ਆਗਿਆਵਾਚੀ ਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਆਗਿਆਵਾਚੀ ਵਾਕ: ਇਸ ਸੰਕਲਪ ਦੀ ਵਰਤੋਂ ਵਰਣਨਾਤਮਕ ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਪਰੰਪਰਾਵਾਦੀ ਵਿਆਕਰਨਕਾਰ ਵਿਆਕਰਨਕ ਇਕਾਈਆਂ ਦੀ ਵੰਡ ਸ਼ਬਦ ਤੋਂ ਵਾਕ ਤੱਕ ਕਰਦੇ ਹਨ। ਵਿਆਕਰਨਕ ਇਕਾਈਆਂ ਨੂੰ ਅੱਗੋਂ ਬਣਤਰ ਅਤੇ ਕਾਰਜ ਦੇ ਪੱਖ ਤੋਂ ਵੰਡਿਆ ਜਾਂਦਾ ਹੈ। ਬਣਤਰ ਦੇ ਪੱਖ ਤੋਂ ਇਕਾਈਆਂ ਨੂੰ ਸਧਾਰਨ ਅਤੇ ਗੈਰ-ਸਧਾਰਨ ਵਿਚ ਵੰਡਿਆ ਜਾਂਦਾ ਹੈ। ਕਾਰਜ ਦੇ ਪੱਖ ਤੋਂ ਇਨ੍ਹਾਂ ਇਕਾਈਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਬਿਆਨੀਆ ਵਾਕ, (ii) ਪ੍ਰਸ਼ਨਵਾਚਕ ਅਤੇ (iii) ਆਗਿਆਵਾਚੀ ਵਾਕ। ਆਗਿਆਵਾਚੀ ਵਾਕਾਂ ਦੁਆਰਾ ਹੁਕਮ ਜਾਂ ਬੇਨਤੀ ਦੇ ਕਾਰਜ ਦੀ ਸੂਚਨਾ ਮਿਲਦੀ ਹੈ। ਇਸ ਅਧਾਰ ਤੇ ਆਗਿਆਵਾਚੀ ਵਾਕ ਦੋ ਪਰਕਾਰ ਦੇ ਹੁੰਦੇ ਹਨ : (i) ਹੁਕਮੀਆ ਵਾਕ ਅਤੇ (ii) ਬੇਨਤੀ-ਵਾਚਕ ਵਾਕ। ਹੁਕਮੀਆ ਅਤੇ ਬੇਨਤੀ-ਵਾਚਕ ਵਾਕਾਂ ਦੀ ਬਣਤਰ ਵਿਚ ਕੋਈ ਭਿੰਨਤਾ ਨਹੀਂ ਹੁੰਦੀ ਸਗੋਂ ਗੱਲਬਾਤ ਕਰਨ ਵਾਲੇ ਵਿਅਕਤੀਆਂ ਦਾ ਆਪਸੀ ਰਿਸ਼ਤਾ ਹੀ ਇਨ੍ਹਾਂ ਦੀ ਭਿੰਨਤਾ ਨੂੰ ਉਜਾਗਰ ਕਰਦਾ ਹੈ ਜਿਵੇਂ : ‘ਕੰਮ ਕਰੋ’ ਵੱਖੋ-ਵੱਖਰੀ ਸਥਿਤੀ ਵਿਚ ਹੁਕਮ ਜਾਂ ਬੇਨਤੀ ਦੇ ਸੂਚਕ ਹੋ ਸਕਦੇ ਹਨ। ਆਮ ਤੌਰ ’ਤੇ ਇਸ ਪਰਕਾਰ ਦੇ ਵਾਕਾਂ ਦੇ ਨਿਮਰਤਾ-ਪੂਰਵਕ ਆਗਿਆਵਾਚੀ ਭਾਵ ਨੂੰ ਉਜਾਗਰ ਕਰਨ ਲਈ ‘ਜੀ, ਕਿਰਪਾ ਕਰਕੇ’ ਆਦਿ ਆਦਰ-ਬੋਧਕ ਸੰਬੋਧਨ ਦੀ ਵਰਤੋਂ ਕੀਤੀ ਜਾਂਦੀ ਹੈ। ਆਗਿਆਵਾਚੀ ਵਾਕਾਂ ਦੇ ਕੁਝ ਪਛਾਣ ਚਿੰਨ੍ਹ ਇਸ ਪਰਕਾਰ ਹਨ ਜਿਵੇਂ : (i) ਆਮ ਤੌਰ ’ਤੇ ਇਨ੍ਹਾਂ ਵਾਕਾਂ ਦੀ ਬਣਤਰ ਵਿਚੋਂ ਕਰਤਾ ਨਾਂਵ ਵਾਕੰਸ਼ ਸਤਹੀ ਪੱਧਰ ’ਤੇ ਖਾਰਜ ਹੁੰਦਾ ਹੈ, ਜਿਵੇਂ : ਠੰਡਾ ਪਾਣੀ ਪੀ ਲੈ, ਤੁਰੀ ਜਾ, ਸਾਰੇ ਥਾਈਂ ਮੱਥਾ ਟੇਕ ਆਵੀਂ। (ii) ਆਗਿਆਵਾਚੀ ਵਾਕ ਕਈ ਵਾਰ ਇਕੱਲੀ ਕਿਰਿਆ ’ਤੇ ਅਧਾਰਤ ਹੁੰਦੇ ਹਨ। ਇਸ ਪਰਕਾਰ ਦੇ ਵਾਕਾਂ ਨੂੰ ਸੰਦਰਭ ਵਿਚ ਹੀ ਸਮਝਾਇਆ ਜਾ ਸਕਦਾ ਹੈ (ਕਰ, ਜਾ, ਖੇਡ ਆਦਿ)। (iii) ਸਤਹੀ ਜਾਂ ਗਹਿਨ ਪੱਧਰ ਤੇ ਵਿਚਰਦੇ ਕਰਤਾ ਨਾਂਵ-ਵਾਕੰਸ਼ ਆਮ ਤੌਰ ’ਤੇ ਦੂਜਾ ਪੁਰਖ ਦੇ ਸੂਚਕ ਹੁੰਦੇ ਹਨ ਪਰ ਪੰਜਾਬੀ ਆਗਿਆਵਾਚੀ ਵਾਕਾਂ ਵਿਚ ਤੀਜਾ ਪੁਰਖ ਅਤੇ \ਆਓ\ ਵਾਲੇ ਵਾਕਾਂ ਵਿਚ ਤਿੰਨੇ ਪੁਰਖਾਂ ਦੀ ਸੂਚਨਾ ਮਿਲਦੀ ਹੈ ਜਿਵੇਂ : ਪਹਿਲਾ ਪੁਰਖ-ਸੂਚਕ (ਮੈਂ ਜਾਵਾਂ), ਦੂਜਾ ਪੁਰਖ-ਸੂਚਕ (ਤੁਸੀਂ ਜਾਓ), ਤੀਜਾ ਪੁਰਖ (ਉਹ ਨੂੰ ਜਾਣ ਦਿਓ), ਸਾਰੇ ਪੁਰਖ (ਆਓ, ਮੈਚ ਖੇਡ ਲਈਏ), (iv) ਆਗਿਆਵਾਚੀ ਵਾਕਾਂ ਵਿਚਲੀ ਕਿਰਿਆ ਤੋਂ ਕਰਤਾ ਦੇ ਲਿੰਗ ਦਾ ਬੋਧ ਹੁੰਦਾ ਹੈ ਜਿਵੇਂ : ਲਿੰਗ-ਬੋਧਕ ਕਿਰਿਆ (ਤੂੰ ਪਿੰਡ ਜਾਂਦੋ, ਤੂੰ ਪਿੰਡ ਜਾਂਦੀਓਂ) ਗੈਰ-ਲਿੰਗ ਬੋਧਕ (ਤੂੰ ਵੱਡੇ ਪਾਰਕ ਵਿਚ ਆ ਜਾਵੀਂ), (v) ਆਗਿਆਵਾਦੀ ਵਾਕਾਂ ਦੀ ਬਣਤਰ ਵਿਚ ਸਹਾਇਕ ਕਿਰਿਆ ਦੀ ਵਰਤੋਂ ਨਹੀਂ ਹੁੰਦੀ (ਠੰਡਾ ਪਾਣੀ ਪੀ ਲੈ (ਹੈ), ਤੂੰ ਕੋਈ ਖਤ ਲਿਖਦੋਂ (ਸੀ), (vi) ਆਗਿਆਵਾਚੀ ਵਾਕਾਂ ਦੇ ਨਾਂਹ-ਪੱਖੀ ਰੂਪਾਂ ਵਿਚ ਨਾਂਹ-ਸੂਚਕ ‘ਨਾ’ ਦੀ ਵਰਤੋਂ ਹੁੰਦੀ ਹੈ (ਤੂੰ ਕੋਈ ਖਤ ਨਾ ਲਿਖਦੋਂ, ਠੰਡਾ ਪਾਣੀ ਨਾ ਪੀ) (vii) ਆਗਿਆਵਾਚੀ ਵਾਕਾਂ ਦੀ ਕਿਰਿਆ ਜਾਂ ਤਾਂ ਧਾਤੂ ਰੂਪ ਵਿਚ ਵਿਚਰਦੀ ਹੈ ਜਾਂ ਫਿਰ ਇਨ੍ਹਾਂ ਨਾਲ ਆਗਿਆ-ਬੋਧਕ ਅੰਤਕ ਲਗਦੇ ਹਨ। ਆਗਿਆ-ਬੋਧਕ ਅੰਤਕ ਇਸ ਪਰਕਾਰ ਹਨ, ਜਿਵੇਂ : ਸਧਾਰਨ ਆਗਿਆਵਾਚੀ ਵਾਕਾਂ ਵਿਚ ਇਕ ਵਚਨ ਕਿਰਿਆ ‘-ਆ’ ਅੰਤਕ ਹੁੰਦੀ ਹੈ। ਸਧਾਰਨ ਆਗਿਆਵਾਚੀ ਵਾਕਾਂ ਵਿਚ ਬਹੁ-ਵਚਨ ਸੂਚਕ ਕਿਰਿਆ (-ਓ, -ਵੋ, -ਆ, -ਅਣੋ, -ਔ) ਅੰਤਕ ਹੁੰਦੀ ਹੈ। ਨਿਮਰਤਾ-ਪੂਰਵਕ ਆਗਿਆਵਾਚੀ ਵਾਕਾਂ ਵਿਚ ਇਕ ਵਚਨ ਕਿਰਿਆ (-ਈਂ, ਵੀਂ, ਈਵੀਂ) ਅੰਤਕ ਹੁੰਦੀ ਹੈ। ਨਿਮਰਤਾ-ਪੂਰਵਕ ਆਗਿਆਵਾਚੀ ਵਾਕਾਂ ਵਿਚ ਬਹੁਵਚਨ ਕਿਰਿਆ (-ਦਿਓ, -ਓ, -ਈਓ) ਅੰਤਕ ਹੁੰਦੀ ਹੈ। ਇਸ ਤੋਂ ਇਲਾਵਾ ਸਧਾਰਨ ਆਗਿਆਵਾਚੀ ਵਾਕਾਂ ਦੀ ਕਿਰਿਆ (-ਈਏ) ਅੰਤਕ ਹੁੰਦੀ ਹੈ ਅਤੇ ਨਿਮਰਤਾ-ਪੂਰਵਕ ਆਗਿਆਵਾਚੀ ਇਕ ਵਚਨ ਤੇ ਬਹੁਵਚਨ-ਸੂਚਕ ਕਿਰਿਆ (-ਅਣ, -ਅਣਾ, -ਓ+ਨਾ, -ਦੋਂ, -ਦੀਓਂ) ਅੰਤਕ ਹੁੰਦੀ ਹੈ। ਸਧਾਰਨ ਆਗਿਆਵਾਚੀ ਵਾਕਾਂ ਰਾਹੀਂ ਹੁਕਮ ਜਾਂ ਬੇਨਤੀ ਦਾ ਕਾਰਜ ਹੁੰਦਾ ਹੈ ਜਦੋਂ ਕਿ ਨਿਮਰਤਾ-ਪੂਰਵਕ ਆਗਿਆਵਾਚੀ ਵਾਕ ਬੇਨਤੀ ਦਾ ਕਾਰਜ ਕਰਦੇ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.