ਅਵਾਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਵਾਣ : ਇਹ ਸ਼ਬਦ ਅਰਬੀ ਔਨ ( ਜਿਸਦਾ ਮਤਲਬ ਸਹਾਇਕ ) ਸ਼ਬਦ ਦਾ ਬਹੁਵਚਨ ਹੈ । ਅਵਾਣ ਹਜ਼ਰਤ ਅਲੀ ਦੇ ਪੱਕੇ ਹਾਮੀ ਅਤੇ ਈਰਾਨੀ ਤੇ ਅਰਬੀ ਸਭਿਅਤਾ ਨੂੰ ਮੰਨਣ ਵਾਲੇ ਸ਼ੀਆ ਲੀਡਰ ਸਨ । ਸੰਨ 710-1015 ਤੱਕ ਇਨ੍ਹਾਂ ਨੇ ਈਰਾਨ ਦੇ ਪੂਰਬੀ ਇਲਾਕਿਆਂ ਸਫ਼ੇਦਕੋਹ , ਬਲੋਚਿਸਤਾਨ ਤੋਂ ਮੁਲਤਾਨ ਨੂੰ ਇਸਲਾਮੀ ਖ਼ਲੀਫ਼ਿਆਂ ਅਧੀਨ ਕਰਨ ਵਿਚ ਹਿੱਸਾ ਪਾਇਆ । ਇਨ੍ਹਾਂ ਦੀਆਂ ਔਰਤਾਂ ਆਰੀਆਈ ਬੋਲੀਆਂ ਵਾਲੀਆਂ ਜੱਟ ਤੇ ਰਾਜਪੂਤ ਸਨ , ਇਸੇ ਕਰਕੇ ਇਨ੍ਹਾਂ ਦੀ ਬੋਲੀ ਵਿਚ ਪੁਰਾਤਨ ਪੈਸ਼ਾਚੀ ਅਤੇ ਕੈਕੇਯ ਅਪਭ੍ਰੰਸ਼ਾਂ ਦੇ ਕਈ ਰੂਪ ਤੇ ਲਹਿਜੇ ਹਾਲੇ ਤੱਕ ਸੁਰੱਖਿਅਤ ਹਨ । ਇਨ੍ਹਾਂ ਦੇ ਵੱਡੇ-ਵਡੇਰੇ ਕੁਤਬ ਸ਼ਾਹ ਅਲਵੀ ਗ਼ਜ਼ਨੀ ਵਾਸੀ ਤੇ ਔਨ ਬਿਨ ਅਬਦੁੱਲਾ ਸਨ ।

                  ਅਵਾਣ ਲੋਕ ਕੱਦ ਦੇ ਲੰਬੇ , ਤਿੱਖੀ ਨਿਗਾਹ ਤੇ ਸਾਂਵਲੇ ਰੰਗ ਵਾਲੇ ਹੁੰਦੇ ਹਨ । ਮਰਦ ਤਹਿਮਤ , ਸ਼ਮਲੇਦਾਰ ਪਗੜੀ ਤੇ ਖੁਲ੍ਹਾ ਚੋਲਾ ਪਹਿਨਦੇ ਹਨ ਅਤੇ ਔਰਤਾਂ ਦੇ ਪਹਿਰਾਵੇ ਵਿਚ ਰਾਜਪੂਤ , ਜਾਟ ਤੇ ਪਹਾੜੀ ਕਾਂਟ-ਛਾਂਟ ਦਾ ਮੇਲ ਦਿਸਦਾ ਹੈ । ਅਵਾਣਕਾਰ ਲੜਾਈ , ਸ਼ਿਕਾਰ , ਨੇਜ਼ਾਬਾਜ਼ੀ , ਕਬੱਡੀ ਤੇ ਕੁਸ਼ਤੀ ਦੇ ਬਹੁਤ ਸ਼ੌਕੀਨ ਹਨ । ਦੂਜੀ ਵੱਡੀ ਲੜਾਈ ਵਿਚ ਅਵਾਣਾਂ ਦੇ ਕੇਂਦਰ ਤਲਾਗੰਗ ਦੀ 10% ਆਬਾਦੀ ਫ਼ੌਜ ਵਿਚ ਭਰਤੀ ਹੋ ਚੁੱਕੀ ਸੀ । ਅਰਬਾਂ ਅਤੇ ਬਲੋਚਾਂ ਵਾਂਗ ਅਵਾਣ ਵਪਾਰ ਅਤੇ ਵਹੀ-ਖ਼ਾਤੇ ਦੇ ਕੰਮ ਨੂੰ ਨਖਿੱਧ ਸਮਝਦੇ ਹਨ । ਇਨ੍ਹਾਂ ਤਲਵਾਰ ਅਤੇ ਹਲ ਦੇ ਧਨੀਆਂ ਵਿਚੋਂ ਮੀਆਂ ਚਿਰਾਂਗ਼ ਵਰਗ਼ੇ ਕਲਮ ਦੇ ਧਨੀ ਕਵੀ ਵੀ ਹੋਏ ਹਨ ਜਿਸ ਨੇ ਸੰਨ 1710 ਵਿਚ ( ਵਾਰਿਸ ਤੋਂ 60 ਕੁ ਵਰ੍ਹੇ ਪਹਿਲਾਂ ) ਕਿੱਸਾ ਹੀਰ ਰਾਂਝਾ ਲਿਖਿਆ ਸੀ । ਕਨਿੰਘਮ ਨੇ ਅਵਾਣ ਦਾ ਸਬੰਧ ਅਨੁ ( अनु ) ਨਾਲ ਜੋੜ ਕੇ , ਅਨੁਵਾਨ ਅਰਥਾਤ ਅਣ-ਆਰੀਆਂ ਦਾ ਇਕ ਰੂਪ ਦੱਸਿਆ ਹੈ ।

                  ਫ਼ਿਰੋਜ਼ਲੁਗ਼ਾਤ ਵਿਚ ਅਵਾਣਾਂ ਨੂੰ ਰਾਜਪੂਤ ਕੌਮ ਦੱਸਿਆ ਗਿਆ ਹੈ , ਜਿਸ ਦਾ ਭਾਵ ਹੈ ਕਿ ਕੁਝ ਹਿੰਦੂ ਰਾਜਪੂਤ , ਮੁਸਲਮਾਣ ਬਣ ਕੇ ਅਵਾਣ ਕੌਮ ਵਿਚ ਘੁਲ-ਮਿਲ ਗਏ ਸਨ । ਇਨ੍ਹਾਂ ਦੇ ਸਰਦਾਰ ਮਲਿਕ ਅਖਵਾਉਂਦੇ ਹਨ । ਅਵਾਣ ਭਾਵੇਂ ਦੂਰ ਦੂਰ ਦੇ ਇਲਾਕਿਆਂ ਵਿਚ ਵੀ ਰਹਿੰਦੇ ਹਨ ਪਰ ਇਨ੍ਹਾਂ ਦੇ ਕੇਂਦਰ ਸੁਹਾਂ ਨਦੀ ਤੇ ਲੂਣ ਦੇ ਪਹਾੜ ਦੇ ਵਿਚਕਾਰ ਹੈ । ਇਨ੍ਹਾਂ ਦੀ ਕੁੱਲ ਗਿਣਤੀ ਕੋਈ ਇਕ ਲੱਖ ਹੋਵੇਗੀ ।

                  ਹ. ਪੁ.– ਆਰਕਿਆਲੋਜੀਕਲ ਰਿਪੋਰਟਸ , ਜਿਲਦ II , ਥਾਮਸਨ-ਜਿਹਲਮ ਸੈਟਲਮੈਂਟ ਰਿਪੋਰਟ; ਡਾ. ਹਰਦੇਵ ਬਾਹਰੀ-ਫੋਨੈਟਿਕਸ ਐਂਡ ਫੋਨਾਜੌਲੀ ਆਫ਼ ਲਹਿੰਦੀ; ਹੈਦਰ ਅਲੀ ਅਵਾਣ-ਤਾਰੀਖ ਅਲਵੀ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.