ਅਵਦਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਵਦਾਨ . ਸੰ. ਸੰਗ੍ਯਾ— ਨੇਕ ਕੰਮ. ਸੁਕਰਮ । ੨ ਚੰਗਾ ਚਾਲਚਲਨ । ੩ ਖੰਡਨ. ਤੋੜਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਵਦਾਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਦਾਨ : ‘ ਅਵਦਾਨ’ ਕਿਸੇ ਯਥਾਰਥ ਵਿਅਕਤੀ , ਸਥਾਨ ਜਾਂ ਘਟਨਾ ਨਾਲ ਸੰਬੰਧਿਤ ਉਹ ਲੋਕ ਕਥਾ ਜਾਂ ਕਹਾਣੀ ਹੁੰਦੀ ਹੈ ਜਿਹੜੀ ਪਰੰਪਰਾ ਤੋਂ ਪ੍ਰਾਪਤ ਹੋਈ ਹੋਵੇ । ਸਮੇਂ ਦੇ ਬੀਤਣ ਨਾਲ ਇਸ ਪਰੰਪਰਾਗਤ ਕਹਾਣੀ ਨਾਲ ਹੋਰ ਕਈ ਦਿਲਚਸਪ ਗੱਲਾਂ ਵੀ ਜੁੜ ਜਾਂਦੀਆਂ ਹਨ । ਅੰਗ੍ਰੇਜ਼ੀ ਦਾ ਸ਼ਬਦ ‘ legend’ ਇਸ ਦਾ ਸਮਾਨਾਰਥਕ ਹੀ ਹੈ । ਮਹਾਤਮਾ ਬੁੱਧ , ਵਿਕ੍ਰਮਾਜੀਤ , ਰਾਜਾ ਰਸਾਲੂ , ਗੋਪੀ ਚੰਦ , ਗੁੱਗਾ ਪੀਰ ਅਤੇ ਹੀਰ ਰਾਂਝਾ ਆਦਿ ਕਿੱਸਿਆਂ ਦੀਆਂ ਵਾਰਤਾਵਾਂ ਇਸੇ ਕੋਟੀ ਵਿਚ ਆਉਂਦੀਆਂ ਹਨ ।

                  [ ਸਹਾ. ਗ੍ਰੰਥ– ਹਿ. ਸਾ .ਕੋ. ( 1 ) ]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਅਵਦਾਨ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਦਾਨ : ਇਸ ਦਾ ‘ ਅਮਰਕੋਸ਼’ ਅਨੁਸਾਰ ਅਰਥ ਹੈ— ‘ ਪ੍ਰਾਚੀਨ ਚਰਿਤ , ਪਰੁਤਾਨ ਬਿੱਤਾਂਤ’ । ਇਸ ਤਰ੍ਹਾਂ ‘ ਅਵਦਾਨ’ ਤੋਂ ਤਾਤਪਰਜ ਹੈ ਉਹ ਪਰੁਤਾਨ ਕਥਾਵਾਂ ਜਿਨ੍ਹਾਂ ਦੁਆਰਾ ਕਿਸੇ ਇਤਿਹਾਸਿਕ ਵਿਅਕਤੀ ਦੇ ਗੁਣਾਂ ਅਤੇ ਚਰਿਤ੍ਰ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਮਿਲਦੀ ਹੈ ਜਾਂ ਕਿਸੇ ਸਥਾਨ ਜਾਂ ਘਟਨਾ ਦਾ ਬੋਧ ਹੁੰਦਾ ਹੈ ਜਿਸ ਨੂੰ ਲੋਕ ਵਿਚ ਪ੍ਰਤਿਸ਼ਠਾ ਪ੍ਰਾਪਤ ਹੋ ਚੁੱਕੀ ਹੋਵੇ ।

              ਸਾਧਾਰਣ ਬ੍ਰਿੱਤਾਂਤ ਨਾਲੋਂ ਅਵਦਾਨ ਦਾ ਨਿਖੇੜ ਇਸ ਗੱਲ ਵਿਚ ਹੈ ਕਿ ਇਸ ਵਿਚ ਇਤਿਹਾਸਕਿਤਾ ਉਤੇ ਮਿਥ ਦੀ ਚਾਸ਼ਣੀ ਹੌਲੀ-ਹੌਲੀ ਇਸ ਤਰ੍ਹਾਂ ਚੜ੍ਹਦੀ ਜਾਂਦੀ ਹੈ ਕਿ ਇਨ੍ਹਾਂ ਵਿਚ ਪਰੰਪਰਾ ਤੋਂ ਪ੍ਰਾਪਤ ਹੋਇਆ ਤੱਥ ਜਾਂ ਨਾਂ ਕੇਵਲ ਸੂਤਰ ਜਾਂ ਬੀਜ ਰੂਪ ਵਿਚ ਰਹਿ ਜਾਂਦਾ ਹੈ , ਬਾਕੀ ਸਾਰਾ ਬ੍ਰਿੱਤਾਂਤ ਲੋਕ-ਵਾਰਤਾ ਬਣੀ ਹੁੰਦੀ ਹੈ ।   ਪੀਰਾਂ-ਫਕੀਰਾਂ , ਵੀਰ ਅਤੇ ਪਰਾਕ੍ਰਮੀ ਯੋਧਿਆਂ , ਲੋਕ-ਨਾਇਕਾਂ , ਧਰਮਾਤਾਮਾ ਰਾਜਿਆਂ , ਅਦੁੱਤੀ ਪ੍ਰੇਮੀ-ਜੋੜਿਆਂ ਨਾਲ ਪ੍ਰਚਲਿਤ ਵਾਰਤਵਾਂ ਇਸੇ ਕਿਸਮ ਦੀਆਂ ਹੁੰਦੀਆਂ ਹਨ । ਇਨ੍ਹਾਂ ਨਾਲ ਕਥਾਨਕ ਰੂੜ੍ਹੀਆਂ ਅਤੇ ਲੋਕ-ਵਿਸ਼ਵਾਸ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਰਹਿੰਦੇ ਹਨ । ਦੇਵੀ-ਦੇਵਤਿਆਂ ਨਾਲ ਸੰਬੰਧਿਤ ਗਾਥਾਵਾਂ ਦੀ ਕਈ ਵਾਰ ਅਵਦਾਨਾਂ ਵਿਚ ਸ਼ਾਮਲ ਕਰ ਲਈਆਂ ਜਾਂਦੀਆਂ ਹਨ । ਇਹ ਅਵਦਾਨ ਲਈ ਲੈਜੰਡ ( Legend ) ਸ਼ਬਦ ਵਰਤਿਆ ਜਾਂਦਾ ਹੈ । ਪੰਜਾਬੀ ਵਿਚ ‘ ਦੰਦ-ਕਥਾ’ ਸ਼ਬਦ ਵੀ ਇਸ ਦਾ ਸੂਚਕ ਮੰਨਿਆ ਜਾ ਸਕਦਾ ਹੈ ।

                  ਮਹਾਤਮਾ ਬੁੱਧ ਨਾਲ ਸੰਬੰਧਿਤ ਸੰਸਕ੍ਰਿਤ ਭਾਸ਼ਾ ਵਿਚ ਜੋ ਚਰਿਤ-ਪ੍ਰਧਾਨ ਸਾਹਿੱਤ ਲਿਖਿਆ ਗਿਆ ਉਸ ਨੂੰ ਵਿਸ਼ੇਸ਼ ਰੂਪ ਵਿਚ ‘ ਅਵਦਾਨ’ ਕਿਹਾ ਜਾਂਦਾ ਹੈ । ਇਸ ਪਰੰਪਰਾ ਦੀ ਸਭ ਤੋਂ ਮਹੱਤਵਪੂਰਣ ਰਚਨਾ ‘ ਅਵਦਾਨ-ਸ਼ਤਕ’ ਹੈ ਜੋ ਦੂਜੀ ਸਦੀ ਵਿਚ ਲਿਖੀ ਗਈ ਪ੍ਰਤੀਤ ਹੁੰਦੀ ਹੈ । ਇਸ ਵਿਚ ਕੁਲ ਇਕ ਸੌ ਕਥਾਵਾਂ ਹਨ ਜਿਹੜੀਆਂ ਅਗੋਂ ਦਸ ਵਰਗਾਂ ਵਿਚ ਵੰਡੀਆਂ ਹੋਈਆ ਹਨ । ਇਨ੍ਹਾਂ ਚਰਿਤ-ਪ੍ਰਧਾਨ ਕਥਾਵਾਂ ਦੀ ਭਾਵਨਾ ਬੁੱਧ ਦੀ ਉਪਾਸਨਾ ਦਾ ਪ੍ਰਚਾਰ ਕਰਨਾ ਹੈ । ਮਹਾਤਮਾ ਬੁੱਧ ਦੀ ਉਪਾਸਨਾ ਕਰਨ ਨਾਲ ਵੱਖ-ਵੱਖ ਲੋਕਾਂ ਨੂੰ ਕਿਹੜੀ-ਕਿਹੜੀ ਪ੍ਰਾਪਤੀ ਹੋਈ ਅਤੇ ਉਨ੍ਹਾਂ ਦਾ ਸਰੂਪ ਕਿਵੇਂ ਅਲੌਕਿਕ ਬਣਿਅ , ਇਸ ਤਰ੍ਹਾਂ ਦੇ ਵਿਵਰਣ ਵਰਤਮਾਨ ਅਤੇ ਪੂਰਬਲੇ ਜਨਮਾਂ ਦੀਆਂ ਘਟਨਾਵਾਂ ਅਤੇ ਸਥਿਤੀਆਂ ਨਾਲ  ਪੁਸ਼ਟ ਕੀਤੇ ਗਏ ਹਨ ।

                  ਹੀਨਯਾਨੀ ਬਿਰਤੀ ਵਾਲੇ ‘ ਅਵਦਾਨ ਸ਼ਤਕ’ ਦੇ ਸਮਾਨਾਂਤਰ ਮਹਾਯਾਨੀ ਸਿੱਧਾਂਤਾਂ ‘ ਤੇ ਆਧਾਰਿਤ ‘ ਦਿਵਯਾਵਦਾਨ’ ਗ੍ਰੰਥ ਦੀ ਰਚਨਾ ਵੀ ਕੀਤੀ ਗਈ ਹੈ । ਇਸ ਦਾ ਚੌਂਤੀਵਾਂ ਪ੍ਰਕਰਣ ‘ ਮਹਾਯਾਨ ਸੂਤ੍ਰ’ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਦਾ ਕਥਾਨਕ ਅਤੇ ਕਾਵਿ-ਸ਼ੈਲੀ ‘ ਅਵਦਾਨ ਸ਼ਤਕ’ ਤੋਂ ਬਹੁਤ ਪ੍ਰਭਾਵਿਤ ਹੈ । ਇਸ ਦੀਆਂ ਅੱਧੀਆਂ ਕਥਾਵਾਂ ‘ ਵਿਨਯਪਿਟਕ’ ਅਤੇ ਬਾਕੀ ਦੀਆਂ ‘ ਸੂਤ੍ਰਾਲੰਕਾਰ’ ਤੋਂ ਲਈਆਂ ਗਈਆਂ ਹਨ । ਇਸ ਵਿਚਲੀਆਂ ਕੁਝ ਕਥਾਵਾਂ ਦਾ ਅਨੁਵਾਦ ਤੀਜੀ ਸਦੀ ਵਿਚ ਚੀਨੀ ਭਾਸ਼ਾ ਵਿਚ ਹੋਣ ਕਾਰਣ ਇਸ ਨੂੰ ਵੀ ਦੂਜੀ ਸਦੀ ਦੀ ਰਚਨਾ ਮੰਨਿਆ ਜਾਂਦਾ ਹੈ । ਇਸ ਗ੍ਰੰਥ ਵਿਚੋਂ ਮਹਾਰਾਜ ਅਸ਼ੋਕ ਦੇ ਚਰਿੱਤ੍ਰ ਨਾਲ ਸੰਬੰਧਿਤ ਲਗਭਗ 30 ਕਥਾਵਾਂ ਨੂੰ ਵੱਖਰਿਆਂ ਕਰ ਕੇ ‘ ਅਸ਼ੋਕਾਵਦਾਨ’ ਨਾਂ ਦਾ ਸੰਕਲਨ ਤਿਆਰ ਕੀਤਾ ਗਿਆ । ਇਨ੍ਹਾਂ ਕਥਾਵਾਂ ਰਾਹੀਂ ਅਸ਼ੋਕ ਦੁਆਰਾ ਬੁੱਧ ਧਰਮ ਦੇ ਪ੍ਰਚਾਰ ਲਈ ਕੀਤੇ ਗਏ ਯਤਨਾਂ ਦਾ ਰੋਚਕ ਸ਼ੈਲੀ ਵਿਚ ਵਰਣਨ ਹੈ ।

                  ਇਥੇ ‘ ਅਵਦਾਨ’ ਅਤੇ ‘ ਜਾਤਕ’ ਵਿਚਲਾ ਅੰਤਰ ਵੀ ਸਪਸ਼ਟ ਕਰ ਦੇਣਾ ਉਚਿਤ ਹੋਵੇਗਾ । ‘ ਜਾਤਕ’ , ਅਸਲ ਵਿਚ , ਮਹਾਤਮਾ ਬੁੱਧ ਦੇ ਪੂਰਵ-ਜਨਮ ਦੀਆਂ ਕਥਾਵਾਂ ਨਾਲ ਸੰਬੰਧਿਤ ਹਨ । ਇਨ੍ਹਾਂ ਵਿਚੋਂ , ਬੁੱਧ ਹੀ ਪ੍ਰਧਾਨ ਪਾਤਰ ਹੈ । ਪਰ ‘ ਅਵਦਾਨ’ ਵਿਚ ਬੁੱਧ ਦੇ ਕਿਸੇ ਵਿਸ਼ੇਸ਼ ਉਪਾਸਕ ਦੀ ਆਦਰਸ਼ ਸ਼ਖ਼ਸੀਅਤ ਉਥੇ ਝਾਤ ਪਾ ਕੇ ਬੁੱਧ ਧਰਮ ਦੇ ਕਿਸੇ ਸਿੱਧਾਂਤ ਜਾਂ ਜੀਵਨ-ਜਾਂਚ ਦਾ ਵਿਸ਼ਲੇਸ਼ਣ ਕੀਤਾ ਹੁੰਦਾ ਹੈ । ਪੰਜਾਬੀ ਦਾ ਜਨਮ-ਸਾਖੀ ਸਾਹਿੱਤ ਜਾਤਕਾਂ ਦੇ ਨੇੜੇ ਹੈ ਅਤੇ ਭਗਤਾਂ ਦੀਆਂ ਸਾਖੀਆਂ ਅਵਦਾਨਾਂ ਨਾਲ ਮੇਲ ਖਾਂਦੀਆਂ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.