ਈਸ਼ਵਰ ਸਿੰਘ ਚਿੱਤਰਕਾਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਈਸ਼ਵਰ ਸਿੰਘ ਚਿੱਤਰਕਾਰ: ਪੰਜਾਬੀ ਦੇ ਇਸ ਉੱਘੇ ਚਿੱਤਰਕਾਰ, ਕਵੀ ਅਤੇ ਲੇਖਕ ਦਾ ਜਨਮ 1911 ਈ. ਵਿਚ ਹੋਇਆ। ਮੇਊ ਸਕੂਲ, ਲਾਹੌਰ (ਪਾਕਿਸਤਾਨ) ਤੋਂ ਫਾਈਨ ਆਰਟਸ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਇਹ ਕੁਝ ਸਮਾਂ ਸਕੂਲ ਵਿਚ ਡਰਾਇੰਗ ਮਾਸਟਰ ਵੀ ਰਿਹਾ। ਇਹ ਕੇਂਦਰੀ ਸਰਕਾਰ ਦੇ ਸੂਚਨਾ ਵਿਭਾਗ ਵਿਚ ਸੀਨੀਅਰ ਆਰਟਿਸਟ ਦੇ ਅਹੁਦੇ ਤੇ ਲੱਗਾ ਰਿਹਾ। ਦਿੱਲੀ ਵਿਖੇ ਰਹਿੰਦੇ ਹੋਏ ਇਸ ਨੇ ਆਪਣੇ ਚਿੱਤਰਾਂ ਦਾ ਦੋ ਵਾਰ ਪ੍ਰਦਰਸ਼ਨ ਕੀਤਾ। ਸੰਨ 1961 ਵਿਚ ਇਹ ਆਪਣੇ ਪਰਿਵਾਰ ਸਮੇਤ ਇੰਗਲੈਂਡ ਚਲਾ ਗਿਆ। ਲੰਡਨ ਵਿਖੇ ਵੀ ਇਸ ਦੇ ਚਿੱਤਰਾਂ ਨੂੰ ਦੋ ਵਾਰ ਪ੍ਰਦਰਸ਼ਿਤ ਕੀਤਾ ਗਿਆ। ਸੰਨ 1966 ਵਿਚ ਇਸ ਨੇ ਇੰਗਲੈਂਡ ਵਿਚ ਪੰਜਾਬੀ ਸਾਹਿਤ ਸਭਾ ਲੰਡਨ ਦੀ ਸਥਾਪਨਾ ਕੀਤੀ ਅਤੇ ਬਾਅਦ ਵਿਚ ਇਸ ਸਭਾ ਦਾ ਸਰਪ੍ਰਸਤ ਬਣ ਗਿਆ। ਇਸ ਨੇ ਇੰਗਲੈਂਡ ਵਿਚ ਪੰਜਾਬੀ ਮਾਸਕ ਪੁੱਤਰ ‘ਸਵੇਰਾ’ ਚਾਲੂ ਕੀਤਾ। ‘ਕਲਮ ਦੀ ਆਵਾਜ’ (1943) ਅਤੇ ‘ਗੱਲ ਬਾਤ’ (1950) ਇਸ ਦੀਆਂ ਵਾਰਤਕ ਰਚਨਾਵਾਂ ਹਨ। ‘ਸੂਲ ਸੁਰਾਹੀ’ (1955) ਅਤੇ ‘ਭਖਦੀਆਂ ਲਹਿਰਾ’ ਇਸ ਦੇ ਦੋ ਕਾਵਿ-ਸੰਗ੍ਰਹਿ ਹਨ। ਸੰਨ 1942 ਵਿਚ ਧਰਮ ਉੱਪਰ ਇਸ ਦੀ ਇਕ ਪੁਸਤਕ ‘ਗੁਰੂ ਨਾਨਕ ਦਰਸ਼ਨ’ ਪ੍ਰਕਾਸ਼ਿਤ ਹੋਈ। 2 ਦਸੰਬਰ, 1968 ਨੂੰ ਦਿਲ ਦਾ ਦੌਰਾ ਪੈਣ ਨਾਲ ਇਸ ਦੀ ਮੌਤ ਹੋ ਗਈ। ਹ. ਪੁ. – ਪੰ . ਸਾ . ਕੋ. 1:341
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First