ਅੜਾਉਣੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅੜਾਉਣੀ : ਵੇਖੋ ‘ ਬੁਝਾਰਤ’

ਬੁਝਾਰਤਾਂ : ‘ ਬੁਝਾਰਤ’ ਦੇ ਕੋਸ਼ਗਤ ਅਰਥ ਹਨ ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ । ‘ ਬੁਝਾਰਤ’ ਸ਼ਬਦ ਸਮਝੌਤੀ ਜਾਂ ਸਿੱਖਿਆ ਦੇ ਅਰਥਾਂ ਵਿਚ ਵੀ ਆਇਆ ਹੈ , ‘ ਦੇਇ ਬੁਝਾਰਤ ਸਾਰਤਾ’ ( ਗਾਉੜੀ ਮ. 5 ) । ‘ ਸੁਖਮਨੀ’ , ਦੀ ਟੂਕ ‘ ਕਹਾ ਬੁਝਾਰਤਿ ਬੂਝੈ ਡੋਰਾ’ ਵਿਚ ਸ਼ਬਦ ਬੁਝਾਰਤ ਇਨ੍ਹਾਂ ਦੀ ਅਰਥਾਂ ਵਿਚ ਆਇਆ ਹੈ ।

                  ਇਸ ਦੇ ਹੋਰ ਅਰਥ ਪਹੇਲੀ , ਅੜਾਉਣੀ , ਬਾਤ ਆਦਿ ਵੀ ਹਨ । ਇਹ ਇਸ ਸ਼ਬਦ ਦੇ ਵਧੇਰੇ ਪ੍ਰਚੱਲਿਤ ਅਰਥ ਹਨ । ਕਾਵਿਮਈ ਢੰਗ ਨਾਲ ਕੁਝ ਵਾਕੰਸ਼ ਬੋਲੇ ਜਾਂਦੇ ਹਨ ਜੋ ਬੁਝਾਰਤ ਹੁੰਦੇ ਹਨ ਤੇ ਸੁਣਨ ਵਾਲਿਆਂ ਤੋਂ ਇਸ ਦਾ ਉੱਤਰ ਬੁਝਾਇਆ ਜਾਂਦਾ ਹੈ । ਇਸ ਨੂੰ ਬਾਤ ਜਾਂ ਬੁਝਾਰਤ ਦਾ ਬੁਝਣਾ ਆਖਦੇ ਹਨ । ਮਿਸਾਲ ਦੇ ਤੌਰ ਤੇ ਬਾਤ ਪਾਉਣ ਵਾਲਾ ਆਖਦਾ ਹੈ : “ ਥੜ੍ਹੇ ਤੇ ਥੜ੍ਹਾ , ਲਾਲ ਕਬੂਤਰ ਖੜ੍ਹਾ । ” ਸੁਣਨ ਵਾਲਿਆਂ ਨੂੰ ਜੇ ਉੱਤਰ ਨਾ ਆਵੇ ਜਾਂ ਜੇ ਉਹ ਬਾਤ ਬੁਝ ਨਾ ਸਕਣ ਤਾਂ ਬਾਤ ਪਾਉਣ ਵਾਲਾ ਇਸ ਦਾ ਉੱਤਰ ‘ ਦੀਵਾ’ ਆਪੇ ਆਖ ਦਿੰਦਾ ਹੈ । ਲੋਕ– ਕਾਵਿ ਵਿਚ ਇਨ੍ਹਾਂ ਬੁਝਾਰਤਾਂ ਦੀ ਖ਼ਾਸ ਮਹੱਤਾ ਹੈ ਤੇ ਇਹ ਲੋਕ– ਕਾਵਿ ਦਾ ਅਨਿੱਖੜ ਅੰਗ ਸਮਝੀਆਂ ਜਾਂਦੀਆਂ ਹਨ ।

                  ਕਾਵਿ– ਸ਼ਾਸਤਰ ਵਿਚ ਬੁਝਾਰਤ ( ਪ੍ਰਹੇਲਿਕਾ– – ਪਹੇਲੀ ਜਾਂ ਬੁਝਾਰਤ ) ਨਾਂ ਦਾ ਇਕ ਅਲੰਕਾਰ ਵੀ ਹੈ । ਇਸ ਨੂੰ ਉਭਯਾਲੰਕਾਰ ਦਾ ਨਾਂ ਦਿੱਤਾ ਜਾਂਦਾ ਹੈ । ਅਰਥ– ਪ੍ਰਹੇਲਿਕਾ ਜਾਂ ਅਰਥ– ਪਹੇਲੀ ਜਾਂ ਅਰਥ– ਬੁਝਾਰਤ ਅਰਥ– ਅਲੰਕਾਰ ( ਚਿਤ੍ਰ ) ਦਾ ਤੀਜਾ ਰੂਪ ਹੈ । ਇਹ ਇਕ ਅਜਿਹੀ ਬੁਝਾਰਤ ਹੁੰਦੀ ਹੈ ਜਿਸ ਦੇ ਅਰਥ– ਵਿਚਾਰ ਤੋਂ ਵਸਤੂ ਦਾ ਗਿਆਨ ਹੋ ਜਾਂਦਾ , ਪਰ ਬੁਝਾਰਤ ਵਿਚ ਸਪਸ਼ਟ ਨਾਂ ਨਹੀਂ ਦੱਸਿਆ ਜਾਂਦਾ ਜਿਵੇਂ ਕਿ ਹੇਠਾਂ ਲਿਖੀ ਉਦਾਹਰਣ ਤੋਂ ਪ੍ਰਤੱਖ ਹੁੰਦਾ ਹੈ :

                                    ਪਉਣੈ ਪਾਣੀ ਅਗਨੀ ਕਾ ਮੇਲੁ ।

                                    ਚੰਚਲ ਚਪਲ ਬੁਧਿ ਕਾ ਖੇਲੁ ।

                                    ਨਉ ਦਰਵਾਜੇ ਦਸਵਾਂ ਦੁਆਰੁ ।

                                    ਬੁਝੁ ਰੇ ਗਿਆਨੀ ਏਹੁ ਬੀਚਾਰੁ ।                                                                       – – ( ਆ. ਗ੍ਰੰਥ , ਪੰਨਾ 152 )

ਇਸ ਬੁਝਾਰਤ ਦਾ ਉੱਤਰ ‘ ਮਨੁੱਖੀ ਸਰੀਰ’ ਹੈ ।

                  ਇਸ ਤਰ੍ਹਾਂ ਦੀਆਂ ਦੋ ਹੋਰ ਬੁਝਾਰਤਾਂ ਉਨ੍ਹਾਂ ਦੇ ਉੱਤਰਾਂ ਸਮੇਤ ਪੇਸ਼ ਹਨ :

ਬੁਝਾਰਤ :

                                    ਪੰਚ ਮਨਾਏ , ਪੰਚ ਰੁਸਾਏ ,

                                    ਪੰਚ ਵਸਾਏ , ਪੰਚ ਗਵਾਏ ,

                                    ਇਨ ਬਿਧਿ ਨਗਰੁ ਵੁਠਾ ਮੇਰੇ ਭਾਈ ।                                                                                 – – ( ਆ. ਗ੍ਰੰਥ , ਪੰਨਾ 430 )

ਉੱਤਰ :

                                    ਸਤਯ , ਸੰਤੋਖ , ਦਯਾ , ਧਰਮ , ਅਤੇ ਧੀਰਜ ਮਨਾਏ ।

                                    ਕਾਮ , ਕ੍ਰੋਧ , ਲੋਭ , ਮੋਹ ਅਤੇ ਅਹੰਕਾਰ ਰੁਸਾਏ ।

                                    ਪੰਰ ਤਤਾਂ ਦੇ ਗੁਣ ਖਿਮਾਂ ਆਦਿ ਵਸਾਏ ।

                                    ਸਬਦ ਸਪਰਸ਼ ਆਦਿ ਪੰਜ ਵਿਸ਼ਾਯ ਗਵਾਏ ।

ਬੁਝਾਤਰ :

                                    ਸਾਰਾ ਪਉੜਾ ਦੂਜਾ ਗਾਉਣਾ ।

                                    ਨਰ ਨਾਰੀ ਥੇ ਦੋਨੋ ਭਉਣਾ ।

                                    ਕੁਝ ਖਾਧਾ ਕੁਝ ਲੈ ਕੇ ਸਉਣਾ ।

                                    ਉਤਰ ਦੇਹ ਗੁਰੂ ਜੀ ਕਉਣਾ ?

                  ( ਇਹ ਬੁਝਾਰਤ ਇਕ ਰਾਜਕੁਮਾਰੀ ਨੇ ਦਸਮ ਗੁਰੂ ਕੋਲ ਪਾਈ ਸੀ )

ਉੱਤਰ :

                  ਇਹ ਉੱਤਰ ਦਿੱਤਾ ਗਿਆ :

                                    ਜਾਣੋ ਸਾਰਾ ਦੇਵ ਤਣ ਪੌਣਾ ਮਾਣਸ ਦੇਹ ।

                                    ਦੁਵਿਧਾ ਦੂਜੀ ਕਰ ਗਮਨ ਨਰ ਨਾਰੀ ਹ੍ਵੈ ਖੇਹ

                                    ਉਭੈ ਲੋਕ ਭੌਂਦਾ ਫਿਰੈ ਖਾਵਾ ਖ਼ਰਚ ਜ ਮਾਲ

                                    ਪ੍ਰਲੈ ਭਈ ਸੌਣਾ ਹੂਆ ਉੱਤਰ ਤੁਮਾਰਾ ਬਾਲ                                            – – ( ‘ ਗੁਰੂ ਪ੍ਰਤਾਪ ਸੂਰਜ ਗ੍ਰੰਥ’ )

                  ਪ੍ਰਹੇਲਿਕਾ ਦਾ ਦੂਜਾ ਰੂਪ ਵਰਣ– ਪਹੇਲੀ ਜਾਂ ਵਰਣ– ਬੁਝਾਰਤ ਹੈ । ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪਹੇਲੀ ਜਾਂ ਬੁਝਾਰਤ ਦਾ ਉੱਤਰ ਪਹੇਲੀ ਦੇ ਅੱਖਰਾਂ , ਸ਼ਬਦਾਂ ਦੁਆਰਾ ਹੀ ਪ੍ਰਗਟ ਹੋਇਆ ਹੁੰਦਾ ਹੈ । ਉਦਾਹਰਣਾਂ ਇਸ ਪ੍ਰਕਾਰ ਹਨ :

                                    ਕਿਸ ਤੇ ਪਸੂ ਜਿਉਂ ਪੇਟ ਭਰ , ਲੇਟਤ ਹੋਇ ਨਿਸੰਗ ?

                                    ਬੁੱਧੀ ਵਿੱਦਿਆ ਵਿਦਾ ਕਰ ਮਾਨ ਮਰਿਆਦਾ ਭੰਗ ?

                  ਇਸ ਦਾ ਉੱਤਰ ‘ ਭੰਗ’ ਹੈ ਜੋ ਪਹੇਲੀ ਦੇ ਅੰਤਮ ਸ਼ਬਦ ਵਿਚੋਂ ਪ੍ਰਗਟ ਹੋ ਗਿਆ ਹੈ ।

                  ਪੰਜਾਬੀ ਲੋਕ– ਕਾਵਿ ਵਿਚ ਬੁਝਾਰਤਾਂ ਦਾ ਚੋਖਾ ਭੰਡਾਰ ਮਿਲਦਾ ਹੈ । ਵੰਨਗੀਆਂ ਇਹ ਹਨ :

                                    ਔਹ ਗਈ ਔਹ ਗਈ । ( ਨਿਗਾਹ )

                                    ਮਾਂ ਪਤਲੀ ਪਤੰਗ ਪੁੱਤ ਲੁਬ ਜੇਹਾ ।

                                    ਮਾਂ ਗਈ ਨਹਾਣ ਪੁੱਤ ਡੁੱਬ ਗਿਆ ! ( ਲੱਜ ਤੇ ਬੋਕਾ )

                                    ਨੀਲੀ ਟਾਕੀ ਚਾਉਲ ਬੱਧੇ ।

                                    ਦਿਨੇ ਗੁਆਚੇ ਰਾਤੀ ਲੱਭੇ । ( ਤਾਰੇ ) ਇਤਿਆਦਿ                                                      – – ( ਵੇਖੋ ‘ ਲੋਕ ਗੀਤ’ )

                                                                                                                                    [ ਸਹਾ. ਗ੍ਰੰਥ– – ਮ. ਕੋ. ]                  


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.