ਆਦਿ-ਗ੍ਰੰਥ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਆਦਿ-ਗ੍ਰੰਥ: ਗੁਰੂ ਗ੍ਰੰਥ ਸਾਹਿਬ ਦਾ ਇਕ ਨਾਮਾਂਤਰ ‘ਆਦਿ-ਗ੍ਰੰਥ’ ਵੀ ਹੈ। ਇਸ ਨੂੰ ਪਹਿਲਾ ਜਾਂ ਮੁਢਲਾ ਗ੍ਰੰਥ ਕਹਿਣ ਲਈ ਇਸ ਸ਼ਬਦ ਦਾ ਸਰਬ-ਪ੍ਰਥਮ ਪ੍ਰਯੋਗ ਭਾਈ ਕੇਸਰ ਸਿੰਘ ਛਿੱਬਰ ਦੁਆਰਾ ‘ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਕਾ ’ ਦੇ ਚੌਦਵੇਂ ਚਰਣ ਵਿਚ ਹੋਇਆ ਹੈ। ਉਥੇ ਛੋਟੇ ਗ੍ਰੰਥ (‘ਦਸਮ-ਗ੍ਰੰਥ ’) ਨਾਲੋਂ ਨਿਖੇੜਾ ਕਰਦਿਆਂ ਛਿੱਬਰ ਨੇ ਕਿਹਾ ਹੈ — ਸੰਮਤੁ ਸੋਲਾ ਸੈ ਅਠਵੰਜਾ ਸੇ ਗਏ। ਤਬ ਆਦਿ ਗ੍ਰੰਥ ਜੀ ਜਨਮੁ ਲਏ। ਗੁਰੂ ਅਰਜਨ ਜੀ ਕੇ ਧਾਮ ਗ੍ਰੰਥ ਸਾਹਿਬ ਜਨਮੁ ਹੈ ਧਾਰਾ। ਦਾਇਆ ਸੀ ਭਾਈ ਗੁਰਦਾਸ ਲਿਖਾਰੀ ਖਿਡਾਵਣਹਾਰਾ।226। ਛੋਟਾ ਗ੍ਰੰਥ ਜੀ ਜਨਮੇ ਦਸਵੇ ਪਾਤਸਾਹ ਕੇ ਧਾਮ। ਸੰਮਤੁ ਸਤਾਰਾ ਸੈ ਪਜਵੰਝਾ ਬਹੁਤ ਖਿਡਾਵੇ ਲਿਖਾਰੇ ਨਾਮ। ਸਾਹਿਬ ਨੂੰ ਸੀ ਪਿਆਰਾ ਅਪਨੀ ਹਥੀ ਲਿਖਿਆ ਖਿਡਾਇਆ। ਸਿਖਾ ਕੀਤੀ ਅਰਦਾਸੁ ਜੀ ਅਗਲੇ ਨਾਲਿ ਚਾਹੀਏ ਰਲਾਇਆ।267। ਬਚਨ ਕੀਤਾ ਗ੍ਰੰਥ ਸਾਹਿਬ ਹੈ ਓਹੁ ਏਹੁ ਅਸਾਡੀ ਖੇਡ। ਨਾਲ ਨ ਮਿਲਾਇਆ ਆਹਾ ਪਿਆਰਾ ਕਉਨ ਜਾਣੇ ਭੇਦ। ... 268।
ਸਪੱਸ਼ਟ ਹੈ ਕਿ ਇਸ ਨੂੰ ਉਸ ਛੋਟੇ ਗ੍ਰੰਥ ਤੋਂ ਨਿਖੇੜਨ ਲਈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਤਿਆਰ ਹੋਇਆ ਸੀ , ਛਿੱਬਰ ਨੇ ‘ਆਦਿ-ਗ੍ਰੰਥ’ ਨਾਂ ਦੀ ਵਰਤੋਂ ਕੀਤੀ ਹੈ। ਪਰ ਇਸ ਨਾਂ ਦੀ ਵਰਤੋਂ ਦਾ ਅਧਿਕ ਪ੍ਰਚਲਨ ‘ਦਸਮ-ਗ੍ਰੰਥ’ (ਵੇਖੋ) ਦੀਆਂ ਬੀੜਾਂ ਛਪਣ ਉਪਰੰਤ, ਉਸ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਨਿਖੇੜਨ ਲਈ ਹੋਣ ਲਗਾ। ਹੁਣ ਇਹ ਨਾਂ ਕਾਫ਼ੀ ਪ੍ਰਚਲਿਤ ਹੋ ਗਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First