ਆਮਦਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਮਦਨ [ਨਾਂਇ] ਕਮਾਈ, ਲਾਭ , ਮੁਨਾਫ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਆਮਦਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਮਦਨ. ਫ਼ਾ ਕ੍ਰਿ—ਆਉਣਾ. ਆਗਮਨ। ੨ ਸੰਗ੍ਯਾ—ਆਮਦ. ਆਮਦਨੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਮਦਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Income_ਆਮਦਨ: ਮਨੁੱਖ ਦੇ ਕਾਰੋਬਾਰ , ਮਿਹਨਤ ਜਾਂ ਨਿਵੇਸ਼ ਕੀਤੀ ਪੂੰਜੀ ਤੋਂ ਪ੍ਰਾਪਤ ਹੋਣ ਵਾਲਾ ਧਨ। ਕਾਰੋਬਾਰ ਤੋਂ ਹੋਣ ਵਾਲੇ ਲਾਭ ਅਥਵਾ ਨਫ਼ਾ ਇਸ ਵਿਚ ਸ਼ਾਮਲ ਹੈ।
ਬਲੈਕ ਦੀ ਲਾ ਡਿਕਸ਼ਲਰੀ ਅਨੁਸਾਰ ਆਮਦਨ ਤੋਂ ਮਤਲਬ ਹੈ ਉਹ ਧਨ ਜਾਂ ਅਦਾਇਗੀ ਜੋ ਮਨੁੱਖ ਨੂੰ ਆਮ ਤੌਰ ਤੇ ਸਮੇਂ ਸਮੇਂ, ਰੋਜ਼ਗਾਰ , ਕਾਰੋਬਾਰ, ਪੂੰਜੀ-ਨਿਵੇਸ਼, ਰਾਇਲਟੀ , ਗਿਫ਼ਟ ਅਤੇ ਉਸ ਵਰਗੀ ਹੋਰ ਪ੍ਰਾਪਤੀ ਮਿਲਦੀ ਹੈ।
ਯੂਨੀਵਰਸਲ ਰੈਡੀਏਟਰਜ਼ ਬਨਾਮ, ਕਮਿਸ਼ਨਰ ਆਫ਼ ਇਨਕਮ ਟੈਕਸ (ਏ ਆਈ ਆਰ 1993 ਐਸ ਸੀ 2254) ਅਨੁਸਾਰ ਆਮਦਨ ਦਾ ਸਾਧਾਰਨ ਤੌਰ ਤੇ ਆਮ ਭਾਵ ਵਿਚ ਮਤਲਬ ਹੈ ਕੋਈ ਕਮਾਈ, ਨਫ਼ਾ ਜਾਂ ਲਾਭ ਜੋ ਮਨੁਖ ਨੂੰ ਬਾਕਾਇਦਗੀ ਨਾਲ ਸਮੇਂ ਸਮੇਂ ਇਥੋਂ ਤਕ ਕਿ ਰੋਜ਼ਾਨਾ, ਕਿਸੇ ਵੀ ਸਾਧਨ ਤੋਂ ਕਿਸੇ ਵੀ ਤਰ੍ਹਾਂ ਪ੍ਰਾਪਤ ਹੁੰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਆਮਦਨ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਆਮਦਨ : ਆਰਥਿਕ ਸਿਧਾਂਤ ਦੇ ਦ੍ਰਿਸ਼ਟੀਕੋਣ ਤੋਂ ਆਮਦਨ ਦੀ ਪਰਿਭਾਸ਼ਾ ਇੱਕ ਨਿਸ਼ਚਿਤ ਸਮੇਂ ਵਿੱਚ ਇੱਕ ਆਰਥਿਕ ਇਕਾਈ ਦੁਆਰਾ ਪੈਦਾ ਕੀਤੀ ਜਾਣ ਵਾਲੀ ਧਨ-ਰਾਸ਼ੀ (ਜੋ ਉਸਦੀ ਆਰਥਿਕ ਸਮਰੱਥਾ/ ਧਨ-ਸੰਪਤੀ ਨੂੰ ਬਿਨਾਂ ਘੱਟ ਕਰੇ ਪ੍ਰਾਪਤ ਹੋਏ ਜਾਂ ਉਸ ਇਕਾਈ ਨੂੰ ਮਿਲਣ ਵਾਲੀ ਆਮਦਨ/ਭੁਗਤਾਨ ਵਿੱਚੋਂ ਆਮਦਨ ਸਮਰੱਥਾ/ਧਨ-ਸੰਪਤੀ ਦੀ ਦੇਖ-ਰੇਖ ਦੇ ਖ਼ਰਚੇ ਨੂੰ ਕੱਢ ਕੇ ਪ੍ਰਾਪਤ ਹੋਏ) ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਪਰ ਰਾਸ਼ਟਰੀ ਆਮਦਨ ਲੇਖੇ, ਇਸ ਦੇ ਉਲਟ, ਵਰਤਮਾਨ ਆਮਦਨ/ਭੁਗਤਾਨਾਂ (ਆਮਦਨ ਪੈਦਾ ਕਰਨ ਵਾਲੇ ਖ਼ਰਚਿਆਂ ਨੂੰ ਕੱਢ ਕੇ) ਵਿੱਚੋਂ ਗ਼ੈਰਮਨੁੱਖੀ ਪੂੰਜੀ ਦਾ ਘਸਾਈ ਮੁੱਲ ਘਟਾਕੇ ਪ੍ਰਾਪਤ ਰਾਸ਼ੀ ਨੂੰ ਆਮਦਨ ਦਾ ਦਰਜਾ ਦਿੰਦੇ ਹਨ। ਅਜਿਹੀ ਆਮਦਨ/ਭੁਗਤਾਨ ਉਤਪਾਦਨ ਪ੍ਰਕਿਰਿਆ (Production process) ਦੌਰਾਨ ਪੈਦਾ ਹੁੰਦੀ ਹੈ। ਇਸ ਲਈ, ਆਮਦਨ ਗਣਨਾ ਸਮੇਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਉਤਪਾਦਨ ਤੋਂ ਪੈਦਾ ਆਮਦਨ ਨੂੰ ਆਮਦਨ ਕਿਹਾ ਜਾਵੇ ਅਤੇ ਕਿਹੜੇ ਨੂੰ ਨਹੀਂ।
ਅਸਲ ਵਿੱਚ ਰਾਸ਼ਟਰੀ ਆਮਦਨ ਕਿਸੇ ਖ਼ਾਸ ਸਮੇਂ ਵਿੱਚ ਪੈਦਾ ਆਰਥਿਕ ਵਸਤੂਆਂ ਤੇ ਸੇਵਾਵਾਂ ਦੇ ਉਤਪਾਦਨ ਦੇ ਮੰਡੀ ਮੁੱਲ ਦਾ ਮਾਪ ਹੈ। ਆਰਥਿਕ ਵਸਤੂ/ਸੇਵਾ ਉਹ ਵਸਤੂ/ਸੇਵਾ ਹੈ ਜਿਸਦੀ ਮੰਡੀ ਵਿੱਚ ਵਿਕਣ ਸਮੇਂ ਇੱਕ ਕੀਮਤ ਨਿਰਧਾਰਿਤ ਹੁੰਦੀ ਹੈ। ਪਰ ਕਈ ਵਸਤੂਆਂ/ਸੇਵਾਵਾਂ ਦੇ ਉਤਪਾਦਨ ਤੋਂ ਉਤਪੰਨ ਆਮਦਨ ਨੂੰ ਮਾਪਣਾ ਕਠਿਨ ਹੈ ਕਿਉਂਕਿ ਉਹ ਮੰਡੀ ਵਿੱਚ ਵਿਕਣ ਲਈ ਨਹੀਂ ਆਉਂਦੀਆਂ ਪਰ ਜੇਕਰ ਮੰਡੀ ਵਿੱਚ ਵਿਕਣ ਲਈ ਆਉਣ ਤਾਂ ਇੱਕ ਕੀਮਤ ਮਿਲੇਗੀ ਜਿਵੇਂ ਕਿ ਘਰੇਲੂ ਪਤਨੀ ਦਾ ਕੰਮ ਅਤੇ ਵਿਹਲਾ ਸਮਾਂ ਬਿਤਾਉਣ ਲਈ ਅਪਣਾਏ ਅਣਗਿਣਤ ਤਰੀਕੇ। ਸਿੱਟੇ ਵਜੋਂ, ਅਜਿਹੀਆਂ ਵਸਤੂਆਂ/ਸੇਵਾਵਾਂ ਰਾਸ਼ਟਰੀ ਆਮਦਨ ਜਾਂ ਉਤਪਾਦਨ ਦੀ ਮੂਲ ਅਤੇ ਵਿਵਹਾਰਿਕ ਪਰਿਭਾਸ਼ਾ ਦੇ ਘੇਰੇ ਤੋਂ ਬਾਹਰ ਰਹਿ ਜਾਂਦੀਆਂ ਹਨ। ਸੋ, ਰਾਸ਼ਟਰੀ ਆਮਦਨ ਲੇਖੇ ਅਨੁਸਾਰ ਰਾਸ਼ਟਰੀ ਆਮਦਨ ਵਿੱਚ ਆਮ ਤੌਰ ’ਤੇ ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ, ਜੋ ਮੰਡੀ ਵਿੱਚ ਵਿਕਣ ਲਈ ਆਉਂਦੀਆਂ ਹਨ, ਨੂੰ ਸ਼ਾਮਲ ਕੀਤਾ ਜਾਂਦਾ ਹੈ।
ਫਿਰ ਵੀ ਇਸ ਨਿਯਮ ਦੇ ਕਈ ਅਪਵਾਦ ਹਨ ਜਿੱਥੇ ਗ਼ੈਰਮੰਡੀ ਕਿਰਿਆਵਾਂ ਵਿੱਚ ਉਤਪੰਨ ਆਮਦਨ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਜਿਵੇਂ:
1. ਵਸਤੂ ਰੂਪ ’ਚ ਮਜ਼ਦੂਰੀ (ਮੁਫ਼ਤ ਖਾਣਾ ਤੇ ਵਰਦੀ ਆਦਿ),
2. ਵਸਤੂ ਰੂਪ ’ਚ ਖੇਤੀ-ਬਾੜੀ ਆਮਦਨ (ਖੇਤਾਂ ਵਿੱਚ ਫ਼ਸਲਾਂ ਉਗਾਉਣ ਲਈ ਪਸੂ ਧਨ ਅਤੇ ਬੀਜਾਂ ਦੀ ਵਰਤੋਂ),
3. ਮਾਲਕਾਂ ਵੱਲੋਂ ਸ੍ਵੈ-ਕਾਬਜ਼ ਮਕਾਨਾਂ ਦਾ ਅਨੁਮਾਨਿਤ ਕਿਰਾਇਆ, ਅਤੇ
4. ਵਿੱਤੀ ਸਾਲਸੀ ਸੰਸਥਾਵਾਂ ਤੋਂ ਮਿਲਦਾ ਵਿਆਜ।
ਇਸੇ ਤਰ੍ਹਾਂ ਕੁਝ ਕਿਰਿਆਵਾਂ ਭਾਵੇਂ ਮੰਡੀ ਕਿਰਿਆਵਾਂ ਨਾਲ ਸੰਬੰਧਿਤ ਹਨ, ਪਰ ਉਹਨਾਂ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਉਦਾਹਰਨ ਦੇ ਤੌਰ ’ਤੇ :
1. ਗ਼ੈਰਕਨੂੰਨੀ ਕਿਰਿਆਵਾਂ ਤੋਂ ਆਮਦਨ (Income from illegal activitites) ਜਿਵੇਂ ਜੂਏਬਾਜ਼ੀ (ਜਿੱਥੇ ਗ਼ੈਰਕਨੂੰਨੀ ਹੋਵੇ), ਵੇਸ਼ਵਾ-ਗਮਨੀ (ਜਿੱਥੇ ਗ਼ੈਰਕਨੂੰਨੀ ਹੋਵੇ) ਅਤੇ ਨਸ਼ੀਲੀਆਂ ਚੀਜ਼ਾਂ ਦੀ ਵਿਕਰੀ।
2. ਬਦਲੀ ਭੁਗਤਾਨ ਆਮਦਨ (Transfer payment income) ਜਿਵੇਂ ਕਿ ਸਰਕਾਰ ਦੁਆਰਾ ਆਮਦਨ ਦੀ ਪੁਨਰ-ਵੰਡ ਜਾਂ ਆਮਦਨ ਪੱਧਰ ਨੂੰ ਬਰਕਰਾਰ ਰੱਖਣ ਦੇ ਉਦੇਸ਼ ਲਈ ਦਿੱਤਾ ਜਾਂਦਾ ਬੇਰੁਜ਼ਗਾਰੀ ਭੱਤਾ, ਸਮਾਜਿਕ ਸੁਰੱਖਿਆ ਲਾਭ ਅਤੇ ਅਚਨਚੇਤ ਆਏ ਸੰਕਟਾਂ ਵਿੱਚ ਸਹਾਇਤਾ। ਅਸਲ ਵਿੱਚ ਅਜਿਹੇ ਬਦਲੀ ਭੁਗਤਾਨਾਂ ਤੋਂ ਪ੍ਰਾਪਤ ਆਮਦਨ ਵਰਤਮਾਨ/ਚਾਲੂ ਉਤਪਾਦਨ ਪੱਧਰ ਨੂੰ ਪ੍ਰਭਾਵਿਤ ਨਹੀਂ ਕਰਦੀ।
3. ਪੂੰਜੀ ਲਾਭ ਤੇ ਹਾਨੀਆਂ (Capital gains and losses) ਜਿਵੇਂ ਰਿਣ-ਪਤਰਾਂ ਅਤੇ ਭੌਤਿਕ ਸੰਪਤੀ ਦੀ ਖ਼ਰੀਦ-ਵੇਚ ਤੋਂ। ਇਸ ਖ਼ਰੀਦ-ਵੇਚ ’ਚ ਵਿਅਕਤੀਆਂ ਨੂੰ ਭਾਵੇਂ ਲਾਭ ਹੋਵੇ ਜਾਂ ਹਾਨੀ ਪਰ ਇਹ ਚਾਲੂ ਸਾਲ ਦੇ ਉਤਪਾਦਨ ਪੱਧਰ ਨਾਲ ਸੰਬੰਧਿਤ ਨਹੀਂ ਹੁੰਦੇ। ਸੋ, ਅਜਿਹੀ ਖ਼ਰੀਦ-ਵੇਚ ਤੋਂ ਲਾਭ/ਹਾਨੀ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।
4. ਸਰਕਾਰਾਂ ਅਤੇ ਉਪਭੋਗੀਆਂ ਵੱਲੋਂ ਦਿੱਤਾ ਵਿਆਜ-ਭੁਗਤਾਨ (Interest payment by governments and by consumers) ਜਿਵੇਂ ਰਾਸ਼ਟਰੀ ਕਰਜ਼ੇ ਤੇ ਵਿਆਜ। ਸਰਕਾਰਾਂ ਅਤੇ ਉਪਭੋਗੀਆਂ ਦੁਆਰਾ ਲਏ ਗਏ ਉਧਾਰ-ਫੰਡਾਂ ਦਾ ਬਹੁਤ ਵੱਡਾ ਹਿੱਸਾ ਚਾਲੂ ਉਪਭੋਗ ਦੀ ਲੋੜਾਂ ਪੂਰੀਆਂ ਕਰਨ ਅਤੇ ਕਦੇ-ਕਦਾਈਂ (ਬਹੁਤਾ ਹੀ ਘੱਟ ਹਿੱਸਾ) ਆਮਦਨ ਪ੍ਰਵਾਹ ਪੈਦਾ ਕਰਨ ਵਾਲੀ ਭੌਤਿਕ ਸੰਪਤੀ ਉੱਤੇ ਖ਼ਰਚ ਹੁੰਦਾ ਹੈ। ਇਸ ਅਨੁਸਾਰ ਵਿਆਜ-ਭੁਗਤਾਨ ਦੇ ਵੱਡੇ ਹਿੱਸੇ ਨੂੰ ਉਤਪਾਦਨ ਦੇ ਕਿਸੇ ਸਾਧਨ (ਪੂੰਜੀ) ਦਾ ਸੇਵਾ-ਫਲ ਨਹੀਂ ਮੰਨਿਆ ਜਾਂਦਾ। ਸੋ, ਅਜਿਹੇ ਵਿਆਜ-ਭੁਗਤਾਨ ਨੂੰ ਰਾਸ਼ਟਰੀ ਆਮਦਨ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।
ਰਾਸ਼ਟਰੀ ਆਮਦਨ ਲੇਖੇ ਅਨੁਸਾਰ ਉਤਪਾਦਨ ਪੱਖੋਂ ਆਮਦਨ ਗਣਨਾ ਲਈ ਅੰਤਿਮ ਉਤਪਾਦਨ (Final production) ਅਤੇ ਮੱਧਵਰਤੀ ਉਤਪਾਦਨ (Intermediate production) ਵਿੱਚ ਅੰਤਰ ਨੂੰ ਵੀ ਸਮਝਣਾ ਜ਼ਰੂਰੀ ਹੈ। ਅੰਤਿਮ ਉਤਪਾਦਨ ਤੋਂ ਭਾਵ ਉਸ ਉਤਪਾਦਨ ਤੋਂ ਹੈ, ਜੋ ਉਪਭੋਗ ਅਤੇ ਨਿਵੇਸ਼ ਦੇ ਉਦੇਸ਼ ਨਾਲ ਬਜ਼ਾਰ ਵਿੱਚ ਵਿਕਰੀ ਲਈ ਆਉਂਦਾ ਹੈ ਅਤੇ ਜਿਸਦੀ ਪੁਨਰ ਵਿਕਰੀ ਨਹੀਂ ਹੁੰਦੀ। ਦੂਸਰੇ ਪਾਸੇ, ਮੱਧਵਰਤੀ ਉਤਪਾਦਨ ਉਹ ਉਤਪਾਦਨ ਹੈ ਜਿਸਦੀ ਵਰਤੋਂ ਹੋਰ ਉਤਪਾਦਨ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਜਾਂ ਜਿਸਦੀ ਮੁੜ ਕੇ ਵਿਕਰੀ ਕੀਤੀ ਜਾਂਦੀ ਹੈ। ਰਾਸ਼ਟਰੀ ਆਮਦਨ ਦੀ ਗਣਨਾ ਵਿੱਚ ਮੱਧਵਰਤੀ ਉਤਪਾਦਨ ਦੇ ਮੁੱਲ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਇਸ ਦਾ ਮੁੱਲ ਅੰਤਿਮ ਉਤਪਾਦਨ ਦੇ ਮੁੱਲ ਵਿੱਚ ਹੀ ਸ਼ਾਮਲ ਹੁੰਦਾ ਹੈ। ਇਸ ਫ਼ਰਕ ਦੀਆਂ ਵੀ ਦੋ ਛੋਟਾਂ ਹਨ। ਪਹਿਲੀ, ਸਰਕਾਰ ਦੁਆਰਾ ਵਸਤੂਆਂ ਤੇ ਸੇਵਾਵਾਂ ਦੀ ਖ਼ਰੀਦ (ਭਾਵੇਂ ਇਹ ਨਿੱਜੀ ਵਪਾਰੀਆਂ ਤੋਂ ਹੋਵੇ ਜਾਂ ਸਰਕਾਰੀ ਕਰਮਚਾਰੀਆਂ ਦੀਆਂ ਸੇਵਾਵਾਂ ਦੇ ਰੂਪ ਵਿੱਚ); ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਵਸਤੂਆਂ/ ਸੇਵਾਵਾਂ ਮੁੱਖ ਤੌਰ ’ਤੇ ਮੱਧਵਰਤੀ ਉਤਪਾਦਨ ਹੀ ਹਨ ਕਿਉਂਕਿ ਸਰਕਾਰੀ ਸੇਵਾਵਾਂ ਜਿਵੇਂ ਰਾਸ਼ਟਰੀ ਸੁਰੱਖਿਆ, ਪੁਲਿਸ, ਮੁੱਖ ਰਾਹਾਂ ਦਾ ਨਿਰਮਾਣ ਅਤੇ ਪ੍ਰਸ਼ਾਸਨ ਉੱਤੇ ਖ਼ਰਚ ਦੇ ਸਿੱਟੇ ਵਜੋਂ ਦੇਸ ਵਿੱਚ ਅੰਤਿਮ ਉਤਪਾਦਨ ਸੰਭਵ ਹੁੰਦਾ ਹੈ। ਰਾਸ਼ਟਰੀ ਆਮਦਨ ਲੇਖੇ ਅਨੁਸਾਰ ਇਹਨਾਂ ਉੱਤੇ ਖ਼ਰਚ ਨੂੰ ਅੰਤਿਮ ਉਤਪਾਦਨ ਮੰਨਿਆ ਜਾਣਾ ਚਾਹੀਦਾ ਹੈ। ਦੂਜੀ, ਪੂੰਜੀਗਤ ਵਸਤੂਆਂ ਬਾਰੇ; ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਪੂੰਜੀਗਤ ਵਸਤੂਆਂ ਵੀ ਮੱਧਵਰਤੀ ਉਤਪਾਦਨ ਦੀ ਤਰ੍ਹਾਂ ਹੀ ਹਨ ਕਿਉਂਕਿ ਇਹ ਉਤਪਾਦਨ ਪ੍ਰਕਿਰਿਆ ਵਿੱਚ ਆਗਤਾਂ (Inputs) ਦਾ ਕੰਮ ਕਰਦੀਆਂ ਹਨ। ਪਰ ਪੂੰਜੀਗਤ ਵਸਤੂਆਂ ਕਾਫ਼ੀ ਲੰਬਾ ਸਮਾਂ ਸੇਵਾਵਾਂ ਦਾ ਪ੍ਰਵਾਹ ਵੀ ਪੈਦਾ ਕਰਦੀਆਂ ਹਨ। ਇਸ ਲਈ, ਸੁਭਾਅ ਪੱਖੋਂ ਪੂੰਜੀਗਤ ਵਸਤੂਆਂ ਅੰਤਿਮ ਉਤਪਾਦਨ ਦਾ ਮਾਪ ਹੀ ਹਨ। ਸਿੱਟੇ ਵਜੋਂ ਪੂੰਜੀਗਤ ਵਸਤੂਆਂ ਨੂੰ ਰਾਸ਼ਟਰੀ ਆਮਦਨ ਲੇਖੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਅਰਥ-ਵਿਗਿਆਨੀ ਕਿਸੇ ਅਰਥ-ਵਿਵਸਥਾ ਵਿੱਚ ਰਾਸ਼ਟਰੀ ਆਮਦਨ ਅਤੇ ਉਤਪਾਦਨ ਗਣਨਾ ਲਈ ਦੋਹਰੀ-ਆਮਦਨ ਲੇਖਾ ਪ੍ਰਨਾਲੀ ਦੀ ਵਰਤੋਂ ਕਰਦੇ ਹਨ। ਅਜਿਹੀ ਪ੍ਰਨਾਲੀ ਆਮ ਤੌਰ ’ਤੇ ਰਾਸ਼ਟਰੀ ਆਮਦਨ ਲੇਖੇ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਸ ਲੇਖਾ ਪ੍ਰਨਾਲੀ ਤੋਂ ਰਾਸ਼ਟਰੀ ਆਮਦਨ ਜਾਂ ਉਤਪਾਦਨ ਦੀਆਂ ਵੱਖ-ਵੱਖ ਧਾਰਨਾਵਾਂ ਅਤੇ ਮਾਪਣ ਦੇ ਕਈ ਢੰਗਾਂ ਦਾ ਪਤਾ ਲੱਗਦਾ ਹੈ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਧਾਰਨਾ ਕੁੱਲ ਰਾਸ਼ਟਰੀ ਉਤਪਾਦਨ (GNP) ਦੀ ਹੈ। ਰਾਸ਼ਟਰੀ ਆਮਦਨ ਜਾਂ ਉਤਪਾਦਨ ਦੀਆਂ ਦੂਜੀਆਂ ਲਾਭਦਾਇਕ ਧਾਰਨਾਵਾਂ ਹਨ : ਸ਼ੁੱਧ ਰਾਸ਼ਟਰੀ ਆਮਦਨ (NNP), ਕੁੱਲ ਰਾਸ਼ਟਰੀ ਆਮਦਨ (GNP), ਰਾਸ਼ਟਰੀ ਆਮਦਨ (NY) ਅਤੇ ਵਿਅਕਤੀਗਤ ਆਮਦਨ (PY)।
1. ਕੁੱਲ ਰਾਸ਼ਟਰੀ ਉਤਪਾਦਨ (GNP) ਨੂੰ ਇੱਕ ਅਰਥ-ਵਿਵਸਥਾ ਵਿੱਚ ਇੱਕ ਲੇਖੇ ਸਾਲ ’ਚ ਪੈਦਾ ਹੋਣ ਵਾਲੀਆਂ ਸਾਰੀਆਂ ਅੰਤਿਮ ਵਸਤੂਆਂ ਅਤੇ ਸੇਵਾਵਾਂ ਦੇ ਬਜ਼ਾਰ ਮੁੱਲ ਦੇ ਜੋੜ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਕੁੱਲ ਰਾਸ਼ਟਰੀ ਉਤਪਾਦਨ ਦੀ ਗਣਨਾ ਲਈ ਇੱਕ ਲੇਖੇ ਸਾਲ ਵਿੱਚ ਉਤਪੰਨ ਹਰ ਵਸਤੂ ਜਾਂ ਸੇਵਾ ਦੀ ਮਾਤਰਾ ਅਤੇ ਉਸਦੀ ਬਜ਼ਾਰ ਕੀਮਤ ਦਾ ਵੇਰਵਾ ਜ਼ਰੂਰੀ ਹੈ ਤਾਂ ਜੋ ਵਸਤੂ-ਮੁੱਲ (ਮਾਤਰਾ ਨੂੰ ਕੀਮਤ ਨਾਲ ਗੁਣਾ ਕਰਕੇ) ਦਾ ਪਤਾ ਲੱਗ ਸਕੇ। ਫਿਰ ਇਹਨਾਂ ਸਭ ਮੁੱਲਾਂ ਨੂੰ ਜੋੜ ਕੇ ਕੁੱਲ ਵਸਤੂਆਂ ਤੇ ਸੇਵਾਵਾਂ ਦੇ ਉਤਪਾਦਨ ਦੇ ਮੁੱਲ ਦਾ ਪਤਾ ਚੱਲਦਾ ਹੈ, ਜਿਸ ਨੂੰ ਕੁੱਲ ਰਾਸ਼ਟਰੀ ਉਤਪਾਦਨ ਕਿਹਾ ਜਾਂਦਾ ਹੈ।
2. ਸ਼ੁੱਧ ਰਾਸ਼ਟਰੀ ਉਤਪਾਦਨ (NNP) ਦੀ ਧਾਰਨਾ ਕੁੱਲ ਰਾਸ਼ਟਰੀ ਉਤਪਾਦਨ ਨਾਲੋਂ ਦੇਸ ਦੀ ਆਰਥਿਕ ਪ੍ਰਗਤੀ ਦੀ ਵਧੀਆ ਤਸਵੀਰ ਪੇਸ਼ ਕਰਦੀ ਹੈ ਕਿਉਂਕਿ ਇਹ ਉਤਪਾਦਨ ਦੇ ਉਸ ਭਾਗ ਦਾ ਮਾਪ ਹੈ ਜੋ ਪੂੰਜੀਗਤ ਵਸਤੂਆਂ ਦੀ ਦੇਖ-ਭਾਲ ਦੇ ਖ਼ਰਚੇ ਨੂੰ ਘਟਾ ਕੇ ਬਚਦਾ ਹੈ। ਇਸ ਲਈ, ਕੁੱਲ ਰਾਸ਼ਟਰੀ ਉਤਪਾਦਨ ਵਿੱਚੋਂ ਪੂੰਜੀ ਉਪਭੋਗ ਮੁੱਲ (ਘਿਸਾਈ ਮੁੱਲ) ਘਟਾ ਕੇ ਸ਼ੁੱਧ ਰਾਸ਼ਟਰੀ ਉਤਪਾਦਨ ਪ੍ਰਾਪਤ ਹੁੰਦਾ ਹੈ। ਪਰ ਪੂੰਜੀ ਦੇ ਘਸਾਈ ਮੁੱਲ ਨਾਲ ਸੰਬੰਧਿਤ ਦਰ ਕੁਝ ਹੱਦ ਤੱਕ ਨਾ-ਮੰਨਣਯੋਗ ਹੁੰਦੀ ਹੈ, ਇਸ ਲਈ ਸ਼ੁੱਧ ਰਾਸ਼ਟਰੀ ਉਤਪਾਦਨ ਦੀ ਧਾਰਨਾ ਦੀ ਵਿਵਹਾਰਕ ਵਰਤੋਂ ਜ਼ਿਆਦਾ ਨਹੀਂ ਹੁੰਦੀ।
3. ਕੁੱਲ ਰਾਸ਼ਟਰੀ ਆਮਦਨ (GNY) ਇਹ ਅਰਥ- ਵਿਵਸਥਾ ਦਾ ਇੱਕ ਲੇਖੇ ਸਾਲ ਵਿੱਚ ਪੈਦਾ ਕੁੱਲ ਆਮਦਨ ਜਾਂ ਮੁੱਲ-ਵਾਧੇ ਦੀ ਬਜ਼ਾਰ ਕੀਮਤ ਦਾ ਜੋੜ ਹੈ। ਉਤਪਾਦਨ ਪ੍ਰਕਿਰਿਆ ਵਿੱਚ ਲੱਗੀ ਕਿਰਤ ਅਤੇ ਪੂੰਜੀ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਪ੍ਰਾਪਤ ਭੁਗਤਾਨ ਨੂੰ ਮੁੱਲ-ਵਾਧਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਮੁੱਲ-ਵਾਧਾ ਮੰਡੀ ਜਾਲ ਵਿੱਚ ਵਿਚਰਦੀਆਂ ਵੱਖ-ਵੱਖ ਇਕਾਈਆਂ (ਕਾਰਜ-ਕਰਤਾਵਾਂ) ਨੂੰ ਪ੍ਰਾਪਤ ਵੰਡਣਯੋਗ ਧਨ-ਰਾਸ਼ੀ ਦੇ ਬਰਾਬਰ ਵੀ ਹੁੰਦਾ ਹੈ।
4. ਰਾਸ਼ਟਰੀ ਆਮਦਨ (NY) ਉਤਪਾਦਨ ਦੇ ਸਾਧਨਾਂ ਜਿਵੇਂ ਕਿਰਤ, ਪੂੰਜੀ ਤੇ ਕੁਦਰਤੀ ਸਾਧਨਾਂ ਦੀਆਂ ਉਤਪਾਦਕ ਕਿਰਿਆਵਾਂ ਦੇ ਸਿੱਟੇ ਵਜੋਂ ਮਿਲੇ ਸੇਵਾ-ਫਲ ਜਾਂ ਕਮਾਈ ਆਮਦਨ (Earned income) ਦਾ ਮਾਪ ਹੈ। ਸ਼ੁੱਧ ਰਾਸ਼ਟਰੀ ਉਤਪਾਦਨ (NNP) ਵਿੱਚੋਂ ਸ਼ੁੱਧ ਅਪ੍ਰਤੱਖ ਕਰ (ਕੁੱਲ ਅਪ੍ਰਤੱਖ ਕਰਾਂ ਵਿੱਚੋਂ ਆਰਥਿਕ ਸਹਾਇਤਾ ਘਟਾ ਕੇ) ਕਢ ਕੇ ਬਾਕੀ ਬਚੇ ਹਿੱਸੇ ਨੂੰ ਰਾਸ਼ਟਰੀ ਆਮਦਨ ਕਹਿੰਦੇ ਹਨ ਜਾਂ ਕੁੱਲ ਰਾਸ਼ਟਰੀ ਉਤਪਾਦਨ ਵਿੱਚੋਂ ਪੂੰਜੀਗਤ ਵਸਤੂਆਂ ਦੇ ਘਸਾਈ ਮੁੱਲ ਅਤੇ ਸ਼ੁੱਧ ਅਪ੍ਰਤੱਖ ਕਰ ਘਟਾ ਕੇ ਵੀ ਰਾਸ਼ਟਰੀ ਆਮਦਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
5. ਵਿਅਕਤੀਗਤ ਆਮਦਨ (PY) ਇੱਕ ਲੇਖੇ ਸਾਲ ਵਿੱਚ ਮਨੁੱਖਾਂ ਨੂੰ ਸਾਰੇ ਸੋਮਿਆਂ ਤੋਂ ਪ੍ਰਾਪਤ ਕਮਾਈ ਆਮਦਨ ਅਤੇ ਚਾਲੂ ਬਦਲੀ ਭੁਗਤਾਨ/ਆਮਦਨ ਦੇ ਜੋੜ ਦਾ ਮਾਪ ਹੈ। ਕਿਸੇ ਵਿਅਕਤੀ ਨੂੰ ਪ੍ਰਾਪਤ ਬਦਲੀ ਭੁਗਤਾਨ/ਆਮਦਨ ਦੇ ਕਈ ਰੂਪ ਹੋ ਸਕਦੇ ਹਨ, ਜਿਵੇਂ ਕਿ (i) ਰਾਸ਼ਟਰੀ ਕਰਜ਼ੇ ਉੱਤੇ ਵਿਆਜ, (ii) ਸਰਕਾਰਾਂ ਤੋਂ ਮਿਲਦਾ ਬੇਰੁਜ਼ਗਾਰੀ ਭੱਤਾ ਤੇ ਸਮਾਜਿਕ ਸੁਰੱਖਿਆ ਲਾਭ, (iii) ਸੰਪਤੀ ਦੀਆਂ ਕੀਮਤਾਂ ਵਧਣ ਉੱਤੇ ਪੂੰਜੀ ਲਾਭ, ਅਤੇ (iv) ਮਨੁੱਖਾਂ ਦੁਆਰਾ ਤੋਹਫ਼ਿਆਂ ਦਾ ਆਪਸੀ ਅਦਾਨ-ਪ੍ਰਦਾਨ। ਦੂਸਰੇ ਪਾਸੇ, ਵਿਅਕਤੀਗਤ ਕਮਾਈ ਆਮਦਨ ਮਨੁੱਖਾਂ ਵੱਲੋਂ ਆਪਣੇ ਲਈ ਜਾਂ ਦੂਜਿਆਂ ਲਈ ਕੀਤੇ ਉਤਪਾਦਨ ਕਾਰਜਾਂ ਦਾ ਪੁਰਸਕਾਰ ਹੈ। ਅਸਲ ਵਿੱਚ, ਵਿਅਕਤੀਗਤ ਕਮਾਈ ਆਮਦਨ ਹੀ ਵਿਅਕਤੀਆਂ ਨੂੰ ਆਪਣਾ ਵਿਹਲਾ ਸਮਾਂ (Leisure) ਤਿਆਗਣ ਅਤੇ ਆਪਣੇ-ਆਪ ਨੂੰ ਉਤਪਾਦਕ ਕਿਰਿਆਵਾਂ ਵਿੱਚ ਲਗਾਉਣ ਦਾ ਪ੍ਰੇਰਨਾ ਸ੍ਰੋਤ ਹੈ।
ਲੇਖਕ : ਬਲਦੇਵ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-25-03-57-23, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First