ਇਸ਼ਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਸ਼ਕ ( ਨਾਂ , ਪੁ ) ਪ੍ਰੇਮ; ਪਿਆਰ; ਪ੍ਰੀਤ; ਨੇਹੁੰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਇਸ਼ਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਇਸ਼ਕ : ਮਨੁੱਖੀ ਪੱਧਰ ਤੇ ਮਰਦ ਅਤੇ ਇਸਤਰੀ ਵਿਚਕਾਰ ਆਪਸੀ ਤਾਂਘ ਦਾ ਨਾਂ ਇਸ਼ਕ ਹੈ । ਇਸ਼ਕ ਦਾ ਹੁਸਨ ਦੇ ਨਾਲ ਸਦੀਵੀਂ ਸਬੰਧ ਹੈ । ਭਾਰਤੀ ਪਰੰਪਰਾ ਅਨੁਸਾਰ ਇਸ਼ਕ ਦਾ ਦੇਵਤਾ ਕਾਮਦੇਵ ਹੈ ਅਤੇ ‘ ਰਤੀ’ ਹੁਸਨ ਦੀ ਦੇਵੀ ਹੈ । ਇਨ੍ਹਾਂ ਦੋਹਾਂ ਦਾ ਰਿਸ਼ਤਾ ਪਤੀ– ਪਤਨੀ ਵਾਲਾ ਹੈ । ਭਾਰਤੀ ਵਿਚਾਰਧਾਰਾ ਅਨੁਸਾਰ ਇਸ਼ਕ ਅਤੇ ਹੁਸਨ ਇਕ ਦੂਜੇ ਦੇ ਪੂਰਕ ਹਨ । ਯੂਨਾਨੀ ਫ਼ਲਸਫੇ ਅਨੁਸਾਰ ਇਸ਼ਕ ਦੇ ਦੇਵਤਾ ਕਿਊਪਿਡ ਹੈ ਅਤੇ ਹੁਸਨ ਦੀ ਦੇਵੀ ਵੀਨਸ ਹੈ । ਕਿਊਪਿਡ ਅਤੇ ਵੀਨਸ ਵਿਚ ਪੁੱਤਰ ਅਤੇ ਮਾਂ ਵਾਲਾ ਰਿਸ਼ਤਾ ਹੈ ਅਰਥਾਤ ਇਸ਼ਕ ਨੂੰ ਹੁਸਨ ਤੋਂ ਪੈਦਾ ਹੋਣ ਵਾਲੀ ਤਾਂਘ ਸਮਝਿਆ ਜਾਂਦਾ ਹੈ । ਭਾਰਤੀ ਵਿਚਾਰਧਾਰਾ ਅਨੁਸਾਰ ਇਸ਼ਕ ਅਤ ਹੁਸਨ ਦੇ ਕਾਰਜ– ਕਾਰਨ ਵਿਹਾਰ ਨੂੰ ‘ ਕਾਮ’ ਆਖਿਆ ਗਿਆ ਹੈ । ਵਾਤਸਿਆਇਨ ਨੇ ਆਪਣੇ ਕਾਮਸੂਤਰ ਵਿਚ ‘ ਕਾਮ’ ਆਖਿਆ ਗਿਆ ਹੈ । ਵਾਤਸਿਆਇਨ ਨੇ ਆਪਣੇ ਕਾਮਸੂਤਰ ਵਿਚ ‘ ਕਾਮ’ ਦੀ ਬੜੀ ਸੋਹਣੀ ਵਿਆਖਿਆ ਕੀਤੀ ਹੈ । ਯੂਨਾਨੀ ਦਰਸ਼ਨ ਵਿਚ ਸੁਕਰਾਤ ਤੋਂ ਪਹਿਲਾਂ ਦੇ ਫ਼ਿਲਾਫ਼ਰ ਗਣਿਤ– ਵਿਅਗਿਆਨ ਅਤੇ ਪਦਾਰਥ– ਵਿਗਿਆਨ ਤੋਂ ਵਧੇਰੇ ਪ੍ਰਭਾਵਤ ਹਨ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਹੁਸਨ ਦੀ ਵਿਆਖਿਆ ਵਧੇਰੇ ਕਰਕੇ ਮਾਤਰਾਤਮਕ ਹੈ । ਸੁਕਰਾਤ ਦੇ ਮਗਰੋਂ ਦੇ ਫ਼ਲਸਫ਼ੇ ਵਿਚ ਅਫ਼ਲਾਤੂਨ ਦਾ ਨਾਂ ਇਸ ਪ੍ਰਸੰਗ ਵਿਚ ਪ੍ਰਸਿੱਧ ਹੈ । ਉਹ ਅਸਲ ਵਿਚ ਸਦਾਚਾਰ ਸ਼ਾਸਤਰ ਤੋਂ ਪ੍ਰਭਾਵਤ ਸੀ ਇਸ ਲਈ ਉਸ ਨੇ ਹੁਸਨ ਅਤੇ ਨੇਕੀ ਨੂੰ ਇਕੱਠਾ ਕੀਤਾ । ਉਸ ਦੇ ਵਿਚਾਰ ਅਨੁਸਾਰ ਹੁਸਨ ਦੀ ਨਿਰੋਲ ਹੈਸੀਅਤ ਸਮਾਜ ਲਈ ਹਾਨੀਕਾਰਕ ਹੁੰਦੀ ਹੈ । ਹੁਸਨ ਵਿਚ ਅਖ਼ਲਾਕ ਦੀ ਖ਼ੂਬੀ ਹੋਣੀ ਚਾਹੀਦੀ ਹੈ । ਕਾਂਟ ਅਤੇ ਸ਼ੌਪਨਹਾਵਰ ਦੇ ਵਿਚਾਰ ਅਨੁਸਾਰ ਹੁਸਨ ਇਕ ਅਜਿਹਾ ਗੁਣ ਹੈ ਜਿਸ ਕਾਰਨ ਕੋਹੀ ਵਸਤੂ ਖੇੜਾ ਬਖ਼ਸ਼ਦੀ ਹੈ ਉਸ ਵਿਚ ਵਰਤੋਂ ਵਾਲਾ ਗੁਣ ਭਾਵੇਂ ਹੋਵੇ ਭਾਵੇਂ ਨਾ ਹੋਵੇ । ਅਜਿਹਾ ਖੇੜਾ ਹੀ ਇਸ਼ਕ ਅਖਵਾਉਂਦਾ ਹੈ । ਹੀਗਲ ਅਨੁਸਾਰ ਵਸਤੂ ਉੱਤੇ ਹੁਸਨ , ਆਕਾਰ ਦੀ ਜਿੱਤ ਹੈ ਅਤੇ ਅਜਿਹੀ ਵਸਤੂ ਦੀ ਪ੍ਰਾਪਤੀ ਦੀ ਤਾਂਘ ਦਾ ਨਾਂ ਇਸ਼ਕ ਹੈ ।

      ਮਰਦ ਅਤੇ ਇਸਤਰੀ ਦੀ ਇਸ ਤਾਂਘ ਦਾ ਵਿਕਾਸ ਜੀਵ– ਵਿਗਿਆਨਕ ਅਤੇ ਮਨੋਵਿਗਿਆਨਕ ਦੋ ਅਵਸਥਾਵਾਂ ਵਿਚੋਂ ਹੋਇਆ ਹੈ ।   ਜੀਵ– ਵਿਗਿਆਨਕ ਅਵਸਥਾ ਵਿਚ ਇਸ ਤਾਂਘ ਦਾ ਉਦੇਸ਼ ਸਿਰਫ਼ ਔਲਾਦ ਪੈਦਾ ਕਰਨਾ ਹੁੰਦਾ ਹੈ । ਬਹੁਤ ਹੇਠਲੀ ਪੱਧਰ ਦੇ ਜੀਵਾਂ ਵਿਚ ਨਰ ਅਤੇ ਮਦੀਨ ਦੋਵੇਂ ਲਿੰਗ ਇਕੋਂ ਹੀ ਸ਼ਰੀਰ ਵਿਚ ਇੱਕਠੇ ਹੁੰਦੇ ਹਨ ਅਤੇ ਦੁਲਿੰਗੀ ਤਾਂਘ ਬਾਹਰ– ਮੁਖੀ ਜ਼ਾਹਰ ਰੂਪ ਵਿਚ ਨਹੀਂ ਹੁੰਦੀ । ਇਸ ਕਿਸਮ ਦੇ ਜੀਵਾਂ ਦੀ ਉਦਾਹਰਣ ਗੰਡ– ਗੰਡੋਆ ਹੈ । ਅਗਲੇਰੀ ਅਵਸਥਾ ਦੇ ਜੀਵਾਂ ਵਿਚ ਜਦੋਂ ਨਰ ਅਤੇ ਮਦੀਨ ਵੱਖੋਂ ਵੱਖਰੇ ਸ਼ਰੀਰਾਂ ਵਿਚ ਵੰਡੇ ਜਾਂਦੇ ਹਨ ਤਾਂ ਮਦੀਨ ਪ੍ਰਧਾਨ ਹੁੰਦੀ ਹੈ । ਨਰ ਜੀਵ ਮਦੀਨਾਂ ਤੋਂ ਬਹੁਤ ਦੂਰ ਰਹਿੰਦੇ ਹਨ । ਨਸਲ ਦੀ ਉਤਪਤੀ ਲਈ ਉਹ ਬਹੁਤ ਡਰਦੇ ਡਰਦੇ ਉਨ੍ਹਾਂ ਕੋਲ ਆਉਂਦੇ ਹਨ , ਮਦੀਨ ਭੋਗ ਤੋਂ ਝੱਟ ਮਗਰੋਂ ਨਰ ਜੀਵ ਨੂੰ ਖਾ ਜਾਂਦੀ ਹੈ । ਇਸ ਦੀ ਮਿਸਾਲ ਮੱਕੜੀ ਹੈ । ਪਸ਼ੂਆਂ ਵਿਚ ਇਹ ਤਾਂਘ ਵਧੇਰੇ ਵਿਕਸਤ ਹੈ । ਮਦੀਨ ਜਦੋਂ ਬਹਾਰ ਤੇ ਆਉਂਦੀ ਹੈ ਉਦੋਂ ਹੀ ਉਹ ਨਰ ਦੀ ਤਾਂਘ ਕਰਦੀ ਹੈ ਅਤੇ ਨਰ ਵੀ ਮਦੀਨ ਦੀ ਇਸ ਤਾਂਘ ਨੂੰ ਭਾਂਘ ਲੈਂਦੇ ਹਨ ।

      ਮਨੁੱਖ ਜੀਵ– ਵਿਗਿਆਨਕ ਅਤੇ ਮਨੋਵਿਗਿਆਨਕ ਦੋਹਾਂ ਪੱਖਾਂ ਤੋਂ ਹੇਠਲੀ ਸ਼ਰੇਣੀ ਦੇ ਜੀਵਾਂ ਅਤੇ ਪਸ਼ੂਆਂ ਤੋਂ ਵੱਖਰਾ ਹੈ । ਮਨੁੱਖ ਬੋਲਦਾ– ਚਾਲਦਾ ਸਮਾਜਕ ਪ੍ਰਾਣੀ ਹੈ ਉਸ ਵਿਚ ਕਬਜ਼ੇ ਦੀ ਭਾਵਨਾ ਹੁੰਦੀ ਹੈ । ਉਹ ਆਪਣੀਆਂ ਕੁਦਰਤੀ ਬਿਰਤੀਆਂ ਨੂੰ ਮਨ– ਚਾਹੇ ਢੰਗ ਨਾਲ ਪਰਗਟ ਨਹੀਂ ਕਰ ਸਕਦਾ ਕਿਉਂ ਜੋ ਉਸ ਉੱਤੇ ਸਮਾਜਕ ਪਾਬੰਦੀਆਂ ਹੁੰਦੀਆਂ ਹਨ । ਪ੍ਰਸਿੱਧ ਮਨੋਵਿਗਿਆਨੀ ਡਾਕਟਰ ਸਿਗਮੰਡ ਫ਼ਰਾਇਡ ਅਨੁਸਾਰ ਮਨੁੱਖ ਦੀ ਸਭ ਤੋਂ ਪ੍ਰਬਲ ਬਿਤੀ ਕਾਮ– ਬਿਰਤੀ ਹੈ । ਇਸ ਬਿਰਤੀ ਦੇ ਪਿਛੇ ਕੰਮ ਕਰਨ ਵਾਲੇ ਕੁਝ ਹਾਰਮੋਨ ਹੁੰਦੇ ਹਨ ਜਿਹੜੇ ਸ਼ਰੀਰ ਵਿਚੋਂ ਰਿਸਦੇ ਰਹਿੰਦੇ ਹਨ । ਇਹੀ ਹਾਰਮੋਨ ਸਾਰੇ ਸ਼ਰੀਰ ਵਿਚ ਹਰਕਤ ਪੈਦਾ ਕਰਦੇ ਹਨ ਜਿਸ ਨੂੰ ਮਨੋਵਿਗਿਆਨੀਆਂ ਨੇ ਲਿਬਿਡੋ ਆਖਿਆ ਹੈ । ਜਦੋਂ ਸਮਾਜਕ ਬੰਧਨਾਂ ਦੇ ਕਾਰਨ ਇਸ ਕੁਦਰਤੀ ਇੱਛਾ ਦੀ ਪੂਰਤੀ ਕੁਦਰਤੀ ਢੰਗ ਨਾਲ ਨਹੀਂ ਹੁੰਦੀ ਤਾਂ ਇਹ ਅੰਦਰ– ਮੁਖੀ ਹੋ ਜਾਂਦੀ ਹੈ । ਦਬੀ– ਘੁਟੀ ਅਤੇ ਰੁਕੀ ਅੰਦਰ– ਮੁਖੀ ਇਸ ਬਿਰਤੀ ਦੀ ਲੋੜੀਂਦੀ ਵਸਤੂ ਲਈ ਕਸ਼ਿਸ਼ ਹੋਰ ਵੱਧ ਜਾਂਦੀ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਦੇ ਜਤਨ ਸ਼ੁਰੂ ਕੀਤੇ ਜਾਂਦੇ ਹਨ । ਸਮਾਜਕ ਮਜਬੂਰੀਆਂ ਜਾਂ ਪਾਬੰਦੀਆਂ ਜੇ ਵਧੇਰੀਆਂ ਬਲਵਾਨ ਹੋਣ ਤਾਂ ਕਸ਼ਿਸ਼ ਅਤੇ ਜਤਨ ਹੋਰ ਪਾਬੰਦੀਆਂ ਜੇ ਵਧੇਰੀਆਂ ਬਲਵਾਨ ਹੋਣ ਤਾਂ ਕਸ਼ਿਸ਼ ਅਤੇ ਜਤਨ ਹੋਰ ਵਧੇਰੇ ਤਕੜੇ ਹੋ ਜਾਂਦੇ ਹਨ । ਇਸ ਤਰ੍ਹਾਂ ਆਪਸੀ ਖਿੱਚ ਵਧਦੀ ਜਾਂਦੀ ਹੈ ਅਰਥਾਤ ਇਸ਼ਕ ਸੂਖ਼ਮ ਹੁੰਦਾ ਜਾਂਦਾ ਹੈ । ਸੂਖ਼ਮ ਇਸ਼ਕ ਮਜਨੂੰ ਦੇ ਇਸ਼ਕ ਵਾਂਗ ਜਨੂੰਨ ਵਿਚ ਵੀ ਬਦਲ ਸਕਦਾ ਹੈ । ਇਹ ਆਪਣਾ ਰਸਤਾ ਬਦਲ ਕੇ ਕਵਿਤਾ ਵਿਚ ਵੀ ਪਰਗਟ ਹੋ ਸਕਦਾ ਹੈ । ਸੂਖ਼ਮ ਇਸ਼ਕ ਨੂੰ ਜਨੂੰਨ ਵਿਚ ਬਦਲਣ ਤੋਂ ਬਚਾਉਣ ਲਈ ਮਨੋਵਿਗਿਆਨੀਆਂ ਨੇ ਕੁਝ ਵਸੀਲੇ ਦੱਸੇ ਹਨ । ਇਹ ਵਸੀਲੇ ਇਸ਼ਕ ਨੂੰ ਰੋਕਣ ਦੇ ਜਤਨ ਹਨ ਜਿਨ੍ਹਾਂ ਅਨੁਸਾਰ ਇਸ਼ਕ ਦੇ ਬੀਮਾਰ ਦਾ ਧਿਆਨ ਕਿਸੇ ਕੋਮਲ– ਕਲਾ ਵਿਚ ਲਾਉਣਾ ਚਾਹੀਦਾ ਹੈ । ਇਸ ਤੋਂ ਛੁੱਟ ਇਕ ਹੋਰ ਵਸੀਲਾ ਰੌ ਬਦਲਣ ਦਾ ਹੈ ਜਿਸ ਅਨੁਸਾਰ ਇਸ਼ਕ ਦਾ ਬੀਮਾਰ ਆਪਣੀ ਮਨਚਾਹੀ ਚੀਜ਼ ਦੀ ਥਾਂ ਕਿਸੇ ਹੋਰ ਚੀਜ਼ ਦੀ ਕਲਪਨਾ ਕਰ ਲੈਂਦਾ ਹੈ ਜਿਵੇਂ ਆਸ਼ਕ ਆਪਣੇ ਮਾਸ਼ੂਕ ਦੀ ਥਾਂ ਤੇ ਰੱਬ ਨਾਲ ਪਿਆਰ ਕਰਨ ਲੱਗ ਜਾਂਦਾ ਹੈ । ਦੁਨਿਆਵੀ ਇਸ਼ਕ ( ਇਸ਼ਕ– ਮਜ਼ਾਜ਼ੀ ) ਤੋਂ ਇਸ਼ਕ– ਹਕੀਕੀ ਵਿਚ ਬਦਲ ਜਾਂਦਾ ਹੈ । ਰੌਂ ਬਦਲਣ ਦੇ ਸਾਧਨ ਰਾਹੀਂ ਜਦ ਸੂਖ਼ਮ ਇਸ਼ਕ ਵਾਲਾ ਆਸ਼ਕ ਆਪਣੇ ਮਾਸ਼ੂਕ ਦੀ ਥਾਂ ਤੇ ਰੱਬ ਨਾਲ ਪਿਆਰ ਕਰਨ ਲੱਗ ਜਾਂਦਾ ਹੈ ਤਾਂ ਉਹ ਸਮਝਦਾ ਹੈ ਕਿ ਸਾਰੇ ਦੁਨਿਆਵੀ ਹੁਸਨ ਦਾ ਸੋਮਾ ਰੱਬ ਹੈ । ਉਸੇ ਸਦੀਵੀ ਹੁਸਨ ਦਾ ਅਕਸ ਇਹ ਸੰਸਾਰਕ ਹੁਸਨ ਹੈ । ਇਹੀ ਛਾਇਆਵਾਦ ਇਸ਼ਕ– ਮਜ਼ਾਜ਼ੀ ਦੀ ਅਵਸਥਾ ਹੈ । ਇਸ ਤੋਂ ਅਗਲੇਰੀ ਅਵਸਥਾ ਇਸ਼ਕ– ਹਕੀਕੀ ਦੀ ਹੈ ਜਦੋਂ ਅਦਵੈਤ– ਵਾਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ । ਇਹ ( रज्‍ ु उर उज्ञ् ) ਅਥਵਾ ‘ ਅਨਲਹਕ’ ਵਾਲੀ ਅਵਸਥਾ ਇਕਬ ਦੀ ਸਦੀਵੀ ਅਤੇ ਸਭ ਤੋਂ ਉੱਚੀ ਅਵਸਥਾ ਹੈ । ਬਹੁਤ ਸਾਰੀ ਭਗਤੀਰਸ ਦੀ ਕਵਿਤਾ ਇਸ ਅਵਸਥਾ ਦਾ ਸਾਹਿਤਕ ਪ੍ਰਗਟਾਅ ਹੈ । ਦੁਨਿਆਵੀ ਪੱਧਰ ਦਾ ਇਸ਼ਕ ਪੰਜਾਬੀ ਵਿਚ ਕਿੱਸਾ– ਕਾਵਿ ਵਿਚ ਪ੍ਰਗਟ ਹੋਇਆ ਹੈ । ਕਿੱਸਾ– ਕਾਵਿ ਦੇ ਵਧੇਰੇ ਪ੍ਰਸਿੱਧ ਆਸ਼ਕ– ਮਾਸ਼ੂਕ ਮੱਧ– ਪੂਰਬ ਦੇ ਹੋਏ ਹਨ ਜਿਵੇਂ ਕਿ ਲੈਲਾ– ਮਜਨੂੰ , ਯੂਸਫ਼– ਜ਼ਲੈਖਾਂ , ਸ਼ੀਰੀਂ– ਫ਼ਰਹਾਦ ਆਦਿ । ਪੰਜਾਬ ਦੀ ਧਰਤੀ ਦੇ ਪ੍ਰਸਿੱਧ ‘ ਆਸ਼ਕ– ਮਾਸ਼ੂਕ’ ਹੀਰ– ਰਾਂਝਾ ਹਨ ।

      ਦੁਨਿਆਵੀ ਇਸ਼ਕ ਵਿਚ ਵੀ ਇਕ ਅਜਿਹੀ ਅਵਸਥਾ ਆ ਜਾਂਦੀ ਹੈ ਜਦੋਂ ਆਸ਼ਕ ਆਪਦੇ ਮਾਸ਼ੂਕ ਦਾ ਧਿਆਨ ਕਰਦਾ ਕਰਦਾ ਮਾਸ਼ੂਕ ਦੇ ਰੰਗ ਵਿਚ ਰੰਗਿਆ ਜਾਂਦਾ ਹੈ । ‘ ਰਾਝਾਂ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ’ ਵਾਲੀ ਅਵਸਥਾ ਦੁਨਿਆਵੀ ਇਸ਼ਕ ਦੀ ਉਹ ਅਵਸਥਾ ਹੈ ਜਦੋਂ ਕਿ ਨਿਰੋਲ ਲਿੰਗ– ਤਾਂਘ ਇਕ ਸੂਖ਼ਮ ਭਾਵ ਵਿਚ ਬਦਲ ਕੇ ਤੇ ਸਾਡ ਮਾਨਸਿਕ ਜਗਤ ਦੀਆਂ ਸਾਰੀਆਂ ਬਿਰਤੀਆਂ ਨੂੰ ਇਕਾਗਰ ਕਰਕੇ , ਉਨ੍ਹਾਂ ਨੂੰ ਇੱਛਾ– ਰਹਿਤ ਤੇ ਇਕ ਵਿਸਮਾਦ ਭਰਿਆ ਖੇੜਾ ਬਖ਼ਸ਼ਦੀ ਹੈ । ਦੁਨਿਆਵੀ ਇਸ਼ਕ ਵੱਖੋ ਵੱਖਰੀਆਂ ਸਭਿਆਤਵਾਂ ਦੇ ਲੋਕਾਂ ਵਿਚੋਂ ਕੁਝ ਵੱਖਰੇ ਵੱਖਰੇ ਢੰਗ ਨਾਲ ਪ੍ਰਗਟ ਹੁੰਦਾ ਹੈ । ਕਿਸੇ ਸਮਾਜ ਦੇ ਅਖ਼ਲਾਕੀ ਮਿਆਰ ਇਸ ਪ੍ਰਗਟਾਅ ਨੂੰ ਕਾਬੂ ਵਿਚ ਰੱਖਦੇ ਹਨ । ਕਈ ਵਾਰ ਜਿਹੜਾ ਪ੍ਰਗਟਾਅ ਇਕ ਸਮਾਜ ਵਿਚ ਅਖ਼ਲਾਕੀ ਮਿਆਰ ਦੇ ਮੁਤਾਬਕ ਸਮਝਿਆ ਜਾਂਦਾ ਹੈ , ਉਹ ਦੂਜੇ ਵਿਚ ਨਹੀਂ । ਪਿਆਰ ਦੇ ਪ੍ਰਗਟਾਵੇ ਦਾ ਇਕ ਢੰਗ ਆਪਣੇ ਮਾਸ਼ੂਕ ਨੂੰ ਚੁੰਮਣਾ ਹੈ । ਚੁੰਮਣ ਦੇ ਪਿੱਛੇ ਬੁਨਿਆਦੀ ਪ੍ਰਵਿਰਤੀ ਇਹੋ ਹੁੰਦੀ ਹੈ ਕਿ ਆਸ਼ਕ ਆਪਣੇ ਮਾਸ਼ੂਕ ਨਾਲ ਇਕ– ਮਿਕ ਹੋ ਜਾਣਾ ਚਾਹੁੰਦਾ ਹੈ । ਇਕ– ਮਿਕ ਹੋ ਜਾਣ ਦੀ ਕ੍ਰਿਆ ਸਾਨੂੰ ਜੀਵ– ਵਿਗਿਆਨਕ ਪੱਧਰ ਦੀ ਉਸ ਅਵਸਥਾ ਦੀ ਯਾਦ ਕਰਾਉਂਦੀ ਹੈ ਜਦੋਂ ਮਦੀਨ ਅਤੇ ਨਰ ਦੋਵੇਂ ਇਕੋ ਹੀ ਸਰੀਰ ਵਿਚ ਹੋਇਆ ਕਰਦੇ ਸਨ ਅਤੇ ਅਧਿਆਤਮਕ ਪੱਧਰ ਤੇ ਉਸ ਅਵਸਥਾ ਵੱਲ ਧਿਆਨ ਖਿੱਚਦੀ ਹੈ ਜਦੋਂ ਆਦਿ– ਸ਼ਕਤੀ ਦੋ ਲਿੰਗਾਂ ਵਿਚ ਵੰਡੀ ਗਈ ਅਤੇ ਇਹ ਦੋ ਲਿੰਗ ਮੁੜ ਇਕ ਹੋਣ ਦਾ ਜਤਨ ਕਰ ਰਹੇ ਹਨ ।                                                                        


ਲੇਖਕ : ਹਰੀ ਚੰਦ ਪ੍ਰਾਸ਼ਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no

ਇਸ਼ਕ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਸ਼ਕ : ‘ ਇਸ਼ਕ’ ਅਰਬੀ ਸ਼ਬਦ ਹੈ । ਇਸਲਾਮੀ ਬੋਲਚਾਲ ਨਾਲ ਇਹ ਸ਼ਬਦ ਪੰਜਾਬੀ ਵਿਚ ਪ੍ਰਚੱਲਿਤ ਹੋ ਗਿਆ । ਇਸ ਦੇ ਅਰਥ ਹਨ ਪ੍ਰੇਮ ਜਾਂ ਪਿਆਰ । ਇਹ ਪਿਆਰ ਸੰਸਾਰਿਕ ਵੀ ਹੋ ਸਕਦਾ ਹੈ ਤੇ ਅਧਿਆਤਮਿਕ ਵੀ । ਦੁਨਿਆਵੀ ਪਿਆਰ ਨੂੰ ਇਸ਼ਕ– ਏ– ਮਜਾਜ਼ੀ ਤੇ ਰੂਹਾਨੀ ( ਅਧਿਆਤਮਿਕ ) ਪਿਆਰ ਨੂੰ ਇਸ਼ਕ– ਏ– ਹਕੀਕੀ ਕਹਿੰਦੇ ਹਨ । ( ਵੇਖੋ ‘ ਸੂਫ਼ੀ’ )

                  ਸੂਫ਼ੀ ਵਿਚਾਰਧਾਰਾ ਵਿਚ ਇਸ਼ਕ ਨੂੰ ਖ਼ਾਸ ਮਹੱਤਾ ਪ੍ਰਾਪਤ ਹੈ । ਕੁਰਾਨ ਸ਼ਰੀਫ਼ ਵਿਚ ਆਇਆ ਹੈ ਕਿ ਅੱਲ੍ਹਾ ਤਆਲਾ ਨੂੰ ਆਪਣੇ ਨਾਲ ਇਸ਼ਕ ਪੈਦਾ ਹੋਇਆ ਤੇ ਉਸ ਨੇ ਆਪਣਾ ਹੀ ਰੂਪ ਵੇਖਣ ਲਈ ਆਦਮ ਪੈਦਾ ਕੀਤਾ ਅਤੇ ਇਸ ਤਰ੍ਹਾਂ ਜਗ ਵਿਚ ਇਸ਼ਕ ਦੀ ਖੇਡ ਤੁਰ ਪਈ ਜਿਵੇਂ ਹੀਰ ਵਾਰਸ ਦੇ ਆਰੰਭ ਵਿਚ ਲਿਖਿਆ ਹੈ– “ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ । ”

                  ਫ਼ਾਰਸੀ ਦੇ ਪ੍ਰਸਿੱਧ ਸੂਫ਼ੀ ਕਵੀ ਮੌਲਾਨਾ ਰੂਮ ਅਨੁਸਾਰ ਇਸ਼ਕ ਰੱਬੀ ਮੰਜ਼ਿਲ ਤਕ ਪਹੁੰਚਾਉਣ ਵਾਲੀ ਇਕ ਪੌੜੀ ਹੈ– “ ਇਸ਼ਕ ਮਿਅਰਾਜ ਅਸਤ ਸੂਏ ਬਾਮੇ– ਸੁਲਤਾਨੇ– ਅਜ਼ਲ” ।

                  ਸੂਫ਼ੀਆਂ ਅਨੁਸਾਰ ਜਦ ਤਕ ਆਪਣੇ ਮੁਰਸ਼ਦ , ਇਸ਼ਟ ਅਥਵਾ ਪ੍ਰਭੂ ਨਾਲ ਪੂਰਣ ਇਸ਼ਕ ਨਾ ਕੀਤਾ ਜਾਏ , ਤਦ ਤਕ ‘ ਫ਼ਨਾ ਫ਼ੀ ਅਲ੍ਹਾ’ ਭਾਵ ਪ੍ਰਭੂ ਵਿਚ ਪੂਰਣ ਤੌਰ ਤੇ ਅਭੇਦ ਹੋਣ ਵਾਲੀ ਅੰਤਿਮ ਮੰਜ਼ਿਲ ਤੇ ਪਹੁੰਚਣਾ ਅਸੰਭਵ ਹੋ ਜਾਂਦਾ ਹੈ । ਸੂਫ਼ੀਆਂ ਦਾ ਇਹ ਵੀ ਨਿਸ਼ਚਾ ਹੈ ਕਿ ਇਸ਼ਕ– ਏ– ਮਜਾਜ਼ੀ , ਇਸ਼ਕ– ਏ– ਹਕੀਕੀ ਦੀ ਪੌੜੀ ਹੈ । ਸੱਚੇ ਇਸ਼ਕ ਬਿਨਾ ਹਕੀਕਤ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ।

                  ਭਾਰਤੀ ਧਰਮ ਸ਼ਾਸਤ੍ਰਾਂ ਵਿਚ ਅਧਿਆਤਮਿਕ ਪ੍ਰੇਮ ਨੂੰ ਸਰਵ– ਉਚ ਥਾਂ ਪ੍ਰਾਪਤ ਹੈ । ‘ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਉ’ ( ਪਾ. ੧੦ ) ਵਿਚ ਪ੍ਰੇਮ ਦੀ ਮਹੱਤਾ ਪ੍ਰਤੱਖ ਹੈ । ਭਾਰਤੀ ਪਰੰਪਰਾ ਵਿਚ ਸੰਸਾਰਿਕ ਪ੍ਰੇਮ ਨੂੰ ਕੋਈ ਮਾਣਯੋਗ ਥਾਂ ਪ੍ਰਾਪਤ ਨਹੀਂ , ਸੱਚੇ ਪ੍ਰੇਮ ਲਈ ਤਾਂ ਸਿਰ ਦੀ ਬਾਜ਼ੀ ਲਾਉਣੀ ਪੈਂਦੀ ਹੈ :

ਜਉ ਤਉ ਪ੍ਰੇਮ ਖੇਲਣ ਕਾ ਚਾਉ ।

ਸਿਰ ਧੀਰ ਤਲੀ ਗਲੀ ਮੇਰੀ ਆਉ ।

ਇਤੁ ਮਾਰਗਿ ਪੈਰੁ ਧਰੀਜੈ ।

                                                                                              ਸਿਰੁ ਦੀਜੈ ਕਾਣਿ ਨ ਕੀਜੇ । ( ਮ.੧ )


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.