ਅੱਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਲ (ਨਾਂ,ਇ) 1 ਅਸਲ ਨਾਂ ਦੇ ਸਮਵਿੱਥ ਬੰਦੇ ਦੀਆਂ ਵਹਿਬਤਾਂ ਕਾਰਨ ਲੋਕਾਂ ਦੁਆਰਾ ਪ੍ਰਚਲਿੱਤ ਕੀਤਾ ਕੋਈ ਹੋਰ ਨਾਂ 2 ਤੋਰੀ ਜਾਤੀ ਦੀ ਲਮੂਤਰੀ ਸ਼ਕਲ ਦਾ ਭਾਜੀ ਤਰਕਾਰੀ ਯੋਗ ਸਬਜ਼ ਫਲ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੱਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਲ 1 [ਨਾਂਇ] ਇਕ ਪ੍ਰਕਾਰ ਦਾ ਲੰਮਾ ਘੀਆ, ਲੌਕੀ 2 ਅਸਲੀ ਨਾਮ ਤੋਂ ਇਲਾਵਾ ਦੂਜਾ ਨਾਮ ਜੋ ਪ੍ਰਸਿੱਧ ਹੋ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੱਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਲ. ਸੰ. ਅਲਾਬੁ ਅਥਵਾ ਅਰਲੁ. ਸੰਗ੍ਯਾ—ਲੰਬਾ ਕੱਦੂ. ਤੋਰੀ ਕੱਦੂ । ੨ ਅ਼ ਆਲ. ਗੋਤ. ਵੰਸ਼ ਦਾ ਪ੍ਰਸਿੱਧ ਨਾਉਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੱਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅੱਲ : ਇਹ ਕੁਕਰਬਿਟੇਸੀ ਕੁਲ ਦੀ ਲੈਜੀਨੇਰੀਆ ਪ੍ਰਜਾਤੀ ਤੇ ਸਿਸੇਰੇਰੀਆ ਜਾਂ ਵੁਲਗੇਰੀਆ ਜਾਤੀ ਦੀ ਇਕ-ਰੁੱਤੀ ਵੇਲ ਵਾਲੀ ਸਬਜ਼ੀ ਹੈ। ਇਸਦੀ ਇਕ ਹੀ ਜਾਤੀ ਹੈ ਭਾਵੇਂ ਇਸ ਦੇ ਫੁੱਲਾਂ ਦੀਆਂ ਸ਼ਕਲਾਂ ਭਿੰਨ ਭਿੰਨ ਹੋਣ ਦੇ ਕਾਰਨ ਅੱਲ ਦੇ ਕਈ ਵੱਖ ਵੱਖ ਨਾਂ ਵੀ ਪੈ ਗਏ ਹਨ। ਇਹ ਇਕ ਰੇਸ਼ੇਦਾਰ ਵੇਲ ਹੈ ਜਿਹੜੀ ਕਿ ਕਈ ਵਾਰੀ 9 ਤੋਂ 15 ਮੀ. ਤੱਕ ਵੱਧ ਜਾਂਦੀ ਹੈ ਤੇ ਧਰਤੀ ਉੱਤੇ ਵਿਛ ਜਾਂਦੀ ਹੈ ਜਾਂ ਤੰਦੜੀਆਂ (tendrils) ਦੀ ਸਹਾਇਤਾ ਨਾਲ ਛੱਤਾਂ ਆਦਿ ਉੱਪਰ ਵੀ ਚੜ੍ਹ ਜਾਂਦੀ ਹੈ ਅਤੇ ਇਸ ਤਰ੍ਹਾਂ ਛੱਤਾਂ ਉਪਰ ਚੜਾਉਣ ਨਾਲ ਇਸ ਦੀਆਂ ਵੇਲਾਂ ਗਰਮੀ ਨੂੰ ਕਾਫ਼ੀ ਹੱਦ ਤੱਕ ਸਹਿ ਸਕਦੀਆਂ ਹਨ।

          ਧਾਗੇ ਲੰਬੇ ਤੇ ਪਤਲੇ ਹੁੰਦੇ ਹਨ। ਵੇਲ ਤੇ ਤਣੇ ਨਰਮ, ਲੂੰਦਾਰ ਤੇ ਝਰੀਦਾਰ ਹੁੰਦੇ ਹਨ ਤੇ ਝਰੀਆਂ ਲਾਈਨਾਂ ਵਿਚ ਪਈਆਂ ਹੁੰਦੀਆਂ ਹਨ। ਪੱਤੇ ਅੰਡਾਕਾਰ ਸ਼ਕਲ ਦੇ ਹੁੰਦੇ ਹਨ ਤੇ ਕਦੀ ਕਦੀ ਪੱਤੇ ਨੋਕਵਾਲੇ ਵੀ ਹੁੰਦੇ ਹਨ। ਅੱਲ ਸਭ ਤੋਂ ਪਹਿਲਾਂ ਅਫ਼ਰੀਕਾ ਅਤੇ ਏਸ਼ੀਆ ਵਿਚ ਹੁੰਦੀ ਸੀ।

          ਅੱਲ ਦੀਆਂ ਵੇਲਾਂ ਵਿਚੋਂ ਕਸਤੂਰੀ ਵਰਗੀ ਖ਼ੁਸ਼ਬੂ ਆਉਂਦੀ ਹੈ। ਅੱਲ ਦੇ ਨਰ ਦੇ ਮਦੀਨ ਫ਼ੁੱਲ ਵੱਖ ਵੱਖ ਹੁੰਦੇ ਹਨ ਜਿਹੜੇ ਜਾਂ ਤਾਂ ਇੱਕੋ ਹੀ ਵੇਲ ਉੱਪਰ ਜਾਂ ਵੱਖੋ ਵੱਖਰੀਆਂ ਵੇਲਾਂ ਤੇ ਲਗਦੇ ਹਨ। ਫ਼ੁੱਲ ਇਕੱਲੇ ਲਗਦੇ ਹਨ ਅਤੇ ਚਿੱਟੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦੀ ਸ਼ਕਲ ਕੀਪ ਵਰਗੀ ਹੁੰਦੀ ਹੈ। ਇਹ ਕਾਫ਼ੀ ਕੂਲੇ ਹੋਣ ਕਾਰਨ ਧੁੱਪ ਵਿਚ ਛੇਤੀ ਹੀ ਕੁਮਲਾ ਜਾਂਦੇ ਹਨ। ਪੁੰਕੇਸਰੀ ਫ਼ੁੱਲ ਲੰਬੀਆਂ ਪਰ ਪਤਲੀਆਂ ਡੰਡੀਆਂ ਉਪਰ ਲਗਦੇ ਹਨ ਤੇ ਇਹ ਆਮ ਕਰਕੇ ਪੱਤਿਆਂ ਨਾਲੋਂ ਜ਼ਿਆਦਾ ਲੰਬੇਰੇ ਹੁੰਦੇ ਹਨ। ਮਾਦਾ ਫ਼ੁੱਲ ਦੇਰ ਨਾਲ ਤੇ ਆਮ ਕਰਕੇ ਛੋਟੀਆਂ ਛੋਟੀਆਂ ਡੰਡੀਆਂ ਉਪਰ ਲਗਦੇ ਹਨ। ਹਰ ਇਕ ਫ਼ੁੱਲ ਵਿਚ 3 ਸਟਿਗਮੇ ਹੁੰਦੇ ਹਨ ਤੇ ਹਰ ਇਕ ਸਟਿਗਮਾ ਦੋ ਭਾਗਾਂ ਵਿਚ ਵੰਡਿਆਂ ਹੋਇਆ ਹੁੰਦਾ ਹੈ। ਅੰਡਕੋਸ਼ ਲੂੰਦਾਰ ਹੁੰਦਾ ਹੈ।

          ਅੱਲ ਲਈ ਰੇਤਲੀ ਪਰ ਜ਼ਿਆਦਾ ਰੂੜੀ ਵਾਲੀ ਭੋਂ ਜ਼ਰੂਰੀ ਹੈ ਅਤੇ ਇਸ ਦੇ ਬੀਜ ਆਮ ਕਰ ਕੇ ਫ਼ਰਵਰੀ ਤੋਂ ਲੈ ਕੇ ਅਗਸਤ ਤਕ ਛੇ ਮਹੀਨੇ ਦੇ ਵਕਫ਼ੇ ਤੇ ਲਾਏ ਜਾਂਦੇ ਹਨ। ਪਹਾੜੀ ਸਥਾਨਾਂ ਉਪਰ ਅੱਲ ਦੀ ਬਿਜਾਈ ਅਪ੍ਰੈਲ, ਮਈ ਵਿਚ ਕਰਨੀ ਚਾਹੀਦੀ ਹੈ। ਬੀਜਾਂ ਨੂੰ ਇਕੱਠਿਆਂ ਤੇ ਹਰ ਪਾਸਿਉਂ 2-2ਮੀ. ਦੇ ਫ਼ਾਸਲੇ ਤੇ ਬੀਜਦਾ ਚਾਹੀਦਾ ਹੈ ਤੇ ਹਰ ਗੁੱਛੇ ਵਿਚੋਂ ਇਕ ਚੰਗਾ ਪੌਦਾ ਰੱਖ ਲਿਆ ਜਾਂਦਾ ਹੈ। ਇਨ੍ਹਾਂ ਵੇਲਾਂ ਨੂੰ ਕਿਸੇ ਵੀ ਕਿਸਮ ਦੀ ਥਾਂ ਤੇ ਖ਼ਾਸ ਕਰਕੇ ਢਾਰਿਆਂ, ਛੱਤਾਂ ਆਦਿ ਉਪਰ ਚੜ੍ਹਾਉਣਾ ਲਾਭਦਾਇਕ ਸਿੱਧ ਹੁੰਦਾ ਹੈ।

          ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ ਜੇ ਬੀਜ ਬੀਜਣ ਸਮੇਂ ਬੀਜਣ ਵਾਲਾ ਆਪਣੀਆਂ ਲੱਤਾਂ ਨੂੰ ਖੋਲ੍ਹ ਦੇਵੇ ਤਾਂ ਉਸ ਵੇਲ ਨਾਲ ਲੰਬੇ ਲੰਬੇ ਫ਼ਲ ਲਗਦੇ ਹਨ ਤੇ ਜੇ ਲੱਤਾਂ ਇਕੱਠੀਆਂ ਹੀ ਰੱਖੀਆਂ ਹੋਣ ਤਾਂ ਗੋਲ ਫ਼ਲ ਲਗਦੇ ਹਨ। ਇਹ ਸਬਜ਼ੀ ਆਮ ਸਬਜ਼ੀਆਂ ਵਿਚੋਂ ਕਾਫ਼ੀ ਨਰੋਈ ਖ਼ਿਆਲ ਕੀਤੀ ਜਾਂਦੀ ਹੈ।

          ਅੱਲ ਦਾ ਛਿਲਕਾ ਪੱਕਣ ਤੇ ਕਾਫ਼ੀ ਸਖ਼ਤ ਹੁੰਦਾ ਹੈ ਤੇ ਫ਼ਲ ਕਈ ਪ੍ਰਕਾਰ ਦੀਆਂ ਸ਼ਕਲਾਂ ਦੇ ਹੁੰਦੇ ਹਨ। ਗੋਲ ਸ਼ਕਲ ਦੇ ਫ਼ਲਾਂ ਤੋਂ ਸਾਧੂ ਲੋਕ ਆਪਣੇ ਲਈ ਤੂੰਬੀਆਂ ਤੇ ਕਾਸੇ ਆਦਿ ਬਣਾਉਂਦੇ ਹਨ। ਮਾਛੀ ਤੇ ਮਲਾਹ ਲੋਕ ਆਪਣੇ ਲਈ ਤਰਨ ਵਾਸਤੇ ਲੰਬੇ ਫ਼ਲਾਂ ਤੋਂ ਮਸ਼ਕ ਦਾ ਕੰਮ ਲੈਂਦੇ ਹਨ। ਹੋਰਨਾਂ ਸ਼ਕਲਾਂ ਦੇ ਫ਼ਲਾਂ ਤੋਂ ਘਰੇਲੂ ਵਰਤੋਂ ਵਿਚ ਲਿਆਉਣ ਲਈ ਪਿਆਲੇ ਤੇ ਜੱਗ ਆਦਿ ਵੀ ਤਿਆਰ ਕੀਤੇ ਜਾਂਦੇ ਹਨ।                                                                       


ਲੇਖਕ : ਰਜਿੰਦਰ ਸਿੰਘ ਰਤਨ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅੱਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੱਲ :  ਕਿਸੇ ਵਿਅਕਤੀ, ਪਰਿਵਾਰ ਜਾਂ ਕਬੀਲੇ ਦਾ ਕੋਈ ਹੋਰ ਨਾਂ ਜੇ ਕਿਸੇ ਕਾਰਨ ਪ੍ਰਸਿੱਧ ਹੋ ਜਾਂਦਾ ਹੈ ਤਾਂ ਉਹ ਉਸ ਦੀ ਅੱਲ ਅਖਵਾਉਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿਚ ਕਈ ਪ੍ਰਕਾਰ ਦੀਆਂ ਅੱਲਾਂ ਪ੍ਰਚਲਿਤ ਹਨ ਅਤੇ ਪੇਂਡੂ ਲੋਕ ਇਕ ਦੂਜੇ ਨੂੰ ਪਈ ਹੋਈ ਅੱਲ ਪ੍ਰਚਲਿਤ ਹਨ ਅਤੇ ਪੇਂਡੂ ਲੋਕ ਇਕ ਦੂਜੇ ਨੂੰ ਪਈ ਹੋਈ ਅੱਲ ਦੇ ਨਾਂ ਨਾਲ ਪੁਕਾਰਦੇ ਵੀ ਹਨ। ਇਹ ਅੱਲਾਂ ਇਨ੍ਹਾਂ ਲੋਕਾਂ ਦੇ ਬਜ਼ੁਰਗਾਂ ਦੇ ਕਿਸੇ ਖ਼ਾਸ ਗੁਣ ਜਾਂ ਔਗੁਣ ਤੋਂ ਪ੍ਰਚਲਿਤ ਹੁੰਦੀਆਂ ਹਨ ਤੇ ਫਿਰ ਇਹ ਪੁਸ਼ਤ ਦਰ ਪੁਸ਼ਤ ਚਲਦੀਆਂ ਹਨ।

        ਕਿਸੇ ਦਾ ਬਜ਼ੂਰਗ ਜੇਕਰ ਬਹੁਤਾ ਸਾਊ ਤੇ ਸਿਆਣਾ ਹੋਵੇ ਤਾਂ ਉਨ੍ਹਾਂ ਨੂੰ ਸਾਊਕੇ ਕਹਿ ਕੇ ਪੁਕਾਰਿਆ ਜਾਂਦਾ ਹੈ। ਕੋਈ ਵਿਅਕਤੀ ਜੇਕਰ ਬਹੁਤ ਕੰਜੂਸ ਹੋਵੇ ਤਾਂ ਉਸ ਦੇ ਪਰਿਵਾਰ ਨੂੰ 'ਮੱਖੀ ਚੂਸਾਂ ਦਾ ਟੱਬਰ' ਕਰ ਕੇ ਜਾਣਿਆ ਜਾਂਦਾ ਹੈ। ਕੋਈ ਵਿਅਕਤੀ ਪਿੰਡ ਵਿਚ ਚੰਗਾ ਵਰਤਾਉ ਨਾ ਰਖਦਾ ਹੋਵੇ ਤਾਂ ਉਸ ਨੂੰ ਵੱਢਖਾਣਾ ਕਹਿ ਕੇ ਜਾਣਦੇ ਹਨ। ਕਿਸੇ ਪਰਿਵਾਰ ਦਾ ਕੋਈ ਵਿਅਕਤੀ ਬਹੁਤ ਹੀ ਭਲਾਮਾਣਸ ਤੇ ਸ਼ਰੀਫ ਹੋਵੇ ਤਾਂ ਉਸ ਨੂੰ 'ਜੀਅ ਭਿਆਣੇ' ਜਾਂ 'ਨਿਮਾਣਿਆਂ' ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਕਿਸੇ ਪਰਿਵਾਰ ਦੇ ਬਜ਼ੁਰਗ ਨੂੰ ਜੇਕਰ ਉੱਚਾ ਸੁਣਦਾ ਹੋਵੇ ਤਾਂ ਉਨ੍ਹਾਂ ਨੂੰ 'ਬੌਲੇਕੇ' ਕਿਹਾ ਜਾਂਦਾ ਹੈ। ਬਹੁਤੀ ਚੁਗਲੀ ਤੇ ਨਿੰਦਾ ਕਰਨ ਵਾਲੇ ਨੂੰ 'ਚੁਗਲ' ਕਹਿੰਦੇ ਹਨ। ਪਿੰਡਾਂ ਵਿਚ ਜਿਨ੍ਹਾਂ ਦੇ ਘਰ ਪੱਕੇ ਤੇ ਪੁਰਾਣੇ ਸਮੇਂ ਦੇ ਬਣੇ ਹੋਣ ਉਨ੍ਹਾਂ ਨੂੰ ਲੋਕ 'ਮਹਿਲਾਂ ਵਾਲੇ' ਕਹਿ ਕੇ ਪੁਕਾਰਦੇ ਹਨ। ਜਿਨ੍ਹਾਂ ਦੇ ਵਡੇਰੇ ਪਹਿਲਵਾਨ ਰਹਿ ਚੁਕੇ ਹੋਣ ਉਨ੍ਹਾਂ ਨੂੰ 'ਮੱਲਾਂ ਵਾਲੇ' ਜਾਂ 'ਮੱਲਕੇ' ਕਰ ਕੇ ਜਾਣਿਆ ਜਾਂਦਾ ਹੈ। ਇਹ ਵੀ ਵਰਨਣਯੋਗ ਹੈ ਕਿ ਪਿੰਡਾਂ ਵਿਚ ਕਈ ਪੱਤੀਆਂ ਕਈ ਲੋਕਾਂ ਦੀਆਂ ਅੱਲਾਂ ਦੇ ਨਾਂ ਤੇ ਪ੍ਰਸਿੱਧ ਹੁੰਦੀਆਂ ਹਨ ਜਿਵੇਂ ਅਮਲੀਆਂ ਦੀ ਪੱਤੀ, ਜੀਅ ਭਿਆਣਿਆਂ ਦੀ ਪੱਤੀ ਅਤੇ ਵੱਢਖਾਣਿਆਂ ਦੀ ਪੱਤੀ ਆਦਿ।

        ਕਈ ਵਾਰ ਭੈੜੀ ਅੱਲ ਕਾਰਨ ਪਿੰਡਾਂ ਵਿਚ ਲੜਾਈ ਝਗੜਾ ਵੀ ਹੋ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-03-41-30, ਹਵਾਲੇ/ਟਿੱਪਣੀਆਂ:

ਅੱਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਲ, ਇਸਤਰੀ ਲਿੰਗ  : ੧. ਸਬਜ਼ੀ, ਇਕ ਪਰਕਾਰ ਦਾ ਲੰਮਾ ਘੀਆ, ਲੌਕੀ; ੨. ਦੂਜਾ ਨਾਉਂ ਜੋ ਕਿਸੇ ਕਾਰਣ ਪ੍ਰਸਿੱਧ ਹੋ ਜਾਂਦਾ ਹੈ, (ਲਾਗੂ ਕਿਰਿਆ : ਪੈਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-12-56-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.