ਅੰਬ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬ ( ਨਾਂ , ਪੁ ) ਇੱਕ ਪ੍ਰਸਿੱਧ ਦਰਖ਼ਤ ਤੇ ਉਹਦਾ ਫਲ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੰਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬ [ ਨਾਂਪੁ ] ਇਕ ਫਲ਼ਦਾਰ ਦਰਖ਼ਤ , ਇਸ ਦਰਖ਼ਤ ਤੋਂ ਪ੍ਰਾਪਤ ਫਲ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬ . ਛੋਲਿਆਂ ਦੀ ਪੱਤੀ. ਚਣੇ ਦਾ ਓਹ ਭੂਸਾ , ਜੋ ਕੇਵਲ ਪਤ੍ਰਾਂ ਦਾ ਹੋਵੇ । ੨ ਸੰ. ਆਮ੍ਰ. ਆਮ. ਅੰਬ ਦਾ ਬੂਟਾ ਅਤੇ ਉਸ ਦਾ ਫਲ । Mangifera Indica , ਅੰਬ ਸਦਾ ਬਹਾਰ ਬਿਰਛ ਹੈ. ਚੇਤ ਵਿੱਚ ਇਸ ਨੂੰ ਫਲ ਆਂਉਂਦਾ ਅਤੇ ਸਾਂਉਣ ਵਿੱਚ ਪਕਦਾ ਹੈ. ਫਲ ਦੀ ਤਾਸੀਰ ਗਰਮ ਤਰ ਹੈ ਹੁਣ ਪਿਉਂਦੀ ਅੰਬ ਅਨੇਕ ਜਾਤਾਂ ਦੇ ਵੇਖੀਦੇ ਹਨ ਜੋ ਬਹੁਤ ਰਸਦਾਇਕ ਹਨ । ੩ ਸੰ. अम्ब्. ਧਾ-ਜਾਣਾ. ਸ਼ਬਦ ਕਰਨਾ । ੪ ਸੰਗ੍ਯਾ— ਪੁਕਾਰ. ਸੱਦ । ੫ ਗਮਨ. ਜਾਣਾ । ੬ ਪਿਤਾ । ੭ ਨੇਤ੍ਰ । ੮ ਜਲ । ੯ ਦੇਖੋ , ਅੰਬਾ ਅਤੇ ਅੰਬੁ । ੧੦ ਦੇਖੋ , ਅੰਬਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਬ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਬ : ਇਹ ਐਨਾਕਾਰਡੀਏਸੀ ਕੁਲ , ਮੈਂਜੀਫੈਰਾ ਪ੍ਰਜਾਤੀ ਅਤੇ ਇੰਡੀਕਾ ਜਾਤੀ ਦਾ ਪੌਦਾ ਹੈ । ਅੰਬ ਦਾ ਦਰਖਤ ਲੰਬੀ ਉਮਰ ਵਾਲਾ , ਸੰਘਣਾ ਅਤੇ ਕਾਫ਼ੀ ਵੱਡਾ ਹੁੰਦਾ ਹੈ । ਭਾਰਤ ਵਿਚ ਇਹ ਦੱਖਣ ਵਿਚ ਕੰਨਿਆਕੁਮਾਰੀ ਤੋਂ ਲੈ ਕੇ ਉਤਰ ਵਿਚ ਹਿਮਾਲੀਆ ਦੀ ਤਰਾਈ ਤਕ ( 915 ਮੀਟਰ ਦੀ ਉੱਚਾਈ ਤਕ ) ਅਤੇ ਪੱਛਮ ਵਿਚ ਪੰਜਾਬ ਤੋਂ ਲੈ ਕੇ ਪੂਰਬ ਵਿਚ ਆਸਾਮ ਤਕ ਸਾਰੇ ਹੀ ਭਾਰਤ ਵਿਚ ਕਾਫ਼ੀ ਹੁੰਦਾ ਹੈ । ਅਨੁਕੂਲ ਪੋਣ-ਪਾਣੀ ਮਿਲਣ ਤੇ ਇਸ ਦਾ ਦਰਖ਼ਤ 15-20 ਮੀਟਰ ਦੀ ਉੱਚਾਈ ਤਕ ਪਹੁੰਚ ਜਾਂਦਾ ਹੈ । ਅੰਬ ਦੇ ਕਈ ਬੂਟੇ ਬਹੁਤ ਹੀ ਵੱਡੇ ਹੁੰਦੇ ਹਨ । ਡਾਕਟਰ ਐਮ. ਐਸ. ਰੰਧਾਵਾ ( 1946 ) ਅਨੁਸਾਰ ਚੰਡੀਗੜ੍ਹ ਦੇ ਨੇੜੇ ਇਕ ਪਿੰਡ ਵਿਚ ‘ ਛੱਪਰ’ ਨਾਂ ਦੇ ਅੰਬ ਦੇ ਇਕ ਦਰਖ਼ਤ ਦੇ ਤਣੇ ਦਾ ਘੇਰਾ 10 ਮੀਟਰ ਸੀ , ਕਈ ਸ਼ਾਖ਼ਾਂ 1.5 ਤੋਂ ਲੈ ਕੇ 4 ਮੀਟਰ ਤਕ ਮੋਟੀਆਂ ਅਤੇ 20 ਤੋਂ 27 ਮੀਟਰ ਤਕ ਲੰਬੀਆਂ ਸਨ । ਇਸ ਅੰਬ ਨੇ 2150 ਵਰਗ ਮੀਟਰ ਥਾਂ ਘੇਰਿਆ ਹੋਇਆ ਹੈ ਅਤੇ ਉਸ ਦੇ ਫਲ ਦਾ ਔਸਤ ਸਾਲਾਨਾ ਝਾੜ 170 ਕੁਵਿੰਅਲ ਹੈ ।

                  ਅੰਬ ਦਾ ਦਰਖਤ ਵੱਡਾ , ਸਿੱਧਾ ਖਲੋਤਾ ਹੋਇਆ ਅਤੇ ਫੈਲਿਆ ਹੋਇਆ ਹੁੰਦਾ ਹੈ ਇਸ ਦੀ ਛਿੱਲ ਖੁਰਦਰੀ ਅਤੇ ਮਿੱਟੀ ਚੰਗੀ ਜਾਂ ਕਾਲੀ , ਲਕੜੀ ਗਠੀਲੀ ਅਤੇ ਠੋਸ ਹੁੰਦੀ ਹੈ । ਇਸਦੇ ਪੱਤੇ ਸਾਦੇ , ਇਕ ਇਕ ਛੱਡ ਕੇ , ਲੰਬੇ , ਭਾਲੇ ਵਾਂਗ ਨੁਕੀਲੇ , 25 ਤੋਂ 30 ਸੈਂ. ਮੀ. ਤਕ ਲੰਬੇ , 2.5 ਤੋਂ 7.5 ਸੈਂ. ਮੀ. ਤਕ ਚੌੜੇ , ਚਿਕਨੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਪੱਤਿਆਂ ਦੇ ਕੰਢੇ ਕਦੀ ਕਦੀ ਲਹਿਰਵਾਰ ਵੀ ਹੁੰਦੇ ਹਨ । ਡੰਡੀ 2.5 ਤੋਂ 10 ਸੈਂ. ਮੀ. ਤਕ ਲੰਬੀ , ਜੋੜ ਦੇ ਕੋਲੋਂ ਫੁੱਲੀ ਹੋਈ ਹੁੰਦੀ ਹੈ । ਇਸਨੂੰ ਫੁੱਲ ਗੁੱਛਿਆਂ ਦੇ ਰੂਪ ਵਿਚ ਟਹਿਣੀ ਦੇ ਸਿਰੇ ਉਤੇ ਲਗਦੇ ਹਨ । ਇਹ ਫੁੱਲ ਛੋਟੇ , ਹਲਕੇ ਬਸੰਤੀ ਰੰਗ ਦੇ ਜਾਂ ਲਾਲੀ ਮਾਇਲ , ਭਿਨੀ ਭਿੰਨੀ ਸੁਗੰਧ ਦੇਣ ਵਾਲੇ ਅਤੇ ਡੰਡੀਆਂ ਤੋਂ ਬਗੈਰ ਹੁੰਦੇ ਹਨ । ਨਰ ਅਤੇ ਦੋ-ਲਿੰਗੀ ਦੋਵੇ ਕਿਸਮਾਂ ਦੇ ਫੁੱਲ ਇਕ ਹੀ ਪੁਸ਼ਪ ਗੁੱਛਾ ਜਾਂ ਪੈਨਿਕਲ ਵਿਚ ਹੁੰਦੇ ਹਨ । ਸੈਪਲ ਲੰਬੇ , ਅੰਡੇ ਦੀ ਸ਼ਕਲ ਦੇ ਅਤੇ ਕਮਾਨ ਵਾਂਗ ਹੁੰਦੇ ਹਨ ਪੈਟਲਾਂ ਸੈਪਲਾਂ ਨਾਲੋਂ ਦੂਣੀਆਂ ਵੱਡੀਆਂ , ਅੰਡਾਕਾਰ , 3 ਤੋਂ 5 ਤਕ ਅਤੇ ਉਭਰੀਆਂ ਹੋਈਆਂ ਨਾਰੰਗੀ ਰੰਗ ਦੀਆਂ ਧਾਰੀਆਂ ਸਹਿਤ । ਡਿਸਕ , ਗੁੱਦੇਦਾਰ 5 ਹਿਸਿਆਂ ਵਿਚ ਵੰਡਿਆ ਹੋਇਆ ਇਕ ਸਟੇਮਨ , 4 ਛੋਟੇ ਅਤੇ ਵੱਖ ਵੱਖ ਲੰਬਾਈਆਂ ਦੇ ਬਾਂਝ ਪੁੰਕੇਸਰ , ਕਾਰਪਲ ਕੁਝ ਕੁਝ ਵੈਂਗਣੀ ਅਤੇ ਓਵਰੀ ਲੇਸਦਾਰ ਹੁੰਦੀ ਹੈ । ਫਲ ਰਸਦਾਰ , ਗੁਠਲੀਦਾਰ , ਕਈ ਸ਼ਕਲਾਂ ਅਤੇ ਆਕਾਰਾਂ ਵਾਲਾ ਲਗਪਗ 25 ਸੈਂ. ਮੀ. ਤਕ ਲੰਬਾ ਅਤੇ 10 ਸੈਂ. ਮੀ. ਤਕ ਗੋਲਾਈ ਵਾਲਾ ਹੁੰਦਾ ਹੈ । ਪੱਕਣ ਤੇ ਇਸ ਦਾ ਰੰਗ ਹਰਾ , ਪੀਲਾ , ਜੋਗੀਆ , ਸੰਧੂਰੀ ਜਾਂ ਲਾਲ ਹੁੰਦਾ ਹੈ । ਇਸ ਦਾ ਗੁੱਦਾ ਪੀਲਾ ਅਤੇ ਸੰਤਰੀ ਰੰਗ ਦਾ ਅਤੇ ਬਹੁਤ ਸੁਆਦੀ ਹੁੰਦਾ ਹੈ । ਇਸ ਦੇ ਫਲ ਦਾ ਛਿੱਲਣ ਮੋਟਾ ਜਾਂ ਕਾਗ਼ਜ਼ੀ ਅਤੇ ਇਸ ਦੀ ਗਿਟਕ ਇਕੋ ਇਕ , ਸਖ਼ਤ , ਰੇਸ਼ੇਦਾਰ ਅਤੇ ਇਕ ਬੀ ਵਾਲੀ ਹੁੰਦੀ ਹੈ । ਇਸ ਦਾ ਬੀਜ ਕਾਫ਼ੀ ਵੱਡਾ ਅਤੇ ਲੰਬੂਤਰਾ ਹੁੰਦਾ ਹੈ ।

                  ਬਾਗ਼ਾਂ ਵਿਚ ਲਾਏ ਜਾਣ ਵਾਲੇ ਅੰਬਾਂ ਦੀਆਂ ਲਗਭਗ 1400 ਕਿਸਮਾਂ ਦਾ ਪਤਾ ਲਗ ਚੁੱਕਾ ਹੈ । ਇਨ੍ਹਾਂ ਤੋਂ ਇਲਾਵਾ ਕਿੰਨੀਆਂ ਹੀ ਜੰਗਲੀ ਅਤੇ ਦਾਬ ਨਾਲ ਲੱਗਣ ਵਾਲੀਆਂ ਕਿਸਮਾਂ ਵੀ ਹਨ । ਗੰਗੋਲੀ ( ਸੰਨ 1955 ) ਆਦਿ ਨੇ 210 ਵਧੀਆ ਕਲਮੀ ਕਿਸਮਾਂ ਦਾ ਚਿੱਤਰਾਂ ਸਹਿਤ ਵੇਰਵਾ ਦਿੱਤਾ ਹੈ । ਵੱਖ ਵੱਖ ਕਿਸਮ ਦੇ ਅੰਬਾਂ ਦੇ ਆਕਾਰ ਅਤੇ ਸੁਆਦ ਵਿਚ ਬੜਾ ਫ਼ਰਕ ਹੁੰਦਾ ਹੈ । ਕੁਝ ਅੰਬ ਅਲੂਚੇ ਤੋਂ ਵੀ ਛੋਟੇ ਹੁੰਦੇ ਹਨ ਅਤੇ ਕੁਝ ਦਾ ਭਾਰ ਸਹਾਰਨਪੁਰ ਦੇ ਅੰਬ ਹਾਥੀ ਝੂਲ ਵਾਂਗ ਦੋ ਢਾਈ ਕਿ.ਗ੍ਰਾ. ਤਕ ਹੁੰਦਾ ਹੈ , ਕੁਝ ਬਹੁਤ ਖੱਟੇ , ਬੇਸੁਆਦੇ ਜਾਂ ਚੀਪ ਨਾਲ ਭਰੇ ਹੁੰਦੇ ਹਨ , ਪਰ ਕੁਝ ਬਹੁਤ ਸਵਾਦੀ ਤੇ ਮਿੱਠੇ ਹੁੰਦੇ ਹਨ । ਫਰਾਇਰ ( ਸੰਨ 1673 ) ਨੇ ਅੰਬ ਨੂੰ ਆੜੂ ਅਤੇ ਖੁਰਮਾਨੀ ਤੋਂ ਵੀ ਜ਼ਿਆਦਾ ਸੁਆਦੀ ਕਿਹਾ ਹੈ ਅਤੇ ਹੈਮਿਲਟਨ ( ਸੰਨ 1727 ) ਨੇ ਗੋਆ ਦੇ ਅੰਬਾਂ ਨੂੰ ਸਭ ਤੋਂ ਵੱਡੇ , ਸੁਆਦੀ ਅਤੇ ਦੁਨੀਆਂ ਭਰ ਦੇ ਫਲਾਂ ਵਿਚੋਂ ਸਭ ਤੋਂ ਚੰਗਾ ਅਤੇ ਫਾਇਦੇਮੰਦ ਦੱਸਿਆ ਹੈ । ਭਾਰਤ ਵਿਚ ਬਹੁਤ ਪੁਰਾਣੇ ਸਮੇਂ ਤੋਂ ਅੰਬਾਂ ਦੇ ਬਾਗ਼ ਲਗਾਉਣ ਦਾ ਸ਼ੌਕ ਹੈ । ਭਾਰਤ ਦੀ ਉਸ ਧਰਤੀ ਦੇ 70 ਫ਼ੀ ਸਦੀ ਇਲਾਕੇ ਵਿਚ ਅੰਬਾਂ ਦੇ ਬਾਗ਼ ਮਿਲਦੇ ਹਨ ਜੋ ਬਾਗ਼ ਲਈ ਵਰਤੀ ਜਾਂਦੀ ਹੈ । ਇਸ ਤੋਂ ਸਪਸ਼ਟ ਹੈ ਕਿ ਭਾਰਤ ਵਾਸ਼ੀਆਂ ਦੇ ਜੀਵਨ ਅਤੇ ਮਾਲੀ ਹਾਲਤ ਦਾ ਅੰਬ ਨਾਲ ਗੂੜ੍ਹਾ ਸੰਬੰਧ ਹੈ । ਇਸ ਦੇ ਸੌਰਭ , ਰਸਲ , ਚੁਵਤ , ਟਪਕਾ , ਸਹਿਕਾਰ , ਪਿਕਵੱਲੜ ਆਦਿ ਕਈ ਨਾਂ ਹਨ । ਇਨ੍ਹਾਂ ਤੋਂ ਇਸ ਦਾ ਹਰਮਨ ਪਿਆਰਾ ਹੋਣਾ ਜ਼ਾਹਰ ਹੁੰਦਾ ਹੈ । ਇਸ ਨੂੰ “ ਕਲਪ-ਤਰੁ” ਅਰਥਾਤ ਮਨ-ਚਾਹਿਆ ਫਲ ਦੇਣ ਵਾਲਾ ਵੀ ਕਹਿੰਦੇ ਹਨ । “ ਵਤਪਥ-ਬ੍ਰਾਹਮਣ” ਵਿਚ ਅੰਬ ਦੀ ਚਰਚਾ ਵੈਦਿਕਕਾਲ ਵਿਚ ਅਤੇ “ ਅਮਰਕੋਸ਼” ਵਿਚ ਕੀਤੀ ਇਸ ਦੀ ਸਿਫ਼ਤ ਤੋਂ ਇਸ ਦੀ ਬੁੱਧ ਦੇ ਸਮੇਂ ਵਿਚਲੀ ਮਹੱਤਤਾ ਦਾ ਪਤਾ ਲਗਦਾ ਹੈ । ਮੁਗ਼ਲ ਸ਼ਹਿਨਸ਼ਾਹ ਅਕਬਰ ਨੇ “ ਲਾਖ ਬਾਗ਼” ਨਾਂ ਦਾ ਇਕ ਲੱਖ ਬੂਟਿਆਂ ਵਾਲਾ ਬਾਗ਼ ਦਰਭੱਗਾ ਦੇ ਨੇੜੇ ਲਗਵਾਇਆ ਸੀ ਜਿਸ ਤੋਂ ਉਸ ਸਮੇਂ ਅੰਬ ਦਾ ਹਰਮਨ ਪਿਆਰਾ ਹੋਣਾ ਸਪਸ਼ਟ ਹੁੰਦਾ ਹੈ । ਭਾਰਤ ਵਰਸ਼ ਵਿਚ ਅੰਬ ਨਾਲ ਸੰਬੰਧਤ ਕਈ ਲੋਕ ਗੀਤ , ਅਖਾਣ ਪ੍ਰਚਲਤ ਹਨ ਅਤੇ ਸਾਡੀਆਂ ਰੀਤਾਂ , ਰਿਵਾਜ , ਹਵਨ , ਯੱਗ , ਪੂਜਾ , ਕਥਾ , ਤਿਉਹਾਰ ਅਤੇ ਸਭ ਖੁਸ਼ੀ ਦੇ ਸਮਿਆਂ ਵਿਚ ਅੰਬ ਦੀ ਲਕੜੀ , ਪੱਤੇ , ਬੂਰ ਜਾਂ ਕੋਈ ਨਾ ਕੋਈ ਚੀਜ਼ ਜ਼ਰੂਰ ਵਰਤੀ ਜਾਂਦੀ ਹੈ । ਕਵੀਆਂ ਨੇ ਅੰਬ ਦੇ ਬੂਰ ਦੀ ਉਪਮਾ ‘ ਵਸੰਤਦੂਤ’ ਨਾਲ , ਮੰਜਰੀ ਦੀ ਕਾਮਦੇਵ ਦੇ ਤੀਰ ਨਾਲ ਕੀਤੀ ਹੈ । ਅੰਬ ਭਾਰਤ ਦਾ ਹੀ ਨਹੀਂ ਸਗੋਂ ਗਰਮ ਇਲਾਕਿਆਂ ਦੇ ਫਲਾਂ ਦਾ ਰਾਜਾ ਹੈ ਅਤੇ ਇਸ ਨੂੰ ਕਈ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ । ਕੱਚੇ ਅੰਬ ਦੀ ਚਟਣੀ , ਖਟਿਆਈ , ਅਚਾਰ , ਮੁਰੱਬਾ ਆਦਿ ਬਣਦੇ ਹਨ । ਪੱਕੇ ਅੰਬ ਬਹੁਤ ਸੁਆਦੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਲੋਕ ਬੜੇ ਸ਼ੌਕ ਨਾਲ ਖਾਂਦੇ ਹਨ । ਇਹ ਹਾਜ਼ਮੇਦਾਰ , ਕਬਜ਼-ਕੁਸ਼ਾ ਅਤੇ ਤਾਕਤਵਰ ਹੁੰਦੇ ਹਨ ।

                  ਅੰਬ ਅਮੀਰਾਂ ਦੀਆਂ ਦਾਅਵਤਾਂ ਦੀ ਸ਼ਾਨ ਅਤੇ ਗ਼ਰੀਬਾਂ ਦੇ ਪੇਟ ਭਰਨ ਦਾ ਵਧੀਆ ਸਾਧਨ ਹੈ । ਪੱਕੇ ਅੰਬ ਨੂੰ ਕਈ ਤਰ੍ਹਾਂ ਨਾਲ ਸੁਰੱਖਿਅਤ ਕਰਕੇ ਵੀ ਰਖਦੇ ਹਨ । ਇਸ ਦੇ ਰਸ ਨੂੰ ਥਾਲੀ , ਚਕਲੇ ਜਾਂ ਕਪੜੇ ਆਦਿ ਉੱਤੇ ਖਿਲਾਰ ਕੇ ਧੁੱਪ ਵਿਚ ਸੁਕਾਉਂਦੇ ਤੇ ਅੰਬ-ਪਾਪੜ ਬਣਾ ਕੇ ਰੱਖ ਲੈਂਦੇ ਹਨ । ਇਹ ਬਹੁਤ ਸੁਆਦੀ ਹੁੰਦਾ ਹੈ ਅਤੇ ਇਸ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ । ਕਿਤੇ ਕਿਤੇ ਅੰਬ ਦੇ ਰਸ ਨੂੰ ਅੰਡੇ ਦੀ ਸਫ਼ੈਦੀ ਨਾਲ ਮਿਲਲਾ ਕੇ ਮਰੋੜਾਂ ਤੇ ਦਸਤਾਂ ਦੇ ਇਲਾਜ ਲਈ ਦੇਂਦੇ ਹਨ । ਪੇਟ ਦੇ ਕੁਝ ਰੋਗਾਂ ਲਈ ਗਿਟਕ ਤੇ ਛਿਲੜ ਫ਼ਾਇਦੇਮੰਦ ਹੁੰਦੇ ਹਨ । ਕੱਚੇ ਅੰਬ ਨੂੰ ਉਬਾਲ ਕੇ ਉਸ ਦਾ ਛਿਲਕਾ ਅਤੇ ਗੁਠਲੀ ਕੱਢ ਦੇਂਦੇ ਹਨ ਅਤੇ ਲੂਣ , ਜੀਰਾ , ਹਿੰਗ , ਪੂਦੀਨਾ ਆਦਿ ਦਾ ਤੜਕਾ ਲਾ ਕੇ ਗੁੜੰਬਾਂ ਬਣਾ ਕੇ ਖਾਂਦੇ ਹਨ ਜੋ ਸੁਆਦੀ ਅਤੇ ਠੰਢਾ ਹੁੰਦਾ ਹੈ । ਅੰਬ ਦੀ ਗਿਟਕ ਵਿਚ ਮੈਲਿਕ ਤੇਜ਼ਾਬ ਵਧੇਰੇ ਹੁੰਦਾ ਹੈ ਜਿਸ ਕਰਕੇ ਇਹ ਖ਼ੂਨੀ ਬਵਾਸੀਰ ਅਤੇ ਲਾਕ੍ਹੋਰੀਆ ਆਦਿ ਲਈ ਲਾਭਕਾਰੀ ਹੈ । ਅੰਬ ਦੀ ਲੱਕੜੀ ਇਮਾਰਤੀ ਅਤੇ ਘਰੇਲੂ ਸਾਮਾਨ ਬਣਾਉਣ ਦੇ ਕੰਮ ਆਉਂਦੀ ਹੈ । ਇਹ ਬਾਲਣ ਵਿਚ ਵੀ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ ।

                  ਅੰਬ ਦੀ ਉਪਜ ਲਈ ਕੁਝ ਕੁ ਰੇਤਲੀ ਧਰਤੀ ਚੰਗੀ ਹੁੰਦੀ ਹੈ , ਜਿਸ ਵਿਚ ਲੋੜੀਂਦੀ ਖਾਦ ਹੋਵੇ ਅਤੇ ਪਾਣੀ ਦਾ ਨਿਕਾਸ ਠੀਕ ਹੋਵੇ । ਅੰਬ ਦੀਆਂ ਵਧੀਆਂ ਕਿਸਮਾਂ ਦੇ ਨਵੇਂ ਬੂਟੇ ਆਮ ਤੌਰ ਤੇ ਕਲਮਾਂ ਨਾਲ ਅਤੇ ਬੂਟਿਆਂ ਦੀਆਂ ਚਾਕੀਆਂ ਇਕ ਥਾਂ ਤੋਂ ਦੂਜੀ ਥਾਂ ਲਗਾ ਕੇ ਤਿਆਰ ਕੀਤੇ ਜਾਂਦੇ ਹਨ । ਕਲਮਾਂ ਅਤੇ ਅੱਖਾਂ ਤੋਂ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ । ਦਾਬ ਵਾਲੇ ਅੰਬਾਂ ਦੀਆਂ ਵੀ ਕਈ ਵਧੀਆਂ ਕਿਸਮਾਂ ਹਨ ਪਰ ਇਨ੍ਹਾਂ ਵਿਚ ਇਹ ਨੁਕਸ ਹੈ ਕਿ ਇਸ ਤਰ੍ਹਾਂ ਪੈਦਾ ਕੀਤੇ ਅੰਬਾਂ ਵਿਚ ਮੂਲ ਬੂਟੇ ਦੇ ਗੁਣ ਕਦੀ ਆਉਂਦੇ ਹਨ ਕਦੀ ਨਹੀਂ ਆਉਂਦੇ । ਇਸ ਲਈ ਮਨਚਾਹੀਆਂ , ਵਧੀਆਂ ਕਿਸਮਾਂ ਇਸ ਤਰ੍ਹਾਂ ਤਿਆਰ ਨਹੀਂ ਕੀਤੀਆਂ ਜਾ ਸਕਦੀਆਂ ਅੰਬ ਦੀਆਂ ਵਧੀਆਂ ਕਿਸਮਾਂ ਵਿਚੋਂ ਬਨਾਰਸੀ , ਲੰਗੜਾ , ਬੰਬਈ ਦਾ ਅਲਫ਼ਾਸੋ , ਸਲੀਹਾਬਾਦ ਅਤੇ ਲਖਨਊ ਦਾ ਦੁਸਹਿਰੀ ਅਤੇ ਸਫ਼ੈਦਾ , ਰੀਟੋਲ , ਖ਼ਾਸੁਲਖਾਸ , ਅਬੇਹਯਾਤ , ਗੋਲਾ , ਹਸਨਪੁਰੀ , ਬੰਬੇ ਗਰੀਨ , ਪੰਜਾਬ ਦਾ ਗੁਲਾਬ ਜਾਮਨ , ਤੈਂਬਰ , ਹੁਸਨਆਰਾ , ਕਾਲਾ , ਛੈਲੀ , ਸੰਧੂਰੀ , ਸਿੱਪੀ , ਦੋਧੀਆ ਆਦਿ ਵਰਣਨ ਯੋਗ ਹਨ ।

                  ਅੰਬ ਦਾ ਇਤਿਹਾਸ ਬਹੁਤ ਪੁਰਾਣਾ ਹੈ । ਡੀ. ਕੰਡੋਲ ( 1884 ) ਦੇ ਅਨੁਸਾਰ ਅੰਬ ਦੀ ਜਾਤੀ ਮੈਂਜੀਫੈਰਾ ਸ਼ਾਇਦ ਬਰਮਾ , ਸਿਆਮ ਅਤੇ ਮਲਾਇਆ ਵਿਚ ਪੈਦਾ ਹੋਈ ਹੋਵੇ , ਪਰ ਭਾਰਤ ਦਾ ਅੰਬ ਮੈਂਜੀਫੈਰਾ ਇੰਡੀਕਾ ਜੋ ਏਥੇ ਬਰਮਾ ਤੇ ਪਾਕਿਸਤਾਨ ਵਿਚ ਥਾਂ ਥਾਂ ਆਪਣੇ ਆਪ ਹੀ ਪੈਦਾ ਹੁੰਦਾ ਹੈ , ਬਰਮਾ ਆਸਾਮ ਜਾਂ ਆਸਾਮ ਵਿਚ ਹੀ ਪਹਿਲੇ ਪਹਿਲੇ ਪੈਦਾ ਹੋਇਆ ਹੋਵੇਗਾ । ਭਾਰਤ ਦੇ ਬਾਹਰਲੇ ਲੋਕਾਂ ਦਾ ਧਿਆਨ ਅੰਬ ਵਲ ਸਭ ਤੋਂ ਪਹਿਲਾਂ ਖਿੱਚਣ ਵਾਲਾ ਵਿਅਕਤੀ ਸ਼ਾਇਦ ਹਰਸ਼ ਦੇ ਸਮੇਂ ਵਿਚ ਆਉਣ ਵਾਲਾ ਪ੍ਰਸਿਧ ਯਾਤਰੀ ਹਿਉਨਸਾਂਗ ( ਸੰਨ 632-45 ) ਸੀ ।

                  ਅੰਬ ਨੂੰ ਕਈ ਰੋਗਾਣੂ ਲਗ ਜਾਂਦੇ ਹਨ । ਇਨ੍ਹਾਂ ਵਿਚੋਂ ਐਨਥਰੈ-ਕਨੋਸ ਜਿਹੜਾ ਉੱਲੀ ਤੋਂ ਪੈਦਾ ਹੁੰਦਾ ਹੈ ਅਤੇ ਸਿਲ੍ਹ ਵਾਲੇ ਇਲਾਕਿਆਂ ਵਿਚ ਵਧੇਰੇ ਹੁੰਦਾ ਹੈ; ਪਾਊਡਰੀ ਮਿਲਡਿਉ ਜਿਹੜਾ ਇਕ ਹੋਰ ਕਿਸਮ ਦੀ ਉੱਲੀ ਤੋਂ ਪੈਦਾ ਹੈ ਅਤੇ ਬਲੈਕ ਟਿੱਪ ਜੋ ਆਮ ਤੌਰ ਤੇ ਇੱਟਾਂ ਤੇ ਚੂਨੇ ਦੇ ਭੱਠਿਆਂ ਦੇ ਧੂਏਂ ਨਾਲ ਹੋ ਜਾਂਦਾ ਹੈ , ਮੁੱਖ ਰੋਗ ਹਨ । ਕਈ ਕੀੜੇ ਮਕੌੜੇ ਵੀ ਇਸ ਨੂੰ ਪੈ ਜਾਂਦੇ ਹਨ । ਇਨ੍ਹਾਂ ਵਿਚੋਂ ਮੈਂਗੋਹਾਪਰ , ਮੈਂਗੋ ਬੋਰਰ , ਫਰੂਟ ਫਲਾਈ ਅਤੇ ਸਿਉਂਕ ਮੁੱਖ ਹਨ । ਪਾਣੀ , ਚੂਨੇ ਅਤੇ ਗੰਧਕ ਦਾ ਮਿਸ਼ਰਣ ਜਾਂ ਸੰਖੀਏ ਦਾ ਪਾਣੀ ਅਤੇ ਤੰਬਾਕੂ ਦਾ ਪਾਣੀ ਇਨ੍ਹਾਂ ਰੋਗਾਂ ਲਈ ਲਾਭਕਾਰੀ ਹੈ । ਆਯੁਰਵੈਦਕੀ ਅਨੁਸਾਰ ਅੰਬ ਦੇ ਪੰਜ ਹਿੱਸੇ ਕੰਮ ਆਉਂਦੇ ਹਨ । ਇਸ ਦੀ ਅੰਦਰਲੀ ਛਿੱਲੜ ਦਾ ਕਾਹੜਾ ਖ਼ੂਨੀ ਬਵਾਸੀਰ ਅਤੇ ਫੇਫੜਿਆਂ ਜਾਂ ਆਂਤੜੀਆਂ ਵਿਚੋਂ ਖ਼ੂਨ ਵਗਣ ਤੇ ਰੋਗੀ ਨੂੰ ਦਿੱਤਾ ਜਾਂਦਾ ਹੈ । ਛਿੱਲੜ , ਜੜ੍ਹ ਅਤੇ ਪੱਤੇ ਕਸੈਲੇ ਤੇ ਕਬਜ਼-ਕੁਸ਼ਾ ਹਨ ਅਤੇ ਵਾਤ , ਪਿੱਛ ਬਲਗਮ ਦਾ ਨਾਸ਼ ਕਰਦੇ ਹਨ । ਪੱਤੇ ਅਠੂਹੇਂ ਦੇ ਡੰਗ ਤੇ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਦਾ ਧੂੰਆਂ ਗਲੇ ਦੀਆਂ ਕੁਝ ਖਰਾਬੀਆਂ ਅਤੇ ਹਿੱਚਕੀ ਲਈ ਲਾਭਦਾਇਕ ਹੈ । ਫੁੱਲਾਂ ਦਾ ਪਾਊਡਰ ਜਾਂ ਕਾਹੜਾ ਅਤੀਸਾਰ ਅਤੇ ਸੰਗ੍ਰਹਿਣੀ ਲਈ ਗੁਣਕਾਰੀ ਕਿਹਾ ਗਿਆ ਹੈ । ਅੰਬ ਦਾ ਬੂਰ ਠੰਢਾ , ਹਵਾ ਪੈਦਾ ਕਰਨ ਵਾਲਾ , ਕਾਬਿਜ਼ , ਭੁੱਖ ਤੇਜ਼ ਕਰਨ ਵਾਲਾ , ਹਾਜ਼ਮਾ ਠੀਕ ਕਰਨ ਵਾਲਾ , ਬਲਗ਼ਮ ਅਤੇ ਪਿੱਤ ਨੂੰ ਆਰਾਮ ਪਹੁੰਚਾਉਂਦਾ ਹੈ । ਕੱਚੀ ਅੰਬੀ , ਖੱਟੀ ਵਾਤ ਦੇ ਪਿੱਤ ਨੂੰ ਪੈਦਾ ਕਰਨ ਵਾਲੀ , ਆਂਤੜੀਆਂ ਨੂੰ ਸੁਕੋੜਨ ਵਾਲੀ , ਗਲੇ ਦੀਆਂ ਖਰਾਬੀਆਂ , ਅਤੀਸਾਰ , ਮੂਤਰ ਦੇ ਰੋਗ ਅਤੇ ਯੋਨੀ ਦੇ ਰੋਗਾਂ ਵਿਚ ਚੰਗੀ ਦਸੀ ਜਾਂਦੀ ਹੈ । ਪੱਕੇ ਅੰਬ ਮਿੱਠੇ , ਚਿਕਨੇ , ਵੀਰਜ ਪੈਦਾ ਕਰਨ ਵਾਲੇ , ਠੰਢੇ , ਪਰਮੇਹ ਨਾਸ਼ਕ ਅਤੇ ਫ਼ੌੜੇ , ਬਲਗਮ ਅਤੇ ਖ਼ੂਨ ਦੇ ਰੋਗਾਂ ਨੂੰ ਦੂਰ ਕਰਨ ਵਾਲੇ ਹੁੰਦੇ ਹਨ । ਇਹ ਸਾਹ , ਅਮਲਪਿਤ , ਜਿਗਰ ਦੇ ਵਧਣ ਅਤੇ ਤਪਦਿਕ ਦੇ ਰੋਗਾਂ ਲਈ ਵੀ ਲਾਭਦਾਇਕ ਹੈ ।

                  ਨਵੀਆਂ ਖੋਜਾਂ ਅਨੁਸਾਰ ਅੰਬ ਦੇ ਫਲ ਵਿਚ ਵਿਟਾਮਿਨ ‘ ਏ’ ਅਤੇ ‘ ਸੀ’ ਮਿਲਦੇ ਹਨ । ਕਈ ਵੈਦਾਂ ਨੇ ਸਿਰਫ਼ ਅੰਬ ਦੇ ਰਸ ਤੇ ਦੁੱਧ ਨਾਲ ਹੀ ਤਪਦਿਕ , ਸੰਗ੍ਰਹਿਣੀ , ਸਾਹ , ਖ਼ੂਲ ਦੀ ਖ਼ਰਾਬੀ ਅਤੇ ਕਮਜ਼ੋਰੀ ਆਦਿ ਦੇ ਰੋਗਾਂ ਤੇ ਕਾਬੂ ਪਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ । ਅੰਬ ਦਾ ਛਿਲਕਾ ਬੱਚੇਦਾਨੀ ਵਿਚੋਂ ਲਹੂ ਵੱਗਣ , ਲਹੂ ਵਾਲੇ ਕਾਲੇ ਮਰੋੜਾਂ ਅਤੇ ਮੂੰਹ ਵਿਚੋਂ ਬਲਗ਼ਮ ਨਾਲ ਖ਼ੂਨ ਆਉਣ ਵਿਚ ਲਾਭਕਾਰੀ ਹੈ । ਗਿਟਕ ਦੀ ਗਿਰੀ ਦਾ ਚੂਨ ( ਖ਼ੁਰਾਕ ਦੋ ਮਾਸ਼ੇ ) ਸਾਹ , ਅਤੀਸਾਰ ਅਤੇ ਲਕ੍ਹੋਰੀਆ ਵਿਚ ਲਾਭਦਾਇਕ ਹੋਣ ਤੋਂ ਇਲਾਵਾ ਕਿਰਮਨਾਸ਼ਕ ਵੀ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅੰਬ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਬ : ਇਹ ਕਸਬਾ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਊਨਾ ਤਹਿਸੀਲ ਦੇ ਉੱਤਰ ਵਿਚ ਵਾਕਿਆ ਸੀ , ਪਰੰਤੂ 1 ਨਵੰਬਰ , 1966 ਨੂੰ ਪੰਜਾਬ ਦੇ ਪੁਨਰਗਠਨ ਸਮੇਂ ਊਨਾ ਤਹਿਸੀਲ ਹਿਮਾਚਲ ਵਿਚ ਚਲੀ ਗਈ । ਇਸ ਨੂੰ ਤੇਰ੍ਹਵੀਂ ਸਦੀ ਵਿਚ ਜਸਵਾਨ ਖ਼ਾਨਦਾਨ ਦੇ ਰਾਜਾ ਰਘੂਨਾਥ ਸਿੰਘ ਨੇ ਵਸਾਇਆ ਸੀ । ਉਸ ਨੇ ਇਥੇ ਨੇੜੇ ਦੀ ਪਹਾੜੀ ਉੱਤੇ ਇਕ ਕਿਲ੍ਹਾ ਬਣਵਾਇਆ ਅਤੇ ਅੰਬਾਂ ਦਾ ਇਕ ਬਹੁਤ ਵੱਡਾ ਬਾਗ਼ ਲਗਵਾਇਆ । ਸ਼ਾਇਦ ਬਾਗ਼ ਦ ਅੰਬਾਂ ਦੀ ਮਸ਼ਹੂਰੀ ਕਾਰਨ ਹੀ ਇਸ ਕਸਬੇ ਦਾ ਨਾਂ ਅੰਬ ਪੈ ਗਿਆ । ਅੰਬ ਦੇ ਲਾਗੇ ਇਕ ਹੋਰ ਅਖਰੋਟ ਨਾਂ ਦਾ ਕਿਲ੍ਹਾ ਵੀ ਸੀ ।

                  ਸੰਨ 1815 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰਾ ਇਲਾਕਾ ਰਾਜ ਉਮੈਦ ਸਿੰਘ ਜਸਵਾਨ ਤੋਂ ਖੋਹ ਲਿਆ ਅਤੇ ਉਸ ਨੂੰ ਕੇਵਲ ਇੱਕੀ ਪਿੰਡਾਂ ਦੀ ਜਾਗੀਰ ਦੇ ਦਿੱਤੀ । ਅੰਬ ਵੀ ਇਸ ਜਾਗੀਰ ਵਿਚ ਸੀ । ਸਿੱਖਾਂ ਨੂੰ ਅੰਗਰੇਜ਼ਾਂ ਹੱਥੋਂ ( 1846 ਈ. ) ਹਾਰ ਖਾਣ ਪਿੱਛੋਂ ਇਹ ਇਲਾਕਾ ਬਾਕੀ ਪੰਜਾਬ ਨਾਲ ਹੀ ਅੰਗਰੇਜ਼ੀ ਪ੍ਰਬੰਧ ਹੇਠਾ ਆ ਗਿਆ ।

                  ਸੰਨ 1848 ਵਿਚ ਰਾਜਾ ਉਮੈਦ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰ ਦਿੱਤੀ । ਇਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਅੰਬ ਅਤੇ ਅਖ਼ਰੋਟ ਦੇ ਕਿਲ੍ਹੇ ਢਾਹ ਦਿੱਤੇ ਅਤੇ ਰਾਜਾ ਉਮੈਦ ਸਿੰਘ ਦੀ ਜਾਗੀਰ ਜ਼ਬਤ ਕਰ ਕੇ ਉਸ ਨੂੰ ਅਤੇ ਉਸ ਦੇ ਪੁੱਤਰ ਜੈ ਸਿੰਘ ਨੂੰ ਕੁਮਾਉਂ ਵਿਚ ਜਲਾਵਤਨ ਕਰ ਦਿੱਤਾ । ਉਹ ਦੋਵੇਂ ਉਥੇ ਹੀ ਮਰ ਗਏ ।

                  ਜੈ ਸਿੰਘ ਦੇ ਪੁੱਤਰ ਰਣ ਸਿੰਘ ਨੂੰ ਬਹੁਤ ਸਮੇਂ ਪਿੱਛੋ ਅੰਬ ਆ ਕੇ ਵਸਣ ਦੀ ਆਗਿਆ ਮਿਲ ਗਈ । ਉਸ ਨੂੰ ਬਾਗ ਵੀ ਮੋੜ ਦਿੱਤਾ ਗਿਆ ਸੀ । ਸੰਨ 1892 ਵਿਚ ਇਥੇ ਹੀ ਉਸਦੀ ਮੌਤ ਹੋ ਗਈ ।

                  34° 40' ਉ. ਵਿਥ.; 76° 5' ਪੂ. ਲੰਬ.

 


ਲੇਖਕ : ਵੀਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅੰਬ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਬ :   ਇਹ ਐਨਾਕਾਰਡੀਏਸੀ ਕੁਲ , ਮੈਂਜੀਫੈਰਾ ਪ੍ਰਜਾਤੀ ਅਤੇ ਇੰਡੀਕਾ ਜਾਤੀ ਦਾ ਪੌਦਾ ਹੈ । ਅੰਬ ਦਾ ਦਰਖ਼ਤ ਲੰਬੀ ਉਮਰ ਵਾਲਾ , ਸੰਘਣਾ ਅਤੇ ਕਾਫ਼ੀ ਵੱਡਾ ਹੁੰਦਾ ਹੈ । ਭਾਰਤ ਵਿਚ ਇਹ ਦੱਖਣ ਵਿਚ ਕੰਨਿਆਕੁਮਾਰੀ ਤੋਂ ਲੈ ਕੇ ਉੱਤਰ ਵਿਚ ਹਿਮਾਲਿਆ ਦੀ ਤਰਾਈ ਤਕ ( 915 ਮੀਟਰ ਦੀ ਉਚਾਈ ਤਕ ) ਅਤੇ ਪੱਛਮ ਵਿਚ ਪੰਜਾਬ ਤੋਂ ਲੈ ਕੇ ਪੂਰਬ ਵਿਚ ਆਸਾਮ ਤਕ ਸਾਰੇ ਹੀ ਭਾਰਤ ਵਿਚ ਕਾਫ਼ੀ ਹੁੰਦਾ ਹੈ । ਅਨੁਕੂਲ ਪੌਣ-ਪਾਣੀ ਮਿਲਣ ਤੇ ਇਸ ਦਾ ਦਰਖ਼ਤ 15-20 ਮੀਟਰ ਦੀ ਉਚਾਈ ਤਕ ਪਹੁੰਚ ਜਾਂਦਾ ਹੈ । ਅੰਬ ਦੇ ਕਈ ਬੂਟੇ ਬਹੁਤ ਹੀ ਵੱਡੇ ਹੁੰਦੇ ਹਨ । ਡਾਕਟਰ ਐਮ. ਐਸ. ਰੰਧਾਵਾ ( 1946 ) ਅਨੁਸਾਰ ਚੰਡੀਗੜ੍ਹ ਦੇ ਨੇੜੇ ਇਕ ਪਿੰਡ ਵਿਚ ' ਛੱਪਰ' ਨਾਂ ਦੇ ਅੰਬ ਦੇ ਇਕ ਦਰਖਤ ਦੇ ਤਣੇ ਦਾ ਘੇਰਾ 10 ਮੀਟਰ ਸੀ । ਉਸ ਦੀਆਂ ਕਈ ਸ਼ਾਖਾਂ 1.5 ਤੋਂ  ਲੈ ਕੇ 4 ਮੀ. ਤਕ ਮੋਟੀਆਂ ਅਤੇ 20 ਤੋਂ 27 ਮੀ. ਤਕ ਲੰਬੀਆਂ ਸਨ । ਇਸ ਅੰਬ ਨੇ 2150 ਵਰਗ ਮੀ. ਥਾਂ ਘੇਰਿਆ ਹੋਇਆ ਸੀ ਅਤੇ ਉਸ ਦੇ ਫਲ ਦਾ ਔਸਤ ਸਾਲਾਨਾ ਝਾੜ 170 ਕੁਇੰਟਲ ਸੀ ।

              ਅੰਬ ਦਾ ਦਰਖ਼ਤ ਵੱਡਾ , ਸਿੱਧਾ ਖਲੋਤਾ ਹੋਇਆ ਅਤੇ ਫੈਲਿਆ ਹੋਇਆ ਹੁੰਦਾ ਹੈ । ਇਸ ਦੀ ਛਿੱਲ ਖੁਰਦਰੀ ਅਤੇ ਮਿੱਟੀ ਰੰਗੀ ਜਾਂ ਕਾਲੀ , ਲੱਕੜੀ ਗਠੀਲੀ ਅਤੇ ਠੋਸ ਹੁੰਦੀ ਹੈ । ਇਸ ਦੇ ਪੱਤੇ ਸਾਦੇ , ਇਕ ਇਕ ਛੱਡ ਕੇ , ਲੰਬੇ , ਭਾਲੇ ਵਾਂਗ ਨੁਕੀਲੇ , 25 ਤੋਂ 30 ਸੈ. ਮੀ. ਤਕ ਲੰਬੇ , 2.5 ਤੋਂ 7.5 ਸੈਂ. ਮੀ. ਤਕ ਚੌੜੇ , ਚਿਕਨੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਪੱਤਿਆਂ ਦੇ ਕੰਢੇ ਕਦੀ ਕਦੀ ਲਹਿਰਦਾਰ ਵੀ ਹੁੰਦੇ ਹਨ । ਡੰਡੀ 2.5 ਤੋਂ 10 ਸੈ. ਮੀ. ਤਕ ਲੰਬੀ , ਜੋੜ ਦੇ ਕੋਲੋਂ ਫੁੱਲੀ ਹੋਈ ਹੁੰਦੀ ਹੈ । ਇਸ ਨੂੰ ਫੁੱਲ ਗੁੱਛਿਆਂ ਦੇ ਰੂਪ ਵਿਚ ਟਹਿਣੀ ਦੇ ਸਿਰੇ ਉੱਤੇ ਲਗਦੇ ਹਨ । ਇਹ ਫੁੱਲ ਛੋਟੇ , ਹਲਕੇ ਬਸੰਤੀ ਰੰਗ ਦੇ ਜਾਂ ਲਾਲੀ ਮਾਇਲ , ਭਿੰਨੀ ਭਿੰਨੀ ਸੁਗੰਧ ਦੇਣ ਵਾਲੇ ਅਤੇ ਡੰਡੀਆਂ ਤੋਂ ਬਗੈਰ ਹੁੰਦੇ ਹਨ । ਨਰ ਅਤੇ ਮਾਦਾ , ਦੋ ਲਿੰਗੀ ਦੋਵੇਂ ਕਿਸਮਾਂ ਦੇ ਫੁੱਲ ਇਕ ਹੀ ਪੁਸ਼ਪ ਗੁੱਛਾ ਜਾਂ ਪੈਨਿਕਲ ਵਿਚ ਹੁੰਦੇ ਹਨ । ਸੈਪਲ ਲੰਬੇ , ਅੰਡੇ ਦੀ ਸ਼ਕਲ ਦੇ ਅਤੇ ਕਮਾਨ ਵਾਂਗ ਹੁੰਦੇ ਹਨ । ਪੈਟਲਾਂ ਸੈਪਲਾਂ ਨਾਲੋਂ ਦੂਣੀਆਂ ਵੱਡੀਆਂ , ਅੰਡਾਕਾਰ ,   3 ਤੋਂ 5 ਤਕ ਅਤੇ ਉਭਰੀਆਂ ਹੋਈਆਂ ਨਾਰੰਗੀ ਰੰਗ ਦੀਆਂ ਧਾਰੀਆਂ ਵਾਲੀਆਂ ਹੁੰਦੀਆਂ ਹਨ । 5 ਹਿਸਿਆਂ ਵਿਚ ਵੰਡਿਆ ਹੋਇਆ ਇਕ ਸਟੇਮਨ , 4 ਛੋਟੇ ਅਤੇ ਵੱਖ ਵੱਖ ਲੰਬਾਈਆਂ ਦੇ ਬਾਂਝ ਪੁੰਕੇਸਰ , ਕਾਰਪਲ ਕੁਝ ਕੁਝ ਵੈਂਗਣੀ ਅਤੇ ਓਵਰੀ ਲੇਸਦਾਰ ਹੁੰਦੀ ਹੈ । ਫ਼ਲ ਰਸਦਾਰ , ਗੁਠਲੀਦਾਰ , ਕਈ ਸ਼ਕਲਾਂ ਅਤੇ ਆਕਾਰਾਂ ਵਾਲਾ ਲਗਭਗ 25 ਸੈ. ਮੀ. ਲੰਬਾ ਅਤੇ 10 ਸੈ. ਮੀ. ਤਕ ਗੋਲਾਈ ਵਾਲਾ ਹੁੰਦਾ ਹੈ । ਪੱਕਣ ਤੇ ਇਸ ਦਾ ਰੰਗ ਹਰਾ , ਪੀਲਾ , ਜੋਗੀਆ , ਸੰਧੂਰੀ ਜਾਂ ਲਾਲ ਹੁੰਦਾ ਹੈ । ਇਸ ਦਾ ਗੁੱਦਾ ਪੀਲਾ ਅਤੇ ਸੰਤਰੀ ਰੰਗ ਦਾ ਅਤੇ ਬਹੁਤ ਸੁਆਦੀ ਹੁੰਦਾ ਹੈ । ਇਸ ਦੇ ਫ਼ਲ ਦਾ ਛਿੱਲੜ ਮੋਟਾ ਜਾਂ ਕਾਗ਼ਜ਼ੀ ਅਤੇ ਇਸ ਦੀ ਗਿਟਕ ਇਕੋ ਇਕ , ਸਖ਼ਤ , ਰੇਸ਼ੇਦਾਰ ਅਤੇ ਇਕ ਬੀਜ ਵਾਲੀ ਹੁੰਦੀ ਹੈ । ਇਸ ਦਾ ਬੀਜ ਕਾਫ਼ੀ ਵੱਡਾ ਅਤੇ ਲੰਬੂਤਰਾ ਹੁੰਦਾ ਹੈ ।

              ਬਾਗ਼ਾਂ ਵਿਚ ਲਾਏ ਜਾਣ ਵਾਲੇ ਅੰਬਾਂ ਦੀਆਂ ਲਗਭਗ 1400 ਕਿਸਮਾਂ ਦਾ ਪਤਾ ਲਗ ਚੁੱਕਾ ਹੈ । ਇਨ੍ਹਾਂ ਤੋਂ ਇਲਾਵਾ ਕਿੰਨੀਆਂ ਹੀ ਜੰਗਲੀ ਅਤੇ ਦਾਬ ਨਾਲ ਲੱਗਣ ਵਾਲੀਆਂ ਕਿਸਮਾਂ ਵੀ ਹਨ । ਗੰਗੋਲੀ ( ਸੰਨ 1955 ) ਆਦਿ ਨੇ 210 ਵਧੀਆ ਕਲਮੀ ਕਿਸਮਾਂ ਦਾ ਚਿੱਤਰਾਂ ਸਹਿਤ ਵੇਰਵਾ ਦਿੱਤਾ ਹੈ । ਵੱਖ ਵੱਖ ਕਿਸਮ ਦੇ ਅੰਬਾਂ ਦੇ ਆਕਾਰ ਅਤੇ ਸੁਆਦ ਵਿਚ ਬੜਾ ਫ਼ਰਕ ਹੁੰਦਾ ਹੈ । ਕੁਝ ਅੰਬ ਅਲੂਚੇ ਤੋਂ ਵੀ ਛੋਟੇ ਹੁੰਦੇ ਹਨ ਅਤੇ ਕੁਝ ਦਾ ਭਾਰ ਸਹਾਰਨਪੁਰ ਦੇ ਅੰਬ ਹਾਥੀ ਝੂਝ ਵਾਗ ਦੋ ਢਾਈ ਕਿ , ਗ੍ਰਾ. ਤਕ ਹੁੰਦਾ ਹੈ । ਕੁਝ ਬਹੁਤ ਖੱਟੇ , ਬੇਸੁਆਦੇ ਜਾਂ ਚੀਪ ਨਾਲ ਭਰੇ ਹੁੰਦੇ ਹਨ ਪਰ ਕੁਝ ਬਹੁਤ ਸਵਾਦੀ ਤੇ ਮਿੱਠੇ ਹੁੰਦੇ ਹਨ । ਫਰਾਇਰ ( ਸੰਨ 1673 ) ਨੇ ਅੰਬ ਨੂੰ ਆੜੂ ਅਤੇ ਖੁਰਮਾਨੀ ਤੋਂ ਵੀ ਜ਼ਿਆਦਾ ਸੁਆਦੀ ਕਿਹਾ ਹੈ ਅਤੇ ਹੈਮਿਲਟਲ ( ਸੰਨ 1727 ) ਨੇ ਗੋਆ ਦੇ ਅੰਬਾਂ ਨੂੰ ਸਭ ਤੋਂ ਵੱਡੇ , ਸੁਆਦੀ ਅਤੇ ਦੁਨੀਆ ਭਰ ਦੇ ਫ਼ਲਾਂ ਵਿਚੋਂ ਸਭ ਤੋਂ ਚੰਗਾ ਅਤੇ ਫਾਇਦੇਮੰਦ ਦੱਸਿਆ ਹੈ । ਭਾਰਤ ਵਿਚ ਬਹੁਤ ਪੁਰਾਣੇ ਸਮੇਂ ਤੋਂ ਅੰਬਾਂ ਦੇ ਬਾਗ਼ ਲਗਾਉਣ ਦਾ ਸ਼ੌਕ ਹੈ । ਭਾਰਤ ਦੀ ਉਸ ਧਰਤੀ ਦੇ 70 ਫੀ ਸਦੀ ਇਲਾਕੇ ਵਿਚ ਅੰਬਾਂ ਦੇ ਬਾਗ਼ ਮਿਲਦੇ ਹਨ ਜੋ ਬਾਗ਼ ਲਈ ਵਰਤੀ ਜਾਂਦੀ ਹੈ । ਇਸ ਤੋਂ ਸਪਸ਼ਟ ਹੈ ਕਿ ਭਾਰਤ ਵਾਸੀਆਂ ਦੇ ਜੀਵਨ ਅਤੇ ਮਾਲੀ ਹਾਲਤ ਦਾ ਅੰਬ ਨਾਲ ਗੂੜ੍ਹਾ ਸੰਬੰਧ ਹੈ । ਇਸ ਦੇ ਸੌਰਭ , ਰਸਲ , ਚੁਵਤ , ਟਪਕਾ , ਸਹਿਕਾਰ , ਪਿਕਵੱਲੜ ਆਦਿ ਕਈ ਨਾਂ ਹਨ । ਇਨ੍ਹਾਂ ਤੋਂ ਇਸ ਦਾ ਹਰਮਨ ਪਿਆਰਾ ਹੋਣਾ ਜ਼ਾਹਰ ਹੁੰਦਾ ਹੈ । ਇਸ ਨੂੰ ' ' ਕਲਪ -ਤਰੁ ' ' ਅਰਥਾਤ ਮਨ-ਚਾਹਿਆ ਫ਼ਲ ਦੇਣ ਵਾਲਾ ਵੀ ਕਹਿੰਦੇ ਹਨ । ' ' ਸ਼ਤਪਥ-ਬ੍ਰਾਹਮਣ' ' ਵਿਚ ਅੰਬ ਦੀ ਚਰਚਾ ਵੈਦਿਕ ਕਾਲ ਵਿਚ ਅਤੇ ' ' ਅਮਰਕੋਸ਼' ' ਵਿਚ ਕੀਤੀ ਇਸ ਦੀ ਸਿਫ਼ਤ ਤੋਂ ਇਸ ਦੀ ਬੁੱਧ ਦੇ ਸਮੇਂ ਵਿਚਲੀ ਮਹੱਤਤਾ ਦਾ ਪਤਾ ਲਗਦਾ ਹੈ । ਮੁਗ਼ਲ ਸ਼ਹਿਨਸ਼ਾਹ ਅਕਬਰ ਨੇ ' ' ਲਾਖ ਬਾਗ਼' ' ਨਾਂ ਦਾ ਇਕ ਲੱਖ ਬੂਟਿਆਂ ਵਾਲਾ ਬਾਗ਼ ਦਰਭੰਗਾ ਦੇ ਨੇੜੇ ਲਗਵਾਇਆ ਸੀ ਜਿਸ ਤੋਂ ਉਸ ਸਮੇਂ ਅੰਬ ਦਾ ਹਰਮਨ ਪਿਆਰਾ ਹੋਣਾ ਸਪੱਸ਼ਟ ਹੁੰਦਾ ਹੈ । ਭਾਰਤ ਵਿਚ ਅੰਬ ਨਾਲ ਸੰਬੰਧਤ ਕਈ ਲੋਕ ਗੀਤ , ਅਖਾਣ ਪ੍ਰਚਲਿਤ ਹਨ । ਸਾਡੀਆਂ ਰੀਤਾਂ , ਰਿਵਾਜ , ਹਵਨ , ਯੱਗ , ਪੂਜਾ , ਕਥਾ , ਤਿਉਹਾਰ ਅਤੇ ਸਭ ਖੁਸ਼ੀ ਦੇ ਸਮਿਆਂ ਵਿਚ ਅੰਬ ਦੀ ਲਕੜੀ , ਪੱਤੇ , ਬੂਰ ਜਾਂ ਕੋਈ ਨਾ ਕੋਈ ਚੀਜ਼ ਜ਼ਰੂਰ ਵਰਤੀ ਜਾਂਦੀ ਹੈ । ਕਵੀਆਂ ਨੇ ਅੰਬ ਦੇ ਬੂਰ ਦੀ ਉਪਮਾ ' ਵਸੰਤਦੂਤ' ਨਾਲ , ਮੰਜਰੀ ਦੀ ਕਾਮਦੇਵ ਦੇ ਤੀਰ ਨਾਲ ਕੀਤੀ ਹੈ । ਅੰਬ ਭਾਰਤ ਦਾ ਹੀ ਨਹੀਂ ਸਗੋਂ ਗਰਮ ਇਲਾਕਿਆਂ ਦੇ ਫਲਾਂ ਦਾ ਰਾਜਾ ਹੈ । ਅਤੇ ਇਸ ਨੂੰ ਕਈ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ । ਕੱਚੇ ਅੰਬ ਦੀ ਚਟਨੀ , ਖਟਿਆਈ , ਅਚਾਰ , ਮੁਰੱਬਾ ਆਦਿ ਬਣਦੇ ਹਨ । ਪੱਕੇ ਅੰਬ ਬਹੁਤ ਸੁਆਦੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਲੋਕ ਬੜੇ ਸ਼ੌਕ ਨਾਲ ਖਾਂਦੇ ਹਨ । ਇਹ ਹਾਜ਼ਮੇਦਾਰ , ਕਬਜ਼ਕੁਸ਼ਾ ਅਤੇ ਤਾਕਤਵਰ ਹੁੰਦੇ ਹਨ ।

              ਅੰਬ ਅਮੀਰਾਂ ਦੀਆਂ ਦਾਅਵਤਾਂ ਦੀ ਸ਼ਾਨ ਅਤੇ ਗ਼ਰੀਬਾਂ ਦੇ ਪੇਟ ਭਰਨ ਦਾ ਵਧੀਆ ਸਾਧਨ ਹੈ । ਪੱਕੇ ਅੰਬ ਨੂੰ ਕਈ ਤਰ੍ਹਾਂ ਨਾਲ ਸੁਰੱਖਿਅਤ ( Preserve ) ਕਰ ਕੇ ਵੀ ਰਖਦੇ ਹਨ । ਇਸ ਦੇ ਰਸ ਨੂੰ ਥਾਲੀ , ਚਕਲੇ ਜਾਂ ਕਪੜੇ ਆਦਿ ਉੱਤੇ ਖਿਲਾਰ ਕੇ ਧੁੱਪ ਵਿਚ ਸਕਾਉਂਦੇ ਤੇ ਅੰਬ-ਪਾਪੜ ਬਣਾ ਕੇ ਰੱਖ ਲੈਂਦੇ ਹਨ । ਇਹ ਬਹੁਤ ਸੁਆਦੀ ਹੁੰਦਾ ਹੈ ਅਤੇ ਇਸ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ । ਕਿਤੇ ਕਿਤੇ ਅੰਬ ਦੇ ਰਸ ਨੂੰ ਅੰਡੇ ਦੀ ਸਫ਼ੈਦੀ ਨਾਲ ਮਿਲਾ ਕਦੇ ਮਰੋੜਾਂ ਤੇ ਦਸਤਾਂ ਦੇ ਇਲਾਜ ਲਈ ਦਿੰਦੇ ਹਨ । ਪੇਟ ਦੇ ਕੁਝ ਰੋਗਾਂ ਲਈ ਗਿਟਕ ਤੇ ਛਿਲੜ ਫ਼ਾਇਦੇਮੰਦ ਹੁੰਦੇ ਹਨ । ਕੱਚੇ ਅੰਬ ਨੂੰ ਉਬਾਲ ਕੇ ਉਸ ਦਾ ਛਿਲਕਾ ਤੇ ਗੁਠਲੀ ਕੱਢ ਦੇਂਦੇ ਹਨ ਅਤੇ ਲੂਣ , ਜੀਰਾ , ਹਿੰਗ , ਪੂਦੀਨਾ ਆਦਿ ਦਾ ਤੜਕਾ ਲਾ ਕੇ ਗੁੜੰਬਾ ਬਣਾ ਕੇ ਖਾਂਦੇ ਹਨ ਜੋ ਸੁਆਦੀ ਅਤੇ ਠੰਢਾ ਹੁੰਦਾ ਹੈ । ਅੰਬ ਦੀ ਗਿਟਕ ਵਿਚ ਮੈਲਿਕ ਤੇਜ਼ਾਬ ਵਧੇਰੇ ਹੁੰਦਾ ਹੈ ਜਿਸ ਕਰਕੇ ਇਹ ਖ਼ੂਨੀ ਬਵਾਸੀਰ ਅਤੇ ਲਕ੍ਹੋਰੀਆ ਆਦਿ ਲਈ ਲਾਭਕਾਰੀ ਹੈ । ਅੰਬ ਦੀ ਲੱਕੜੀ ਇਮਾਰਤੀ ਅਤੇ ਘਰੇਲੂ ਸਾਮਾਨ ਬਣਾਉਣ ਦੇ ਕੰਮ ਆਉਂਦੀ ਹੈ । ਇਹ ਬਾਲਣ ਵਿਚ ਵੀ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ ।

              ਅੰਬ ਦੀ ਉਪਜ ਲਈ ਕੁਝ ਕੁ ਰੇਤਲੀ ਧਰਤੀ ਚੰਗੀ ਹੁੰਦੀ ਹੈ । ਜਿਸ ਵਿਚ ਲੋੜੀਂਦੀ ਖਾਦ ਹੋਵੇ ਅਤੇ ਪਾਣੀ ਦਾ ਨਿਕਾਸ ਠੀਕ ਹੋਵੇ । ਅੰਬ ਦੀਆਂ ਵਧੀਆ ਕਿਸਮਾਂ ਦੇ ਨਵੇਂ ਬੂਟੇ ਆਮ ਤੌਰ ਤੇ ਕਲਮਾਂ ਨਾਲ ਅਤੇ ਬੂਟਿਆਂ ਦੀਆਂ ਚਾਕੀਆਂ ਇਕ ਥਾਂ ਤੋਂ ਦੂਜੀ ਥਾਂ ਲਗਾ ਕੇ ਤਿਆਰ ਕੀਤੇ ਜਾਂਦੇ ਹਨ । ਕਲਮਾਂ ਅਤੇ ਅੱਖਾਂ ਤੋਂ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ । ਦਾਬ ਵਾਲੇ ਅੰਬਾਂ ਦੀਆਂ ਵੀ ਕਈ ਵਧੀਆ ਕਿਸਮਾਂ ਹਨ ਪਰ ਇਨ੍ਹਾਂ ਵਿਚ ਇਹ ਨੁਕਸ ਹੈ ਕਿ ਇਸ ਤਰ੍ਹਾਂ ਪੈਦਾ ਕੀਤੇ ਅੰਬਾਂ ਵਿਚ ਮੂਲ ਬੂਟੇ ਦੇ ਗੁਣ ਕਦੀ ਆਉਂਦੇ । ਇਸ ਲਈ ਮਨਚਾਹੀਆਂ , ਵਧੀਆ ਕਿਸਮਾਂ ਇਸ ਤਰ੍ਹਾਂ ਤਿਆਰ ਨਹੀਂ ਕੀਤੀਆਂ ਜਾ ਸਕਦੀਆਂ । ਅੰਬ ਦੀਆਂ ਵਧੀਆ ਕਿਸਮਾਂ ਵਿਚੋਂ ਬਨਾਰਸੀ , ਲੰਗੜਾ , ਬੰਬਈ ਦਾ ਅਲਫ਼ਾਸੋ , ਸਲੀਹਾਬਾਦ ਅਤੇ ਲਖਨਊ ਦਾ ਦੁਸਹਿਰੀ ਅਤੇ ਸਫ਼ੈਦਾ , ਰੀਟੋਲ , ਖਾਸੁਲਖਾਸ , ਆਬੇਹਯਾਤ , ਗੋਲਾ , ਹਸਨਪੁਰੀ , ਬੰਬੇ ਗਰੀਨ , ਪੰਜਾਬ ਦਾ ਗੁਲਾਬ ਜਾਮਨ , ਤੈਂਬਰ , ਹੁਸਨਆਰਾ , ਕਾਲਾ , ਛੈਲੀ , ਸੰਧੂਰੀ , ਸਿੱਪੀ , ਦੋਧੀਆ ਆਦਿ ਵਰਣਨਯੋਗ ਹਨ ।

              ਅੰਬ ਦਾ ਇਤਿਹਾਸ ਬਹੁਤ ਪੁਰਾਣਾ ਹੈ । ਡੀ. ਕੰਡੋਲ ( 1884 ) ਅਨੁਸਾਰ , ਅੰਬ ਦੀ ਜਾਤੀ ਮੈਂਜੀਫੈਰਾ ਸ਼ਾਇਦ ਬਰਮਾ , ਸਿਆਮ ਅਤੇ ਮਲਾਇਆ ਵਿਚ ਪੈਦਾ ਹੋਈ ਹੋਵੇ ਪਰ ਭਾਰਤ ਦਾ ਅੰਬ ਮੈਂਜੀਫੈਰਾ ਇੰਡੀਕਾ ਜੋ ਇਥੇ ਬਰਮਾ ਤੇ ਪਾਕਿਸਤਾਨ ਵਿਚ ਥਾਂ ਥਾਂ ਆਪਣੇ ਆਪ ਹੀ ਪੈਦਾ ਹੁੰਦਾ ਹੈ , ਬਰਮਾ ਜਾਂ ਆਸਾਮ ਵਿਚ ਹੀ ਪਹਿਲੇ ਪਹਿਲੇ ਪੈਦਾ ਹੋਇਆ ਹੋਵੇਗਾ । ਭਾਰਤ ਦੇ ਬਾਹਰਲੇ ਲੋਕਾਂ ਦਾ ਧਿਆਨ ਅੰਬ ਵੱਲ ਸਭ ਤੋਂ ਪਹਿਲਾਂ ਖਿੱਚਣ ਵਾਲਾ ਵਿਅਕਤੀ  ਸ਼ਾਇਦ ਹਰਸ਼ ਦੇ ਸਮੇਂ ਵਿਚ ਆਉਣ ਵਾਲਾ ਪ੍ਰਸਿੱਧ ਯਾਤਰੀ ਹਿਊਨਸਾਂਗ ( ਸੰਨ 632-45 ) ਸੀ ।

              ਅੰਬ ਨੂੰ ਕਈ ਰੋਗਾਣੂ ਲਗ ਜਾਂਦੇ ਹਨ । ਇਨ੍ਹਾਂ ਵਿਚੋਂ ਐਨਥਰੈਕਨੋਸ ਜਿਹੜਾ ਉੱਲੀ ਤੋਂ ਪੈਦਾ ਹੁੰਦਾ ਹੈ ਅਤੇ ਸਿਲ੍ਹ ਵਾਲੇ ਇਲਾਕਿਆਂ ਵਿਚ ਵਧੇਰੇ ਹੁੰਦਾ ਹੈ; ਪਾਊਡਰੀ ਮਿਲਡਿਉ ਜਿਹੜਾ ਇਕ ਹੋਰ ਕਿਸਮ ਦੀ ਉੱਲੀ ਤੋਂ ਪੈਦਾ ਹੈ ਅਤੇ ਬਲੈਕ ਟਿੱਪ ਜੋ ਆਮ ਤੌਰ ਤੇ ਇੱਟਾ ਤੇ ਚੂਨੇ ਦੇ ਭੱਠਿਆਂ ਦੇ ਧੂਏਂ ਨਾਲ ਹੋ ਜਾਂਦਾ ਹੈ , ਮੁੱਖ ਰੋਗ ਹਨ । ਕਈ ਕੀੜੇ ਮਕੌੜੇ ਵੀ ਇਸ ਨੂੰ ਪੈ ਜਾਂਦੇ ਹਨ । ਇਨ੍ਹਾਂ ਵਿਚੋਂ ਮੈਂਗੋਹਾਪਰ , ਮੈਂਗੋ ਬੋਰਰ , ਫਰੂਟ ਫਲਾਈ ਅਤੇ ਸਿਉਂਕ ਮੁੱਖ ਹਨ । ਪਾਣੀ , ਚੂਨੇ ਅਤੇ ਗੰਧਕ ਦਾ ਮਿਸ਼ਰਣ ਜਾਂ ਸੰਖੀਏ ਦਾ ਪਾਣੀ ਅਤੇ ਤੰਬਾਕੂ ਦਾ ਪਾਣੀ ਇਨ੍ਹਾਂ ਰੋਗਾਂ ਲਈ ਲਾਭਕਾਰੀ ਹੈ । ਆਯੁਰਵੈਦ ਅਨੁਸਾਰ ਅੰਬ ਦੇ ਪੰਜ ਹਿੱਸੇ ਕੰਮ ਆਉਂਦੇ ਹਨ । ਇਸ ਦੀ ਅੰਦਰਲੀ ਛਿੱਲੜ ਦਾ ਕਾਹੜਾ ਖ਼ੂਨੀ ਬਵਾਸੀਰ ਅਤੇ ਫੇਫੜਿਆਂ ਜਾਂ ਆਂਤੜੀਆਂ ਵਿਚੋਂ ਖ਼ੂਨ ਵਗਣ ਤੇ ਰੋਗੀ ਨੂੰ ਦਿੱਤਾ ਜਾਂਦਾ ਹੈ । ਛਿੱਲੜ , ਜੜ੍ਹ ਅਤੇ ਪੱਤੇ ਕਸੈਲੇ ਤੇ ਕਬਜ਼-ਕੁਸ਼ਾ ਹਨ ਅਤੇ ਵਾਤ , ਪਿੱਤ , ਬਲਗਮ ਦਾ ਨਾਸ਼ ਕਰਦੇ ਹਨ । ਪੱਤੇ ਅਠੂਹੇਂ ਦੇ ਡੰਗ ਤੇ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਦਾ ਧੂੰਆਂ ਗਲੇ ਦੀਆਂ ਕੁਝ ਖਰਾਬੀਆਂ ਅਤੇ ਹਿਚਕੀ ਲਈ ਲਾਭਦਾਇਕ ਹੈ । ਫੁੱਲਾਂ ਦਾ ਪਾਊਡਰ ਜਾਂ ਕਾਹੜਾ ਅਤੀਸਾਰ ਅਤੇ ਸੰਗ੍ਰਹਿਣੀ ਲਈ ਗੁਣਕਾਰੀ ਕਿਹਾ ਗਿਆ ਹੈ । ਅੰਬ ਦਾ ਬੂਰ ਠੰਡਾ , ਹਵਾ ਪੈਦਾ ਕਰਨ ਵਾਲਾ , ਕਾਬਿਜ਼ , ਭੁੱਖ ਤੇਜ਼ ਕਰਨ ਵਾਲਾ , ਹਾਜ਼ਮਾ ਠੀਕ ਕਰਨ ਵਾਲਾ , ਬਲਗ਼ਮ ਅਤੇ ਪਿੱਤ ਨੂੰ ਆਰਾਮ ਪਹੁੰਚਾਉਦਾ ਹੈ । ਕੱਚੀ ਅੰਬੀ , ਖੱਟੀ ਵਾਤ ਦੇ ਪਿੱਤ ਨੂੰ ਪੈਦਾ ਕਰਨ ਵਾਲੀ , ਆਤੜੀਆਂ ਨੂੰ ਸੁਕੋੜਨ ਵਾਲੀ , ਗਲੇ ਦੀਆਂ ਖਰਾਬੀਆਂ , ਅਤੀਸਾਰ ਮੂਤਰ ਦੇ ਰੋਗ ਅਤੇ ਯੋਨੀ ਦੇ ਰੋਗਾਂ ਵਿਚ ਚੰਗੀ ਦਸੀ ਜਾਂਦੀ ਹੈ । ਪੱਕੇ ਅੰਬ ਮਿੱਠੇ , ਚਿਕਨੇ , ਵੀਰਜ ਪੈਦਾ ਕਰਨ ਵਾਲੇ , ਠੰਡੇ , ਪਰਮੇਹ ਨਾਸ਼ਕ ਅਤੇ ਫੋੜੇ , ਬਲਗਮ ਅਤੇ ਖ਼ੂਨ ਦੇ ਰੋਗਾਂ ਨੂੰ ਦੂਰ ਕਰਨ ਵਾਲੇ ਹੁੰਦੇ ਹਨ । ਇਹ ਸਾਹ , ਅਮਲ ਪਿਤ , ਜਿਗਰ ਦੇ ਵਧਣ ਅਤੇ ਤਪਦਿਕ ਰੋਗਾਂ ਲਈ ਵੀ ਲਾਭਦਾਇਕ ਹੈ ।

              ਨਵੀਆਂ ਖੋਜਾਂ ਅਨੁਸਾਰ ਅੰਬ ਦੇ ਫ਼ਲ ਵਿਚ ਵਿਟਾਮਿਨ ' ਏ' ਅਤੇ ' ਸੀ' ਮਿਲਦੇ ਹਨ । ਕਈ ਵੈਦਾਂ ਨੇ ਸਿਰਫ਼ ਅੰਬ ਦੇ ਰਸ ਤੇ ਦੁੱਧ ਨਾਲ ਹੀ ਤਪਦਿਕ , ਸੰਗ੍ਰਹਿਣੀ , ਸਾਹ , ਖ਼ੂਨ ਦੀ ਖ਼ਰਾਬੀ ਅਤੇ ਕਮਜ਼ੋਰੀ ਆਦਿ ਦੇ ਰੋਗਾਂ ਤੇ ਕਾਬੂ ਪਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ । ਅੰਬ ਦਾ ਛਿਲਕਾ ਬੱਚੇਦਾਨੀ ਵਿਚੋਂ ਲਹੂ ਵੱਗਣ , ਲਹੂ ਵਾਲੇ ਕਾਲੇ ਮਰੋੜਾਂ ਅਤੇ ਮੂੰਹ ਵਿਚੋਂ ਬਲਗ਼ਮ ਨਾਲ ਖ਼ੂਨ ਆਉਣ ਵਿਚ ਲਾਭਕਾਰੀ ਹੈ । ਗਿਟਕ ਦੀ ਗਿਰੀ ਦਾ ਚੂਰਨ ( ਖ਼ੁਰਾਕ ਦੋ ਮਾਸ਼ੇ ) ਸਾਹ , ਅਤੀਸਾਰ ਅਤੇ ਲਕ੍ਹੋਰੀਆ ਵਿਚ ਲਾਭਦਾਇਕ ਹੋਣ ਤੋਂ ਇਲਾਵਾ ਕਿਰਮਨਾਸ਼ਕ ਵੀ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-26-03-07-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.