ਆਰਥੋਗਰਾਫੀ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਆਰਥੋਗਰਾਫੀ: ਲਿਖਣ ਦੇ ਢੰਗ ਨੂੰ ਆਰਥੋਗਰਾਫੀ ਕਿਹਾ ਜਾਂਦਾ ਹੈ। ਲਿਪੀ, ਆਰਥੋਗਰਾਫੀ ਦਾ ਇਕ ਭਾਗ ਹੈ। ਲਿਪੀ ਨੂੰ ਆਰਥੋਗਰਾਫੀ ਨਹੀਂ ਕਿਹਾ ਜਾ ਸਕਦਾ। ਗੁਰਮੁਖੀ ਆਰਥੋਗਰਾਫੀ ਬਾਰੇ ਹਰਜੀਤ ਸਿੰਘ ਗਿੱਲ ਅਤੇ ਹੈਨਰੀ ਏ. ਗਲੀਸਨ (1969) ਨੇ ‘ਏ ਰੈਫਰੈਂਸ ਗਰਾਮਰ ਆਫ ਪੰਜਾਬੀ’ ਵਿਚ ਵਿਸਥਾਰ ਸਹਿਤ ਚਰਚਾ ਕੀਤੀ ਹੈ। ਸਮਾਜ ਭਾਸ਼ਾ ਵਿਗਿਆਨਕ ਪਰਕਾਰਜਾਂ ਦੇ ਅਧਾਰ ਤੇ ਜੋਨ ਮਾਊਂਟਫੋਰਡ ਨੇ ਇਸ ਪਰਨਾਲੀ ਨੂੰ ਆਰਥੋਗਰਾਫੀ, ਸਟੈਨੋਗਰਾਫੀ, ਕਰਿਪਟੋਗਰਾਫੀ, ਰੇਡੀਓਗਰਾਫੀ, ਟੈਕਨੋਗਰਾਫੀ ਅਤੇ ਮਸ਼ੀਨੋਗਰਾਫੀ ਆਦਿ ਵਿਚ ਵੰਡਿਆ ਹੈ। ਵੈਨੇਜਕੀ ਅਤੇ ਵੈਲਿਸ਼ ਨੇ ਇਸ ਘੇਰੇ ਵਿਚ ਵਿਸਥਾਰ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲਿਖਣ ਪਰਬੰਧ ਵਿਚ ਲਿਪੀ ਨੂੰ ਇਕ ਵੱਡੇ ਭਾਗ ਦੇ ਤੌਰ ’ਤੇ ਵਿਚਾਰਿਆ ਜਾਂਦਾ ਹੈ। ਅਜੋਕੇ ਸਮੇਂ ਵਿਚ ਆਰਥੋਗਰਾਫੀ ਦਾ ਹੋਰ ਵੀ ਮਹੱਤਵ ਹੈ ਕਿਉਂਕਿ ਕੰਪਿਊਟਰ ਦੇ ਆਉਣ ਨਾਲ ਅਤੇ ਵਿਗਿਆਨ ਦੇ ਹੋਰਨਾਂ ਵਿਸ਼ਿਆਂ ਵਿਚ ਹੋਏ ਵਿਸਥਾਰ ਨਾਲ ਇਸ ਦੀ ਵਰਤੋਂ ਦੀਆਂ ਸੰਭਾਵਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਖਿਪਤ ਤਰਕੀਬਾਂ ਅਤੇ ਮੁੱਖ ਅੱਖਰੀ ਤਰਕੀਬਾਂ ਰਾਹੀਂ ਕਿਸੇ ਵੀ ਭਾਸ਼ਾਈ ਵਰਤਾਰੇ ਨੂੰ ਸੰਖੇਪ ਵਿਚ ਲਿਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਐਬਰੀਵੇਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰਮੁਖੀ ਨੂੰ ਖੱਬੇ ਤੋਂ ਸੱਜੇ ਵੱਲ ਲਿਖਿਆ ਜਾਂਦਾ ਹੈ ਪਰ ਇਸ ਲਿਖਤ ਲਈ ਕੇਵਲ ਇਹ ਇਕੋ ਇਕ ਪੱਖ ਨਹੀਂ। ਅੱਖਰਾਂ ਦੇ ਉਪਰ ਲਿਖਣ ਲਈ ਲਾਂ, ਦੁਲਾਂ, ਹੋੜਾ, ਕਨੌੜਾ, ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ। ਪੈਰ ਵਿਚ ਲਿਖਣ ਲਈ ਹ, ਰ, ਵ, ਔਂਕੜ, ਦੁਲੈਂਕੜ ਅਤੇ ਪੈਰ ਵਿਚ ਪੈਣ ਵਾਲੀਆਂ ਬਿੰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅੰਗਰੇਜ਼ੀ ਨੂੰ ਰੋਮਨ ਵਿਚ ਲਿਖਣ ਲਈ ਇਸ ਪਰਕਾਰ ਦੀਆਂ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਉਸ ਵਿਚ ਸਵਰਾਂ ਵਾਸਤੇ ਵੀ ਪੂਰਨ ਲਿਪੀ ਚਿੰਨ੍ਹ ਹਨ। ਇਸ ਤੋਂ ਇਲਾਵਾ ਸਿਹਾਰੀ ਨੂੰ ਅੱਖਰ ਦੇ ਖੱਬੇ ਪਾਸੇ ਅਤੇ ਔਂਕੜ ਤੇ ਦੁਲੈਂਕੜ ਨੂੰ ਅੱਖਰ ਦੇ ਪੈਰ ਵਿਚ ਲਿਖਿਆ ਜਾਂਦਾ ਹੈ। ਗੁਰਮੁਖੀ ਵਿਚ ਸਵਰ-ਵਾਹਕਾਂ ਦੀ ਗਿਣਤੀ (ੳ, ਅ, ੲ) ਤਿੰਨ ਹੈ, ਲਗਾਂ ਮਾਤਰਾ ਦੀ ਗਿਣਤੀ ਨੌਂ ਹੈ ਅਤੇ ਵਿਅੰਜਨਾਂ ਦੀ ਗਿਣਤੀ ਸ ਤੋਂ ਲੈ ਕੇ ੜ ਤੱਕ ਬੱਤੀ ਹੈ। ਪੈਰ ਵਿਚ ਬਿੰਦੀ ਵਾਲੇ ਵਰਨਾਂ ਦੀ ਗਿਣਤੀ ਛੇ ਅਤੇ ਪੈਰ ਦੇ ਥੱਲੇ ਪੈਣ ਵਾਲੇ ਵਿਅੰਜਨ ਚਿੰਨ੍ਹਾਂ ਦੀ ਗਿਣਤੀ ਤਿੰਨ ਹੈ। ਸਹਾਇਕ ਚਿੰਨ੍ਹਾਂ (ਬਿੰਦੀ, ਟਿੱਪੀ ਅਤੇ ਅੱਧਕ) ਦੀ ਗਿਣਤੀ ਤਿੰਨ ਹੈ। ਭਾਵੇਂ ਕਹਿਣ ਨੂੰ ਗੁਰਮੁਖੀ ਲਿਪੀ ਪੈਂਤੀ ਅੱਖਰੀ ਹੈ ਪਰ ਇਸ ਵਿਚ ਕੁੱਲ ਲਿਪੀ ਚਿੰਨ੍ਹਾਂ ਦੀ ਗਿਣਤੀ ਛਪੰਜਾ ਹੈ। ਅਜੋਕੀ ਗੁਰਮੁਖੀ ਆਰਥੋਗਰਾਫੀ ਵਿਚ ਅੰਤਰਰਾਸ਼ਟਰੀ ਪੱਧਰ ਦੇ ਲਿਖਣ ਚਿੰਨ੍ਹਾਂ ਨੂੰ ਵਰਤਿਆ ਜਾਂਦਾ ਹੈ ਜਿਨ੍ਹਾਂ ਵਿਚੋਂ ਪੂਰਨ ਵਿਸ਼ਰਾਮ ਲਈ ਡੰਡੀ (।) ਹੈ ਪਰ ਪੁਰਾਤਨ ਪੰਜਾਬੀ ਵਿਚ (॥) ਦੋ ਡੰਡੀਆਂ ਦੀ ਵਰਤੋਂ ਕੀਤੀ ਜਾਂਦੀ ਸੀ, ਇਸ ਤੋਂ ਇਲਾਵਾ ਕੌਮਾ, ਕੌਮਾ ਬਿੰਦੀ, ਕੋਲਨ, ਪੁੱਠੇ ਕੌਮੇ, ਪ੍ਰਸ਼ਨ ਚਿੰਨ੍ਹ, ਵਿਸਮਕ ਚਿੰਨ੍ਹ, ਜੋੜਨੀ, ਬਰੈਕਟ, ਡੈਸ਼ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 10969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.