ਆਸਾਵਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸਾਵਰੀ . ਇਹ ਆਸਾਵਰੀ ਠਾਟ ਦੀ ਸੰਪੂਰਣ ਜਾਤਿ ਦੀ ਰਾਗਿਣੀ ਹੈ. ਇਸ ਦੇ ਗਾਉਣ ਦਾ ਵੇਲਾ ਸੂਰਜ ਚੜ੍ਹਨ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ. ਇਸ ਵਿੱਚ ਗਾਂਧਾਰ ਧੈਵਤ ਅਤੇ ਨਿ੄੠ਦ ਕੋਮਲ , ਬਾਕੀ ਸੁਰ ਸ਼ੁੱਧ ਹਨ. ਆਸਾਵਰੀ ਵਿੱਚ ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਨਿ੄੠ਦ ਨਹੀਂ ਲਗਦਾ , ਅਵਰੋਹੀ ਵਿੱਚ ਸਾਰੇ ਸੁਰ ਲਗਦੇ ਹਨ , ਇਸ ਹਿਸਾਬ ਔੜਵ ਸੰਪੂਰਣ ਰਾਗ1  ਹੈ.

          ਆਰੋਹੀ— ੄ ਰ ਮ ਪ ਧਾ ੄.

          ਅਵਰੋਹੀ— ੄ ਨਾ ਧਾ ਪ ਮ ਗਾ ਰ ੄.

ਦੇਸ਼ ਅਤੇ ਮਤ ਭੇਦ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਟ ਤੇ ਗਾਉਣਾ ਭੀ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗਿਣੀ ਆਸਾ ਵਿੱਚ ਮਿਲਾਕੇ ਲਿਖੀ ਗਈ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਸਾਵਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਾਵਰੀ : ‘ ਆਸਾਵਰੀ’ ਕੀ ਹੈ ? ਇਸ ਬਾਰੇ ਕੋਈ ਸਪੱਸ਼ਟ ਸਥਾਪਨਾ ਸਾਹਮਣੇ ਨਹੀਂ ਆਈ । ਭਾਈ ਕਾਨ੍ਹ ਸਿੰਘ ( ਮਹਾਨ ਕੋਸ਼ ) ਅਨੁਸਾਰ ਇਹ ਆਸਾਵਰੀ ਠਾਟ ਦੀ ਸੰਪੂਰਣ ਜਾਤਿ ਦੀ ਰਾਗਿਨੀ ਹੈ ਅਤੇ ਇਸ ਦੇ ਗਾਉਣ ਦਾ ਵੇਲਾ ਸੂਰਜ ਚੜ੍ਹਨ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ । ਉਸ ਨੇ ਇਹ ਵੀ ਦਸਿਆ ਹੈ ਕਿ ਦੇਸ਼ ਅਤੇ ਮਤਭੇਦ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਟ’ ਤੇ ਗਾਉਣਾ ਵੀ ਮੰਨਿਆ ਹੈ । ਗੁਰੂ ਗ੍ਰੰਥ ਸਾਹਿਬ ਵਿਚ ਇਹ ਰਾਗਿਨੀ ਆਸਾ ਵਿਚ ਮਿਲਾ ਕੇ ਲਿਖੀ ਗਈ ਹੈ । ਪਿਆਰਾ ਸਿੰਘ ਪਦਮ ਅਨੁਸਾਰ ਲਹਿੰਦੇ ਵਿਚ ‘ ਮਾਝ ’ ਦਾ ਨਾਮਾਂਤਰ ‘ ਆਸਾਵਰੀ’ ਹੈ ।

                      ਸੰਨ 1855 ਈ. ਵਿਚ ਭਾਈ ਸਹਿਜ ਰਾਮ ਸੇਵਾਪੰਥੀ ਦੁਆਰਾ ਹੋਈ ‘ ਪੋਥੀ ਆਸਾਵਰੀਆਂ ’ ( ਵੇਖੋ ) ਦੀ ਰਚਨਾ ਦੇ ਆਧਾਰ’ ਤੇ ਕਿਸੇ ਨੇ ‘ ਆਸਾਵਰੀ’ ਨੂੰ ਛੰਦ-ਰੂਪ ਕਹਿ ਦਿੱਤਾ ਅਤੇ ਕਿਸੇ ਨੇ ਕਾਵਿ-ਰੂਪ । ਪਰ ਅਸਲੀਅਤ ਇਹ ਹੈ ਕਿ ਭਾਈ ਸਹਿਜ ਰਾਮ ਦੇ ਰਚੇ ਛੰਤ ਚੂੰਕਿ ‘ ਆਸਾਵਰੀ’ ਰਾਗਨੀ ਵਿਚ ਸਨ , ਇਸ ਲਈ ਇਸ ਪੋਥੀ ਨੂੰ ‘ ਪੋਥੀ ਆਸਾਵਰੀਆਂ’ ਕਿਹਾ ਜਾਣ ਲਗਾ । ਸੇਵਾਪੰਥੀ ਸਾਧਕ ਬੜੇ ਵੈਰਾਗ ਨਾਲ ਇਸ ਪੋਥੀ ਵਿਚ ਸੰਕਲਿਤ ਛੰਦਾਂ ਨੂੰ ‘ ਆਸਾਵਰੀ’ ਰਾਗਨੀ ਵਿਚ ਗਾ ਕੇ ਅਧਿਆਤਮਿਕ ਆਨੰਦ ਮਾਣਦੇ ਸਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਆਸਾਵਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਆਸਾਵਰੀ ( ਸੰ. । ਦੇਸ਼ ਭਾਸ਼ਾ ) ਆਸਾ ਰਾਗਨੀ ਗੁਰਮਤ ਸੰਗੀਤ ਅਨੁਸਾਰ ਮੇਘ ਰਾਗ ਦੀ ਰਾਗਨੀ ਹੈ , ਜੇਹਾ ਕੁ ‘ ਪੁਨਿ ਗਾਵਹਿ ਆਸਾ ਗੁਨ ਗੁਨੀ ’ । ਸਿਰੀ ਰਾਗ ਤੇ ਮਾਰੂ ਮਿਲਕੇ ਮੇਘ ਦੀ ਛਾਯਾ ਕਰ ਕੇ ਆਸਾ ਬਣਦੀ ਹੈ । ਗੁਰਮਤ ਵਿਚ ਆਸਾ ਅਤੇ ਆਸਾਵਰੀ ਇਕੱਠੀ ਲਿਖੀ ਹੈ , ਇਕ ਆਸਾਵਰੀ ਮੇਘ ਦੀ ਛਾਯਾ ਕਰ ਕੇ ਆਸਾ ਨਾਲ ਮਿਲੀ ਹੈ । ਸਿਰੀਰਾਗ ਦੀ ਰਾਗਨੀ ਆਸਾਵਰੀ ਓਥੇ ਹੈ ਜਿਥੇ ਕੇਵਲ ਆਸਾਵਰੀ ਅਥਵਾ ਸੁਧੰਗ ਵਾ ਸ਼ੁੱਧ ਦੀ ਸੂਚਨਾ ਹੈ , ਜੋ ਸਾਬਤ ਕਰਦੀ ਹੈ , ਸ਼ੁੱਧ ਅਤੇ ਆਸਾਵਰੀ ਮਿਲੀ ਹੋਹੀ ਹੈ । ਪਰੰਤੂ ਹੋਰਨਾਂ ਮਤਾਂ ਵਿਚ ( ਜੈਸੇ ਕਾਲੀ ਨਾਥ ਮਤ ਵਿਚ ) ਪੰਚਮ ਦੀ ਰਾਗਣੀ ਅਤੇ ਰਾਗਾਰਣਵ ਦੇ ਮਤ ਵਿਚ ਮਲਾਰ ਦੀ ਰਾਗਣੀ ਆਸਾਵਰੀ ਹੈ ਅਤੇ ਮੇਲ ਵੀ ਆਸਾ ਭੈਰੋਂ ਪਰਜ ਦਾ ਹੈ , ਜੇ ਗੰਧਾਰ ਮਿਲੇ ਤਾਂ ਜੋਗੀਆ ਆਸਾਵਰੀ ਮੰਨੀ ਹੈ । ਆਸਾ ਤੇ ਆਸਾਵਰੀ ਦਾ ਮੇਲ ਕੇਵਲ ਗੁਰਮਤਿ ਸੰਗੀਤ ਵਿਚ ਹੀ ਵਿਦਵਾਨ ਹੈ *

----------

* ਗੁਰਮਤਿ ਸੰਗੀਤ ਕ੍ਰਿਤ ਡਾ : ਚਰਨ ਸਿੰਘ ਜੀ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਆਸਾਵਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਸਾਵਰੀ : ਇਹ ਸਵੇਰ ਵੇਲੇ ਦਾ ਇਕ ਮਿੱਠਾ ਰਾਗ ਹੈ । ਰਾਗ ਅਤੇ ਰਾਗਣੀ ਪਰੰਪਰਾ ਦੇ ਮੰਨਣ ਵਾਲੇ ‘ ਦਰਪਨ’ ਆਦਿ ਗ੍ਰੰਥਾਂ ਨੇ ਇਸ ਨੂੰ ਰਾਗਣੀ ਮੰਨਿਆ ਹੈ । ਇਸ ਵਿਚ ਗੰਧਾਰ , ਧੈਵਤ ਤੇ ਨਿਸ਼ਾਦ ਦੇ ਸੁਰ ਕੋਮਲ ਲਗਦੇ ਹਨ ।

                  ਪੰਡਤ ਭਾਤਖੰਡੇ ਜੀ ਨੇ ਆਸਾਵਰੀ ਨੂੰ ਇਕ ਥਾਟ ਜਾਂ ਮੇਲ ਮੰਨਿਆ ਹੈ । ਆਸਾਵਰੀ ਰਾਗ ਵਿਚ ਇਸੇ ਥਾਟ ਦਾ ਇਕ ਔੜਵ-ਸੰਪੂਰਨ ਰਾਗ ਹੈ । ਆਰੋਹੀ ਵਿਚ ਗੰਧਾਰ ਤੇ ਨਿਸ਼ਾਦ ਸ੍ਵਰ ਵਰਜਿਤ ਹਨ ਅਤੇ ਅਵਰੋਹੀ ਸੰਪੂਰਨ ਹੈ । ਵਾਦੀ ਸ੍ਵਰ ਵਿਚ ਦਾ ਧੈਵਤ ( ਧਾ ) ਹੈ । ਮੱਧਮ ਗ੍ਰਹਿ ਅਤੇ ਪੰਚਮ ਨਿਆਸ ਦੇ ਸ੍ਵਰ ਹਨ ਕਿਉਂਕਿ ਇਹ ਇਕ ਉਤਰਾਂਗ ਪ੍ਰਧਾਨ ਰਾਗ ਹੈ ਇਸ ਲਈ ਇਸ ਦਾ ਰੂਪ ਅਵਰੋਹੀ ਵਿਚ ਹੀ ਖਿੜਦਾ ਹੈ । ਅਵਰੋਹੀ ਵਿਚ ਮੱਧਮ ਸ੍ਵਰ ਕਮਜ਼ੋਰ ਹੈ । ਗੰਧਾਰ ਅਤੇ ਪੰਚਮ ਦਾ ਮੇਲ ਬਹੁਤ ਹੀ ਜਚਦਾ ਹੈ । ਇਸ ਦੇ ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ । ਇਸ ਦੀ ਆਰੋਹੀ ਸਾਰੇ ਮਾ ਪਾ ਧਾ ਸਾਂ ਅਤੇ ਅਵਰੋਹੀ ਸਾਂ ਨੀ ਧਾ ਪਾ ਮਾ ਗਾ ਰੇ ਸਾ ਹੈ ।

                  ਕੁਝ ਲੋਕ ਆਸਾਵਰੀ ਦੀ ਆਰੋਹੀ ਵਿਚ ਕੋਮਲ ਨਿਸ਼ਾਦ ਦੀ ਵਰਤੋਂ ਕਰਦੇ ਤੇ ਉੁਸ ਨੂੰ ਜੌਨਪੁਰੀ ਕਹਿ ਕੇ ਗਾਉਂਦੇ ਹਨ ਪਰ ਆਸਾਵਰੀ ਤੇ ਜੌਨਪੁਰੀ ਨੂੰ ਇਕੋ ਰਾਗ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੋਹਾਂ ਦੇ ਸਾਰ ਅਤੇ ਭਾਵ ਵਿਚ ਕੋਈ ਫ਼ਰਕ ਨਹੀਂ ।

                  ਧ੍ਰਪਦ ਗਾਇਕ ਤਾਂ ਪਹਿਲਾਂ ਤੋਂ ਹੀ ਕੋਮਲ ਰਿਸ਼ਭ ਦੀ ਆਸਾਵਰੀ ਗਾਉਂਦੇ ਸਨ ਪਰ ਅੱਜਕੱਲ੍ਹ ਵੱਡੇ ਵੱਡੇ ਖ਼ਿਆਲ-ਗਾਇਕ ਵੀ ਕੋਮਲ ਰਿਸ਼ਭ ਦੀ ਆਸਾਵਰੀ ਗਾਉਣ ਲੱਗ ਪਏ ਹਨ ।

                  ਗਾਇਕਾਂ ਦੇ ਪੁਰਾਣੇ ਘਰਾਣੇ ਜਿਵੇਂ ਆਗਰਾ ਵਗੈਰਾ ਜੌਨਪੁਰੀ ਤੇ ਆਸਾਵਰੀ ਵਿਚ ਭੇਦ ਇਸ ਪ੍ਰਕਾਰ ਨਹੀਂ ਮੰਨਦੇ । ਇਹ ਕੇਵਲ ਭਾਤਖੰਡੇ ਆਦਿ ਕਿਤਾਬੀ ਸੰਗੀਤਕਾਰਾਂ ਨੇ ਹੀ ਫ਼ਰਕ ਪਾਇਆ ਹੈ ਜੋ ਨਿਰਮੂਲ ਤੇ ਗ਼ਲਤ ਹੈ ।

                  ਅਸਲ ਵਿਚ ਆਸਾਵਰੀ , ਪੁਰਾਣੇ ਮੱਤਾਂ ਅਨੁਸਾਰ ਕੋਮਲ ਰਿਸ਼ਭ ਨਾਲ ਗਾਈ ਜਾਣ ਵਾਲੀ ਆਸਾਵਰੀ ਹੀ ਹੈ । ਸ਼ੁੱਧ ਰਿਸ਼ਭ ਨਾਲ ਆਸਾਵਰੀ ਮੰਨੀ ਹੀ ਨਹੀਂ ਜਾਂਦੀ । ਪੁਰਾਣੇ ਧ੍ਰਪਦ ਆਦਿ ਬੰਦਸ਼ਾਂ ਤੋਂ ਇਹ ਗੱਲ ਸਪੱਸ਼ਟ ਹੈ । ਸ਼ੁੱਧ ਰਿਸ਼ਭ ਨਾਲ ਗਾਇਆ ਜਾਂ ਵਜਾਇਆ ਜਾਣ ਵਾਲਾ ਇਹ ਰਾਗ ਜੌਨਪੁਰੀ ਹੀ ਹੈ ।

 


ਲੇਖਕ : ਐਨ. ਕੇ. ਸ਼ਰਮਾ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਆਸਾਵਰੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਸਾਵਰੀ : ਇਹ ਆਸਾਵਰੀ ਠਾਟ ਦੀ ਸੰਪੂਰਣ ਜਾਤੀ ਦੀ ਇਕ ਰਾਗਿਨੀ ਹੈ । ਇਸ ਦੇ ਗਾਉਣ ਦਾ ਸਮਾਂ ਸੂਰਜ ਉਦਯ ਹੋਣ ਤੋਂ ਪਹਿਰ ਦਿਨ ਚੜ੍ਹੇ ਤਕ ਹੈ । ਦੇਸ ਅਤੇ ਮਤ ਭੇਦ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਟ ’ ਤੇ ਗਾਉਣੀ ਵੀ ਮੰਨਿਆ ਹੈ । ਗੁਰੂ ਗ੍ਰੰਥ ਸਾਹਿਬ ਵਿਚ ਇਹ ਰਾਗਿਨੀ ਆਸਾ ਵਿਚ ਮਿਲਾ ਕੇ ਲਿਖੀ ਗਈ ਹੈ ।

                                                                                                                                                                          [ ਸਹਾ. ਗ੍ਰੰਥ– ਮ. ਕੋ. ]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.