ਅੱਖ ਮਨੁੱਖੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

          ਅੱਖ, ਮਨੁੱਖੀ : ਅੱਖ ਸਰੀਰ ਦੀ ਉਹ ਗਿਆਨ-ਇੰਦ੍ਰੀ ਹੈ, ਜੋ ਪ੍ਰਕਾਸ਼ ਦੀਆਂ ਕਿਰਨਾਂ ਗ੍ਰਹਿਣ ਕਰਕੇ ਦਿਮਾਗ਼ ਤੱਕ ਪਹੁੰਚਾਉਂਦੀ ਹੈ ਤੇ ਵੇਖਣ ਵਿਚ ਸਹਾਇਤਾ ਕਰਦੀ ਹੈ। ਇਉਂ ਇਹ ਮਨੁੱਖੀ ਸਰੀਰ ਦਾ ਇਕ ਬਹੁਤ ਹੀ ਮਹੱਤਵਪੂਰਨ ਅੰਗ ਹੈ।

          ਬਣਤਰ (ਵੱਖ ਵੱਖ ਅੰਗ ਅਤੇ ਕਿਰਿਆ)––ਹੋਰ ਰੀੜ੍ਹਧਾਰੀਆਂ ਵਾਂਗ ਮਨੁੱਖੀ ਅੱਖ ਵੀ ਫੋਟੋਗਰਾਫ਼ਿਕ ਕੈਮਰੇ ਦੇ ਸਿਧਾਂਤ ਨਾਲ ਹੀ ਮੇਲ ਖਾਂਦੀ ਹੈ। ਇਹ ਇਕ ਗੋਲਾਕਾਰ ਥੈਲੀ ਵਰਗੀ ਹੁੰਦੀ ਹੈ, ਜਿਸ ਦੀਆਂ ਕੰਧਾਂ ਅਪਾਰਦਰਸ਼ੀ ਤੇ ਸਾਹਮਣੇ ਵਾਲਾ ਪਾਸਾ ਪਾਰਦਰਸ਼ੀ ਹੁੰਦਾ ਹੈ, ਜਿਸ ਨੂੰ ਅੱਖ ਦੀ ਪੁਤਲੀ ਦਾ ਸਾਫ਼ ਪਰਦਾ ਜਾਂ ਕਾੱਰਨੀਆ (cornea) ਆਖਿਆ ਜਾਂਦਾ ਹੈ। ਕਾੱਰਨੀਆ ਦਾ ਪਿਛਲੇ ਪਾਸੇ ਇਕ ਖ਼ਾਲੀ ਥਾਂ ਹੁੰਦੀ ਹੈ ਜਿਸਨੂੰ ਅਗਲਾ ਖ਼ਾਨਾ (anterior chamber) ਆਖਦੇ ਹਨ ਤੇ ਇਸ ਦੇ ਪਿੱਛੇ ਮੁੰਦਰੀ ਦੀ ਸ਼ਕਲ ਵਰਗਾ ਇਕ ਹੋਰ ਖ਼ਾਨਾ ਹੁੰਦਾ ਹੈ, ਜਿਸ ਨੂੰ ਪਿਛਲਾ ਖ਼ਾਨਾ (posterior chamber) ਆਖਦੇ ਹਨ। ਦੋਵੇਂ ਖ਼ਾਨੇ ਇਕ ਜਲਮਈ ਦ੍ਰਵ (aqueous humour) ਨਾਲ ਭਰੇ ਰਹਿੰਦੇ ਹਨ।

          ਦੋਵਾਂ ਖ਼ਾਨਿਆਂ ਨੂੰ ਅਲੱਗ ਕਰਨ ਵਾਲੀ ਇਕ ਬਰੀਕ ਝਿੱਲੀ ਜਿਹੀ ਹੁੰਦੀ ਹੈ ਜਿਸ ਨੂੰ ਧੀਰੀ (iris) ਆਖਦੇ ਹਨ। ਵੱਖ ਵੱਖ ਮਨੁੱਖਾਂ ਦੀਆਂ ਅੱਖਾਂ ਵਿਚ ਧੀਰੀ ਦਾ ਰੰਗ ਵੱਖ ਵੱਖ ਹੋ ਸਕਦਾ ਹੈ ਜਿਵੇਂ ਭੂਰਾ, ਨੀਲਾ, ਕਾਲਾ ਆਦਿ। ਇਸਦੇ ਬਿਲਕੁਲ ਵਿਚਕਾਰ ਇਕ ਬਾਰੀਕ ਜਿਹਾ ਸੁਰਾਖ਼ ਹੁੰਦਾ ਹੈ ਜਿਸ ਨੂੰ ਪੁਤਲੀ (pupil) ਕਹਿੰਦੇ ਹਨ।

          (a) ਅੱਖ ਦਾ ਚਿੱਟਾ ਪਰਦਾ (sclera) (b) ਕੋਰਾੱਇਡ (choroid) (c) ਲੂੰਦਾਰ ਮਾਸ-ਪੇਸ਼ੀ (ciliary muscle) (d) ਪਿਛਲਾ ਖ਼ਾਨਾ (posterior chamber) (e) ਕੋਆ-ਝਿੱਲੀ (conjunctiva) (f) ਅਗਲਾ ਖ਼ਾਨਾ ਅਤੇ ਜਲਮਈ ਦ੍ਰਵ (anterior chamber & aqueous humour) (g) ਬਲੌਰੀ ਲੈੱਨਜ਼ (crystalline lens) (h) ਧੀਰੀ (iris) (i) ਪਿਛਲੇ ਖ਼ਾਨੇ ਦਾ ਕੌਣ (angle of posterior chambel) (j) ਲੈੱਨਜ਼ ਦਾ ਲਟਕਵਾਂ ਲਿਗਾਮੈਂਟ (suspensory ligament of the lens) (k) ਅੱਖ ਦੀ ਪੁਤਲੀ ਦਾ ਸਾਫ਼ ਪਰਦਾ (cornea) (l) ਕੱਚ-ਨੁਮਾ ਦ੍ਰਵ (vitreous humour) (m) ਰੈਟਿਨਾ (retina) (n) ਨੇਤਰ-ਨਾੜੀ ਨਾਲ ਰੈਟਿਨਾ ਦੀ ਕੇਂਦਰੀ ਧਮਣੀ (optic nerve with central artery of the retina) (o) ਨੇਤਰ ਮਾਸ-ਪੇਸ਼ੀਆਂ (ocular muscles)

          ਪੁਤਲੀ ਦੇ ਪਿੱਛੇ ਇਕ ਬਲੌਰੀ ਦੋ-ਉਤੱਲੀ ਲੈੱਨਜ਼ (crystalline biconvex lens) ਪਿਆ ਹੁੰਦਾ ਹੈ ਜਿਸਨੂੰ ਬਾਰੀਕ ਲਟਕਵੇਂ ਲਿਗਾਮੈਂਟ (suspensory ligaments) ਇਕ ਲੂੰਦਾਰ ਬਾੱਡੀ (ciliary body) ਨਾਲ ਜੋੜ ਕੇ ਰਖਦੇ ਹਨ, ਜਿਸਦੀ ਸਹਾਇਤਾ ਨਾਲ ਲੈੱਨਜ਼ ਆਪਣਾ ਆਕਾਰ ਬਦਲ ਸਕਦਾ ਹੈ। ਲੈੱਨਜ਼ ਦੇ ਪਿੱਛੇ ਇਕ ਗਾੜ੍ਹਾ ਜਿਹਾ ਤਰਲ ਹੁੰਦਾ ਹੈ ਜਿਸਨੂੰ ਕੱਚ-ਨੁਮਾ ਦ੍ਰਵ (vitreous humour) ਆਖਦੇ ਹਨ। ਇਹ ਜੈੱਲੀ ਵਾਂਗ ਗਾੜ੍ਹਾ ਤੇ ਸਖ਼ਤ ਹੁੰਦਾ ਹੈ ਤੇ ਲੈੱਨਜ਼ ਨੂੰ ਸਹਾਰਾ ਦਿੰਦਾ ਹੈ।

          ਅੱਖ ਸਰੀਰ ਦਾ ਬਹੁਤ ਹੀ ਕੋਮਲ ਹਿੱਸਾ ਹੈ, ਇਸ ਲਈ ਇਸਦੀ ਰਖਿਆ ਲਈ ਇਸਦੇ ਆਲੇ ਦੁਆਲੇ ਤਿੰਨ ਪਰਦੇ ਹਨ। ਸਭ ਤੋਂ ਬਾਹਰਲਾ ਪਰਦਾ ਕਾਫ਼ੀ ਸਖ਼ਤ ਅਤੇ ਮੋਟਾ ਹੈ ਜੋ ਅੱਖ ਨੂੰ ਗੋਲ ਸ਼ਕਲ ਦਿੰਦਾ ਹੈ ਅਤੇ ਅੰਦਰਲੇ ਪਰਦਿਆਂ ਦੀ ਰਖਿਆ ਕਰਦਾ ਹੈ। ਇਸਦਾ ਸਾਹਮਣੇ ਵਾਲਾ 1/6 ਹਿੱਸਾ ਪਾਰਦਰਸ਼ੀ ਕਾੱਰਨੀਆ ਬਣਾਉਂਦਾ ਹੈ ਤੇ ਪਿਛਲਾ 5/6 ਹਿੱਸਾ ਅਪਾਰਦਰਸ਼ੀ ਤੇ ਚਿੱਟੇ ਰੰਗ ਦਾ ਹੈ ਜਿਸਨੂੰ ਅੱਖ ਦਾ ਚਿੱਟਾ ਪਰਦਾ ਜਾਂ ਸਕਲੀਰਾ (sclera) ਆਖਦੇ ਹਨ। ਕਾੱਰਨੀਆ ਵਿਚਲਾ ਥੋੜ੍ਹਾ ਜਿਹਾ ਹਿੱਸਾ ਅਰਧ-ਪਾਰਦਰਸ਼ੀ ਹੁੰਦਾ ਹੈ ਜਿਸਨੂੰ ਲਿੰਬਸ (limbus) ਆਖਦੇ ਹਨ। ਇਹ ਇਕ ਪਤਲੀ ਜਿਹੀ ਕੋਆ-ਝਿੱਲੀ (eonjunctiva) ਨਾਲ ਜਾ ਮਿਲਦਾ ਹੈ ਜੋ ਛੱਪਰਾਂ ਦੇ ਝਮਕਣ ਵਿਚ ਸਹਾਇਤਾ ਕਰਦੀ ਹੈ।

          ਅੱਖ ਦੇ ਵੱਖ ਵੱਖ ਹਿੱਸਿਆਂ ਵਿਚ ਵਿਚਕਾਰਲੇ ਪਰਦੇ ਦਾ ਨਾਂ ਕੋਰਾੱਇਡ (choroid), ਲੂੰਦਾਰ ਬਾੱਡੀ ਜਾਂ ਧੀਰੀ ਹੈ। ਇਸ ਪਰਦੇ ਵਿਚ ਬਹੁਤ ਸਾਰੀਆਂ ਲਹੂ-ਵਹਿਣੀਆਂ ਹੁੰਦੀਆਂ ਹਨ। ਕੋਰਾੱਇਡ ਰੈਟਿਨਾ ਤੇ ਸਕਲੀਰਾ ਵਿਚਕਾਰ ਇਕ ਪੱਧਰੀ ਤਹਿ ਬਣਾਉਂਦਾ ਹੈ ਤੇ ਰੈਟਿਨਾ ਦੇ ਨਾਲ ਲਗਦੇ ਹਿੱਸਿਆਂ ਨੂੰ ਖ਼ੁਰਾਕ ਪੁਚਾਉਣ ਵਿਚ ਮਦਦ ਕਰਦਾ ਹੈ। ਕੋਰਾੱਇਡ ਦਾ ਕਾਲਾ ਰੰਗ (ਕੈਮਰੇ ਦੇ ਅੰਦਰ ਵਾਲੇ ਕਾਲੇ ਰੰਗ ਵਾਂਗ) ਅੱਖ ਵਿਚ ਪੈਂਦੀ ਰੌਸ਼ਨੀ ਨੂੰ ਇਧਰ ਉਧਰ ਖਿੰਡਣ ਤੋਂ ਰੋਕਦਾ ਹੈ। ਲੂੰਦਾਰ ਬਾੱਡੀ ਅੱਖ ਦੇ ਅਗਲੇ ਚੈਂਬਰ ਦਾ ਤਰਲ ਬਣਾਉਂਦੀ ਹੈ। ਇਸਦੇ ਪੱਠੇ ਸੁੰਗੜ ਕੇ ਸਸਪੈਨਸਰੀ ਲਿਗਾਮੈਂਟਾਂ ਨੂੰ ਢਿੱਲਾ ਕਰ ਸਕਦੇ ਹਨ ਜਿਸ ਤੋਂ ਲਚਕਦਾਰ ਲੈੱਨਜ਼ ਪਹਿਲਾਂ ਨਾਲੋਂ ਜ਼ਿਆਦਾ ਗੋਲ ਹੋ ਜਾਂਦਾ ਹੈ। ਧੀਰੀ ਦੀ ਪੁਤਲੀ ਖ਼ਾਸ ਪੱਠਿਆਂ ਰਾਹੀਂ ਰੌਸ਼ਨੀ ਵਿਚ ਸੁੰਗੜਦੀ ਹੈ ਤੇ ਹਨੇਰੇ ਵਿਚ ਫੈਲਦੀ ਹੈ।

          ਸਭ ਤੋਂ ਅੰਦਰਲੇ ਪਰਦੇ ਦਾ ਨਾਂ ਰੈਟਿਨਾ (retina) ਹੈ। ਇਹ ਕਰੋੜਾਂ ਦੀ ਨਰਵ-ਸੈੱਲਾਂ ਦੇ ਇਕ ਖ਼ਾਸ ਤਰਤੀਬ ਵਿਚ ਪਰੋਏ ਜਾਣ ਨਾਲ ਬਣਿਆ ਹੈ। ਗੁੰਦੇ ਹੋਏ ਨਰਵ-ਸੈੱਲਾਂ ਕਈ ਤਹਿਆਂ ਬਣਾਉਂਦੇ ਹਨ। ਸਭ ਤੋਂ ਬਾਹਰਲੀ ਤਹਿ ਰਾੱਡ ਅਤੇ ਕੋਨ ਤਹਿ (rods and cones layer) ਅਖਵਾਉਂਦੀ ਹੈ। ਇਸ ਤਹਿ ਵਿਚ ਇਕ ਦ੍ਰਿਸ਼ਟੀਗਤ ਵੈਂਗਣੀ (visual purple) ਰੰਗ ਹੁੰਦਾ ਹੈ। ਇਹ ਰੰਗ ਅੱਖ ਵਿਚ ਪੈਂਦੀ ਰੌਸ਼ਨੀ ਨੂੰ ਜਜ਼ਬ ਕਰ ਲੈਂਦਾ ਹੈ, ਜਿਸ ਤੋਂ ਰਾੱਡ ਤੇ ਕੋਨ ਵਾਲੀ ਤਹਿ ਵਿਚ ਬਿਜਲੀ ਦੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਹਨ। ਇਹ ਲਹਿਰਾਂ ਰੈਟਿਨਾਂ ਦੀਆਂ ਹੋਰ ਤਹਿਆਂ ਵਿਚੋਂ ਹੁੰਦੀਆਂ ਹੋਈਆਂ ਨਰਵ-ਧਾਗਿਆਂ ਰਾਹੀਂ ਨੇਤਰ-ਨਾੜੀ ਵਿਚ ਚਲੀਆਂ ਜਾਂਦੀਆਂ ਹਨ ਜੋ ਅੱਖ ਅੰਦਰ ਬਾਹਰਲੀਆਂ ਚੀਜ਼ਾਂ ਦੇ ਬਣਦੇ ਚਿੱਤਰਾਂ ਦੀ ਖ਼ਬਰ ਦਿਮਾਗ਼ ਤੱਕ ਪਹੁੰਚਾ ਦਿੰਦੀ ਹੈ। ਰੈਟਿਨਾ ਦੇ ਪਿਛਲੇ ਭਾਗ ਵਿਚ ਇਕ ਨਾਜ਼ੁਕ ਹਿੱਸਾ ਹੈ ਜਿਸਨੂੰ ਮੈਕੂਲਾ ਜਾਂ ਪੀਲਾ ਬਿੰਦੂ ਕਿਹਾ ਜਾਂਦਾ ਹੈ। ਦਿਸਦੀਆਂ ਚੀਜ਼ਾਂ ਦੀ ਬਾਰੀਕੀ ਇਸੇ ਬਿੰਦੂ ਤੇ ਨਿਰਭਰ ਕਰਦੀ ਹੈ।

          ਅੱਖ ਦੇ ਸਹਾਇਕ ਹਿੱਸੇ––ਅੱਖ ਹੱਡੀਆਂ ਦੇ ਬਣੇ ਇਕ ਖੋਲ (bony socket) ਜਿਹੇ ਵਿਚ ਸੁਰੱਖਿਅਤ ਹੁੰਦੀ ਹੈ। ਛੇ ਪ੍ਰਕਾਰ ਦੀਆਂ ਮਾਸ-ਪੇਸ਼ੀਆਂ ਇਸਦੀ ਗਤੀ-ਵਿਧੀ ਵਿਚ ਸਹਾਇਤਾ ਕਰਦੀਆਂ ਹਨ। ਬਾਹਰਲੀ ਸਿੱਧੀ ਮਾਸ-ਪੇਸ਼ੀ ਅੱਖ ਨੂੰ ਬਾਹਰ ਵੱਲ, ਅੰਦਰਲੀ ਸਿੱਧੀ ਮਾਸ-ਪੇਸ਼ੀ ਅੰਦਰ ਵੱਲ, ਉਤਲੀ ਸਿੱਧੀ ਮਾਸ-ਪੇਸ਼ੀ ਉੱਤੇ ਵੱਲ ਅਤੇ ਬਾਹਰ ਵੱਲ, ਹੇਠਲੀ ਸਿੱਧੀ ਮਾਸ-ਪੇਸ਼ੀ ਹੇਠ੍ਹਾਂ ਵੱਲ ਅਤੇ ਬਾਹਰ ਵੱਲ, ਉਤਲੀ ਤਿਰਛੀ ਮਾਸ-ਪੇਸ਼ੀ ਹੇਠਾਂ ਅਤੇ ਅੰਦਰ ਵੱਲ ਅਤੇ ਹੇਠਲੀ ਤਿਰਛੀ ਮਾਸ-ਪੇਸ਼ੀ ਉਪਰ ਅਤੇ ਨੱਕ ਵੱਲ ਖਿਚਦੀ ਹੈ।

          ਇਹ ਸਭ ਪੇਸ਼ੀਆਂ ਦਿਮਾਗ਼ ਦੀਆਂ ਨਸਾਂ ਰਾਹੀਂ ਇਉਂ ਜੁੜੀਆਂ ਹੁੰਦੀਆਂ ਹਨ ਕਿ ਦੋਵੇਂ ਅੱਖਾਂ ਇਕਸਾਰ ਚਲਦੀਆਂ ਹਨ। ਜੇ ਖੱਬੀ ਅੱਖ ਬਾਹਰ ਵੱਲ ਮੁੜੇ ਤਾਂ ਸੱਜੀ ਅੰਦਰ ਵੱਲ ਮੁੜਦੀ ਹੈ। ਜੇ ਖੱਬੀ ਅੱਖ ਉੱਤੇ ਅਤੇ ਬਾਹਰ ਵੱਲ ਜਾਵੇ ਤਾਂ ਸੱਜੀ ਉੱਤੇ ਅੰਦਰ ਵੱਲ ਜਾਂਦੀ ਹੈ। ਜੇ ਕੋਈ ਨੇੜੇ ਦੀ ਚੀਜ਼ ਵੇਖਣੀ ਹੋਵੇ ਤਾਂ ਦੋਵੇਂ ਅੱਖਾਂ ਅੰਦਰ ਨੂੰ ਮੁੜੀਆਂ ਹਨ।

          ਹਰ ਅੱਖ ਨਾਲ ਦੋ ਛੱਪਰ ਹੁੰਦੇ ਹਨ ਜੋ ਸੌਣ ਵੇਲੇ ਜਾਂ ਆਰਾਮ ਕਰਨ ਵੇਲੇ ਅੱਖ ਨੂੰ ਢੱਕ ਕੇ ਰਖਦੇ ਹਨ ਤੇ ਇਉਂ ਬਾਹਰਲੀਆਂ ਚੀਜ਼ਾਂ ਤੋਂ ਇਸਦੀ ਰੱਖਿਆ ਕਰਦੇ ਹਨ। ਇਨ੍ਹਾਂ ਅੰਦਰ ਥਿੰਧੇ ਦੀਆਂ ਗਿਲ੍ਹਟੀਆਂ ਹੁੰਦੀਆਂ ਹਨ ਜੋ ਗੰਨੀਆਂ ਨੂੰ ਥਿੰਧੀਆਂ ਰੱਖ ਕੇ, ਅੱਥਰੂਆਂ ਨੂੰ ਅੱਖ ਤੋਂ ਬਾਹਰ ਡੁੱਲ੍ਹਣ ਤੋਂ ਰੋਕਣ ਵਿਚ ਸਹਾਇਤਾ ਕਰਦੀਆਂ ਹਨ।

          ਅੱਥਰੂ, ਅੱਥਰੂ-ਗਿਲ੍ਹਟੀਆਂ ਦੀ ਉਪਜ ਹਨ। ਅੱਥਰੂ-ਗਿਲਟੀਆਂ ਦਾ ਪਾਣੀ ਪਤਲੀਆਂ ਨਾਲੀਆਂ ਰਾਹੀਂ ਉਪਰਲੇ ਛੱਪਰ ਦੇ ਰਸਤੇ ਅੱਖ ਵਿਚ ਆਉਂਦਾ ਹੈ ਤੇ ਅੱਖ ਨੂੰ ਧੋਂਦਾ ਹੋਇਆ ਨੱਕ ਵੱਲ ਚਲਾ ਜਾਂਦਾ ਹੈ।

          ਝਿੰਮਣੀਆਂ ਮੱਖੀ, ਮੱਛਰ ਜਾਂ ਕਿਸੇ ਹੋਰ ਚੀਜ਼ ਨੂੰ ਅੱਖ ਵਿਚ ਪੈਣ ਤੋਂ ਰੋਕਦੀਆਂ ਹਨ। ਭਰਵੱਟੇ ਮੱਥੇ ਦੇ ਮੁੜ੍ਹਕੇ ਨੂੰ ਅੱਖਾਂ ਵਿਚ ਪੈਣ ਤੋਂ ਰੋਕਦੇ ਹਨ। ਇਨ੍ਹਾਂ ਨੂੰ ਜ਼ੋਰ ਨਾਲ ਘੁੱਟ ਕੇ ਜ਼ਿਆਦਾ ਚਾਨਣ ਤੋਂ ਵੀ ਬਚਿਆ ਜਾ ਸਕਦਾ ਹੈ।

          ਅੱਖ ਦੇ ਹਰ ਹਿੱਸੇ ਨੂੰ ਖ਼ੁਰਾਕ ਪਹੁੰਚਾਉਣ ਲਈ ਇਸ ਵਿਚ ਲਹੂ-ਵਹਿਣੀਆਂ ਦਾ ਜਾਲ ਜਿਹਾ ਵਿਛਿਆ ਹੁੰਦਾ ਹੈ।

          ਦੂਰ ਅਤੇ ਨੇੜੇ ਵੇਖਣਾ––ਅੱਖ ਦਾ ਲੈੱਨਜ਼ ਇਸ ਤਰ੍ਹਾਂ ਬਣਿਆ ਹੋਇਆ ਹੈ ਕਿ ਆਰਾਮ ਦੀ ਹਾਲਤ ਵਿਚ, ਬਾਹਰੋਂ ਆਉਂਦੀਆਂ ਸਮਾਨ-ਅੰਤਰ ਕਿਰਨਾਂ ਰੈਟਿਨਾ ਉਤੇ ਇਕੱਠੀਆਂ ਜਾਂ ਫੋਕਸ ਹੁੰਦੀਆਂ ਹਨ। ਪਰ ਜਿਸ ਵੇਲੇ ਦੂਰ ਦੀਆਂ ਇਕਸਾਰ ਕਿਰਨਾਂ ਫੋਕਸ ਵਿਚ ਹੁੰਦੀਆਂ ਹਨ, ਉਸ ਵੇਲੇ ਨੇੜੇ ਦੀਆਂ ਚੀਜ਼ਾਂ ਤੋਂ ਨਿਕਲਦੀਆਂ ਤੇ ਖਿਲਰਦੀਆਂ ਕਿਰਨਾਂ ਰੈਟਿਨਾ ਤੋਂ ਕਿਤੇ ਪਿਛਾਂਹ ਪੈਂਦੀਆਂ ਹਨ।

          ਨੇੜੇ ਵੇਖਣ ਲਈ ਲੂੰਦਾਰ ਪੱਠਾ, ਸੁੰਗੜ ਕੇ ਲੈੱਨਜ਼ ਦੇ ਧਾਗੇ ਢਿੱਲੇ ਕਰਦਾ ਹੈ, ਜਿਸ ਨਾਲ ਲੈੱਨਜ਼ ਵਿਚਕਾਰ ਤੋਂ ਅੱਗੇ ਨਾਲੋਂ ਵਧੀਕ ਮੋਟਾ ਹੋ ਜਾਂਦਾ ਹੈ, ਇਉਂ ਉਸ ਦੀ ਵਰਤਣ-ਸ਼ਕਤੀ ਵੱਧ ਜਾਂਦੀ ਹੈ ਅਤੇ ਨੇੜੇ ਦੀਆਂ ਚੀਜ਼ਾਂ ਠੀਕ ਫੋਕਸ ਉਤੇ ਆ ਜਾਂਦੀਆਂ ਹਨ।

          ਰੈਟਿਨਾ ਉਤੇ ਬਣਿਆ ਹੋਇਆ ਚਿਤਰ, ਰੈਟਿਨਾ ਤੋਂ ਨਿਕਲੀ ਹੋਈ ਨਜ਼ਰ-ਨਸ ਰਾਹੀਂ ਦਿਮਾਗ਼ ਵਿਚ ਪਹੁੰਚ ਜਾਂਦਾ ਹੈ।

ਅੱਖ ਦੀ ਰਸਾਇਣਕ ਬਣਤਰ

          ਅੱਖ ਦੇ ਵੱਖ ਵੱਖ ਭਾਗਾਂ ਵਿਚ ਹੇਠ ਲਿਖੇ ਰਸਾਇਣਕ ਅੰਸ਼ ਮਿਲਦੇ ਹਨ :

          ਕਾੱਰਨੀਆ ਅਤੇ ਸਕਲੀਰਾ––ਇਹ ਦੋਵੇਂ ਵਧੇਰੇ ਕਰਕੇ ਸਾਦਾ ਜਿਹੀ ਪ੍ਰੋਟੀਨ, ਲੂਣ ਅਤੇ ਪਾਣੀ ਦੇ ਬਣੇ ਹੋਏ ਹਨ। ਕੋਲਾਜਨ (collagen) ਨਾਂ ਦੀ ਪ੍ਰੋਟੀਨ, ਕਾੱਰਨੀਆ ਵਿਚ ਸੰਘਣੀ ਹਾਲਤ ਵਿਚ ਨਹੀਂ ਹੁੰਦੀ। ਇਸ ਲਈ ਕਾੱਰਨੀਆ ਨਿਰਮਲ ਰਹਿੰਦਾ ਹੈ। ਇਹੋ ਪ੍ਰੋਟੀਨ ਸਕਲੀਰਾ ਵਿਚ ਸੰਘਣੀ ਹਾਲਤ ਵਿਚ ਹੁੰਦੀ ਹੈ, ਇਸ ਲਈ ਉਹ ਦੁਧੀਆ ਅਤੇ ਧੁੰਦਲਾ ਦਿਸਦਾ ਹੈ।

          ਲੈੱਨਜ਼––ਲੈੱਨਜ਼ ਦੀਆਂ ਆਪਣੀਆਂ ਪੰਜ ਛੇ ਕਿਸਮਾਂ ਦੀਆਂ ਖ਼ਾਸ ਪ੍ਰੋਟੀਨਾਂ ਹਨ। ਇਸ ਤੋਂ ਛੁੱਟ ਉਸ ਵਿਚ ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਗਲੂਟਾਥੀਊਨ (glutathione) ਆਦਿ ਮਿਲਦੇ ਹਨ। ਇਹ ਸਾਰੇ ਦੇ ਸਾਰੇ ਲੈੱਨਜ਼ ਨੂੰ ਨਿਰਮਲ ਰੱਖਣ ਲਈ ਸ਼ਕਤੀ ਦਿੰਦੇ ਹਨ।

          ਅੱਖ ਦਾ ਪਾਣੀ––ਲੂੰਦਾਰ ਬਾੱਡੀ ਦਾ ਦੌਰਾ ਕਰਨ ਸਮੇਂ, ਖ਼ੂਨ ਆਪਣੇ ਕੁਝ ਅੰਸ਼ ਛੱਡ ਜਾਂਦਾ ਹੈ, ਜੋ ਅੱਖ ਦੇ ਅੰਦਰ ਅੱਖ ਦੇ ਪਾਣੀ ਦੀ ਸ਼ਕਲ ਵਿਚ ਇਕੱਠੇ ਹੋ ਜਾਂਦੇ ਹਨ। ਅੱਖ ਦੇ ਪਾਣੀ ਵਿਚ ਕੁਝ ਲੂਣ, ਗਲੂਕੋਸ, ਆਕਸੀਜਨ, ਵਿਟਾਮਿਨ, ਲੈਕਟਿਕ ਅਤੇ ਕਈ ਹੋਰ ਚੀਜ਼ਾਂ ਰਲੀਆਂ ਹੁੰਦੀਆਂ ਹਨ। ਅੱਖ ਦਾ ਪਾਣੀ ਲੂੰਦਾਰ ਬਾੱਡੀ ਵਿਚੋਂ ਨਿਕਲ ਕੇ, ਲੈੱਨਜ਼ ਦੇ ਅੱਗੇ ਹੁੰਦਾ ਹੋਇਆ ਪੁਤਲੀ ਦੇ ਰਸਤੇ ਅਗਲੇ ਖ਼ਾਨੇ ਵਿਚ ਆ ਜਾਂਦਾ ਹੈ। ਇਸ ਕੋਠੀ ਦੀ ਨੁੱਕਰ ਵਿਚੋਂ ਪਾਣੀ ਅੱਖ ਦੇ ਬਾਹਰ, ਪਰ ਅੰਦਰਸ਼ ਦੇ ਹੇਠਾਂ ਸਿੰਮਦਾ ਰਹਿੰਦਾ ਹੈ, ਜਿਥੋਂ ਇਸ ਨੂੰ ਖ਼ੂਨ ਦੀਆਂ ਬਾਰੀਕ ਨਾੜੀਆਂ ਆਪਣੇ ਨਾਲ ਸਮੇਟ ਕੇ ਲੈ ਜਾਂਦੀਆਂ ਹਨ।

          ਅੱਖ ਦਾ ਪਾਣੀ ਦਬਾਓ ਪੈਦਾ ਕਰ ਕੇ, ਅੱਖ ਦੀ ਸ਼ਕਲ ਸਦਾ ਗੋਲ ਰੱਖਣ ਵਿਚ ਸਹਾਇਤਾ ਦਿੰਦਾ ਹੈ। ਇਸ ਤੋਂ ਛੁੱਟ ਇਸ ਦਾ ਕੰਮ ਕਾੱਰਨੀਆ, ਲੈੱਨਜ਼ ਅਤੇ ਕਚ-ਨੁਮਾ ਦ੍ਰਵ ਨੂੰ ਖ਼ੁਰਾਕ ਪਹੁੰਚਾਉਣਾ ਅਤੇ ਇਨ੍ਹਾਂ ਤੋਂ ਪੈਦਾ ਹੋਈਆਂ ਰੱਦੀ ਚੀਜ਼ਾਂ ਨੂੰ ਅੱਖ ਤੋਂ ਬਾਹਰ ਕੱਢਣਾ ਹੈ। ਦੂਜੇ ਸ਼ਬਦਾਂ ਵਿਚ ਇਹ ਇਕੋ ਹੀ ਸਮੇਂ, ਅੱਖ ਵਾਸਤੇ ਸਫਾਈ ਸੇਵਕ ਅਤੇ ਰਸੋਈਏ ਦਾ ਕੰਮ ਕਰਦਾ ਹੈ।

          ਕਚ-ਨੁਮਾ ਦ੍ਰਵ––ਇਸ ਵਿਚ 99% ਪਾਣੀ ਅਤੇ 1% ਰਸਾਇਣਕ ਅੰਸ਼ ਹੁੰਦੇ ਹਨ। ਰਸਾਇਣਕ ਅੰਸ਼ਾਂ ਵਿਚ ਸਭ ਤੋਂ ਉੱਤਮ, ਹਾਇਲਯੂ-ਰਾੱਨਿਕ ਐਸਿਡ (hyaluronic acid) ਹੈ ਜੈ ਵਿਟ੍ਰੀਅਸ ਨੂੰ ਜੈਲੀ ਵਾਂਗ ਗਾੜ੍ਹਾ ਕਰਦਾ ਹੈ।

          ਰੈਟਿਨਾ––ਹੋਰ ਰਸਾਇਣਕ ਚੀਜ਼ਾਂ ਤੋਂ ਛੁੱਟ, ਰਾੱਡ ਅਤੇ ਕੋਨ ਤਹਿ ਵਿਚ ਦ੍ਰਿਸ਼ਟੀਗਤ ਜਾਮਨੀ ਰੰਗ ਬਹੁਤ ਜ਼ਰੂਰੀ ਚੀਜ਼ ਹੈ। ਇਹੋ ਹੀ ਰੌਸ਼ਨੀ ਦੀਆਂ ਕਿਰਨਾਂ ਨੂੰ ਸਮੇਟ ਕੇ ਉਨ੍ਹਾਂ ਨੂੰ ਬਿਜਲੀ ਦੀਆਂ ਲਹਿਰਾਂ ਵਿਚ ਬਦਲ ਦਿੰਦਾ ਹੈ। ਦ੍ਰਿਸ਼ਟੀਗਤ ਜਾਮਨੀ ਰੰਗ ਦਾ ਇਕ ਜ਼ਰੂਰੀ ਹਿੱਸਾ ਵਿਟਾਮਿਨ ਏ ਹੈ। ਇਸ ਵਿਟਾਮਿਨ ਦੀ ਥੁੜ੍ਹ ਨਾਲ ਅੰਧਰਾਤਾ ਹੋ ਜਾਂਦਾ ਹੈ।

          ਚੰਗੀ ਨਜ਼ਰ ਵਾਸਤੇ ਖ਼ੁਰਾਕ––ਅੱਖਾਂ ਅਤੇ ਸਰੀਰ ਦੇ ਵੱਖ ਵੱਖ ਅੰਗਾਂ ਨੂੰ ਆਪੋ ਆਪਣਾ ਕੰਮ ਠੀਕ ਤੋਰਨ ਲਈ ਲੋੜ ਅਨੁਸਾਰ ਕਾਰਬੋ-ਹਾਈਡ੍ਰੇਟ, ਪ੍ਰੋਟੀਨ, ਥਿੰਧਿਆਈ, ਧਾਤਾਂ ਅਤੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਵਿਟਾਮਿਨ ਏ ਕਲੇਜੀ, ਅੰਡੇ, ਮੱਖਣ, ਦੁੱਧ, ਪਨੀਰ, ਮੱਛੀ ਦੇ ਤੇਲ, ਹਰੀਆਂ ਸਬਜ਼ੀਆਂ (ਖ਼ਾਸ ਕਰਕੇ ਗਾਜਰਾਂ ਅਤੇ ਬੰਦ ਗੋਭੀ) ਆਦਿ ਵਿਚੋਂ ਮਿਲਦਾ ਹੈ। ਵਿਟਾਮਿਨ ਬੀ ਅਤੇ ਬੀ2 ਆਟੇ ਦੇ ਛਾਣ, ਅਣਧੋਤੇ ਚਾਵਲਾਂ, ਸਾਬਤ ਦਾਲਾਂ, ਕਲੇਜੀ ਅਤੇ ਖ਼ਮੀਰ ਵਿਚ ਹੁੰਦੇ ਹਨ। ਵਿਟਾਮਿਨ ਸੀ ਹਰੀਆਂ ਮਿਰਚਾਂ, ਨਿੰਬੂ, ਔਲਿਆਂ ਅਤੇ ਅਮਰੂਦਾਂ ਵਿਚ ਹੁੰਦਾ ਹੈ। ਇਹ ਵਿਟਾਮਿਨ ਲੈੱਨਜ਼ ਨੂੰ ਨਿਰਮਲ ਰੱਖਣ ਵਿਚ ਸਹਾਇਕ ਹੁੰਦਾ ਹੈ।

          ਅਜਿਹੀ ਖ਼ੁਰਾਕ ਅੱਖਾਂ ਲਈ ਚੰਗੀ ਹੈ ਜਿਸ ਵਿਚ ਵਿਟਾਮਿਨਾਂ ਸਮੇਤ ਸਾਰੇ ਅੰਸ਼ ਮੌਜੂਦ ਹੋਣ।

ਅੱਖ ਦੇ ਨੁਕਸ

          ਇਕ ਮਨੁੱਖੀ ਅੱਖ ਦੀ ਦ੍ਰਿਸ਼ਟੀ ਵਿਚ ਆਮ ਤੌਰ ਤੇ ਹੇਠ ਲਿਖੇ ਨੁਕਸ ਪੈ ਸਕਦੇ ਹਨ :

          ਨਿਕਟ ਦ੍ਰਿਸ਼ਟੀ ਜਾਂ ਮਾਈਓਪੀਆ (Myopia)––ਇਸ ਨੁਕਸ ਵਾਲੇ ਵਿਅਕਤੀ ਦੂਰ ਦੀਆਂ ਚੀਜ਼ਾਂ ਸਾਫ਼ ਸਾਫ਼ ਨਹੀਂ ਦੇਖ ਸਕਦੇ ਪਰ ਨੇੜੇ ਦੀਆਂ ਚੀਜ਼ਾਂ ਠੀਕ ਦਿਖਾਈ ਦਿੰਦੀਆਂ ਹਨ। ਅਜਿਹੇ ਨੁਕਸ ਦੀ ਹਾਲਤ ਵਿਚ ਸਮਾਂਤਰ ਕਿਰਨਾਂ ਰੈਟਿਨਾ ਉਤੇ ਫੋਕਸ ਹੋਣ ਦੀ ਥਾਂ ਅੱਗੇ ਫੋਕਸ ਹੁੰਦੀਆਂ ਹਨ। ਫੋਕਸ ਦੇ ਨਿਸ਼ਾਨ ਤੋਂ ਕਿਰਨਾਂ ਫਿਰ ਖਿਲਰਦੀਆਂ ਹਨ ਅਤੇ ਰੈਟਿਨਾ ਉੱਤੇ ਇਕ ਧੁੰਦਲਾ ਜਿਹਾ ਚੱਕਰ ਬਣ ਜਾਂਦਾ ਹੈ। ਇਸ ਲਈ ਦੂਰ ਦੀਆਂ ਸਭ ਚੀਜ਼ਾਂ ਸਾਫ਼ ਨਹੀਂ ਦਿਸਦੀਆਂ। ਪਰ ਨੇੜੇ ਦੀਆਂ ਚੀਜ਼ਾਂ ਜਿਨਾਂ ਤੋਂ ਕਿਰਨਾਂ ਖਿਲਰਦੀਆਂ ਹੋਈਆਂ ਨਿਕਲਦੀਆਂ ਹਨ, ਰੈਟਿਨਾ ਉੱਤੇ ਤਿੱਖਾ ਚਿੱਤਰ ਬਣਾਉਂਦੀਆਂ ਹਨ ਅਤੇ ਸਾਫ਼ ਵਿਖਾਈ ਦਿੰਦੀਆਂ ਹਨ।

          ਦੂਰ ਦੀਆਂ ਚੀਜ਼ਾਂ ਨੇੜੇ ਲਿਆਏ ਬਿਨਾਂ ਸਾਫ ਵੇਖਣ ਲਈ ਅਵਤਲ (concave) ਲੈੱਨਜ਼ ਦੀ ਵਰਤੋਂ ਕਰਨੀ ਪੈਂਦੀ ਹੈ। ਅਵਤਲ ਲੈੱਨਜ਼ ਦੂਰੋਂ ਆਉਂਦੀਆਂ ਸਮਾਂਤਰ ਕਿਰਨਾਂ ਨੂੰ ਖਿਲਾਰ ਕੇ ਰੈਟਿਨਾ ਉਤੇ ਫੋਕਸ ਕਰਨ ਵਿਚ ਮਦਦ ਕਰਦਾ ਹੈ।

          ਦੀਰਘ ਦ੍ਰਿਸ਼ਟੀ ਜਾਂ ਹਾਈਪਰਮੈਟਰੋਪੀਆ (Hypermetropia)––ਇਸ ਨੁਕਸ ਵਾਲੇ ਵਿਅਕਤੀ ਨੂੰ ਦੂਰ ਦੀਆਂ ਚੀਜ਼ਾਂ ਸਾਫ਼ ਵਿਖਾਈ ਦਿੰਦੀਆਂ ਹਨ ਪਰ ਨੇੜੇ ਦੀਆਂ ਨਹੀਂ। ਅਜਿਹੇ ਨੁਕਸ ਦੀ ਹਾਲਤ ਵਿਚ ਸਮਾਂਤਰ ਕਿਰਨਾਂ ਰੈਟਿਨਾ ਦੇ ਪਿੱਛੇ ਫੋਕਸ ਹੁੰਦੀਆਂ ਹਨ। ਨੇੜੇ ਦੀਆਂ ਚੀਜ਼ਾਂ ਤੋਂ ਉਠਦੀਆਂ ਖਿਲਰਦੀਆਂ ਕਿਰਨਾਂ ਹੋਰ ਵੀ ਦੂਰ ਪਿੱਛੇ ਮਿਲਦੀਆਂ ਹਨ। ਇਸ ਦੇ ਸਿੱਟੇ ਵਜੋਂ ਦੂਰ ਦੀ ਨਜ਼ਰ ਦੀ ਕਮਜ਼ੋਰ ਵਾਲੇ ਇਕ ਤਾਂ ਦੂਰ ਦੀਆਂ ਚੀਜ਼ਾਂ ਸਾਫ਼ ਨਹੀਂ ਵੇਖ ਸਕਦੇ, ਦੂਜੇ ਜਿੰਨੀ ਵੀ ਕੋਈ ਚੀਜ਼ ਅੱਖ ਦੇ ਨੇੜੇ ਲਿਆਂਦੀ ਜਾਵੇ, ੳਤਨੀ ਦੀ ਧੁੰਦਲੀ ਧੁੰਦਲੀ ਦਿਸਦੀ ਹੈ।

          ਛੋਟੀ ਉਮਰੇ ਅੱਖ ਦੀ ਤਣਾਉ-ਸ਼ਕਤੀ ਕਾਫ਼ੀ ਹੁੰਦੀ ਹੈ। ਇਸ ਲਈ ਥੋੜ੍ਹੇ ਨਕਸ ਦੀ ਹਾਲਤ ਵਿਚ ਐਨਕਾਂ ਦੀ ਲੋੜ ਨਹੀਂ ਪੈਂਦੀ। ਜਿਨ੍ਹਾਂ ਨੂੰ ਸਿਰ-ਪੀੜ ਹੋਵੇ ਜਾਂ ਨੀਝ ਵਾਲਾ ਕੰਮ ਕਰਨ ਵਿਚ ਮੁਸ਼ਕਲ ਆਉਂਦੀ ਹੋਵੇ ਉਨ੍ਹਾਂ ਨੂੰ ਐਨਕ ਲਆਉਣੀ ਪੈਂਦੀ ਹੈ। ਦੂਰ ਦੀ ਨਜ਼ਰ ਦੀ ਕਮਜ਼ੋਰੀ ਦੀ ਹਾਲਤ ਵਿਚ ਉਤੱਲ ਲੈੱਨਜ਼ਾਂ ਦੀ ਵਰਤੋਂ ਨਾਲ ਇਸ ਨੁਕਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇਨ੍ਹਾਂ ਲੈੱਨਜ਼ਾਂ ਨਾਲ ਰੌਸ਼ਨੀ ਦੀਆਂ ਕਿਰਨਾਂ ਦਾ ਮੇਲ ਰੈਟਿਨਾ ਨਾਲ ਹੋ ਜਾਂਦਾ ਹੈ।

          ਐਸਟਿਗਮੈਟਿਜ਼ਮ (Astigmatism)––ਅੱਖ ਦੀ ਇਸ ਹਾਲਤ ਵਿਚ ਇਕ ਥਾਂ ਤੋਂ ਉਠਦੀਆਂ ਕਿਰਨਾਂ ਰੈਟਿਨਾ ਉੱਤੇ ਇਕ ਨੁਕਤੇ ਉੱਤੇ ਫੋਕਸ ਨਹੀਂ ਹੁੰਦੀਆਂ। ਇਹ ਨਕਸ ਆਮ ਤੌਰ ਤੇ ਕਾੱਰਨੀਆ ਦੀ ਬੇਢੰਗੀ ਗੋਲਾਈ ਕਰਕੇ ਹੁੰਦਾ ਹੈ। ਇਸ ਨੁਕਸ ਵਾਲਾ ਜੇ ਸਾਈਕਲ ਦੇ ਪਹੀਏ ਨੂੰ ਦੂਰੋਂ ਵੇਖੇ ਤਾਂ ਉਸ ਨੂੰ ਖੜੀਆਂ ਤਾਰਾਂ ਸਾਫ਼ ਦਿਸਦੀਆਂ ਹਨ, ਪਰ ਇਸ ਦੇ ਉਲਟ ਲੇਟੀਆਂ ਤਾਰਾਂ ਧੁੰਦਲੀਆਂ ਦਿਸਦੀਆਂ ਹਨ। ਵਧੀਕ ਨੁਕਸ ਹੋਣ ਉੱਤੇ ਦੂਰੋਂ ਜਾਂ ਨੇੜਿਉਂ ਕੋਈ ਵੀ ਚੀਜ਼ ਸਾਫ਼ ਨਹੀਂ ਦਿਸਦੀ ਅਤੇ ਹਮੇਸ਼ਾਂ ਸਾਫ਼ ਵੇਖਣ ਦੀ ਕੋਸ਼ਿਸ਼ ਕਰਨ ਕਰਕੇ ਰੋਗੀ ਸਿਰ-ਪੀੜ ਦਾ ਸ਼ਿਕਾਰ ਹੋ ਜਾਂਦਾ ਹੈ। ਹਾਈਪਰਮੈਟਰੋਪੀਆ ਤੇ ਮਾਈਓਪੀਆ ਵਾਲਿਆਂ ਨੂੰ ਐਸਟਿਗਮੈਟਿਜ਼ਮ ਇਕ ਵਾਧੂ ਨੁਕਸ ਦੇ ਤੌਰ ਤੇ ਵੀ ਹੋ ਸਕਦਾ ਹੈ। ਇਸ ਦਾ ਇਲਾਜ ਕਿਸੇ ਡਾਕਟਰ ਤੋਂ ਠੀਕ ਨੰਬਰ ਦੀਆਂ ਐਨਕਾਂ ਲਵਾ ਕੇ ਕੀਤਾ ਜਾ ਸਕਦਾ ਹੈ। ਐਸਟਿਗਮੈਟਿਜ਼ਮ ਲਈ ਸਿਲੰਡਰਾਕਾਰ ਲੈੱਨਜ਼ ਵਰਤੇ ਜਾਂਦੇ ਹਨ।

          ਜਦੋਂ ਨਜ਼ਰ ਤੇਜ਼ ਨਾ ਹੋਵੇ ਤੇ ਨੀਝ ਦਾ ਕੰਮ ਕਰਨ ਵੇਲੇ ਅੱਖਾਂ ਉੱਤੇ ਭਾਰ ਪਵੇ ਜਾਂ ਸਿਰ-ਪੀੜ ਹੋਵੇ ਜਾਂ ਅੱਖਾਂ ਲਾਲ ਹੋ ਜਾਣ ਤਾਂ ਸਮਝੋ ਕਿ ਨੇੜੇ ਜਾਂ ਦੂਰ ਦੀ ਨਜ਼ਰ ਜਾਂ ਐਸਟਿਗਮੈਟਿਜ਼ਮ ਵਿਚੋਂ ਕੋਈ ਇਕ ਨੁਕਸ ਹੈ ਜਾਂ ਅੱਖ ਨੂੰ ਚਲਾਉਣ ਵਾਲੇ ਪੱਠਿਆਂ ਵਿਚ ਕੋਈ ਨਾ ਕੋਈ ਕਮਜ਼ੋਰੀ ਹੈ। ਇਸ ਕਮਜ਼ੋਰੀ ਦੇ ਇਲਾਜ ਲਈ ਕਿਸੇ ਅੱਖਾਂ ਦੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਨਜ਼ਰ ਟੈਸਟ ਕਰਵਾ ਕੇ ਜਚਕੇ ਠੀਕ ਨੰਬਰ ਦੇ ਲੈੱਨਜ਼ ਲਵਾਇਆਂ ਲਗਭਗ ਸਭ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਹਨ। ਨੇੜੇ ਦੀ ਨਜ਼ਰ ਵਿਚ ਨੁਕਸ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਹਰ ਡੇਢ ਦੋ ਸਾਲ ਪਿੱਛੋਂ ਆਪਣੀਆਂ ਅਖਾਂ ਟੈਸਟ ਕਰਵਾ ਲੈਣ।

          ਰੰਗ-ਅੰਨ੍ਹਾਪਣ (Colour Blindness)––ਅੱਖ ਨਿਰੀ ਰੌਸ਼ਨੀ ਹੀ ਨਹੀਂ ਵੇਖਦੀ ਸਗੋਂ ਰੌਸ਼ਨੀ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਕਿਰਨਾਂ ਦੇ ਰੰਗ ਵੀ ਪਛਾਣ ਲੈਂਦੀ ਹੈ। ਇਹ ਸ਼ਕਤੀ ਰੈਟਿਨਾ ਵਿਚ ਰਚੇ ਹੋਏ ਬਹੁਤ ਸਾਰੇ ਰਸਾਇਣਕ ਪਦਾਰਥਾਂ ਤੇ ਉਨ੍ਹਾਂ ਨੇ ਨਰਵ-ਸੈੱਲਾਂ ਨਾਲ ਖ਼ਾਸ ਜੋੜਾਂ ਅਤੇ ਸਬੰਧਾਂ ਦੇ ਕਾਰਨ ਹੈ। ਇਸ ਰੋਗ ਵਾਲੇ ਰੰਗਾਂ ਦੀ ਪਛਾਣ ਜਾਂ ਤਾਂ ਬਿਲਕੁਲ ਨਹੀਂ ਕਰ ਸਕਦੇ ਤੇ ਜਾਂ ਗਲਤ ਕਰਦੇ ਹਨ। ਇਹ ਵੇਖਿਆ ਗਿਆ ਹੈ ਕਿ ਸੌ ਔਰਤਾਂ ਪਿੱਛੇ ਇਕ ਅਤੇ ਸੌ ਮਰਦਾਂ ਪਿੱਛੇ ਅੱਠ ਇਸ ਰੋਗ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਨੂੰ ਸਿਰਫ਼ ਰੰਗਾਂ ਦੇ ਪਛਾਣਨ ਵਿਚ ਹੀ ਭੁਲੇਖਾ ਲਗਦਾ ਹੈ, ਅੱਖਾਂ ਦਾ ਹੋਰ ਕੋਈ ਨੁਕਸ ਨਹੀਂ ਹੁੰਦਾ। ਕਈਆਂ ਦਾ ਇਹ ਨੁਕਸ ਜਮਾਂਦਰੂ ਹੁੰਦਾ ਹੈ, ਪਰ ਕਈਆਂ ਨੂੰ ਤਮਾਕੂ ਜਾਂ ਸ਼ਰਾਬ ਦੀ ਵਰਤੋਂ ਨਾਲ ਜਾਂ ਯਕਰਾਨ ਨਾਲ ਵੀ ਹੋ ਜਾਂਦਾ ਹੈ। ਰੰਗ-ਅੰਨ੍ਹਾਪਣ ਦੋ ਪ੍ਰਕਾਰ ਦਾ ਹੁੰਦਾ ਹੈ। ਪੂਰੇ ਰੰਗ ਦਾ ਅੰਨ੍ਹਾਪਣ (total colour blindness) ਜਿਸ ਵਿਚ ਰੋਗ ਵਾਲੇ ਵਿਅਕਤੀ ਸਿਰਫ਼ ਸਫ਼ੈਦ, ਕਾਲੇ ਅਤੇ ਕਬੂਤਰੀ ਰੰਗਾਂ ਦੇ ਵੱਖ ਵੱਖ ਸ਼ੇਡਾਂ ਤੋਂ ਬਿਨਾਂ ਹੋਰ ਕੋਈ ਵੀ ਰੰਗ ਮਹਿਸੂਸ ਨਹੀਂ ਕਰ ਸਕਦੇ। ਦੂਜਾ ਅੰਸ਼ਿਕ ਰੰਗ-ਅੰਨ੍ਹਾਪਣ (partial colour blindness) ਜਿਸ ਦੀ ਅੱਗੇ ਦੋ ਪ੍ਰਕਾਰ ਵਿਚ ਉਪ-ਵੰਡ ਕੀਤੀ ਜਾ ਸਕਦੀ ਹੈ। ਇਕ ਵਿਚ ਰੋਗੀ ਲਾਲ ਅਤੇ ਹਰਾ ਰੰਗ ਮਹਿਸੂਸ ਕਰਨ ਦੇ ਅਸਮਰਥ ਹੁੰਦਾ ਹੈ ਤੇ ਦੂਜੀ ਵਿਚ ਪੀਲਾ ਨੀਲਾ ਰੰਗ ਨਹੀਂ ਵੇਖ ਸਕਦਾ।

          ਕਈ ਕਿੱਤਿਆਂ ਵਿਚ ਜਿਵੇਂ ਰੇਲਵੇ ਦੇ ਮਹਿਕਮੇ ਵਿਚ, ਸਮੁੰਦਰੀ ਅਤੇ ਹਵਾਈ ਬੇੜੇ ਦੇ ਕੰਮ ਵਿਚ ਜਾਂ ਕਪੜੇ ਦੇ ਵਪਾਰੀਆਂ ਅਤੇ ਚਿਤਰਕਾਰਾਂ ਲਈ ਰੰਗ ਦੀ ਠੀਕ ਪਰਖ ਦੀ ਸਖ਼ਤ ਲੋੜ ਹੁੰਦੀ ਹੈ। ਜਿਨ੍ਹਾਂ ਡਰਾਈਵਰਾਂ ਦੀ ਹਰੇ ਜਾਂ ਲਾਲ ਰੰਗ ਦੀ ਪਛਾਣ ਵਿਚ ਨੁਕਸ ਹੋਵੇ, ਉਹ ਟਰੈਫ਼ਿਕ ਦੀਆਂ ਬੱਤੀਆਂ ਦਾ ਭੁਲੇਖਾ ਖਾ ਕੇ ਖ਼ਤਰਨਾਕ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹਨ।

          ਇਸ ਤਰ੍ਹਾਂ ਦੇ ਰੋਗੀਆਂ ਦੀ ਚੰਗੀ ਤਰ੍ਹਾਂ ਕੀਤੀ ਹੋਈ ਪਰਖ ਨਾਲ ਇਕ ਤਾਂ ਇਹ ਪਤਾ ਲਗਦਾ ਹੈ ਕਿ ਨੁਕਸ ਕਿਹੜਾ ਅਤੇ ਕਿੰਨਾ ਹੈ, ਦੂਜੇ ਇਹ ਕਿ ਕਿਹੜਾ ਕਿਹੜਾ ਆਦਮੀ ਰੰਗ ਦੀ ਪਛਾਣ ਨਾ ਕਰ ਸਕਣ ਕਰਕੇ ਕਿਹੜੇ ਪੇਸ਼ੇ ਦੇ ਯੋਗ ਹਨ। ਪਰਖ ਵਾਸਤੇ ਐਡਰਿਕ ਗ੍ਰੀਨ ਲਾਲਟੈਨ ਜਾਂ ਇਸ਼ੀਹਾਰਾ ਪਲੇਟਾਂ ਦੀ ਵਰਤੋਂ ਕੀਤੀ ਜਾਂਦੀ ਹੈ।

          ਟੀਰ ਜਾਂ ਭੈਂਗ (Squint)––ਅੱਖ ਦੀ ਹਰ ਚਾਲ ਵਿਚ ਛੇ ਛੇ ਪੱਠਿਆਂ ਦਾ ਸਮੂਹ ਰਲ ਕੇ ਹਰਕਤ ਕਰਦਾ ਹੈ। ਹਰ ਚਾਲ ਵਿਚ ਦੋਹਾਂ ਅੱਖਾਂ ਦੇ ਪੱਠੇ ਇਸ ਤਰ੍ਹਾਂ ਮਿਲ ਕੇ ਕੰਮ ਕਰਦੇ ਹਨ ਕਿ ਅੱਖਾਂ ਦਾ ਆਪਸੀ ਫ਼ਾਸਲਾ ਸਦਾ ਇਕੋ ਜਿੰਨਾ ਰਹਿੰਦਾ ਹੈ।

          ਕਿਸੇ ਇਕ ਚਾਲ ਲਈ ਦੋਹਾਂ ਅੱਖਾਂ ਦਾ ਇਕ ਇਕ ਖ਼ਾਸ ਪੱਠਾ ਕੰਮ ਕਰਦਾ ਹੈ ਜਿਵੇਂ ਸੱਜੇ ਪਾਸੇ ਵੇਖਣ ਲਈ ਸੱਜੀ ਅੱਖ ਦਾ ਬਾਹਰਲਾ ਸਿੱਧਾ ਪੱਠਾ ਅਤੇ ਖੱਬੀ ਅੱਖ ਦਾ ਅੰਦਰਲਾ ਸਿੱਧਾ ਪੱਠਾ ਬਹੁਤ ਕੰਮ ਕਰਦਾ ਹੈ ਅਤੇ ਬਾਕੀ ਦੇ ਸਭ ਪੱਠੇ ਡੇਲੇ ਨੂੰ ਅਡੋਲ ਕਰਨ ਵਿਚ ਸਹਾਇਤਾ ਦਿੰਦੇ ਹਨ। ਨੇੜੇ ਦੀਆ ਚੀਜ਼ਾਂ ਵੇਖਣ ਲਈ ਅੱਖਾਂ ਨੂੰ ਮੇਲਨ (convergence) ਅਤੇ ਤਾਣਨ (accommodation) ਦੀ ਲੋੜ ਪੈਂਦੀ ਹੈ। ਮੇਲਨ ਦੀ ਸ਼ਕਤੀ ਦੋਹਾਂ ਅੱਖਾਂ ਦੇ ਅੰਦਰਲੇ ਸਿੱਧੇ ਪੱਠਿਆਂ ਤੋਂ ਅਤੇ ਤਾਣਨ ਦੀ ਸ਼ਕਤੀ ਲੂੰਦਾਰ ਪੇਸ਼ੀਆ ਸਸਪੈਨਸਰੀ ਲਿਗਾਮੈਂਟਾਂ ਅਤੇ ਲੈੱਨਜ਼ ਦੇ ਸਾਂਝੇ ਕੰਮ ਤੋਂ ਪੈਦਾ ਹੁੰਦੀ ਹੈ।

          ਦੋਹਾਂ ਅੱਖਾਂ ਵਿਚਲੇ ਉਸ ਨਾਜ਼ੁਕ ਸਬੰਧ ਨੂੰ, ਜਿਸ ਕਰਕੇ ਉਹ ਹਰ ਚਾਲ ਵਿਚ ਇਕੱਠਿਆਂ ਅਤੇ ਬਰਾਬਰ ਚਲਦੀਆਂ ਹਨ, ਸਥਿਰ ਰੱਖਣ ਲਈ ਸਭ ਪੱਠਿਆਂ ਨੂੰ ਹਮੇਸ਼ਾਂ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ। ਪੱਠਿਆਂ ਦੇ ਅਮਲ ਦੂਰ ਅਤੇ ਨੇੜੇ ਦੀ ਚੰਗੀ ਨਜ਼ਰ ਦੇ ਅਸਰ ਹੇਠ ਹੁੰਦੇ ਹਨ ਕਿਉਂਕਿ ਨਜ਼ਰ ਪੱਠਿਆਂ ਨੂੰ ਦਿਮਾਗ਼ ਦੇ ਕਈ ਕੇਂਦਰਾਂ ਰਾਹੀਂ ਕਾਬੂ ਵਿਚ ਰਖਦੀ ਹੈ।

          ਟੀਰ ਹੇਠ ਲਿਖੇ ਕਾਰਨਾਂ ਵਿਚੋਂ ਕਿਸੇ ਇਕ ਕਰ ਕੇ ਵੀ ਹੋ ਸਕਦਾ ਹੈ : ਕਾੱਰਨੀਆ ਵਿਚ ਚਿੱਟਾ ਪੈਣ ਨਾਲ ਲੈੱਨਜ਼ ਵਿਟ੍ਰੀਅਸ ਜਾਂ ਰੋਟਿਨਾ ਦੀ ਕਿਸੇ ਬੀਮਾਰੀ ਦੇ ਕਾਰਨ ਨਜ਼ਰ ਘੱਟਣ ਨਾਲ, ਨਜ਼ਰ ਦੀ ਨਸ ਦੇ ਰਸਤੇ ਵਿਚ ਰੋਗ ਹੋ ਜਾਣ ਕਾਰਨ, ਦਿਮਾਗ਼ ਦੇ ਨਜ਼ਰ ਕੇਂਦਰਾਂ ਵਿਚ ਕੋਈ ਨੁਕਸ ਪੈਣ ਨਾਲ, ਪੱਠਿਆਂ ਜਾਂ ਉਨ੍ਹਾਂ ਨੂੰ ਚਲਾਉਣ ਵਾਲੀਆਂ ਨਸਾਂ ਵਿਚ ਕਮਜ਼ੋਰੀ ਵਾਪਰਨ ਉੱਤੇ ਜਾਂ ਕਿਸੇ ਕਾਰਨ ਮੇਲਨ ਅਤੇ ਤਾਣਨ ਦੀਆਂ ਸ਼ਕਤੀਆਂ ਦੇ ਤਾਲ ਮੇਲ ਦੇ ਟੁੱਟ ਜਾਣ ਨਾਲ। ਬਹੁਤੇ ਵਿਅਕਤੀ ਅਖੀਰਲੇ ਕਾਰਨ ਕਰਕੇ ਟੀਰੇ ਹੁੰਦੇ ਹਨ।

          ਇਹੋ ਜਿਹੀ ਹਾਲਤ ਵਿਚ ਤੁਰੰਤ ਅੱਖਾਂ ਦੇ ਡਾਕਟਰ ਦੀ ਰਾਏ ਲੈਣੀ ਚਾਹੀਦੀ ਹੈ ਕਿਉਂਕਿ ਦੇਰ ਪੈਣ ਤੇ ਟੀਰੀ ਅੱਖ ਦੀ ਨਜ਼ਰ ਦਬ ਜਾਂਦੀ ਹੈ ਅਤੇ ਘਟੀ ਹੋਈ ਨਜ਼ਰ ਦਾ ਇਲਾਜ ਔਖਾ ਅਤੇ ਕਈ ਵਾਰੀ ਅਸੰਭਵ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅੱਖਾਂ ਦੇ ਪੱਠੇ ਹੌਲੀ ਹੌਲੀ ਇੰਨੇ ਕਮਜ਼ੋਰ ਹੋ ਜਾਂਦੇ ਹਨ ਕਿ ਅਪ੍ਰੇਸ਼ਨ ਕਰ ਕੇ ਅੱਖ ਨੂੰ ਸਿੱਧੀ ਕਰਨਾ ਵੀ ਔਖਾ ਹੋ ਜਾਂਦਾ ਹੈ।

ਨਿੱਤ ਦੇ ਅੱਖ ਰੋਗ

          ਨਿਮਨਲਿਖਤ ਰੋਗ ਅੱਖ ਨੂੰ ਆਮ ਤੌਰ ਤੇ ਲਗ ਸਕਦੇ ਹਨ :

          ਗਿੱਡ ਜਾਂ ਨਜ਼ਲੇ ਕਾਰਨ ਅੰਦਰਸ ਦੀ ਸੋਜ––ਰੋਗੀ ਦੀਆਂ ਅੱਖਾਂ ਵਿਚ ਗਿੱਡ ਬਹੁਤ ਆਉਂਦੀ ਹੈ ਅਤੇ ਸੁੱਤੇ ਉਠਦਿਆਂ ਦੋਵੇ ਛੱਪਰ ਗਿੱਡ ਨਾਲ ਜੁੜੇ ਹੁੰਦੇ ਹਨ। ਕਦੇ ਇਕੱਠੀਆਂ ਅਤੇ ਕਦੇ ਅੱਗੇ ਪਿੱਛੇ ਦੋਵੇਂ ਅੱਖਾਂ ਇਸ ਰੋਗ ਦਾ ਸ਼ਿਕਾਰ ਹੋ ਜਾਂਦੀਆਂ ਹਨ। ਵਡੇਰੀ ਉਮਰ ਵਿਚ ਇਹ ਸੋਜ ਆਮ ਤੌਰ ਤੇ ਹਲਕੀ ਜਿਹੀ ਪਰ ਬਹੁਤੀ ਦੇਰ ਰਹਿਣ ਵਾਲੀ ਹੁੰਦੀ ਹੈ। ਅੱਖਾਂ ਲਾਲ ਰਹਿੰਦੀਆਂ ਹਨ ਅਤੇ ਗਿੱਡ ਆਉਂਦੀ ਹੈ। ਪਾਣੀ ਹਰ ਸਮੇਂ ਵਗਦਾ ਰਹਿੰਦਾ ਹੈ। ਇਹ ਸੋਜ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ ਅਤੇ ਆਮ ਤੌਰ ਤੇ ਇਹ ਘਰਾਂ, ਗਲੀ ਮਹੱਲਿਆਂ ਅਤੇ ਸਕੂਲਾਂ ਵਿਚ ਮਹਾਂਮਾਰੀ ਅਰਥਾਤ ਵਬਾ (epidemic) ਦੀ ਸ਼ਕਲ ਵਿਚ ਫੁੱਟਦੀ ਹੈ। ਖਸਰਾ, ਕਾਲੀ ਖੰਘ, ਇਨਫਲੂਐਨਜ਼ਾ, ਫੋੜੇ ਫਿਨਸੀਆਂ ਅਤੇ ਕਈ ਹੋਰ ਨਿੱਕੀਆਂ ਮੋਟੀਆਂ ਬੀਮਾਰੀਆਂ ਨਾਲ ਵੀ ਅੱਖਾਂ ਦੁਖਣੀਆਂ ਆ ਜਾਂਦੀਆਂ ਹਨ। ਸੋਜ ਦਾ ਮੁਖ ਕਾਰਨ ਲਈ ਤਰ੍ਹਾਂ ਦੇ ਕਿਰਮ ਹੁੰਦੇ ਹਨ।

          ਅੰਦਰਸ ਦੀ ਪੀਪਦਾਰ ਸੋਜ––ਕਈ ਜਰਾਸੀਮ ਇਤਨੇ ਜ਼ਹਿਰੀਲੇ ਹੁੰਦੇ ਹਨ ਕਿ ਉਨ੍ਹਾਂ ਕਾਰਨ ਥੋੜ੍ਹੇ ਸਮੇਂ ਵਿਚ ਵੀ ਅੱਖ ਵਿੱਚੋਂ ਗਿੱਡ ਦੇ ਨਾਲ ਨਾਲ, ਪੀਲੇ ਰੰਗ ਦੀ ਪੀਪ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਸਟੈਫਲੋਕੋਕਸ, ਨਿਊਮੋਕੋਕਸ, ਸਟ੍ਰੈਪਟੋਕੋਕਸ, ਖ਼ੁਨਾਕ ਅਤੇ ਸੁਜ਼ਾਕ ਆਦਿ ਕਈ ਤਰ੍ਹਾਂ ਦੇ ਜਰਾਸੀਮ ਸੋਜ ਦੇ ਨਾਲ ਪੀਪ ਵੀ ਪੈਦਾ ਕਰਦੇ ਹਨ। ਅੰਦਰਸ ਦੀ ਸੋਜ ਜਿਸ ਵਿਚ ਪੀਪ ਵਗਦੀ ਹੈ, ਇਕ ਬਹੁਤ ਖ਼ਤਰਨਾਕ ਰੋਗ ਹੈ। ਇਸ ਲਈ ਤੁਰੰਤ ਡਾਕਟਰੀ ਇਲਾਜ ਕਰਵਾਉਣਾ ਜ਼ਰੂਰੀ ਹੈ।

          ਗਿੱਡ ਅਤੇ ਪੀਪ ਵਾਲੀ ਦੋਹਾਂ ਕਿਸਮਾਂ ਦੀ ਸੋਜ ਜਰਾਸੀਮ ਮਾਰਨ ਵਾਲੀਆਂ ਅੱਖਾਂ ਦੀਆਂ ਦਵਾਈਆਂ ਨਾਲ ਰਾਜ਼ੀ ਹੋ ਸਕਦੀ ਹੈ। ਜੇ ਇਲਾਜ ਕਰਨ ਵਿਚ ਢਿੱਲ ਮੱਠ ਹੋ ਜਾਵੇ ਤਾਂ ਕਾੱਰਨੀਆ ਉੱਤੇ ਜ਼ਖ਼ਮ ਹੋ ਜਾਣ ਦਾ ਡਰ ਹੁੰਦਾ ਹੈ ਅਤੇ ਹੋਰ ਵੀ ਕਈ ਖ਼ਰਾਬੀਆਂ ਪੈਦਾ ਹੋ ਸਕਦੀਆਂ ਹਨ।

          ਅੰਦਰਸ ਦੀ ਅਲਰਜੀ––ਕਈ ਲੋਕਾਂ ਨੂੰ ਫੁੱਲਾਂ, ਬੂਟਿਆਂ ਜਾਂ ਘਾਹ ਦੇ ਹਵਾ ਵਿਚ ਉੱਡਦੇ ਬੂਰ ਅਤੇ ਘੱਟੇ ਮਿੱਟੀ ਦੇ ਕਿਣਕੇ ਨਹੀਂ ਸੁਖਾਉੁਂਦੇ। ਜਿਸ ਰੁੱਤ ਵਿਚ ਇਹ ਬੂਰ ਹਵਾ ਵਿਚ ਆਮ ਉੱਡਦਾ ਹੈ, ਉਦੋਂ ਇਨ੍ਹਾਂ ਲੋਕਾਂ ਨੂੰ ਅੱਖ, ਗਲ੍ਹ, ਨੱਕ, ਛਾਤੀ ਜਾਂ ਚਮੜੀ ਆਦਿ ਦੀ ਕੋਈ ਨਾ ਕੋਈ ਅਲਰਜੀ ਵਾਲੀ ਸੋਜ ਸ਼ੁਰੂ ਹੋ ਜਾਂਦੀ ਹੈ।

          ਅੰਦਰਸ ਦੀ ਅਲਰਜੀ ਵਾਲੀ ਸੋਜ ਨਾਲ ਅੱਖਾਂ ਲਾਲ ਹੋ ਜਾਂਦੀਆਂ ਹਨ, ਖੁਰਕ ਚੈਨ ਨਹੀਂ ਲੈਣ ਦਿੰਦੀ, ਸਾਬਣ ਵਰਗਾ ਪਿਚ ਪਿਚ ਕਰਦਾ ਪਾਣੀ ਅੱਖਾਂ ਵਿੱਚੋਂ ਨਿਕਲਦਾ ਰਹਿੰਦਾ ਹੈ, ਚਾਨਣ ਵਿਚ ਅੱਖਾਂ ਨਹੀਂ ਖੁਲ੍ਹਦੀਆਂ ਅਤੇ ਗਿੱਡ ਵੀ ਨਹੀਂ ਆਉਂਦੀ। ਸਮੁੰਦਰ ਦੇ ਕੰਢੇ ਦੀ ਸ਼ੁੱਧ ਹਵਾ ਇਨ੍ਹਾਂ ਰੋਗੀਆਂ ਨੂੰ ਸੁਖਾਉਂਦੀ ਹੈ। ਇਨ੍ਹਾਂ ਦਾ ਇਲਾਜ ਕਿਸੇ ਡਾਕਟਰ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ।

          ਕੁੱਕਰੇ ਜਾ ਰੋਹੇ (Trachoma)––ਸਾਡੇ ਦੇਸ਼ ਦਾ 80% ਤੋਂ ਵੱਧ ਵਸੋਂ ਇਸ ਰੋਗ ਦਾ ਸ਼ਿਕਾਰ ਹੈ ਅਤੇ ਲਗਭਗ ਅੱਧੇ ਅੰਨ੍ਹੇ ਇਸੇ ਰੋਗ ਕਰਕੇ ਅੰਨ੍ਹੇ ਹੋਏ ਹਨ। ਕੁੱਕਰਿਆਂ ਦਾ ਰੋਗ ਇਕ ਖ਼ਾਸ ਕਿਸਮ ਦੀ ਵਾਇਰਸ ਦੇ ਕਾਰਨ ਹੁੰਦਾ ਹੈ। ਸਾਂਝੇ ਵਰਤੇ ਜਾਂਦੇ ਸੁਰਮਚੂ ਤੌਲੀਏ, ਰੁਮਾਲ ਆਦਿ ਅਤੇ ਮੱਖੀਆਂ ਸਭ ਇਸ ਭਿਆਨਕ ਰੋਗ ਦੀ ਵਾਇਰਸ ਨੂੰ ਇਕ ਰੋਗੀ ਦੀ ਅੱਖ ਤੋਂ ਅਰੋਗ ਅੱਖ ਤਕ ਪਹੁੰਚਾਉਂਦੇ ਹਨ। ਅੱਖਾਂ ਦੇ ਡੋਰੇ ਫੁਲ ਜਾਂਦੇ ਹਨ। ਅੱਖਾਂ ਵਿਚ ਰੜਕ ਪੈਣੀ ਸ਼ੁਰੂ ਹੋ ਜਾਂਦੀ ਹੈ, ਉਨ੍ਹਾਂ ਵਿਚੋਂ ਪਾਣੀ ਵਗਦਾ ਹੈ ਅਤੇ ਧੁੱਪ ਵਿਚ ਅੱਖਾਂ ਨਹੀਂ ਖੁਲ੍ਹਦੀਆਂ।

          ਇਹ ਰੋਗ ਸਾਲਾਂ ਬੱਧੀ ਅੰਦਰਸ ਵਿਚ ਧੁਖਦਾ ਰਹਿੰਦਾ ਹੈ ਅਤੇ ਇਸ ਦਾ ਅਸਰ ਛੱਪਰਾਂ ਅਤੇ ਝਿਮਣੀਆਂ ਤੇ ਪੈਂਦਾ ਹੈ। ਛੱਪਰ ਅੰਦਰ ਮੁੜ ਜਾਂਦੇ ਹਨ ਅਤੇ ਝਿਮਣੀਆਂ ਦੇ ਸੂਲਾਂ ਵਰਗੇ ਸਿਰੇ ਕਾੱਰਨੀਆ ਵਿਚ ਚੁੱਭ ਕੇ ਹਾਨੀ ਪਹੁੰਚਾਉਂਦੇ ਹਨ। ਹੌਲੀ ਹੌਲੀ ਕਾੱਰਨੀਆ ਚਿੱਟਾ ਹੋ ਜਾਂਦਾ ਹੈ ਅਤੇ ਨਜ਼ਰ ਘਟ ਜਾਂਦੀ ਹੈ।

          ਸਾਫ਼ ਸੁਥਰੇ ਰਹਿਣ ਵਾਲੇ ਅਤੇ ਚੰਗੀ ਖ਼ੁਰਾਕ ਖਾਂਦੇ ਲੋਕਾਂ ਨੇ ਇਸ ਰੋਗ ਦਾ ਅਸਰ ਬਿਲਕੁਲ ਮਾਮੂਲੀ ਜਿਹਾ ਹੁੰਦਾ ਹੈ ਤੇ ਕੁਝ ਸਮਾਂ ਪਾ ਕੇ ਇਹ ਰੋਗ ਬਿਨਾਂ ਕੋਈ ਹਾਨੀ ਕੀਤਿਆਂ ਦਬ ਜਾਂਦਾ ਹੈ। ਪਰ ਗਰੀਬ ਗੁਰਬੇ ਅਤੇ ਗੰਦਗੀ ਵਿਚ ਰਹਿਣ ਜਾਂ ਕੰਮ ਕਰਨ ਵਾਲਿਆਂ ਉੱਤੇ ਹਮਲਾ ਕਰਕੇ ਇਹ ਰੋਗ ਅੱਧ-ਪਚੱਧੀ ਨਿਗਾਹ ਜ਼ਰੂਰੀ ਹੀ ਮਾਰ ਦਿੰਦਾ ਹੈ।

          ਇਲਾਜ ਨਾਲੋਂ ਬਚਾਉ ਸਦਾ ਹੀ ਚੰਗੇਰਾ ਹੁੰਦਾ ਹੈ। ਕੁੱਕਰਿਆਂ ਦਾ ਰੋਗ, ਛੋਟੀ ਉਮਰ ਵਿਚ ਸੁਰਮਚੂਆਂ ਦੀ ਲਾਗ ਲਬੇੜ ਅਤੇ ਮੱਖੀਆਂ ਰਾਹੀਂ ਸ਼ੁਰੂ ਹੁੰਦਾ ਹੈ। ਇਸ ਲਈ ਅੱਖਾਂ ਨੂੰ ਇਨ੍ਹਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਦੁਖਦੀਆਂ ਅੱਖਾਂ ਲਈ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

          ਸ਼ੁਰੂ ਸ਼ੁਰੂ ਵਿਚ ਕੁੱਕਰੇ ਦਵਾਈ ਖਾਣ ਅਤੇ ਅੱਖਾਂ ਵਿਚ ਦਾਰੂ ਆਦਿ ਪਾਉਣ ਨਾਲ ਰਾਜ਼ੀ ਹੋ ਸਕਦੇ ਹਨ। ਕਾਮਯਾਬ ਇਲਾਜ ਵਾਸਤੇ ਕਈ ਮਹੀਨੇ ਲਗ ਜਾਂਦੇ ਹਨ। ਮੋਟੇ ਮੋਟੇ ਦਾਣੇਦਾਰ ਕੁੱਕਰੇ ਛਿਲਾਉਣੇ ਪੈਂਦੇ ਹਨ। ਮੁੜੇ ਹੋਏ ਛੱਪਰਾਂ ਅਤੇ ਪੜਵਾਲਾਂ ਦਾ ਅਪ੍ਰੇਸ਼ਨ ਜਲਦੀ ਹੋਣਾ ਚਾਹੀਦਾ ਹੈ।

          ਕਾੱਰਨੀਆ ਦਾ ਜ਼ਖ਼ਮ––ਇਹ ਜ਼ਖ਼ਮ ਆਮ ਤੌਰ ਤੇ ਅੱਖ ਵਿਚ ਕੁਝ ਚੁਭਣ, ਕੋਈ ਕੱਖ ਜਾਂ ਕਚਰਾ ਪੈਣ ਜਾਂ ਅੰਦਰਸ ਦੀ ਸੋਜ ਦੇ ਵਧਣ ਨਾਲ ਹੋ ਜਾਂਦਾ ਹੈ। ਕਾੱਰਨੀਆ ਦਾ ਸਭ ਤੋਂ ਉਤਲਾ ਛਿਲਕਾ ਲਹਿੰਦੀਆਂ ਹੀ ਅਸਹਿ ਪੀੜ ਹੁੰਦੀ ਹੈ, ਰੜਕ ਪੈਂਦੀ ਹੈ ਅਤੇ ਪਾਣੀ ਬਹੁਤ ਵਗਦਾ ਹੈ। ਅੱਖ ਘੁਟੀ ਜਾਂਦੀ ਹੈ ਅਤੇ ਚਾਨਣ ਉੱਕਾ ਹੀ ਨਹੀਂ ਸਹਾਰਿਆ ਜਾਂਦਾ। ਕਈ ਜ਼ਖ਼ਮ ਹਫ਼ਤਾ ਦਸ ਦਿਨ ਤਕਲੀਫ਼ ਦੇ ਕੇ ਅਤੇ ਕੁਝ ਨਜ਼ਰ ਕਮਜ਼ੋਰ ਕਰਕੇ ਆਪਣੇ ਆਪ ਠੀਕ ਹੋ ਜਾਂਦੇ ਹਨ। ਪਰ ਬਹੁਤੇ, ਖ਼ਾਸ ਕਰ ਕੇ ਉਹ ਜਿਹੜੇ ਜਰਾਸੀਮਾਂ ਕਾਰਨ ਹੋਣ, ਜੇ ਇਲਾਜ ਨਾ ਕੀਤਾ ਜਾਵੇ ਤਾਂ ਵੱਡੇ ਅਤੇ ਡੂੰਘੇ ਹੁੰਦੇ ਚਲੇ ਜਾਂਦੇ ਹਨ ਅਤੇ ਤੇਜ਼ੀ ਨਾਲ ਕਾੱਰਨੀਆ ਨੂੰ ਗਾਲ ਦਿੰਦੇ ਹਨ। ਜਰਾਸੀਮਾਂ ਦੇ ਕਾੱਰਨੀਆ ਤੋਂ ਪਾਰ ਪਹੁੰਚ ਜਾਣ ਮਗਰੋਂ ਅੱਖ ਛੇਤੀ ਹੀ ਖ਼ਰਾਬ ਹੋ ਜਾਂਦੀ ਹੈ। ਅੱਖ ਵਿਚ ਪੀਪ ਪੈ ਜਾਂਦੀ ਹੈ, ਸੋਜ ਵਧ ਜਾਂਦੀ ਹੈ ਅਤੇ ਅਸਹਿ ਪੀੜ ਇਕ ਪਲ ਵੀ ਚੈਨ ਨਹੀਂ ਲੈਣ ਦਿੰਦੀ। ਉਸ ਸਮੇਂ ਸਿਰਫ਼ ਅੱਖ ਕਢਾਉਣ ਨਾਲ ਹੀ ਰੋਗੀ ਤਕਲੀਫ਼ ਤੋਂ ਛੁਟਕਾਰਾ ਪਾ ਸਕਦਾ ਹੈ।

          ਕਾੱਰਨੀਆ ਦੇ ਜ਼ਖ਼ਮ ਦੇ ਇਲਾਜ ਵਾਸਤੇ ਜ਼ਰੂਰੀ ਹੈ ਕਿ ਰੋਗੀ ਦਾ ਤੁਰੰਤ ਹੀ ਕਿਸੇ ਅੱਖਾਂ ਦੇ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਵੇ।

          ਭਾਰਤ ਵਿਚ ਕਈ ਅਜਿਹੇ ਲੋਕ ਹਨ ਜਿਨ੍ਹਾਂ ਦੇ ਕਾੱਰਨੀਆ ਵਿਚ ਕਦੇ ਜ਼ਖ਼ਮ ਹੋਏ ਸਨ ਅਤੇ ਚਿੱਟੇ ਨਿਸ਼ਾਨ ਬਾਕੀ ਰਹਿ ਗਏ ਹਨ, ਜਿਨ੍ਹਾਂ ਦੇ ਕਾਰਨ ਉਨ੍ਹਾਂ ਦੀ ਨਜ਼ਰ ਦੂਜੇ ਲੋਕਾਂ ਨਾਲੋਂ ਬਹੁਤ ਘੱਟ ਹੁੰਦੀ ਹੈ। ਅੱਜਕਲ੍ਹ ਸਰਜਰੀ ਇਤਨੀ ਤਰੱਕੀ ਕਰ ਚੁੱਕੀ ਹੈ ਕਿ ਹੁਣ ਕਿਸੇ ਮੁਰਦੇ ਦੇ ਸਾਫ਼ ਕਾੱਰਨੀਆ ਨੂੰ ਰੋਗੀ ਦੇ ਚਿੱਟੇ ਨਿਸ਼ਾਨ ਵਾਲੇ ਕਾੱਰਨੀਆ ਦੀ ਥਾਂ ਪਾ ਦੇਣਾ ਸੰਭਵ ਹੈ। ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਕਈ ਥਾਵਾਂ ਤੇ ਅਜਿਹੇ ਅਪ੍ਰੇਸ਼ਨ ਦਾ ਪ੍ਰਬੰਧ ਹੈ। ਅਪ੍ਰੇਸ਼ਨ ਵਿਚ ਕੰਮ ਆਉਣ ਵਾਲੀ ਅੱਖ, ਬੰਦੇ ਦੇ ਮਰਨ ਤੋਂ ਇਕ, ਅਧ ਘੰਟੇ ਪਿਛੋਂ ਕੱਢ ਲਈ ਜਾਂਦੀ ਹੈ।

          ਨਥੂਰ––ਅੱਥਰੂ-ਗਿਲਟੀਆਂ ਦਾ ਪਾਣੀ ਅੱਖ ਨੂੰ ਧੋ ਕੇ ਗੰਨੀਆਂ ਵਿਚ ਬਣੇ ਰਸਤੇ ਰਾਹੀਂ ਨੱਕ ਵਿਚ ਜਾਂਦਾ ਹੈ। ਗੰਨੀਆਂ ਦੇ ਨੱਕ ਵਾਲੇ ਸਿਰੇ ਦੇ ਨੇੜਿਉਂ ਅੱਥਰੂਆਂ ਦੀਆਂ ਨਾਲੀਆਂ ਸ਼ੁਰੂ ਹੁੰਦੀਆਂ ਹਨ ਅਤੇ ਨੱਕ ਦੀਆਂ ਹੱਡੀਆਂ ਤੇ ਪਈ ਹੋਈ ਇਕ ਥੈਲੀ ਵਿਚ ਅੱਥਰੂਆਂ ਨੂੰ ਪਹੁੰਚਾਉਂਦੀਆਂ ਹਨ। ਇਹ ਥੈਲੀ ਇਕ ਹੋਰ ਨਾਲੀ ਰਾਹੀਂ ਪਾਣੀ ਨੂੰ ਨੱਕ ਵੱਲ ਤੋਰ ਦਿੰਦੀ ਹੈ।

          ਸੋਜ ਨਾਲ ਅੱਥਰੂਆਂ ਵਾਲੀ ਥੈਲੀ ਵਿਚ ਪੀਪ ਪੈ ਜਾਂਦੀ ਹੈ। ਇਸ ਰੋਗ ਨੂੰ ਨਥੂਰ ਕਿਹਾ ਜਾਂਦਾ ਹੈ। ਪੀਪ ਵਾਲੀ ਥੈਲੀ ਅੱਖ ਦੇ ਅੰਦਰਲੇ ਕੋਨੇ ਕੋਲ ਉਤਰੀ ਹੋਈ ਦਿਸਦੀ ਹੈ, ਜਿਸ ਨੂੰ ਦੱਬਿਆਂ ਪੀਪ ਨੱਕ ਵਿਚ ਜਾਂ ਅੱਖ ਵਿਚ ਆ ਜਾਂਦੀ ਹੈ। ਨਥੂਰ ਦੀ ਜਲਦੀ ਅਪ੍ਰੇਸ਼ਨ ਕਰਵਾ ਲੈਣਾ ਚਾਹੀਦਾ ਹੈ।

          ਨਖ਼ੂਨਾ (Pterygium) ––ਇਸ ਰੋਗ ਵਿਚ ਅੰਦਰਸ ਇਕ ਪਾਸਿਉਂ ਕਾੱਰਨੀਆ ਦੇ ਉੱਤੇ ਚੜ੍ਹਣੀ ਸ਼ੁਰੂ ਹੋ ਜਾਂਦੀ ਹੈ। ਨਖ਼ੂਨਾ ਇਕ ਝਿੱਲੀ ਵਾਂਗ ਹੁੰਦੀ ਹੈ ਅਤੇ ਅੱਗੇ ਹੀ ਅੱਗੇ ਵਧੀ ਜਾਂਦਾ ਹੈ। ਜਦੋਂ ਇਹ ਪੁਤਲੀ ਦੇ ਸਾਹਮਣੇ ਪੁੱਜਦਾ ਹੈ ਤਾਂ ਨਜ਼ਰ ਘਟਣ ਲਗ ਪੈਂਦੀ ਹੈ। ਨਖ਼ੂਨੇ ਦੀਆਂ ਖ਼ੂਨ ਦੀਆਂ ਨਾੜੀਆਂ, ਧੁੱਪ ਵਿਚ ਜਾਣ ਨਾਲ, ਮਿੱਟੀ ਘੱਟੇ ਵਿਚ ਅਤੇ ਜ਼ਿਆਦਾ ਸਮਾਂ ਨੀਝ ਵਾਲਾ ਕੰਮ ਕਰਨ ਨਾਲ ਫ਼ੁਲ ਜਾਂਦੀਆਂ ਹਨ। ਇਸ ਕਾਰਨ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਅੰਦਰ ਰੜਕ ਪੈਂਦੀ ਹੈ।

          ਨਖ਼ੂਨੇ ਦਾ ਇਲਾਜ ਅਪ੍ਰੇਸ਼ਨ ਹੈ ਅਤੇ ਅਪ੍ਰੇਸ਼ਨ ਕਰਵਾਉਣ ਵਿਚ ਢਿੱਲ ਹਾਨੀਕਾਰਕ ਹੁੰਦੀ ਹੈ।

          ਗੁਹਾਂਝਣੀ ਜਾਂ ਸਟਾਈ (Stye)––ਝਿਮਣੀ ਦੀ ਜੜ੍ਹ ਵਿਚ ਜਰਾਸੀਮਾਂ ਦੇ ਵੱਧਣ ਫੁੱਲਣ ਨਾਲ ਛੱਪਰ ਸੁੱਜ ਜਾਂਦਾ ਹੈ ਅਤੇ ਚੌਖੀ ਪੀੜ ਹੋਣ ਲੱਗ ਪੈਂਦੀ ਹੈ। ਦੋ ਚਾਰ ਦਿਨਾਂ ਵਿਚ ਇਕ ਪੀਪਦਾਰ ਮਣਕਾ ਬਣ ਜਾਂਦਾ ਹੈ ਜਿਸ ਦੇ ਪੱਕ ਕੇ ਪਾਟਣ ਨਾਲ ਸੋਜ ਘਟਣੀ ਸ਼ੁਰੂ ਹੋ ਜਾਂਦੀ ਹੈ।

          ਗੁਹਾਂਝਣੀ ਨਿਕਲਨ ਦੇ ਹੇਠ ਲਿਖੇ ਕਾਰਨ ਹੁੰਦੇ ਹਨ : ਗੰਦੇ ਮੰਦੇ ਹੱਥਾਂ ਜਾਂ ਤੌਲੀਏ ਨਾਲ ਅੱਖਾਂ ਪੂੰਝਣ ਦੀ ਆਦਤ, ਘੱਟ ਰੌਸ਼ਨੀ, ਘੱਟੇ ਮਿੱਟੀ ਜਾਂ ਧੂੰਏਂ ਵਿਚ ਕੰਮ ਕਰਨਾ, ਖ਼ੁਰਾਕ ਵਿਚ ਪ੍ਰੋਟੀਨ ਅਤੇ ਵਿਟਾਮਿਨਾਂ ਦੀ ਥੁੜ੍ਹ, ਨਜ਼ਰ ਦੀ ਕਮਜ਼ੋਰੀ ਅਤੇ ਗ਼ਲਤ ਨੰਬਰ ਦੀਆਂ ਐਨਕਾਂ ਦੀ ਵਰਤੋਂ ਆਦਿ।

          ਕਾਲਾ ਮੋਤੀਆ ਜਾਂ ਗਲਾਕੋਮਾ (Glaucoma)––ਅੱਖ ਦਾ ਪਾਣੀ ਲੂੰਦਾਰ ਬਾਡੀ ਤੋਂ ਬਣ ਕੇ ਪੁਤਲੀ ਦੇ ਰਸਤੇ ਸਾਹਮਣੀ ਕੋਠੜੀ ਵਿਚ ਆਉਂਦਾ ਹੈ ਜਿਸ ਦੀ ਗੁੱਠ ਵਿੱਚੋਂ ਇਹ ਅੰਦਰਸ ਹੇਠ ਸਿਮਦਾ ਰਹਿੰਦਾ ਹੈ। ਪਾਣੀ ਬਣਨ ਅਤੇ ਨਿਕਲਨ ਦੀ ਰਫ਼ਤਾਰ ਲਗਭਗ ਬਰਾਬਰ ਹੁੰਦੀ ਹੈ। ਅੱਖ ਦੇ ਅੰਦਰ ਪਾਣੀ ਦਾ ਦਬਾਉ 12-20 ਮਿ. ਮੀ. ਪਾਰੇ ਦੇ ਬਰਾਬਰ ਹੁੰਦਾ ਹੈ। ਕਾਲੇ ਮੋਤੀਏ ਵਿਚ ਪਾਣੀ ਦਾ ਦਬਾਉ ਵਧ ਜਾਂਦਾ ਹੈ ਅਤੇ ਵਧਿਆ ਹੋਇਆ ਦਬਾਉ, ਖ਼ੂਨ ਦੀ ਚਾਲ ਦਾ ਮੱਠਾ ਕਰਦਾ ਹੈ ਤੇ ਰੈਟਿਨਾ ਦੀ ਖ਼ੁਰਾਕ ਵਿਚ ਰੁਕਾਵਟ ਪਾ ਕੇ ਨੁਕਸਾਨ ਪਹੁੰਚਾਉਂਦਾ ਹੈ। ਜੇ ਦਬਾਉ ਬਹੁਤੀ ਦੇਰ ਵਧਿਆ ਰਹੇ ਤਾਂ ਅੱਖ ਅੰਨ੍ਹੀ ਹੋ ਜਾਂਦੀ ਹੈ।

          ਕਾਲੇ ਮੋਤੀਏ ਦੀਆਂ ਦੋ ਵੱਡੀਆਂ ਕਿਸਮਾਂ ਹਨ : ਜਮਾਂਦਰੂ ਕਾਲਾ ਮੋਤੀਆ, ਜੋ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ ਅਤੇ ਦੂਜਾ ਬਿਮਾਰੀ ਕਾਰਨ ਪੈਦਾ ਹੋਇਆ ਕਾਲਾ ਮੋਤੀਆ, ਜੋ ਅੱਖ ਦੀ ਕਿਸੇ ਹੋਰ ਬਿਮਾਰੀ ਜਾਂ ਪਾਣੀ ਦਾ ਦਬਾਉ ਵੱਧ ਜਾਣ ਕਾਰਨ ਪੈਦਾ ਹੁੰਦਾ ਹੈ।

          ਜਮਾਂਦਰੂ ਕਾਲਾ ਮੋਤੀਆ––(1) ਤੇਜ਼ ਦੌਰਾ––ਇਸ ਕਿਸਮ ਦੇ ਰੋਗ ਵਿਚ ਪਾਣੀ ਦਾ ਦਬਾਉ ਵਧਣ ਦੇ ਨਾਲ ਅੱਖ ਅਤੇ ਪੁੜ-ਪੁੜੀਆਂ ਵਿਚ “ਉੱਲ” ਪੈਂਦੀ ਹੈ ਅਤੇ ਨਜ਼ਰ ਘਟ ਜਾਂਦੀ ਹੈ। ਲਗਭਗ ਸਦਾ ਹੀ ਦੋਵੇਂ ਅੱਖਾਂ ਇਕੱਠੀਆਂ ਜਾਂ ਅੱਗੜ ਪਿੱਛੜ ਇਸ ਰੋਗ ਦਾ ਸ਼ਿਕਾਰ ਹੋ ਜਾਂਦੀਆਂ ਹਨ। ਉੱਲ ਪੈਣ ਤੋਂ ਕਈ ਹਫ਼ਤੇ ਜਾਂ ਮਹੀਨੇ ਪਹਿਲਾਂ ਇਸ ਰੋਗ ਦੀਆਂ ਕਈ ਨਿਸ਼ਾਨੀਆਂ ਦਾ ਪਤਾ ਲਗ ਜਾਂਦਾ ਹੈ। ਇਨ੍ਹਾਂ ਨਿਸ਼ਾਨੀਆਂ ਦੇ ਸਮੇਂ ਨੂੰ ਅਸੀਂ “ਚੇਤਾਵਨੀ ਦਾ ਸਮਾਂ” ਕਹਿ ਸਕਦੇ ਹਨ ਅਤੇ ਇਸ ਸਮੇਂ ਵਿਚ ਇਸ ਰੋਗ ਦਾ ਇਲਾਜ ਬਹੁਤ ਸਹਿਲ ਹੁੰਦਾ ਹੈ।

          ਹੇਠ ਦੱਸੀਆਂ ਨਿਸ਼ਾਨੀਆਂ ਦੇ ਸ਼ੁਰੂ ਹੁੰਦਿਆਂ ਹੀ ਅੱਖਾਂ ਕਿਸੇ ਅੱਖਾਂ ਦਾ ਹਸਪਤਾਲ ਵਿਚ ਜਲਦੀ ਤੋਂ ਜਲਦੀ ਜਾ ਕੇ ਵਿਖਾਉਣੀਆਂ ਚਾਹੀਦੀਆਂ ਹਨ :––

          (ੳ) ਜਦੋਂ ਸਿਨਮਾ ਵੇਖਦਿਆਂ ਜਾਂ ਕਿਸੇ ਮੱਧਮ ਰੌਸ਼ਨੀ ਵਿਚ ਕੰਮ ਕਰਦਿਆਂ ਅੱਖਾਂ ਅੱਗੇ ਧੁੰਦ ਆ ਜਾਵੇ ਅਤੇ ਨਜ਼ਰ ਘਟਦੀ ਮਾਲੂਮ ਹੋਵੇ।

          (ਅ) ਜਦੋਂ ਰੋਸ਼ਨੀ ਦੇ ਸੋਮੇ, ਬਿਜਲੀ ਦੇ ਬਲਬ, ਮੋਟਰਾਂ ਦੀਆਂ ਬੱਤੀਆਂ, ਗੈਸ, ਮੋਮਬੱਤੀ ਜਾਂ ਦੀਵੇ ਦੀ ਲਾਟ ਦੇ ਦੁਆਲੇ ਰੰਗਦਾਰ ਚੱਕਰ ਨਜ਼ਰ ਆਉਣ (ਇਹ ਸਤਰੰਗੀ ਪੀਂਘ ਵਰਗਾ ਚੱਕਰ ਦਬਾਉ ਵਧਣ ਨਾਲ ਕਾੱਰਨੀਆਂ ਅੰਦਰ ਪਾਣੀ ਰਚੇ ਕਾੱਰਨੀਆ ਵਿਚੋਂ ਲੰਘਦੀ ਹੋਈ ਸੱਤਾਂ ਰੰਗਾਂ ਵਿਚ ਪਾਟ ਜਾਂਦੀ ਹੈ ਅਤੇ ਇਕ ਚੱਕਰ ਦੀ ਸ਼ਕਲ ਵਿਚ ਦਿਸਦੀ ਹੈ)।

          (ੲ) ਜਦੋਂ ਨੀਝ ਵਾਲੇ ਕੰਮ ਲਈ ਤਣਾਉ-ਸ਼ਕਤੀ ਘਟ ਜਾਵੇ ਅਤੇ ਨਤੀਜੇ ਵਜੋਂ ਐਨਕ ਦਾ ਨੰਬਰ ਘੜੀ ਮੁੜੀ ਬਦਲਨ ਦੀ ਲੋੜ ਪਵੇ।

          (ਸ) ਅੱਖ ਅਤੇ ਪੁੜਪੁੜੀ ਵਿਚ ਪੀੜ ਹੋਵੇ।

          ਇਨ੍ਹਾਂ ਮੋਟੀਆਂ ਮੋਟੀਆਂ ਤਕਲੀਫ਼ਾਂ ਨੂੰ ਇਕ ਛੋਟੇ ਜਿਹੇ ਅਪਰੇਸ਼ਨ ਦੀ ਮਦਦ ਨਾਲ ਸਦਾ ਲਈ ਰੋਕਿਆ ਜਾ ਸਕਦਾ ਹੈ।

          ਤੇਜ਼ ਦੌਰਾ ਪੈਣ ਤੇ ਅੱਖ ਵਿਚ ਸਖ਼ਤ ਉੱਲ ਉਠਦੀ ਹੈ ਅਤੇ ਨਜ਼ਰ ਚੌਖੀ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਜੀਅ ਕੱਚਾ ਹੋ ਕੇ ਉਲਟੀਆਂ ਆਉਂਦੀਆਂ ਹਨ ਅਤੇ ਰੋਗੀ ਨਿਢਾਲ ਹੋ ਜਾਂਦਾ ਹੈ। ਇਸ ਹਾਲਤ ਵਿਚ ਰੋਗੀ ਨੂੰ ਛੇਤੀ ਤੋਂ ਛੇਤੀ ਹਸਪਤਾਲ ਲੈ ਜਾਣਾ ਚਾਹੀਦਾ ਹੈ। ਅਜਿਹੇ ਰੋਗੀ ਦਾ ਇਲਾਜ ਪਹਿਲਾਂ ਡਾਇਆਮੌਕਸ (Diamox) ਖੁਆਉਣ ਅਤੇ ਅੱਖਾਂ ਵਿਚ ਪਿਲੋਕਾਰਪੀਨ (Pilocarpine) ਆਦਿ ਦਵਾਈਆਂ ਪਾਉਣ ਨਾਲ ਕੀਤਾ ਜਾਂਦਾ ਹੈ। ਦੌਰਾ ਕਾਬੂ ਵਿਚ ਆ ਜਾਣ ਤੇ ਅੱਖ ਦੇ ਪਾਣੀ ਦਾ ਦਬਾਉ ਅਪਰੇਸ਼ਨ ਨਾਲ ਘਟਾ ਦਿੱਤਾ ਜਾਂਦਾ ਹੈ।

          ਕਈ ਘਰਾਂ ਵਿਚ ਇਹ ਰੋਗ ਪੀੜ੍ਹੀ ਦਰ ਪੀੜ੍ਹੀ ਤੁਰਿਆ ਆਉਂਦਾ ਹੈ। ਕਾਲਾ ਮੋਤੀਆ ਆਮ ਤੌਰ ਤੇ ਵਡੇਰੀ ਉਮਰ ਵਿਚ ਸ਼ੁਰੂ ਹੁੰਦਾ ਹੈ ਪਰ ਕਦੇ ਕਦਾਈਂ ਜਵਾਨੀ ਵਿਚ ਹੋ ਜਾਂਦਾ ਹੈ। ਹਰ ਵੇਲੇ ਫ਼ਿਕਰ ਕਰਨ ਨਾਲ, ਦਿਮਾਗ਼ ਤੇ ਹਰ ਵੇਲੇ ਬੋਝ ਅਤੇ ਅੱਖਾਂ ਦੀ ਗ਼ਲਤ ਵਰਤੋਂ ਨਾਲ ਕਾਲਾ ਮੋਤੀਆ ਸ਼ੁਰੂ ਹੋਣ ਵਿਚ ਸਹਾਇਤਾ ਮਿਲਦੀ ਹੈ।

          (2) ਪੁਰਾਣਾ ਕਾਲਾ ਮੋਤੀਆ––ਇਸ ਰੋਗ ਵਿਚ ਅੱਖ ਦੇ ਪਾਣੀ ਦਾ ਵਧਿਆ ਹੋਇਆ ਦਬਾਉ ਬਿਨਾ ਉੱਲ ਜਾਂ ਪੀੜ ਦੇ, ਸਹਿਜੇ ਸਹਿਜੇ ਅੱਖਾਂ ਖ਼ਰਾਬ ਕਰਦਾ ਰਹਿੰਦਾ ਹੈ। ਨਜ਼ਰ ਦਾ ਖੇਤਰ ਸੁੰਗੜਦਾ ਜਾਂਦਾ ਹੈ ਅਤੇ ਹੌਲੀ ਹੌਲੀ ਅੱਖ ਅੰਨ੍ਹੀ ਹੋ ਜਾਂਦੀ ਹੈ।

          ਮੁਢ ਵਿਚ ਇਸ ਦਾ ਇਲਾਜ ਪਿਲੋਕਾਰਪੀਨ ਜਾਂ ਐਸੀਰੀਨ ਆਦਿ ਦਵਾਈਆਂ ਪਾ ਕੇ ਕੀਤਾ ਜਾ ਸਕਦਾ ਹੈ ਪਰ ਜੇ ਦਬਾਉ ਫਿਰ ਵੀ ਕਾਬੂ ਵਿਚ ਨਾ ਰਹੇ ਤਾਂ ਅਪਰੇਸ਼ਨ ਦੀ ਲੋੜ ਪੈਂਦੀ ਹੈ।

          ਕਾਲੇ ਮੋਤੀਏ ਦੇ ਇਲਾਜ ਦਾ ਸਭ ਤੋਂ ਵੱਡਾ ਗੁਰ ਜਲਦੀ ਅਤੇ ਵੇਲੇ ਸਿਰ ਠੀਕ ਸੰਭਾਲ ਹੈ। ਅਣਗਹਿਲੀ ਕੀਤਿਆਂ ਜਿਹੜੀ ਨਜ਼ਰ ਵਿਗੜ ਜਾਂਦੀ ਹੈ ਉਹ ਕਿਸੇ ਅਪਰੇਸ਼ਨ ਜਾਂ ਦਵਾ ਦਾਰੂ ਨਾਲ ਮੁੜ ਵਾਪਸ ਨਹੀਂ ਆ ਸਕਦੀ।

          ਮੋਤੀਆ ਜਾਂ ਕੈਟਾਰੈਕਟ––ਲੈੱਨਜ਼ ਦੇ ਦੁੱਧੀਆ ਜਾਂ ਧੁੰਦਲਾ ਹੋ ਜਾਣ ਦੀ ਹਾਲਤ ਨੂੰ ਮੋਤੀਆ ਕਹਿੰਦੇ ਹਨ। ਇਹ ਰੋਗ ਆਮ ਤੌਰ ਤੇ 45-50 ਸਾਲ ਦੀ ਉਮਰ ਪਿੱਛੋਂ ਹੁੰਦਾ ਹੈ ਪਰ ਕਦੇ ਕਦਾਈਂ ਬਚਪਨ ਵਿਚ ਵੀ ਹੋ ਜਾਂਦਾ ਹੈ ਜਾਂ ਕਿਸੇ ਨੂੰ ਜਮਾਂਦਰੂ ਵੀ ਹੋ ਸਕਦਾ ਹੈ। ਸ਼ਕਰ ਦੇ ਰੋਗੀਆਂ ਨੂੰ ਵੀ ਮੋਤੀਆ ਹੋਰਨਾਂ ਨਾਲੋਂ ਛੇਤੀ ਉਤਰ ਆਉਂਦਾ ਹੈ।

          ਮੋਤੀਏ ਦੇ ਕਾਰਨਾਂ ਦਾ ਪੱਕਾ ਪਤਾ ਨਹੀਂ। ਕੁਝ ਖੋਜੀਆਂ ਦਾ ਖ਼ਿਆਲ ਹੈ ਕਿ ਖ਼ੁਰਾਕ ਵਿਚ ਪ੍ਰੋਟੀਨਾਂ ਅਤੇ ਵਿਟਾਮਿਨਾਂ ਦੀ ਕਮੀ ਨਾਲ ਮੋਤੀਆ ਉਤਰਨਾ ਸ਼ੁਰੂ ਹੋ ਜਾਂਦਾ ਹੈ।

          ਲੈੱਨਜ਼ ਦਾ ਧੁੰਦਲਾਪਨ ਦੋ ਤਰ੍ਹਾਂ ਹੋ ਸਕਦਾ ਹੈ। ਨਿਊਕਲੀਅਸ ਵਾਲੇ ਪਾਸਿਉਂ ਜਾਂ ਕਾੱਰਟੈਕਸ ਵਲੋਂ। ਜਦੋਂ ਤਕ ਸਾਰਾ ਲੈੱਨਜ਼ ਗੰਧਲਾ ਨਾ ਹੋ ਜਾਵੇ, ਇਸ ਨੂੰ ਕੱਚਾ ਮੋਤੀਆ ਕਿਹਾ ਜਾਂਦਾ ਹੈ। ਪੂਰੇ ਗੰਧਲੇ ਜਾਂ ਪੱਕੇ ਮੋਤੀਏ ਦਾ ਅਪਰੇਸ਼ਨ ਨਾ ਹੋਣ ਦੀ ਹਾਲਤ ਵਿਚ ਮੋਤੀਆ ਗਲ ਜਾਂਦਾ ਹੈ ਅਤੇ ਇਸ ਨੂੰ ਕੱਢਣਾ ਬਹੁਤ ਔਖਾ ਕੰਮ ਹੋ ਜਾਂਦਾ ਹੈ। ਮੋਤੀਆ ਪੱਕਣ ਦਾ ਸਮਾਂ ਕੋਈ ਪੱਕੇ ਤੌਰ ਤੇ ਨਿਸਚਤ ਨਹੀਂ। ਕਈ ਰੋਗੀ ਕੁਝ ਕੁ ਮਹੀਨਿਆਂ ਵਿਚ ਹੀ ਅਪਰੇਸ਼ਨ ਯੋਗ ਹੋ ਜਾਂਦੇ ਹਨ ਅਤੇ ਕਈਆਂ ਦਾ ਮੋਤੀਆਂ ਪੱਕਦਿਆਂ ਪੰਜ ਸੱਤ ਸਾਲ ਲਗ ਜਾਂਦੇ ਹਨ।

          ਨਜ਼ਰ ਧੁੰਦਲੀ ਹੋ ਜਾਂਦੀ ਹੈ, ਕਾਲੇ ਨਿਸ਼ਾਲ ਵਿਖਾਈ ਦਿੰਦੇ ਹਨ, ਕਈਆਂ ਨੂੰ ਰਾਤ ਵੇਲੇ ਇਕ ਚੰਦ ਦੇ ਕਈ ਚੰਦ ਵਿਖਾਈ ਦਿੰਦੇ ਹਨ। ਜਿਨ੍ਹਾਂ ਦਾ ਮੋਤੀਆ ਨਿਊਕਲੀਅਸ ਵਲੋਂ ਸ਼ੁਰੂ ਹੁੰਦਾ ਹੈ ਉਨ੍ਹਾਂ ਨੂੰ ਧੁੱਪੇ ਘੱਟ ਵਿਖਾਈ ਦਿੰਦਾ ਹੈ ਪਰ ਛਾਵੇਂ ਸੌਖੇ ਰਹਿੰਦੇ ਹਨ। ਜਿਉਂ ਜਿਉਂ ਮੋਤੀਆ ਵਧਦਾ ਜਾਂਦਾ ਹੈ ਚੀਜ਼ਾਂ ਦੀ ਪਛਾਣ ਔਖੀ ਹੁੰਦੀ ਜਾਂਦੀ ਹੈ। ਆਖਰ ਸਭ ਕੁਝ ਦਿਸਣਾ ਬੰਦ ਹੋ ਜਾਂਦਾ ਹੈ। ਸਿਰਫ਼ ਰੌਸ਼ਨੀ ਦਾ ਹੀ ਝੌਲਾ ਜਿਹਾ ਪੈਂਦਾ ਹੈ।

          ਨਜ਼ਰ ਘਟਣ ਦੇ ਕਈ ਕਾਰਨ ਹਨ ਅਤੇ ਮੋਤੀਆ ਉਨ੍ਹਾਂ ਵਿਚੋਂ ਇਕ ਹੈ। ਇਸ ਲਈ ਜਦੋਂ ਵੀ ਨਜ਼ਰ ਘਟਦੀ ਹੋਵੇ ਅੱਖ ਦਾ ਪੂਰੀ ਤਰ੍ਹਾਂ ਮੁਆਇਨਾ ਕਰਵਾਉਣਾ ਪਹਿਲਾ ਫਰਜ਼ ਸਮਝਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਨਜ਼ਰ ਮੋਤੀਏ ਕਰਕੇ ਨਹੀਂ ਸਗੋਂ ਕਿਸੇ ਹੋਰ ਰੋਗ ਕਾਰਨ ਘਟ ਰਹੀ ਹੋਵੇ।

          ਮੋਤੀਏ ਦੇ ਪਹਿਲੇ ਪੜਾਵਾਂ ਵਿਚ ਤਾਂ ਕੰਮ ਕਾਰ ਕਰਦੇ ਰਹਿਣਾ ਚਾਹੀਦਾ ਹੈ ਪਰ ਜਦੋਂ ਨਜ਼ਰ ਇਤਨੀ ਘੱਟ ਜਾਵੇ ਕਿ ਰੋਜ਼ ਦੇ ਕਾਰ ਵਿਹਾਰ ਕਰਨ ਵਿਚ ਮੁਸ਼ਕਿਲ ਪਵੇ ਤਾਂ ਅਪਰੇਸ਼ਨ ਕਰਵਾ ਲੈਣਾ ਚਾਹੀਦਾ ਹੈ। ਇਹ ਉਡੀਕਣ ਦੀ ਲੋੜ ਨਹੀਂ ਹੁੰਦੀ ਕਿ ਅਪਰੇਸ਼ਨ ਤੋਂ ਪਹਿਲਾਂ ਮੋਤੀਆ ਜ਼ਰੂਰ ਹੀ ਪੱਕ ਗਿਆ ਹੋਵੇ। ਅਪਰੇਸ਼ਨ ਕਿਸੇ ਵੀ ਰੁੱਤ ਵਿਚ ਹੋ ਸਕਦਾ ਹੈ।

          ਅਪਰੇਸ਼ਨ ਸਮੇਂ ਸਿਹਤ ਦੇ ਲਿਹਾਜ਼ ਨਾਲ ਰੋਗੀ ਚੜ੍ਹਦੀਆਂ ਕਲਾਂ ਵਿਚ ਹੋਣਾ ਚਾਹੀਦਾ ਹੈ। ਖੰਘ, ਜ਼ੁਕਾਮ ਜਾਂ ਬੁਖ਼ਾਰ ਦੀ ਹਾਲਤ ਵਿਚ ਅਪਰੇਸ਼ਨ ਨਹੀਂ ਕਰਵਾਉਣਾ ਚਾਹੀਦਾ। ਜੇ ਪੇਸ਼ਾਬ ਰੁਕਣ ਦੀ ਬਿਮਾਰੀ ਹੋਵੇ ਤਾਂ ਇਸ ਦਾ ਪਹਿਲਾਂ ਹੀ ਯੋਗ ਪਰਬੰਧ ਕਰਵਾ ਲੈਣਾ ਚਾਹੀਦਾ ਹੈ। ਜੇ ਅੱਖ ਲਾਲ ਹੋਵੇ, ਗਿੱਡ ਆਉਂਦੀ ਹੋਵੇ ਤੇ ਪਾਣੀ ਵਗਦਾ ਹੋਵੇ ਤਾਂ ਅਪਰੇਸ਼ਨ ਤੋਂ ਪਹਿਲਾਂ ਇਨ੍ਹਾਂ ਦਾ ਪੂਰਾ ਇਲਾਜ ਹੋਣਾ ਚਾਹੀਦਾ ਹੈ, ਨਹੀਂ ਤਾਂ ਪੀਪ ਪੈ ਕੇ ਅੱਖ ਦੇ ਖ਼ਰਾਬ ਹੋ ਜਾਣ ਦਾ ਡਰ ਹੁੰਦਾ ਹੈ।

          ਅੱਜਕਲ੍ਹ ਦੇ ਡਾਕਟਰ ਅਪਰੇਸ਼ਨ ਕਰ ਕੇ ਡੇਲੇ ਨੂੰ ਕਈ ਟਾਂਕਿਆਂ ਨਾਲ ਸਿਊਂ ਦਿੰਦੇ ਹਨ। ਇਹ ਟਾਂਕੇ ਨਾ ਕੇਵਲ ਜਖ਼ਮ ਜਲਦੀ ਅਤੇ ਠੀਕ ਥਾਂ ਸਿਰ ਜੋੜਨ ਵਿਚ ਮਦਦ ਕਰਦੇ ਹਨ ਸਗੋਂ ਇਸ ਸੂਰਤ ਵਿਚ ਰੋਗੀ ਨੂੰ ਉੱਠ ਕੇ ਬੈਠਣ ਅਤੇ ਤੁਰਨ ਫਿਰਨ ਦੀ ਖੁਲ੍ਹ ਵੀ ਦਿੱਤੀ ਜਾ ਸਕਦੀ ਹੈ। ਟਾਂਕਿਆਂ ਤੋਂ ਬਿਨਾਂ ਅਪਰੇਸ਼ਨ ਕਰਨ ਦੀ ਹਾਲਤ ਵਿਚ ਰੋਗੀ ਨੂੰ ਕਈ ਦਿਨ ਸਿੱਧਾ ਲੇਟਣਾ ਪੈਂਦਾ ਹੈ। ਜੇ ਸਭ ਕੁਝ ਨਿਰਵਿਘਨ ਹੁੰਦਾ ਜਾਵੇ ਤਾਂ ਰੋਗੀ ਦੀ ਨਜ਼ਰ ਸੌ ਫ਼ੀ ਸਦੀ ਵਾਪਸ ਆ ਜਾਂਦੀ ਹੈ। ਬਹੁਤ ਸਾਰੇ ਰੋਗੀਆਂ ਨੂੰ ਅਪਰੇਸ਼ਨ ਪਿੱਛੋਂ ਚਿੱਟੀਆਂ ਚੀਜ਼ਾਂ ਨੀਲੀਆਂ ਜਾਂ ਲਾਲ ਵਿਖਾਈ ਦਿੰਦੀਆਂ ਹਨ। ਇਹ ਕੋਈ ਫਿਕਰ ਵਾਲੀ ਗੱਲ ਨਹੀਂ। ਹੌਲੀ ਹੌਲੀ ਸਭ ਕੁਝ ਆਪਣੇ ਆਪ ਠੀਕ ਦਿੱਸਣ ਲੱਗ ਪੈਂਦਾ ਹੈ। ਨਜ਼ਰ ਦੀ ਤੇਜ਼ੀ ਉੱਤੇ ਇਸ ਦਾ ਕੋਈ ਅਸਰ ਨਹੀਂ ਪੈਂਦਾ।

          ਅਪਰੇਸ਼ਨ ਨਾਲ ਮੋਤੀਆ ਨਿਲਣ ਜਾਣ ਪਿੱਛੋਂ ਅੱਖ ਦੇ ਅੰਦਰ ਵਿਟ੍ਰੀਅਸ ਲਈ ਛਲਕਣ ਦੀ ਥਾਂ ਵੱਧ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਲਗਭਗ 2% ਰੋਗੀਆਂ ਨੂੰ ਮੋਤੀਆਂ ਜਾਂ ਰੈਟਿਨਾ ਉਖੜਨ ਦਾ ਰੋਗ ਹੋ ਜਾਂਦਾ ਹੈ। ਇਨ੍ਹਾਂ ਰੋਗਾਂ ਤੋਂ ਬਚਣ ਅਤੇ ਵੇਲੇ ਸਿਰ ਇਲਾਜ ਕਰਵਾਉਣ ਲਈ ਜ਼ਰੂਰੀ ਹੈ ਕਿ ਹਰ ਛੇ ਮਹੀਨੇ ਪਿੱਛੋਂ ਇਕ ਵਾਰ ਜ਼ਰੂਰ ਹੀ ਅੱਖ ਦਾ ਪੂਰੀ ਤਰ੍ਹਾਂ ਮੁਆਇਨਾ ਕਰਵਾ ਲਿਆ ਜਾਵੇ।

          ਸਨੱਅਤਾਂ ਨਾਲ ਸਬੰਧਤ ਅੱਖਾਂ ਦੇ ਰੋਗ––ਸਨੱਅਤੀ ਹਾਦਸਿਆਂ ਵਿਚ ਸਰੀਰ ਦੇ ਹੋਰ ਅੰਗਾਂ ਦੇ ਨਾਲ ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇੰਗਲੈਂਡ ਵਿਚ ਜਿਥੇ ਫ਼ੈਕਟਰੀ-ਕਾਨੂੰਨ ਹੋਰਨਾਂ ਦੇਸ਼ਾਂ ਦੇ ਕਾਨੂੰਨਾਂ ਨਾਲੋਂ ਕਿਤੇ ਸਖ਼ਤ ਹਨ ਹਰ ਸਾਲ ਲਗ ਭਗ ਦੋ ਲੱਖ ਅੱਖਾਂ ਫੱਟੜ ਅਤੇ ਰੋਗੀ ਹੁੰਦੀਆਂ ਹਨ। ਬਹੁਤਿਆਂ ਦੇਸ਼ਾਂ ਦੇ ਟਾਕਰੇ ਤੇ ਸਾਡੇ ਕਾਮੇ ਯੋਗ ਬਚਾਉ ਦੇ ਸਾਧਨਾਂ ਦੀ ਘਾਟ ਕਰਕੇ ਵਧੇਰੇ ਖ਼ਤਰੇ ਵਿਚ ਕੰਮ ਕਰਦੇ ਹਨ। ਸੋ ਉਹ ਫੱਟੜ ਵੀ ਵਧੇਰੀ ਗਿਣਤੀ ਵਿਚ ਹੁੰਦੇ ਹੋਣਗੇ।

          ਕਾਰਖ਼ਾਨਿਆਂ ਵਿਚ ਕੰਮ ਕਰਦੇ ਕਾਮਿਆਂ ਦੀਆਂ ਅੱਖਾਂ ਦੀ ਜੋਤ ਘਟਣ ਜਾਂ ਮੁਕਣ ਦੇ ਕਾਰਨ ਹਾਦਸੇ ਹੁੰਦੇ ਹਨ। ਇਹ ਹਾਦਸੇ ਬਹੁਤ ਮਾਰੂ ਸਾਬਤ ਹੁੰਦੇ ਹਨ ਕਿਉਂਕਿ ਇਕ ਤਾਂ ਨਾਜ਼ੁਕ ਅੱਖ ਜ਼ਖ਼ਮੀ ਹੋ ਜਾਣ ਤੇ ਬਹੁਤੀ ਜਲਦੀ ਖ਼ਰਾਬ ਹੋ ਜਾਂਦੀ ਹੈ। ਦੂਜੇ ਸੱਟ ਲੱਗ ਜਾਣ ਤੇ ਪੀਪ ਪੈਂਦਿਆਂ ਵੀ ਚਿਰ ਨਹੀਂ ਲਗਦਾ। ਇਸ ਤੋਂ ਇਲਾਵਾ ਇਹ ਤਕਲੀਫ਼ ਦੂਜੀ ਅੱਖ ਨੂੰ ਵੀ ਹੋ ਜਾਂਦੀ ਹੈ, ਜਿਸ ਨੂੰ ਸਿੰਪੇਥੈਟਿਕ ਅਪਥਾਲਮੀਆ (sympathetic opthalmia) ਕਹਿੰਦੇ ਹਨ ਜੋ ਕਈਆਂ ਨੂੰ ਬਿਲਕੁਲ ਅੰਨ੍ਹਿਆਂ ਕਰ ਦਿੰਦੀ ਹੈ। ‘ਸਦਮੇ ਦੀ ਸੋਜ’ ਇਕ ਅਨੋਖਾ ਪਰ ਅਤਿਅੰਤ ਖ਼ਤਰਨਾਕ ਰੋਗ ਹੈ। ਸੱਟ ਇਕ ਅੱਖ ਨੂੰ ਲਗਦੀ ਹੈ ਪਰ ਨਾਲ ਹੀ ਦੂਜੀ ਅੱਖ ਵੀ ਤੇਜ਼ ਸੋਜ ਦੀ ਲਪੇਟ ਵਿਚ ਆ ਜਾਂਦੀ ਹੈ। ਇਸ ਤਰ੍ਹਾਂ ਇਕ ਅੱਖ ਦੀ ਸੱਟ ਨਾਲ ਦੋਵੇਂ ਅੱਖਾਂ ਨਸ਼ਟ ਹੋ ਜਾਂਦੀਆਂ ਹਨ।

          ਸ਼ੀਸ਼ੇ ਦੇ ਕਾਰਖ਼ਾਨਿਆਂ ਵਿਚ ਮੂੰਹ ਦੇ ਨਾਲ ਗਰਮ ਸ਼ੀਸ਼ੇ ਨੂੰ ਫੁਲਾਉਣ ਦਾ ਕੰਮ ਬੜਾ ਖ਼ਤਰੇ ਵਾਲਾ ਹੈ। ਗਰਮ ਸ਼ੀਸ਼ੇ ਵਿਚੋਂ ਨਿਕਲਦੀਆਂ ਹੋਈਆਂ ਇਨਫ਼੍ਰਾ-ਰੈੱਡ ਕਿਰਨਾਂ ਲੈੱਨਜ਼ ਦੀ ਨਿਰਮਲਤਾ ਉੱਤੇ ਅਸਰ ਕਰਦੀਆਂ ਹਨ ਤੇ ਕੰਮ ਕਰਨ ਵਾਲਿਆਂ ਨੂੰ ਕੁਝ ਸਾਲਾਂ ਵਿਚ ਹੀ ਮੋਤੀਆ ਉਤਰ ਆਉਂਦਾ ਹੈ। ਇਹੋ ਖ਼ਤਰਾ ਲੋਹੇ ਅਤੇ ਫੌਲਾਦ ਦੀਆਂ ਤਪਦੀਆਂ ਭੱਠੀਆਂ ਤੇ ਕੰਮ ਕਰਨ ਵਾਲਿਆਂ ਲਈ ਵੀ ਹੈ। ਸੋ ਐਨਕਾਂ ਨਾਲ ਅੱਖਾਂ ਦਾ ਬਚਾਉ ਕਰਨਾ ਚਾਹੀਦਾ ਹੈ।

          ਆਰਕ ਲਾਈਟ ਅਤੇ ਵੈਲਡਿੰਗ ਲਾਈਟ ਵਿਚੋਂ ਅਲਟ੍ਰਾ ਵਾਇਲਿਟ ਕਿਰਨਾਂ ਨਿਕਲਦੀਆਂ ਹਨ ਜਿਨ੍ਹਾਂ ਤੋਂ ਬਚਣ ਲਈ ਯੋਗ ਸਾਧਨ ਹੁੰਦੇ ਹਨ। ਨੰਗੀ ਅੱਖ ਨਾਲ ਕੰਮ ਕਰਨ ਤੇ ਨੁਕਸਾਨ ਹੋ ਸਕਦਾ ਹੈ।

          ਖੇਤੀਬਾੜੀ, ਕਾਰਖ਼ਾਨਿਆਂ, ਖਾਣਾਂ ਅਤੇ ਕਈ ਹੋਰ ਕੰਮਾਂ ਵਿਚ ਅੱਖਾਂ ਐਂਵੇਂ ਹੀ ਜ਼ਖ਼ਮੀ ਹੋ ਜਾਂਦੀਆਂ ਹਨ। ਜ਼ਖਮੀ ਅੱਖ ਦਾ ਤੁਰੰਤ ਇਲਾਜ ਹੋਣਾ ਚਾਹੀਦਾ ਹੈ ਨਹੀਂ ਤਾਂ ਅੱਖ ਦੇ ਖ਼ਰਾਬ ਹੋ ਜਾਣ ਵਿਚ ਕਈ ਕਸਰ ਨਹੀਂ ਰਹਿੰਦੀ।

          ਸੈਂਕੜੇ ਸਨੱਅਤਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਵਿਹੁਲੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ। ਰਸਾਇਣਿਕ ਕਾਰਖ਼ਾਨਿਆਂ ਵਿਚ, ਖ਼ਾਸ ਕਰ ਜਿੱਥੇ ਰੰਗ ਬਣਦੇ ਹਨ, ਬਹੁਤ ਸਾਰੀਆਂ ਜ਼ਹਿਰੀਲੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ।

          ਸਰੀਰ ਨੂੰ ਹਾਨੀ ਪਹੁੰਚਾਉਣ ਵਾਲੀਆਂ ਚੀਜ਼ਾਂ ਤੋਂ ਛੁੱਟ ਪੰਜਾਹ ਤੋਂ ਵਧੀਕ ਅਜਿਹੀਆਂ ਰਸਾਇਣਿਕ ਚੀਜ਼ਾਂ ਹਨ ਜੋ ਅੱਖਾਂ ਲਈ ਹਾਨੀਕਾਰਕ ਹਨ। ਜ਼ਹਿਰੀਲੀਆਂ ਚੀਜ਼ਾਂ ਤਾਂ ਅੱਖ ਨਾਲ ਛੂਹ ਜਾਣ ਨਾਲ ਵੀ ਤਕਲੀਫ਼ ਦਿੰਦੀਆਂ ਹਨ। ਇਹ ਜਾਂ ਤਾਂ ਸਾਹ ਰਾਹੀਂ ਜਾਂ ਮਜ਼ਦੂਰਾਂ ਦੇ ਹੱਥਾਂ ਦੀ ਛੋਹ ਨਾਲ ਖਾਣ ਪੀਣ ਵੇਲੇ ਸਰੀਰ ਦੇ ਅੰਦਰ ਚਲੀਆਂ ਜਾਂਦੀਆਂ ਹਨ। ਕਈ ਵਿਹੁ ਅੰਦਰਸ ਅਤੇ ਕਾੱਰਨੀਆ ਦੇ ਰੋਗ ਪੈਦਾ ਕਰਦੇ ਹਨ ਅਤੇ ਕਈਆਂ ਦੇ ਕਾਰਨ ਨਜ਼ਰ ਦੀ ਨਸ ਨੂੰ ਸੋਕੜੇ ਦਾ ਰੋਗ ਹੋ ਜਾਂਦਾ ਹੈ।

          ਮੈਥੀਲੇਟਿਡ ਸਪਿਰਿਟ ਰੰਗ ਰੋਗਨ ਅਤੇ ਪਾਲਿਸ਼ ਦੇ ਕੰਮਾਂ ਵਿਚ ਵਰਤੀ ਜਾਂਦੀ ਹੈ। ਕਈ ਲੋਕ ਅਣਭੋਲ ਜਾਂ ਜਾਣ ਬੁੱਝ ਕੇ ਇਸ ਨੂੰ ਨਸ਼ੇ ਲਈ ਵਰਤਦੇ ਹਨ। ਇਸ ਨਾਲ ਨਜ਼ਰ ਦੀ ਨਸ ਅਤੇ ਰੈਟਿਨਾ ਨੂੰ ਬਹੁਤ ਹਾਨੀ ਪੁੱਜਦੀ ਹੈ।

          ਰਬੜ ਅਤੇ ਨਕਲੀ ਰੇਸ਼ਮ ਦੇ ਕਾਰਖ਼ਾਨਿਆਂ ਵਿਚ ਕਾਰਬਨ ਬਾਈਸਲਫਾਈਡ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਸਾਹ ਦੇ ਨਾਲ ਸਰੀਰ ਦੇ ਅੰਦਰ ਜਾ ਕੇ ਇਹ ਨਜ਼ਰ ਦੀ ਨਸ ਦੀ ਸੋਜ ਪੈਦਾ ਕਰਦੀ ਹੈ। ਤਣਾਉ-ਸ਼ਕਤੀ ਘਟ ਜਾਂਦੀ ਹੈ ਅਤੇ ਰੰਗ ਦੀ ਪਰਖ ਕਰਨ ਵੇਲੇ ਨਜ਼ਰ ਵਿਚ ਫ਼ਰਕ ਪੈ ਜਾਂਦਾ ਹੈ। ਕੰਮ ਵਾਲੀ ਥਾਂ ਤੋਂ ਗੰਦੀ ਹਵਾ ਕੱਢਣ ਅਤੇ ਤਾਜ਼ੀ ਹਵਾ ਲਿਆਉਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ।

          ਬਹੁਤ ਸਾਰੀਆਂ ਸਨੱਅਤਾਂ ਵਿਚ ਸਿੱਕਾ ਵਰਤਿਆ ਜਾਂਦਾ ਹੈ। ਇਹ ਸਾਹ ਅਤੇ ਲਿਬੜੇ ਹੱਥਾਂ ਰਾਹੀਂ ਸਰੀਰ ਦੇ ਅੰਦਰ ਜਾ ਕੇ ਰੋਗਾਂ ਤੋਂ ਛੁੱਟ ਨਜ਼ਰ ਦੀ ਨਸ ਦੀ ਸੋਜ ਦਾ ਕਾਰਨ ਬਣਦਾ ਹੈ।

          ਉਪਰ ਲਿਖੀਆਂ ਮਿਸਾਲਾਂ ਸਿਰਫ਼ ਵੰਨਗੀ ਮਾਤਰ ਹਨ। ਕਾਰਖ਼ਾਨਿਆਂ ਵਿਚ ਪੈਰ ਪੈਰ ਤੇ ਹਾਦਸਿਆਂ ਅਤੇ ਜ਼ਹਿਰੀਲੀਆਂ ਰਸਾਇਣਿਕ ਚੀਜ਼ਾਂ ਦਾ ਖ਼ਤਰਾ ਹੈ। ਸਨੱਅਤੀ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨਾਲ ਬਹੁਤ ਸਾਰੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ।

          ਅੱਖਾਂ ਦੀ ਰੱਖਿਆ––ਉਪਰ ਲਿਖੀ ਥੋੜ੍ਹੀ ਜਿਹੀ ਵਾਕਫ਼ੀ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਹੋਵੇਗਾ ਕਿ ਅੱਖ ਇਕ ਅਤਿਅੰਤ ਨਾਜ਼ੁਕ ਅੰਗ ਹੈ ਅਤੇ ਇਹ ਬਹੁਤ ਸਾਰੇ ਰੋਗਾਂ ਦਾ ਸ਼ਿਕਾਰ ਹੋ ਕੇ ਖ਼ਰਾਬ ਹੋ ਜਾਂਦੀ ਹੈ। ਇਸ ਵਾਸਤੇ ਇਸ ਦੀ ਰੱਖਿਆ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ। ਇਸ ਸਬੰਧ ਵਿਚ ਕੁਝ ਲਾਭਕਾਰੀ ਮਸ਼ਵਰੇ ਹੇਠਾਂ ਦਿਤੇ ਜਾਂਦੇ ਹਨ :

          1. ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਖ਼ੁਰਾਕ ਸਰੀਰ ਦੇ ਨਾਲ ਨਾਲ ਅੱਖਾਂ ਲਈ ਵੀ ਲਾਭਵੰਦ ਹੈ।

          2. ਸੁਰਮੇ ਦੀ ਸਲਾਈ ਦੀ ਲਾਗ ਅੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸ ਕਾਰਨ ਇਕ ਤੋਂ ਦੂਜੇ ਵਿਅਕਤੀ ਨੂੰ ਕੁੱਕਰੇ ਅਤੇ ਹੋਰ ਕਈ ਭਿਆਨਕ ਰੋਗ ਹੋ ਸਕਦੇ ਹਨ।

          3. ਆਪਣੇ ਸਰੀਰ ਦੇ ਆਲੇ ਦੁਆਲੇ ਦੀ ਸਫਾਈ ਦਾ ਸ਼ੌਕ ਪੈਦਾ ਕਰੋ। ਅੱਖਾਂ ਤੇ ਮੱਖੀਆਂ ਬੈਠਣ ਨਾਲ ਅੱਖਾਂ ਦੁਖਣੀਆਂ ਆ ਜਾਂਦੀਆਂ ਹਨ।

          4. ਖੇਤਾਂ ਵਿਚੋਂ ਕੱਖ, ਕਾਰਖਾਨਿਆਂ ਵਿਚੋਂ ਕਚਰੇ ਅਤੇ ਹਵਾ ਵਿਚ ਉਡਦੇ ਮੱਛਰ, ਕੀੜੇ-ਪਤੰਗੇ ਆਦਿ ਅੱਖ ਵਿਚ ਪੈ ਜਾਣ ਤੇ ਅੱਖ ਮਲਣੀ ਨਹੀਂ ਚਾਹੀਦੀ। ਮੋਟਰ ਸਾਈਕਲ ਚਲਾਉਣ ਸਮੇਂ ਐਨਕ ਦੀ ਵਰਤੋਂ ਕਰਨੀ ਚਾਹੀਦੀ ਹੈ।

          5. ਕਾਰਖ਼ਾਨਿਆਂ ਵਿਚ ਹਾਦਸੇ ਰੋਕਣ ਲਈ ਚੰਗੀ ਰੌਸ਼ਨੀ ਅਤੇ ਹੋਰ ਸਾਧਨਾਂ ਦੀ ਵਰਤੋਂ ਹੋਣੀ ਚਾਹੀਦੀ ਹੈ। ਲੋੜ ਅਨੁਸਾਰ ਮੁੱਢਲੀ ਡਾਕਟਰੀ ਸਹਾਇਤਾ ਕੇਂਦਰ ਸੁਚੱਜਤਾ ਨਾਲ ਚਲਾਏ ਜਾਣੇ ਚਾਹੀਦੇ ਹਨ।

          6. ਕਿਸੇ ਵੀ ਉਮਰ ਵਿਚ ਨਜ਼ਰ ਦਾ ਖੇਤਰ ਜਾਂ ਨਜ਼ਰ ਦੀ ਤੇਜ਼ੀ ਘਟ ਜਾਣ ਦੀ ਹਾਲਤ ਵਿਚ ਤੁਰੰਤ ਮਾਹਿਰ ਡਾਕਟਰ ਦੀ ਰਾਏ ਲੈਣੀ ਚਾਹੀਦੀ ਹੈ। ਹੋ ਸਕਦਾ ਹੈ ਕਿ ਇਹ ਨਜ਼ਰ ਦੀ ਕਮਜ਼ੋਰੀ ਕਿਸੇ ਦੀਰਘ ਰੋਗ ਦਾ ਮੁਢ ਹੋਵੇ।

          7. ਆਮ ਲੋਕ ਅੱਖ ਉਸ ਵੇਲੇ ਵਿਖਾਉਣ ਜਾਂਦੇ ਹਨ ਜਦੋਂ ਇਹ ਬੰਦ ਹੋ ਜਾਂਦੀ ਹੈ। ਇਹ ਖ਼ਤਰਨਾਕ ਰੁਚੀ ਤੋਂ ਆਪ ਵੀ ਬਚਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਬਚਾਉਣਾ ਚਾਹੀਦਾ ਹੈ।

          8. ਨੀਮ ਹਕੀਮਾਂ ਤੋਂ ਹਮੇਸ਼ਾਂ ਬਚ ਕੇ ਰਹਿਣਾ ਚਾਹੀਦਾ ਹੈ।

          ਅੱਖਾਂ ਹਰ ਸਮੇਂ ਤੁਹਾਡੀ ਰਖਿਆ ਕਰਦੀਆਂ ਹਨ। ਤੁਸੀ ਅੱਖਾਂ ਦੀ ਹਰ ਸਮੇਂ ਰਖਿਆ ਕਰੋ।


ਲੇਖਕ : ਦਲਜੀਤ ਸਿੰਘ (ਡਾ.),
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.