ਅਸ਼ਟਾਂਗ ਯੋਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸ਼ਟਾਂਗ ਯੋਗ : ਪਾਤੰਜਲੀ ਅਨੁਸਾ ਮਨ ਦੀਆਂ ਬਿਰਤੀਆਂ ਦੇ ਰੋਕਣ ਨੂੰ ਯੋਗ ਕਹਿੰਦੇ ਹਨ। ਇਸ ਇਕਾਗਰਤਾ ਅਤੇ ਸਿੱਧੀ ਨੂੰ ਪ੍ਰਾਪਤ ਕਰਨ ਲਈ ਕੁਝ ਉਪਾ ਜ਼ਰੂਰੀ ਹਨ। ਇਨ੍ਹਾਂ ਉਪਾਵਾਂ ਨੂੰ ‘ਅੰਗ’ ਕਹਿੰਦੇ ਹਨ ਅਤੇ ਇਹ ਅੰਗ ਅੱਠ ਹਨ। ਇਸ ਲਈ ਅਸ਼ਟਾਂਗ ਯੋਗ ਦਾ ਅਰਥ ਬਣਦਾ ਹੈ––ਮਨ ਦੀ ਇਕਾਗਰਤਾ ਲਈ ਕੀਤੇ ਜਾਣ ਵਾਲੇ ਅੱਠ ਉਪਾ ਜਾ ਅੰਗ। ਅਸ਼ਟਾਂਗ ਦੇ ਪਹਿਲੇ ਪੰਜ ਅੰਗਾਂ (ਯਮ, ਨਿਯਮ, ਆਸਣ, ਪ੍ਰਾਣਾਯਾਮ ਤੇ ਪ੍ਰਤਿ-ਆਹਾਰ) ਨੂੰ ‘ਬਹਿਰੰਗ’ (ਭਾਵ ਬਾਹਰਲੇ ਉਪਾ) ਕਿਹਾ ਜਾਂਦਾ ਹੈ ਅਤੇ ਅੰਤਮ ਤਿੰਨ ਅੰਗ (ਧਾਰਨਾ, ਧਿਆਨ, ਸਮਾਧੀ) ‘ਅੰਤਰੰਗ’ ਨਾਂ ਨਾਲ ਮਸ਼ਹੂਰ ਹਨ। ਬਹਿਰੰਗ ਸਾਧਨਾਂ ਨੂੰ ਠੀਕ ਤਰ੍ਹਾਂ ਕਰਨ ਤੋਂ ਪਿਛੋਂ ਹੀ ਕੋਈ ਵਿਅਕਤੀ ਅੰਤਰੰਗ ਸਾਧਨਾਂ ਦੇ ਕਰਨ ਦਾ ਅਧਿਕਾਰੀ ਮੰਨਿਆ ਜਾਂਦਾ ਹੈ। ‘ਯਮ’ ਅਤੇ ‘ਨਿਯਮ’ ਹੀ ਅਸਲ ਵਿਚ ਸੰਕੋਚ ਅਤੇ ਤਪੱਸਿਆ ਦੇ ਸੂਚਕ ਹਨ। ‘ਯਮ’ ਦੇ ਅਰਥ ਸੰਜਮ ਤੋਂ ਲਏ ਜਾਂਦੇ ਹਨ ਤੇ ਸੰਜਮ ਪੰਜ ਤਰ੍ਹਾਂ ਦੇ ਮੰਨਿਆ ਜਾਂਦਾ ਹੈ (ੳ) ਅਹਿੰਸਾ, (ਅ) ਸੱਚ, (ੲ) ਅਸਤੇਯ, (ਚੋਰੀ ਅਰਥਾਤ ਪਰਾਏ ਧਨ ਦੀ ਇੱਛਾ ਨਾ ਕਰਨਾ), (ਸ) ਬ੍ਰਹਮਚਰਯ ਅਤੇ ਅਪਰਿਗ੍ਰਿਹ (ਵਿਸ਼ਿਆਂ ਨੂੰ ਸਵੀਕਾਰ ਨਾ ਕਰਨਾ)। ਇਸੇ ਤਰ੍ਹਾਂ ਹੀ ‘ਨਿਯਮ’ ਵੀ ਪੰਜ ਤਰ੍ਹਾਂ ਦਾ ਹੀ ਹੁੰਦਾ ਹੈ। ਪਵਿਤਰਤਾ, ਸੰਤੋਖ, ਤਪ, ਸਵਾਧਿਆਏ (ਵੇਦਾਂ ਦਾ ਨਿਯਮ-ਪੂਰਬਕ, ਪੂਰਾ ਤੇ ਠੀਕ ਅਧਿਐਨ), ਮੋਖ ਸ਼ਾਸਤਰ ਦਾ ਚਿੰਤਨ ਜਾਂ ਓਂਕਾਰ ਦਾ ਜਾਪ ਅਤੇ ਈਸ਼ਵਰ-ਪ੍ਰਾਇਣਤਾ (ਅਰਥਾਤ ਭਗਤੀ ਭਾਵਨਾ ਰਾਹੀਂ ਕਰਮਾਂ ਦਾ ਈਸ਼ਵਰ ਨੂੰ ਸਮਰਪਣ ਕਰਨਾ)। ਆਸਣ ਦਾ ਭਾਵ ਟਿਕ ਕੇ ਅਤੇ ਸੁਖ ਨਾਲ ਬੈਠਣਾ ਹੈ। ਆਸਣ ਪੂਰਾ ਹੋਣ ਤੇ ਸਵਾਸਾਂ ਤੇ ਪ੍ਰਸਵਾਸਾਂ ਦੀ ਚਾਲ ਨੂੰ ਰੋਕਣ ਦਾ ਨਾਂ ਪ੍ਰਾਣਾਯਾਮ ਹੈ। ਬਾਹਰ ਦੀ ਹਵਾ ਨੂੰ ਅੰਦਰ ਖਿਚਣਾ ਸਵਾਸ ਅਤੇ ਅੰਦਰ ਦੀ ਹਵਾ ਦੇ ਬਾਹਰ ਕੱਢਣ ਨੂੰ ਪ੍ਰਸਵਾਸ ਕਹਿੰਦੇ ਹਨ। ਪ੍ਰਾਣਾਯਾਮ ਪ੍ਰਾਣਾਂ ਦੀ ਸਥਿਰਤਾ ਦਾ ਸਾਧਨ ਹੈ। ਇਸਦੇ ਅਭਿਆਸ ਨਾਲ ਪ੍ਰਾਣਾਂ ਦੀ ਸਥਿਰਤਾ ਆਉਂਦੀ ਹੈ ਅਤੇ ਸਾਧਕ ਆਪਣੇ ਮਨ ਦੀ ਸਥਿਰਤਾ ਲਈ ਹੋਰ ਅੱਗੇ ਵਧਦਾ ਹੈ। ਆਖਰੀ ਤਿੰਨੇ ਅੰਗ ਮਨ ਦੀ ਸਥਿਰਤਾ ਦੇ ਸਾਧਨ ਹਨ। ਪ੍ਰਾਣ-ਸਿਥਰਤਾ ਤੇ ਮਨ-ਸਥਿਰਤਾ ਦੇ ਵਿਚਕਾਰਲੇ ਸਾਧਨਾਂ ਦਾ ਨਾਂ ਪ੍ਰਤਿਆਹਾਰ ਹੈ। ਪ੍ਰਾਣਾਯਾਮ ਰਾਹੀਂ ਤੁਲਨਾਤਮਕ ਤੌਰ ਤੇ ਪ੍ਰਾਣਾਂ ਵਿਚ ਸ਼ਾਂਤੀ ਆਉਣ ਨਾਲ ਮਨ ਦਾ ਬਾਹਰਮੁਖੀ ਸਭਾ ਸੁਭਾਵਕ ਹੀ ਘਟ ਜਾਂਦਾ ਹੈ। ਸਿੱਟਾ ਇਹ ਨਿਕਲਦਾ ਹੈ ਕਿ ਇੰਦਰੀਆਂ ਆਪਣੇ ਬਾਹਰੀ ਵਿਸ਼ਿਆਂ ਤੋਂ ਹੱਟ ਕੇ ਅੰਤਰ-ਮੁਖੀ ਹੋ ਜਾਂਦੀਆਂ ਹਨ। ਇਸੇ ਅਮਲ ਦਾ ਨਾਂ ਪ੍ਰਤਿਆਹਾਰ ਹੈ (ਪ੍ਰਤਿ==ਪ੍ਰਤੀਕੂਲ ਤੇ ਆਹਾਰ=ਪਿਰਤੀ)

          ਇਸ ਤੋਂ ਅੱਗੇ ਮਨ ਦੀ ਬਾਹਰਮੁਖੀ ਗਤੀ ਖ਼ਤਮ ਹੋ ਜਾਂਦੀ ਹੈ ਅਤੇ ਉਸ ਵਿਚ ਅੰਤਰਮੁਖੀ ਹੋ ਕੇ ਅਡੋਲ ਤੇ ਸਥਿਰ ਹੋਣ ਦੀ ਇੱਛਾ ਪੈਦਾ ਹੁੰਦੀ ਹੈ। ਇਸੇ ਇੱਛਾ ਤੇ ਪੈਦਾ ਹੋਣ ਦਾ ਨਾਂ ‘ਧਾਰਨਾ’ ਹੈ। ਦੇਹ ਦੇ ਕਿਸੇ ਅੰਗ ਉੱਤੇ (ਜਿਹਾ ਕਿ ਹਿਰਦੇ ਵਿਚ ਨੱਕ ਦੀ ਕੰਬਲ ਜਾਂ ਜੀਭ ਦੇ ਅਗਲੇ ਹਿੱਸੇ ਉੱਤੇ) ਜਾਂ ਬਾਹਰੀ ਪਦਾਰਥ ਉੱਤੇ (ਜਿਹਾ ਕਿ ਇਸ਼ਟ-ਦੇਵਤਾ ਦੀ ਮੂਰਤੀ ਆਦਿ ਉੱਤੇ) ਚਿੱਤ ਲਾਉਣ ਨੂੰ ‘ਧਾਰਨਾ’ ਕਹਿੰਦੇ ਹਨ। ਧਿਆਨ ਇਸ ਤੋਂ ਅੱਗੇ ਦੀ ਦਸ਼ਾ ਦਾ ਨਾਂ ਹੈ। ਇਸ ਅਵਸਥਾ ਵਿਚ ਧੇਯ ਵਸਤੂ (ਜਿਸ ਦਾ ਧਿਆਨ ਧਰਿਆ ਹੋਵੇ) ਦਾ ਗਿਆਨ ਏਕਾਕਾਰ ਰੂਪ ਵਿਚ ਪ੍ਰਵਾਹਤ ਹੋ ਜਾਂਦਾ ਹੈ। ਇਸ ਨੂੰ ਧਿਆਨ ਕਹਿੰਦੇ ਹਨ, ਧਾਰਨਾ ਤੇ ਧਿਆਨ ਦੋਹਾਂ ਅਵਸਥਾਵਾਂ ਵਿਚ ਬਿਰਤੀ ਦਾ ਪ੍ਰਵਾਹ ਜਾਰੀ ਰਹਿੰਦਾ ਹੈ। ਫਰਕ ਕੇਵਲ ਇੰਨਾ ਹੁੰਦਾ ਹੈ ਕਿ ‘ਧਾਰਨਾ’ ਦੀ ਅਵਸਥਾ ਵਿਚ ਇਕ ਬਿਰਤੀ ਤੋਂ ਵਿਰੁੱਧ ਦੂਜੀ ਬਿਰਤੀ ਵੀ ਬਣੀ ਰਹਿੰਦੀ ਹੈ। ਪਰ ‘ਧਿਆਨ’ ਦੀ ਅਵਸਥਾ ਵਿਚ ਇਕੋ ਦਾ ਪ੍ਰਵਾਹ ਰਹਿੰਦਾ ਹੈ। ‘ਧਿਆਨ’ ਦੀ ਪਰਪੱਕਤਾ ਦੀ ਅਵਸਥਾ ਨੂੰ ਹੀ ‘ਸਮਾਧੀ’ ਕਹਿੰਦੇ ਹਨ। ਇਸ ਅਵਸਥਾ ਵਿਚ ਚਿੱਤ ਵਿਚ ਅਵਲੰਬਣ ਦਾ ਆਕਾਰ ਹੀ ਰਹਿ ਜਾਂਦਾ ਹੈ ਤੇ ਸਵੈਸਰੂਪ ਸੁੰਨ ਹੋ ਜਾਂਦਾ ਹੈ। ਇਹੋ ਹੀ ਸਮਾਧੀ ਦੀ ਦਸ਼ਾ ਆਖੀ ਜਾਂਦੀ ਹੈ। ਅੰਤਿਮ ਤਿੰਨਾਂ ਅੰਗਾਂ ਦੇ ਸਮੂਹ ਨੂੰ ਸੰਜਮ ਕਹਿੰਦੇ ਹਨ। ਇਸ ਸੰਜਮ ਤੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਮਾਧੀ ਤੋਂ ਪਿੱਛੋਂ ਬੁੱਧੀ ਦਾ ਪ੍ਰਕਾਸ਼ ਹੁੰਦਾ ਹੈ ਤੇ ਇਹ ਹੀ ਯੋਗ ਦਾ ਅੰਤਿਮ ਵਿਚਾਰ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-23, ਹਵਾਲੇ/ਟਿੱਪਣੀਆਂ: no

ਅਸ਼ਟਾਂਗ ਯੋਗ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਟਾਂਗ ਯੋਗ : ਪਤੰਜਲਿ ਰਿਸ਼ੀ ਨੇ ਆਪਣੇ ‘ਯੋਗ ਸੂਤ੍ਰ’ ਦੇ ‘ਸਾਧਨ ਪਾਦ’ ਵਿਚ ਅਵਿਦਿਆ ‘(ਆਗਿਆਨ) ਆਦਿ ਪੰਜ ਕਲੇਸ਼ਾਂ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਦੱਸਦੇ ਹੋਇਆਂ ਇਨ੍ਹਾਂ ਕਲੇਸ਼ਾਂ ਦਾ ਜੜ੍ਹੋਂ ਨਾਸ਼ ਕਰਨਾ ਜਰੂਰੀ ਮੰਨ ਕੇ ਨਿਰਮਲ ਵਿਵੇਕ ਗਿਆਨ ਦੀ ਪ੍ਰਾਪਤੀ ਉਪਾਂਅ ਵਜੋਂ ਸੁਝਾਈ ਹੈ। ਨਿਰਮਲ ਵਿਵੇਕ ਗਿਆਨ ਦੀ ਪ੍ਰਾਪਤੀ ਜਾਂ ਸਿੱਧੀ ਤੋਂ ਬਿਨਾ ਨਾ ਕਲੇਸ਼ ਨਾਸ਼ ਹੁੰਦੇ ਹਨ ਅਤੇ ਨਾ ਹੀ ਕੈਵਲਯ ਦੀ ਪ੍ਰਾਪਤੀ ਸੰਭਵ ਹੁੰਦੀ ਹੈ। ਵਿਵੇਕ ਗਿਆਨ ਦੀ ਸਿੱਧੀ ਲਈ ਯੋਗ ਦੇ ਅੱਠ ਅੰਗਾਂ (ਅਸ਼ਟਾਂਗ) ਦੀ ਸਥਾਪਨਾ ਕੀਤੀ ਗਈ ਹੈ। ਇਹ ਅੱਠ ਅੰਗ ਜਾਂ ਅਸ਼ਟ ਮਾਰਗ ਇਸ ਪ੍ਰਕਾਰ ਹਨ–ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਯਾਹਾਰ, ਧਾਰਣਾ, ਧਿਆਨ, ਸਮਾਧਿ (ਯੋਗ ਸੂਤ੍ਰ 2/29)। ਇਨ੍ਹਾਂ ਵਿਚੋਂ ਪਹਿਲੇ ਪੰਜ ਯੋਗ ਦੇ ਬਾਹਰਲੇ ਸਾਧਨ ਕਹੇ ਜਾਂਦੇ ਹਨ ਅਤੇ  ਅਖੀਰਲੇ ਤਿੰਨ ਅੰਦਰਲੇ ਸਾਧਨ ਮੰਨੇ ਜਾਂਦੇ ਹਨ (ਯੋਗ ਸੂਤ੍ਰ 3/7)। ਇਨ੍ਹਾਂ ਅੰਦਰਲੇ ਤਿੰਨ ਸਾਧਨਾਂ ਦਾ ਵਿਵੇਕ ਦੇ ਉਤਪਾਦਨ ਵਿਚ ਵਿਸ਼ੇਸ਼ ਮਹੱਤਵ ਹੈ ਅਤੇ ਸਮਾਧੀ ਦੀ ਅਵਸਥਾ ਨਾਲ ਇਨ੍ਹਾਂ ਦਾ ਸਿੱਧਾ ਸੰਬੰਧ ਹੈ। ਇਨ੍ਹਾਂ ਦਾ ਵਿਸਤਾਰ ਸਹਿਤ ਪਰਿਚਯ ਇਸ ਪ੍ਰਕਾਰ ਹੈ :

  •           :ਯਮ ਦਾ ਅਰਥ ਹੈ ਸੰਜਮ। ‘ਯੋਗ ਸੂਤ੍ਰ’ (2/30) ਅਨੁਸਾਰ ਇਹ ਪੰਜ ਹਨ–ਅਹਿੰਸਾਂ, ਸਤੑਸ, ਅਸਤੇਯ (ਚੋਰੀ ਦਾ ਕਰਨਾ), ਬ੍ਰਹਮਚਰਯ ਅਤੇ ਅਪਰਿਗ੍ਰਹ (ਲੋਭ ਵਸ ਬੇਲੋੜੀ ਵਸਤੂ ਨੂੰ ਇਕੱਠਾ ਨਾ ਕਰਨਾ)। ‘ਹਠਯੋਗ ਪ੍ਰਦੀਪਿਕਾ’ (ਪੰਨਾ16) ਵਿਚ ਇਨ੍ਹਾਂ ਯਮਾਂ ਦੀ ਗਿਣਤੀ 10 ਅਤੇ ‘ਭਾਗਵਤ ਪੁਰਾਣ’ (11/19/33) ਵਿਚ ਬਾਰ੍ਹਾਂ ਦਸੀ ਗਈ ਹੈ। ਇਨ੍ਹਾਂ ਰਾਹੀਂ ਕਾਯਾ ਨੂੰ ਯੋਗ–ਸਾਧਨਾ ਦੇ ਅਨੁਕੂਲ ਬਣਾਉਣ ਲਈ ਕਾਯਾ (ਸ਼ਰੀਰ) ਦਾ ਬਲਵਾਨ ਹੋਣਾ ਜਰੂਰੀ ਹੈ, ਤਾਂ ਹੀ ਚਿੱਤ ਇਕਾਗ੍ਰ ਹੋ ਸਕਦਾ ਹੈ। ਉਂਜ ਇਨ੍ਹਾਂ ਦੀ ਪਾਲਣਾ ਮਨੁੱਖ ਜੀਵਨ ਦੇ ਸੰਤੁਲਿਤ ਅਤੇ ਸਾਵੇਂ ਵਿਕਾਸ ਲਈ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ।
  •           :  ‘ਨਿਯਮ’ ਉਸ ਤਪਸਿਆ ਨੂੰ ਆਖਦੇ ਹਨ ਜਿਸ ਰਾਹੀਂ ਸਦਾਕਾਰ ਦੀ ਪਾਲਣਾ ਹੁੰਦੀ ਹੈ ਅਤੇ ਮਨ ਤੇ ਸ਼ਰੀਰ ਦੀ ਸ਼ੁਧੀ ਹੁੰਦੀ ਹੈ। ‘ਯੋਗ ਸੂਤ੍ਰ’ (2/32) ਅਨੁਸਾਰ ਨਿਯਮ ਪੰਜ ਹਨ–ਸ਼ੌਚ (ਸ਼ਰੀਰਿਕ ਅਤੇ ਮਾਨਸਿਕ ਸ਼ੁੱਧੀ), ਸੰਤੋਸ਼, ਤਪ (ਗਰਮੀ, ਸਰਦੀ ਸਹਿਣ ਕਰਨ ਦਾ ਅਭਿਆਸ ਅਤੇ ਕਠੋਰ ਬ੍ਰਤ ਨੂੰ ਪਾਲਣਾ), ਸ੍ਵਾਧੑਯਾਯ (ਨੇਮ ਨਾਲ ਧਰਮ–ਗ੍ਰੰਥਾਂ ਦਾ ਅਧਿਐਨ), ਈਸ਼ਵਰ ਪ੍ਰਣਿਧਾਨ (ਈਸ਼ਵਰ ਦਾ ਧਿਆਨ ਅਤੇ ਉਸ ਵਿਚ ਸਭ ਕਰਮਾਂ ਦਾ ਸਮਰਪਣ)। ‘ਹਠਯੋਗ ਪ੍ਰਦੀਪਿਕਾ’ (ਪੰਨਾ 16) ਅਤੇ ‘ਦਰਸ਼ਨ’ ਉਪਨਿਸ਼ਦ (2/1) ਵਿਚ ਨਿਯਮਾਂ ਦੀ ਗਿਣਤੀ ਦਸ ਹੈ ਅਤੇ ‘ਭਾਗਵਤ ਪੁਰਾਣ’ (11/19/34) ਵਿਚ ਬਾਰ੍ਹਾਂ। ਯਮ ਅਤੇ ਨਿਯਮ ਦੋਵੇਂ ਨੈਤਿਕ ਸਾਧਨਾ ਉਤੇ ਬਲ ਦਿੰਦੇ ਹਨ ਅਤੇ ਯੋਗ ਅਭਿਆਸ ਲਈ ਆਵੱਸ਼ਕ ਹਨ। ਇਨ੍ਹਾਂ ਦੋਹਾਂ ਦੇ ਅਭਿਆਸ ਨਾਲ ਵੈਰਾਗ (ਵਾਸਨਾ ਦਾ ਅਭਾਵ) ਸੁਲਭ ਹੋ ਜਾਂਦਾ ਹੈ।
  •           : ‘ਯੋਗ ਸੂਤ੍ਰ’ (2/46) ਅਨੁਸਾਰ ਦੇਰ ਤਕ ਨਿਸ਼ਚਿੰਤ ਹੋ ਕੇ ਇਕੋ ਹਾਲਤ ਵਿਚ ਸੁਖਪੂਰਵਕ ਬੈਠਣਾ ‘ਆਸਨ’ ਹੈ। ਟੀਕਾਕਾਰਾਂ ਨੇ ਆਸਨਾਂ ਦੀ ਗਿਣਤੀ ਅਨੰਤ ਦਸੀ ਹੈ, ਪਰ ਮੁੱਖ ਤੌਰ ਤੇ 84 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਵੀ ਚਾਰ ਅਧਿਕ ਪ੍ਰਸਿੱਧ ਹਨ ––ਸਿੱਧਾਸਨ, ਪਦਮਾਸਨ, ਸਮਾਸਨ, ਸ਺ਸਤਿਕਾਸਨ। ਇਨ੍ਹਾਂ ਦੇ ਅਭਿਆਸ ਦਾ ਗਿਆਨ ਕਿਸੇ ਸਿੱਧ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਚਿੱਤ ਦੀ ਇਕਾਗ੍ਰਤਾ ਲਈ ਸ਼ਰੀਰ ਦਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਇਸ ਨਾਲ ਸ਼ਰੀਰ ਰੋਗ ਮੁਕਤ ਅਤੇ ਬਲਵਾਨ ਬਣਦਾ ਹੈ। ਆਸਨਾਂ ਰਾਹੀਂ ਸ਼ਰੀਰ ਦੇ ਸਾਰੇ ਅੰਗਾਂ, ਪੱਠਿਆਂ ਅਤੇ ਨਾੜੀਆਂ ਨੂੰ ਵਸ ਵਿਚ ਕੀਤਾ ਜਾ ਸਕਦਾ ਹੈ, ਤਾਂ ਜੋ ਮਨ ਵਿਕਾਰ–ਰਹਿਤ ਹੋ ਸਕੇ। ਇਨ੍ਹਾਂ ਨਾਲ ਉਮਰ ਲੰਮੀ ਹੁੰਦੀ ਹੈ ਅਤੇ ਸ਼ਰੀਰ ਵਿਚ ਥਕਾਵਟ ਮਹਿਸੂਸ ਨਹੀਂ ਹੁੰਦੀ।
  •           :  ‘ਯੋਗ ਸੂਤ੍ਰ’ (2/49) ਅਨੁਸਾਰ ‘ਆਸਨ’ ਦੇ ਸਥਿਰ ਹੋਣ ਤੋਂ ਬਾਅਦ ਸੁਆਸਾਂ ਦੀ ਗਤਿ ਨੂੰ ਰੋਕਣ ਦੀ ਕ੍ਰਿਆ ਦਾ ਆਰੰਭ ਹੁੰਦਾ ਹੈ ਅਤੇ ਇਸੇ ਨੂੰ ‘ਪ੍ਰਾਣਾਯਾਮ’ ਕਿਹਾ ਜਾਂਦਾ ਹੈ। ਇਸ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ। ਇਸ ਦੇ ਤਿੰਨ ਅੰਗ ਹਨ ਪੂਰਕ (ਅੰਦਰ ਨੂੰ ਪੂਰਾ ਸੁਆਸ ਲੈਣਾ), ਕੁੰਭਕ (ਸੁਆਸ ਨੂੰ ਅੰਦਰ ਰੋਕਣਾ), ਰੇਚਕ (ਨੇਮ ਨਾਲ ਸੁਆਸ ਨੂੰ ਬਾਹਰ ਛੱਡਣਾ) ਯੋਗ ਸੂਤ੍ਰ 2/50)। ਇਸ ਨਾਲ ਸ਼ਰੀਰ ਅਤੇ ਮਨ ਬਲਵਾਨ ਹੁੰਦੇ ਹਨ, ਚਿੱਤ ਵਿਚ ਇਕਾਗ੍ਰਤਾ ਆਉਂਦੀ ਹੈ। ਇਸ ਅਭਿਆਸ ਨਾਲ ਯੋਗ ਬਹੁਤ ਦੇਰ ਤਕ ਆਪਣੇ ਸੁਆਸਾਂ ਨੂੰ ਅੰਦਰ ਰੋਕ ਸਕਦਾ ਹੈ ਅਤੇ ਸਮਾਧੀ ਦਾ ਸਮਾਂ ਅਗੇ ਵਧਾ ਸਕਦਾ ਹੈ। ‘ਹਠਯੋਗ’ ਵਿਚ ਪ੍ਰਾਣਾਯਾਮ ਦਾ ਮਹੱਤਵ ਕਿਤੇ ਅਧਿਕ ਹੈ।

          ਪ੍ਰਤੑਯਾਹਾਰ : ‘ਯੋਗ ਸੂਤ੍ਰ’ (2/54) ਅਨੁਸਾਰ ਇੰਦਰੀਆਂ ਦਾ ਆਪਣੇ ਬਾਹਰਲੇ ਵਿਸ਼ਿਆਂ ਤੋਂ ਹਟ ਕੇ ਅੰਤਰ–ਮੁਖੀ ਹੋਣ ‘ਪ੍ਰਤੑਯਾਹਾਰ’ ਹੈ। ਇੰਦਰੀਆਂ ਮਨ ਨੂੰ ਆਪਣੀ ਇੱਛਾ ਅਨੁਸਾਰ ਇਧਰ ਉਧਰ ਦੌੜਾਈ ਫਿਰਦੀਆਂ ਹਨ। ਪ੍ਰਤੑਯਾਹਾਰ ਦੇ ਅਭਿਆਸ ਨਾਲ ਇਹ ਇੰਦਰੀਆਂ ਪੂਰੀ ਤਰ੍ਹਾਂ ਮਨ ਦੇ ਅਧੀਨ ਹੋ ਜਾਂਦੀਆਂ ਹਨ। ਪ੍ਰਤੑਯਾਹਾਰ ਲਈ ਦ੍ਰਿੜ੍ਹ ਸੰਕਲਪ ਅਤੇ ਇੰਦਰੀਆਂ ਦੀ ਰੋਕ ਬਹੁਤ ਜ਼ਰੂਰੀ ਹਨ।

          ਧਾਰਣਾ : ਪਤੰਜਲਿ ਅਨੁਸਾਰ ਮਨ (ਚਿੱਤ) ਨੂੰ ਕਿਸੇ ਇਛਿਤ ਵਸਤੂ ਜਾਂ ਥਾਂ ਉਤੇ ਕੇਂਦਰਿਤ ਕਰਨ ਦੀ ਕ੍ਰਿਆ ‘ਧਾਰਣਾ’ ਹੈ (ਯੋਗ ਸੂਤ੍ਰ 3/1)। ਇਸ ਦੇ ਅਭਿਆਸ ਨਾਲ ਚਿੱਤ ਵਿੱਤ੍ਰੀਆਂ ਸਥਿਰ ਹੁੰਦੀਆਂ ਹਨ। ‘ਧਾਰਣਾ’ ਦੀ ਸਿੱਧੀ ਲਈ ਕੁਝ ਕੁ ਮੁਦ੍ਰਾਵਾਂ ਦੀ ਲੋੜ ਵੀ ਦਸੀ ਗਈ ਹੈ, ਜਿਨ੍ਹਾਂ ਵਿਚ ਚਾਰ ਪ੍ਰਮੁੱਖ ਹਨ–ਅਗੋਚਰੀ, ਭੂਚਰੀ, ਚਾਚਰੀ ਅਤੇ ਸ਼ਾਂਭਵੀ।

          ਸਮਾਧਿ : ਪਤੰਜਲਿ ਨੇ ਇਸ ਨੂੰ ਯੋਗ ਦਾ ਅੰਤਿਮ ਅੰਗ ਮੰਨਿਆ ਹੈ। ਜਦੋਂ ਧਿਆਨ ਕਰਦਿਆਂ ਕਰਦਿਆਂ ਚਿੱਤ ਲਕਸ਼ਿਤ ਵਸਤੂ ਜਾਂ ਵਿਸ਼ੇ ਦਾ ਆਕਾਰ ਗ੍ਰਹਿਣ ਕਰ ਲੈਂਦਾ ਹੈ ਜਾਂ ਉਸ ਵਸਤੂ ਅਤੇ ਧਿਆਨ ਮਗਨ ਵਿਅਕਤੀ ਦਾ ਆਪਸੀ ਭੇਦ ਮਿਟ ਜਾਂਦਾ ਹੈ ਤਾਂ ਇਸ ਨੂੰ ‘ਸਮਾਧਿ’ ਕਿਹਾ ਜਾਂਦਾ ਹੈ (ਯੋਗ ਸੂਤ੍ਰ 3/3)। ਮੋਖ ਪ੍ਰਾਪਤੀ ਲਈ ਇਸ ਅਵਸਥਾ ਤੋਂ ਗੁਜ਼ਰਨਾ ਬਹੁਤ ਜ਼ਰੂਰੀ ਹੈ। ਇਸ ਰਾਹੀਂ ਬਾਹਰਲੇ ਜਗਤ ਨਾਲ ਸੰਬੰਧ ਟੁਟ ਜਾਂਦਾ ਹੈ। ਇਸ ਨਾਲ ਨਿੱਤਪਦ ਦੀ ਫਿਰ ਤੋਂ ਪ੍ਰਾਪਤੀ ਹੋ ਜਾਂਦੀ ਹੈ। ਇਸ ਅਵਸਥਾ ਨੂੰ ਸਰਲ ਅਨੁਭਵ ਨਹੀਂ ਸਮਝਣਾ ਚਾਹੀਦਾ। ਇਹ ਅਜਿਹੀਆਂ ਮਾਨਸਿਕ ਅਵਸਥਾਵਾਂ ਦੀ ਸੰਗਲੀ ਹੈ ਜੋ ਸਰਲ ਹੁੰਦੀ ਹੋਈ ਵੀ ਆਖੀਰ ਵਿਚ ਅਚੇਤਨ ਅਵਸਥਾ ਵਿਚ ਬਦਲ ਜਾਂਦੀ ਹੈ।

          ਜਦੋਂ ਧਾਰਣਾ, ਧਿਆਨ ਅਤੇ ਸਮਾਧਿ, ਇਹ ਤਿੰਨੋਂ ਅੰਗ ਇਕ ਹੀ ਵਿਸ਼ੇ ਵਲ ਪ੍ਰੇਰਿਤ ਹੁੰਦੇ ਹਨ, ਤਾਂ ਉਸ ਨੂੰ ‘ਸੰਯਮ’ ਕਿਹਾ ਜਾਂਦਾ ਹੈ। ਜਦ ਇਹ ਸੰਯਮ ਵਿਸ਼ਿਆਂ ਵਲ ਪ੍ਰੇਰਿਤ ਹੁੰਦਾ ਹੈ, ਤਾਂ ਅਸਾਧਾਰਣ ਸ਼ਕਤੀਆਂ (ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ, ਪਰ ਮੁਕਤੀ ਲਈ ਇਨ੍ਹਾਂ ਸਿੱਧੀਆਂ ਦੇ ਲੋਭ ਤੋਂ ਬਚਣਾ ਚਾਹੀਦਾ ਹੈ।

[ਸਹਾ. ਗ੍ਰੰਥ–ਡਾ. ਰਾਧਾ ਕ੍ਰਿਸ਼ਣਨ : ‘ਭਾਰਤੀਯ ਦਰਸ਼ਨ’ (ਹਿੰਦੀ) ਭਾਗ 2 ; ‘ਪਾਤੰਜਲ ਯੋਗ ਦਰਸ਼ਨ’ (ਸੰਸਕ੍ਰਿਤ); ਸਵਾਤਮਾ ਰਾਮ ਯੋਗਿੰਦਰ:‘ਹਠਯੋਗ ਪ੍ਰਦੀਪਿਕਾ’ (ਹਿੰਦੀ); ਡਾ. ਰਤਨ ਸਿੰਘ ਜੱਗੀ :‘ਗੁਰੂ ਨਾਨਕ–ਵਿਅਕਤਿਤ੍ਵ, ਕ੍ਰਿਤਿਤ੍ਵ ਔਰ ਚਿੰਤਨ’,(ਹਿੰਦੀ)


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਅਸ਼ਟਾਂਗ ਯੋਗ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

 ਅਸ਼ਟਾਂਗ-ਯੋਗ : ਇਸ ਤੋਂ ਭਾਵ ਹੈ ਅੱਠ ਅੰਗਾਂ ਵਾਲਾ ਯੋਗ ਜਿਸ ਵਿਚ ਯੋਗ-ਸਾਧਨਾ ਦੇ ਅੱਠ ਪੱਖਾਂ ਜਾਂ ਨਿਯਾਮਾਂ ਦੀ ਪਾਲਨਾ ਜ਼ਰੂਰੀ ਦਸੀ ਗਈ ਹੋਵੇ।

   ਭਾਈ ਗੁਰਦਾਸ ਨੇ ਲਿਖਿਆ ਹੈ---- ‘ ਅਠ ਪਹਿਰ ਅਸ਼ਟਾਂਗ ਜੋਗੁ ਚਾਵਲ ਰਤੀ ਮਾਸਾ ਰਾਈ।’ (7/8)। ਪਤੰਜਲਿ ਰਿਸ਼ੀ ਨੇ ਆਪਣੇ ‘ਯੋਗ-ਸੂਤ੍ਰ’ ਦੇ ‘ਸਾਧਨ-ਪਦ’ ਵਿਚ ਅਵਿਦਿਆ ( ਅਗਿਆਨ) ਆਦਿ ਪੰਜ ਕਲੇਸ਼ਾ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਮੰਨ ਕੇ ਇਨ੍ਹਾਂ ਦਾ ਪੂਰੀ ਤਰ੍ਹਾਂ ਨਾਸ਼ ਕਰਨ ਲਈ ਨਿਰਮਲ ਵਿਵੇਕ-ਗਿਆਨ ਦੀ ਪ੍ਰਾਪਤੀ ਆਵੱਸ਼ਕ ਉਪਾ ਦਸਿਆ ਹੈ। ਇਸ ਤੋਂ ਬਿਨ੍ਹਾਂ ਨਾ ਕਲੇਸ਼ ਨਾਸ਼ ਹੁੰਦੇ ਹਨ ਅਤੇ ਨਾ ਹੀ ਕੈਵਲ੍ਰਯ ਦੀ ਪ੍ਰਾਪਤੀ ਸੰਭਵ ਹੁੰਦੀ ਹੈ। ਵਿਵੇਕ-ਗਿਆਨ ਦੀ ਸਿੱਧੀ ਲਈ ‘ ਯੋਗ-ਸੂਤ੍ਰ’ (2/29) ਵਿਚ ਅੱਠ ਅੰਗਾਂ( ਅਸ਼ਟਾਂਗ) ਦੀ ਸਥਾਪਨਾ ਕੀਤੀ ਗਈ ਹੈ। ਇਹ ਅੱਠ ਅੰਗ ਇਸ ਪ੍ਰਕਾਰ ਹਨ---ਯਮ, ਨਿਯਮ, ਆਸਨ, ਪ੍ਰਣਾਯਾਮ, ਪ੍ਰਤ੍ਰਯਾਹਾਰ ,ਧਾਰਣ , ਧਿਆਨ , ਸਮਾਧਿ। ਇਨ੍ਹਾਂ ਵਿਚੋ ਪਹਿਲੇ ਪੰਜ ਅੰਗ ਯੋਗ ਦੇ ਬਾਹਰਲੇ ਸਾਧਨ ਕਹੇ ਜਾਂਦੇ ਹਨ, ਅਤੇ ਬਾਕੀ ਦੇ ਤਿੰਨ ਅੰਦਰਲੇ ਤਿੰਨ ਸਾਧਨਾਂ ਦਾ ਵਿਵੇਕ ਦੇ ਉਤਪਾਦਨ ਵਿਚ ਵਿਸ਼ੇਸ਼ ਮਹੱਤਵ ਹੈ ਅਤੇ ਸਮਾਧੀ ਦੀ ਅਵਸਧਾ ਨਾਲ ਇਨ੍ਹਾਂ ਦਾ ਸਿੱਧਾ ਸੰਬੰਧ ਹੈ। ਅਸ਼ਟਾਂਗ ਯੋਗ ਨੂੰ ‘ਰਾਜ ਯੋਗ’ ਵੀ ਕਿਹਾ ਜਾਂਦਾ ਹੈ (ਵੇਖੋ ‘ਯੋਗ ਦਰਸ਼ਨ’­­)। ਇਨ੍ਹਾਂ ਅੰਗਾਂ ਬਾਰੇ ਕੁਝ ਵਿਸਤਾਰ ਨਾਲ ਵਿਚਾਰ ਕਰ ਲੈਣਾ ਉਚਿਤ ਹੋਵੇਗਾ।

‘ਯਮ’ ਦਾ ਅਰਥ ਹੈ ਸੰਜਮ। ‘ਯੋਗ ਸੂਤ੍ਰ’ (2/30) ਅਨੁਸਾਰ ਇਹ ਪੰਜ ਹਨ--- ਅਹਿੰਸਾ,ਸਤ੍ਰਯ, ਅਸਤੇਯ (ਚੋਰੀ ਨਾ ਕਰਨਾ), ਬ੍ਰਹਮਚਰਯ ਅਤੇ ਅਪਰਿ-ਗ੍ਰਹ ( ਲੋਭ ਵਸ ਬੇਲੋੜੀ ਇਕੱਠਾ ਨਾ ਕਰਨਾ)। ‘ ਹਠਯੋਗ-ਪ੍ਰਦੀਪਿਕਾ’ ਵਿਚ ਇਨ੍ਹਾਂ ਯਮਾ ਦੀ ਗਿਣਤੀ 10 ਅਤੇ ‘ ਭਾਗਵਤ ਪੁਰਾਣ’ (11/19) ਵਿਚ ਬਾਰ੍ਹਾਂ ਦਸੀ ਗਈ ਹੈ। ਇਨ੍ਹਾਂ ਰਾਹੀਂ ਕਾਯਾ ਨੂੰ ਯੋਗ-ਸਾਧਨਾ ਦੇ ਅਨੁਕੂਲ ਬਣਾਇਆ ਜਾਂਦਾ ਹੈ ਕਿਉਂਕਿ ਉਸ ਦਾ ਬਲਵਾਨ ਹੋਣਾ ਜ਼ਰੂਰੀ ਹੈ, ਤਾਂ ਹੀ ਚਿੱਤ ਇਕਾਗ੍ਰ ਹੋ ਸਕਦਾ ਹੈ। ਉਂਜ ਇਨ੍ਹਾਂ ਦੀ ਪਾਲਣਾ ਜੀਵਨ ਦੇ ਸਾਵੇਂ ਲਈ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ।

‘ਨਿਯਮ’ ਉਸ ਤਪਸਿਆ ਨੂੰ ਆਖਦੇ ਹਨ ਜਿਨ੍ਹਾਂ ਰਾਹੀ ਸਦਾਚਾਰ ਦੀ ਪਾਲਨਾ ਹੁੰਦੀ ਹੈ ਅਤੇ ਮਨ ਤੇ ਸ਼ਰੀਰ ਦੀ ਸ਼ੁੱਧੀ ਹੁੰਦੀ ਹੈ। ‘ਯੋਗ-ਸੂਤ੍ਰ’(2/32) ਅਨੁਸਾਰ ਨਿਯਮ ਪੰਜ ਹਨ—ਸ਼ੌਚ (ਸ਼ਰੀਰਕਿ ਅਤੇ ਮਾਨਸਿਕ ਸ਼ੁੱਧੀ), ਸੰਤੋਸ਼, ਤਪ (ਗਰਮੀ, ਸਰਦੀ ਸਹਿਨ ਕਰਨ ਦਾ ਅਭਿਆਸ ਅਤੇ ਕਠੋਰ ਬ੍ਰਤ ਦੀ ਪਾਲਨਾ), ਸ੍ਵਧ੍ਰਯਾਯ (ਨੇਮ ਨਾਲ ਧਰਮ-ਗ੍ਰੰਥ ਦਾ ਅਧਿਐਨ), ਈਸ਼ਵਰ ਪ੍ਰਣਿਧਾਨ (ਈਸ਼ਵਰ ਦਾ ਧਿਆਨ ਅਤੇ ਉਸ ਵਿਚ ਸਭ ਕਰਮਾਂ ਦਾ ਸਮਰਪਣ)। ‘ਹਠਯੋਗ-ਪ੍ਰਦੀਪਿਕਾ’ ਅਤੇ ‘ਦਰਸ਼ਨ-ਉਪਨਿਸ਼ਦ’ (2/1) ਵਿਚ ਨਿਯਮਾਂ ਦੀ ਗਿਣਤੀ ਦਸ ਹੈ ਅਤੇ ‘ ਭਗਵਤ ਪੁਰਾਣ’ (11/19) ਵਿਚ ਬਾਰ੍ਹਾਂ। ਯਮ ਅਤੇ ਨਿਯਮ ਦੋਵੇਂ ਨੈਤਿਕ ਸਾਧਨਾ ਉਤੇ ਬਲ ਦਿੰਦੇ ਹਨ ਅਤੇ ਯੋਗ-ਅਭਿਆਸ ਲਈ ਆਵੱਸ਼ਕ ਹਨ। ਇਨ੍ਹਾਂ ਦੋਹਾਂ ਦੇ ਅਭਿਆਸ ਨਾਲ ਵੈਰਾਗ (ਵਾਸਨਾ ਦਾ ਅਭਾਵ) ਸੁਲੱਭ ਹੋ ਜਾਂਦਾ ਹੈ।

   ‘ਆਸਨ’ ਦਾ ਅਰਥ ਹੈ ਬੈਠਣਾ। ‘ ਯੋਗ-ਸੂਤ੍ਰ’(2/46) ਅਨੁਸਾਰ ਦੇਰ ਤਕ ਨਿਸਚਿੰਤ ਹੋ ਕੇ ਇਕੋ ਹਾਲਤ ਵਿਚ ਸੁਖਪੂਰਵਕ ਬੈਠਣਾ ‘ਆਸਾਨ’ ਹੈ। ਟੀਕਾਕਾਰਾਂ ਨੇ ਆਸਨਾਂ ਦੀ ਗਿਣਤੀ ਅਨੰਤ ਦਸੀ ਹੈ, ਪਰ ਮੁੱਖ ਤੌਰ ਤੋ 84 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਵੀ ਚਾਰ ਅਧਿਕ ਪ੍ਰਸਿੱਧ ਹਨ—ਸਿੱਧਾਸਨ, ਪਦਮਾਸਨ, ਸਮਾਸਨ, ਸ੍ਵਸ੍ਰਤਿਕਾਸਨ। ਇਨ੍ਹਾਂ ਦੇ ਅਭਿਆਸ ਦਾ ਗਿਆਨ ਕਿਸੇ ਸਿੱਧ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਚਿੱਤ ਦੀ ਇਕਾਗ੍ਰਤਾ ਲਈ ਸ਼ਰੀਰ ਦਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਇਸ ਨਾਲ ਸ਼ਰੀਰ ਰੋਗ- ਮੁਕਤ ਅਤੇ ਬਲਵਾਨ ਬਣਦਾ ਹੈ। ਆਸਨਾਂ ਰਾਹੀਂ ਸ਼ਰੀਰ ਦੇ ਸਾਰੇ ਅੰਗਾ, ਪੱਠੀਆਂ ਅਤੇ ਨਾੜੀਆਂ ਨੂੰ ਵਸ ਵਿਚ ਕੀਤਾ ਜਾ ਸਕਦਾ ਹੈ, ਤਾਂ ਜੋ ਮਨ ਵਿਕਾਸ-ਰਹਿਤ ਹੋ ਸਕੇ। ਇਨ੍ਹਾਂ ਨਾਲ ਉਮਰ ਲੰਮੀ ਹੁੰਦੀ ਹੈ ਅਤੇ ਸ਼ਰੀਰ ਵਿਚ ਥਾਕਵਟ ਮਹਿਸੂਸ ਨਹੀਂ ਹੁੰਦੀ।   

   ‘ਪ੍ਰਾਂਣਾਯਾਮ’ ਤੋਂ’ ਭਾਵ ਹੈ ਸੁਆਸਾਂ ਦੀ ਗਤਿ ਨੂੰ ਨਿਯਮ ਵਿਚ ਬੰਨਣਾ। ਯੋਗ-ਸੂਤ੍ਰ(24/9­) ‘ਆਸਨ’ ਦੇ ਸਥਿਰ ਹੋਣ ਤੋਂ ਬਾਦ ਸੁਆਸਾਂ ਦੀ ਗਤਿ ਨੂੰ ਰੋਕਣ ਦੀ ਕ੍ਰਿਆ ਦਾ ਆਰੰਭ ਹੁੰਦਾ ਹੈ ਅਤੇ ਇਸੇ ਨੂੰ ‘ਪ੍ਰਾਣਾਯਾਮ’ ਕਿਹਾ ਜਾਂਦਾ ਹੈ। ਇਸ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ। ਇਸ ਦੇ ਤਿੰਨ ਅੰਗ ਹਨ---ਪੂਰਕ (ਅੰਦਰ ਨੂੰ ਪੂਰਾ ਸੁਆਸ ਲੈਣਾ), ਕੁੰਭਕ( ਸੁਆਸ ਨੂੰ ਅੰਦਰ ਰੋਕਣਾ), ਰੇਚਕ (ਨੇਮ ਨਾਲ ਸੁਆਸ ਨੂੰ ਬਾਹਰ ਛਡਣਾ) (ਯੋਗ-ਸੂਤ੍ਰ 2/50)। ਇਸ ਨਾਲ ਸ਼ਰੀਰ ਅਤੇ ਮਨ ਬਲਵਾਨ ਹੁੰਦੇ ਹਨ, ਚਿੱਤ ਵਿਚ ਇਕਾਗ੍ਰਤਾ ਆਉਂਦੀ ਹੈ। ਇਸ ਅਭਿਆਸ ਨਾਲ ਯੋਗੀ ਬਹੁਤ ਦੇਰ ਤਕ ਆਪਣੇ ਸੁਆਸਾਂ ਨੂੰ ਰੋਕ ਸਕਦਾ ਹੈ ਅਤੇ ਸਮਾਧੀ ਦਾ ਸਮਾਂ ਵਧਾ ਸਕਦਾ ਹੈ। ‘ ਹਠਯੋਗ’ ਵਿਚ ਪ੍ਰਣਾਯਾਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।

  ‘ਪ੍ਰਤਾਯਾਹਰ’ ਤੋਂ ‘ਯੋਗ-ਸੂਤ੍ਰ’ (2/54) ਅਨੁਸਾਰ ਭਾਵ ਹੈ ਇੰਦਰੈਆਂ ਦੇ ਆਪਣੇ ਬਾਹਰਲੇ ਵਿਸ਼ਿਆਂ ਤੋਂ ਹਟ ਕੇ ਅੰਤਰ-ਮੁਖੀ ਹੋਣਾ। ਇੰਦਰੀਆਂ ਮਨ ਨੂੰ ਆਪਣੀ ਇੱਛਾ ਅਨੁਸਾਰ ਇਧਰ ਉਧਰ ਦੌੜਾਈ ਫਿਰਦੀਆਂ ਹਨ। ਪ੍ਰਤ੍ਰਯਾਹਾਰ ਲਈ ਇਹ ਇੰਦਰੀਆਂ ਪੁਰੀ ਤਰ੍ਹਾਂ ਮਨ ਦੇ ਅਧੀਨ ਹੋ ਜਾਂਦੀਆਂ ਹਨ। ਪ੍ਰਤ੍ਰਯਾਹਾਰ ਲਈ ਦ੍ਰਿੜ ਸੰਕਲਪ ਅਤੇ ਇੰਦਰੀਆਂ ਦੀ ਰੋਕ ਬਹੁਤ ਜ਼ਰੂਰੀ ਹੈ।

  ‘ਧਾਰਣਾ’ ਤੋਂ ਭਾਵ ਹੈ ਕਿਸੇ ਗੱਲ ਨੂੰ ਧਾਰਣ ਕਰਨਾ। ਪਤੰਜਲਿ ਅਨੁਸਾਰ ਮਨ(ਚਿੱਤ) ਨੂੰ ਕਿਸੇ ਇਛਿਤ ਵਸਤੂ ਜਾਂ ਥਾਂ ਉਤੇ ਕੇਂਦਰਿਤ ਕਰਨ ਦੀ ਕ੍ਰਿਆ ‘ਧਾਰਣ’ ਹੈ(‘ਯੋਗ-ਸੂਤ੍ਰ’ 3/1)। ਇਸ ਦੇ ਅਭਿਆਸ ਨਾਲ ਚਿੱਤ-ਵ੍ਰਿੱਤੀਆ ਸਥਿਰ ਹੁੰਦੀਆਂ ਹਨ। ਧਾਰਣ ਦੀ ਸਿੱਧੀ ਲਈ ਕੁਝ ਕੁ ਮੁਦ੍ਰਾਵਾਂ ਦਾ ਲੋੜ ਵੀ ਦਸੀ ਗਈ ਹੈ, ਜਿਨ੍ਹਾਂ ਵਿਚ ਚਾਰ ਪ੍ਰਮੁਖ ਹਨ---ਅਗੋਚਰੀ, ਭੂਚਰੀ, ਚਾਚਰੀ ਅਤੇ ਸ਼ਾਂਭਵੀ।

  ‘ਧਿਆਨ’ ਬਾਰੇ ‘ਯੋਗ-ਸੂਤ੍ਰ’(3/2) ਵਿਚ ਦਸਿਆ ਗਿਆ ਹੈ ਕਿ ਇਛਿਤ ਵਸਤੂ ਦੀ ਧਾਰਣ ਤੋਂ ਬਾਦ ਨਿੰਰਤਰ ਉਸ ਦਾ ਮਨਨ ਕਰਨਾ ਜਾਂ ਚਿੱਤ-ਵ੍ਰਿੱਤੀ ਨੂੰ ਲਗਾਤਾਰ ਉਸ ਵਿਚ ਰਖਣਾ ‘ਧਿਆਨ’ ਹੈ। ਇਸ ਨਾਲ,ਜਿਸ ਵਸਤੂ ਜਾਂ ਵਿਸ਼ੇ ਦਾ ਧਿਆਨ ਕੀਤਾ ਜਾਂਦਾ ਹੈ, ਉਸ ਦਾ ਸਪੱਸ਼ਟ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਸ ਦੇ ਤਿਂਨ ਭੇਦ ਮੰਨੇ ਗਏ ਹਨ--- ਸਥੂਲ ਧਿਆਨ,ਜ੍ਰਯੋਤਿ ਧਿਆਨ ਅਤੇ ਸੂਖਮ ਧਿਆਨ।

  ‘ਸਮਾਧਿ’ ਨੂੰ ਪਤੰਜਲਿ ਨੇ ਯੋਗ ਦਾ ਅੰਤਿਮ ਅੰਗ ਮੰਨਿਆ ਹੈ। ਜਦੋਂ ਧਿਆਨ ਕਰਦਿਆਂ ਕਰਦਿਆਂ ਚਿੱਤ ਲਕਸ਼ਿਤ ਵਸਤੂ ਜਾਂ ਵਿਸ਼ੇ ਦਾ ਆਕਾਰ ਗ੍ਰਹਿਣ ਕਰ ਲੈਂਦਾ ਹੈ ਜਾ ਉਸ ਵਸਤੂ ਅਤੇ ਧਿਆਨ ਮਗਨ ਵਿਅਕਤੀ ਦਾ ਆਪਸੀ ਭੇਦ ਮਿਟ ਜਾਂਦਾ ਹੈ, ਤਾਂ ਉਸ ਅਵਸਥਾ ਨੂੰ ‘ਸਮਾਧਿ’ ਕਿਹਾ ਜਾਂਦਾਂ ਹੈ। (ਯੋਗ-ਸੂਤ੍ਰ 3/3)। ਮੋਖ-ਪ੍ਰਪਤੀ ਲਈ ਇਸ ਅਵਸਥਾ ਤੋਂ ਗੁਜ਼ਰਨਾ ਬਹੁਤ ਜਰੂਰੀ ਹੈ। ਇਸ ਰਾਹੀ ਬਾਹਰਲੇ ਜਗਤ ਨਾਲ ਸੰਬੰਧ ਟੁਟ ਜਾਂਦਾ ਹੈ ਅਤੇ ਨਿੱਤਪਦ ਦੀ ਫਿਰ ਤੋਂ ਪ੍ਰਪਾਤੀ ਹੋ ਜਾਂਦੀ ਹੈ। ਇਸ ਅਵਸਥਾ ਨੂੰ ਸਰਲ ਅਨੁਭਵ ਨਹੀਂ ਸਮਝਣਾ ਚਾਹੀਦਾ। ਇਹ ਅਜਿਹੀਆਂ ਮਾਨਸਿਕ ਅਵਸਥਾਵਾਂ ਦੀ ਸੰਗਲੀ ਹੈ ਜੋ ਸਰਲ ਹੁੰਦੀ ਵੀ ਆਖੀਰ ਵਿਚ ਅਚੇਤਨ ਅਵਸਥਾ ਵਿਚ ਬਦਲ ਜਾਂਦੀ ਹੈ।

  ਜਦੋਂ ਧਾਰਣ, ਧਿਆਨ ਅਤੇ ਸਮਧਿ ਇਹ ਤਿੰਨੋਂ ਅੰਗ ਇਕ ਹੀ ਵਿਸ਼ੇ ਵਲ ਪ੍ਰੇਰਿਤ ਹੁੰਦੇ ਹਨ, ਤਾਂ ਉਸ ਨੂੰ ‘ਸੰਯਮ’ ਕਿਹਾ ਜਾਂਦਾ ਹੈ। ਜਦ ਇਹ ਸੰਯਮ ਵਿਸ਼ਿਆਂ ਵਲ ਪ੍ਰੇਰਿਤ ਹੁੰਦੇ ਹਨ, ਤਾਂ ਅਸਾਧਾਰਣ ਸ਼ਕਤੀਆਂ(ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ। ਪਰ ਮੁਕਤੀ ਲਈ ਇਨ੍ਹਾਂ ਸਿੱਧੀਆਂ ਦੇ ਲੋਭ ਤੋਂ ਬਚਣ ਚਾਹੀਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਅਸ਼ਟਾਂਗ ਯੋਗ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸ਼ਟਾਂਗ ਯੋਗ  : ਮਨ ਦੀ ਇਕਾਗਰਤਾ ਲਈ ਯੋਗ ਸਾਧਨਾ ਦੇ ਅੱਠ ਅੰਗਾਂ ਦੇ ਇਹ ਸਮੂਹ ਹੈ। ਪਤੰਜਲੀ ਅਨੁਸਾਰ ਮਨ ਦੀਆਂ ਬਿਰਤੀਆਂ ਰੋਕਣ ਨੂੰ ਯੋਗ ਕਹਿੰਦੇ ਹਨ। ਇਸ ਇਕਾਗਰਤਾ ਅਤੇ ਸਿੱਧੀ ਨੂੰ ਪ੍ਰਾਪਤ ਕਰਨ ਲਈ ਕੁਝ ਉਪਾਅ ਜ਼ਰੂਰੀ ਹਨ ਅਤੇ ਇਨ੍ਹਾਂ ਉਪਾਵਾਂ ਨੂੰ ਅੰਗ ਕਿਹਾ ਜਾਂਦਾ ਹੈ। ਅਸਟਾਂਗ ਯੋਗ ਦਾ ਅਰਥ ਬਣਦਾ ਹੈ ਮਨ ਦੀ ਇਕਾਗਰਤਾ ਲਈ ਕੀਤੇ ਜਾਣ ਵਾਲੇ ਅੱਠ ਉਪਾਅ ਜਾਂ ਅੰਗ। ਅਸ਼ਟਾਂਗ ਦੇ ਪਹਿਲੇ ਪੰਜ ਅੰਗ ਯਮ, ਨਿਯਮ, ਆਸਣ, ਪ੍ਰਾਣਯਮ ਤੇ ਪ੍ਰਤਿ ਆਹਾਰ ਨੂੰ ਬਾਹਰਲੇ ਉਪਾਅ ਕਿਹਾ ਜਾਂਦਾ ਹੈ ਜਦੋਂ ਕਿ ਧਾਰਨਾ, ਧਿਆਨ ਅਤੇ ਸਮਾਧੀ ਅੰਦਰੂਨੀ ਉਪਾਅ ਹਨ। 'ਯਮ' ਅਤੇ 'ਨਿਯਮ' ਹੀ ਅਸਲ ਵਿਚ ਸੰਕੋਚ ਅਤੇ ਤਪੱਸਿਆ ਦੇ ਸੂਚਕ ਹਨ। ਯਮ ਦੇ ਅਰਥ ਸੰਜਮ ਤੋਂ ਲਏ ਜਾਂਦੇ ਹਨ ਅਤੇ ਸੰਜਮ ਪੰਜ ਤਰ੍ਹਾਂ ਦਾ ਮੰਨਿਆ ਜਾਂਦਾ ਹੈ। ਅਹਿੰਸਾ, ਸੱਚ, ਅਸਤੇਯ (ਚੋਰੀ ਅਰਥਾਤ ਪਰਾਏ ਧਨ ਦੀ ਇੱਛਾ ਨਾ ਕਰਨਾ), ਬ੍ਰਹਮਚਰਯ ਅਤੇ ਅਪਰਿਗ੍ਰਿਹ (ਵਿਸ਼ਿਆਂ ਨੂੰ ਸਵੀਕਾਰ ਨਾ ਕਰਨਾ)। ਆਸਣ ਦਾ ਭਾਵ ਟਿਕ ਕੇ ਅਤੇ ਸੁਖ ਨਾਲ ਬੈਠਣਾ ਹੈ। ਆਸਣ ਪੂਰਾ ਹੋਣ ਤੇ ਸਵਾਸਾਂ ਤੇ ਪ੍ਰਸਵਾਸਾਂ ਦੀ ਚਾਲ ਨੂੰ ਰੋਕਣ ਦਾ ਨਾ ਪ੍ਰਾਣਾਯਮ ਹੈ। ਪ੍ਰਾਣਾਯਾਮ ਰਾਹੀਂ ਤੁਲਨਾਤਮਕ ਤੌਰ ਤੇ ਪ੍ਰਾਣ ਵਿਚ ਸ਼ਾਂਤੀ ਆਉਣ ਨਾਲ ਮਨ ਦਾ ਬਾਹਰਮੁਖੀ ਸੁਭਾਅ ਸੁਭਾਵਕ ਹੀ ਘਟ ਜਾਂਦਾ ਹੈ। ਸਿੱਟਾ ਇਹ ਨਿਕਲਦਾ ਹੈ ਕਿ ਇੰਦਰੀਆਂ ਆਪਣੇ ਬਾਹਰੀ ਵਿਸ਼ਿਆਂ ਤੋਂ ਹਟ ਕੇ ਅੰਤਰਮੁਖੀ ਹੋ ਜਾਂਦੀਆਂ ਹਨ।

        ਇਸ ਬਾਹਰਮੁਖੀ ਗਤੀ ਦੇ ਖ਼ਤਮ ਹੋਣ ਤੋਂ ਪਿੱਛੋਂ ਉਸ ਵਿਚ ਅੰਤਰਮੁਖੀ ਹੋ ਕੇ ਅਡੋਲ ਅਤੇ ਸਥਿਰ ਹੋਣ ਦੀ ਇੱਛਾ ਪੈਦਾ ਹੁੰਦੀ ਹੈ। ਇਸੇ ਇੱਛਾ ਦੇ ਪੈਦਾ ਹੋਣ ਦਾ ਨਾਂ ਧਾਰਨਾ ਹੈ। ਦੇਹ ਦੇ ਕਿਸੇ ਅੰਗ ਉੱਤੇ ਜਾਂ ਬਾਹਰੀ ਪਦਾਰਥ ਉੱਤੇ ਚਿਤ ਲਾਉਣ ਨੂੰ 'ਧਾਰਨਾ' ਕਹਿੰਦੇ ਹਨ। ਇਸ ਤਰ੍ਹਾਂ ਸਮਝੋ ਜਿਵੇਂ ਪਾਣੀ ਦੀ ਧਾਰ ਵਗਦੀ ਹੈ। ਧਾਰ ਵਿਚ ਲਗਾਤਾਰ ਇਕਸਾਰਤਾ ਜਾਂ ਅਟੁੱਟਤਾ ਹੈ ਜੇ ਵਿਚੋਂ ਟੁੱਟ ਜਾਵੇ ਤਾਂ ਧਾਰ ਨਹੀਂ ਕਹਾ ਸਕਦੀ ਅਤੇ ਇਹੋ ਹਾਨ ਕਿਸੇ ਚੀਜ਼ ਜਾਂ ਖਿਆਲ ਤੇ ਟਿਕੀ ਹੋਈ ਬਿਰਤੀ ਦਾ ਹੈ। ਧਿਆਨ ਇਸ ਤੋਂ ਅਗਲੇਰੀ ਅਵਸਥਾ ਹੈ। ਧਿਆਨ ਦੀ ਪਰਪੱਕਤਾ ਦੀ ਅਵਸਥਾ ਨੂੰ ਹੀ ਸਮਾਧੀ ਕਹਿੰਦੇ ਹਨ। ਇਸ ਅਵਸਥਾ ਵਿਚ ਚਿਤ ਵਿਚ ਅਵਲੰਬਣ ਦਾ ਆਕਾਰ ਹੀ ਰਹਿ ਜਾਂਦਾ ਹੈ ਅਤੇ ਸਵੈ ਸਰੂਪ ਸੁੰਨ ਹੋ ਜਾਂਦਾ ਹੈ। ਇਹੋ ਹੀ ਸਮਾਧੀ ਦੀ ਦਸ਼ਾ ਆਖੀ ਜਾਂਦੀ ਹੈ। ਸਮਾਧੀ ਤੋਂ ਪਿੱਛੋਂ ਪ੍ਰਕਾਸ਼ ਹੁੰਦਾ ਹੈ ਜਿਹੜਾ ਯੋਗ ਦਾ ਅੰਤਿਮ ਵਿਚਾਰ ਹੈ। ਧਾਰ ਵਿਚ ਲਗਾਤਾਰ ਇਕਸਾਰਤਾ ਜਾਂ ਅਟੁੱਟਤਾ ਹੈ ਜੇ ਵਿਚੋਂ ਟੁੱਟ ਜਾਵੇ ਤਾਂ ਧਾਰ ਨਹੀਂ ਕਹਾ ਸਕਦੀ ਅਤੇ ਇਹੋ ਹਾਲ ਕਿਸੇ ਚੀਜ਼ ਜਾਂ ਖਿਆਲ ਤੇ ਟਿਕੀ ਹੋਈ ਬਿਰਤੀ ਦਾ ਹੈ। ਧਿਆਨ ਇਸ ਤੋਂ ਅਗਲੇਰੀ ਅਵਸਥਾ ਹੈ। ਧਿਆਨ ਦੀ ਪਰਪੱਕਤਾ ਦੀ ਅਵਸਥਾ ਨੂੰ ਹੀ ਸਮਾਧੀ ਕਹਿੰਦੇ ਹਨ। ਇਸ ਅਵਸਥਾ ਵਿਚ ਚਿਤ ਵਿਚ ਅਵਲੰਬਣ ਦਾ ਆਕਾਰ ਹੀ ਰਹਿ ਜਾਂਦਾ ਹੈ ਅਤੇ ਸਵੈ ਸਰੂਪ ਸੁੰਨ ਹੋ ਜਾਂਦਾ ਹੈ। ਇਹੋ ਹੀ ਸਮਾਧੀ ਦੀ ਦਸ਼ਾ ਆਖੀ ਜਾਂਦੀ ਹੈ। ਸਮਾਧੀ ਤੋਂ ਪਿੱਛੋਂ ਪ੍ਰਕਾਸ਼ ਹੁੰਦਾ ਹੈ ਜਿਹੜਾ ਯੋਗ ਦਾ ਅੰਤਿਮ ਵਿਚਾਰ ਹੈ।

        ਅਸ਼ਟਾਂਗ ਯੋਗ ਪਤੰਜਲੀ ਰਿਸ਼ੀ ਦੇ 'ਯੋਗ ਸੂਤ੍ਰ' ਉੱਤੇ ਆਧਾਰਿਤ ਸੰਜਮ ਹੈ।

               


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-12-25-47, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. ; ਮ. ਕੋ. ; ਪੰ. ਲੋ. ਵਿ. ਕੋ.

ਅਸ਼ਟਾਂਗ ਯੋਗ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਅਸ਼ਟਾਂਗ ਯੋਗ : ਭਾਰਤੀ ਦਰਸ਼ਨ ਪਰੰਪਰਾ ਦੀਆਂ ਵੱਖ-ਵੱਖ ਦਰਸ਼ਨ ਪ੍ਰਨਾਲੀਆਂ ਵਿੱਚ ਅਸਮਾਨਤਾਵਾਂ ਦੇ ਬਾਵਜੂਦ ਕੁਝ ਸਮਾਨਤਾਵਾਂ ਹਨ ਜਿਵੇਂ ਕਰਮਵਾਦ ਅਤੇ ਮੋਕਸ਼ਵਾਦ ਵਿੱਚ ਵਿਸ਼ਵਾਸ। ਇਸ ਤੋਂ ਇਲਾਵਾ ਸਾਰੇ ਭਾਰਤੀ ਦਰਸ਼ਨ ਚਾਰਵਾਕ ਨੂੰ ਛੱਡ ਕੇ ਮੋਕਸ਼ (ਜੋ ਜੀਵਨ ਦਾ ਸਭ ਤੋਂ ਮਹੱਤਵਪੂਰਨ ਮੁੱਲ ਹੈ) ਦੀ ਪ੍ਰਾਪਤੀ ਲਈ ਯੋਗ ਨੂੰ ਸਾਧਨ ਮੰਨਦੇ ਹਨ। ਇਸ ਲਈ ਯੋਗ ਦਰਸ਼ਨ ਭਾਵੇਂ ਸਿਧਾਂਤਕ ਪੱਖ ਤੋਂ ਸਾਂਖਯ ਦਰਸ਼ਨ ਨਾਲ ਜੁੜਿਆ ਹੋਇਆ ਹੈ, ਪਰ ਮਨ ਨੂੰ ਵੱਸ ਕਰਨ ਅਤੇ ਸਮਾਧੀ ਦੀ ਪ੍ਰਾਪਤੀ ਲਈ ਸਾਰੇ ਦਰਸ਼ਨ ਯੋਗ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਸ੍ਵੀਕਾਰ ਕਰਦੇ ਹਨ। ਇਸ ਲਈ ਯੋਗ ਭਾਰਤੀ ਸੰਸਕ੍ਰਿਤੀ, ਅਧਿਆਤਮਿਕ ਅਤੇ ਦਰਸ਼ਨ ਪਰੰਪਰਾ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ।

ਯੋਗ ਯੁਜ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਬੰਨ੍ਹਣਾ ਜਾਂ ਜੁੜਨਾ ਅਰਥਾਤ ਆਤਮਾ ਤੇ ਪਰਮਾਤਮਾ ਦਾ ਮਿਲਣ। ਪਰ ਪਾਤੰਜਲੀ ਅਨੁਸਾਰ ਯੋਗ ਦਾ ਉਦੇਸ਼ ਪੁਰਸ਼ ਦੇ ਆਪਣੇ ਨਿੱਜ ਸਰੂਪ ਨੂੰ ਪਹਿਚਾਨ ਕੇ ਪ੍ਰਕਿਰਤੀ ਤੋਂ ਵਿਯੋਗ ਹੈ। ਪਾਤੰਜਲੀ ਅਨੁਸਾਰ ਯੋਗ ਚਿਤ ਦੀਆਂ ਬਿਰਤੀਆਂ ਦਾ ਨਿਰੋਧ ਹੈ। ਯੋਗ ਮਨੁੱਖੀ ਪ੍ਰਕਿਰਤੀ ਦੇ ਵੱਖ-ਵੱਖ ਭਾਗ ਸਰੀਰਕ ਅਤੇ ਮਾਨਸਿਕ ਨੂੰ ਵੱਸ ਵਿੱਚ ਕਰਕੇ ਕੁਸ਼ਲਤਾ ਪ੍ਰਾਪਤ ਕਰਨ ਦੀ ਵਿਧੀ ਹੈ।

ਕਠੋਪਨਿਸ਼ਦ ਅਨੁਸਾਰ ਇੰਦਰੀਆਂ ਅਤੇ ਮਨ ਤੇ ਸਥਿਰ ਸੰਜਮ ਹੀ ਯੋਗ ਹੈ। ਗੀਤਾ ਵਿੱਚ ਯੋਗ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਪ੍ਰਮੁਖ ਇਸ ਤਰ੍ਹਾਂ ਹਨ :

1.        ਸਫਲਤਾ ਅਤੇ ਅਸਫਲਤਾ ਵਿੱਚ ਸਮਤਾ ਰੱਖਣਾ ਹੀ ਯੋਗ ਹੈ।

2.       ਕਰਮਾਂ ਵਿੱਚ ਕੁਸ਼ਲਤਾ ਹੀ ਯੋਗ ਹੈ।

3.       ਜੀਵਨ ਵਿੱਚ ਸੰਤੁਲਨ ਹੀ ਯੋਗ ਹੈ।

4.       ਕਰਤੱਵ ਨੂੰ ਕਰਤੱਵ ਭਾਗ ਨਾਲ ਕਰਨਾ ਹੀ ਯੋਗ ਹੈ।

5.       ਮਨ ਨੂੰ ਵੱਸ ਵਿੱਚ ਕਰਨਾ ਹੀ ਯੋਗ ਹੈ।

ਯੋਗ ਮਨ ਦੀ ਚੰਚਲਤਾ ਨੂੰ ਸ਼ਾਂਤ ਕਰਕੇ ਉਸਦੀ ਸ਼ਕਤੀ ਦਾ ਸਿਰਜਨਾਤਮਿਕ ਪ੍ਰਯੋਗ ਹੈ। ਮਨ ਦੀ ਸ਼ਕਤੀ ਦੀ ਤੁਲਨਾ ਦਰਿਆ ਨਾਲ ਕੀਤੀ ਜਾ ਸਕਦੀ ਹੈ। ਜਦੋਂ ਉਸ ਦਰਿਆ ਦੇ ਪਾਣੀ ਦੀ ਸ਼ਕਤੀ ਦਾ ਡੈਮ ਦੁਆਰਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉਸ ਨਾਲ  ਮਨੁੱਖ ਨੂੰ ਊਰਜਾ ਉਪਲਬਧ ਹੁੰਦੀ ਹੈ। ਉਸੇ ਤਰ੍ਹਾਂ ਜਦੋਂ ਯੋਗ ਦੁਆਰਾ ਮਨ ਵੱਸ ਵਿੱਚ ਹੋ ਜਾਂਦਾ ਹੈ ਤਾਂ ਉਹ ਮਨੁੱਖੀ ਜੀਵਨ ਨੂੰ ਸਿਰਜਨਾਤਮਿਕ ਸ਼ਕਤੀ ਪ੍ਰਦਾਨ ਕਰਦਾ ਹੈ।

ਪਾਤੰਜਲੀ ਦੁਆਰਾ ਦੱਸੇ ਗਏ ਯੋਗ ਮਾਰਗ ਦੇ ਅੱਠ ਅੰਗ ਇਸ ਤਰ੍ਹਾਂ ਹਨ :

1. ਯਮ : ਇਹ ਵਿਅਕਤੀ ਦੀ ਸਮਾਜਿਕ ਨੈਤਿਕਤਾ ਨਾਲ ਸੰਬੰਧਿਤ ਹੈ। ਵਿਅਕਤੀ ਦਾ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਕੁਝ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਤਾਂ ਜੋ ਉਹ ਯੋਗ ਦੇ ਰਾਹ ਤੇ ਚੱਲ ਸਕੇ ਯੋਗ ਵਿੱਚ ਪੰਜ ਯਮ ਦੱਸੇ ਗਏ ਹਨ :

(ੳ) ਅਹਿੰਸਾ : ਮਨ, ਵਚਨ ਅਤੇ ਕਰਮ ਨਾਲ ਕਿਸੇ ਨੂੰ ਕਸ਼ਟ ਨਾ ਦੇਣਾ ਹੀ ਅਹਿੰਸਾ ਹੈ।

(ਅ) ਸੱਚ : ਜਿਹੋ ਜਿਹਾ ਦੇਖਣਾ, ਸੁਣਨਾ ਅਤੇ ਸਮਝਣਾ, ਉਹੋ ਉਸੇ ਤਰ੍ਹਾਂ ਬਿਨਾਂ ਵਧਾਏ ਘਟਾਏ ਬੋਲ ਦੇਣਾ ਹੀ ਸੱਚ ਹੈ।

(ੲ) ਅਸਤਯ (ਚੋਰੀ ਨ ਕਰਨਾ) : ਜੋ ਵਸਤੂ ਨਿਆਂਪੂਰਨ ਆਪਣੀ ਨਹੀਂ ਹੈ, ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਨਾ ਕਰਨਾ ਹੀ ਅਸਤੇਯ ਹੈ।

(ਸ) ਬ੍ਰਹਮਚਰਯ : ਮਹਾਨ ਵਿਅਕਤੀ ਦੀ ਤਰ੍ਹਾਂ ਆਚਰਨਾ ਕਰਨਾ ਅਤੇ ਵਿਸ਼ੇ ਵਾਸ਼ਨਾਵਾਂ ਨੂੰ ਮਨ, ਵਚਨ ਅਤੇ ਕਰਮ ਦੁਆਰਾ ਤਿਆਗਨਾ ਹੀ ਬ੍ਰਹਮਚਰਯ ਹੈ।

(ਹ) ਅਪ੍ਰਿਗ੍ਰਹ : ਆਪਣੀ ਜ਼ਰੂਰਤ ਅਨੁਸਾਰ ਸਮਗਰੀ ਹੀ ਰੱਖਣਾ, ਲੋੜ ਤੋਂ ਵੱਧ ਭੌਤਿਕ ਪਦਾਰਥ ਇਕੱਠੇ ਕਰਨ ਦੀ ਇੱਛਾ ਨਾ ਕਰਨਾ ਹੀ ਅਪ੍ਰਿਗ੍ਰਹ ਹੈ।

2. ਨਿਯਮ : ਵਿਅਕਤੀ ਦੇ ਵਿਅਕਤੀਗਤ ਜੀਵਨ ਨਾਲ ਸੰਬੰਧਿਤ ਨੈਤਿਕਤਾ  ਨੂੰ ਨਿਯਮ ਕਹਿੰਦੇ ਹਨ। ਯੋਗ ਦਰਸ਼ਨ ਵਿੱਚ ਪੰਜ ਨਿਯਮ ਦੱਸੇ ਗਏ ਹਨ :

(ੳ) ਸੋਚ (ਸ਼ੁੱਧੀ) : ਬਾਹਰੀ ਸ਼ੁੱਧੀ ਇਸ਼ਨਾਨ ਅਤੇ ਸਾਤਵਿਕ ਭੋਜਨ ਦੁਆਰਾ ਅਤੇ ਅੰਤਰਿਕ ਸ਼ੁੱਧੀ ਮੈਤਰੀ (ਮਿੱਤਰਤਾ), ਕਰੁਣਾ (ਦਯਾ), ਮੁਦਿਤਾ (ਪ੍ਰਸੰਨਤਾ) ਅਤੇ ਉਪੇਖਾ (ਸਮਤਾ) ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ।

(ਅ) ਸੰਤੋਖ : ਉਚਿਤ ਸਾਧਨਾਂ ਦਾ ਪ੍ਰਯੋਗ ਕਰਦੇ ਹੋਏ ਜੋ ਕੁਝ ਮਿਲੇ ਉਸੇ ਵਿੱਚ ਸੰਤੁਸ਼ਟ ਰਹਿਣਾ ਹੀ ਸੰਤੋਖ ਹੈ।

(ੲ) ਤਪ : ਸਰਦੀ ਗਰਮੀ, ਭੁੱਖ-ਪਿਆਸ ਆਦਿ ਵਿਪਰੀਤ ਪਰਿਸਥਿਤੀਆਂ ਵਿੱਚ ਸਮਤਾ ਰੱਖਣਾ ਅਤੇ ਕਠਿਨ ਵਰਤਾਂ ਦੀ ਪਾਲਣਾ ਕਰਕੇ ਸਰੀਰ ਨੂੰ ਕਸ਼ਟ ਸਹਿਣਯੋਗ ਬਣਾਉਣਾ ਹੀ ਤਪ ਹੈ।

(ਸ) ਸ੍ਵਾਧਿਆਇ (ਸ੍ਵੈ ਦਾ ਅਧਿਐਨ) : ਇਸ ਵਿੱਚ ਨਿਯਮ ਪੂਰਬਕ ਧਰਮ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਨਾਲ ਆਪਣੇ-ਆਪ ਦਾ ਅਧਿਐਨ ਕਰਨਾ ਆਉਂਦਾ ਹੈ।

(ਹ) ਈਸ਼ਵਰ ਪ੍ਰਣਿਧਾਨ : ਈਸ਼ਵਰ ਦਾ ਧਿਆਨ ਅਤੇ ਆਪਣੇ-ਆਪ ਨੂੰ ਈਸ਼ਵਰ ਦੀ ਇੱਛਾ ਤੇ ਛੱਡ ਦੇਣਾ ਹੀ ਈਸ਼ਵਰ ਪ੍ਰਣਿਧਾਨ ਹੈ।

3. ਆਸਣ : ਪਾਤੰਜਲੀ ਅਨੁਸਾਰ ਸੁਖਪੂਰਵਕ ਸਰੀਰ ਦੀ ਕਿਸੇ ਇੱਕ ਅਵਸਥਾ ਵਿੱਚ ਸਥਿਰ ਹੋ ਕੇ ਬੈਠਣਾ ਹੀ ਆਸਣ ਹੈ। ਮਨ ਨੂੰ ਸਥਿਰ ਕਰਨ ਲਈ ਸਰੀਰ ਦੀ ਸਥਿਰਤਾ ਜ਼ਰੂਰੀ ਹੈ। ਇਸ ਲਈ ਆਸਣ ਯੋਗ ਦੀ ਸਿੱਧੀ ਲਈ ਇੱਕ ਮਹੱਤਵਪੂਰਨ ਪੌੜੀ ਹੈ।

4. ਪ੍ਰਾਣਾਯਾਮ : ਸਥਿਰ ਆਸਣ ਤੇ ਬਹਿ ਕੇ ਪ੍ਰਾਣਾਂ ਦੀ ਗਤੀ ਨੂੰ ਨਿਯੰਤਰਿਤ ਕਰਨਾ ਪ੍ਰਾਣਾਯਾਮ ਹੈ। ਪ੍ਰਾਣਾਯਾਮ ਨਾਲ ਮਨ ਦੀ ਚੰਚਲਤਾ ਘਟਦੀ ਹੈ ਅਤੇ ਮਨ ਸਥਿਰ ਹੁੰਦਾ ਹੈ। ਇਸ ਦੇ ਹੇਠ ਲਿਖੇ ਤਿੰਨ ਅੰਗ ਹੁੰਦੇ ਹਨ:

(ੳ) ਪੂਰਕ : ਸਾਹ ਨੂੰ ਪੂਰੀ ਤਰ੍ਹਾਂ ਅੰਦਰ ਲੈਣਾ।

(ਅ) ਕ੍ਰਮਭਕ : ਸਾਹ ਨੂੰ ਆਪਣੀ ਸਮਰੱਥਾ ਅਨੁਸਾਰ ਅੰਦਰ ਅਤੇ ਬਾਹਰ ਰੋਕਣਾ।

(ੲ) ਰੋਚਕ : ਸਾਹ ਨੂੰ ਹੌਲੇ-ਹੌਲੇ ਬਾਹਰ ਕੱਢਣਾ।

5. ਪ੍ਰਤਿਆਹਾਰ : ਇੰਦਰੀਆਂ ਨੂੰ ਉਹਨਾਂ ਦੇ ਵਿਸ਼ਿਆਂ ਤੋਂ ਹਟਾ ਕੇ ਆਪਣੇ ਅੰਦਰ ਕੇਂਦਰਿਤ ਕਰਨਾ ਪ੍ਰਤਿਆਹਾਰ ਹੈ। ਇਸ ਅਵਸਥਾ ਦੀ ਪ੍ਰਾਪਤੀ ਨਾਲ ਸੰਸਾਰਿਕ ਵਸਤੂਆਂ ਦਾ ਚਿੱਤ ਤੇ ਕੋਈ ਪ੍ਰਭਾਵ ਨਹੀਂ ਪੈਂਦਾ।

ਯੋਗ ਦੇ ਇਹ ਪੰਜ ਅੰਗ ਬਾਹਰੀ ਅੰਗ ਹਨ ਅਤੇ ਬਾਕੀ ਤਿੰਨ ਅੰਤਰ ਅੰਗ ਹਨ ਅਤੇ ਉਹਨਾਂ ਦਾ ਯੋਗ ਨਾਲ ਸਿੱਧਾ ਸੰਬੰਧ ਹੈ।

6. ਧਾਰਨਾ : ਚਿੱਤ ਨੂੰ ਕਿਸੇ ਇੱਕ ਵਿਸ਼ੇ ਤੇ ਟਿਕਾਉਣਾ ਹੀ ਧਾਰਨਾ ਹੈ। ਇਹ ਵਿਸ਼ਾ ਕੋਈ ਬਾਹਰੀ ਪਦਾਰਥ ਜਿਵੇਂ ਇਸ਼ਟ ਦੀ ਸੁਰਤੀ ਹੋ ਸਕਦਾ ਹੈ ਅਤੇ ਸਰੀਰ ਦਾ ਕੋਈ ਅੰਗ ਜਿਵੇਂ ਭਰਵੱਟਿਆਂ ਦੇ ਵਿਚਾਲੇ ਜਾਂ ਹੋਰ ਕੋਈ ਅੰਗ ਹੋ ਸਕਦਾ ਹੈ।

7. ਧਿਆਨ : ਵਿਚਾਰ-ਵਿਸ਼ੇ ਤੇ ਲਗਾਤਾਰ ਚਿੱਤ ਦੀ ਇਕਾਗਰਤਾ ਧਿਆਨ ਹੈ। ਇਸ ਵਿੱਚ ਚਿੱਤ ਪ੍ਰਵਾਹ ਰੂਪ ਨਾਲ ਵਿਚਾਰ ਵਿਸ਼ੇ ਵੱਲ ਜਾਂਦਾ ਹੈ।

8. ਸਮਾਧੀ : ਇਸ ਅਵਸਥਾ ਵਿੱਚ ਚਿੱਤ-ਬਿਰਤੀ ਸਮਾਪਤ ਹੋ ਜਾਂਦੀ ਹੈ। ਚਿੱਤ ਅਤੇ ਵਿਸ਼ੇ ਦਾ ਭੇਦ-ਭਾਵ ਸਮਾਪਤ ਹੋ ਜਾਂਦਾ ਹੈ ਅਤੇ ਚਿੱਤ ਵਿਸ਼ੇ ਦੇ ਆਕਾਰ ਨੂੰ ਹੀ ਧਾਰ ਲੈਂਦਾ ਹੈ। ਸਮਾਧੀ ਦੇ ਦੋ ਪ੍ਰਕਾਰ ਹਨ :

1. ਸਮਪ੍ਰਗਿਆਤ ਜਾਂ ਸਰੀਜ ਸਮਾਧੀ : ਇਸ ਅਵਸਥਾ ਵਿੱਚ ਬਾਹਰੀ ਵਿਸ਼ਾਗਤ ਚਿੱਤ ਬਿਰਤੀਆਂ ਦਾ ਨਿਰੋਧ ਹੋ ਜਾਂਦਾ ਹੈ ਪਰ ਆਤਮ ਵਿਸ਼ਾਗਤ ਚਿਤ ਬਿਰਤੀ ਬਣੀ ਰਹਿੰਦੀ ਹੈ। ਇਸ ਵਿੱਚ ਵਿਸ਼ੇ ਦਾ ਗਿਆਨ ਬਣਿਆ ਰਹਿੰਦਾ ਹੈ ਪਰ ਚਿੱਤ ਦੀਆਂ ਹੋਰ ਬਿਰਤੀਆਂ ਨਿਰੋਧ ਹੋ ਜਾਂਦੀਆਂ ਹਨ। ਇਸਦੇ ਚਾਰ ਭੇਦ ਹਨ :

(ੳ) ਸਵਿਤਰਕ ਸਮਾਧੀ : ਇਸ ਵਿੱਚ ਚਿੱਤ ਸਥੂਲ ਵਿਸ਼ੇ ਤੇ ਇਕਾਗਰ ਹੁੰਦਾ ਹੈ।

(ਅ) ਸਵਿਚਾਰ ਸਮਾਧੀ : ਇਸ ਵਿੱਚ ਸੂਖ਼ਮ ਵਿਸ਼ੇ ਹੁੰਦਾ ਹੈ।

(ੲ) ਸਾਨੰਦ ਸਮਾਧੀ : ਜਦੋਂ ਵਿਸ਼ੇ ਸੰਬੰਧੀ ਕਾਰਨ-ਕਾਰਜ ਭਾਵਨਾ ਸਮਾਪਤ ਹੁੰਦੀ ਹੈ ਅਤੇ ਸੱਤਵ ਗੁਣ ਦੀ ਪ੍ਰਧਾਨਤਾ ਨਾਲ ਜੋ ਅਨੰਦ ਦੀ ਪ੍ਰਾਪਤੀ ਹੁੰਦੀ ਹੈ, ਉਸਨੂੰ ਸਾਨੰਦ ਸਮਾਧੀ ਕਹਿੰਦੇ ਹਨ।

(ਸ) ਸਸਮਿਤਾ ਸਮਾਧੀ : ਜਦੋਂ ਪੁਰਸ਼ ਆਪਣੇ ਸ਼ੁੱਧ ਸਰੂਪ ਦਾ ਸਾਖਿਆਤਕਾਰ ਕਰਦਾ ਹੈ ਤਾਂ ਇਹ ਸਮਾਧੀ ਉਪਲਬਧ ਹੁੰਦੀ ਹੈ।

2. ਅਸਮਪ੍ਰਗਿਆਤ ਜਾਂ ਨਿਰਬੀਜ ਸਮਾਧੀ : ਇਸ ਵਿੱਚ ਵਿਸ਼ਾ, ਗਿਆਤਾ ਅਤੇ ਗਿਆਨ ਦਾ ਭੇਦ ਬਿਲਕੁਲ ਖ਼ਤਮ ਹੋ ਜਾਂਦਾ ਹੈ ਅਤੇ ਕੇਵਲ ਪੁਰਾਣੇ ਸੰਸਕਾਰ ਰਹਿ ਜਾਂਦੇ ਹਨ ਜੋ ਉਸਦੇ ਵਰਤਮਾਨ ਜੀਵਨ ਤੱਕ ਰਹਿੰਦੇ ਹਨ। ਮਰਨ ਉਪਰੰਤ ਇਹ ਸੰਸਕਾਰ ਵੀ ਖ਼ਤਮ ਹੋ ਜਾਂਦੇ ਹਨ ਅਤੇ ਯੋਗ ਮੁਕਤ ਹੋ ਜਾਂਦਾ ਹੈ।

ਇਸ ਤਰ੍ਹਾਂ ਪਾਤੰਜਲੀ ਦੇ ਅਸ਼ਟਾਂਗਯੋਗ ਵਿੱਚ ਵਿਅਕਤੀਗਤ ਅਤੇ ਸਮਾਜਿਕ ਨੈਤਿਕਤਾ ਦੇ ਨਾਲ- ਨਾਲ ਸਰੀਰਕ ਅਤੇ ਮਾਨਸਿਕ ਅਨੁਸਾਸ਼ਨ ਅਤੇ ਸਾਹ ਸੰਬੰਧੀ ਅਨੁਸਾਸ਼ਨ ਤੇ ਵੀ ਜ਼ੋਰ ਦਿੱਤਾ ਗਿਆ ਹੈ। ਜੀਵਨ ਦਾ ਪਰਮ ਉਦੇਸ਼ ਮੋਕਸ਼ ਪ੍ਰਾਪਤੀ ਲਈ ਚਿੱਤ ਦਾ ਨਿਰੁੱਧ ਹੋਣਾ ਜ਼ਰੂਰੀ ਹੈ ਜੋ ਸਮਾਧੀ ਦੀ ਅਵਸਥਾ ਵਿੱਚ ਹੀ ਪੂਰੀ ਤਰ੍ਹਾਂ ਹੁੰਦਾ ਹੈ। ਸਮਾਧੀ ਦੀ ਪ੍ਰਾਪਤੀ ਲਈ ਪਹਿਲੇ ਸੱਤਾਂ ਪੜਾਵਾਂ ਵਿੱਚੋਂ ਲੰਘਣਾ ਜ਼ਰੂਰੀ ਹੈ ਤਾਂ ਹੀ ਸਮਾਧੀ ਜੋ ਯੋਗ ਦਾ ਉਦੇਸ਼ ਹੈ, ਪ੍ਰਾਪਤ ਹੋ ਸਕਦੀ ਹੈ।


ਲੇਖਕ : ਜਤਿੰਦਰ ਕੁਮਾਰ ਜੈਨ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 7439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-10-31-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.