ਇਕਾਂਗੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਕਾਂਗੀ : ਇਕਾਂਗੀ ਨਾਟਕ ਇੱਕ ਦਰਸ਼ਨੀ ਕਲਾ ਹੈ ਜਿਸ ਵਿਚਲਾ ਕਾਰਜ ਇਕਹਿਰਾ ਪਰ ਸੰਪੂਰਨ ਘਟਨਾਵੀ ਹੁੰਦਾ ਹੈ । ਕਾਰਜ ਦਾ ਅਰੰਭ ਇਕਾਂਗੀ ਖੁੱਲ੍ਹਣ ਸਾਰ ਹੋ ਜਾਂਦਾ ਹੈ ਅਤੇ ਇਹ ਤੇਜ਼ ਚਾਲ ਨਾਲ ਸਿਖਰ ਵੱਲ ਵੱਧਦਾ ਹੈ ਅਤੇ ਇਕਾਂਗੀ ਦਾ ਅੰਤ ਦਰਸ਼ਕਾਂ ਦੇ ਮਨ ਨੂੰ ਪ੍ਰਭਾਵਿਤ ਕਰਦਾ ਹੈ । ਇਕਾਂਗੀ ਵਿੱਚ ਜੀਵਨ ਦੀਆਂ ਗੁੰਝਲਦਾਰ ਸਮੱਸਿਆਵਾਂ ਵਿੱਚੋਂ , ਕਿਸੇ ਇੱਕ ਸਮੱਸਿਆ ਨੂੰ ਲੈ ਕੇ ਉਸ ਨੂੰ ਪਸਾਰਾਂ ਸਹਿਤ ਸੰਘਰਸ਼ਮਈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ । ਘਟਨਾ ਸਥਿਤੀਆਂ ਨਾਲ ਟਕਰਾਉਂਦੀ ਹੋਈ ਤੀਬਰਤਾ ਨਾਲ ਅੱਗੇ ਵੱਧਦੀ ਹੈ । ਇਕਾਂਗੀ ਵਿੱਚ ਪੇਸ਼ ਸਮੱਸਿਆ ਸੰਘਰਸ਼ ਵਿੱਚੋਂ ਗੁਜ਼ਰ ਕੇ ਅੰਤ ਵੱਲ ਜਾਂਦੀ ਹੈ । ਅੰਤ ਵਿੱਚ ਜਾਂ ਤਾਂ ਸਮੱਸਿਆਵਾਂ ਦਾ ਹੱਲ ਪੇਸ਼ ਕਰ ਦਿੱਤਾ ਜਾਂਦਾ ਹੈ ਜਾਂ ਸਮੱਸਿਆ ਦੇ ਹੱਲ ਦਾ ਰਾਹ ਸੁਝਾਇਆ ਜਾਂਦਾ ਹੈ । ਇਕਾਂਗੀ ਜੀਵਨ ਦੀ ਇੱਕ ਘਟਨਾ ਨੂੰ ਆਧਾਰ ਬਣਾਉਂਦੀ ਹੈ ਅਤੇ ਇਸ ਵਿੱਚ ਪ੍ਰਭਾਵ ਦੀ ਇਕਸਾਰਤਾ ਦਾ ਹੋਣਾ ਜ਼ਰੂਰੀ ਹੈ । ਇਸ ਇਕਸਾਰਤਾ ਵਿੱਚੋਂ ਮਹੱਤਵਪੂਰਨ ਅਤੇ ਮੰਨਣਯੋਗ ਅੰਤ ਨਿਕਲਣਾ ਚਾਹੀਦਾ ਹੈ । ਇਕਾਂਗੀ ਵਿੱਚ ਪਾਤਰਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਪਾਤਰ ਕੇਂਦਰੀ ਸਮੱਸਿਆ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹੁੰਦੇ ਹਨ । ਇਕਾਂਗੀ ਵਿੱਚ ਪਾਤਰਾਂ ਦਾ ਚਿਤਰਨ ਹੁੰਦਾ ਹੈ , ਇਸ ਲਈ ਪਾਤਰਾਂ ਦੀ ਚੋਣ ਬਹੁਤ ਸੋਚ ਸਮਝ ਕੇ ਅਤੇ ਲੋੜ ਵਿੱਚੋਂ ਕੀਤੀ ਜਾਂਦੀ ਹੈ । ਪਾਤਰਾਂ ਵਿੱਚ ਗੁਣ ਅਤੇ ਦੋਸ਼ ਦੋਵੇਂ ਹੋਣੇ ਚਾਹੀਦੇ ਹਨ ਤਾਂ ਜੋ ਉਹ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਨ ਦੇ ਸਮਰੱਥ ਰਹਿਣ , ਇਹਨਾਂ ਗੁਣਾਂ ਅਤੇ ਦੋਸ਼ਾਂ ਵਿੱਚੋਂ ਹੀ ਟੱਕਰ ਨੇ ਪੈਦਾ ਹੋਣਾ ਹੈ । ਨਾਟਕੀ ਟੱਕਰ ਦੋ ਜਾਂ ਵਿਰੋਧੀ ਪਾਤਰਾਂ ਵਿੱਚੋਂ ਪੈਦਾ ਹੋ ਸਕਦੀ ਹੈ ਜਾਂ ਇੱਕ ਹੀ ਪਾਤਰ ਦੇ ਦੋ ਵਿਰੋਧੀ ਵਿਚਾਰਾਂ ਵਿੱਚੋਂ ਪੈਦਾ ਹੋ ਸਕਦੀ ਹੈ । ਇਕਾਂਗੀ ਘੱਟ ਸਮੇਂ ਵਿੱਚ ਵੱਧ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੀ ਹੈ ਇਸ ਲਈ ਇਕਾਂਗੀ ਦੀ ਵਾਰਤਾਲਾਪ ਵਿੱਚ ਚੁਣੇ ਗਏ ਸ਼ਬਦ ਨੱਪੇ-ਤੁਲੇ , ਅਤਿ-ਯੋਗ ਹੁੰਦੇ ਹਨ । ਵਾਰਤਾਲਾਪ ਵਿੱਚ ਸੁਭਾਵਿਕਤਾ , ਸੰਖੇਪਤਾ ਅਤੇ ਰੋਚਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ । ਇਕਾਂਗੀ  ਵਿੱਚ ਸਮੇਂ , ਸਥਾਨ ਅਤੇ ਕਾਰਜ ਦੀ ਏਕਤਾ ਦਾ ਵੀ ਧਿਆਨ ਰੱਖਿਆ ਜਾਂਦਾ ਹੈ । ਇਕਾਂਗੀ ਰੰਗ-ਮੰਚ ਉੱਤੇ ਪੇਸ਼ ਹੋ ਕੇ ਸੰਪੂਰਨਤਾ ਹਾਸਲ ਕਰਦੀ ਹੈ । ਜਦੋਂ ਇਕਾਂਗੀ ਰੰਗ-ਮੰਚ ਉੱਤੇ ਪੇਸ਼ ਹੁੰਦੀ ਹੈ ਤਾਂ ਅਦਾਕਾਰ ਆਪਣੀ ਅਦਾ ਦੇ ਰਾਹੀਂ ਇਕਾਂਗੀ ਦੇ ਸੰਵਾਦਾਂ ਨੂੰ ਵਧੇਰੇ ਅਰਥ ਦੇਣ ਦਾ ਯਤਨ ਕਰਦੇ ਹਨ ਜਿਸ ਨਾਲ ਦਰਸ਼ਕਾਂ ਨੂੰ ਇਕਾਂਗੀ ਸਮਝਣ ਵਿੱਚ ਸਹਾਇਤਾ ਮਿਲਦੀ ਹੈ । ਇਕਾਂਗੀ  ਦਾ ਅਰੰਭ , ਸਿਖਰ ਅਤੇ ਇਸ ਦਾ ਅੰਤ ਤੀਹ-ਚਾਲੀ ਮਿੰਟਾਂ ਵਿੱਚ ਹੋ ਜਾਂਦਾ ਹੈ । ਇਕਾਂਗੀ ਸਜੀਵ , ਸ਼ਕਤੀਸ਼ਾਲੀ ਅਤੇ ਸਿੱਧੀ ਹੋਣੀ ਚਾਹੀਦੀ ਹੈ । ਇਕਾਂਗੀ ਅਤੇ ਨਾਟਕ ਵਿੱਚ ਸਮਾਨਤਾ ਵੀ ਹੈ ਅਤੇ ਭਿੰਨਤਾ ਵੀ । ਦੋਵਾਂ ਵਿੱਚ ਸੰਘਰਸ਼ , ਤਣਾਓ ਅਤੇ ਟੱਕਰ ਹੁੰਦੀ ਹੈ । ਦੋਵੇਂ ਸਿਰਜਣਾਤਮਿਕ ਅਤੇ ਸੰਵਾਦਾਤਮਿਕ ਕਲਾਵਾਂ ਹਨ । ਦੋਵਾਂ ਵਿੱਚ ਦ੍ਰਿਸ਼ਗਤ ਪਸਾਰ ਛੁਪਿਆ ਹੋਇਆ ਹੁੰਦਾ ਹੈ । ਦੋਵਾਂ ਵਿੱਚ ਪ੍ਰਮੁੱਖ ਭਿੰਨਤਾਵਾਂ ਵੀ ਹਨ । ਨਾਟਕ ਵਿੱਚ ਕਾਰਜ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੁੰਦਾ ਹੈ ਅਤੇ ਇਸ ਵਿੱਚ ਜੀਵਨ ਦਾ ਸੰਪੂਰਨ ਅਤੇ ਭਰਵਾਂ ਦ੍ਰਿਸ਼ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ ਜਦੋਂ ਕਿ ਇਕਾਂਗੀ ਵਿੱਚ ਜੀਵਨ ਦੀ ਇਕ ਘਟਨਾ ਨੂੰ ਪੇਸ਼ ਕੀਤਾ ਜਾਂਦਾ ਹੈ । ਨਾਟਕ ਦਾ ਕਥਾਨਕ ਜਟਿਲ ਹੁੰਦਾ ਹੈ ਜਦੋਂ ਕਿ ਇਕਾਂਗੀ ਦਾ ਕਥਾਨਕ ਸਰਲ , ਸਪਸ਼ਟ ਅਤੇ ਗੁੰਦਵਾਂ ਹੁੰਦਾ ਹੈ । ਨਾਟਕ ਵਿੱਚ ਪਾਤਰਾਂ ਦੀ ਗਿਣਤੀ ਦੀ ਬੰਦਸ਼ ਨਹੀਂ ਹੁੰਦੀ ਜਦੋਂ ਕਿ ਇਕਾਂਗੀ ਵਿੱਚ ਪਾਤਰਾਂ ਦੀ ਗਿਣਤੀ ਅਤਿ-ਲੋੜ ਵਿੱਚੋਂ ਸੀਮਤ ਰੱਖੀ ਜਾਂਦੀ ਹੈ । ਨਾਟਕ ਨਾਲੋਂ ਇਕਾਂਗੀ ਵਿੱਚ ਸਮੇਂ , ਸਥਾਨ ਅਤੇ ਕਾਰਜ ਦੀ ਏਕਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ।

        ਇਕਾਂਗੀ ਦਾ ਆਧੁਨਿਕ ਰੂਪ ਪੱਛਮੀ ਸਾਹਿਤ ਦੀ ਦੇਣ ਹੈ । ਅੰਗਰੇਜ਼ੀ ਵਿੱਚ ਇਸ ਸਾਹਿਤ-ਰੂਪ ਲਈ One Act Play ਸ਼ਬਦ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਹੈ ਇੱਕ ਅੰਗ ਵਾਲਾ ਕਾਰਜ । ਆਧੁਨਿਕ ਇਕਾਂਗੀ ਦਾ ਮੌਜੂਦਾ ਰੂਪ ਭਾਵੇਂ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਹੋਂਦ ਵਿੱਚ ਆਇਆ ਹੈ ਪਰ ਭਾਰਤੀ ਨਾਟ-ਵਿਧਾਨ ਵਿੱਚ ਵੀ ਇਸ ਦਾ ਉਲੇਖ ਹੋਇਆ ਮਿਲਦਾ ਹੈ । ਭਰਤ ਮੁਨੀ ਨੇ ਨਾਟਯ-ਸ਼ਾਸਤਰ ਵਿੱਚ ‘ ਵਯਾਯੋਗ` , ‘ ਭਾਣ` , ‘ ਵੀਥੀ` ਆਦਿ ਰੂਪਕਾਂ ਦੀ ਗੱਲ ਕੀਤੀ ਹੈ ਜਿਹੜੇ ਇਕਾਂਗੀ ਨਾਲ ਰਲਦੇ-ਮਿਲਦੇ ਹਨ । ‘ ਵਯਾਯੋਗ` ਰੂਪਕ ਵਿੱਚ ਲੋਕ ਪ੍ਰਸਿੱਧ ਨਾਇਕ ਹੁੰਦਾ ਹੈ , ਇਸਤਰੀ ਪਾਤਰਾਂ ਦੀ ਗਿਣਤੀ ਥੋੜ੍ਹੀ ਹੁੰਦੀ ਹੈ ਅਤੇ ਇੱਕ ਦਿਨ ਦੀ ਕਥਾ ਇਸ ਵਿੱਚ ਹੁੰਦੀ ਹੈ । ਇਸ ਵਿੱਚ ਅੰਕ ਵੀ ਇੱਕ ਹੀ ਹੁੰਦਾ ਹੈ । ‘ ਭਾਣ` ਵਿੱਚ ਇੱਕ ਪਾਤਰ ਹੁੰਦਾ ਹੈ । ਇਹ ਪਾਤਰ ਆਪਣੇ ਅਨੁਭਵਾਂ ਨੂੰ ਅਤੇ ਹੋਰ ਲੋਕਾਂ ਦੇ ਵਿਆਪਕ ਅਨੁਭਵਾਂ ਨੂੰ ਭਾਣ ਵਿੱਚ ਪ੍ਰਸਤੁਤ ਕਰਦਾ ਹੈ । ਭਾਣ ਵਿੱਚ ਇੱਕ ਹੀ ਅੰਕ ਹੁੰਦਾ ਹੈ । ‘ ਵੀਥੀ` ਵਿੱਚ ਇੱਕ ਅੰਕ , ਇੱਕ ਜਾਂ ਦੋ ਪਾਤਰ ਹੁੰਦੇ ਹਨ । ਇਸ ਤਰ੍ਹਾਂ ਕਈ ਭਾਰਤੀ ਵਿਦਵਾਨ ਆਧੁਨਿਕ ਇਕਾਂਗੀ ਦਾ ਸਰੂਪ ਓਸੇ ਕੜੀ ਵਿੱਚ ਉਸ ਦਾ , ਵਿਕਸਿਤ ਰੂਪ ਮੰਨਦੇ ਹਨ । ਪੰਜਾਬੀ ਯੂਨੀਵਰਸਿਟੀ , ਪਟਿਆਲਾ ਵੱਲੋਂ ਪ੍ਰਕਾਸ਼ਿਤ ਸਾਹਿਤ ਕੋਸ਼ : ਪਰਿਭਾਸ਼ਿਕ ਸ਼ਬਦਾਵਲੀ ਅਨੁਸਾਰ ਪੱਛਮੀ ਇਕਾਂਗੀ ਦੀ ਰੂਪ-ਰੇਖਾ ਦਸਵੀਂ ਸਦੀ ਈਸਵੀ ਦੇ ਮਿਰੇਕਲਜ਼ ( miracles ) ਅਤੇ ਨੈਤਿਕ ( morality ) ਨਾਟਕਾਂ ਵਿੱਚ ਮਿਲਦੀ ਹੈ ਜਿਨ੍ਹਾਂ ਵਿੱਚ ਈਸਾਈ ਸੰਤਾਂ ਦੇ ਜੀਵਨ ਵਿੱਚੋਂ ਕਿਸੇ ਵਿੱਚ ਉਪਦੇਸ਼ਾਤਮਿਕ ਕਹਾਣੀ ਨੂੰ ਲੈ ਕੇ ਪੇਸ਼ ਕੀਤਾ ਜਾਂਦਾ ਸੀ । ਉਨ੍ਹੀਵੀਂ ਸਦੀ ਈਸਵੀ ਵਿੱਚ ਰੰਗ-ਮੰਚ ਦੇ ਨਵੇਂ ਪ੍ਰਯੋਗਾਂ ਅਤੇ ਲਿਟਲ ਥੀਏਟਰ ਮੂਵਮੈਂਟ ਲਹਿਰ ਦੇ ਵਿਕਾਸ ਨਾਲ ਇਕਾਂਗੀ ਦਾ ਵਿਕਾਸ ਹੋਇਆ । 1887 ਵਿੱਚ ਥੀਏਟਰ ਲਿਬਰ ( Theatre Libre ) ਪੈਰਿਸ , 1889 ਵਿੱਚ ਫਰੀ ਬੁਹਨੇ ( Freie Buhne ) ਬਰਲਿਨ , 1891 ਵਿੱਚ ਅਜ਼ਾਦ ਰੰਗ-ਮੰਚ ( Independent Theatre ) ਲੰਦਨ , 1893 ਵਿੱਚ ਲਿਟਲ ਥੀਏਟਰ ਪੈਰਿਸ , 1904 ਵਿੱਚ ਐਬੀ ਥੀਏਟਰ ਡਬਲਿਨ , 1906 ਵਿੱਚ ਨਿਊ ਥੀਏਟਰ ਅਤੇ ਹਲ ਹਾਊਸ ਥੀਏਟਰ ( Hull House ) ਸ਼ਿਕਾਗੋ , 1919 ਗਿਲਡ ਥੀਏਟਰ ( Guild Theatre ) ਨਿਊਯਾਰਕ ਦੇ ਸੰਸਥਾਪਨ ਨਾਲ ਇਕਾਂਗੀ ਕੇਵਲ ਮਨਪ੍ਰਚਾਵੇ ਦੇ ਸਾਧਨ ਦੇ ਨਾਲ-ਨਾਲ ਨਾਟਕ ਸਾਹਿਤ ਦਾ ਇੱਕ ਵੱਖਰਾ ਅਤੇ ਉੱਘਾ ਅੰਗ ਬਣ ਗਿਆ । ਇਕਾਂਗੀ ਦੇ ਜਨਮ ਸੰਬੰਧੀ ਇੱਕ ਧਾਰਨਾ ਇਹ ਵੀ ਹੈ ਕਿ ਇੰਗਲੈਂਡ ਵਿੱਚ ਪ੍ਰਮੁੱਖ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ , ਦਰਸ਼ਕਾਂ ਨੂੰ ਉਡੀਕਣ ਸਮੇਂ ‘ ਪਰਦਾ ਹਟਾਓ` ( curtain raiser ) ਝਾਕੀਆਂ ਦੇ ਰੂਪ ਵਿੱਚ ਖੇਡੇ ਜਾਂਦੇ ਹਨ । 1903 ਵਿੱਚ ਵਿਲੀਅਮ ਜੈਕਬ ਦਾ ਅਜਿਹਾ ਇਕਾਂਗੀ ‘ ਬਾਂਦਰ ਦਾ ਪੰਜਾ` ( Monkey' s Paw ) ਜਦੋਂ ਪ੍ਰਮੁੱਖ ਨਾਟਕ ਤੋਂ ਪਹਿਲਾਂ ਖੇਡਿਆ ਗਿਆ ਤਾਂ ਦਰਸ਼ਕ ‘ ਬਾਂਦਰ ਦਾ ਪੰਜਾ` ਵੇਖਣ ਤੋਂ ਬਾਅਦ ਅਤੇ ਪ੍ਰਮੁੱਖ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਟ-ਘਰ ਛੱਡ ਕੇ ਚਲੇ ਗਏ । ਇਸ ਘਟਨਾ ਨੇ ‘ ਪਰਦਾ ਹਟਾਓ` ਝਾਕੀਆਂ ਨੂੰ ਤਾਕਤ ਦੇ ਦਿੱਤੀ ਅਤੇ ਇਕ ਅਜ਼ਾਦ ਰੰਗ-ਮੰਚ ਪ੍ਰਦਾਨ ਕਰ ਦਿੱਤਾ । ਮੌਜੂਦਾ ਇਕਾਂਗੀ ਦਾ ਸਰੂਪ ਉਸ ਦੀ ਵਿਕਸਿਤ ਕੜੀ ਮੰਨੀ ਜਾਂਦੀ ਹੈ ।

                  ਪੰਜਾਬੀ ਸਾਹਿਤ ਵਿੱਚ ਇਕਾਂਗੀ ਦੀ ਉਪਜ ਵੀਹਵੀਂ ਸਦੀ ਦੇ ਮੁੱਢ ਵਿੱਚ ਹੋਈ ਹੈ । ਪੰਜਾਬੀ ਵਿੱਚ ਸਭ ਤੋਂ ਪਹਿਲਾਂ  ਇਕਾਂਗੀ   ਦੁਲਹਨ   1913  ਵਿੱਚ  ਲਿਖਿਆ    ਗਿਆ । ਇਹ ਇਕਾਂਗੀ ਈਸ਼ਵਰ ਚੰਦਰ ਨੰਦਾ ਨੇ ਸ਼੍ਰੀਮਤੀ ਨੋਰ੍ਹਾ ਰਿਚਰਡਜ਼ ਦੀ ਪ੍ਰੇਰਨਾ ਨਾਲ ਲਿਖਿਆ ਸੀ । ਇਹ ਛਪਣ ਤੋਂ ਪਹਿਲਾਂ 1914 ਵਿੱਚ ਖੇਡਿਆ ਗਿਆ ਸੀ । ਈਸ਼ਵਰ ਚੰਦਰ ਨੰਦਾ ਨੇ 1914 ਵਿੱਚ ਬੇਬੇ ਰਾਮ ਭਜਨੀ   ਇਕਾਂਗੀ ਲਿਖਿਆ । ਮੋਹਨ ਸਿੰਘ ਦੀਵਾਨਾ ਨੇ ਇਬਸਨ , ਸ਼ੇਕਸਪੀਅਰ , ਬਰਨਾਰਡ ਸ਼ਾਅ , ਪਰੈਂਡਲੇ ਤੋਂ ਪ੍ਰਭਾਵਿਤ ਹੋ ਕੇ ਵਿਚਾਰ ਪ੍ਰਧਾਨ ਇਕਾਂਗੀਆਂ ਦਾ ਸੰਗ੍ਰਹਿ ਪੰਖੜੀਆਂ   1928 ਵਿੱਚ ਛਾਪਿਆ । ਇਸ ਉਪਰੰਤ ਪੰਜਾਬੀ ਦੇ ਉੱਘੇ ਨਾਟਕਕਾਰਾਂ ਨੇ ਇਸ ਸਾਹਿਤ ਰੂਪ ਨੂੰ ਅਪਣਾਉਂਦਿਆਂ ਇਕਾਂਗੀਆਂ ਦੀ ਸਿਰਜਣਾ ਕੀਤੀ ਜਿਨ੍ਹਾਂ ਵਿੱਚ ਹਰਚਰਨ ਸਿੰਘ , ਸੰਤ ਸਿੰਘ ਸੇਖੋਂ , ਬਲਵੰਤ ਗਾਰਗੀ , ਰੋਸ਼ਨ ਲਾਲ ਆਹੂਜਾ , ਗੁਰਦਿਆਲ ਸਿੰਘ ਫੁੱਲ , ਗੁਰਦਿਆਲ ਸਿੰਘ ਖੋਸਲਾ , ਕਰਤਾਰ ਸਿੰਘ ਦੁੱਗਲ , ਗੁਰਚਰਨ ਸਿੰਘ ਜਸੂਜਾ , ਕਪੂਰ ਸਿੰਘ ਘੁੰਮਣ , ਸੁਰਜੀਤ ਸਿੰਘ ਸੇਠੀ , ਹਰਸਰਨ ਸਿੰਘ , ਗੁਰਸ਼ਰਨ ਸਿੰਘ , ਆਤਮਜੀਤ ਸਿੰਘ , ਅਜਮੇਰ ਸਿੰਘ ਔਲਖ , ਚਰਨ ਦਾਸ ਸਿੱਧੂ ਆਦਿ ਪ੍ਰਮੁਖ ਨਾਂ ਹਨ ਅਤੇ ਅਨੇਕਾਂ ਨਵੇਂ ਇਕਾਂਗੀਕਾਰ ਇਸ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ।


ਲੇਖਕ : ਸਤਨਾਮ ਸਿੰਘ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਇਕਾਂਗੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਕਾਂਗੀ [ ਨਾਂਪੁ ] ਇੱਕ ਅੰਕ ਵਾਲ਼ਾ ਨਾਟਕ , ਛੋਟਾ ਨਾਟਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਇਕਾਂਗੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਕਾਂਗੀ : ਆਧੁਨਿਕ ਇਕਾਂਗੀ ਪੱਛਮੀ ਸਾਹਿੱਤ ਦੀ ਦੇਣ ਹੈ । ਪੱਛਮੀ ਇਕਾਂਗੀ ਦੀ ਰੂਪ– ਰੇਖਾ ਦਸਵੀਂ ਸਦੀ ਈ. ਦੇ ਮਿਰੇਕਲਜ਼ ( Miracles ) ਅਤੇ ਨੈਤਿਕ ਨਾਟਕਾਂ ( Morality ) ਵਿਚ ਮਿਲਦੀ ਹੈ , ਜਿਨ੍ਹਾਂ ਵਿਚ ਈਸਾਈ ਸੰਤਾਂ ਦੇ ਜੀਵਨ ਵਿਚੋਂ ਕਿਸੇ ਇਕ ਉਪਦੇਸ਼ਾਤਮਕ ਕਹਾਣੀ ਨੂੰ ਚੁਣ ਦੇ ਪੇਸ਼ ਕੀਤਾ ਜਾਂਦਾ ਸੀ । ਇਸ ਪਿੱਛੋਂ ਦਰਸ਼ਕਾਂ ਦੇ ਮਨ– ਪਰਚਾਵੇ ਲਈ ਨਾਟਕ ਦੇ ਮੱਧ ਵਿਚ , ਮਧਿਆਣਕਾ ( Interlude ) ਦੇ ਰੂਪ ਵਿਚ ਇਸ ਦਾ ਵਿਕਾਸ ਹੋਇਆ , ਜਿਸ ਵਿਚ ਸਾਧਾਰਣ ਤੌਰ ਤੇ ਤਿੰਨ ਪਾਰਤਾਂ ਦੁਆਰਾ ਕਿਸੇ ਵਿਸ਼ੇ ਨੂੰ ਪ੍ਰਗਟ ਕੀਤਾ ਜਾਂਦਾ ਸੀ । ਉਨ੍ਹੀਵੀਂ ਸਦੀ ਈ. ਵਿਚ ਰੰਗ ਮੰਚ ਦੇ ਨਵੇਂ ਪ੍ਰਯੋਗਾਂ ਅਤੇ ‘ ਲਿਟਲ ਥੇਟਰ ਮੂਵਮੰਟ ( Little Theatre Movement ) ਲਹਿਰ ਦੇ ਵਿਕਾਸ ਨਾਲ ਇਕਾਂਗੀ ਦੀ ਵ੍ਰਿਧੀ ਅਤੇ ਵਿਕਾਸ ਹੋਇਆ । 1887ਈ. ਵਿਚ ਥੇਟਰ ਲਿਬਰ ( Theatre Libre ) ਪੈਰਿਸ , 1889 ਈ. ਵਿਚ ਫਰੀ ਬੁਹਨੇ ( Freie Buhne ) ਬਰਲਿਨ , 1891 ਈ. ਵਿਚ ਆਜ਼ਾਦ ਰੰਗ ਮੰਚ ( Independent Theatre ) ਲੰਡਨ , 1893 ਈ. ਵਿਚ ਲਿਟਲ ਥੇਟਰ , ਪੈਰਿਸ , 1904 ਈ. ਵਿਚ ਐਬੀ ਥੇਟਰ , ਡਬਲਿਨ , 1906 ਈ. ਵਿਚ ਨਿਊ ਥੇਟਰ ਅਤੇ ਹਲ ਹਾਊਸ ( Hull House ) ਥੇਟਰ ਸ਼ਿਕਾਗੋ , 1919 ਈ. ਵਿਚ ਗਿਲਡ ਥੇਟਰ ( Guild Theatre ) ਨਿਊਯੌਰਕ ਦੇ ਸਥਾਪਨ ਹੋਣ ਨਾਲ ਇਕਾਂਗੀ ਨਾਟਕ ਕੇਵਲ ਮਨ– ਪਰਚਾਵੇ ਦਾ ਸਾਧਨ ਅਤੇ ਮਧਿਆਣਕਾ ( Interlude ) ਦੇ ਰੂਪ ਵਿਚ ਹੀ ਨਹੀਂ ਰਿਹਾ ਸਗੋਂ ਨਾਟਕ ਸਾਹਿੱਤ ਦਾ ਇਕ ਵੱਖਰਾ ਅਤੇ ਉੱਘਾ ਅੰਗ ਬਣ ਗਿਆ । ਭਾਵੇਂ ਕੁਝ ਨਵੇਂ ਸੰਪੂਰਣ ਨਾਟਕਾਂ ਨੂੰ ਇਕ ਅੰਗ ਵਿਚ ਰੱਖ ਕੇ ਝਾਕੀਆਂ ਅਤੇ ਉਪਕਥਾਵਾਂ ( episodes ) ਵਿਚ ਵੰਡਿਆ ਗਿਆ ਹੈ ਪਰੰਤੂ ਸਾਧਾਰਣ ਰੂਪ ਵਿਚ ਸੀਮਾ , ਵਿਸਤਾਰ ਤੇ ਪ੍ਰਭਾਵ ਦੇ ਪੱਖ ਤੋਂ ਇਕਾਂਗੀ ਦਾ ਸਪੂੰਰਣ ਨਾਟਕ ਨਾਲ ਉਹੀ ਸੰਬੰਧ ਹੈ ਜਿਹੜਾ ਨਿੱਕੀ ਕਹਾਣੀ ਦਾ ਉਪਨਿਆਸ ਨਾਲ ਹੈ । ਇਕਾਂਗੀ ਵਿਚ ਮਾਨਵ ਜੀਵਨ ਦੇ ਕਿਸੇ ਇਕ ਪੱਖ , ਕਿਸੇ ਇਕ ਵਿਸ਼ੇਸ਼ ਪਾਤਰ , ਕਿਸੇ ਇਕ ਵਿਸ਼ੇਸ਼ ਕਾਰਜ , ਕਿਸੇ ਇਕ ਵਿਸ਼ੇਸ਼ ਪਿਛੋਕੜ ਜਾਂ ਕਿਸੇ ਇਕ ਵਿਸ਼ੇਸ਼ ਭਾਵ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ , ਪਰੰਤੂ ਜਿੱਥੇ ਸੰਪੂਰਣ ਨਾਟਕ ਵਿਚ ਜੀਵਨ ਦੀ ਬਹੁਪਖਤਾ , ਪਾਤਰਾਂ ਦੀ ਬਹੁਲਤਾ , ਅੰਕਾਂ ਦੀ ਅਨੇਕਤਾ , ਚਰਿਤ੍ਰ– ਚਿਤ੍ਰਣ ਦੀ ਵਿਚਿਤ੍ਰਤਾ , ਉਤਸੁਕਤਾ ਦੀ ਅਨਿਸ਼ਚਿਤਤਾ ਅਤੇ ਕਥਾ– ਵਸਤੂ ਦੇ ਨਿਰਵਾਹ ਵਿਚ ਸ਼ਿਥਲਤਾ ਹੁੰਦੀ ਹੈ , ਇਕਾਂਗੀ ਵਿਚ ਜੀਵਨ ਦੀ ਇਕ– ਪੱਖਤਾ ਅਤੇ ਉਸ ਦੇ ਪ੍ਰਗਟਾ ਵਿਚ ਸੰਖੇਪਤਾ ਹੁੰਦੀ ਹੈ । ਕਥਾ– ਵਸਤੂ ਵਿਚ ਇਕਾਗਰਤਾ ਅਤੇ ਸਾਵਧਾਨਤਾ ਦੇ ਨਾਲ ਉਦੇਸ਼ ਨੂੰ ਮੁੱਖ ਰੱਖਿਆ ਜਾਂਦਾ ਹੈ ਅਤੇ ਤੀਬਰ ਗਤੀ ਨਾਲ ਉਦੇਸ਼ ਪ੍ਰਾਪਤੀ ਦਾ ਯਤਨ ਕੀਤਾ ਜਾਂਦਾ ਹੈ । ਇਸ ਵਿਚ ਕਾਰਜ ਦਾ ਆਰੰਭ , ਕਾਰਜ ਦੀ ਤੇਜ਼ ਚਾਲ , ਅਤੇ ਸਿਖਰ ਤਿੰਨ ਅਵਸਥਾਵਾਂ ਹੁੰਦੀਆਂ ਹਨ ਅਤੇ ਕਾਰਜ ਦੀ ਲਪੇਟ ਤੋਂ ਪਹਿਲਾਂ ਹੀ ਕਾਰਜ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ , ਜਿਸ ਨਾਲ ਦਰਸ਼ਕਾਂ ਦੇ ਮਨ ਵਿਚ ਜਿਗਿਆਸਾ , ਅਸਚਰਜ ਅਤੇ ਵਿਸਮਾਦ ਉਜਾਗਰ ਹੁੰਦੇ ਹਨ । ਇਕਾਂਗੀ ਵਿਚ ਕਾਰਜ , ਸਥਾਨ , ਅਤੇ ਕਾਲ ਦੇ ਸੰਕਲਨ ਨਿਰਵਾਹ ਦਾ ਕੋਈ ਪੱਕਾ ਨਿਯਮ ਨਹੀਂ ਹੈ ਪਰੰਤੂ ਨਿੱਕੀ ਕਹਾਣੀ ਵਾਂਗ ਇਸ ਵਿਚ ਪ੍ਰਭਾਵ ਦੀ ਇਕਸਾਰਤਾ ਅਤਿ ਆਵੱਸ਼ਕ ਹੈ । ਪਾਤਰਾਂ ਦੀ ਗਿਣਤ ਵੱਧ ਤੋਂ ਵੱਧ ਪੰਜ ਜਾਂ ਛੇ ਰੱਖੀ ਜਾਂਦੀ ਹੈ ਪਰੰਤੂ ਪਾਤਰ ਨਾਟਕ ਦੇ ਕੇਂਦਰੀ ਵਿਸ਼ੇ ਨਾਲ ਸਿੱਧੇ ਸੰਬੰਧਿਤ ਹੋਣੇ ਚਾਹੀਦੇ ਹਨ ਤਾਂ ਜੋ ਨਾਟਕੀ ਸੰਘਰਸ਼ ਦੀ ਤੀਖਣਤਾ ਵਿਚ ਕੋਈ ਢਿੱਲ ਨਾ ਪਵੇ । ਸੰਵਾਦ ਦਾ ਇਕਾਂਗੀ ਵਿਚ ਵਿਸ਼ੇਸ਼ ਮਹੱਤਵ ਹੈ । ਸੁਭਾਵਿਕਤਾ , ਸੰਖੇਪਤਾ ਅਤੇ ਰੋਚਕਤਾ ਇਸ ਦੇ ਮਹੱਤਵਪੂਰਣ ਗੁਣ ਹਨ । ਚੁਸਤ ਗੱਲਬਾਤ ਕਾਰਜ ਨੂੰ ਤੇਜ਼ੀ ਨਾਲ ਅੱਗੇ ਤੋਰਦੀ ਹੈ । ਲੰਮੇ ਲੰਮੇ ਵਿਆਖਿਆਨਾਂ ਦੀ ਇਸ ਵਿਚ ਲੋੜ ਨਹੀਂ ਹੁੰਦੀ । ਸੰਖੇਪ ਵਿਚ ਪ੍ਰਸਿੱਧ ਇਕਾਂਗੀ ਆਲੋਚਕ ਕੋਜ਼ਲੈਂਕੋ ( Kozlanko ) ਅਨੁਸਾਰ ਇਕਾਂਗੀ ਸਜੀਵ , ਸ਼ਕਤੀਸ਼ਾਲੀ ਅਤੇ ਸਿੱਧਾ ( Vivid , Powerful and direct ) ਹੋਣਾ ਚਾਹੀਦਾ ਹੈ ।

                  ਰੂਪ ਦੀ ਦ੍ਰਿਸ਼ਟੀ ਤੋਂ ਆਧੁਨਿਕ ਇਕਾਂਗੀ ਵਿਚ ਵਿਵਿਧ ਪ੍ਰਕਾਰ ਦੇ ਪ੍ਰਯੋਗ ਹੋਏ ਹਨ ਅਤੇ ਇਕਾਂਗੀ ਨੂੰ ਵਿਸ਼ੇ , ਉਦੇਸ਼ , ਸ਼ਿਲਪ– ਵਿਧਾਨ , ਅਤੇ ਆਕਾਰ– ਵਿਸਤਾਰ ਦੇ ਅਧਾਰ ਤੇ ਵੱਖ ਵੱਖ ਵਰਗਾਂ ਵਿਚ ਵੰਡਿਆ ਜਾਂਦਾ ਹੈ । ਜੇ.ਐਮ. ਬੇਰੀ ( J.M.Barrie ) ਦੇ ਖ਼ਬਤ ਖਿਆਲੀ ( whimsy ) , ਬਰਨਾਰਡ ਸ਼ਾਅ ( Bernard Shaw ) ਦੇ ਬੌਧਿਕ ਹਾਸ ਵਿਲਾਸ ਯੁਕਤ , ਲਾਰਡ ਡਨਸਨੀ ( Dunsany )   ਅਤੇ ਓ’ ਨੀਲ ( O’ Neill ) ਦੇ ਭੈ ਉਤਪਾਦਕ ਇਕਾਂਗੀਆਂ ਦੇ ਨਾਲ ਸਿੰਗ ( Synge ) , ਗ੍ਰਾਹਮ ਪ੍ਰੀਸਟਲੇ ( Grahm Priestly ) , ਇਬਸਨ ( Ibssen ) , ਚੈਖਵ ( Chekov ) , ਅਤੇ ਸਟ੍ਰਿੰਡਬਰਗ ( Strindberg ) ਦੇ ਯਥਾਰਥਵਾਦੀ ਇਕਾਂਗੀ , ਪਿਰਨਦੈਲੋ ( Pirandello ) , ਏਲੀਅਟ ( Elliot ) , ਗ੍ਰਾਹਮ ਗ੍ਰੀਨ ( Grahm Green ) , ਲੋਰਕਾ ( Lorca ) , ਸਾਰਤਰ ( Sartre ) , ਵਿਲੀਅਮ ਇੰਜ ( Willaim Inge ) , ਆਰਥਰ ਮਿਲਰ ( Arthur Miller ) ਅਤੇ ਟੇਨੇਸੀ ਵਿਲੀਅਮਜ਼ ( Tennesse Williams ) ਦੇ ਆਧੁਨਿਕ ਮਨੋਵਿਗਿਆਨਕ ਅਤੇ ਦਾਰਸ਼ਨਿਕ ਇਕਾਂਗੀਆਂ ਦੇ ਨਾਲ ਆਧੁਨਿਕ ਇਕਾਂਗੀ ਇਕ ਸੁਤੰਤਰ ਸ਼ਕਤੀਸ਼ਾਲੀ ਸਾਹਿੱਤ ਰੂਪ ਵਿਚ ਪ੍ਰਤਿਸ਼ਠਿਤ ਹੋ ਗਿਆ ਅਤੇ ਆਧੁਨਿਕ ਜੀਵਨ ਵਿਚ ਇਸ ਦੀ ਉੱਨਤੀ ਦੀਆਂ ਅਪਾਰ ਸੰਭਾਵਨਾਵਾਂ ਹਨ ।

                  ਸਾਹਿੱਤ ਦੇ ਹੋਰ ਨਵੇਂ ਰੂਪਾਂ ਵਾਂਗ ਪੰਜਾਬੀ ਵਿਚ ਇਕਾਂਗੀ ਵੀ ਵੀਹਵੀਂ ਸਦੀ ਈ. ਦੀ ਹੀ ਉਪਜ ਹੈ । ਈਸ਼ਵਰ ਚੰਦਰ ਨੰਦਾ ਨੇ ਨੋਰ੍ਹਾਂ ਰਿਚਰਡਜ਼ ਦੀ ਪ੍ਰੇਰਣਾ ਨਾਲ ਸਭ ਤੋਂ ਪਹਿਲਾ ‘ ਦੁਲਹਨ’ 1914 ਈ. ਵਿਚ ਅਤੇ , ‘ ਬੇਬੇ ਰਾਮ ਭਜਨੀ’ 1915 ਈ. ਵਿਚ ਲਿਖੇ ਤੇ ਖੇਡੇ । ਪਿਰਨਦੈਲੋ ਤੋਂ ਪ੍ਰਭਵਿਤ ਹੋ ਕੇ ਮੋਹਣ ਸਿੰਘ ਦੀਵਾਨਾ ਦੇ ਚਾਰ ਇਕਾਂਗੀਆਂ ਦਾ ਸੰਗ੍ਰਹਿ ‘ ਪੰਖੜੀਆਂ’ 1927 ਈ. ਵਿਚ ਛਾਪਿਆ । ਇਹ ਸਮੱਸਿਆ– ਇਕਾਂਗੀ ਹਨ । ਇਸ ਮਗਰੋਂ ਪੰਜਾਬੀ ਦੇ ਉੱਘੇ ਨਾਟਕਕਾਰਾਂ ਨੇ ਬੜੀ ਸਫਲਤਾ ਨਾਲ ਇਸ ਰੂਪ ਨੂੰ ਆਪਣੇ ਵਿਚਾਰਾਂ ਦਾ ਮਾਧਿਅਮ ਬਣਾਇਆ ਹੈ । ਸੰਤ ਸਿੰਘ ਸੇਖੋਂ , ਬਲਵੰਤ ਗਾਰਗੀ ਅਤੇ ਹਰਚਰਨ ਸਿੰਘ ਦੇ ਬੌਧਿਕ ਅਤੇ ਉਤਸੁਕਤਾ– ਪ੍ਰਧਾਨ ਇਕਾਂਗੀ , ਗੁਰਦਿਆਲ ਸਿੰਘ ਫੁਲ ਅਤੇ ਗੁਰਦਿਆਲ ਸਿੰਘ ਖੋਸਲਾ , ਅਮ੍ਰੀਕ ਸਿੰਘ , ਰੌਸ਼ਨ ਲਾਲ ਅਹੂਜਾ ਅਤੇ ਕਪੂਰ ਸਿੰਘ ਘੁੰਮਣ ਦੇ ਹਾਸ– ਵਿਲਾਸ ਅਤੇ ਸਮੱਸਿਆ– ਪ੍ਰਧਾਨ ਇਕਾਂਗੀ , ਕਰਤਾਰ ਸਿੰਘ ਦੁੱਗਲ ਅਤੇ ਸੁਰਜੀਤ ਸਿੰਘ ਸੇਠੀ ਦੇ ਮਨੋਵਿਗਿਆਨਕ ਅਤੇ ਆਧੁਨਿਕ ਵਿਅੰਗ– ਭਰਰਪੂਰ ਇਕਾਂਗੀਆਂ ਨਾਲ ਪੰਜਾਬੀ ਇਕਾਂਗੀ ਵਿਕਾਸ ਦੇ ਪੱਥ ਤੇ ਚਲ ਰਿਹਾ ਹੈ । ਆਤਮਜੀਤ ਸਿੰਘ , ਅਜਮੇਰ ਸਿੰਘ ਔਲਖ , ਆਦਿ ਅਨੇਕ ਨਵੇਂ ਇਕਾਂਗੀਕਾਰ ਸਾਹਮਣੇ ਆ ਰਹੇ ਹਨ ।    


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਇਕਾਂਗੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਇਕਾਂਗੀ : ਅੰਗਰੇਜ਼ੀ ਦੇ ' ਵਨ ਐਕਟ ਪਲੇ' ਲਈ ਪੰਜਾਬੀ ਵਿਚ ਇਕਾਂਗੀ ਸ਼ਬਦ ਵਰਤਿਆਂ ਜਾਂਦਾ ਹੈ ਅਤੇ ਇਹ ਇਕ ਅੰਕ ਦਾ ਨਾਟਕ ਹੁੰਦਾ ਹੈ । ਪੱਛਮ ਵਿਚ ਇਕਾਂਗੀ 20 ਵੀ ਸਦੀ ਵਿਚ ਤੇ ਖਾਸ ਕਰਕੇ ਪਹਿਲੀ ਵੱਡੀ ਲੜਾਈ ਦੇ ਮਗਰੋਂ ਬਹੁਤ ਪ੍ਰਚਲਿਤ ਅਤੇ ਹਰਮਨ ਪਿਆਰਾ ਹੋ ਗਿਆ । ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਇਹ ਇਸ ਸਦੀ ਦੇ ਚੋਥੇ ਦਹਾਕੇ ਵਿਚ ਪ੍ਰਚਲਿਤ ਹੋਇਆ । ਪੂਰਬ ਅਤੇ ਪੱਛਮ ਦੋਹਾਂ ਦੇ ਨਾਟਕ-ਸਾਹਿਤ ਵਿਚ ਇਕਾਂਗੀ ਨਾਲ ਮਿਲਦੇ ਜੁਲਦੇ ਰੂਪ ਪ੍ਰਚਲਿਤ ਹਨ । ਸੰਸਕ੍ਰਿਤ ਨਾਟ ਸ਼ਾਸਤਰ ਰੂਪਕਾਂ ਤੇ ਉਪ ਰੂਪਕਾਂ ਦੇ ਜੋ ਭੇਦ ਦਸੇ ਗਏ ਹਨ ਉਨ੍ਹਾਂ ਵਿਚੋਂ ਕਈਆ ਨੂੰ ਡਾ. ਕੀਥ ਨੇ ਇਕਾਂਗੀ ਨਾਟਕ ਕਿਹਾ ਹੈ । ਇਸ ਤਰ੍ਹਾਂ ' ਦਸ਼ਰੂਪ' ਅਤੇ ' ਸਾਹਿਤ ਦਰਪਨ' ਵਿਚ ਦਸੇ ਵਯਾ-ਯੋਗ , ਪ੍ਰਹਸਨ , ਭਾਣ , ਵੀਥੀ , ਨਾਟਿਕਾ , ਗੋਸ਼ਟੀ ਸੱਟਕ , ਨਾਟਯਰਾਸਕ , ਪ੍ਰਕਾਸ਼ਿਕਾ , ਉੱਲਾਪਯ , ਕਾਵਯ ਪ੍ਰੇਖਣ , ਸ੍ਰੀ ਗਦਿਤ , ਵਿਲਾਸਿਕਾ , ਪ੍ਰਕਰਣਿਕਾ , ਹੱਲੀਸ਼ ਆਦਿ ਰੂਪਕਾਂ ਅਤੇ ਉਪ ਰੂਪਕਾਂ ਆਧਿੁਨਿਕ ਇਕਾਂਗੀ ਦਾ ਨਿਕਟ-ਸਬੰਧੀ ਕਹਿਣਾ ਗਲਤ ਨਹੀਂ ਹੋਵੇਗਾ । ‘ ਸਾਹਿਤ ਦਰਪਨ’ ਵਿਚ ‘ ਏਕਾਕ’ ਸ਼ਬਦ ਵੀ ਵਰਤਿਆ ਗਿਆ ਹੈ ।

    ਪੱਛਮ ਦੇ ਨਾਟਕ-ਸਾਹਿਤ ਵਿਚ ਇਕਾਂਗੀ ਨਾਲ ਮਿਲਦਾ ਜੁਲਦਾ ਸਭ ਤੋਂ ਪਹਿਲਾ ਅਤੇ ਅਵਿਕਸਿਤ ਜਿਹਾ ਰੂਪ ' ਇੰਟਰਲਿਊਡ' ਹੈ । ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਦੇ ਸਦਾਚਾਰ ਅਤੇ ਅਖਲਾਕ ਭਰੇ ਮੈਰੋ-ਲਿਟੀ ਨਾਟਕਾਂ ਦੇ ਕੋਰੇ ਉਪਦੇਸ਼ ਤੋਂ ਪੈਦਾ ਹੋਏ ਅਕੇਵੇ ਨੂੰ ਦੂਰ ਕਰਨ ਲਈ ਹਸਾਉਣੇ ਅੰਸ਼ ਵੀ ਜੋੜ ਦਿੱਤੇ ਗਏ ਸਨ , ਇਨ੍ਹਾਂ ਅੰਸ਼ਾਂ ਨੂੰ ਇੰਟਰਲਿਊਡ ਕਹਿੰਦੇ ਹਨ । ਹੌਲੀ ਹੋਲੀ ਇਹ ਮੋਰੈਲਿਟੀ ਨਾਟਕਾਂ ਤੋਂ ਸੁੰਤਤਰ ਹੋ ਗਏ ਅਤੇ ਅਖ਼ੀਰ ਨੂੰ ਤਿੰਨ ਪਾਤਰਾਂ ਵਾਲੇ ਛੋਟੇ ਨਾਟਕਾਂ ਵਿਚ ਬਦਲ ਗਏ ਜਿਨ੍ਹਾਂ ਵਿਚ ਹਾਸ ਤੇ ਤਨਜ਼ ਪ੍ਰਧਾਨ ਹੁੰਦੇ ਸਨ । ‘ ਕਰਟਨ-ਰੇਜ਼ਰ’ ਕਿਹਾ ਜਾਣ ਇਕਾਂਗੀ ਪੱਛਮ ਵਿਚ ਆਧੁਨਿਕ ਇਕਾਂਗੀ ਨਾਲ ਮਿਲਦਾ ਜੁਲਦਾ ਸੀਰਾਤ ਨੂੰ ਦੇਰ ਨਾਲ ਖਾਣਾ ਖਾਣ ਮਗਰੋਂ ਥੀਏਟਰ ਵਿਚ ਆਉਣ ਵਾਲੇ ਵੱਡੇ ਲੋਕਾਂ ਕਾਰਨ ਹੁੰਦੀ ਸੀ । ਥੀਏਟਰ ਦੇ ਮਾਲਕਾਂ ਨੇ ਇਕ ਵਿਚਕਾਰਲੇ ਸਮੇਂ ਵਿਚ ਆਮ ਲੋਕਾਂ ਦੇ ਦਿਲ ਪਰਚਾਵੇ ਲਈ ਦੋ ਪਾਤਰਾਂ ਵਾਲਾ ਹਸਾਉਣਾ ਡਾਇਲਾਗ ਪੇਸ਼ ਕਰਨਾ ਸ਼ੁਰੂ ਕਰ ਦਿੱਤਾ । ਇਸ ਤਰ੍ਹਾਂ  ਦੇ ਸੁਤੰਤਰ ਡਾਇਲਾਗ ਨੂੰ ਹੀ ਕਰਟਨ-ਰੇਜ਼ਰ ਕਿਹਾ ਜਾਂਦਾ ਸੀ । ਇਸ ਵਿਚ ਪਲਾਟ ਅਤੇ ਜੀਵਨ ਤੇ ਅਸਲੀਅਤ ਅਤੇ ਨਾਟਕੀਅਤ ਨਹੀਂ ਸੀ । ਮਗਰੋਂ ਕਰਟਨ– ਰੇਜ਼ਰ ਦੀ ਥਾਂ ਯਥਾਰਥਕ ਜੀਵਨ ਸਬੰਧੀ ਗੋਂਦ ਵਾਲੇ ਪਲਾਟ ਅਤੇ ਨਾਟਕੀ ਦਵੰਦ ਵਾਲੇ ਛੋਟੇ ਨਾਟਕ ਪੇਸ਼ ਕੀਤੇ ਜਾਣ ਲੱਗੇ । ਇਨਾਂ ਦੇ ਵਿਕਾਸ ਦਾ ਅਗਲਾ ਕਦਮ ਇਕਾਂਗੀ ਸੀ । ਲੋਕਾਂ ਵਿਚ ਇਕਾਂਗੀ ਇੰਨਾ ਪਿਆਰਾ ਹੋ ਗਿਆ ਕਿ ਨਾਟਕਾਂ ਨੁੰ ਬਚਾਉਣ ਵਾਸਤੇ ਪੇਸ਼ਾਵਰ ਥੀਏਟਰਾਂ ਨੇ ਇਸ ਨੂੰ ਬੰਦ ਕਰ ਦਿੱਤਾ ਪਰ ਇਸ ਵਿਚ ਤਜਰਬੇ ਅਤੇ ਵਿਕਾਸ ਦੀਆਂ ਸੰਭਾਵਨਾਂ ਨੂੰ ਦੇਖ ਕੇ ਪੱਛਮ ਦੇ ਕਈ ਦੇਸ਼ਾਂ ਵਿਚ ਗੈ਼ਰ-ਪੇਸ਼ਾਵਰਾਂ ਅਤੇ ਸਟੇਜਾਂ ਨੇ ਉਸ ਨੂੰ ਅਪਣਾ ਲਿਆ । ਲੰਡਨ , ਪੈਰਿਸ , ਬਰਲਿਨ , ਡਬਲਿਨ , ਸ਼ਿਕਾਗੋ , ਨਿਊਯਾਰਕ ਆਦਿ ਨੇ ਇਕ ਨਵੇਂ ਢੰਗ ਦੇ ਨਾਟਕ ਅਤੇ ਉਸ ਦੇ ਰੰਗ ਮੰਚ ਨੂੰ ਉਤਸ਼ਾਹ ਦਿੱਤਾ । ਇਸ ਤੋਂ ਇਲਾਵਾ ਇਕਾਂਗੀ ਨਾਟਕ ਨੂੰ ਪੱਛਮ ਦੇ ਕਈ ਵੱਡੇ ਵੱਡੇ ਲਿਖਾਰੀਆਂ ਨੇ ਅਪਣਾਇਆ । ਅਜਿਹੇ ਲੇਖਕਾਂ ਵਿਚ ਰੂਸ ਦੇ ਚੈਖੋਵ , ਗੋਰਕੀ ਤੇ ਐਂਡਰੀਯੋਵ , ਫ਼ਰਾਂਸ ਦੇ ਜਿਰਾਓਦੇ , ਸਾਰਤ੍ਰ ( Sartre ) , ਅਤੇ ਐਨਾਡਲ , ਜਰਮਨੀ ਦੇ ਟਾਲਰ ( Toller ) ਅਤੇ ਬ੍ਰੇਖਟ , ਇਟਲੀ ਦੇ ਪਿਰੰਦੇਲੋ ਅਤੇ ਹਾਲੈਂਡ , ਆਇਰਲੈਂਡ ਤੇ ਅਮਰੀਕਾ ਦੇ ਆਸਕਰ ਵਾਈਲਡ , ਗਾਲਜ਼ਵਰਦੀ , ਜੇ. ਐਮ. ਬੈਰੀ , ਲਾਰਡ ਡਨਸੈਨੀ , ਸਿੰਜ ( Synge ) , ਸਿਆਂ ਓ ਕੇਸੀ ( Sean O’ Casey ) ਯੂਜੀਨ ਓਨੀਲ , ਨੋਇਲ ਕਾਵਰਡ ਟੀ. ਐਸ. ਈਲੀਅਟ , ਕ੍ਰਿਸਟੋਫਰ , ਫ਼ਰਾਈ , ਗ੍ਰਾਹਮ ਗ੍ਰੀਨ ਤੇ ਮਿਲਰ ਆਦਿ ਦੇ ਨਾਂ ਵਰਨਣਯੋਗ ਹਨ । ਰੰਗ ਮੰਚ ਦੇ ਯਤਨਾਂ ਅਤੇ ਇਨਾਂ ਲੇਖਕਾਂ ਦੇ ਮਿਲਵੇਂ ਪ੍ਰਯੋਗਾਤਮਕ ਸਾਹਸ ਤੇ ਉਤਸ਼ਾਹ ਦੇ ਨਤੀਜੇ ਵਜੋਂ ਆਧੁਨਿਕ ਇਕਾਂਗੀ ਬਿਲਕੁਲ ਨਵੇਂ ਅਤੇ ਸਪੱਸ਼ਟ ਰੂਪ ਵਿਚ ਸਾਹਮਣੇ ਆਇਆ । ਉਨ੍ਹਾਂ ਦੀਆਂ ਰਚਨਾਵਾਂ ਦੇ ਆਧਾਰ ਤੇ ਇਕਾਂਗੀ ਨਾਟਕ ਦੀਆਂ ਆਮ ਖੂਬੀਆਂ ਦਾ ਅਧਿਐਨ ਕੀਤਾ ਜਾ ਸਕਦਾ ਹੈ । ਬਣਤਰ ਨੂੰ ਸਾਧਾਰਣ ਤੌਰ ਤੇ ਵੇਖਣ ਤੇ ਹੀ ਇਕਾਂਗੀ ਅਤੇ ਵੱਡੇ ਨਾਟਕਾਂ ਦਾ ਅੰਤਰ ਸਪੱਸ਼ਟ ਹੋ ਸਕਦਾ ਹੈ । ਇਕਾਂਗੀ ਆਮ ਤੌਰ ਤੇ 20 ਤੋਂ 30 ਮਿੰਟ ਵਿਚ ਪੜ੍ਹਿਆਂ ਜਾਂ ਖੇਡਿਆ ਜਾ ਸਕਦਾ ਹੈ । ਜਦ ਕਿ 3 , 4 , 5 ਅੰਕਾ ਵਾਲੇ ਨਾਟਕਾਂ ਨੂੰ ਪੜਨ ਜਾਂ ਖੇਡਣ ਵਿਚ ਕਈ ਘੰਟੇ ਲਗਦੇ ਹਨ ਪਰ ਵੱਡੇ ਨਾਟਕਾਂ ਅਤੇ ਇਕਾਂਗੀਆਂ ਵਿਚ ਬੁਨਿਆਦੀ ਫ਼ਰਕ ਆਕਾਰ ਦਾ ਨਹੀਂ , ਸਗੋਂ ਰਚਨਾਤਮਕ ਹੈ । ਪੱਛਮ ਦੇ ਤਿੰਨ ਤੋਂ ਲੈ ਕੇ ਪੰਜ ਅੰਕਾਂ ਵਾਲੇ ਨਾਟਕਾਂ ਵਿਚ ਦੋ ਜਾਂ ਦੋ ਤੋਂ ਵੱਧ ਪਲਾਟਾਂ ਨੂੰ ਗੁੰਦਿਆ ਜਾਂਦਾ ਹੈ । ਇਸ ਤਰ੍ਹਾਂ ਉਸ ਵਿਚ ਇਕ ਪਲਾਟ ਪ੍ਰਧਾਨ ਹੁੰਦਾ ਹੈ ਤੇ ਦੋ ਜਾਂ ਵੱਧ ਗੌਣ ਪਲਾਟ ਉਸ ਦੇ ਅਧੀਨ ਹੁੰਦੇ ਸਨ । ਸੰਸਕ੍ਰਿਤ ਨਾਟਕਾਂ ਵਿਚ ਵੀ ਅਜਿਹੇ ਪਲਾਟ ਹੁੰਦੇ ਸਨ । ਅਜਿਹੇ ਨਾਟਕਾਂ ਵਿਚ ਸਥਾਨ ਜਾਂ ਦ੍ਰਿਸ਼ , ਕਾਲ ਤੇ ਘਟਨਾ-ਕ੍ਰਮ ਲਗਾਤਾਰ ਤਬਦੀਲੀ ਸੁਭਾਵਕ ਸੀ ਪਰ ਇਕਾਂਗੀ ਵਿਚ ਇਹ ਸੰਭਵ ਨਹੀਂ । ਇਕਾਂਗੀ ਦਾ ਆਧਾਰ ਇਕ ਨਾਟਕੀ ਘਟਨਾ ਜਾਂ ਮਾਨਸਿਕ ਸਥਿਤੀ ਹੁੰਦੀ ਹੈ ਅਤੇ ਉਸ ਦਾ ਮੂਲ ਨਿਸ਼ਾਨਾ ਇਕਾਗਰ ਪ੍ਰਭਾਵ ਹੁੰਦਾ ਹੈ । ਇਸ ਲਈ ਇਕਾਂਗੀ ਵਿਚ ਸਥਾਨ , ਸਮੇਂ ਤੇ ਕਾਰਜ ਦੀ ਏਕਤਾ ਨੂੰ ਲਾਜ਼ਮੀ ਮੰਨਿਆ ਗਿਆ ਹੈ । ਕਹਾਣੀ ਦੇ ਗੀਤ ਵਾਂਗ ਇਕਾਂਗੀ ਦੀ ਕਲਾ ਇਕਾਗਰਤਾ ਅਤੇ ਘੱਟ ਖਰਚ ਦੀ ਕਲਾ ਹੈ ਜਿਸ ਵਿਚ ਘੱਟ ਤੋਂ ਘੱਟ ਸਮੱਗਰੀ ਦੇ ਸਹਾਰੇ ਵੱਧ ਤੋਂ ਵੱਧ ਅਸਰ ਪੈਦਾ ਕੀਤਾ ਜਾਂਦਾ ਹੈ । ਇਕਾਂਗੀ ਦੇ ਪਲਾਟ ਦਾ ਘੇਰਾ ਬਹੁਤ ਸੰਕੋਚਵਾਂ ਹੁੰਦਾ ਹੈ । ਉਸ ਵਿਚ ਜੀਵਨ ਦੇ ਇਕੋ ਪੱਖ ਦਾ ਜ਼ਿਕਰ ਹੁੰਦਾ ਹੈ । ਲੰਬੇ ਲੰਬੇ ਭਾਸ਼ਣਾ ਤੇ ਵਿਸਥਾਰ ਵਾਲੀਆਂ ਵਿਆਖਿਆਵਾਂ ਦੀ ਥਾਂ ਉਸ ਵਿਚ ਨਹੀ ਹੁੰਦੀਂ । ਉਸ ਵਿਚ ਗੱਲ ਬਾਤ ਸੰਖੇਪ ਹੁੰਦੀ ਹੈ ।

ਸੰਸਕ੍ਰਿਤ ਨਾਟ-ਸ਼ਾਸਤਰ ਦੇ ਅਨੁਸਾਰ ਵੱਡੇ ਨਾਟਕ ਦੇ ਪਲਾਟ ਦੇ ਵਿਕਾਸ ਦੀਆਂ ਪੰਜ ਸਥਿਤੀਆਂ-ਅਰੰਭ , ਪ੍ਰਯਤਨ , ਪ੍ਰਾਪਤਾਯਾਸ਼ਾਂ , ਨਿਯਤਪਤੀ ਅਤੇ ਫਲਾਗਮ ਮੰਨੀਆਂ ਗਈਆਂ ਹਨ । ਪੱਛਮ ਦੇ ਨਾਟਸ਼ਾਸਤਰ ਵਿਚ ਇਨ੍ਹਾਂ ਨਾਲ ਮਿਲਦੀਆਂ ਜੁਲਦੀਆਂ ਸਥਿਤੀਆਂ ਦਾ ਵਰਨਣ ਹੈ – ਆਰੰਭ ਜਾਂ ਭੂਮਿਕਾ , ਪਾਤਰਾਂ ਅਤੇ ਘਟਨਾਵਾਂ ਦੀ ਟੱਕਰ ਨਾਲ ਪਲਾਟ ਦਾ ਸਿਖਰ ਵੱਲ ਵਧਣਾ , ਸਿਖਰ , ਉਤਾਰ ( Anti-Climax ) ਅਤੇ ਅੰਤ । ਪੱਛਮ ਦੇ ਨਾਟ-ਸ਼ਾਸਤਰ ਵਿਚ ਟੱਕਰ ਤੇ ਬੜਾ ਜ਼ੋਰ ਦਿੱਤਾ ਗਿਆ ਹੈ ਅਸਲ ਵਿਚ ਨਾਟਕ ਕਸ਼ਮਕਸ਼ ਦੀ ਕਲਾ ਹੈ , ਕਹਾਣੀ ਵਿਚ ਪਾਤਰਾਂ ਅਤੇ ਘਟਨਾਵਾਂ ਦੇ ਵਿਕਾਸ ਦੀ ਥਾਂ ਨਾਟਕ ਵਿਚ ਕੁਝ ਪਾਤਰਾਂ ਦੇ ਜੀਵਨ ਦੀ ਕਸ਼ਮਕਸ਼ ਨੂੰ ਉਜਾਗਰ ਕਰ ਕੇ ਪਲਾਟ ਨੂੰ ਸਿਖਰ ਤਕ ਪਹੁੰਚਾਇਆ ਜਾਂਦਾ ਹੈ । ਇਕਾਂਗੀ ਵਿਚ ਇਸ ਸਿਖਰ ਦੀ ਧੁਰੀ ਕੇਵਲ ਇਕ ਕਸ਼ਮਕਸ਼ ਹੁੰਦੀ ਹੈ । ਵੱਡੇ ਨਾਟਕ ਵਿਚ ਕਸ਼ਮਕਸ਼ ਦਾ ਵਿਕਾਸ ਕਾਫ਼ੀ ਧੀਮਾ ਹੋ ਸਕਦਾ ਹੈ ਜਿਸ ਵਿਚ ਸਾਰੀਆਂ ਘਟਨਾਵਾਂ ਰੰਗ ਮੰਚ ਊਤੇ ਪੇਸ਼ ਹੁੰਦੀਆਂ ਹਨ ਪਰ ਇਕਾਂਗੀ ਦੇ ਪਲਾਟ ਦਾ ਮੁੱਢ ਅਤੇ ਅੰਤ ਬਹੁਤ ਛੋਟਾ ਹੁੰਦਾ ਹੈ ਜਾਂ ਉਸ ਘਟਨਾ ਤੋਂ ਕੁਝ ਹੀ ਪਹਿਲਾ ਹੁੰਦਾ ਹੈ ਜੋ ਬੜੀ ਤੇਜ਼ੀ ਨਾਲ ਕਸ਼ਮਕਸ਼ ਨੂੰ ਸਿਖਰ ਤੇ ਪਹੁੰਚਾ ਦਿੰਦੀ ਹੈ । ਅਕਸਰ ਇਹੋ ਸਿਖਰ ਇਕਾਂਗੀ ਦਾ ਅੰਤ ਹੁੰਦਾ ਹੈ । ਜੀਵਨ ਦੀਆਂ ਸਮੱਸਿਆਵਾਂ ਦੇ ਯਥਾਰਵਾਦੀ ਅਤੇ ਮਨੋਵਿਗਿਆਨਕ ਚਿਤਰਨ ਦੇ ਇਲਾਵਾਂ ਰਚਨਾ-ਵਿਧਾਨ ਦੀ ਇਹ ਵਿਸ਼ੇਸ਼ਤਾ ਆਧੁਨਿਕ ਇਕਾਂਗੀ ਨੂੰ ਸੰਸਕ੍ਰਿਤ ਅਤੇ ਪੱਛਮੀ ਨਾਟਕ ਸਾਹਿਤ ਵਿਚ ਉਸ ਦੇ ਨਿਕਟਵਰਤੀ ਰੂਪਾਂ ਨਾਲੋਂ ਵੱਖ ਕਰਦੀ ਹੈ ।

ਅਕਸਰ ਐਕਟਿੰਗ ਲਈ ਕਹਾਣੀਆਂ ਦੇ ਰੂਪਾਂਤਰ ਤੋਂ ਇਹ ਭੁਲੇਖਾ ਪੈਂਦਾ ਹੈ ਕਿ ਇਕਾਂਗੀ ਕਹਾਣੀ ਦੀ ਐਕਟਿੰਗ ਹੀ ਹੈ ਪਰੰਤੂ ਬਣਤਰ ਵਿਚ ਇਕਾਗਰਤਾ ਅਤੇ ਘੱਟ ਖਰਚ ਦੀ ਬੁਨਿਆਦ ਸਮਾਨਤਾ ਦੇ ਬਾਵਜੂਦ ਵੀ ਕਹਾਣੀ ਅਤੇ ਇਕਾਂਗੀ ਵਿਚ ਤਕਨੀਕੀ ਪੱਖ ਤੋਂ ਫ਼ਰਕ ਹੈ ਇਕਾਂਗੀ ਚੂੰਕਿ ਖੇਡੇ ਜਾਣ ਵਾਲੀ ਚੀਜ਼ ਹੈ , ਇਸ ਲਈ ਇਸ ਵਿਚ ਐਕਟਿੰਗ ਅਤੇ ਗੱਲਬਾਤ ਦਾ ਮਹੱਤਵ ਸਭ ਤੋਂ ਵੱਧ ਹੈ । ਇਨਾਂ ਦੇ ਰਾਹੀਂ ਹੀ ਇਕਾਂਗੀ ਚਰਿਤਰ ਚਿਤਰਨ , ਪਲਾਟ ਅਤੇ ਉਸ ਦੀ ਕਸ਼ਮਕਸ਼ , ਵਾਤਾਵਰਣ ਅਤੇ ਘਟਨਾਵਾਂ ਦੇ ਆਪਸੀ ਸਬੰਧਾਂ ਦੀ ਉਸਾਰੀ ਕਰਦਾ ਹੈ । ਕਹਾਣੀ ਵਾਂਗ ਇਕਾਂਗੀ ਵਰਣਨ ਦਾ ਆਸਰਾ ਨਹੀਂ ਲੈ ਸਕਦਾ ਪਰੰਤੂ ਐਕਟਿੰਗ ਦੀ ਇਕ ਮੁਦਰਾ ( ਪੋਜ਼ ) ਕਹਾਣੀ ਤੇ ਲੰਬੇ ਵਰਣਨ ਨਾਲੋਂ ਵੱਧ ਅਸਰ ਭਰਪੂਰ ਹੋ ਸਕਦੀ ਹੈ । ਇਸ ਲਈ ਰੰਗ ਮੰਚ ਇਕਾਂਗੀ ਦੀ ਸੀਮਾ ਅਤੇ ਸ਼ਕਤੀ ਦੋਵੇਂ ਹੈ । ਇਸ ਦੀ ਪਛਾਣ ਨਾ ਹੋਣ ਦੇ ਕਾਰਨ ਕਈ ਸਫਲ ਕਹਾਣੀਕਾਰ ਇਕਾਂਗੀਕਾਰ ਬਣ ਕੇ ਰਹਿ ਜਾਂਦੇ ਹਨ । ਇਕਾਂਗੀ ਦੀਆਂ ਅਦਭੁੱਤ ਸੰਭਾਵਨਾਵਾਂ ਕਾਰਨ ਆਧੁਨਿਕ ਕਾਲ ਵਿਚ ਉਸ ਦਾ ਵਿਕਾਸ ਕਈ ਰੂਪਾਂ ਵਿਚ ਹੋਇਆ ਹੈ । ਟੀ.ਵੀ ਰੂਪਕ , ਰੇਡੀਓ ਰੂਪਕ , ਸੰਗੀਤ ਜਾਂ ਕਾਵਿ-ਰੂਪਕ ਅਤੇ ਮਾੱਨੋਲੌਗ ( Monologur ) ਨਵੇਂ ਮਹੱਤਵਪੂਰਨ ਰੁਝਾਣ ਹਨ । ਟੀ.ਵੀ. ਤੇ ਰੇਡੀਓ ਦੇ ਮਾਧਿਅਮ ਰਾਹੀਂ ਇਨ੍ਹਾਂ ਸਾਰਿਆਂ ਵਿਚ ਲਗਾਤਾਰ ਤਜਰਬੇ ਹੋ ਰਹੇ ਹਨ । ਰੰਗ ਮੰਚ , ਐਕਟਰਾਂ ਤੇ ਐਕਟਰੈਸਾਂ , ਉਨ੍ਹਾਂ ਦੀ ਐਕਟਿੰਗ ਅਤੇ ਮੁਦਰਾਵਾ ਦੀ ਅਣਹੋਂਦ ਵਿਚ ਰੇਡੀੳ ਰੂਪਕ ਨੁੰ ਸ਼ਬਦ , ਧੁਨੀ ਅਤੇ ਚਿਤਰਾਤਮਕ ਸ਼ਕਤੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਪੈਂਦੀ ਹੈ । ਦ੍ਰਿਸ਼ ਚਿਤਰਣ ਦੀ ਹੋਂਦ ਰੇਡਿਓ ਰੂਪਕ ਲਈ ਬਿਲਕੁਲ ਰੁਕਾਵਟ ਹੀ ਨਹੀਂ ਕਿਉਂਕਿ ਸ਼ਬਦ ਅਤੇ ਆਵਾਜ਼ ਨੁੰ ਰੰਗ ਮੰਚ ਤੋਂ ਵੱਖ ਕਰਕੇ ਨਾਟਕਕਾਰ ਸੁਣਨ ਵਾਲਿਆਂ ਦੇ ਧਿਆਨ ਨੂੰ ਪਾਤਰਾਂ ਦੇ ਅੰਦਰੂਨੀ ਦ੍ਵਦਾਂ ਤੇ ਕੇਂਦਰਿਤ ਕਰ ਸਕਦਾ ਹੈ । ਰੇਡਿਓ ਰੂਪਕ ਹਾਲਾਂ ਮਸਾਂ 40 ਸਾਲਾਂ ਦਾ ਹੋਇਆ ਹੈ । ਸ਼ੁਰੂ ਸ਼ੁਰੂ ਵਿਚ ਇਸ ਕਿਸੇ ਕਹਾਣੀ ਨੂੰ ਅਨੇਕ ਵਿਅਕਤੀਆਂ ਦੇ ਸ੍ਵਰਾਂ ਵਿਚ ਪੇਸ਼ ਕੀਤਾ ਜਾਂਦਾ ਸੀ ਅਤੇ ਰੰਗ ਮੰਚ ਦਾ ਭੁਲੇਖਾ ਪਾਉਣ ਲਈ ਪਾਤਰਾਂ ਦੇ ਹੁਲੀਏ , ਪਹਿਰਾਵੇ , ਸ਼ਿੰਗਾਰ ਤੇ ਰੁਚੀਆਂ ਆਦਿ ਦੇ ਪੂਰੇ ਵੇਰਵੇ ਨਾਲਾ ਵਾਤਾਵਰਣ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਸੀ । ਅਮਰੀਕਾ , ਇੰਗਲੈਂਡ , ਜਰਮਨੀ. ਆਦਿ ਪੱਛਮੀ ਦੇਸ਼ਾਂ ਵਿਚ ਰੇਡਿਓ ਇਕਾਂਗੀ ਦੇ ਤਜਰਬਿਆਂ ਨੇ ਉਸ ਰੂਪ ਨੂੰ ਵਿਕਸਿਤ ਕੀਤਾ ਹੈ ਅਤੇ ਨਿਖਾਰਿਆ ਹੈ । ਰੇਡਿਓ ਲਈ ਕਈ ਪ੍ਰਸਿੱਧ ਅਮਰੀਕਨ ਅਤੇ ਅੰਗਰੇਜ਼ ਕਵੀਆਂ ਨੇ ਕਾਵਿ-ਰੂਪਕ ਲਿਖੇ ਹਨ । ਉਨ੍ਹਾਂ ਵਿਚ ਮੈਕਲੀਸ਼ , ਸਟੀਫਨ ਵਿੰਸੈਟ ਬੈਨੇ , ਕਾਰਲ ਸੈਂਡ-ਬਰਗ , ਟਾਈਰੋਨ , ਗੁਥਰੀ , ਲੂਈ ਮੈਕਨੀਸ , ਸੈਕਵਿਲ ਵੈਸਟ , ਪ੍ਰੈਟਿਕ ਡਿਕਿੰਸਨ , ਡੀਲਨ ਟਾਮਸ ਆਦਿ ਦੇ ਨਾਂ ਵਰਨਣਯੋਗ ਹਨ । ਇਨ੍ਹਾਂ ਤੋਂ ਪ੍ਰੇਰਣਾ ਲੈਂ ਕੇ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਦੇ ਇਕਾਂਗੀਕਾਰਾਂ ਨੇ ਰੇਡੀਓ ਰੂਪਕ , ਗੀਤਨਾਟ ਅਤੇ ਕਾਵਿ ਰੂਪਕ ਲਿਖੇ ਹਨ ।

  ਪੰਜਾਬੀ ਵਿਚ ਵਧੇਰੇ ਇਕਾਂਗੀ ਪਿਛਲੇ 35-40 ਸਾਲਾਂ ਵਿਚ ਲਿਖੇ ਗਏ ਹਨ । ਇਸ ਦੇ ਵਿਕਾਸ ਉਤੇ ਪੱਛਮੀ ਪ੍ਰਭਾਵ ਜ਼ਰੂਰ ਪਏ ਹਨ ਪਰ ਇਹ ਕਹਿਣਾ ਗ਼ਲਤ ਹੈ ਕਿ ਇਹ ਸਮੁੱਚੇ ਰੂਪ ਵਿਚ ਪੱਛਮ ਦੇ ਅਨੂਕਰਣ ਵਜੋਂ ਹੀ ਹੋਂਦ ਵਿਚ ਆਏ । ਪੰਜਾਬ ਵਿਚ ਪੁਰਾਤਨ ਸਮੇਂ ਵਿਚ ਹਾਸੇ , ਟੋਕਾਂ , ਤੇ ਸਾਂਗ ਆਮ ਸਨ । ਭੰਡਾਂ ਦੀਆਂ ਨਕਲਾਂ ਵੀ ਆਮ ਪ੍ਰਚਲਿਤ ਸਨ । ਇਹ ਪੰਜਾਬੀ ਇਕਾਂਗੀ ਦਾ ਮੁੱਢਲਾ ਰੂਪ ਕਹੇ ਜਾ ਸਕਦੇ ਹਨ । ਇਸ ਖੇਤਰ ਵਿਚ ਪਹਿਲ ਕਰਨ ਵਾਲੇ ਆਈ. ਸੀ. ਨੰਦਾ ਹਨ ਜਿਨ੍ਹਾਂ ਨੈ 1913 ਈ. ਵਿਚ ਦੁਲਹਨ ਨਾਂ ਦਾ ਇਕਾਂਗੀ ਲਿਖਿਆ ਅਤੇ ਇਸ ਨੂੰ ਸਟੇਜ ਵੀ ਕੀਤਾ । ਇਸ ਤੋਂ ਬਾਅਦ ਡਾ. ਮੋਹਨ ਸਿੰਘ ਕਈ ਇਕਾਂਗੀ ਲਿਖੇ ਜਿਹੜੇ ਪੰਖੜੀਆਂ ਨਾਂ ਦੀ ਪੁਸਤਕ ਵਿਚ ਉਪਲੱਬਧ ਹਨ । ਪੰਜਾਬੀ ਇਕਾਂਗੀ ਦੀ ਰਚਨਾ ਸਹੀ ਅਰਥਾਂ ਵਿਚ 1930 ਈ. ਤੋਂ ਬਾਅਦ ਆਰੰਭ ਹੋਈ । ਹੁਣ ਤਕ ਦੇ ਪ੍ਰਸਿਧ ਇਕਾਂਗੀ ਲੇਖਕਾਂ ਵਿਚ ਪ੍ਰੋ. ਆਈ.ਸੀ. ਨੰਦਾ , ਪ੍ਰੋ. ਸੰਤ ਸਿੰਘ ਸੇਖੋਂ , ਡਾ. ਹਰਚਰਨ ਸਿੰਘ , ਬਲਵੰਤਮ ਗਾਰਗੀ , ਗੁਰਦਿਆਲ ਸਿੰਘ ਖੋਸਲਾ , ਪ੍ਰੋ. ਗੁਰਦਿਆਲ ਸਿੰਘ ਫੁੱਲ , ਡਾ ਰੌਸ਼ਨ ਲਾਲ ਆਹੂਜਾ , ਅਮਰੀਕ ਸਿੰਘ , ਕਪੂਰ ਸਿੰਘ ਘੁੰਮਣ , ਸੁਰਜੀਤ ਸਿੰਘ ਸੇਠੀ , ਹਰਸ਼ਰਨ ਸਿੰਘ ਆਦਿ ਹਨ ।


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.