ਅਵਿਕਾਰੀ ਸ਼ਬਦ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅਵਿਕਾਰੀ ਸ਼ਬਦ : ‘ ਅਵਿਕਾਰੀ ਸ਼ਬਦ’ ਸੰਕਲਪ ਭਾਵਾਂਸ਼-ਵਿਉਂਤ ਵਿਚ ਵਰਤਿਆ ਜਾਂਦਾ ਹੈ । ਰੂਪ ਦੇ ਪੱਖ ਤੋਂ ਸ਼ਬਦ ਦੋ ਪਰਕਾਰ ਦੇ ਹੁੰਦੇ ਹਨ : ( i ) ਵਿਕਾਰੀ ਸ਼ਬਦ ਅਤੇ ( ii ) ਅਵਿਕਾਰੀ ਸ਼ਬਦ । ਜਿਨ੍ਹਾਂ ਸ਼ਬਦਾਂ ਦੀ ਬਣਤਰ ਵਿਚ ਵਿਆਕਰਨਕ ਸਬੰਧਾਂ ਅਨੁਸਾਰ ਵਿਕਾਰ ਆਉਂਦਾ ਹੋਵੇ ਉਨ੍ਹਾਂ ਸ਼ਬਦਾਂ ਨੂੰ ਵਿਕਾਰੀ ਸ਼ਬਦਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਂਦਾ ਹੈ । ਇਸ ਭਾਂਤ ਦੇ ਸ਼ਬਦਾਂ ਦੀ ਬਣਤਰ ਵਿਚ ਵਿਕਾਰੀ ਪਿਛੇਤਰ ਲਗਦੇ ਹਨ ਅਤੇ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਤ ਹੁੰਦੇ ਹਨ । ਇਹ ਸ਼ਬਦ ਘੱਟੋ-ਘੱਟ ਇਕ ਵਿਆਕਰਨਕ ਸ਼ਰੇਣੀ ਅਨੁਸਾਰ ਆਪਣਾ ਰੂਪ ਵਟਾਉਂਦੇ ਹਨ । ਇਸ ਭਾਂਤ ਦੇ ਸ਼ਬਦਾਂ ਦੀ ਆਪਣੀ ਰੂਪਾਵਲੀ ਬਣਦੀ ਹੈ ਜਿਵੇਂ : ਨਾਂਵ ( ਘੋੜਾ , ਘੋੜੇ , ਘੋੜੀ , ਘੋੜੀਆਂ , ਘੋੜਿਆਂ ਆਦਿ ) । ਵਿਸ਼ੇਸ਼ਣ ( ਕਾਲਾ , ਕਾਲੇ , ਕਾਲੀ , ਕਾਲੀਆਂ , ਕਾਲਿਆਂ ਆਦਿ ) । ਦੂਜੇ ਪਾਸੇ ਅਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੀ ਬਣਤਰ ਵਿਚ ਵਿਕਾਰ ਨਾ ਆਉਂਦਾ ਹੋਵੇ ਭਾਵ ਕਿਸੇ ਵੀ ਵਿਆਕਰਨਕ ਸਬੰਧ ਅਤੇ ਵਿਆਕਰਨਕ ਸਥਿਤੀ ਵਿਚ ਉਨ੍ਹਾਂ ਦਾ ਰੂਪ ਪਰਿਵਰਤਨ ਨਹੀਂ ਹੁੰਦਾ । ਇਸ ਭਾਂਤ ਦੇ ਸ਼ਬਦਾਂ ਦੀ ਰੂਪਾਵਲੀ ਨਹੀ ਬਣਦੀ ਜਿਵੇਂ : ਸਬੰਧਕ ( ਨੇ , ਨੂੰ , ਤੋਂ ) ਯੋਜਕ ( ਕਿ , ਤੇ , ਅਤੇ , ਫਿਰ , ਪਰ ) ਪਾਰਟੀਕਲਜ਼ ( ਹੀ , ਵੀ , ਈ , ਨਾ , ਨਹੀਂ ) । ਵਿਕਾਰ ਦੇ ਪੱਖ ਤੋਂ ਨਾਂਵ , ਪੜਨਾਂਵ , ਸਹਾਇਕ ਕਿਰਿਆ ਦੀ ਸ਼ਬਦਾਵਲੀ ਵਿਕਾਰੀ ਹੁੰਦੀ ਹੈ ਅਤੇ ਪਾਰਟੀਕਲ ਨਿਰੋਲ ਅਵਿਕਾਰੀ ਅਤੇ ਬਾਕੀ ਬਚਦੇ ਸ਼ਬਦ-ਸ਼ਰੇਣੀਆਂ ਦੇ ਮੈਂਬਰ ਵਿਕਾਰੀ ਅਤੇ ਅਵਿਕਾਰੀ ਹੁੰਦੇ ਹਨ । ( ਵੇਖੋ ਵਿਕਾਰੀ ਸ਼ਬਦ ) ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.