵਰਤਵ ਵਿਚ ਪੂਰੀ ਤਰ੍ਹਾਂ ਸਮਾ ਗਿਆ ਜਿਸ ਨਾਲ ਈਸਾ ਵਿਚ ਈਸ਼ਵਰੀ ਸੁਭਾਅ ਬਾਕੀ ਰਿਹਾ। ਇਸ ਇਕ-ਸੁਭਾਵਾਦ ਦੇ ਵਿਰੁਧ ਚੌਥੀ ਮਹਾਂਸਭਾ ਕਾਲਸੇਡੋਨ – (Chalcedon) 459 ਨੇ ਰਵਾਇਤੀ ਅਵਤਾਰਵਾਦ ਦੀ ਪੂਰੀ ਪੂਰੀ ਹਮਾਇਤ ਕਰਦਿਆਂ ਹੋਇਆਂ ਫ਼ੈਸਲਾ ਕੀਤਾ ਕਿ ਈਸਾ ਵਿਚ ਈਸ਼ਵਰਤਵ ਅਤੇ ਮਨੁੱਖਤਵ ਦੋਵੇਂ ਸੰਪੂਰਨ ਅਤੇ ਵੱਖ ਵੱਖ ਹਨ।

          ਇਸ ਤੋਂ ਪਿਛੋਂ ਇਕ-ਸੁਭਾਅਵਾਦ ਦਾ ਬਦਲਿਆ ਹੋਇਆ ਰੂਪ ਪ੍ਰਚੱਲਤ ਹੋਇਆ। ਇਹ ਨਵਾਂ ਵਾਦ ਈਸਾ ਦੇ ਈਸ਼ਵਰਤਵ ਅਤੇ ਮਨੁੱਖਤਵ ਦੋਹਾਂ ਨੂੰ ਸਵੀਕਾਰ ਕਰਦਾ ਹੋਇਆ ਇਹ ਵੀ ਮੰਨਦਾ ਸੀ ਕਿ ਉਨ੍ਹਾਂ ਦਾ ਮਨੁੱਖਤਵ ਪੂਰੀ ਤਰ੍ਹਾਂ ਕਰਮ ਰਹਿਤ ਸੀ। ਇਥੋਂ ਤੱਕ ਕਿ ਉਨ੍ਹਾਂ ਵਿਚ ਮਨੁੱਖੀ ਇੱਛਾ ਸ਼ਕਤੀ ਵੀ ਨਹੀਂ ਸੀ। ਈਸਾ ਦੇ ਸਾਰੇ ਦੇ ਸਾਰੇ ਕਾਰਜ ਉਨ੍ਹਾਂ ਦੀ ਈਸ਼ਵਰ ਇੱਛਾ ਸ਼ਕਤੀ ਦੀ ਪ੍ਰੇਰਨਾ ਅਨੁਸਾਰ ਸਨ। ਇਸ ਵਿਚਾਰ ਦੇ ਵਿਰੋਧ ਵਿਚ ਕਸਤੁਨਤੁਨੀਆ ਦੀ ਇਕ ਨਵੀਂ ਮਹਾਂਸਭਾ ਨੇ 680ਈ. ਵਿਚ ਈਸਾ ਦਾ ਪੂਰਨ ਮਨੁੱਖਤਵ ਦਲੀਲਾਂ ਨਾਲ ਸਾਬਤ ਕਰਦੇ ਹੋਏ ਐਲਾਨ ਕੀਤਾ ਕਿ ਈਸਾ ਵਿਚ ਈਸ਼ਵਰੀ ਇੱਛਾ ਸ਼ਕਤੀ ਅਤੇ ਕਾਰਜ-ਸਮੂਹ ਤੋਂ ਇਲਾਵਾ ਮਨੁੱਖੀ ਇੱਛਾ ਸ਼ਕਤੀ ਅਤੇ ਕਾਰਜ ਸਮੂਹ ਦਾ ਇਕ ਵੱਖਰਾ ਵਜੂਦ ਸੀ।

          ਇਸ ਤਰ੍ਹਾਂ ਮੁਢਲੇ ਅਵਤਾਰਵਾਦੀ ਵਿਸ਼ਵਾਸ ਦੀ ਪੂਰਨ ਰੱਖਿਆ ਕਰਦੇ ਹੋਏ ਇਸ ਦੇ ਸਿਧਾਂਤਕ ਸੂਤਰੀਕਰਨ ਦਾ ਕਈ ਸਦੀਆਂ ਤੱਕ ਵਿਕਾਸ ਹੁੰਦਾ ਰਿਹਾ। ਅਖ਼ੀਰ ਵਿਚ ਇਹ ਮੰਨਿਆ ਗਿਆ ਕਿ ਈਸ਼ਵਰ ਦੇ ਪੁੱਤਰ ਨੇ ਪੂਰੀ ਤਰ੍ਹਾਂ ਈਸ਼ਵਰ ਰਹਿੰਦੇ ਹੋਏ ਮਨੁੱਖਤਵ ਨੂੰ ਆਪਣਾ ਲਿਆ ਹੈ। ਇਸ ਲਈ ਇਕ ਹੀ ਈਸ਼ਵਰੀ ਵਿਅਕਤੀ ਵਿਚ ਈਸ਼ਵਰਤਵ ਅਤੇ ਮਨੁੱਖਤਵ ਦੋ ਸੁਭਾਵਾਂ ਦਾ ਸੰਜੋਗ ਹੋਇਆ, ਉਸ ਦਾ ਮਨੁੱਖਤਵ ਬਿਲਕੁਲ ਠੀਕ ਅਤੇ ਪੂਰਨ ਸੀ। ਇਕ ਪਾਸੇ ਉਸ ਦਾ ਸਰੀਰ ਅਤੇ ਉਹਦਾ ਦੁੱਖ ਸੁੱਖ ਵਾਸਤਵਿਕ ਸੀ; ਦੂਜੇ ਪਾਸੇ ਉਸ ਦੀ ਮਨੁੱਖੀ ਆਤਮਾ ਦੀ ਆਪਣੀ ਬੁਧੀ ਅਤੇ ਇੱਛਾ-ਸ਼ਕਤੀ ਦਾ ਵੱਖਰਾ ਵਜੂਦ ਅਤੇ ਜੀਵਨ ਸੀ। ਈਸਾਈ-ਅਵਤਾਰਵਾਦ ਨੂੰ ਅਕਸਰ ਇਨਕਾਰਨੇਸ਼ਨ ਕਿਹਾ ਜਾਂਦਾ ਹੈ। ਅਸਲ ਵਿਚ ਇਹ ਈਸ਼ਵਰ ਦਾ ਮਨੁੱਖੀ ਜਾਮੇ ਵਿਚ ਪਰਗਟ ਹੋਣਾ ਹੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਵਤਾਰਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਤਾਰਵਾਦ : ਪੌਰਾਣਿਕ ਕਥਾਵਾਂ ਅਨੁਸਾਰ ਪਰਮਾਤਮਾ ਜਾਂ ਕਿਸੇ ਦੈਵੀ ਆਤਮਾ ਦਾ ਮਨੁੱਖੀ ਦੇਹ ਵਿਚ ਅਵਤਰਿਤ ਹੋ ਕੇ ਧਰਤੀ ’ਤੇ ਵਿਚਰਣ ਕਰਨਾ ਅਵਤਾਰ ਧਾਰਣ ਕਰਨਾ ਹੁੰਦਾ ਹੈ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸੰਸਾਰ ਵਿਚ ਪਾਪਾਂ ਜਾਂ ਪਾਪੀਆਂ ਦਾ ਨਾਸ਼ ਕਰਨ ਲਈ ਵਿਸ਼ਨੂੰ ਭਗਵਾਨ ਸਮੇਂ ਸਮੇਂ ’ਤੇ ਅਵਤਾਰ ਧਾਰਣ ਕਰਦੇ ਰਹਿੰਦੇ ਹਨ। ‘ਗੀਤਾ’ ਵਿਚ ਵੀ ਇਹੀ ਗੱਲ ਆਖੀ ਗਈ ਹੈ ਕਿ ਜਦ ਜਦ ਧਰਮ ਦੀ ਗਿਲਾਨੀ ਹੁੰਦੀ ਹੈ ਤਦ ਤਦ ਭਗਵਾਨ ਲੋਕਾਂ ਦੇ ਸੰਕਟ ਨਿਵਾਰਣ ਲਈ ਅਵਤਾਰ ਧਾਰਣ ਕਰਦੇ ਹਨ। ਵਿਸ਼ਨੂੰ ਭਗਵਾਨ ਦੇ ਚੌਵੀ ਅਵਤਾਰ ਇਹ ਹਨ–ਮੱਛ, ਕੱਛ, ਵਰਾਹ, ਮੋਹਨੀ, ਨਰਸਿੰਹ, ਪਰਸ਼ੁਰਾਮ, ਰਾਮ ਚੰਦ੍ਰ, ਕ੍ਰਿਸ਼ਨ, ਬਲਰਾਮ, ਵਾਮਨ, ਬੁੱਧ, ਨਾਰਦ, ਰਿਸ਼ਭ, ਕਪਿਲ, ਵਿਆਸ, ਹੰਸ, ਪ੍ਰਿਥੁ, ਦਤਾਤ੍ੑਯ, ਨਰ, ਨਾਰਾਇਣ, ਹਯ, ਗ੍ਰੀਵ, ਵੈਵਸ੍ਵਤ ਮਨੁ, ਧੰਨਤਰਿ ਤੇ ਕਲਕੀ। ਇਨ੍ਹਾਂ ਨਾਵਾਂ ਵਿਚ ਅੰਤਰ ਵੀ ਵੇਖਿਆ ਗਿਆ ਹੈ। ਇਸਲਾਮ ਵਿਚ ਅਵਤਾਰਵਾਦ ਦੀ ਧਾਰਣਾ ਨਹੀਂ  ਹੈ।

                    [ਸਹਾ. ਗ੍ਰੰਥ– ਮ. ਕੋ.; ਪਿਆਰਾ ਸਿੰਘ ਪਦਮ : ‘ਗੁਰੂ ਗ੍ਰੰਥ ਸੰਕੇਤ ਕੋਸ਼’]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਅਵਤਾਰਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਅਵਤਾਰਵਾਦ : ‘ਅਵਤਾਰ’ ਦਾ ਸ਼ਾਬਦਿਕ ਅਰਥ ਹੈ ਜਨਮ ਗ੍ਰਹਿਣ ਕਰਨਾ। ਪੁਰਾਣ ਮਤ ਅਨੁਸਾਰ ਅਵਤਾਰਵਾਦ ਤੋਂ ਭਾਵ, ਕਿਸੇ ਦੇਵਤਾ ਦਾ ਕਿਸੇ ਮਨੁੱਖੀ ਦੇਹ ਦੇ ਰੂਪ ਵਿੱਚ ਪ੍ਰਗਟ ਹੋਣਾ। ਅਵਤਾਰਵਾਦ ਦਾ ਸਿਧਾਂਤ ਹਿੰਦੂ ਮਤ ਦਾ ਪ੍ਰਮੁਖ ਸਿਧਾਂਤ ਹੈ, ਜੋ ਮੱਧ-ਕਾਲੀਨ ਕਾਲ ਤੱਕ ਕਾਫ਼ੀ ਪ੍ਰਚਲਿਤ ਰਿਹਾ। ਇਸ ਸਿਧਾਂਤ ਦੇ ਹਿੰਦੂ ਧਾਰਮਿਕ ਵਿਚਾਰਧਾਰਾ ਦੇ ਵਿਕਾਸ ਵਿੱਚ ਕਾਫ਼ੀ ਯੋਗਦਾਨ ਹੈ। ਇਸ ਸਿਧਾਂਤ ਨੂੰ ਸਮਝਣ ਲਈ ਇਸ ਦੀ ਉਤਪਤੀ ਤੇ ਵੱਖ-ਵੱਖ ਅਵਤਾਰਾਂ ਦੀ ਪ੍ਰਕਿਰਤੀ ਨੂੰ ਸਮਝਣ ਦੀ ਲੋੜ ਹੈ।

ਅਵਤਾਰਵਾਦ ਦਾ ਸਿਧਾਂਤ ਵੈਦਿਕ ਕਾਲ ਵਿੱਚ ਪ੍ਰਚਲਿਤ ਨਹੀਂ ਸੀ, ਕਿਉਂਕਿ ਵੈਦਿਕ ਸਾਹਿਤ ਵਿੱਚ ਅਵਤਾਰਾਂ ਦਾ ਕੋਈ ਵੀ ਸੰਕੇਤ ਨਹੀਂ ਮਿਲਦਾ, ਭਾਵੇਂ ਕਿ ਅਵਤਾਰਾਂ ਨਾਲ ਸੰਬੰਧਿਤ ਕਹਾਣੀਆਂ ਦੇ ਕੁਝ ਅੰਸ਼ ਰਿਗਵੇਦ ਵਿੱਚ ਮਿਲਦੇ ਹਨ। ਤੱਤ-ਮੀਮਾਂਸਕ ਪੱਖ ਤੋਂ ਇਹ ਸਿਧਾਂਤ ਅਵਿਕਸਿਤ ਤੋਂ ਵਿਕਸਿਤ, ਅਸੀਮਤ ਤੋਂ ਸੀਮਿਤ ਤੇ ਸਦੀਵਤਾ ਤੋਂ ਕਾਲ ਤੱਕ ਦੇ ਖੇਤਰ ਦੇ ਰਸਤੇ ਦਾ ਪ੍ਰਤੀਕ ਹੈ। ਹਿੰਦੂ ਮਤ ਅਨੁਸਾਰ ਅਵਤਾਰਵਾਦ ਦੇ ਸਿਧਾਂਤ ਦਾ ਉਦੇਸ਼ ਮਾਨਵਤਾ ਦੀ ਭਲਾਈ, ਧਰਮ ਦੀ ਸਥਾਪਨਾ ਅਤੇ ਅਧਰਮ ਤੇ ਬਦੀ ਦਾ ਨਾਸ਼ ਕਰਨਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵਿਸ਼ਨੂੰ ਦੇਵਤਾ ਨਾਰਾਇਣ ਜਾਂ ਸਰਬ-ਉੱਚ ਦੇਵਤਾ ਹੈ, ਜੋ ਬ੍ਰਹਿਮੰਡ ਦੀ ਪਾਲਣਾ ਕਰਦਾ ਹੈ ਤੇ ਨੈਤਿਕ ਨਿਯਮਾਂ ਨੂੰ ਵੀ ਬਹਾਲ ਰੱਖਦਾ ਹੈ। ਜਦੋਂ ਵੀ ਕਦੀ ਸੰਸਾਰ ਵਿੱਚ ਚੰਗਿਆਈ ਦਾ ਪਤਨ ਹੁੰਦਾ ਹੈ ਤੇ ਬਦੀ ਦਾ ਵਿਕਾਸ ਹੁੰਦਾ ਹੈ, ਉਸੇ ਹੀ ਸਮੇਂ ਵਿਸ਼ਨੂੰ ਦੇਵਤਾ ਮਨੁੱਖੀ ਜਾਂ ਗ਼ੈਰਮਨੁੱਖੀ ਦੇਹ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਸ ਤੱਥ ਦੀ ਪੁਸ਼ਟੀ ਭਗਵਤ ਗੀਤਾ ਦੇ ਚੌਥੇ ਅਧਿਆਇ ਵਿੱਚ ਮਿਲਦੀ ਹੈ, ਜਿਸ ਵਿੱਚ ਅਜਿਹਾ ਵਰਣਨ ਹੈ ਕਿ “ਜਦੋਂ ਵੀ ਕਦੇ ਧਰਮ ਦਾ ਪਤਨ ਹੁੰਦਾ ਹੈ ਅਤੇ ਅਨਿਆਂ ਦਾ ਵਾਧਾ ਹੁੰਦਾ ਹੈ, ਤਾਂ ਮੈਂ ਪਵਿੱਤਰ ਲੋਕਾਂ ਦੇ ਬਚਾਉ ਲਈ ਤੇ ਬਦੀ ਕਰਨ ਵਾਲਿਆਂ ਨੂੰ ਨਸ਼ਟ ਕਰਨ ਲਈ ਨਵਾਂ ਜਨਮ ਧਾਰਨ ਕਰਦਾ ਹਾਂ। ਧਰਮ ਦੀ ਸਥਾਪਨਾ ਲਈ ਮੈਂ ਹਰ ਕਾਲ ਵਿੱਚ ਜਨਮ ਲੈਂਦਾ ਹਾਂ।” ਅਜਿਹਾ ਹੀ ਵਰਣਨ ‘ਭਗਵਤ ਪੁਰਾਣ’ (8.24.5) ਵਿੱਚ ਵੀ ਮਿਲਦਾ ਹੈ।

ਮੌਲਿਕ ਰੂਪ ਵਿੱਚ ਅਵਤਾਰਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ। ਭਗਵਤ ਗੀਤਾ (x.40) ਦੇ ਅਨੁਸਾਰ ਦੇਵਤਾ ਦੇ ਪ੍ਰਗਟਾਓ ਦਾ ਕੋਈ ਅੰਤ ਨਹੀਂ ਹੈ। ਵੱਖ-ਵੱਖ ਧਾਰਮਿਕ-ਪੁਸਤਕਾਂ ਵਿੱਚ ਅਵਤਾਰਾਂ ਦੀ ਗਿਣਤੀ ਭਿੰਨ-ਭਿੰਨ ਹੈ। ਜਿਵੇਂ ਕਿ ‘ਗਰੁੜ ਪੁਰਾਣ’ ਅਨੁਸਾਰ 22, ‘ਬ੍ਰਹਮੰਡ ਪੁਰਾਣ’ ਤੇ ‘ਸਕੰਡ ਪੁਰਾਣ’ ਅਨੁਸਾਰ 10, ‘ਵਾਰਾਹ ਪੁਰਾਣ’ ਅਨੁਸਾਰ 11 ਤੇ ‘ਭਗਵਤ ਪੁਰਾਣ’ ਅਨੁਸਾਰ 22 ਅਵਤਾਰ ਮੰਨੇ ਗਏ ਹਨ। ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ‘ਦਸਮ ਗ੍ਰੰਥ’ ਵਿੱਚ ਦਰਜ਼ ਰਚਨਾ ‘ਚੋਬੀਸ ਅਵਤਾਰ’ ਹੈ। ਇਸ ਵਿੱਚ ਵਿਸ਼ਨੂੰ ਦੇ ਚੋਵੀ, ਬ੍ਰਹਮਾ ਦੇ ਸੱਤ ਅਤੇ ਰੁਦ੍ਰ ਦੇ ਦੋ ਅਵਤਾਰਾਂ ਦਾ ਵਰਣਨ ਹੈ : ਉਹਨਾਂ ਅਨੁਸਾਰ ਇਹ ਸਾਰੇ ਪਰਮ-ਸੱਤਾ ਦੀ ਕਿਰਤ ਹਨ, ਉਸ ਦੇ ਬਰਾਬਰ ਨਹੀਂ। ਇੱਕ ਆਮ ਪ੍ਰਚਲਿਤ ਧਾਰਨਾ ਅਨੁਸਾਰ ਵਿਸ਼ਨੂੰ ਦੇ ਦਸ ਮੁੱਖ ਅਵਤਾਰ ਮੰਨੇ ਗਏ ਹਨ। ਉਹ ਇਸ ਤਰ੍ਹਾਂ ਹਨ : ਮੱਛ, ਕਛੱਪ, ਵਰਾਹ, ਨਰਸਿੰਹ, ਵਾਮਨ, ਪਰਸ਼ਰਾਮ, ਰਾਮ ਚੰਦਰ, ਕ੍ਰਿਸ਼ਨ, ਬੁੱਧ ਅਤੇ ਕਲਕੀ। ਯੁੱਗ ਜਾਂ ਕਾਲ ਦੇ ਆਧਾਰ ਤੇ ਵੀ ਅਵਤਾਰਾਂ ਦੀ ਵੰਡ ਕੀਤੀ ਗਈ ਹੈ, ਜਿਵੇਂ ਸਤਿਜੁਗ ਦੇ ਅਵਤਾਰ ਮੱਛ, ਕਛੱਪ, ਵਰਾਹ ਤੇ ਨਰਸਿੰਹ ਹਨ, ਤ੍ਰੇਤੇ ਯੁੱਗ ਦੇ ਅਵਤਾਰ ਪਰਸ਼ਰਾਮ, ਸ੍ਰੀ ਰਾਮ ਚੰਦਰ, ਦਵਾਪਰ ਯੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਤੇ ਕਲਿਯੁਗ ਦੇ ਅਵਤਾਰ ਬੁੱਧ ਤੇ ਕਲਕੀ ਹਨ। ਅਵਤਾਰਵਾਦ ਦੇ ਸਿਧਾਂਤ ਅਨੁਸਾਰ ਵਿਸ਼ਨੂੰ ਦੇਵਤੇ ਵਿੱਚ ਸੋਲਾਂ ਅੰਸ਼ ਹਨ। ਇਸ ਦੇ ਅਵਤਾਰ ਰੂਪ ਵਿੱਚ ਪ੍ਰਗਟਾਅ ਨੂੰ ਅੰਸ਼ਾਵਤਰਾ ਕਿਹਾ ਜਾਂਦਾ ਹੈ। ਵਿਸ਼ਨੂੰ ਦੇ ਵੱਖ-ਵੱਖ ਅਵਤਾਰਾਂ ਵਿੱਚ ਪੰਜ, ਨੌਂ, ਚੌਦਾਂ ਅਤੇ ਸੋਲਾਂ ਅੰਸ਼ ਪਾਏ ਜਾਂਦੇ ਹਨ, ਜਿਵੇਂ ਕਿ ਸ੍ਰੀ ਰਾਮ ਚੰਦਰ ਵਿੱਚ ਚੌਦਾਂ ਅੰਸ਼ ਤੇ ਸ੍ਰੀ ਕ੍ਰਿਸ਼ਨ ਵਿੱਚ ਸੋਲਾਂ ਅੰਸ਼ ਮੰਨੇ ਜਾਂਦੇ ਹਨ।

ਅਵਤਾਰਵਾਦ ਦੇ ਸਿਧਾਂਤ ਅਨੁਸਾਰ ਅਵਤਾਰਾਂ ਦਾ ਵਿਕਾਸ ਜੀਵਨ ਦੇ ਹੇਠਲੇ ਰੂਪਾਂ ਤੇ ਹੋਇਆ। ਜਿਵੇਂ ਕਿ ਮੱਛ, ਕਛੱਪ, ਵਰਾਹ, ਨਰਸਿੰਹ, ਬਾਵਲ, ਮਨੁੱਖ ਤੇ ਫਿਰ ਮਹਾਨ ਨਾਇਕ ਤੇ ਅਰਧ-ਦੇਵੀ ਗੁਣਾਂ ਵਾਲੇ ਮਨੁੱਖ। ਪਹਿਲੇ ਪੰਜ ਅਵਤਾਰ ਮਿਥਿਹਾਸਿਕ ਹਨ, ਜਿਨ੍ਹਾਂ ਵਿੱਚੋਂ ਤਿੰਨ ਅਵਤਾਰਾਂ ਦਾ ਸੰਬੰਧ ਪਾਣੀ ਨਾਲ ਤੇ ਦੂਸਰੇ ਦੋਹਾਂ ਅਵਤਾਰਾਂ ਦਾ ਸੰਬੰਧ ਧਰਤੀ ਨਾਲ ਹੈ। ਅਗਲੇ ਤਿੰਨ ਅਵਤਾਰ ਇਤਿਹਾਸਿਕ ਹਨ। ਬੁੱਧ ਦਾ ਸੰਬੰਧ ਕੇਵਲ ਧਰਮ ਨਾਲ ਹੈ ਤੇ ਕਲਕੀ ਨੇ ਕਲਿਯੁਗ ਦੇ ਅੰਤ ਵਿੱਚ ਬੁਰਾਈ ਦਾ ਨਾਸ਼ ਕਰਨ ਲਈ ਹਾਲੇ ਪ੍ਰਗਟ ਹੋਣਾ ਹੈ। ਪਹਿਲੇ ਪੰਜ ਗ਼ੈਰਮਨੁੱਖੀ ਅਵਤਾਰਾਂ ਦੀ ਹੋਂਦ ਤੇ ਉਹਨਾਂ ਵਿੱਚ ਪਾਈ ਜਾਣ ਵਾਲੀ ਸ਼ਕਤੀ ਬਾਰੇ ਵੱਖ-ਵੱਖ ਵਿਚਾਰਧਾਰਾਵਾਂ ਹਨ। ਮੱਛ ਵਿਵਾਹਿਕ ਜੀਵਨ ਦੀ ਖ਼ੁਸ਼ੀ ਤੇ ਉਪਜਾਇਕਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਕਛੱਪ ਅਵਤਾਰ ਦੇ ਰੂਪ ਵਿੱਚ ਵਿਸ਼ਨੂੰ ਨੇ ਸਮੁੰਦਰ ਮੰਥਨ ਸਮੇਂ ਸਮੁੰਦਰ ਦੇ ਤਲ ਹੇਠਾਂ ਮੰਦਰਾ ਪਰਬਤ ਨੂੰ ਸਹਾਰਾ ਦੇ ਕੇ ਦੇਵਤਿਆਂ ਦੀ ਮਦਦ ਕੀਤੀ। ਕਛੱਪ ਵੀ ਸਥਿਰਤਾ ਤੇ ਉਪਜਾਇਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਰਾਹ ਅਵਤਾਰ ਦਾ ਰੂਪ ਵਿਸ਼ਨੂੰ ਨੇ ਹਰਨਾਖ਼ਸ਼ ਨਾਲ ਸੰਘਰਸ਼ ਕਰਨ ਲਈ ਧਾਰਨ ਕੀਤਾ। ਪ੍ਰਹਿਲਾਦ ਦੇ ਪਿਤਾ ਹਰਨਾਖ਼ਸ਼ ਨੇ ਬ੍ਰਹਮਾਂ ਤੋਂ ਵਰ ਪ੍ਰਾਪਤ ਕੀਤਾ ਹੋਇਆ ਸੀ ਕਿ ਉਸ ਨੂੰ ਕੋਈ ਵੀ ਦੇਵਤਾ, ਮਨੁੱਖ, ਜਾਨਵਰ ਮਾਰ ਨਹੀਂ ਸਕਦਾ। ਇਸ ਲਈ ਵਿਸ਼ਨੂੰ ਨੇ ਨਰਸਿੰਹ ਦੇ ਰੂਪ ਵਿੱਚ ਅਵਤਾਰ ਲੈ ਕੇ ਉਸ ਦਾ ਨਾਸ਼ ਕੀਤਾ। ਵਾਮਨ ਅਵਤਾਰ ਦੇ ਰੂਪ ਵਿੱਚ ਵਿਸ਼ਨੂੰ ਨੇ ਬਾਲੀ ਰਾਜੇ ਤੇ ਜਿੱਤ ਪ੍ਰਾਪਤ ਕੀਤੀ। ਪਰਸੂਰਾਮ, ਰਾਮ, ਕ੍ਰਿਸ਼ਨ ਤੇ ਬੁੱਧ ਮਨੁੱਖੀ ਅਵਤਾਰ ਹਨ, ਜਿਨ੍ਹਾਂ ਨੇ ਮਨੁੱਖ ਦੇ ਰੂਪ ਵਿੱਚ ਜਨਮ ਲੈ ਕੇ ਆਪਣੇ ਇਤਿਹਾਸਿਕ ਕਾਰਨਾਮਿਆਂ ਰਾਹੀਂ ਦੈਵੀ ਦਰਜਾ ਪ੍ਰਾਪਤ ਕੀਤਾ। ਪਰਸੂਰਾਮ ਨੇ ਬ੍ਰਾਹਮਣਾਂ ਨੂੰ ਕਸ਼ਤਰੀਆਂ ਦੇ ਅਤਿਆਚਾਰ ਤੋਂ ਮੁਕਤ ਕਰਵਾਇਆ। ਰਾਮ ਨੇ ਰਾਵਣ ਦਾ ਅੰਤ ਕੀਤਾ ਤੇ ਕ੍ਰਿਸ਼ਨ ਵਿਸ਼ਨੂੰ ਦੇ ਸਾਰੇ ਅਵਤਾਰਾਂ ਵਿੱਚੋਂ ਮਹੱਤਵਪੂਰਨ ਅਵਤਾਰ ਹੈ। ਬੁੱਧ ਦੇ ਅਵਤਾਰ ਬਾਰੇ ਵੱਖ-ਵੱਖ ਵਿਚਾਰਧਾਰਾਵਾਂ ਹਨ। ਮਹਾਤਮਾ ਬੁੱਧ ਨੇ ਬੁੱਧ ਧਰਮ ਦੀ ਨੀਂਹ ਰੱਖੀ ਅਤੇ ਇਹ ਧਰਮ ਅਵਤਾਰਵਾਦ ਦੇ ਸਿਧਾਂਤ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪਰੰਤੂ ਹਿੰਦੂ ਮਤ (ਵਿਸ਼ਨੂੰ ਪੁਰਾਣ) ਅਨੁਸਾਰ ਬੁੱਧ ਵਿਸ਼ਨੂੰ ਦਾ ਅਵਤਾਰ ਹੈ।

ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਅਵਤਾਰਵਾਦ ਦਾ ਸਿਧਾਂਤ ਅਵਤਾਰਾਂ ਦਾ ਮਨੁੱਖੀ ਅਤੇ ਗ਼ੈਰਮਨੁੱਖੀ ਰੂਪ ਵਿੱਚ ਪ੍ਰਗਟ ਹੋਣਾ, ਇਸ ਗੱਲ ਦਾ ਸੰਕੇਤ ਹੈ ਕਿ ਸਾਰੇ ਮਨੁੱਖੀ ਤੇ ਗ਼ੈਰਮਨੁੱਖੀ ਜੀਵਾਂ ਵਿੱਚ ਦੈਵੀ ਹੋਂਦ ਮੌਜੂਦ ਹੈ। ਇਹ ਮਨੁੱਖ ਦੇ ਵਿਅਕਤੀਗਤ ਦੇਵਤੇ ਵਿੱਚ ਵਿਸ਼ਵਾਸ ਦੀ ਸੰਤੁਸ਼ਟੀ ਕਰਦਾ ਹੈ ਜੋ ਮੁਸ਼ਕਲ ਦੇ ਸਮੇਂ ਮਨੁੱਖ ਦੇ ਦੁੱਖਾਂ ਤੇ ਬੁਰਾਈ ਤੋਂ ਮੁਕਤ ਹੋਣ ਦੀ ਖ਼ਾਹਸ਼ ਦਾ ਪ੍ਰਗਟਾਅ ਹੈ ਤੇ ਮੁਕਤੀ ਦੀ ਆਸ ਦਾ ਪ੍ਰਣ ਹੈ। ਅਵਤਾਰਵਾਦ ਦੇ ਸਿਧਾਂਤ ਦੀ ਵਿਆਖਿਆ ਕਰਦੇ ਹੋਏ, ਇੱਕ ਵਿਦਵਾਨ ਨੇ ਕਿਹਾ ਹੈ :

ਧਾਰਮਿਕ ਦ੍ਰਿਸ਼ਟੀਕੋਣ ਤੇ ਅਵਤਾਰ ਦੈਵੀ ਹੋਂਦ ਦਾ ਮਨੁੱਖੀ ਦੇਹ-ਰੂਪ ਵਿੱਚ ਪ੍ਰਗਟਾਅ ਹੈ ਤੇ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਇਹ ਮਾਨਵਤਾ ਨੂੰ ਦੱਸਣ ਦਾ ਇੱਕ ਢੰਗ ਹੈ ਕਿ ਮਨੁੱਖੀ ਸੀਮਾਵਾਂ ਦੇ ਦਾਇਰੇ ਵਿੱਚ ਰਹਿੰਦੇ ਹੋਏ ਵੀ ਸਰਬ-ਉੱਚ ਗੁਣਾਂ ਦਾ ਅਭਿਆਸ ਕਰਨਾ, ਚੰਗਾ ਤੇ ਪ੍ਰਵਾਨ-ਯੋਗ ਜੀਵਨ ਬਤੀਤ ਕਰਨਾ ਸੰਭਵ ਹੈ।

ਡਾ. ਰਾਧਾ ਕ੍ਰਿਸ਼ਨਨ ਅਨੁਸਾਰ :

ਅਵਤਾਰ ਮਨੁੱਖ ਦੇ ਅਧਿਆਤਮਿਕ ਸੋਮਿਆਂ ਤੇ ਦੈਵੀ ਹੋਂਦ ਦਾ ਪ੍ਰਗਟਾਵਾ ਹਨ। ਇਹ ਦੈਵੀ ਸ਼ਾਨ ਦਾ ਮਨੁੱਖੀ ਢਾਂਚੇ ਦੀਆਂ ਸੀਮਾਵਾਂ ਵਿੱਚ ਸੰਕੁਚਿਤ ਹੋਣਾ ਨਹੀਂ ਹੈ, ਬਲਕਿ ਮਨੁੱਖੀ ਪ੍ਰਕਿਰਤੀ ਦਾ ਦੈਵੀ ਹੋਂਦ ਨਾਲ ਮਿਲਾਪ ਹੋਣ ਦੇ ਬਾਅਦ ਖ਼ੁਦਾਈ ਦੇ ਪੱਧਰ ’ਤੇ ਉੱਚਾ ਉੱਠਣ ਤੋਂ ਹੈ।

ਪਰੰਤੂ ਕੇਵਲ ਇੱਕ ਵਿਸ਼ੇਸ਼ ਅਧਿਆਤਮਿਕ ਪੱਧਰ ’ਤੇ ਪਹੁੰਚਣ ਤੋਂ ਬਾਅਦ ਹੀ ਮਨੁੱਖ ਬਾਹਰੀ ਅਵਤਾਰ ਨੂੰ ਅੰਤਰੀਵ ਦੈਵੀਪਨ ਦਾ ਪ੍ਰਤੀਕ ਦੇਖਦਾ ਹੈ।

ਸਿੱਖ ਧਰਮ ਵਿੱਚ ਅਵਤਾਰਵਾਦ ਦੇ ਸਿਧਾਂਤ ਨੂੰ ਨਹੀਂ ਮੰਨਿਆ ਗਿਆ ਤੇ ਬੁਤ-ਪੂਜਾ ਦਾ ਵੀ ਖੰਡਨ ਕੀਤਾ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੱਬ ਨੂੰ ਹਿੰਦੂ ਮਿਥਿਹਾਸਿਕ ਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਹੈ, ਪਰ ਅਜਿਹੇ ਨਾਂਵ ਕੇਵਲ ਇੱਕ ਈਸ਼ਵਰਵਾਦ ਦੇ ਹੀ ਪ੍ਰਤੀਕ ਹਨ। ਗੁਰੂ ਨਾਨਕ ਦੇਵ ਨੇ ਰਾਗ ਮਲਾਰ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1279 ਵਿਖੇ ਇਹਨਾਂ ਅਵਤਾਰਾਂ ਦਾ ਸੰਕੇਤ ਦਿੱਤਾ ਹੈ :

ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ॥

ਬ੍ਰਹਮੇ ਦਿਤੇ ਬੇਦ ਪੂਜਾ ਲਾਇਆ।

ਦਸ ਅਵਤਾਰੀ ਰਾਮੁ ਰਾਜਾ ਆਇਆ॥

ਦੈਤਾ ਮਾਰੇ ਧਾਇ ਹੁਕਮਿ ਸਬਾਇਆ॥

ਈਸ ਮਹੇਸੁਰ ਸੇਵ ਤਿਨੀ ਅੰਤੁ ਨਾ ਪਾਇਆ॥

ਇਹ ਸੰਕੇਤ ਕੇਵਲ ਇਸ ਗੱਲ ਨੂੰ ਦੁਹਰਾਉਂਦਾ ਹੈ ਕਿ ਇਹ ਅਵਤਾਰ ਆਪਣੇ-ਆਪ ਵਿੱਚ ਕੁਝ ਵੀ ਨਹੀਂ ਹਨ, ਇਹ ਸਾਰੇ ਇੱਕ ਸਰਬ-ਉੱਚ ਰੱਬ ਦੇ ਹੁਕਮ ਅੰਦਰ ਹੀ ਹਨ। ਇਸ ਤਰ੍ਹਾਂ ਦੇ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਂਵਾਂ ਤੇ ਮਿਲਦੇ ਹਨ। ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਕਿਸੇ ਵੀ ਗੁਰੂ ਨੇ ਆਪਣੇ ਆਪ ਨੂੰ ਰੱਬ ਦਾ ਅਵਤਾਰ ਨਹੀਂ ਮੰਨਿਆ। ਗੁਰੂ ਨਾਨਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਰਾਗ ਆਸਾ, ਪੰਨਾ, 357 ਵਿੱਚ ਆਪਣੇ-ਆਪ ਨੂੰ ਬਹੁਤ ਹਲੀਮੀ ਭਰੇ ਸ਼ਬਦਾਂ ਵਿੱਚ ਦਰਸਾਇਆ ਹੈ:

ਨਾ ਹਉ ਜਤੀ ਸਤੀ ਨਹੀਂ ਪੜਿਆ

ਮੂਰਖ ਮੁਗਧ ਜਨਮੁ ਭਇਆ॥

ਪ੍ਰਣਵਤਿ ਨਾਨਕੁ ਤਿਨ ਕੀ ਸਰਣਾ

ਜਿਨ ਤੂੰ ਨਾਹੀ ਵੀਸਰਿਆ।

ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਅਵਤਾਰਵਾਦ ਦੇ ਸਿਧਾਂਤ ਦਾ ਖੰਡਨ ਕਰਕੇ ਆਪਣੇ-ਆਪ ਨੂੰ ਰੱਬ ਦੇ ਦਾਸ ਜਾਂ ਪੁੱਤਰ ਦੇ ਰੂਪ ਵਿੱਚ ਮੰਨਿਆ ਹੈ ਤੇ ਬਚਿੱਤਰ ਨਾਟਕ ਵਿੱਚ ਕਿਹਾ :

ਜੇ ਹਮ ਕੋ ਪਰਮੇਸਰ ਉਚਰਿ ਹੈ॥

ਤੇ ਸਭ ਨਰਕਿ ਕੁੰਡ ਮਹਿ ਪਰਿ ਹੈ॥

ਮੋ ਕੋ ਦਾਸੁ ਤਵਨ ਕਾ ਜਾਨੋ॥

ਯਾ ਮੈਂ ਭੇਦੁ ਨ ਰੰਚ ਪਛਾਨੋ॥

ਇਸ ਤਰ੍ਹਾਂ ਸਿੱਖ ਧਰਮ ਨੇ ਸਦੀਆਂ ਤੋਂ ਚੱਲਦੇ ਆਏ ਅਵਤਾਰਵਾਦ ਦੇ ਸਿਧਾਂਤ ਦਾ ਖੰਡਨ ਕਰਕੇ ਇੱਕ ਰੱਬ ਦੀ ਸਰਬ-ਉੱਚ ਹੋਂਦ ਵਿੱਚ ਵਿਸ਼ਵਾਸ ਉੱਤੇ ਜ਼ੋਰ ਦਿੱਤਾ।


ਲੇਖਕ : ਸ਼ਸ਼ੀ ਬਾਲਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-25-02-54-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First