ਅਵਿਕਾਰੀ ਸ਼ਬਦ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਅਵਿਕਾਰੀ ਸ਼ਬਦ: ‘ਅਵਿਕਾਰੀ ਸ਼ਬਦ’ ਸੰਕਲਪ ਭਾਵਾਂਸ਼-ਵਿਉਂਤ ਵਿਚ ਵਰਤਿਆ ਜਾਂਦਾ ਹੈ। ਰੂਪ ਦੇ ਪੱਖ ਤੋਂ ਸ਼ਬਦ ਦੋ ਪਰਕਾਰ ਦੇ ਹੁੰਦੇ ਹਨ : (i) ਵਿਕਾਰੀ ਸ਼ਬਦ ਅਤੇ (ii) ਅਵਿਕਾਰੀ ਸ਼ਬਦ। ਜਿਨ੍ਹਾਂ ਸ਼ਬਦਾਂ ਦੀ ਬਣਤਰ ਵਿਚ ਵਿਆਕਰਨਕ ਸਬੰਧਾਂ ਅਨੁਸਾਰ ਵਿਕਾਰ ਆਉਂਦਾ ਹੋਵੇ ਉਨ੍ਹਾਂ ਸ਼ਬਦਾਂ ਨੂੰ ਵਿਕਾਰੀ ਸ਼ਬਦਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਇਸ ਭਾਂਤ ਦੇ ਸ਼ਬਦਾਂ ਦੀ ਬਣਤਰ ਵਿਚ ਵਿਕਾਰੀ ਪਿਛੇਤਰ ਲਗਦੇ ਹਨ ਅਤੇ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਤ ਹੁੰਦੇ ਹਨ। ਇਹ ਸ਼ਬਦ ਘੱਟੋ-ਘੱਟ ਇਕ ਵਿਆਕਰਨਕ ਸ਼ਰੇਣੀ ਅਨੁਸਾਰ ਆਪਣਾ ਰੂਪ ਵਟਾਉਂਦੇ ਹਨ। ਇਸ ਭਾਂਤ ਦੇ ਸ਼ਬਦਾਂ ਦੀ ਆਪਣੀ ਰੂਪਾਵਲੀ ਬਣਦੀ ਹੈ ਜਿਵੇਂ : ਨਾਂਵ (ਘੋੜਾ, ਘੋੜੇ, ਘੋੜੀ, ਘੋੜੀਆਂ, ਘੋੜਿਆਂ ਆਦਿ)। ਵਿਸ਼ੇਸ਼ਣ (ਕਾਲਾ, ਕਾਲੇ, ਕਾਲੀ, ਕਾਲੀਆਂ, ਕਾਲਿਆਂ ਆਦਿ)। ਦੂਜੇ ਪਾਸੇ ਅਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੀ ਬਣਤਰ ਵਿਚ ਵਿਕਾਰ ਨਾ ਆਉਂਦਾ ਹੋਵੇ ਭਾਵ ਕਿਸੇ ਵੀ ਵਿਆਕਰਨਕ ਸਬੰਧ ਅਤੇ ਵਿਆਕਰਨਕ ਸਥਿਤੀ ਵਿਚ ਉਨ੍ਹਾਂ ਦਾ ਰੂਪ ਪਰਿਵਰਤਨ ਨਹੀਂ ਹੁੰਦਾ। ਇਸ ਭਾਂਤ ਦੇ ਸ਼ਬਦਾਂ ਦੀ ਰੂਪਾਵਲੀ ਨਹੀ ਬਣਦੀ ਜਿਵੇਂ : ਸਬੰਧਕ (ਨੇ, ਨੂੰ, ਤੋਂ) ਯੋਜਕ (ਕਿ, ਤੇ, ਅਤੇ, ਫਿਰ, ਪਰ) ਪਾਰਟੀਕਲਜ਼ (ਹੀ, ਵੀ, ਈ, ਨਾ, ਨਹੀਂ)। ਵਿਕਾਰ ਦੇ ਪੱਖ ਤੋਂ ਨਾਂਵ, ਪੜਨਾਂਵ, ਸਹਾਇਕ ਕਿਰਿਆ ਦੀ ਸ਼ਬਦਾਵਲੀ ਵਿਕਾਰੀ ਹੁੰਦੀ ਹੈ ਅਤੇ ਪਾਰਟੀਕਲ ਨਿਰੋਲ ਅਵਿਕਾਰੀ ਅਤੇ ਬਾਕੀ ਬਚਦੇ ਸ਼ਬਦ-ਸ਼ਰੇਣੀਆਂ ਦੇ ਮੈਂਬਰ ਵਿਕਾਰੀ ਅਤੇ ਅਵਿਕਾਰੀ ਹੁੰਦੇ ਹਨ। (ਵੇਖੋ ਵਿਕਾਰੀ ਸ਼ਬਦ)।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First