ਅਸੀਮਤ ਸ਼ਬਦ-ਪਰਬੰਧ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅਸੀਮਤ ਸ਼ਬਦ-ਪਰਬੰਧ: ਇਸ ਸਕੰਲਪ ਦੀ ਵਰਤੋਂ ਵਿਆਕਰਨ ਵਿਚ ਸ਼ਬਦ-ਸ਼ਰੇਣੀਆਂ ਦੀ ਵੰਡ ਲਈ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਸ਼ਬਦਾਵਲੀ ਦੀ ਵਰਗ-ਵੰਡ ਕੀਤੀ ਜਾ ਸਕਦੀ ਹੈ ਅਤੇ ਉਸ ਵਿਚ ਵਰਤੇ ਜਾਂਦੇ ਅਸੀਮਤ ਸ਼ਬਦਾਂ ਨੂੰ ਕੁਝ ਨਿਸ਼ਚਤ ਸ਼ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਅੱਗੋਂ ਹਰ ਇਕ ਸ਼ਬਦ-ਸ਼ਰੇਣੀ ਦੀ ਆਪਣੀ ਵਿਆਕਰਨਕ ਮਹੱਤਤਾ ਹੈ। ਸ਼ਬਦ-ਸ਼ਰੇਣੀਆਂ ਨੂੰ ਗਿਣਤੀ ਜਾਂ ਤਾਦਾਦ ਦੇ ਪੱਖ ਤੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ਸੀਮਤ ਅਤੇ ਅਸੀਮਤ ਸ਼ਬਦ-ਪਰਬੰਧ। ਸੀਮਤ ਸ਼ਬਦ-ਪਰਬੰਧ ਵਿਚ ਵਿਚਰਨ ਵਾਲੇ ਸ਼ਬਦਾਂ ਦੀ ਵਾਕਾਤਮਕ ਮਹੱਤਤਾ ਹੈ। ਹਰ ਸੀਮਤ ਸ਼ਰੇਣੀ ਦਾ ਸ਼ਬਦ ਦੂਜੀ ਸੀਮਤ ਸ਼ਰੇਣੀ ਦੇ ਸ਼ਬਦ ਦੇ ਵਿਕਲਪ ਵਜੋਂ ਨਹੀਂ ਵਿਚਰ ਸਕਦਾ ਅਤੇ ਇਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਸੀਮਤ ਹੁੰਦੀ ਹੈ। ਇਨ੍ਹਾਂ ਦੀ ਗਿਣਤੀ ਵਿਚ ਵਾਧਾ ਸੀਮਤ ਅਤੇ ਧੀਮੀ ਗਤੀ ਨਾਲ ਹੁੰਦਾ ਹੈ। ‘ਪੜਨਾਂਵ, ਸਬੰਧਕ, ਯੋਜਕ, ਵਿਸਮਕ, ਪਾਰਟੀਕਲਜ਼ ਅਤੇ ਸਹਾਇਕ ਕਿਰਿਆ’ ਆਦਿ ਨੂੰ ਇਨ੍ਹਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਦੂਜੇ ਪਾਸੇ ਅਸੀਮਤ ਸ਼ਬਸ ਪਰਬੰਧ ਦੀ ਸੂਚੀ ਵਿਚ ਸ਼ਬਦ-ਸ਼ਰੇਣੀਆਂ ਦੇ ਮੈਂਬਰਾਂ ਦੇ ਵਿਆਕਰਨਕ ਅਤੇ ਬਣਤਰਾਤਮਕ ਲੱਛਣ ਲਗਭਗ ਇਕੋ ਜਿਹੇ ਹੁੰਦੇ ਹਨ। ਇਸ ਪਰਬੰਧ ਦੇ ਸ਼ਬਦਾਂ ਦੀ ਗਿਣਤੀ ਅਸੀਮਤ ਹੁੰਦੀ ਹੈ। ਇਕ ਵੇਲੇ ਤਿਆਰ ਕੀਤੀ ਗਈ ਕਿਸੇ ਸ਼ਬਦ-ਸ਼ਰੇਣੀ ਦੀ ਸੂਚੀ ਉਸ ਵੇਲੇ ਹੀ ਪੂਰੀ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਦੀ ਗਿਣਤੀ\ਵਰਤੋਂ ਵਿਚ ਲਗਾਤਾਰ ਵਾਧਾ-ਘਾਟਾ ਹੁੰਦਾ ਰਹਿੰਦਾ ਹੈ। ਇਕ ਸ਼ਰੇਣੀ ਦੇ ਸ਼ਬਦ ਆਪਣੀ ਸ਼ਰੇਣੀ ਵਿਚ ਆਮ ਤੌਰ ਤੇ ਵਿਕਲਪ ਦੇ ਤੌਰ ’ਤੇ ਵਿਚਰ ਸਕਦੇ ਹਨ ਜਿਵੇਂ : ਮੁੰਡੇ ਨੇ ਰੋਟੀ\ਮੱਛੀ\ਬਰਫੀ\ਪੂਰੀ ਖਾਧੀ। ਇਥੇ ਨੋਟ ਕਰਨਾ ਜਰੂਰੀ ਹੈ ਕਿ ਵਿਕਲਪੀ ਸ਼ਬਦ-ਰੂਪਾਂ ਦੀ ਵਿਆਕਰਨਕ ਵਿਸ਼ੇਸ਼ਤਾ ਇਕੋ ਜਿਹੀ ਹੋਵੇ ਜਿਵੇਂ : ਖਾਧੀ\-ਈ\ ਅੰਤਕ ਹੈ ਤੇ ਇਸ ਤੋਂ ਪਹਿਲਾਂ ਵਿਚਰਨ ਵਾਲੇ (ਕਰਮ) ਨਾਂਵ ਵੀ\-ਈ\ ਅੰਤਕ ਚਾਹੀਦੇ ਹਨ। ਇਸ ਸੰਕਲਪ ਸ਼ਬਦ ਨੂੰ ‘ਖੁੱਲ੍ਹਾ ਸ਼ਬਦ-ਪਰਬੰਧ’ ਵੀ ਕਿਹਾ ਜਾਂਦਾ ਹੈ। ਇਸ ਸ਼ਬਦ-ਪਰਬੰਧ ਵਿਚ ਦੂਜੀਆਂ ਭਾਸ਼ਾਵਾ ਦੇ ਸ਼ਬਦ ਤਤਸਮ ਅਤੇ ਤਦਭਵ ਰੂਪ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.