ਅੰਤਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅੰਤਰਾ : ਗੀਤ ਜਾਂ ਗਤ ਵਿੱਚ ਸਥਾਈ ਅਤੇ ਅੰਤਰਾ ਦੋ ਭਾਗ ਹੁੰਦੇ ਹਨ। ਗਤ ਅਥਵਾ ਰਚਨਾ ਦੇ ਪਹਿਲੇ ਭਾਗ ਨੂੰ ਸਥਾਈ ਅਤੇ ਦੂਸਰੇ ਭਾਗ ਨੂੰ ਅੰਤਰਾ ਕਿਹਾ ਜਾਂਦਾ ਹੈ। ਕਹਿਣ ਤੋਂ ਭਾਵ ਇਹ ਕਿ ਗੀਤ ਜਾਂ ਗਤ ਦੀ ਬੰਦਸ਼ ਨੂੰ ਗਾਉਂਦੇ ਵਜਾਉਂਦੇ ਹੋਇਆਂ ਜੋ ਦੂਸਰਾ ਭਾਗ ਪ੍ਰਸਤੁਤ ਕੀਤਾ ਜਾਂਦਾ ਹੈ, ਉਹ ਅੰਤਰਾ ਦਾ ਹੈ। ਅੰਤਰਾ ਸ਼ਬਦ ‘ਅੰਤਰ` ਤੋਂ ਬਣਿਆ ਹੈ। ਅੰਤਰ ਸ਼ਬਦ ਦੇ ਵੀ ਇੱਥੇ ਇਹੋ ਭਾਵ ਹਨ ਅਰਥਾਤ ਗੀਤ ਜਾਂ ਗਤ ਦਾ ਦੂਸਰਾ ਭਾਗ।

 ਸਥਾਈ ਵਾਂਗ ਅੰਤਰੇ ਦੀਆਂ ਵੀ ਆਮ ਤੌਰ ਤੇ ਦੋ ਪੰਕਤੀਆਂ ਮੰਨੀਆਂ ਜਾਂਦੀਆਂ ਹਨ। ਕਦੇ-ਕਦੇ ਇਹ ਦੋ ਤੋਂ ਵੱਧ-ਘੱਟ ਵੀ ਹੋ ਸਕਦੀਆਂ ਹਨ। ਅੰਤਰੇ ਦਾ ਵਿਸਤਾਰ ਖੇਤਰ ਵਧੇਰੇ ਕਰ ਕੇ ਮੱਧ ਸਪਤਕ ਦੇ ਮੱਧਿਅਮ /ਪੰਚਮ ਸ੍ਵਰ ਤੋਂ ਸ਼ੁਰੂ ਹੋ ਕੇ ਤਾਰ ਸਪਤਕ ਦੇ ਗ, ਮ, ਪ ਸ੍ਵਰਾਂ ਨਾਲ ਸ਼ੁਰੂ ਕੀਤਾ ਜਾਂਦਾ ਹੈ ਅਤੇ ਇਸ ਨੂੰ ਤਾਰ ਸਪਤਕ ਦੇ ਗਂ, ਮਂ, ਪਂ ਤੱਕ ਲਿਆ ਜਾ ਸਕਦਾ ਹੈ। ਸੰਖੇਪ ਵਿੱਚ ਅੰਤਰੇ ਦਾ ਖੇਤਰ ਮੱਧ ਅਤੇ ਤਾਰ ਸਪਤਕ ਹੁੰਦਾ ਹੈ। ਇਸ ਮਗਰੋਂ ਇਸ ਦੀ ਦੂਸਰੀ ਪੰਕਤੀ ਕਹਿੰਦੇ ਹੋਏ ਦੁਬਾਰਾ ਸਥਾਈ ਤੇ ਆਉਂਦੇ ਹਨ। ਇਸ ਪ੍ਰਕਾਰ ਬੰਦਿਸ਼, ਗਤ ਜਾਂ ਰਚਨਾ ਪ੍ਰਸਤੁਤ ਕੀਤੀ ਜਾਂਦੀ ਹੈ। ਉਦਾਹਰਨ ਵਜੋਂ:

 ਸਥਾਈ :        ਸਾਧੋ ਗੋਬਿੰਦ ਕੇ ਗੁਨ ਗਾਵਉ॥

ਮਾਨਸ ਜਨਮ ਅਮੋਲਕੁ ਪਾਇਓ

                   ਬਿਰਥਾ ਕਾਹਿ ਗਵਾਵਉ ॥1॥ਰਹਾਉ॥

 ਅੰਤਰਾ :        (1) ਪਤਿਤ ਪੁਨੀਤ ਦੀਨ ਬੰਧ

                   ਹਰਿ ਸਰਨਿ ਤਾਹਿ ਤੁਮ ਆਵਉ॥

                   ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ

                   ਤੁਮ ਕਾਹੇ ਬਿਸਰਾਵਉ॥1॥

                   (2) ਤਜ ਅਭਿਮਾਨੁ ਮੋਹ ਮਾਇਆ ਫੁਨਿ

                   ਭਜਨ ਰਾਮ ਚਿਤੁ ਲਾਵਉ॥

                   ਨਾਨਕ ਕਹਤੁ ਮੁਕਤਿ ਪੰਥੁ ਇਹੁ

             ਗੁਰਮੁਖਿ ਹੋਇ ਤੁਮ ਪਾਵਉ॥

(ਗੁਰੂ ਗ੍ਰੰਥ ਸਾਹਿਬ, ਪੰਨਾ-219)


ਲੇਖਕ : ਡੀ.ਬੀ.ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅੰਤਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਤਰਾ [ਨਾਂਪੁ] ਟੇਕ , ਰਹਾਓ, ਰੁਕਣ ਦਾ ਭਾਵ (ਸੰਗੀ) ਗੀਤ ਦਾ ਦੂਸਰਾ ਪਦ; ਇਕ ਪਿਛੋਂ ਦੂਜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਤਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਤਰਾ. ਸੰਗ੍ਯਾ—ਟੇਕ (੎ਥਾਈ—ਰਹਾਉ) ਦੀਆਂ ਤੁਕਾਂ ਤੋਂ ਭਿੰਨ, ਸ਼ਬਦ ਦੀਆਂ ਬਾਕੀ ਤੁਕਾਂ. ਉਹ ਪਦ ਅਤੇ ਵਾਕ , ਜੋ ਰਹਾਉ ਦੀ ਤੁਕ ਦੇ ਅੰਦਰ ਗਾਏ ਜਾਣ। ੨ ਫਾਸਲਾ. ਵਿੱਥ । ੩ ਪੜਦਾ. ਆਵਰਣ. “ਜਿਨ ਕੈ ਭੀਤਰਿ ਹੈ ਅੰਤਰਾ। ਜੈਸੇ ਪਸੁ, ਤੈਸੇ ਉਇ ਨਰਾ.” (ਭੈਰ ਨਾਮਦੇਵ) ੪ ਯੋਗ ਮਤ ਅਨੁਸਾਰ ਅੰਤਰਾ ਉਸ ਵਿਘਨ ਨੂੰ ਆਖਦੇ ਹਨ, ਜੋ ਮਨ ਦੀ ਇਸਥਿਤੀ ਵਿੱਚ ਵਿਘਨ ਪਾਵੇ. ਦੇਖੋ, ਯੋਗ ਦਰਸ਼ਨ ੧—੩੦। ੫ ਕ੍ਰਿ. ਵਿ—ਸਿਵਾਇ. ਬਿਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.